Skip to content

Skip to table of contents

ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ

ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ

ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ

“ਆਤਮਾ ਵਿੱਚ ਸਰਗਰਮ ਰਹੋ, ਪ੍ਰਭੁ ਦੀ ਸੇਵਾ ਕਰਿਆ ਕਰੋ।”—ਰੋਮੀਆਂ 12:11.

1, 2. ਮਸੀਹੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਿਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਹਨ?

ਜਦੋਂ ਇਕ ਨੌਜਵਾਨ ਨੂੰ ਨੌਕਰੀ ਮਿਲਦੀ ਹੈ, ਤਾਂ ਖ਼ੁਸ਼ੀ ਦੇ ਮਾਰੇ ਜ਼ਮੀਨ ਉੱਤੇ ਉਸ ਦੇ ਪੈਰ ਨਹੀਂ ਲੱਗਦੇ। ਜਿਸ ਦਿਨ ਉਹ ਪਹਿਲੀ ਵਾਰ ਕੰਮ ਤੇ ਜਾਂਦਾ ਹੈ, ਤਾਂ ਉਹ ਬਹੁਤ ਬੇਸਬਰੀ ਨਾਲ ਆਪਣੇ ਮਾਲਕ ਕੋਲੋਂ ਹਿਦਾਇਤਾਂ ਦੀ ਉਡੀਕ ਕਰਦਾ ਹੈ। ਉਹ ਆਪਣੇ ਪਹਿਲੇ ਕੰਮ ਨੂੰ ਬੜੀ ਗੰਭੀਰਤਾ ਨਾਲ ਲੈਂਦਾ ਹੈ। ਉਹ ਆਪਣੀ ਪੂਰੀ ਕੋਸ਼ਿਸ਼ ਕਰਨ ਲਈ ਬੇਕਰਾਰ ਹੁੰਦਾ ਹੈ।

2 ਇਸੇ ਤਰ੍ਹਾਂ, ਮਸੀਹੀ ਹੋਣ ਦੇ ਨਾਤੇ ਅਸੀਂ ਵੀ ਕਹਿ ਸਕਦੇ ਹਾਂ ਕਿ ਸਾਨੂੰ ਨਵਾਂ-ਨਵਾਂ ਕੰਮ ਮਿਲਿਆ ਹੈ। ਅਸੀਂ ਹਮੇਸ਼ਾ ਜੀਉਣ ਦੀ ਆਸ ਰੱਖਦੇ ਹਾਂ ਇਸ ਲਈ ਕਿਹਾ ਜਾ ਸਕਦਾ ਹੈ ਕਿ ਅਸੀਂ ਯਹੋਵਾਹ ਲਈ ਅਜੇ ਕੰਮ ਕਰਨਾ ਸ਼ੁਰੂ ਹੀ ਕੀਤਾ ਹੈ। ਸਾਡੇ ਸਿਰਜਣਹਾਰ ਨੇ ਸਾਡੇ ਲਈ ਬਹੁਤ ਸਾਰੇ ਕੰਮ ਤਿਆਰ ਰੱਖੇ ਹਨ ਜਿਨ੍ਹਾਂ ਵਿਚ ਅਸੀਂ ਹਮੇਸ਼ਾ-ਹਮੇਸ਼ਾ ਲਈ ਰੁੱਝੇ ਰਹਾਂਗੇ। ਪਰ ਸਭ ਤੋਂ ਪਹਿਲਾਂ ਯਹੋਵਾਹ ਨੇ ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਕੰਮ ਦਿੱਤਾ ਹੈ। (1 ਥੱਸਲੁਨੀਕੀਆਂ 2:4) ਤੁਸੀਂ ਇਸ ਨੂੰ ਕਿਵੇਂ ਕਰਦੇ ਹੋ? ਉੱਪਰ ਜ਼ਿਕਰ ਕੀਤੇ ਨੌਜਵਾਨ ਵਾਂਗ, ਅਸੀਂ ਇਸ ਕੰਮ ਨੂੰ ਆਪਣੀ ਪੂਰੀ ਯੋਗਤਾ ਅਨੁਸਾਰ ਤੇ ਖ਼ੁਸ਼ੀ ਨਾਲ ਕਰਨਾ ਚਾਹੁੰਦੇ ਹਾਂ। ਜੀ ਹਾਂ, ਅਸੀਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੇ ਜੋਸ਼ ਨਾਲ ਕਰਨਾ ਚਾਹੁੰਦੇ ਹਾਂ!

3. ਖ਼ੁਸ਼ ਖ਼ਬਰੀ ਦੇ ਚੰਗੇ ਪ੍ਰਚਾਰਕ ਬਣਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

3 ਪਰ ਜੋਸ਼ ਨਾਲ ਪ੍ਰਚਾਰ ਕਰਨਾ ਮੁਸ਼ਕਲ ਹੋ ਸਕਦਾ ਹੈ। ਪ੍ਰਚਾਰ ਕਰਨ ਦੇ ਨਾਲ-ਨਾਲ, ਸਾਡੇ ਤੇ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ ਜਿਨ੍ਹਾਂ ਕਰਕੇ ਅਸੀਂ ਸਰੀਰਕ ਅਤੇ ਮਾਨਸਿਕ ਤੌਰ ਤੇ ਬਹੁਤ ਥੱਕ ਜਾਂਦੇ ਹਾਂ। ਅਤੇ ਆਮ ਕਰਕੇ ਅਸੀਂ ਇਹ ਜ਼ਿੰਮੇਵਾਰੀਆਂ ਪੂਰੀਆਂ ਕਰ ਪਾਉਂਦੇ ਹਾਂ। ਪਰ ਇਸ ਤਰ੍ਹਾਂ ਕਰਦੇ ਰਹਿਣਾ ਮੁਸ਼ਕਲ ਹੋ ਸਕਦਾ ਹੈ। (ਮਰਕੁਸ 8:34) ਯਿਸੂ ਨੇ ਕਿਹਾ ਸੀ ਕਿ ਮਸੀਹੀ ਜੀਵਨ ਜੀਉਣ ਲਈ ਸਾਨੂੰ ਬਹੁਤ ਸੰਘਰਸ਼ ਕਰਨਾ ਪਵੇਗਾ।—ਲੂਕਾ 13:24.

4. ਰੋਜ਼ਾਨਾ ਜ਼ਿੰਦਗੀ ਦੀਆਂ ਚਿੰਤਾਵਾਂ ਦਾ ਸਾਡੀ ਅਧਿਆਤਮਿਕਤਾ ਉੱਤੇ ਕੀ ਅਸਰ ਪੈ ਸਕਦਾ ਹੈ?

4 ਬਹੁਤ ਸਾਰੇ ਕੰਮ ਹੋਣ ਕਰਕੇ ਅਸੀਂ ਸ਼ਾਇਦ ਬਹੁਤ ਵਾਰ ਥੱਕੇ ਹੋਏ ਮਹਿਸੂਸ ਕਰੀਏ। “ਸੰਸਾਰ ਦੀਆਂ ਚਿੰਤਾਂ” ਪਰਮੇਸ਼ੁਰ ਦੇ ਕੰਮ ਕਰਨ ਦੇ ਸਾਡੇ ਜੋਸ਼ ਅਤੇ ਕਦਰਦਾਨੀ ਨੂੰ ਖ਼ਤਮ ਕਰ ਸਕਦੀਆਂ ਹਨ। (ਲੂਕਾ 21:34, 35; ਮਰਕੁਸ 4:18, 19) ਇਨਸਾਨ ਹੋਣ ਕਰਕੇ ਅਸੀਂ ਸ਼ਾਇਦ “ਆਪਣਾ ਪਹਿਲਾ ਪ੍ਰੇਮ ਛੱਡ” ਦੇਈਏ। (ਪਰਕਾਸ਼ ਦੀ ਪੋਥੀ 2:1-4) ਯਹੋਵਾਹ ਦੀ ਸੇਵਾ ਕਰਨੀ ਸਾਡੇ ਲਈ ਇਕ ਰੁਟੀਨ ਬਣ ਸਕਦੀ ਹੈ। ਸੇਵਕਾਈ ਵਿਚ ਆਪਣੇ ਆਪ ਨੂੰ ਜੋਸ਼ੀਲੇ ਰੱਖਣ ਵਿਚ ਬਾਈਬਲ ਸਾਡੀ ਮਦਦ ਕਿਵੇਂ ਕਰਦੀ ਹੈ?

