ਅਤਿਆਚਾਰ ਨੇ ਅੰਤਾਕਿਯਾ ਵਿਚ ਵਾਧਾ ਲਿਆਂਦਾ
ਅਤਿਆਚਾਰ ਨੇ ਅੰਤਾਕਿਯਾ ਵਿਚ ਵਾਧਾ ਲਿਆਂਦਾ
ਇਸਤੀਫ਼ਾਨ ਦੇ ਸ਼ਹੀਦ ਹੋਣ ਤੋਂ ਬਾਅਦ ਅਤਿਆਚਾਰ ਇਕਦਮ ਵੱਧ ਗਿਆ ਸੀ, ਇਸ ਲਈ ਯਿਸੂ ਦੇ ਕਈ ਚੇਲੇ ਯਰੂਸ਼ਲਮ ਤੋਂ ਭੱਜ ਗਏ ਸਨ। ਕਈਆਂ ਨੇ ਸੀਰੀਆ ਦੇ ਅੰਤਾਕਿਯਾ ਸ਼ਹਿਰ ਵਿਚ ਪਨਾਹ ਲਈ ਸੀ ਜੋ ਕਿ ਯਰੂਸ਼ਲਮ ਦੇ ਉੱਤਰ ਵੱਲ ਕੁਝ 350 ਮੀਲ ਦੂਰ ਹੈ। (ਰਸੂਲਾਂ ਦੇ ਕਰਤੱਬ 11:19) ਚੇਲਿਆਂ ਨੇ ਇਸ ਜਗ੍ਹਾ ਵਿਚ ਆਪਣੇ ਕੰਮ ਨੂੰ ਅੱਗੇ ਵਧਾਇਆ ਅਤੇ ਇਸ ਦਾ ਪ੍ਰਭਾਵ ਸਾਰੇ ਮਸੀਹੀ ਇਤਿਹਾਸ ਉੱਤੇ ਪਿਆ। ਇਹ ਸਮਝਣ ਲਈ ਕਿ ਉੱਥੇ ਕੀ-ਕੀ ਹੋਇਆ ਸੀ ਅੰਤਾਕਿਯਾ ਬਾਰੇ ਥੋੜ੍ਹਾ-ਬਹੁਤਾ ਪਤਾ ਕਰਨਾ ਚੰਗਾ ਹੋਵੇਗਾ।
ਰੋਮੀ ਸਾਮਰਾਜ ਦੇ ਸ਼ਹਿਰਾਂ ਵਿੱਚੋਂ ਸਿਰਫ਼ ਰੋਮ ਅਤੇ ਸਿਕੰਦਰੀਆ ਸ਼ਹਿਰ ਅੰਤਾਕਿਯਾ ਨਾਲੋਂ ਵੱਡੇ, ਜ਼ਿਆਦਾ ਖ਼ੁਸ਼ਹਾਲ, ਅਤੇ ਮਹਾਨ ਸਨ। ਸੀਰੀਆ ਦੀ ਇਹ ਰਾਜਧਾਨੀ ਭੂਮੱਧ ਸਾਗਰ ਦੇ ਉੱਤਰ-ਪੂਰਬੀ ਹਿੱਸੇ ਉੱਤੇ ਰਾਜ ਕਰਦੀ ਸੀ। ਅੰਤਾਕਿਯਾ (ਅੱਜ ਤੁਰਕੀ ਵਿਚ), ਔਰੋਨਟੀਜ਼ ਦਰਿਆ ਨਾਲ ਲੱਗਦਾ ਸੀ। ਇਹ ਦਰਿਆ 20 ਮੀਲ ਦੂਰ ਸਿਲੂਕਿਯਾ ਪਾਈਰੀਆ ਦੇ ਬੰਦਰਗਾਹ ਨਾਲ ਜਾ ਰਲਦਾ ਸੀ। ਰੋਮ ਅਤੇ ਟਾਈਗ੍ਰਿਸ, ਯਾਨੀ ਫਰਾਤ ਦੀ ਵਾਦੀ, ਵਿਚਕਾਰ ਜ਼ਰੂਰੀ ਕਾਰੋਬਾਰੀ ਸੌਦਿਆਂ ਉੱਤੇ ਅੰਤਾਕਿਯਾ ਦਾ ਕਾਬੂ ਸੀ। ਵਪਾਰ ਦੇ ਕੇਂਦਰ ਵਜੋਂ, ਇਹ ਸਾਰੇ ਸਾਮਰਾਜ ਨਾਲ ਕਾਰੋਬਾਰ ਕਰਦਾ ਸੀ ਅਤੇ ਇਸ ਵਿਚ ਤਰ੍ਹਾਂ-ਤਰ੍ਹਾਂ ਦੇ ਲੋਕ ਆਉਂਦੇ-ਜਾਂਦੇ ਸਨ। ਇਹ ਲੋਕ ਰੋਮੀ ਸਮਾਜ ਦੇ ਸਾਰਿਆਂ ਹਿੱਸਿਆਂ ਤੋਂ ਧਾਰਮਿਕ ਕੰਮਾਂ-ਕਾਰਾਂ ਬਾਰੇ ਖ਼ਬਰਾਂ ਲਿਆਉਂਦੇ ਹੁੰਦੇ ਸਨ।
ਅੰਤਾਕਿਯਾ ਵਿਚ ਇਕ ਸਮੇਂ ਤੇ ਲੋਕ ਯੂਨਾਨੀ ਧਰਮ ਅਤੇ ਫ਼ਲਸਫ਼ਿਆਂ ਨੂੰ ਬਹੁਤ ਮੰਨਦੇ ਸਨ। ਪਰ ਗਲਾਨਵਿਲ ਡਾਊਨੀ ਨਾਂ ਦੇ ਇਕ ਇਤਿਹਾਸਕਾਰ ਨੇ ਕਿਹਾ ਕਿ “ਮਸੀਹ ਦੇ ਸਮੇਂ ਵਿਚ ਲੋਕ ਆਪਣੀਆਂ ਮੁਸ਼ਕਲਾਂ ਅਤੇ ਇੱਛਾਵਾਂ ਲਈ ਧਾਰਮਿਕ ਤਸੱਲੀ ਲੱਭਣ ਦੀ ਆਪਣੇ ਆਪ ਕੋਸ਼ਿਸ਼ ਕਰਦੇ ਸਨ। ਪੁਰਾਣੇ ਯੂਨਾਨੀ ਫ਼ਿਰਕਿਆਂ ਅਤੇ ਫ਼ਲਸਫ਼ਿਆਂ ਦਾ ਪ੍ਰਭਾਵ ਘੱਟ ਗਿਆ ਅਤੇ ਇਨ੍ਹਾਂ ਦੇ ਅਨੁਸਾਰ ਚੱਲਣਾ ਨਿੱਜੀ ਗੱਲ ਬਣ ਗਈ।” (ਸੀਰੀਆ ਦੇ ਅੰਤਾਕਿਯਾ ਦਾ ਇਤਿਹਾਸ [ਅੰਗ੍ਰੇਜ਼ੀ]) ਕਈ ਲੋਕ ਯਹੂਦੀ ਧਰਮ ਨੂੰ ਇਸ ਕਰਕੇ ਪਸੰਦ ਕਰਦੇ ਸਨ ਕਿਉਂਕਿ ਇਸ ਵਿਚ ਇੱਕੋ ਹੀ ਈਸ਼ਵਰ ਦੀ ਪੂਜਾ ਕੀਤੀ ਜਾਂਦੀ ਸੀ, ਅਤੇ ਇਸ ਵਿਚ ਰੀਤ-ਰਿਵਾਜ ਅਤੇ ਉੱਚੇ ਨੈਤਿਕ ਸਿਧਾਂਤ ਪਾਏ ਜਾਂਦੇ ਸਨ।
