Skip to content

Skip to table of contents

ਰਾਜ ਦੀ ਸੱਚਾਈ ਦੇ ਬੀ ਬੀਜਣੇ

ਰਾਜ ਦੀ ਸੱਚਾਈ ਦੇ ਬੀ ਬੀਜਣੇ

ਰਾਜ ਦੀ ਸੱਚਾਈ ਦੇ ਬੀ ਬੀਜਣੇ

“ਸਵੇਰ ਨੂੰ ਆਪਣਾ ਬੀ ਬੀਜ, ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇਹ।”—ਉਪਦੇਸ਼ਕ ਦੀ ਪੋਥੀ 11:6.

1. ਅੱਜ ਮਸੀਹੀ ਕਿਸ ਭਾਵ ਵਿਚ ਬੀ ਬੀਜ ਰਹੇ ਹਨ?

ਪੁਰਾਣੇ ਸਮੇਂ ਦੇ ਇਸਰਾਏਲੀ ਲੋਕ ਜ਼ਿਆਦਾ ਕਰਕੇ ਖੇਤੀਬਾੜੀ ਕਰਦੇ ਸਨ। ਯਿਸੂ ਨੇ ਵਾਅਦਾ ਕੀਤੇ ਹੋਏ ਦੇਸ਼, ਇਸਰਾਏਲ ਵਿਚ ਆਪਣੀ ਜ਼ਿੰਦਗੀ ਬਿਤਾਈ। ਇਸੇ ਕਰਕੇ ਉਸ ਨੇ ਲੋਕਾਂ ਨੂੰ ਖੇਤੀਬਾੜੀ ਸੰਬੰਧੀ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ। ਉਦਾਹਰਣ ਲਈ ਉਸ ਨੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਕਰਨ ਦੀ ਤੁਲਨਾ ਬੀ ਬੀਜਣ ਨਾਲ ਕੀਤੀ। (ਮੱਤੀ 13:1-9, 18-23; ਲੂਕਾ 8:5-15) ਅੱਜ ਵੀ ਮਸੀਹੀ ਇਸ ਤਰੀਕੇ ਨਾਲ ਅਧਿਆਤਮਿਕ ਬੀ ਬੀਜਣ ਦਾ ਸਭ ਤੋਂ ਮਹੱਤਵਪੂਰਣ ਕੰਮ ਕਰਦੇ ਹਨ, ਚਾਹੇ ਉਹ ਖੇਤੀਬਾੜੀ ਕਰਨ ਵਾਲੇ ਇਲਾਕਿਆਂ ਵਿਚ ਰਹਿੰਦੇ ਹਨ ਜਾਂ ਨਹੀਂ।

2. ਪ੍ਰਚਾਰ ਦਾ ਕੰਮ ਕਿੰਨਾ ਕੁ ਜ਼ਰੂਰੀ ਹੈ ਅਤੇ ਪ੍ਰਚਾਰ ਕਰਨ ਲਈ ਹੋਰ ਕੀ ਕੀਤਾ ਜਾ ਰਿਹਾ ਹੈ?

2 ਇਸ ਅੰਤ ਦੇ ਸਮੇਂ ਵਿਚ ਬਾਈਬਲ ਦੀ ਸੱਚਾਈ ਦੇ ਬੀ ਬੀਜਣੇ ਇਕ ਬਹੁਤ ਹੀ ਵੱਡਾ ਸਨਮਾਨ ਹੈ। ਰੋਮੀਆਂ 10:14, 15 ਬਹੁਤ ਚੰਗੀ ਤਰ੍ਹਾਂ ਇਸ ਕੰਮ ਦੀ ਮਹੱਤਤਾ ਬਾਰੇ ਦੱਸਦਾ ਹੈ: “ਓਹ . . . ਪਰਚਾਰਕ ਬਾਝੋਂ ਕਿੱਕੁਰ ਸੁਣਨ? ਅਤੇ ਜੇ ਘੱਲੇ ਨਾ ਜਾਣ ਤਾਂ ਕਿੱਕੁਰ ਪਰਚਾਰ ਕਰਨ? ਜਿਵੇਂ ਲਿਖਿਆ ਹੋਇਆ ਹੈ ਭਈ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਂਦੇ ਹਨ ਓਹਨਾਂ ਦੇ ਚਰਨ ਕਿਹੇ ਸੁੰਦਰ ਹਨ!” ਪਰਮੇਸ਼ੁਰ ਵੱਲੋਂ ਮਿਲੇ ਇਸ ਕੰਮ ਨੂੰ ਸਹੀ ਰਵੱਈਏ ਨਾਲ ਕਰਨ ਦੀ ਪਹਿਲਾਂ ਨਾਲੋਂ ਅੱਜ ਕਿਤੇ ਜ਼ਿਆਦਾ ਲੋੜ ਹੈ। ਇਸੇ ਕਰਕੇ ਯਹੋਵਾਹ ਦੇ ਗਵਾਹ ਬਾਈਬਲਾਂ ਅਤੇ ਬਾਈਬਲ ਨੂੰ ਸਮਝਾਉਣ ਵਾਲੇ ਪ੍ਰਕਾਸ਼ਨਾਂ ਨੂੰ 340 ਭਾਸ਼ਾਵਾਂ ਵਿਚ ਤਿਆਰ ਕਰਨ ਅਤੇ ਵੰਡਣ ਵਿਚ ਰੁੱਝੇ ਹੋਏ ਹਨ। ਇਨ੍ਹਾਂ ਪ੍ਰਕਾਸ਼ਨਾਂ ਨੂੰ ਤਿਆਰ ਕਰਨ ਲਈ ਉਨ੍ਹਾਂ ਦੇ ਹੈੱਡ-ਕੁਆਰਟਰ ਅਤੇ ਅਲੱਗ-ਅਲੱਗ ਦੇਸ਼ਾਂ ਦੇ ਸ਼ਾਖਾ ਦਫ਼ਤਰਾਂ ਵਿਚ 18,000 ਤੋਂ ਜ਼ਿਆਦਾ ਗਵਾਹ ਤਨਖ਼ਾਹ ਤੋਂ ਬਿਨਾਂ ਕੰਮ ਕਰਦੇ ਹਨ। ਅਤੇ ਪੂਰੀ ਦੁਨੀਆਂ ਵਿਚ ਤਕਰੀਬਨ ਸੱਠ ਲੱਖ ਗਵਾਹ ਇਹ ਪ੍ਰਕਾਸ਼ਨ ਵੰਡਦੇ ਹਨ।

3. ਰਾਜ ਸੱਚਾਈ ਦੇ ਬੀ ਬੀਜਣ ਦੇ ਕੀ ਨਤੀਜੇ ਨਿਕਲੇ ਹਨ?