ਸਾਡੇ ਦਿਲ ਵਿਚ “ਬਲਦੀ ਅੱਗ” ਵਾਂਗ

5, 6. ਪੌਲੁਸ ਰਸੂਲ ਨੂੰ ਪ੍ਰਚਾਰ ਕਰਨ ਦਾ ਜੋ ਵਿਸ਼ੇਸ਼-ਸਨਮਾਨ ਮਿਲਿਆ ਸੀ, ਉਸ ਬਾਰੇ ਉਹ ਕਿਵੇਂ ਮਹਿਸੂਸ ਕਰਦਾ ਸੀ?

5 ਯਹੋਵਾਹ ਨੇ ਸਾਨੂੰ ਜੋ ਕੰਮ ਕਰਨ ਲਈ ਦਿੱਤਾ ਹੈ, ਉਹ ਇੰਨਾ ਜ਼ਰੂਰੀ ਹੈ ਕਿ ਅਸੀਂ ਇਸ ਨੂੰ ਐਵੇਂ ਹੀ ਨਹੀਂ ਸਮਝ ਸਕਦੇ। ਪੌਲੁਸ ਰਸੂਲ ਖ਼ੁਸ਼ ਖ਼ਬਰੀ ਦੇ ਪ੍ਰਚਾਰ ਨੂੰ ਇਕ ਬਹੁਤ ਵੱਡਾ ਵਿਸ਼ੇਸ਼-ਸਨਮਾਨ ਸਮਝਦਾ ਸੀ। ਉਹ ਮਹਿਸੂਸ ਕਰਦਾ ਸੀ ਕਿ ਉਹ ਇੰਨਾ ਵੱਡਾ ਸਨਮਾਨ ਲੈਣ ਦੇ ਯੋਗ ਹੀ ਨਹੀਂ ਸੀ। ਉਸ ਨੇ ਕਿਹਾ: “ਮੇਰੇ ਉੱਤੇ ਜੋ ਸਾਰਿਆਂ ਸੰਤਾਂ ਵਿੱਚੋਂ ਛੋਟੇ ਤੋਂ ਛੋਟਾ ਹਾਂ ਇਹ ਕਿਰਪਾ ਹੋਈ ਭਈ ਮੈਂ ਪਰਾਈਆਂ ਕੌਮਾਂ ਨੂੰ ਮਸੀਹ ਦੇ ਅਣਲੱਭ ਧਨ ਦੀ ਖੁਸ਼ ਖਬਰੀ ਸੁਣਾਵਾਂ। ਅਰ ਇਸ ਗੱਲ ਦਾ ਪਰਕਾਸ਼ ਕਰਾਂ ਕਿ ਉਸ ਭੇਤ ਦੀ ਕੀ ਜੁਗਤੀ ਹੈ ਜਿਹੜਾ ਆਦ ਤੋਂ ਪਰਮੇਸ਼ੁਰ ਵਿੱਚ ਗੁਪਤ ਰਿਹਾ ਹੈ, ਜਿਹ ਨੇ ਸਭ ਵਸਤਾਂ ਉਤਪਤ ਕੀਤੀਆਂ।”—ਅਫ਼ਸੀਆਂ 3:8, 9.

6 ਪੌਲੁਸ ਨੇ ਜਿਸ ਵਧੀਆ ਤਰੀਕੇ ਨਾਲ ਪ੍ਰਚਾਰ ਦਾ ਕੰਮ ਕੀਤਾ, ਉਹ ਸਾਡੇ ਲਈ ਇਕ ਵਧੀਆ ਮਿਸਾਲ ਹੈ। ਰੋਮੀਆਂ ਨੂੰ ਆਪਣੀ ਚਿੱਠੀ ਵਿਚ ਉਸ ਨੇ ਲਿਖਿਆ: “ਮੈਂ . . . ਵਾਹ ਲੱਗਦਿਆਂ ਖੁਸ਼ ਖਬਰੀ ਸੁਣਾਉਣ ਨੂੰ ਲੱਕ ਬੱਧਾ ਹੈ।” ਉਹ ਪ੍ਰਚਾਰ ਕਰਨ ਤੋਂ ਸ਼ਰਮਾਉਂਦਾ ਨਹੀਂ ਸੀ। (ਰੋਮੀਆਂ 1:15, 16) ਉਸ ਨੇ ਖ਼ੁਸ਼ੀ ਅਤੇ ਜੋਸ਼ ਨਾਲ ਪ੍ਰਚਾਰ ਦਾ ਕੰਮ ਕੀਤਾ।

7. ਰੋਮੀਆਂ ਨੂੰ ਚਿੱਠੀ ਲਿਖਦੇ ਹੋਏ ਪੌਲੁਸ ਨੇ ਉਨ੍ਹਾਂ ਨੂੰ ਕਿਸ ਗੱਲ ਤੋਂ ਖ਼ਬਰਦਾਰ ਕੀਤਾ ਸੀ?

7 ਪੌਲੁਸ ਰਸੂਲ ਜਾਣਦਾ ਸੀ ਕਿ ਪ੍ਰਚਾਰ ਕਰਨ ਦੇ ਲਈ ਆਪਣੇ ਅੰਦਰ ਜੋਸ਼ ਕਾਇਮ ਰੱਖਣਾ ਬਹੁਤ ਜ਼ਰੂਰੀ ਸੀ। ਇਸੇ ਕਰਕੇ ਉਸ ਨੇ ਰੋਮ ਦੇ ਮਸੀਹੀਆਂ ਨੂੰ ਲਿਖਿਆ: “ਮਿਹਨਤ ਵਿੱਚ ਢਿੱਲੇ ਨਾ ਹੋਵੋ, ਆਤਮਾ ਵਿੱਚ ਸਰਗਰਮ ਰਹੋ, ਪ੍ਰਭੁ ਦੀ ਸੇਵਾ ਕਰਿਆ ਕਰੋ।” (ਰੋਮੀਆਂ 12:11) “ਢਿੱਲੇ” ਲਈ ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੈ “ਸੁਸਤ” ਜਾਂ “ਆਲਸੀ” ਹੋਣਾ। ਭਾਵੇਂ ਕਿ ਅਸੀਂ ਪ੍ਰਚਾਰ ਦੇ ਕੰਮ ਵਿਚ ਢਿੱਲੇ ਨਹੀਂ ਹਾਂ, ਪਰ ਸਾਨੂੰ ਸਾਰਿਆਂ ਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਕਿਤੇ ਅਸੀਂ ਅਧਿਆਤਮਿਕ ਤੌਰ ਤੇ ਸੁਸਤ ਤਾਂ ਨਹੀਂ ਹੋ ਰਹੇ। ਜੇ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਸੁਸਤ ਹੋ ਰਹੇ ਹਾਂ, ਤਾਂ ਸਾਨੂੰ ਇਸ ਬਾਰੇ ਕੁਝ ਕਰਨਾ ਚਾਹੀਦਾ ਹੈ।—ਕਹਾਉਤਾਂ 22:3.

8. ਯਿਰਮਿਯਾਹ ਦੇ ਦਿਲ ਵਿਚ “ਬਲਦੀ ਅੱਗ” ਵਰਗੀ ਕਿਹੜੀ ਚੀਜ਼ ਸੀ ਅਤੇ ਕਿਉਂ? (ਅ) ਅਸੀਂ ਯਿਰਮਿਯਾਹ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ?