ਅੰਤਾਕਿਯਾ ਸ਼ਹਿਰ ਦੀ ਬੁਨਿਆਦ ਤੋਂ, ਯਾਨੀ 300 ਸਾ.ਯੁ.ਪੂ. ਤੋਂ, ਬਹੁਤ ਸਾਰੇ ਯਹੂਦੀ ਇਸ ਸ਼ਹਿਰ ਵਿਚ ਵੱਸਦੇ ਆਏ ਸਨ। ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਨ੍ਹਾਂ ਦੀ ਗਿਣਤੀ 20,000 ਤੋਂ ਲੈ ਕਿ 60,000 ਤਕ ਸੀ, ਯਾਨੀ ਸ਼ਹਿਰ ਦੀ ਆਬਾਦੀ ਦਾ 10 ਫੀ ਸਦੀ ਤੋਂ ਜ਼ਿਆਦਾ ਹਿੱਸਾ। ਇਤਿਹਾਸਕਾਰ ਜੋਸੀਫ਼ਸ ਕਹਿੰਦਾ ਹੈ ਕਿ ਸਿਲੂਕਸੀ ਘਰਾਣੇ ਦੇ ਰਾਜਿਆਂ ਨੇ ਯਹੂਦੀਆਂ ਨੂੰ ਨਾਗਰਿਕਾਂ ਦੇ ਪੂਰੇ ਹੱਕ ਦੇ ਕੇ ਉਨ੍ਹਾਂ ਨੂੰ ਉਸ ਸ਼ਹਿਰ ਵਿਚ ਵੱਸਣ ਲਈ ਉਤਸ਼ਾਹਿਤ ਕੀਤਾ। ਇਸ ਸਮੇਂ ਤੇ ਬਾਈਬਲ ਦਾ ਇਬਰਾਨੀ ਸ਼ਾਸਤਰ ਯੂਨਾਨੀ ਭਾਸ਼ਾ ਵਿਚ ਵੀ ਮਿਲ ਸਕਦਾ ਸੀ। ਅਤੇ ਇਸ ਕਾਰਨ ਕਈ ਲੋਕ ਜੋ ਯਹੂਦੀਆਂ ਦੀ ਸਿੱਖਿਆ ਨਾਲ ਥੋੜ੍ਹਾ-ਬਹੁਤਾ ਸਹਿਮਤ ਸਨ ਉਹ ਮਸੀਹਾ ਦੀਆਂ ਭਵਿੱਖਬਾਣੀਆਂ ਵਿਚ ਦਿਲਚਸਪੀ ਦਿਖਾਉਣ ਲੱਗੇ। ਇਸ ਦੇ ਨਤੀਜੇ ਵਜੋਂ ਕਈ ਯੂਨਾਨੀ ਲੋਕ ਨਵਧਰਮੀ ਬਣ ਗਏ। ਇਨ੍ਹਾਂ ਸਾਰੀਆਂ ਗੱਲਾਂ ਨੇ ਅੰਤਾਕਿਯਾ ਨੂੰ ਮਸੀਹੀ ਚੇਲੇ ਬਣਾਉਣ ਦਾ ਇਕ ਬਹੁਤ ਹੀ ਵਧੀਆ ਖੇਤਰ ਬਣਾਇਆ ਸੀ।