3 ਇਸ ਸਖ਼ਤ ਮਿਹਨਤ ਦਾ ਕੀ ਨਤੀਜਾ ਨਿਕਲਿਆ ਹੈ? ਜਿਵੇਂ ਪਹਿਲੀ ਸਦੀ ਵਿਚ ਲੋਕਾਂ ਨੇ ਸੱਚਾਈ ਨੂੰ ਸਵੀਕਾਰ ਕੀਤਾ ਸੀ, ਉਸੇ ਤਰ੍ਹਾਂ ਅੱਜ ਵੀ ਬਹੁਤ ਸਾਰੇ ਲੋਕ ਸੱਚਾਈ ਨੂੰ ਸਵੀਕਾਰ ਕਰ ਰਹੇ ਹਨ। (ਰਸੂਲਾਂ ਦੇ ਕਰਤੱਬ 2:41, 46, 47) ਪਰ ਬਪਤਿਸਮਾ ਲੈਣ ਵਾਲੇ ਨਵੇਂ ਪ੍ਰਕਾਸ਼ਕਾਂ ਦੀ ਵੱਡੀ ਗਿਣਤੀ ਨਾਲੋਂ ਵੀ ਜ਼ਿਆਦਾ ਮਹੱਤਵਪੂਰਣ ਗੱਲ ਇਹ ਹੈ ਕਿ ਵੱਡੇ ਪੱਧਰ ਤੇ ਗਵਾਹੀ ਦੇਣ ਨਾਲ ਯਹੋਵਾਹ ਦਾ ਨਾਂ ਪਵਿੱਤਰ ਹੁੰਦਾ ਹੈ ਅਤੇ ਇੱਕੋ-ਇਕ ਸੱਚੇ ਪਰਮੇਸ਼ੁਰ ਵਜੋਂ ਉਸ ਦੀ ਵਡਿਆਈ ਹੁੰਦੀ ਹੈ। (ਮੱਤੀ 6:9) ਇਸ ਤੋਂ ਇਲਾਵਾ ਪਰਮੇਸ਼ੁਰ ਦੇ ਬਚਨ ਦਾ ਗਿਆਨ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਸੁਧਾਰ ਰਿਹਾ ਹੈ ਤੇ ਉਨ੍ਹਾਂ ਨੂੰ ਮੁਕਤੀ ਵੱਲ ਲੈ ਜਾ ਰਿਹਾ ਹੈ।—ਰਸੂਲਾਂ ਦੇ ਕਰਤੱਬ 13:47.

4. ਜਿਨ੍ਹਾਂ ਲੋਕਾਂ ਨੂੰ ਰਸੂਲਾਂ ਨੇ ਪ੍ਰਚਾਰ ਕੀਤਾ ਸੀ, ਉਨ੍ਹਾਂ ਪ੍ਰਤੀ ਉਹ ਕਿਵੇਂ ਮਹਿਸੂਸ ਕਰਦੇ ਸਨ?

4 ਰਸੂਲ ਚੰਗੀ ਤਰ੍ਹਾਂ ਜਾਣਦੇ ਸਨ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਨਾਲ ਲੋਕਾਂ ਨੂੰ ਜ਼ਿੰਦਗੀ ਮਿਲ ਸਕਦੀ ਸੀ। ਅਤੇ ਜਿਨ੍ਹਾਂ ਨੂੰ ਉਨ੍ਹਾਂ ਨੇ ਪ੍ਰਚਾਰ ਕੀਤਾ ਸੀ ਉਨ੍ਹਾਂ ਪ੍ਰਤੀ ਉਹ ਬਹੁਤ ਹਮਦਰਦੀ ਅਤੇ ਪਿਆਰ ਰੱਖਦੇ ਸਨ। ਸਾਨੂੰ ਇਸ ਗੱਲ ਦਾ ਪੌਲੁਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ: “ਅਸੀਂ ਤੁਹਾਡੇ ਚਾਹਵੰਦ ਹੋ ਕੇ ਤੁਹਾਨੂੰ ਨਿਰੀ ਪਰਮੇਸ਼ੁਰ ਦੀ ਖੁਸ਼ ਖਬਰੀ ਨਹੀਂ ਸਗੋਂ ਆਪਣੀ ਜਾਨ ਭੀ ਦੇਣ ਨੂੰ ਤਿਆਰ ਸਾਂ ਇਸ ਲਈ ਜੋ ਤੁਸੀਂ ਸਾਡੇ ਪਿਆਰੇ ਬਣ ਗਏ ਸਾਓ।” (1 ਥੱਸਲੁਨੀਕੀਆਂ 2:8) ਪੌਲੁਸ ਤੇ ਦੂਸਰੇ ਚੇਲਿਆਂ ਨੇ ਲੋਕਾਂ ਦੀ ਦਿਲੋਂ ਪਰਵਾਹ ਕਰ ਕੇ ਦਿਖਾਇਆ ਕਿ ਉਹ ਯਿਸੂ ਅਤੇ ਸਵਰਗੀ ਦੂਤਾਂ ਦੀ ਨਕਲ ਕਰ ਰਹੇ ਸਨ ਜੋ ਇਸ ਪ੍ਰਚਾਰ ਦੇ ਇਸ ਕੰਮ ਵਿਚ ਸ਼ਾਮਲ ਹਨ। ਆਓ ਆਪਾਂ ਦੇਖੀਏ ਕਿ ਪਰਮੇਸ਼ੁਰ ਦੇ ਇਹ ਸਵਰਗੀ ਸੇਵਕ ਰਾਜ ਸੱਚਾਈ ਦੇ ਬੀ ਬੀਜਣ ਦੇ ਕੰਮ ਵਿਚ ਕਿਹੜੀ ਅਹਿਮ ਭੂਮਿਕਾ ਨਿਭਾਉਂਦੇ ਹਨ। ਤੇ ਉਨ੍ਹਾਂ ਦੀ ਮਿਸਾਲ ਸਾਡੀ ਮਦਦ ਕਿਵੇਂ ਕਰਦੀ ਹੈ।

ਯਿਸੂ ਨੇ ਰਾਜ ਸੱਚਾਈ ਦੇ ਬੀ ਬੀਜੇ

5. ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਉਹ ਮੁੱਖ ਤੌਰ ਤੇ ਕਿਹੜੇ ਕੰਮ ਵਿਚ ਰੁੱਝਾ ਰਿਹਾ?

5 ਯਿਸੂ ਮਸੀਹ ਕੋਲ ਆਪਣੇ ਜ਼ਮਾਨੇ ਦੇ ਲੋਕਾਂ ਨੂੰ ਵਧੀਆ ਤੋਂ ਵਧੀਆ ਚੀਜ਼ਾਂ ਦੇਣ ਦੀ ਸ਼ਕਤੀ ਸੀ। ਉਦਾਹਰਣ ਲਈ ਉਹ ਉਸ ਸਮੇਂ ਇਲਾਜ ਦੇ ਸੰਬੰਧ ਵਿਚ ਲੋਕਾਂ ਦੀ ਬਹੁਤ ਮਦਦ ਕਰ ਸਕਦਾ ਸੀ ਜਾਂ ਵਿਗਿਆਨ ਦੇ ਦੂਸਰੇ ਖੇਤਰਾਂ ਵਿਚ ਉਨ੍ਹਾਂ ਨੂੰ ਜ਼ਿਆਦਾ ਜਾਣਕਾਰੀ ਦੇ ਸਕਦਾ ਸੀ। ਪਰ ਉਸ ਨੇ ਆਪਣੀ ਸੇਵਕਾਈ ਦੀ ਸ਼ੁਰੂਆਤ ਵਿਚ ਹੀ ਇਹ ਗੱਲ ਸਪੱਸ਼ਟ ਕਰ ਦਿੱਤੀ ਸੀ ਕਿ ਉਸ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦਾ ਕੰਮ ਦਿੱਤਾ ਗਿਆ ਸੀ। (ਲੂਕਾ 4:17-21) ਤੇ ਆਪਣੀ ਸੇਵਕਾਈ ਦੇ ਅਖ਼ੀਰ ਤੇ ਉਸ ਨੇ ਸਮਝਾਇਆ: “ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ।” (ਯੂਹੰਨਾ 18:37) ਇਸ ਕਰਕੇ ਉਹ ਰਾਜ ਸੱਚਾਈ ਦੇ ਬੀ ਬੀਜਣ ਦੇ ਕੰਮ ਵਿਚ ਪੂਰੀ ਤਰ੍ਹਾਂ ਰੁੱਝਾ ਰਿਹਾ। ਯਿਸੂ ਨੇ ਲੋਕਾਂ ਨੂੰ ਪਰਮੇਸ਼ੁਰ ਅਤੇ ਉਸ ਦੇ ਮਕਸਦ ਬਾਰੇ ਜੋ ਸਿੱਖਿਆ ਦਿੱਤੀ ਸੀ ਇਸ ਨਾਲੋਂ ਹੋਰ ਕੋਈ ਵੀ ਜਾਣਕਾਰੀ ਜ਼ਿਆਦਾ ਜ਼ਰੂਰੀ ਨਹੀਂ ਹੋ ਸਕਦੀ ਸੀ।—ਰੋਮੀਆਂ 11:33-36.