8 ਜਦੋਂ ਅਸੀਂ ਨਿਰਾਸ਼ ਹੁੰਦੇ ਹਾਂ, ਤਾਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਵੀ ਸਾਡੀ ਮਦਦ ਕਰਦੀ ਹੈ। ਉਦਾਹਰਣ ਲਈ ਇਕ ਸਮੇਂ ਤੇ ਨਬੀ ਯਿਰਮਿਯਾਹ ਬਹੁਤ ਹੀ ਨਿਰਾਸ਼ ਹੋ ਗਿਆ ਸੀ ਤੇ ਉਸ ਨੇ ਨਬੀ ਦਾ ਕੰਮ ਛੱਡਣ ਦਾ ਫ਼ੈਸਲਾ ਕੀਤਾ। ਉਸ ਨੇ ਯਹੋਵਾਹ ਬਾਰੇ ਵੀ ਇਹ ਕਿਹਾ: “ਮੈਂ ਉਹ ਦਾ ਜ਼ਿਕਰ ਨਾ ਕਰਾਂਗਾ, ਨਾ ਉਹ ਦਾ ਨਾਮ ਲੈ ਕੇ ਅੱਗੇ ਨੂੰ ਗੱਲ ਕਰਾਂਗਾ।” (ਯਿਰਮਿਯਾਹ 20:9) ਕੀ ਇਸ ਦਾ ਮਤਲਬ ਇਹ ਹੈ ਕਿ ਯਿਰਮਿਯਾਹ ਅਧਿਆਤਮਿਕ ਤੌਰ ਤੇ ਬਹੁਤ ਹੀ ਕਮਜ਼ੋਰ ਹੋ ਗਿਆ ਸੀ? ਨਹੀਂ। ਅਸਲ ਵਿਚ ਯਿਰਮਿਯਾਹ ਅਧਿਆਤਮਿਕ ਤੌਰ ਤੇ ਬਹੁਤ ਹੀ ਮਜ਼ਬੂਤ ਸੀ। ਉਹ ਯਹੋਵਾਹ ਨਾਲ ਪਿਆਰ ਕਰਦਾ ਸੀ ਤੇ ਸੱਚਾਈ ਸੁਣਾਉਣ ਵਿਚ ਬਹੁਤ ਜੋਸ਼ੀਲਾ ਸੀ। ਇਸ ਤੋਂ ਉਸ ਨੂੰ ਨਬੀ ਦੇ ਤੌਰ ਤੇ ਕੰਮ ਕਰਦੇ ਰਹਿਣ ਦੀ ਤਾਕਤ ਮਿਲੀ। ਉਹ ਸਮਝਾਉਂਦਾ ਹੈ: “[ਯਹੋਵਾਹ ਦਾ ਬਚਨ] ਮੇਰੇ ਦਿਲ ਵਿੱਚ ਬਲਦੀ ਅੱਗ ਵਾਂਙੁ ਹੁੰਦਾ ਹੈ, ਜਿਹੜੀ ਮੇਰੀਆਂ ਹੱਡੀਆਂ ਵਿੱਚ ਲੁਕੀ ਹੋਈ ਹੈ, ਮੈਂ ਏਹ ਨੂੰ ਰੱਖਦਾ ਰੱਖਦਾ ਥੱਕ ਗਿਆ ਹਾਂ, ਮੈਂ ਸਹਿ ਨਹੀਂ ਸੱਕਦਾ!” (ਯਿਰਮਿਯਾਹ 20:9) ਇਹ ਗੱਲ ਸੁਭਾਵਕ ਹੈ ਕਿ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਸਮੇਂ-ਸਮੇਂ ਤੇ ਨਿਰਾਸ਼ ਹੋ ਜਾਂਦੇ ਹਨ। ਪਰ ਜਦੋਂ ਅਸੀਂ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਉਹ ਜਾਣਦਾ ਹੈ ਕਿ ਸਾਡੇ ਦਿਲਾਂ ਵਿਚ ਕੀ ਹੈ। ਅਤੇ ਜੇ ਸਾਡੇ ਦਿਲਾਂ ਵਿਚ ਉਸ ਦਾ ਬਚਨ ਹੈ ਜਿਵੇਂ ਯਿਰਮਿਯਾਹ ਦੇ ਦਿਲ ਵਿਚ ਸੀ, ਤਾਂ ਉਹ ਖੁੱਲ੍ਹੇ ਦਿਲ ਨਾਲ ਆਪਣੀ ਪਵਿੱਤਰ ਆਤਮਾ ਰਾਹੀਂ ਸਾਨੂੰ ਸ਼ਕਤੀ ਦੇਵੇਗਾ।—ਲੂਕਾ 11:9-13; ਰਸੂਲਾਂ ਦੇ ਕਰਤੱਬ 15:8.

“ਆਤਮਾ ਨੂੰ ਨਾ ਬੁਝਾਓ”

9. ਕਿਹੜੀ ਚੀਜ਼ ਪਵਿੱਤਰ ਆਤਮਾ ਲਈ ਰੁਕਾਵਟ ਬਣ ਸਕਦੀ ਹੈ, ਜਦੋਂ ਇਹ ਸਾਡੇ ਲਈ ਕੰਮ ਕਰਦੀ ਹੋਵੇ?

9 ਪੌਲੁਸ ਰਸੂਲ ਨੇ ਥੱਸਲੁਨੀਕਿਯਾ ਦੇ ਮਸੀਹੀਆਂ ਨੂੰ ਲਿਖਿਆ: “ਆਤਮਾ ਨੂੰ ਨਾ ਬੁਝਾਓ।” (1 ਥੱਸਲੁਨੀਕੀਆਂ 5:19) ਪਵਿੱਤਰ ਆਤਮਾ ਸਾਡੇ ਲਈ ਕੰਮ ਕਰਦੀ ਹੈ। ਪਰ ਜੇ ਸਾਡੇ ਕੰਮ ਅਤੇ ਤੌਰ-ਤਰੀਕੇ ਪਰਮੇਸ਼ੁਰ ਦੇ ਸਿਧਾਂਤਾਂ ਤੋਂ ਉਲਟ ਹਨ, ਤਾਂ ਇਹ ਪਵਿੱਤਰ ਆਤਮਾ ਦੇ ਕੰਮ ਵਿਚ ਰੁਕਾਵਟ ਬਣ ਸਕਦੇ ਹਨ। (ਅਫ਼ਸੀਆਂ 4:30) ਅੱਜ ਮਸੀਹੀਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਕੰਮ ਦਿੱਤਾ ਗਿਆ ਹੈ। ਅਸੀਂ ਇਸ ਵਿਸ਼ੇਸ਼-ਸਨਮਾਨ ਨੂੰ ਬਹੁਤ ਹੀ ਬਹੁਮੁੱਲਾ ਸਮਝਦੇ ਹਾਂ। ਸਾਨੂੰ ਇਹ ਦੇਖ ਕੇ ਹੈਰਾਨੀ ਨਹੀਂ ਹੁੰਦੀ ਕਿ ਜੋ ਲੋਕ ਪਰਮੇਸ਼ੁਰ ਨੂੰ ਨਹੀਂ ਜਾਣਦੇ, ਉਹ ਸਾਡੇ ਪ੍ਰਚਾਰ ਕੰਮ ਨੂੰ ਘਿਰਣਾ ਭਰੀ ਨਜ਼ਰ ਨਾਲ ਦੇਖਦੇ ਹਨ। ਪਰ ਜਦੋਂ ਮਸੀਹੀ ਜਾਣ-ਬੁੱਝ ਕੇ ਪ੍ਰਚਾਰ ਨਹੀਂ ਕਰਦੇ ਹਨ, ਤਾਂ ਇਸ ਦੇ ਨਤੀਜੇ ਵਜੋਂ ਸ਼ਾਇਦ ਪਰਮੇਸ਼ੁਰ ਦੀ ਆਤਮਾ ਬੁੱਝ ਜਾਵੇ।

10. (ੳ) ਦੂਸਰੇ ਲੋਕਾਂ ਦੇ ਵਿਚਾਰਾਂ ਦਾ ਸਾਡੇ ਉੱਤੇ ਕੀ ਪ੍ਰਭਾਵ ਪੈ ਸਕਦਾ ਹੈ? (ਅ) ਕੁਰਿੰਥੀਆਂ ਦੀ ਦੂਜੀ ਪੱਤਰੀ 2:17 ਵਿਚ ਕਿਸ ਉੱਚੇ ਨਜ਼ਰੀਏ ਬਾਰੇ ਦੱਸਿਆ ਗਿਆ ਹੈ?