ਗ਼ੈਰ-ਯਹੂਦੀਆਂ ਨੂੰ ਗਵਾਹੀ ਦੇਣੀ
ਯਰੂਸ਼ਲਮ ਤੋਂ ਭੱਜੇ ਯਿਸੂ ਦੇ ਸਤਾਏ ਗਏ ਜ਼ਿਆਦਾਤਰ ਚੇਲਿਆਂ ਨੇ ਸਿਰਫ਼ ਯਹੂਦੀਆਂ ਨੂੰ ਹੀ ਗਵਾਹੀ ਦਿੱਤੀ ਸੀ। ਲੇਕਿਨ, ਅੰਤਾਕਿਯਾ ਵਿਚ ਕੁਪਰੁਸ (ਸਾਈਪ੍ਰਸ) ਅਤੇ ਕੁਰੇਨੇ (ਸਾਈਰੀਨ) ਤੋਂ ਕੁਝ ਚੇਲਿਆਂ ਨੇ ‘ਯੂਨਾਨੀਆਂ” ਨੂੰ ਵੀ ਗਵਾਹੀ ਦਿੱਤੀ ਸੀ। (ਰਸੂਲਾਂ ਦੇ ਕਰਤੱਬ 11:20) ਭਾਵੇਂ ਕਿ ਯੂਨਾਨੀ ਭਾਸ਼ਾ ਬੋਲਣ ਵਾਲੇ ਯਹੂਦੀਆਂ ਅਤੇ ਨਵਧਰਮੀਆਂ ਨੂੰ ਪੰਤੇਕੁਸਤ 33 ਸਾ.ਯੁ. ਦੇ ਸਮੇਂ ਤੋਂ ਗਵਾਹੀ ਦਿੱਤੀ ਜਾ ਰਹੀ ਸੀ, ਇਸ ਤਰ੍ਹਾਂ ਲੱਗਦਾ ਹੈ ਕਿ ਅੰਤਾਕਿਯਾ ਵਿਚ ਪ੍ਰਚਾਰ ਕਰਨਾ ਇਕ ਨਵਾਂ ਕੰਮ ਸੀ। ਪਰ ਗਵਾਹੀ ਸਿਰਫ਼ ਯਹੂਦੀਆਂ ਨੂੰ ਹੀ ਨਹੀਂ ਦਿੱਤੀ ਜਾਣੀ ਸੀ। ਇਹ ਗੱਲ ਸੱਚ ਹੈ ਕਿ ਗ਼ੈਰ-ਯਹੂਦੀ ਕੁਰਨੇਲਿਯੁਸ ਅਤੇ ਉਸ ਦਾ ਪਰਿਵਾਰ ਪਹਿਲਾਂ ਹੀ ਚੇਲੇ ਬਣ ਚੁੱਕੇ ਸਨ। ਪਰ ਯਹੋਵਾਹ ਨੂੰ ਪਤਰਸ ਰਸੂਲ ਨੂੰ ਇਕ ਦਰਸ਼ਣ ਦੇ ਕੇ ਸਮਝਾਉਣਾ ਪਿਆ ਤਾਂਕਿ ਉਹ ਸਵੀਕਾਰ ਕਰ ਸਕੇ ਕਿ ਗ਼ੈਰ-ਯਹੂਦੀਆਂ, ਜਾਂ ਕੌਮਾਂ ਦਿਆਂ ਲੋਕਾਂ ਨੂੰ ਗਵਾਹੀ ਦੇਣੀ ਉਚਿਤ ਸੀ।—ਰਸੂਲਾਂ ਦੇ ਕਰਤੱਬ 10:1-48.