6, 7. (ੳ) ਸਵਰਗ ਜਾਣ ਤੋਂ ਪਹਿਲਾਂ ਯਿਸੂ ਨੇ ਕਿਹੜਾ ਵਧੀਆ ਵਾਅਦਾ ਕੀਤਾ ਸੀ ਅਤੇ ਉਹ ਆਪਣਾ ਵਾਅਦਾ ਕਿਵੇਂ ਪੂਰਾ ਕਰ ਰਿਹਾ ਹੈ? (ਅ) ਪ੍ਰਚਾਰ ਦੇ ਕੰਮ ਪ੍ਰਤੀ ਯਿਸੂ ਦਾ ਰਵੱਈਆ ਤੁਹਾਨੂੰ ਨਿੱਜੀ ਤੌਰ ਤੇ ਕਿਵੇਂ ਪ੍ਰਭਾਵਿਤ ਕਰਦਾ ਹੈ?

6 ਯਿਸੂ ਨੇ ਆਪਣੇ ਆਪ ਨੂੰ ਰਾਜ ਸੱਚਾਈ ਦੇ ਬੀ ਬੀਜਣ ਵਾਲਾ ਕਿਹਾ ਸੀ। (ਯੂਹੰਨਾ 4:35-38) ਉਸ ਨੇ ਹਰ ਮੌਕੇ ਤੇ ਖ਼ੁਸ਼ ਖ਼ਬਰੀ ਦੇ ਬੀ ਬੀਜੇ। ਇੱਥੋਂ ਤਕ ਕਿ ਜਦੋਂ ਉਹ ਸੂਲੀ ਉੱਤੇ ਮਰ ਰਿਹਾ ਸੀ, ਤਾਂ ਉਸ ਨੇ ਇਹ ਖ਼ੁਸ਼ ਖ਼ਬਰੀ ਸੁਣਾਈ ਕਿ ਭਵਿੱਖ ਵਿਚ ਇਹ ਧਰਤੀ ਇਕ ਸੁੰਦਰ ਬਾਗ਼ ਬਣ ਜਾਵੇਗੀ। (ਲੂਕਾ 23:43, ਨਿ ਵ) ਇਸ ਤੋਂ ਇਲਾਵਾ ਉਸ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਸ ਦੀ ਮੌਤ ਦੇ ਨਾਲ ਹੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਹੋਣਾ ਵੀ ਬੰਦ ਨਾ ਹੋ ਜਾਵੇ। ਸਵਰਗ ਵਿਚ ਜਾਣ ਤੋਂ ਪਹਿਲਾਂ, ਉਸ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ ਰਾਜ ਦੀ ਸੱਚਾਈ ਦੇ ਬੀ ਬੀਜਦੇ ਅਤੇ ਚੇਲੇ ਬਣਾਉਂਦੇ ਰਹਿਣ। ਇਸ ਤੋਂ ਬਾਅਦ ਯਿਸੂ ਨੇ ਇਕ ਬਹੁਤ ਹੀ ਵਧੀਆ ਵਾਅਦਾ ਕੀਤਾ: “ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।”—ਮੱਤੀ 28:19, 20.

7 ਇਹ ਕਹਿ ਕੇ ਯਿਸੂ ਨੇ ਵਾਅਦਾ ਕੀਤਾ ਕਿ ਉਹ “ਜੁਗ ਦੇ ਅੰਤ ਤੀਕਰ ਹਰ ਵੇਲੇ” ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਉਨ੍ਹਾਂ ਦੀ ਮਦਦ ਅਤੇ ਅਗਵਾਈ ਕਰੇਗਾ ਤੇ ਧਿਆਨ ਰੱਖੇਗਾ ਕਿ ਇਹ ਕੰਮ ਨਾ ਰੁਕੇ। (ਟੇਢੇ ਟਾਈਪ ਸਾਡੇ।) ਉਸ ਸਮੇਂ ਤੋਂ ਲੈ ਕੇ ਸਾਡੇ ਸਮੇਂ ਤਕ, ਯਿਸੂ ਨੇ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਨਿੱਜੀ ਤੌਰ ਤੇ ਦਿਲਚਸਪੀ ਲਈ ਹੈ। ਉਹ ਸਾਡਾ ਮੋਹਰੀ ਹੈ ਤੇ ਰਾਜ ਸੱਚਾਈ ਦੇ ਬੀ ਬੀਜਣ ਦੇ ਕੰਮ ਦੀ ਨਿਗਰਾਨੀ ਕਰਦਾ ਹੈ। (ਮੱਤੀ 23:10) ਮਸੀਹੀ ਕਲੀਸਿਯਾ ਦਾ ਸਿਰ ਹੋਣ ਦੇ ਨਾਤੇ ਉਸ ਨੇ ਯਹੋਵਾਹ ਨੂੰ ਦੁਨੀਆਂ ਵਿਚ ਹੋ ਰਹੇ ਇਸ ਕੰਮ ਦਾ ਹਿਸਾਬ-ਕਿਤਾਬ ਦੇਣਾ ਹੈ।—ਅਫ਼ਸੀਆਂ 1:22, 23; ਕੁਲੁੱਸੀਆਂ 1:18.

ਦੂਤ ਖ਼ੁਸ਼ ਖ਼ਬਰੀ ਦਾ ਐਲਾਨ ਕਰਦੇ ਹਨ

8, 9. (ੳ) ਦੂਤਾਂ ਨੇ ਮਨੁੱਖੀ ਮਾਮਲਿਆਂ ਵਿਚ ਕਿਵੇਂ ਡੂੰਘੀ ਦਿਲਚਸਪੀ ਲਈ ਹੈ? (ਅ) ਕਿਸ ਭਾਵ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਦੂਤਾਂ ਦੇ ਸਾਮ੍ਹਣੇ ਸਟੇਜ ਉੱਤੇ ਤਮਾਸ਼ਾ ਕਰ ਰਹੇ ਹਾਂ?

8 ਜਦੋਂ ਯਹੋਵਾਹ ਨੇ ਧਰਤੀ ਬਣਾਈ ਸੀ, ਤਾਂ ਦੂਤਾਂ ਨੇ ‘ਮਿਲ ਕੇ ਗੀਤ ਗਾਇਆ ਅਤੇ ਖੁਸ਼ੀ ਦੇ ਨਾਹਰੇ ਮਾਰੇ।’ (ਅੱਯੂਬ 38:4-7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਦੋਂ ਤੋਂ ਹੀ ਇਹ ਸਵਰਗੀ ਦੂਤ ਮਨੁੱਖੀ ਮਾਮਲਿਆਂ ਵਿਚ ਡੂੰਘੀ ਦਿਲਚਸਪੀ ਲੈਂਦੇ ਆਏ ਹਨ। ਜਦੋਂ ਯਹੋਵਾਹ ਨੇ ਇਨਸਾਨਾਂ ਨੂੰ ਕੋਈ ਗੱਲ ਦੱਸਣੀ ਹੁੰਦੀ ਸੀ ਜਾਂ ਸੰਦੇਸ਼ ਦੇਣਾ ਹੁੰਦਾ ਸੀ, ਤਾਂ ਉਸ ਨੇ ਇਸ ਕੰਮ ਲਈ ਦੂਤਾਂ ਨੂੰ ਵਰਤਿਆ। (ਜ਼ਬੂਰ 103:20) ਖ਼ਾਸ ਤੌਰ ਤੇ ਅਸੀਂ ਦੇਖਦੇ ਹਾਂ ਕਿ ਉਹ ਅੱਜ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਸਾਡੀ ਮਦਦ ਕਰਦੇ ਹਨ। ਯੂਹੰਨਾ ਰਸੂਲ ਨੇ ਦਰਸ਼ਣ ਵਿਚ ‘ਇੱਕ ਦੂਤ ਨੂੰ ਅਕਾਸ਼ ਵਿੱਚ ਉੱਡਦਿਆਂ’ ਦੇਖਿਆ ਜਿਸ ਦੇ ਕੋਲ “ਸਦੀਪਕਾਲ ਦੀ ਇੰਜੀਲ” ਸੀ ਤਾਂਕਿ ਉਹ “ਧਰਤੀ ਦੇ ਵਾਸੀਆਂ ਨੂੰ ਅਤੇ ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ ਨੂੰ ਖੁਸ਼ ਖਬਰੀ ਸੁਣਾਵੇ ਅਤੇ ਓਸ ਨੇ ਵੱਡੀ ਅਵਾਜ਼ ਨਾਲ ਆਖਿਆ ਭਈ ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਇਸ ਲਈ ਜੋ ਉਹ ਦੇ ਨਿਆਉਂ ਦਾ ਸਮਾ ਆ ਪੁੱਜਾ ਹੈ।”—ਪਰਕਾਸ਼ ਦੀ ਪੋਥੀ 14:6, 7.