10 ਜਿਹੜੇ ਲੋਕ ਮਸੀਹੀ ਨਹੀਂ ਹਨ, ਉਹ ਸ਼ਾਇਦ ਸੋਚਦੇ ਹਨ ਕਿ ਅਸੀਂ ਸਿਰਫ਼ ਕਿਤਾਬਾਂ ਵੰਡਣ ਲਈ ਪ੍ਰਚਾਰ ਕਰਦੇ ਹਾਂ। ਕਈ ਲੋਕਾਂ ਨੂੰ ਸ਼ਾਇਦ ਗ਼ਲਤਫ਼ਹਿਮੀ ਹੋ ਸਕਦੀ ਹੈ ਕਿ ਅਸੀਂ ਸਿਰਫ਼ ਦਾਨ ਇਕੱਠਾ ਕਰਨ ਲਈ ਹੀ ਘਰ-ਘਰ ਜਾਂਦੇ ਹਾਂ। ਜੇ ਅਸੀਂ ਲੋਕਾਂ ਦੇ ਅਜਿਹੇ ਗ਼ਲਤ ਵਿਚਾਰਾਂ ਕਰਕੇ ਨਿਰਾਸ਼ ਹੋ ਜਾਈਏ, ਤਾਂ ਅਸੀਂ ਅਸਰਦਾਰ ਤਰੀਕੇ ਨਾਲ ਪ੍ਰਚਾਰ ਨਹੀਂ ਕਰ ਪਾਵਾਂਗੇ। ਅਜਿਹੇ ਵਿਚਾਰਾਂ ਤੋਂ ਪ੍ਰਭਾਵਿਤ ਹੋਣ ਦੀ ਬਜਾਇ, ਆਓ ਆਪਾਂ ਸਾਰੇ ਪ੍ਰਚਾਰ ਦੇ ਕੰਮ ਨੂੰ ਯਹੋਵਾਹ ਅਤੇ ਯਿਸੂ ਦੇ ਨਜ਼ਰੀਏ ਨਾਲ ਦੇਖੀਏ। ਪੌਲੁਸ ਰਸੂਲ ਨੇ ਇਸ ਉੱਚੇ ਨਜ਼ਰੀਏ ਬਾਰੇ ਕਿਹਾ: “ਅਸੀਂ ਤਾਂ ਬਾਹਲਿਆਂ ਦੀ ਨਿਆਈਂ ਪਰਮੇਸ਼ੁਰ ਦੀ ਬਾਣੀ ਵਿੱਚ ਮਿਲਾਉਟ ਨਹੀਂ ਕਰਦੇ [“ਪਰਮੇਸ਼ੁਰ ਦੇ ਬਚਨ ਨੂੰ ਵੇਚਦੇ ਨਹੀਂ ਹਾਂ,” ਨਿ ਵ] ਪਰ ਨਿਸ਼ਕਪਟਤਾ ਨਾਲ ਪਰਮੇਸ਼ੁਰ ਦੀ ਵੱਲੋਂ ਪਰਮੇਸ਼ੁਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ।”—2 ਕੁਰਿੰਥੀਆਂ 2:17.

11. ਪਹਿਲੀ ਸਦੀ ਵਿਚ ਮਸੀਹੀ ਸਤਾਏ ਜਾਣ ਦੇ ਬਾਵਜੂਦ ਵੀ ਕਿਵੇਂ ਜੋਸ਼ੀਲੇ ਰਹੇ ਅਤੇ ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ?

11 ਯਿਸੂ ਦੀ ਮੌਤ ਤੋਂ ਜਲਦੀ ਬਾਅਦ ਉਸ ਦੇ ਚੇਲਿਆਂ ਨੂੰ ਯਰੂਸ਼ਲਮ ਵਿਚ ਕੁਝ ਸਮੇਂ ਲਈ ਬਹੁਤ ਅਤਿਆਚਾਰ ਸਹਿਣਾ ਪਿਆ। ਉਨ੍ਹਾਂ ਨੂੰ ਡਰਾਇਆ-ਧਮਕਾਇਆ ਗਿਆ ਤੇ ਪ੍ਰਚਾਰ ਨਾ ਕਰਨ ਦਾ ਹੁਕਮ ਦਿੱਤਾ ਗਿਆ। ਪਰ ਬਾਈਬਲ ਦੱਸਦੀ ਹੈ ਕਿ ਉਹ ‘ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਕੇ ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਉਂਦੇ ਰਹੇ।’ (ਰਸੂਲਾਂ ਦੇ ਕਰਤੱਬ 4:17, 21, 31) ਕੁਝ ਸਾਲਾਂ ਬਾਅਦ ਤਿਮੋਥਿਉਸ ਨੂੰ ਲਿਖੇ ਪੌਲੁਸ ਦੇ ਸ਼ਬਦਾਂ ਤੋਂ ਪਤਾ ਚੱਲਦਾ ਹੈ ਕਿ ਮਸੀਹੀਆਂ ਨੂੰ ਇਕ ਚੰਗਾ ਨਜ਼ਰੀਆ ਕਾਇਮ ਕਰਨ ਦੀ ਲੋੜ ਹੈ। ਪੌਲੁਸ ਨੇ ਕਿਹਾ: “ਪਰਮੇਸ਼ੁਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਸਗੋਂ ਸਮਰੱਥਾ ਅਤੇ ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ। ਇਸ ਲਈ ਤੂੰ ਸਾਡੇ ਪ੍ਰਭੁ ਦੀ ਸਾਖੀ ਤੋਂ ਨਾ ਸ਼ਰਮਾਵੀਂ, ਨਾ ਮੈਥੋਂ ਜੋ ਉਹ ਦਾ ਬੰਧੂਆ ਹਾਂ ਸਗੋਂ ਪਰਮੇਸ਼ੁਰ ਦੀ ਸਮਰੱਥਾ ਦੇ ਅਨੁਸਾਰ ਖੁਸ਼ ਖਬਰੀ ਲਈ ਦੁਖਾਂ ਵਿੱਚ ਮੇਰੇ ਨਾਲ ਸਾਂਝੀ ਹੋਵੀਂ।”—2 ਤਿਮੋਥਿਉਸ 1:7, 8.

ਗੁਆਂਢੀ ਪ੍ਰਤੀ ਸਾਡਾ ਕੀ ਫ਼ਰਜ਼ ਹੈ?

12. ਖ਼ੁਸ਼ ਖ਼ਬਰੀ ਦੇ ਪ੍ਰਚਾਰ ਕਰਨ ਦਾ ਮੁੱਖ ਕਾਰਨ ਕੀ ਹੈ?

12 ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਪ੍ਰਚਾਰ ਦਾ ਕੰਮ ਖ਼ੁਸ਼ੀ ਨਾਲ ਕਰੀਏ, ਤਾਂ ਸਾਡੇ ਕੋਲ ਇਹ ਕੰਮ ਕਰਨ ਦਾ ਸਹੀ ਮਕਸਦ ਹੋਣਾ ਚਾਹੀਦਾ ਹੈ। ਅਸੀਂ ਪ੍ਰਚਾਰ ਕਿਉਂ ਕਰਦੇ ਹਾਂ? ਜ਼ਬੂਰਾਂ ਦੇ ਲਿਖਾਰੀ ਦੇ ਇਨ੍ਹਾਂ ਸ਼ਬਦਾਂ ਤੋਂ ਇਸ ਦਾ ਮੁੱਖ ਕਾਰਨ ਪਤਾ ਚੱਲਦਾ ਹੈ: “ਤੇਰੇ ਸੰਤ ਤੈਨੂੰ [ਯਹੋਵਾਹ ਨੂੰ] ਮੁਬਾਰਕ ਆਖਣਗੇ। ਓਹ ਤੇਰੀ ਪਾਤਸ਼ਾਹੀ ਦੇ ਪਰਤਾਪ ਦਾ ਚਰਚਾ ਕਰਨਗੇ, ਅਤੇ ਤੇਰੀ ਕੁਦਰਤ ਦੀਆਂ ਗੱਲਾਂ ਕਰਨਗੇ, ਭਈ ਓਹ ਆਦਮੀ ਦੇ ਵੰਸ ਉੱਤੇ ਤੇਰੀਆਂ ਕੁਦਰਤਾਂ ਨੂੰ ਪਰਗਟ ਕਰਨ, ਨਾਲੇ ਉਸ ਦੀ ਪਾਤਸ਼ਾਹੀ ਦੇ ਤੇਜਵਾਨ ਪਰਤਾਪ ਨੂੰ।” (ਜ਼ਬੂਰ 145:10-12) ਜੀ ਹਾਂ, ਅਸੀਂ ਯਹੋਵਾਹ ਦੀ ਮਹਿਮਾ ਖੁੱਲ੍ਹੇ-ਆਮ ਕਰਨ ਅਤੇ ਸਾਰੇ ਲੋਕਾਂ ਅੱਗੇ ਉਸ ਦੇ ਨਾਂ ਨੂੰ ਪਵਿੱਤਰ ਕਰਨ ਲਈ ਪ੍ਰਚਾਰ ਕਰਦੇ ਹਾਂ। ਚਾਹੇ ਥੋੜ੍ਹੇ ਲੋਕ ਸਾਡੀ ਗੱਲ ਸੁਣਦੇ ਹਨ, ਪਰ ਮੁਕਤੀ ਦੇ ਸੰਦੇਸ਼ ਦਾ ਵਫ਼ਾਦਾਰੀ ਨਾਲ ਪ੍ਰਚਾਰ ਕਰਨ ਦੁਆਰਾ ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ

13. ਦੂਸਰਿਆਂ ਨੂੰ ਮੁਕਤੀ ਦੀ ਆਸ਼ਾ ਬਾਰੇ ਦੱਸਣ ਲਈ ਕਿਹੜੀ ਚੀਜ਼ ਸਾਨੂੰ ਪ੍ਰੇਰਿਤ ਕਰਦੀ ਹੈ?

13 ਅਸੀਂ ਲੋਕਾਂ ਨਾਲ ਪਿਆਰ ਕਰਦੇ ਹਾਂ ਤੇ ਉਨ੍ਹਾਂ ਦੇ ਖ਼ੂਨ ਦੇ ਦੋਸ਼ ਤੋਂ ਬਚਣਾ ਚਾਹੁੰਦੇ ਹਾਂ। ਇਸ ਕਰਕੇ ਵੀ ਅਸੀਂ ਪ੍ਰਚਾਰ ਕਰਦੇ ਹਾਂ। (ਹਿਜ਼ਕੀਏਲ 33:8; ਮਰਕੁਸ 6:34) ਪੌਲੁਸ ਨੇ ਵੀ ਗ਼ੈਰ-ਮਸੀਹੀ ਲੋਕਾਂ ਦੇ ਸੰਬੰਧ ਵਿਚ ਇਸ ਤਰ੍ਹਾਂ ਕਿਹਾ: “ਮੈਂ ਯੂਨਾਨੀਆਂ ਅਤੇ ਓਪਰਿਆਂ ਦਾ, ਬੁੱਧੀਵਾਨਾਂ ਅਤੇ ਨਿਰਬੁੱਧਾਂ ਦਾ ਕਰਜ਼ਦਾਰ ਹਾਂ।” (ਰੋਮੀਆਂ 1:14) ਪੌਲੁਸ ਨੇ ਮਹਿਸੂਸ ਕੀਤਾ ਕਿ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣੀ ਉਸ ਦਾ ਫ਼ਰਜ਼ ਸੀ ਕਿਉਂਕਿ ਪਰਮੇਸ਼ੁਰ ਚਾਹੁੰਦਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ।” (1 ਤਿਮੋਥਿਉਸ 2:4) ਅਸੀਂ ਵੀ ਪੌਲੁਸ ਵਾਂਗ ਦੂਸਰਿਆਂ ਨੂੰ ਪਿਆਰ ਕਰਦੇ ਹਾਂ ਤੇ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣੀ ਆਪਣਾ ਫ਼ਰਜ਼ ਸਮਝਦੇ ਹਾਂ। ਯਹੋਵਾਹ ਇਨਸਾਨਾਂ ਨਾਲ ਪਿਆਰ ਕਰਦਾ ਸੀ ਅਤੇ ਇਸ ਕਰਕੇ ਉਸ ਨੇ ਆਪਣਾ ਪੁੱਤਰ ਧਰਤੀ ਤੇ ਘੱਲਿਆ ਤਾਂਕਿ ਉਹ ਉਨ੍ਹਾਂ ਲਈ ਆਪਣੀ ਜਾਨ ਦੀ ਕੁਰਬਾਨੀ ਦੇਵੇ। (ਯੂਹੰਨਾ 3:16) ਇਹ ਬਹੁਤ ਹੀ ਵੱਡੀ ਕੁਰਬਾਨੀ ਸੀ। ਅਸੀਂ ਵੀ ਯਹੋਵਾਹ ਵਾਂਗ ਦੂਸਰਿਆਂ ਨੂੰ ਪਿਆਰ ਕਰਦੇ ਹਾਂ ਜਦੋਂ ਅਸੀਂ ਮਸੀਹ ਦੀ ਕੁਰਬਾਨੀ ਦੁਆਰਾ ਮਿਲਣ ਵਾਲੀ ਮੁਕਤੀ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਜ਼ਿਆਦਾ ਸਮਾਂ ਲਾਉਂਦੇ ਹਾਂ ਅਤੇ ਜਤਨ ਕਰਦੇ ਹਾਂ।

14. ਬਾਈਬਲ ਵਿਚ ਸੰਸਾਰ ਦਾ ਵਰਣਨ ਕਿਸ ਭਾਵ ਵਿਚ ਕੀਤਾ ਗਿਆ ਹੈ?

14 ਯਹੋਵਾਹ ਦੇ ਗਵਾਹ ਹਮੇਸ਼ਾ ਇਹ ਆਸ ਰੱਖਦੇ ਹਨ ਕਿ ਦੂਸਰੇ ਲੋਕ ਮਸੀਹੀ ਭਾਈਚਾਰੇ ਦੇ ਮੈਂਬਰ ਬਣ ਜਾਣਗੇ। ਇਸ ਲਈ ਸਾਨੂੰ ਦਲੇਰੀ ਨਾਲ ਪ੍ਰਚਾਰ ਕਰਨਾ ਚਾਹੀਦਾ ਹੈ। ਪਰ ਦਲੇਰੀ ਨਾਲ ਪ੍ਰਚਾਰ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਦੂਜਿਆਂ ਨਾਲ ਲੜੀਏ। ਇਹ ਸੱਚ ਹੈ ਕਿ ਬਾਈਬਲ ਆਮ ਦੁਨੀਆਂ ਬਾਰੇ ਗੱਲ ਕਰਦੀ ਹੋਈ ਬਹੁਤ ਹੀ ਕਰਾਰੇ ਸ਼ਬਦ ਵਰਤਦੀ ਹੈ। ਜਦੋਂ ਪੌਲੁਸ ਨੇ “ਇਸ ਸੰਸਾਰ ਦਾ ਗਿਆਨ” ਅਤੇ “ਸੰਸਾਰੀ ਵਿਸ਼ਿਆਂ” ਬਾਰੇ ਗੱਲ ਕੀਤੀ ਸੀ ਤਾਂ ਸ਼ਬਦ “ਸੰਸਾਰ” ਬੁਰਿਆਈ ਦਾ ਸੰਕੇਤ ਦਿੰਦਾ ਸੀ। (1 ਕੁਰਿੰਥੀਆਂ 3:19; ਤੀਤੁਸ 2:12) ਪੌਲੁਸ ਨੇ ਅਫ਼ਸੀਆਂ ਦੇ ਮਸੀਹੀਆਂ ਨੂੰ ਵੀ ਯਾਦ ਕਰਾਇਆ ਕਿ ਜਦੋਂ ਉਹ “ਇਸ ਸੰਸਾਰ ਦੇ ਵਿਹਾਰ” ਅਨੁਸਾਰ ਚੱਲਦੇ ਸਨ, ਤਾਂ ਉਹ ਅਧਿਆਤਮਿਕ ਤੌਰ ਤੇ “ਮੁਰਦੇ” ਸਨ। (ਅਫ਼ਸੀਆਂ 2:1-3) ਇਹ ਗੱਲਾਂ ਤੇ ਬਾਈਬਲ ਵਿਚ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਯੂਹੰਨਾ ਰਸੂਲ ਦੇ ਸ਼ਬਦਾਂ ਨਾਲ ਮੇਲ ਖਾਂਦੀਆਂ ਹਨ: “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।”—1 ਯੂਹੰਨਾ 5:19.

15. ਜਿਹੜੇ ਲੋਕ ਮਸੀਹੀ ਨਹੀਂ ਹਨ, ਉਨ੍ਹਾਂ ਦੇ ਸੰਬੰਧ ਵਿਚ ਅਸੀਂ ਕੀ ਨਹੀਂ ਕਰਦੇ ਅਤੇ ਕਿਉਂ?