ਇਸ ਸ਼ਹਿਰ ਵਿਚ ਯਹੂਦੀਆਂ ਦੀ ਇਕ ਵੱਡੀ ਅਤੇ ਕਾਫ਼ੀ ਚਿਰ ਤੋਂ ਰਹਿੰਦੀ ਬਰਾਦਰੀ ਸੀ ਅਤੇ ਉੱਥੇ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਦੇ ਵਿਚਕਾਰ ਕੋਈ ਖ਼ਾਸ ਵੈਰ ਨਹੀਂ ਸੀ। ਇਸ ਕਰਕੇ ਅੰਤਾਕਿਯਾ ਵਿਚ ਗ਼ੈਰ-ਯਹੂਦੀਆਂ ਨੇ ਖ਼ੁਸ਼ ਖ਼ਬਰੀ ਦੇ ਸੰਦੇਸ਼ ਨੂੰ ਸੁਣਿਆ ਅਤੇ ਕਬੂਲ ਕੀਤਾ। ਅੰਤਾਕਿਯਾ ਬਾਰੇ ਇਨ੍ਹਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਸ ਸ਼ਹਿਰ ਵਿਚ ਚੰਗੇ ਵਾਧੇ ਲਈ ਸਹੀ ਮਾਹੌਲ ਸੀ, ਅਤੇ ਇਸ ਕਰਕੇ ‘ਬਾਹਲਿਆਂ ਲੋਕਾਂ ਨੇ ਨਿਹਚਾ ਕੀਤੀ।’ (ਰਸੂਲਾਂ ਦੇ ਕਰਤੱਬ 11:21) ਅਤੇ ਜਦੋਂ ਨਵਧਰਮੀ ਆਪਣੇ ਝੂਠਿਆਂ ਦੇਵਤਿਆਂ ਨੂੰ ਛੱਡ ਕੇ ਮਸੀਹੀ ਬਣਦੇ ਸਨ, ਉਹ ਝੂਠੀ ਉਪਾਸਨਾ ਵਿਚ ਲੱਗੇ ਹੋਏ ਦੂਸਰਿਆਂ ਲੋਕਾਂ ਨੂੰ ਗਵਾਹੀ ਦੇਣ ਲਈ ਅਨੋਖੇ ਤਰੀਕੇ ਵਿਚ ਲੈਸ ਸਨ।
ਅੰਤਾਕਿਯਾ ਵਿਚ ਹੁੰਦੇ ਵਾਧੇ ਬਾਰੇ ਸੁਣਨ ਤੋਂ ਬਾਅਦ, ਯਰੂਸ਼ਲਮ ਦੀ ਕਲੀਸਿਯਾ ਨੇ ਛਾਣ-ਬੀਣ ਕਰਨ ਲਈ ਬਰਨਬਾਸ ਨੂੰ ਉੱਥੇ ਭੇਜਿਆ। ਉਹ ਇਕ ਕੁਰੇਨੀ ਸੀ, ਉਨ੍ਹਾਂ ਕੁਝ ਮਸੀਹੀਆਂ ਵਰਗਾ ਜਿਨ੍ਹਾਂ ਨੇ ਗ਼ੈਰ-ਯਹੂਦੀਆਂ ਨੂੰ ਗਵਾਹੀ ਦੇਣੀ ਸ਼ੁਰੂ ਕੀਤੀ ਸੀ। ਅੰਤਾਕਿਯਾ ਦੇ ਗ਼ੈਰ-ਯਹੂਦੀਆਂ ਵਿਚ ਰਹਿ ਕੇ ਬਰਨਬਾਸ ਆਪਣੇ ਆਪ ਨੂੰ ਓਪਰਾ ਨਹੀਂ ਸਮਝਦਾ ਸੀ। ਇਸ ਦੇ ਨਾਲ-ਨਾਲ, ਸ਼ਹਿਰ ਦਿਆਂ ਲੋਕਾਂ ਨੇ ਵੀ ਉਸ ਨੂੰ ਅਜਿਹੀ ਬਰਾਦਰੀ ਦਾ ਮੈਂਬਰ ਸਮਝਿਆ ਸੀ ਜਿਸ ਨੂੰ ਉਹ ਜਾਣਦੇ ਸਨ। * ਬਰਨਬਾਸ ਉੱਥੇ ਕੀਤੇ ਜਾ ਰਹੇ ਕੰਮ ਨੂੰ ਸਮਝ ਸਕਦਾ ਸੀ ਅਤੇ ਲੋਕਾਂ ਨੂੰ ਹਮਦਰਦੀ ਦਿਖਾ ਸਕਦਾ ਸੀ। ਹਾਂ, ਯਰੂਸ਼ਲਮ ਦੀ ਕਲੀਸਿਯਾ ਨੇ ਉਸ ਨੂੰ ਭੇਜ ਕੇ ਅਕਲਮੰਦੀ ਦਿਖਾਈ ਸੀ। ਇਸ ਕਰਕੇ “ਜਾਂ ਉਹ ਉੱਥੇ ਪਹੁੰਚਿਆ ਅਤੇ ਪਰਮੇਸ਼ੁਰ ਦੀ ਕਿਰਪਾ ਵੇਖੀ ਤਾਂ ਅਨੰਦ ਹੋਇਆ ਅਰ ਉਨ੍ਹਾਂ ਸਭਨਾਂ ਨੂੰ ਉਪਦੇਸ਼ ਦਿੱਤਾ ਭਈ ਦਿਲ ਦੀ ਤਕੜਾਈ ਨਾਲ ਪ੍ਰਭੁ ਵੱਲ ਲੱਗੇ ਰਹੋ। ਕਿਉਂਕਿ ਉਹ ਭਲਾ ਮਾਨਸ ਅਰ ਪਵਿੱਤ੍ਰ ਆਤਮਾ ਅਤੇ ਨਿਹਚਾ ਨਾਲ ਭਰਪੂਰ ਸੀ ਅਰ ਬਹੁਤ ਸਾਰੇ ਲੋਕ ਪ੍ਰਭੁ ਦੇ ਨਾਲ ਮਿਲ ਗਏ।”—ਰਸੂਲਾਂ ਦੇ ਕਰਤੱਬ 11:22-24.
ਇਤਿਹਾਸਕਾਰ ਡਾਊਨੀ ਸਮਝਾਉਂਦਾ ਹੈ ਕਿ “ਅੰਤਾਕਿਯਾ ਵਿਚ ਪ੍ਰਚਾਰ ਦੀ ਸਫ਼ਲਤਾ ਦਾ ਕਾਰਨ ਇਹ ਹੋ ਸਕਦਾ ਹੈ ਕਿ ਇਸ ਸ਼ਹਿਰ ਵਿਚ ਯਰੂਸ਼ਲਮ ਦੇ ਹਠ-ਧਰਮੀ ਯਹੂਦੀਆਂ ਵਰਗੇ ਲੋਕ ਨਹੀਂ ਸਨ। ਇਸ ਲਈ ਮਿਸ਼ਨਰੀਆਂ ਨੂੰ ਡਰਨ ਦੀ ਕੋਈ ਲੋੜ ਨਹੀਂ ਸੀ; ਇਕ ਹੋਰ ਗੱਲ ਇਹ ਵੀ ਹੈ ਕਿ ਸੀਰੀਆ ਦੀ ਰਾਜਧਾਨੀ ਵਜੋਂ ਇਸ ਸ਼ਹਿਰ ਉੱਤੇ ਇਕ ਸੈਨਾਪਤੀ ਰਾਜ ਕਰਦਾ ਸੀ। ਇਸ ਲਈ ਜਨਤਾ ਵਿਚ ਕਾਫ਼ੀ ਸ਼ਾਂਤੀ ਹੁੰਦੀ ਸੀ, ਅਤੇ ਯਰੂਸ਼ਲਮ ਤੋਂ ਉਲਟ ਅੰਤਾਕਿਯਾ ਵਿਚ ਭੀੜਾਂ ਇਕੱਠੀਆਂ ਹੋ ਕੇ ਲੜਦੀਆਂ ਨਹੀਂ ਸਨ। ਇਸ ਤਰ੍ਹਾਂ ਲੱਗਦਾ ਸੀ ਕਿ ਯਰੂਸ਼ਲਮ ਵਿਚ ਯਹੂਦਿਯਾ ਦੇ ਅਧਿਕਾਰੀ ਯਹੂਦੀ ਹਠ-ਧਰਮੀ ਲੋਕਾਂ ਨੂੰ (ਇਸ ਸਮੇਂ ਤੇ) ਕਾਬੂ ਵਿਚ ਨਹੀਂ ਰੱਖ ਸਕੇ ਸਨ।”