9 ਬਾਈਬਲ ਵਿਚ ਦੂਤਾਂ ਨੂੰ “ਸੇਵਾ ਕਰਨ ਵਾਲੇ ਆਤਮੇ” ਕਿਹਾ ਗਿਆ ਹੈ “ਜਿਹੜੇ ਮੁਕਤੀ ਦਾ ਵਿਰਸਾ ਪਾਉਣ ਵਾਲਿਆਂ ਦੀ ਸੇਵਾ ਲਈ ਘੱਲੇ ਜਾਂਦੇ ਹਨ।” (ਇਬਰਾਨੀਆਂ 1:14) ਜਦੋਂ ਦੂਤ ਜੋਸ਼ ਨਾਲ ਆਪਣਾ ਕੰਮ ਕਰਦੇ ਹਨ, ਤਾਂ ਉਹ ਸਾਨੂੰ ਅਤੇ ਸਾਡੇ ਕੰਮ ਨੂੰ ਵੀ ਦੇਖਦੇ ਹੁੰਦੇ ਹਨ। ਇਹ ਇਸ ਤਰ੍ਹਾਂ ਹੈ ਜਿਵੇਂ ਅਸੀਂ ਇਕ ਵੱਡੀ ਸਟੇਜ ਉੱਤੇ ਸਵਰਗੀ ਸਰੋਤਿਆਂ ਦੇ ਸਾਮ੍ਹਣੇ ਤਮਾਸ਼ਾ ਕਰਦੇ ਹਾਂ। (1 ਕੁਰਿੰਥੀਆਂ 4:9) ਇਹ ਜਾਣ ਕੇ ਕਿੰਨੀ ਤਸੱਲੀ ਮਿਲਦੀ ਹੈ ਕਿ ਅਸੀਂ ਰਾਜ ਦੀ ਸੱਚਾਈ ਦੇ ਬੀ ਬੀਜਣ ਦਾ ਕੰਮ ਇਕੱਲੇ ਹੀ ਨਹੀਂ ਕਰ ਰਹੇ ਹਾਂ!

ਅਸੀਂ ਜੋਸ਼ ਨਾਲ ਆਪਣੀ ਭੂਮਿਕਾ ਨਿਭਾਉਂਦੇ ਹਾਂ

10. ਉਪਦੇਸ਼ਕ ਦੀ ਪੋਥੀ 11:6 ਵਿਚ ਦਿੱਤੀ ਵਧੀਆ ਸਲਾਹ ਪ੍ਰਚਾਰ ਦੇ ਕੰਮ ਉੱਤੇ ਕਿਵੇਂ ਲਾਗੂ ਹੁੰਦੀ ਹੈ?

10 ਯਿਸੂ ਅਤੇ ਦੂਤ ਸਾਡੇ ਕੰਮ ਵਿਚ ਦਿਲਚਸਪੀ ਕਿਉਂ ਲੈਂਦੇ ਹਨ? ਯਿਸੂ ਨੇ ਇਸ ਦਾ ਇਕ ਕਾਰਨ ਦੱਸਿਆ: “ਮੈਂ ਤੁਹਾਨੂੰ ਆਖਦਾ ਹਾਂ ਭਈ ਇਸੇ ਤਰਾਂ ਪਰਮੇਸ਼ੁਰ ਦਿਆਂ ਦੂਤਾਂ ਦੇ ਅੱਗੇ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਖੁਸ਼ੀ ਹੁੰਦੀ ਹੈ।” (ਲੂਕਾ 15:10) ਅਸੀਂ ਵੀ ਲੋਕਾਂ ਵਿਚ ਸੱਚੀ ਦਿਲਚਸਪੀ ਲੈਂਦੇ ਹਾਂ। ਇਸ ਲਈ ਅਸੀਂ ਹਰ ਪਾਸੇ ਰਾਜ ਦੀ ਸੱਚਾਈ ਦੇ ਬੀ ਬੀਜਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਉਪਦੇਸ਼ਕ ਦੀ ਪੋਥੀ 11:6 ਦੇ ਸ਼ਬਦ ਸਾਡੇ ਕੰਮ ਉੱਤੇ ਲਾਗੂ ਕੀਤੇ ਜਾ ਸਕਦੇ ਹਨ ਜਿੱਥੇ ਸਾਨੂੰ ਇਹ ਸਲਾਹ ਦਿੱਤੀ ਜਾਂਦੀ ਹੈ: “ਸਵੇਰ ਨੂੰ ਆਪਣਾ ਬੀ ਬੀਜ, ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇਹ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਏਹਨਾਂ ਵਿੱਚੋਂ ਕਿਹੜਾ ਸਵਰੇਗਾ, ਏਹ ਯਾ ਉਹ, ਯਾ ਦੋਵੇਂ ਦੇ ਦੋਵੇਂ ਇੱਕੋ ਜਿਹੇ ਚੰਗੇ ਹੋਣਗੇ।” ਇਹ ਠੀਕ ਹੈ ਕਿ ਸੈਂਕੜਿਆਂ-ਹਜ਼ਾਰਾਂ ਵਿੱਚੋਂ ਸ਼ਾਇਦ ਕੋਈ ਇਕ ਇਨਸਾਨ ਹੀ ਸਾਡੇ ਸੰਦੇਸ਼ ਨੂੰ ਸੁਣਦਾ ਹੈ। ਪਰ ਦੂਤਾਂ ਵਾਂਗ ਸਾਨੂੰ ਵੀ ਬਹੁਤ ਖ਼ੁਸ਼ੀ ਹੁੰਦੀ ਹੈ ਜਦੋਂ ਕੋਈ ਇਕ “ਪਾਪੀ” ਮੁਕਤੀ ਦੇ ਸੰਦੇਸ਼ ਨੂੰ ਸੁਣਦਾ ਹੈ।

11. ਬਾਈਬਲ ਨੂੰ ਸਮਝਾਉਣ ਵਾਲਾ ਸਾਹਿੱਤ ਕਿੰਨਾ ਕੁ ਅਸਰਦਾਰ ਸਿੱਧ ਹੋ ਸਕਦਾ ਹੈ?