15 ਪਰ ਯਾਦ ਰੱਖੋ ਕਿ ਇਹ ਆਇਤਾਂ ਉਸ ਸੰਸਾਰ ਬਾਰੇ ਗੱਲ ਕਰਦੀਆਂ ਹਨ ਜੋ ਪਰਮੇਸ਼ੁਰ ਤੋਂ ਦੂਰ ਹੋ ਚੁੱਕਾ ਹੈ। ਮਸੀਹੀ ਪਹਿਲਾਂ ਤੋਂ ਇਹ ਨਹੀਂ ਸੋਚ ਲੈਂਦੇ ਕਿ ਕੋਈ ਵਿਅਕਤੀ ਸਾਡੀ ਗੱਲ ਸੁਣੇਗਾ ਜਾਂ ਨਹੀਂ। ਉਹ ਇਹ ਫ਼ੈਸਲਾ ਨਹੀਂ ਕਰ ਸਕਦੇ ਕਿ ਇਕ ਇਨਸਾਨ ਬੱਕਰੀ ਵਰਗਾ ਹੈ ਜਾਂ ਨਹੀਂ। ਨਾ ਹੀ ਸਾਡੇ ਕੋਲ ਇਹ ਦੱਸਣ ਦਾ ਅਧਿਕਾਰ ਹੈ ਕਿ ਜਦੋਂ ਯਿਸੂ “ਭੇਡਾਂ” ਨੂੰ “ਬੱਕਰੀਆਂ” ਤੋਂ ਵੱਖ ਕਰਨ ਲਈ ਆਵੇਗਾ, ਤਾਂ ਉਹ ਕਿਨ੍ਹਾਂ ਨੂੰ ਭੇਡਾਂ ਸਮਝੇਗਾ ਤੇ ਕਿਨ੍ਹਾਂ ਨੂੰ ਬੱਕਰੀਆਂ। (ਮੱਤੀ 25:31-46) ਯਿਸੂ ਨੂੰ ਜੱਜ ਬਣਾਇਆ ਗਿਆ ਹੈ, ਸਾਨੂੰ ਨਹੀਂ। ਇਸ ਤੋਂ ਇਲਾਵਾ, ਬਹੁਤ ਸਾਰੇ ਅਜਿਹੇ ਤਜਰਬੇ ਹਨ ਜੋ ਦਿਖਾਉਂਦੇ ਹਨ ਕਿ ਜਿਹੜੇ ਪਹਿਲਾਂ ਬਹੁਤ ਹੀ ਘਟੀਆ ਇਨਸਾਨ ਸਨ, ਉਨ੍ਹਾਂ ਨੇ ਬਾਈਬਲ ਦੇ ਸੰਦੇਸ਼ ਨੂੰ ਸੁਣਿਆ, ਆਪਣੇ ਆਪ ਨੂੰ ਬਦਲਿਆ, ਅਤੇ ਹੁਣ ਉਹ ਮਸੀਹੀ ਬਣ ਕੇ ਸਾਫ਼-ਸੁਥਰੀ ਜ਼ਿੰਦਗੀ ਜੀਉਂਦੇ ਹਨ। ਇਸ ਲਈ ਚਾਹੇ ਅਸੀਂ ਕੁਝ ਲੋਕਾਂ ਨਾਲ ਸੰਗਤ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਹਾਂ, ਪਰ ਅਸੀਂ ਮੌਕਾ ਮਿਲਣ ਤੇ ਪਰਮੇਸ਼ੁਰ ਦੇ ਰਾਜ ਬਾਰੇ ਦੱਸਣ ਤੋਂ ਨਹੀਂ ਹਿਚਕਿਚਾਉਂਦੇ। ਬਾਈਬਲ ਵਿਚ ਕੁਝ ਅਜਿਹੇ ਵਿਅਕਤੀਆਂ ਬਾਰੇ ਦੱਸਿਆ ਗਿਆ ਹੈ, ਜੋ ਭਾਵੇਂ ਅਵਿਸ਼ਵਾਸੀ ਸਨ, ਪਰ ਉਨ੍ਹਾਂ ਨੇ ‘ਸਦੀਪਕ ਜੀਵਨ ਲਈ ਸਹੀ ਮਨੋਬਿਰਤੀ’ ਦਿਖਾਈ। ਉਹ ਬਾਅਦ ਵਿਚ ਵਿਸ਼ਵਾਸੀ ਬਣ ਗਏ। (ਰਸੂਲਾਂ ਦੇ ਕਰਤੱਬ 13:48, ਨਿ ਵ) ਅਸੀਂ ਤਦ ਤਕ ਇਹ ਨਹੀਂ ਜਾਣ ਸਕਦੇ ਕਿ ਕਿਹੜਾ ਵਿਅਕਤੀ ਸਹੀ ਮਨੋਬਿਰਤੀ ਰੱਖਦਾ ਹੈ ਜਦ ਤਕ ਅਸੀਂ ਉਸ ਨੂੰ ਗਵਾਹੀ ਨਹੀਂ ਦਿੰਦੇ। ਸ਼ਾਇਦ ਸਾਨੂੰ ਕਿਸੇ ਨੂੰ ਵਾਰ-ਵਾਰ ਗਵਾਹੀ ਦੇਣੀ ਪਵੇ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਉਨ੍ਹਾਂ ਲੋਕਾਂ ਨਾਲ “ਨਰਮਾਈ” ਅਤੇ “ਆਦਰ” ਨਾਲ ਪੇਸ਼ ਆਉਂਦੇ ਹਾਂ ਜਿਨ੍ਹਾਂ ਨੇ ਅਜੇ ਮੁਕਤੀ ਦੇ ਸੰਦੇਸ਼ ਨੂੰ ਸੁਣ ਕੇ ਸੱਚਾਈ ਤੇ ਚੱਲਣਾ ਸ਼ੁਰੂ ਨਹੀਂ ਕੀਤਾ ਹੈ। ਅਸੀਂ ਇਹ ਆਸ ਰੱਖਦੇ ਹਾਂ ਕਿ ਇਕ ਦਿਨ ਇਨ੍ਹਾਂ ਵਿੱਚੋਂ ਕੁਝ ਲੋਕ ਜ਼ਿੰਦਗੀ ਦੇ ਸੰਦੇਸ਼ ਨੂੰ ਸੁਣਨਗੇ।—2 ਤਿਮੋਥਿਉਸ 2:25; 1 ਪਤਰਸ 3:16, ਪਵਿੱਤਰ ਬਾਈਬਲ ਨਵਾਂ ਅਨੁਵਾਦ।

16. ਅਸੀਂ ਸਿੱਖਿਆ ਦੇਣ ਦੀ ਕਲਾ ਕਿਉਂ ਵਿਕਸਿਤ ਕਰਨੀ ਚਾਹੁੰਦੇ ਹਾਂ?

16 ਜੇ ਅਸੀਂ ਸਿੱਖਿਅਕ ਵਜੋਂ ਆਪਣੀ ਯੋਗਤਾ ਨੂੰ ਹੋਰ ਵਧਾਉਂਦੇ ਹਾਂ, ਤਾਂ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਹੋਰ ਜੋਸ਼ ਨਾਲ ਕਰਾਂਗੇ। ਉਦਾਹਰਣ ਲਈ: ਇਕ ਮਜ਼ੇਦਾਰ ਖੇਡ ਸ਼ਾਇਦ ਉਸ ਵਿਅਕਤੀ ਨੂੰ ਪਸੰਦ ਨਾ ਆਵੇ ਜੋ ਇਸ ਨੂੰ ਖੇਡਣਾ ਨਹੀਂ ਜਾਣਦਾ। ਪਰ ਜਿਸ ਨੂੰ ਇਹ ਖੇਡ ਖੇਡਣੀ ਆਉਂਦੀ ਹੈ, ਉਹ ਇਸ ਦਾ ਆਨੰਦ ਲੈਂਦਾ ਹੈ। ਇਸੇ ਤਰ੍ਹਾਂ, ਜਿਹੜੇ ਮਸੀਹੀ ਸਿੱਖਿਆ ਦੇਣ ਦੀ ਕਲਾ ਆਪਣੇ ਵਿਚ ਵਿਕਸਿਤ ਕਰਦੇ ਹਨ, ਉਹ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਖ਼ੁਸ਼ੀ ਪ੍ਰਾਪਤ ਕਰਦੇ ਹਨ। (2 ਤਿਮੋਥਿਉਸ 4:2; ਤੀਤੁਸ 1:9) ਪੌਲੁਸ ਨੇ ਤਿਮੋਥਿਉਸ ਨੂੰ ਸਲਾਹ ਦਿੱਤੀ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।” (2 ਤਿਮੋਥਿਉਸ 2:15) ਅਸੀਂ ਸਿਖਾਉਣ ਦੀ ਕਲਾ ਕਿਵੇਂ ਵਿਕਸਿਤ ਕਰ ਸਕਦੇ ਹਾਂ?

17. ਅਸੀਂ ਬਾਈਬਲ ਦੇ ਗਿਆਨ ਦੀ “ਲੋਚ” ਕਿਵੇਂ ਪੈਦਾ ਕਰ ਸਕਦੇ ਹਾਂ ਅਤੇ ਇਹ ਗਿਆਨ ਪ੍ਰਚਾਰ ਕਰਨ ਵਿਚ ਸਾਡੀ ਕਿਵੇਂ ਮਦਦ ਕਰੇਗਾ?