11 ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਗਈਆਂ ਹਨ। ਇਸ ਕੰਮ ਨੂੰ ਕਰਨ ਲਈ ਇਕ ਬਹੁਤ ਹੀ ਮਹੱਤਵਪੂਰਣ ਚੀਜ਼ ਹੈ ਯਹੋਵਾਹ ਦੇ ਗਵਾਹਾਂ ਦੁਆਰਾ ਬਾਈਬਲ ਨੂੰ ਸਮਝਾਉਣ ਲਈ ਛਾਪਿਆ ਗਿਆ ਸਾਹਿੱਤ। ਕਈ ਵਾਰੀ ਸਾਹਿੱਤ ਹਰ ਪਾਸੇ ਖਿਲਾਰੇ ਗਏ ਬੀ ਵਾਂਗ ਕੰਮ ਕਰਦੇ ਹਨ। ਅਸੀਂ ਨਹੀਂ ਜਾਣਦੇ ਕਿ ਕਿਸੇ ਉੱਤੇ ਇਨ੍ਹਾਂ ਦਾ ਅਸਰ ਹੋਵੇਗਾ। ਕਈ ਵਾਰੀ ਤਾਂ ਕੋਈ ਕਿਤਾਬ ਪੜ੍ਹੀ ਜਾਣ ਤੋਂ ਪਹਿਲਾਂ ਕਈਆਂ ਦੇ ਹੱਥ ਆਉਂਦੀ ਹੈ। ਕੁਝ ਮੌਕਿਆਂ ਤੇ ਨੇਕਦਿਲ ਇਨਸਾਨਾਂ ਦੇ ਹੱਥਾਂ ਵਿਚ ਕਿਤਾਬ ਪਹੁੰਚਾਉਣ ਲਈ ਯਿਸੂ ਅਤੇ ਦੂਤ ਆਪ ਕੁਝ ਕਰਦੇ ਹਨ। ਕੁਝ ਤਜਰਬਿਆਂ ਵੱਲ ਧਿਆਨ ਦਿਓ ਜੋ ਦਿਖਾਉਂਦੇ ਹਨ ਕਿ ਯਹੋਵਾਹ ਲੋਕਾਂ ਨੂੰ ਦਿੱਤੇ ਗਏ ਸਾਹਿੱਤ ਦੇ ਜ਼ਰੀਏ ਅਜਿਹੇ ਸ਼ਾਨਦਾਰ ਨਤੀਜੇ ਕੱਢ ਸਕਦਾ ਹੈ ਜਿਨ੍ਹਾਂ ਦੀ ਸਾਨੂੰ ਉਮੀਦ ਵੀ ਨਹੀਂ ਹੁੰਦੀ।

ਸੱਚੇ ਪਰਮੇਸ਼ੁਰ ਦਾ ਕੰਮ

12. ਇਕ ਪੁਰਾਣੇ ਰਸਾਲੇ ਨੇ ਯਹੋਵਾਹ ਬਾਰੇ ਜਾਣਨ ਵਿਚ ਇਕ ਪਰਿਵਾਰ ਦੀ ਕਿਵੇਂ ਮਦਦ ਕੀਤੀ?

12 ਸਾਲ 1953 ਵਿਚ ਰਾਬਰਟ, ਲਾਈਲਾ ਤੇ ਉਨ੍ਹਾਂ ਦੇ ਬੱਚੇ ਅਮਰੀਕਾ ਦੇ ਇਕ ਵੱਡੇ ਸ਼ਹਿਰ ਵਿਚ ਆਪਣੇ ਘਰ ਨੂੰ ਛੱਡ ਕੇ ਪੈਨਸਿਲਵੇਨੀਆ ਸੂਬੇ ਦੇ ਇਕ ਪੇਂਡੂ ਇਲਾਕੇ ਵਿਚ ਇਕ ਟੁੱਟੇ-ਭੱਜੇ ਘਰ ਵਿਚ ਰਹਿਣ ਲੱਗ ਪਏ। ਉੱਥੇ ਆਉਣ ਤੋਂ ਥੋੜ੍ਹੇ ਸਮੇਂ ਬਾਅਦ, ਰਾਬਰਟ ਨੇ ਪੌੜੀਆਂ ਦੇ ਥੱਲੇ ਇਕ ਗ਼ੁਸਲਖ਼ਾਨਾ ਬਣਾਉਣ ਦਾ ਫ਼ੈਸਲਾ ਕੀਤਾ। ਲੱਕੜੀ ਦੇ ਕੁਝ ਫੱਟੇ ਕੱਢਣ ਤੋਂ ਬਾਅਦ ਉਸ ਨੇ ਦੇਖਿਆ ਕਿ ਇਨ੍ਹਾਂ ਦੇ ਪਿੱਛੇ ਚੂਹਿਆਂ ਨੇ ਕਾਗਜ਼ ਦੀਆਂ ਕਾਤਰਾਂ, ਅਖਰੋਟ ਦੇ ਛਿਲਕੇ ਤੇ ਕਈ ਹੋਰ ਚੀਜ਼ਾਂ ਇਕੱਠੀਆਂ ਕਰ ਕੇ ਰੱਖੀਆਂ ਹੋਈਆਂ ਸਨ। ਉਨ੍ਹਾਂ ਦੇ ਵਿਚ ਹੀ ਦ ਗੋਲਡਨ ਏਜ ਨਾਮਕ ਰਸਾਲਾ ਪਿਆ ਸੀ। ਇਸ ਰਸਾਲੇ ਵਿਚ ਬੱਚਿਆਂ ਦੇ ਪਾਲਣ-ਪੋਸ਼ਣ ਸੰਬੰਧੀ ਇਕ ਲੇਖ ਸੀ ਜੋ ਰਾਬਰਟ ਨੂੰ ਬਹੁਤ ਦਿਲਚਸਪ ਲੱਗਾ। ਰਸਾਲੇ ਵਿਚ ਬਾਈਬਲ ਤੇ ਆਧਾਰਿਤ ਬਹੁਤ ਹੀ ਸਪੱਸ਼ਟ ਜਾਣਕਾਰੀ ਪੜ੍ਹ ਕੇ ਉਹ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਲਾਈਲਾ ਨੂੰ ਕਿਹਾ ਕਿ ਉਹ “ਗੋਲਡਨ ਏਜ ਰਸਾਲੇ ਦਾ ਧਰਮ” ਅਪਣਾਉਣ ਜਾ ਰਿਹਾ ਸੀ। ਕੁਝ ਹਫ਼ਤਿਆਂ ਬਾਅਦ ਯਹੋਵਾਹ ਦੇ ਗਵਾਹ ਉਨ੍ਹਾਂ ਦੇ ਘਰ ਆਏ, ਪਰ ਰਾਬਰਟ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਤੇ ਉਸ ਦਾ ਪਰਿਵਾਰ “ਗੋਲਡਨ ਏਜ ਰਸਾਲੇ ਦੇ ਧਰਮ” ਵਿਚ ਦਿਲਚਸਪੀ ਰੱਖਦਾ ਹੈ। ਗਵਾਹਾਂ ਨੇ ਉਨ੍ਹਾਂ ਨੂੰ ਸਮਝਾਇਆ ਕਿ ਗੋਲਡਨ ਏਜ ਰਸਾਲੇ ਦਾ ਹੁਣ ਨਵਾਂ ਨਾਂ ਹੈ ਅਵੇਕ! ਰਾਬਰਟ ਤੇ ਲਾਈਲਾ ਨੇ ਗਵਾਹਾਂ ਨਾਲ ਬਾਕਾਇਦਾ ਬਾਈਬਲ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਤੇ ਕੁਝ ਸਮੇਂ ਬਾਅਦ ਬਪਤਿਸਮਾ ਲੈ ਲਿਆ। ਫਿਰ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਅੰਦਰ ਸੱਚਾਈ ਦੇ ਬੀ ਬੀਜੇ ਜਿਸ ਦਾ ਉਨ੍ਹਾਂ ਨੂੰ ਬਹੁਤ ਫ਼ਾਇਦਾ ਹੋਇਆ। ਅੱਜ ਰਾਬਰਟ, ਲਾਈਲਾ ਤੇ ਉਨ੍ਹਾਂ ਦੇ ਸੱਤ ਬੱਚਿਆਂ ਸਮੇਤ ਇਸ ਪਰਿਵਾਰ ਦੇ 20 ਤੋਂ ਜ਼ਿਆਦਾ ਮੈਂਬਰ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰ ਰਹੇ ਹਨ।

13. ਪੋਰਟੋ ਰੀਕੋ ਵਿਚ ਰਹਿੰਦੇ ਪਰਿਵਾਰ ਨੂੰ ਕਿਹੜੀ ਚੀਜ਼ ਨੇ ਬਾਈਬਲ ਦਾ ਅਧਿਐਨ ਕਰਨ ਲਈ ਪ੍ਰੇਰਿਤ ਕੀਤਾ?

13 ਤਕਰੀਬਨ 40 ਸਾਲ ਪਹਿਲਾਂ, ਪੋਰਟੋ ਰੀਕੋ ਵਿਚ ਰਹਿਣ ਵਾਲੇ ਵਿਆਹੁਤਾ ਜੋੜੇ, ਵਿਲੀਅਮ ਅਤੇ ਏਡਾ ਨੂੰ ਬਾਈਬਲ ਪੜ੍ਹਨ ਵਿਚ ਕੋਈ ਦਿਲਚਸਪੀ ਨਹੀਂ ਸੀ। ਜਦੋਂ ਵੀ ਯਹੋਵਾਹ ਦੇ ਗਵਾਹ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾਉਂਦੇ ਹੁੰਦੇ ਸਨ, ਤਾਂ ਉਹ ਦਰਵਾਜ਼ਾ ਨਹੀਂ ਖੋਲ੍ਹਦੇ ਸਨ। ਇਕ ਦਿਨ ਵਿਲੀਅਮ ਨੇ ਆਪਣੇ ਘਰ ਵਿਚ ਕਿਸੇ ਚੀਜ਼ ਦੀ ਮੁਰੰਮਤ ਕਰਨੀ ਸੀ ਜਿਸ ਵਾਸਤੇ ਉਹ ਕੋਈ ਚੀਜ਼ ਲੈਣ ਲਈ ਕਬਾੜੀਏ ਦੀ ਦੁਕਾਨ ਤੇ ਗਿਆ। ਜਦੋਂ ਉਹ ਉੱਥੋਂ ਆਉਣ ਲੱਗਾ, ਤਾਂ ਉਸ ਨੇ ਕੂੜੇ ਦੇ ਡੱਬੇ ਵਿਚ ਹਰੇ ਰੰਗ ਦੀ ਇਕ ਕਿਤਾਬ ਦੇਖੀ। ਇਸ ਕਿਤਾਬ ਦਾ ਨਾਂ ਸੀ ਧਰਮ (ਅੰਗ੍ਰੇਜ਼ੀ) ਜਿਸ ਨੂੰ ਯਹੋਵਾਹ ਦੇ ਗਵਾਹਾਂ ਨੇ 1940 ਵਿਚ ਛਾਪਿਆ ਸੀ। ਵਿਲੀਅਮ ਕਿਤਾਬ ਨੂੰ ਘਰ ਲੈ ਗਿਆ। ਉਸ ਨੇ ਕਿਤਾਬ ਵਿਚ ਸੱਚੇ ਤੇ ਝੂਠੇ ਧਰਮ ਵਿਚ ਫ਼ਰਕ ਬਾਰੇ ਪੜ੍ਹਿਆ ਜਿਸ ਕਰਕੇ ਉਸ ਨੂੰ ਬਹੁਤ ਖ਼ੁਸ਼ੀ ਹੋਈ। ਅਗਲੀ ਵਾਰ ਜਦੋਂ ਯਹੋਵਾਹ ਦੇ ਗਵਾਹ ਉਨ੍ਹਾਂ ਦੇ ਘਰ ਆਏ, ਤਾਂ ਵਿਲੀਅਮ ਤੇ ਏਡਾ ਨੇ ਉਨ੍ਹਾਂ ਦੀ ਗੱਲ ਸੁਣੀ ਤੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਕੁਝ ਮਹੀਨਿਆਂ ਬਾਅਦ 1958 ਵਿਚ ਡੀਵਾਈਨ ਵਿਲ ਅੰਤਰ-ਰਾਸ਼ਟਰੀ ਸੰਮੇਲਨ ਵਿਚ ਉਨ੍ਹਾਂ ਨੇ ਬਪਤਿਸਮਾ ਲੈ ਲਿਆ। ਉਦੋਂ ਤੋਂ ਉਨ੍ਹਾਂ ਨੇ 50 ਤੋਂ ਜ਼ਿਆਦਾ ਲੋਕਾਂ ਦੀ ਮਸੀਹੀ ਭਾਈਚਾਰੇ ਦੇ ਮੈਂਬਰ ਬਣਨ ਵਿਚ ਮਦਦ ਕੀਤੀ ਹੈ।

14. ਜਿਵੇਂ ਕਿ ਪੈਰੇ ਵਿਚ ਦੱਸੇ ਤਜਰਬੇ ਤੋਂ ਪਤਾ ਚੱਲਦਾ ਹੈ, ਬਾਈਬਲ ਨੂੰ ਸਮਝਾਉਣ ਵਾਲੇ ਸਾਡੇ ਸਾਹਿੱਤ ਨਾਲ ਕਿਹੜੇ-ਕਿਹੜੇ ਚਮਤਕਾਰ ਹੋ ਸਕਦੇ ਹਨ?