17 ਇਸ ਕਲਾ ਨੂੰ ਸਿੱਖਣ ਦਾ ਇਕ ਤਰੀਕੇ ਹੈ ਸਹੀ ਗਿਆਨ ਲੈਣਾ। ਪਤਰਸ ਰਸੂਲ ਸਾਨੂੰ ਉਤਸ਼ਾਹਿਤ ਕਰਦਾ ਹੈ: “ਨਵਿਆਂ ਜੰਮਿਆਂ ਹੋਇਆਂ ਬੱਚਿਆਂ ਵਾਂਗਰ ਆਤਮਕ ਅਤੇ ਖਾਲਸ ਦੁੱਧ ਦੀ ਲੋਚ ਕਰੋ ਭਈ ਤੁਸੀਂ ਓਸ ਨਾਲ ਮੁਕਤੀ ਲਈ ਵਧਦੇ ਜਾਓ।” (1 ਪਤਰਸ 2:2) ਇਕ ਸਿਹਤਮੰਦ ਬੱਚਾ ਸੁਭਾਵਕ ਹੀ ਦੁੱਧ ਲਈ ਲੋਚਦਾ ਹੈ। ਪਰ ਇਕ ਮਸੀਹੀ ਨੂੰ ਬਾਈਬਲ ਦੇ ਗਿਆਨ ਦੀ ਸ਼ਾਇਦ “ਲੋਚ” ਪੈਦਾ ਕਰਨੀ ਪਵੇ। ਅਧਿਐਨ ਕਰਨ ਤੇ ਪੜ੍ਹਨ ਦੀਆਂ ਚੰਗੀਆਂ ਆਦਤਾਂ ਪਾ ਕੇ ਇਹ ਲੋਚ, ਜਾਂ ਇੱਛਾ ਪੈਦਾ ਕੀਤੀ ਜਾ ਸਕਦੀ ਹੈ। (ਕਹਾਉਤਾਂ 2:1-6) ਜੇ ਅਸੀਂ ਪਰਮੇਸ਼ੁਰ ਦੇ ਬਚਨ ਦੇ ਮਾਹਰ ਸਿੱਖਿਅਕ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਤਨ-ਮਨ ਲਾ ਕੇ ਕੋਸ਼ਿਸ਼ ਕਰਨੀ ਪਵੇਗੀ। ਅਜਿਹੀਆਂ ਕੋਸ਼ਿਸ਼ਾਂ ਦਾ ਫ਼ਾਇਦਾ ਹੁੰਦਾ ਹੈ। ਪਰਮੇਸ਼ੁਰ ਦੇ ਬਚਨ ਦੀ ਜਾਂਚ ਕਰਨ ਨਾਲ ਸਾਨੂੰ ਜੋ ਖ਼ੁਸ਼ੀ ਮਿਲਦੀ ਹੈ, ਉਸ ਦੁਆਰਾ ਅਸੀਂ ਪਰਮੇਸ਼ੁਰ ਦੀ ਆਤਮਾ ਵਿਚ ਸਰਗਰਮ ਰਹਾਂਗੇ ਤੇ ਸਿੱਖੀਆਂ ਹੋਈਆਂ ਗੱਲਾਂ ਦੂਸਰਿਆਂ ਨੂੰ ਦੱਸਣ ਲਈ ਉਤਸੁਕ ਹੋਵਾਂਗੇ।

18. ਸੱਚਾਈ ਦੇ ਬਚਨ ਨੂੰ ਸਹੀ ਤਰੀਕੇ ਨਾਲ ਪੇਸ਼ ਕਰਨ ਵਿਚ ਮਸੀਹੀ ਸਭਾਵਾਂ ਸਾਡੀ ਮਦਦ ਕਿਵੇਂ ਕਰਦੀਆਂ ਹਨ?

18 ਪਰਮੇਸ਼ੁਰ ਦੇ ਬਚਨ ਦੀ ਚੰਗੀ ਤਰ੍ਹਾਂ ਨਾਲ ਵਰਤੋਂ ਕਰਨ ਵਿਚ ਸਾਡੀਆਂ ਮਸੀਹੀ ਸਭਾਵਾਂ ਵੀ ਬਹੁਤ ਮਦਦ ਕਰਦੀਆਂ ਹਨ। ਜਦੋਂ ਜਨਤਕ ਭਾਸ਼ਣਾਂ ਵਿਚ ਜਾਂ ਦੂਸਰੀਆਂ ਸਭਾਵਾਂ ਵਿਚ ਆਇਤਾਂ ਪੜ੍ਹੀਆਂ ਜਾਂਦੀਆਂ ਹਨ, ਤਾਂ ਸਾਨੂੰ ਵੀ ਆਪਣੀਆਂ ਬਾਈਬਲਾਂ ਵਿੱਚੋਂ ਆਇਤਾਂ ਪੜ੍ਹਨੀਆਂ ਚਾਹੀਦੀਆਂ ਹਨ। ਸਭਾ ਵਿਚ ਦੱਸੀਆਂ ਜਾਂਦੀਆਂ ਗੱਲਾਂ ਵੱਲ, ਖ਼ਾਸ ਕਰਕੇ ਪ੍ਰਚਾਰ ਦੇ ਕੰਮ ਨਾਲ ਸੰਬੰਧਿਤ ਗੱਲਾਂ ਵੱਲ ਧਿਆਨ ਦੇ ਕੇ ਅਸੀਂ ਸਮਝਦਾਰੀ ਦਿਖਾਉਂਦੇ ਹਾਂ। ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਸਭਾਵਾਂ ਵਿਚ ਪੇਸ਼ ਕੀਤੇ ਜਾਂਦੇ ਪ੍ਰਦਰਸ਼ਨ ਬਸ ਐਵੇਂ ਦਿਖਾਏ ਜਾਂਦੇ ਹਨ। ਇਨ੍ਹਾਂ ਵੱਲ ਵੀ ਪੂਰਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ। (1 ਤਿਮੋਥਿਉਸ 4:16) ਮਸੀਹੀ ਸਭਾਵਾਂ ਸਾਡੀ ਨਿਹਚਾ ਨੂੰ ਮਜ਼ਬੂਤ ਕਰਦੀਆਂ ਹਨ ਤੇ ਪਰਮੇਸ਼ੁਰ ਦੇ ਬਚਨ ਦੀ ਲੋਚ ਪੈਦਾ ਕਰਨ ਵਿਚ ਸਾਡੀ ਮਦਦ ਕਰਦੀਆਂ ਹਨ। ਇਹ ਖ਼ੁਸ਼ ਖ਼ਬਰੀ ਦੇ ਜੋਸ਼ੀਲੇ ਪ੍ਰਚਾਰਕ ਬਣਨ ਵਿਚ ਵੀ ਸਾਡੀ ਮਦਦ ਕਰਦੀਆਂ ਹਨ।

ਅਸੀਂ ਯਹੋਵਾਹ ਉੱਤੇ ਭਰੋਸਾ ਰੱਖ ਸਕਦੇ ਹਾਂ

19. ਪ੍ਰਚਾਰ ਵਿਚ ਨਿਯਮਿਤ ਤੌਰ ਤੇ ਹਿੱਸਾ ਲੈਣਾ ਕਿਉਂ ਜ਼ਰੂਰੀ ਹੈ?

19 ਜਿਹੜੇ ਮਸੀਹੀ “ਆਤਮਾ ਵਿਚ ਸਰਗਰਮ” ਹਨ ਤੇ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ, ਉਹ ਨਿਯਮਿਤ ਤੌਰ ਤੇ ਪ੍ਰਚਾਰ ਵਿਚ ਹਿੱਸਾ ਲੈਣ ਦੀ ਕੋਸ਼ਿਸ਼ ਕਰਦੇ ਹਨ। (ਅਫ਼ਸੀਆਂ 5:15, 16) ਇਹ ਸੱਚ ਹੈ ਕਿ ਸਭ ਦੇ ਹਾਲਾਤ ਵੱਖੋ-ਵੱਖਰੇ ਹਨ ਤੇ ਸਾਰੇ ਜਾਨਾਂ ਬਚਾਉਣ ਵਾਲੇ ਇਸ ਕੰਮ ਵਿਚ ਜ਼ਿਆਦਾ ਸਮਾਂ ਨਹੀਂ ਲਗਾ ਸਕਦੇ। (ਗਲਾਤੀਆਂ 6:4, 5) ਪਰ ਵੱਡੀ ਗੱਲ ਇਹ ਨਹੀਂ ਹੈ ਕਿ ਅਸੀਂ ਪ੍ਰਚਾਰ ਵਿਚ ਕਿੰਨਾ ਸਮਾਂ ਲਗਾਉਂਦੇ ਹਾਂ। ਇਸ ਤੋਂ ਵੀ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਆਪਣੀ ਆਸ਼ਾ ਬਾਰੇ ਦੂਸਰਿਆਂ ਨਾਲ ਕਿੰਨੀ ਕੁ ਵਾਰ ਗੱਲ ਕਰਦੇ ਹਾਂ। (2 ਤਿਮੋਥਿਉਸ 4:1, 2) ਜਿੰਨਾ ਜ਼ਿਆਦਾ ਅਸੀਂ ਪ੍ਰਚਾਰ ਕਰਦੇ ਹਾਂ ਉੱਨੀ ਜ਼ਿਆਦਾ ਅਸੀਂ ਇਸ ਕੰਮ ਦੀ ਮਹੱਤਤਾ ਦੀ ਕਦਰ ਕਰਾਂਗੇ। (ਰੋਮੀਆਂ 10:14, 15) ਜਦੋਂ ਅਸੀਂ ਬੁਰਾਈ ਕਰਕੇ ਆਹਾਂ ਭਰਨ ਵਾਲੇ ਬੇਆਸ ਲੋਕਾਂ ਨੂੰ ਵਾਰ-ਵਾਰ ਮਿਲਾਂਗੇ, ਤਾਂ ਸਾਡੇ ਦਿਲ ਉਨ੍ਹਾਂ ਲਈ ਹਮਦਰਦੀ ਤੇ ਪਿਆਰ ਨਾਲ ਭਰ ਜਾਣਗੇ।—ਹਿਜ਼ਕੀਏਲ 9:4; ਰੋਮੀਆਂ 8:22.