14 ਕਾਰਲ ਜਦੋਂ 11 ਸਾਲਾਂ ਦਾ ਸੀ, ਉਹ ਬਹੁਤ ਸ਼ਰਾਰਤੀ ਸੀ। ਉਸ ਨੂੰ ਲੱਗਦਾ ਸੀ ਕਿ ਉਹ ਹਮੇਸ਼ਾ ਮੁਸੀਬਤ ਵਿਚ ਫਸਿਆ ਰਹਿੰਦਾ ਸੀ। ਉਸ ਦੇ ਪਿਤਾ ਜੀ ਜਰਮਨ ਮੈਥੋਡਿਸਟ ਚਰਚ ਦੇ ਪ੍ਰਚਾਰਕ ਸਨ। ਉਨ੍ਹਾਂ ਨੇ ਉਸ ਨੂੰ ਸਿਖਾਇਆ ਸੀ ਕਿ ਬੁਰੇ ਲੋਕ ਮੌਤ ਤੋਂ ਬਾਅਦ ਨਰਕ ਦੀ ਅੱਗ ਵਿਚ ਸੜਦੇ ਹਨ। ਇਸ ਲਈ ਕਾਰਲ ਨਰਕ ਦੇ ਨਾਂ ਤੋਂ ਹੀ ਬਹੁਤ ਡਰਦਾ ਸੀ। ਸਾਲ 1917 ਵਿਚ ਇਕ ਦਿਨ ਕਾਰਲ ਨੇ ਗਲੀ ਵਿਚ ਇਕ ਕਾਗਜ਼ ਦੇਖਿਆ ਤੇ ਉਸ ਨੂੰ ਚੁੱਕ ਲਿਆ। ਜਦੋਂ ਉਸ ਨੇ ਉਸ ਨੂੰ ਪੜ੍ਹਨਾ ਸ਼ੁਰੂ ਕੀਤਾ, ਤਾਂ ਉਸ ਦਾ ਧਿਆਨ ਇਕ ਦਮ ਇਸ ਪ੍ਰਸ਼ਨ ਵੱਲ ਚਲਾ ਗਿਆ: “ਨਰਕ ਕੀ ਹੈ?” ਉਸ ਕਾਗਜ਼ ਵਿਚ ਨਰਕ ਨਾਮਕ ਵਿਸ਼ੇ ਉੱਤੇ ਜਨਤਕ ਭਾਸ਼ਣ ਸੁਣਨ ਲਈ ਸੱਦਾ ਦਿੱਤਾ ਗਿਆ ਸੀ ਜੋ ਬਾਈਬਲ ਸਟੂਡੈਂਟਸ (ਹੁਣ ਯਹੋਵਾਹ ਦੇ ਗਵਾਹ) ਪੇਸ਼ ਕਰ ਰਹੇ ਸਨ। ਤਕਰੀਬਨ ਇਕ ਸਾਲ ਤਕ ਬਾਈਬਲ ਦਾ ਕਾਫ਼ੀ ਅਧਿਐਨ ਕਰਨ ਤੋਂ ਬਾਅਦ ਕਾਰਲ ਨੇ ਬਪਤਿਸਮਾ ਲੈ ਲਿਆ ਤੇ ਖ਼ੁਦ ਇਕ ਬਾਈਬਲ ਸਟੂਡੈਂਟ ਬਣ ਗਿਆ। ਸਾਲ 1925 ਵਿਚ ਉਸ ਨੂੰ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਵਿਚ ਕੰਮ ਕਰਨ ਲਈ ਬੁਲਾਇਆ ਗਿਆ ਜਿੱਥੇ ਉਹ ਹੁਣ ਵੀ ਕੰਮ ਕਰਦਾ ਹੈ। ਉਸ ਨੇ 80 ਤੋਂ ਵੀ ਜ਼ਿਆਦਾ ਸਾਲਾਂ ਤੋਂ ਇਕ ਮਸੀਹੀ ਦੇ ਤੌਰ ਤੇ ਜ਼ਿੰਦਗੀ ਬਿਤਾਈ ਹੈ ਤੇ ਉਸ ਦੀ ਇਹ ਜ਼ਿੰਦਗੀ ਗਲੀ ਵਿਚ ਪਏ ਇਕ ਕਾਗਜ਼ ਦੇ ਟੁਕੜੇ ਨਾਲ ਸ਼ੁਰੂ ਹੋਈ।

15. ਜਦੋਂ ਯਹੋਵਾਹ ਮੁਨਾਸਬ ਸਮਝਦਾ ਹੈ, ਤਾਂ ਉਹ ਕੀ ਕਰ ਸਕਦਾ ਹੈ?

15 ਇਹ ਸੱਚ ਹੈ ਕਿ ਮਨੁੱਖ ਕੋਲ ਇਹ ਜਾਣਨ ਦੀ ਯੋਗਤਾ ਨਹੀਂ ਹੈ ਕਿ ਇਨ੍ਹਾਂ ਤਜਰਬਿਆਂ ਵਿਚ ਦੂਤਾਂ ਨੇ ਕਿਸ ਹੱਦ ਤਕ ਕੰਮ ਕੀਤਾ ਸੀ। ਪਰ ਸਾਨੂੰ ਕਦੀ ਇਹ ਸ਼ੱਕ ਨਹੀਂ ਕਰਨਾ ਚਾਹੀਦਾ ਕਿ ਯਿਸੂ ਅਤੇ ਦੂਤ ਪ੍ਰਚਾਰ ਦੇ ਕੰਮ ਵਿਚ ਪੂਰੀ ਸਰਗਰਮੀ ਨਾਲ ਹਿੱਸਾ ਲੈਂਦੇ ਹਨ ਅਤੇ ਕਿ ਯਹੋਵਾਹ ਕਈ ਮਾਮਲਿਆਂ ਵਿਚ ਅਗਵਾਈ ਕਰ ਸਕਦਾ ਹੈ ਜਦੋਂ ਉਹ ਇਸ ਨੂੰ ਮੁਨਾਸਬ ਸਮਝਦਾ ਹੈ। ਇਹ ਅਤੇ ਕਈ ਹੋਰ ਤਜਰਬੇ ਦਿਖਾਉਂਦੇ ਹਨ ਕਿ ਲੋਕਾਂ ਨੂੰ ਦਿੱਤੇ ਸਾਹਿੱਤ ਦਾ ਬਾਅਦ ਵਿਚ ਕਿੰਨਾ ਜ਼ਿਆਦਾ ਫ਼ਾਇਦਾ ਹੋ ਸਕਦਾ ਹੈ।

ਸਾਨੂੰ ਖ਼ਜ਼ਾਨਾ ਸੌਂਪਿਆ ਗਿਆ ਹੈ

16. ਸਾਨੂੰ 2 ਕੁਰਿੰਥੀਆਂ 4:7 ਤੋਂ ਕੀ ਪਤਾ ਚੱਲਦਾ ਹੈ?

16 ਪੌਲੁਸ ਰਸੂਲ ਨੇ ਇਕ ‘ਖ਼ਜ਼ਾਨੇ’ ਬਾਰੇ ਦੱਸਿਆ ਜੋ “ਮਿੱਟੀ ਦਿਆਂ ਭਾਂਡਿਆਂ ਵਿਚ ਹੈ।” ਇਹ ਖ਼ਜ਼ਾਨਾ ਹੈ ਪ੍ਰਚਾਰ ਕਰਨ ਦਾ ਕੰਮ ਅਤੇ ਮਿੱਟੀ ਦੇ ਭਾਂਡੇ ਇਨਸਾਨ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਇਹ ਖ਼ਜ਼ਾਨਾ ਦਿੱਤਾ ਹੈ। ਕਿਉਂ ਜੋ ਇਹ ਸਿਰਫ਼ ਇਨਸਾਨ ਹਨ ਅਤੇ ਇਨ੍ਹਾਂ ਦੀਆਂ ਕਈ ਸੀਮਾਵਾਂ ਹਨ, ਪੌਲੁਸ ਨੇ ਅੱਗੇ ਲਿਖਿਆ ਕਿ ਉਨ੍ਹਾਂ ਨੂੰ ਇਹ ਕੰਮ ਦੇਣ ਦਾ ਨਤੀਜਾ ਇਹ ਨਿਕਲਿਆ ਹੈ ਕਿ “ਇਸ ਸਮਰੱਥਾ ਦਾ ਅੱਤ ਵੱਡਾ ਮਹਾਤਮ ਪਰਮੇਸ਼ੁਰ ਦੀ ਵੱਲੋਂ, ਨਾ ਸਾਡੀ ਵੱਲੋਂ, ਮਲੂਮ ਹੋਵੇ।” (2 ਕੁਰਿੰਥੀਆਂ 4:7) ਜੀ ਹਾਂ, ਅਸੀਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਇਹ ਕੰਮ ਕਰਨ ਲਈ ਜੋ ਸ਼ਕਤੀ ਦੀ ਲੋੜ ਹੈ, ਉਹ ਯਹੋਵਾਹ ਸਾਨੂੰ ਦੇਵੇਗਾ।

17. ਰਾਜ ਦੀ ਸੱਚਾਈ ਦੇ ਬੀ ਬੀਜਦੇ ਸਮੇਂ ਸਾਨੂੰ ਕਿਸ ਚੀਜ਼ ਦਾ ਸਾਮ੍ਹਣਾ ਕਰਨਾ ਪਵੇਗਾ ਅਤੇ ਸਾਨੂੰ ਸਹੀ ਰਵੱਈਆ ਕਿਉਂ ਰੱਖਣਾ ਚਾਹੀਦਾ ਹੈ?

17 ਸਾਨੂੰ ਅਕਸਰ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। ਕਈ ਖੇਤਰਾਂ ਵਿਚ ਪ੍ਰਚਾਰ ਕਰਨਾ ਔਖਾ ਹੁੰਦਾ ਹੈ ਜਾਂ ਸਾਨੂੰ ਇਹ ਪਸੰਦ ਨਹੀਂ ਹੁੰਦੇ। ਕਈ ਅਜਿਹੇ ਖੇਤਰ ਹਨ ਜਿੱਥੇ ਲੋਕ ਸਾਡੀ ਗੱਲ ਬਿਲਕੁਲ ਨਹੀਂ ਸੁਣਦੇ। ਕਈ ਵਾਰੀ ਤਾਂ ਉਹ ਬਹੁਤ ਜ਼ਿਆਦਾ ਵਿਰੋਧ ਕਰਦੇ ਹਨ। ਸ਼ਾਇਦ ਅਜਿਹੇ ਖੇਤਰਾਂ ਵਿਚ ਬਹੁਤ ਪ੍ਰਚਾਰ ਕੀਤਾ ਜਾਂਦਾ ਹੈ, ਪਰ ਕੋਈ ਨਤੀਜਾ ਨਹੀਂ ਨਿਕਲਦਾ। ਪਰ ਬਹੁਤ ਸਾਰੀਆਂ ਜਾਨਾਂ ਖ਼ਤਰੇ ਵਿਚ ਹਨ ਜਿਸ ਕਰਕੇ ਪ੍ਰਚਾਰ ਕਰਨਾ ਜ਼ਰੂਰੀ ਹੈ। ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਤੁਸੀਂ ਜਿਹੜਾ ਬੀ ਬੀਜਦੇ ਹੋ, ਉਸ ਨਾਲ ਲੋਕਾਂ ਨੂੰ ਹੁਣ ਖ਼ੁਸ਼ੀ ਮਿਲ ਸਕਦੀ ਤੇ ਭਵਿੱਖ ਵਿਚ ਸਦਾ ਦੀ ਜ਼ਿੰਦਗੀ ਮਿਲ ਸਕਦੀ ਹੈ। ਜ਼ਬੂਰ 126:6 ਦੇ ਸ਼ਬਦ ਬਹੁਤ ਵਾਰ ਸੱਚ ਸਾਬਤ ਹੋਏ ਹਨ: “ਜਿਹੜਾ ਬੀਜਣ ਲਈ ਬੀ ਚੁੱਕ ਕੇ ਰੋਂਦਿਆਂ ਜਾਂਦਾ ਹੈ, ਉਹ ਜ਼ਰੂਰ ਜੈਕਾਰਿਆਂ ਨਾਲ ਭਰੀਆਂ ਚੁੱਕ ਕੇ ਆਵੇਗਾ!”

18. ਅਸੀਂ ਆਪਣੇ ਆਪ ਵੱਲ ਲਗਾਤਾਰ ਧਿਆਨ ਕਿਵੇਂ ਦੇ ਸਕਦੇ ਹਾਂ ਤੇ ਸਾਨੂੰ ਅਜਿਹਾ ਕਿਉਂ ਕਰਨਾ ਚਾਹੀਦਾ ਹੈ?

18 ਆਓ ਆਪਾਂ ਸਾਰੇ ਖੁੱਲ੍ਹੇ ਦਿਲ ਨਾਲ ਰਾਜ ਸੱਚਾਈ ਦੇ ਬੀ ਬੀਜਣ ਦੇ ਹਰ ਮੌਕੇ ਦਾ ਫ਼ਾਇਦਾ ਉਠਾਈਏ। ਚਾਹੇ ਅਸੀਂ ਬੀ ਬੀਜਦੇ ਅਤੇ ਪਾਣੀ ਦਿੰਦੇ ਹਾਂ, ਪਰ ਅਸੀਂ ਇਹ ਗੱਲ ਕਦੀ ਨਾ ਭੁੱਲੀਏ ਕਿ ਯਹੋਵਾਹ ਉਨ੍ਹਾਂ ਨੂੰ ਵਧਾਉਂਦਾ ਹੈ। (1 ਕੁਰਿੰਥੀਆਂ 3:6, 7) ਜਿਵੇਂ ਯਿਸੂ ਤੇ ਦੂਤ ਇਸ ਕੰਮ ਵਿਚ ਆਪਣੀ ਜ਼ਿੰਮੇਵਾਰੀ ਪੂਰੀ ਕਰਦੇ ਹਨ, ਉਸੇ ਤਰ੍ਹਾਂ ਯਹੋਵਾਹ ਸਾਡੇ ਤੋਂ ਆਸ ਰੱਖਦਾ ਹੈ ਕਿ ਅਸੀਂ ਆਪਣਾ ਕੰਮ ਪੂਰਾ ਕਰਾਂਗੇ। (2 ਤਿਮੋਥਿਉਸ 4:5) ਆਓ ਆਪਾਂ ਆਪਣੀ ਸਿੱਖਿਆ, ਆਪਣੇ ਰਵੱਈਏ ਅਤੇ ਪ੍ਰਚਾਰ ਪ੍ਰਤੀ ਆਪਣੇ ਜੋਸ਼ ਵੱਲ ਲਗਾਤਾਰ ਧਿਆਨ ਦੇਈਏ। ਕਿਉਂ? ਪੌਲੁਸ ਜਵਾਬ ਦਿੰਦਾ ਹੈ: “ਤੂੰ ਇਹ ਕਰ ਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।”—1 ਤਿਮੋਥਿਉਸ 4:16.

ਤੁਸੀਂ ਕੀ ਸਿੱਖਿਆ?

• ਬੀ ਬੀਜਣ ਦੇ ਕੰਮ ਦੇ ਕਿਹੜੇ ਚੰਗੇ ਨਤੀਜੇ ਨਿਕਲਦੇ ਹਨ?

• ਅੱਜ ਯਿਸੂ ਮਸੀਹ ਅਤੇ ਦੂਤ ਪ੍ਰਚਾਰ ਦੇ ਕੰਮ ਵਿਚ ਕਿਵੇਂ ਸ਼ਾਮਲ ਹਨ?

• ਸਾਨੂੰ ਰਾਜ ਦੀ ਸੱਚਾਈ ਦੇ ਬੀ ਖੁੱਲ੍ਹੇ ਦਿਲ ਨਾਲ ਕਿਉਂ ਬੀਜਣੇ ਚਾਹੀਦੇ ਹਨ?

• ਜਦੋਂ ਲੋਕ ਪ੍ਰਚਾਰ ਦੇ ਕੰਮ ਵਿਚ ਸਾਡੀ ਗੱਲ ਨਹੀਂ ਸੁਣਦੇ ਜਾਂ ਵਿਰੋਧ ਕਰਦੇ ਹਨ, ਤਾਂ ਕਿਹੜੀ ਚੀਜ਼ ਪ੍ਰਚਾਰ ਦਾ ਕੰਮ ਕਰਦੇ ਰਹਿਣ ਲਈ ਸਾਨੂੰ ਪ੍ਰੇਰਿਤ ਕਰਦੀ ਹੈ?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

ਪੁਰਾਣੇ ਇਸਰਾਏਲ ਦੇ ਕਿਸਾਨਾਂ ਵਾਂਗ, ਅੱਜ ਮਸੀਹੀ ਖੁੱਲ੍ਹੇ ਦਿਲ ਨਾਲ ਰਾਜ ਸੱਚਾਈ ਦੇ ਬੀ ਬੀਜਦੇ ਹਨ

[ਸਫ਼ੇ 16, 17 ਉੱਤੇ ਤਸਵੀਰ]

ਯਹੋਵਾਹ ਦੇ ਗਵਾਹ 340 ਭਾਸ਼ਾਵਾਂ ਵਿਚ ਬਾਈਬਲ ਨੂੰ ਸਮਝਾਉਣ ਵਾਲੀਆਂ ਕਿਤਾਬਾਂ ਛਾਪਦੇ ਅਤੇ ਵੰਡਦੇ ਹਨ