20, 21. (ੳ) ਸਾਡੇ ਕੋਲ ਅਜੇ ਕਿਹੜਾ ਕੰਮ ਕਰਨ ਵਾਲਾ ਪਿਆ ਹੈ? (ਅ) ਯਹੋਵਾਹ ਸਾਡੀ ਮਦਦ ਕਿਵੇਂ ਕਰਦਾ ਹੈ?

20 ਯਹੋਵਾਹ ਨੇ ਸਾਨੂੰ ਖ਼ੁਸ਼ ਖ਼ਬਰੀ ਸੌਂਪੀ ਹੈ। ਇਹ ਸਾਡਾ ਪਹਿਲਾ ਕੰਮ ਹੈ ਜੋ ਸਾਨੂੰ “ਪਰਮੇਸ਼ੁਰ ਦੇ ਸਾਂਝੀ” ਹੋਣ ਜਾਂ ਉਸ ਨਾਲ ਕੰਮ ਕਰਨ ਵਾਲਿਆਂ ਵਜੋਂ ਮਿਲਿਆ ਹੈ। (1 ਕੁਰਿੰਥੀਆਂ 3:6-9) ਅਸੀਂ ਇਸ ਕੰਮ ਨੂੰ ਪੂਰੇ ਦਿਲ ਨਾਲ ਕਰਨ ਲਈ ਉਤਸੁਕ ਹਾਂ। (ਮਰਕੁਸ 12:30; ਰੋਮੀਆਂ 12:1) ਦੁਨੀਆਂ ਵਿਚ ਸਹੀ ਮਨੋਬਿਰਤੀ ਰੱਖਣ ਵਾਲੇ ਬਹੁਤ ਸਾਰੇ ਲੋਕ ਹਨ ਜੋ ਸੱਚਾਈ ਦੇ ਭੁੱਖੇ ਹਨ। ਅਜੇ ਵੀ ਬਹੁਤ ਸਾਰਾ ਕੰਮ ਕਰਨ ਵਾਲਾ ਪਿਆ ਹੈ, ਪਰ ਅਸੀਂ ਪ੍ਰਚਾਰ ਕਰਦੇ ਹੋਏ ਯਹੋਵਾਹ ਉੱਤੇ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੀ ਮਦਦ ਕਰੇਗਾ।—2 ਤਿਮੋਥਿਉਸ 4:5.

21 ਯਹੋਵਾਹ ਸਾਨੂੰ ਆਪਣੀ ਪਵਿੱਤਰ ਆਤਮਾ ਦਿੰਦਾ ਹੈ ਅਤੇ “ਆਤਮਾ ਦੀ ਤਲਵਾਰ” ਅਰਥਾਤ ਪਰਮੇਸ਼ੁਰ ਦੇ ਬਚਨ ਨਾਲ ਲੈਸ ਕਰਦਾ ਹੈ। ਉਸ ਦੀ ਮਦਦ ਨਾਲ ਅਸੀਂ “ਦਿਲੇਰੀ ਨਾਲ ਖੁਸ਼ ਖਬਰੀ ਦਾ ਭੇਤ ਖੋਲ੍ਹ” ਸਕਦੇ ਹਾਂ। (ਅਫ਼ਸੀਆਂ 6:17-20) ਪੌਲੁਸ ਰਸੂਲ ਨੇ ਥੱਸਲੁਨੀਕਿਯਾ ਦੇ ਮਸੀਹੀਆਂ ਨੂੰ ਲਿਖਿਆ: “ਇਸ ਲਈ ਜੋ ਸਾਡੀ ਖੁਸ਼ ਖਬਰੀ ਨਿਰੀਆਂ ਗੱਲਾਂ ਹੀ ਗੱਲਾਂ ਨਹੀਂ ਸੀ ਸਗੋਂ ਸਮਰੱਥਾ ਨਾਲ ਅਤੇ ਪਵਿੱਤਰ ਆਤਮਾ ਅਤੇ ਪੂਰੇ ਯਕੀਨ ਨਾਲ ਭੀ ਤੁਹਾਡੇ ਕੋਲ ਪਹੁੰਚੀ।” (1 ਥੱਸਲੁਨੀਕੀਆਂ 1:5) ਆਓ ਆਪਾਂ ਵੀ ਸਾਰੇ ਖ਼ੁਸ਼ ਖ਼ਬਰੀ ਦਾ ਇੰਨੇ ਜੋਸ਼ ਨਾਲ ਪ੍ਰਚਾਰ ਕਰੀਏ ਕਿ ਪੌਲੁਸ ਦੇ ਇਹ ਸ਼ਬਦ ਸਾਡੇ ਮਾਮਲੇ ਵਿਚ ਵੀ ਸੱਚ ਸਾਬਤ ਹੋਣ!

ਸੰਖੇਪ ਪੁਨਰ-ਵਿਚਾਰ

• ਜ਼ਿੰਦਗੀ ਦੀਆਂ ਚਿੰਤਾਵਾਂ ਕਰਕੇ ਪ੍ਰਚਾਰ ਦੇ ਕੰਮ ਵਿਚ ਸਾਡੇ ਜੋਸ਼ ਉੱਤੇ ਕੀ ਅਸਰ ਪੈ ਸਕਦਾ ਹੈ?

• ਪ੍ਰਚਾਰ ਕਰਨ ਦੀ ਇੱਛਾ ਸਾਡੇ ਦਿਲਾਂ ਵਿਚ “ਬਲਦੀ ਅੱਗ” ਵਾਂਗ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ?

• ਸਾਨੂੰ ਪ੍ਰਚਾਰ ਪ੍ਰਤੀ ਕਿਸ ਤਰ੍ਹਾਂ ਦੇ ਗ਼ਲਤ ਨਜ਼ਰੀਏ ਤੋਂ ਬਚਣਾ ਚਾਹੀਦਾ ਹੈ?

• ਆਮ ਲੋਕਾਂ ਪ੍ਰਤੀ ਸਾਡਾ ਨਜ਼ਰੀਆ ਕੀ ਹੈ?

• ਪ੍ਰਚਾਰ ਕੰਮ ਵਿਚ ਜੋਸ਼ੀਲੇ ਰਹਿਣ ਵਿਚ ਯਹੋਵਾਹ ਸਾਡੀ ਮਦਦ ਕਿਵੇਂ ਕਰਦਾ ਹੈ?

[ਸਵਾਲ]

[ਸਫ਼ੇ 9 ਉੱਤੇ ਤਸਵੀਰਾਂ]

ਪੌਲੁਸ ਤੇ ਯਿਰਮਿਯਾਹ ਵਾਂਗ ਹੀ ਅੱਜ ਮਸੀਹੀ ਜੋਸ਼ ਦਿਖਾਉਂਦੇ ਹਨ

[ਸਫ਼ੇ 10 ਉੱਤੇ ਤਸਵੀਰਾਂ]

ਅਸੀਂ ਪਰਮੇਸ਼ੁਰ ਅਤੇ ਆਪਣੇ ਗੁਆਂਢੀ ਨਾਲ ਪਿਆਰ ਕਰਦੇ ਹਾਂ, ਇਸੇ ਲਈ ਅਸੀਂ ਜੋਸ਼ ਨਾਲ ਪ੍ਰਚਾਰ ਕਰਦੇ ਹਾਂ