ਇਨ੍ਹਾਂ ਚੰਗੇ ਹਾਲਾਤਾਂ ਕਾਰਨ ਅਤੇ ਬਹੁਤ ਸਾਰਾ ਕੰਮ ਹੋਣ ਕਾਰਨ ਬਰਨਬਾਸ ਨੇ ਸ਼ਾਇਦ ਸੋਚਿਆ ਕਿ ਉਸ ਨੂੰ ਮਦਦ ਦੀ ਲੋੜ ਪਵੇਗੀ ਅਤੇ ਇਸ ਲਈ ਉਸ ਨੇ ਆਪਣੇ ਮਿੱਤਰ ਸ਼ਾਊਲ ਨੂੰ ਯਾਦ ਕੀਤਾ। ਪਰ ਉਸ ਨੇ ਸ਼ਾਊਲ, ਜਾਂ ਪੌਲੁਸ, ਨੂੰ ਕਿਉਂ ਯਾਦ ਕੀਤਾ ਸੀ? ਕਿਉਂਕਿ ਪੌਲੁਸ ਨੂੰ ਕੌਮਾਂ ਵਿਚ ਰਸੂਲ ਦੀ ਪਦਵੀ ਦਿੱਤੀ ਗਈ ਸੀ ਭਾਵੇਂ ਕਿ ਉਹ ਬਾਰਾਂ ਰਸੂਲਾਂ ਵਿੱਚੋਂ ਨਹੀਂ ਸੀ। (ਰਸੂਲਾਂ ਦੇ ਕਰਤੱਬ 9:15, 27; ਰੋਮੀਆਂ 1:5; ਪਰਕਾਸ਼ ਦੀ ਪੋਥੀ 21:14) ਇਸ ਲਈ, ਅੰਤਾਕਿਯਾ ਦੇ ਗ਼ੈਰ-ਯਹੂਦੀ ਸ਼ਹਿਰ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਪੌਲੁਸ ਇਕ ਚੰਗਾ ਸਾਥੀ ਸੀ। (ਗਲਾਤੀਆਂ 1:16) ਇਸ ਲਈ, ਬਰਨਬਾਸ ਸ਼ਾਊਲ ਨੂੰ ਲੱਭਣ ਤਰਸੁਸ ਗਿਆ ਅਤੇ ਉਸ ਨੂੰ ਅੰਤਾਕਿਯਾ ਵਿਚ ਲਿਆਇਆ।—ਰਸੂਲਾਂ ਦੇ ਕਰਤੱਬ 11:25, 26; ਸਫ਼ਿਆਂ 26-7 ਤੇ ਡੱਬੀ ਦੇਖੋ।
ਈਸ਼ਵਰੀ ਮਿਹਰ ਦੁਆਰਾ ਮਸੀਹੀ ਅਖਵਾਏ ਗਏ
ਪੂਰੇ ਸਾਲ ਲਈ, ਬਰਨਬਾਸ ਅਤੇ ਸ਼ਾਊਲ ਨੇ “ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਕੀਤਾ ਅਤੇ ਪਹਿਲਾਂ ਅੰਤਾਕਿਯਾ ਵਿੱਚ ਚੇਲੇ [ਈਸ਼ਵਰੀ ਮਿਹਰ ਦੁਆਰਾ] ਮਸੀਹੀ ਅਖਵਾਏ” ਗਏ ਸਨ। (ਰਸੂਲਾਂ ਦੇ ਕਰਤੱਬ 11:25, 26) ਇਹ ਸੰਭਵ ਨਹੀਂ ਕਿ ਯਹੂਦੀਆਂ ਨੇ ਯਿਸੂ ਮਸੀਹ ਦੇ ਚੇਲਿਆਂ ਨੂੰ ਉਸ ਦੇ ਨਾਂ ਤੋਂ ਸੱਦਿਆ ਹੋਵੇ, ਯਾਨੀ ਕਿ ਮਸੀਹੀ। ਉਨ੍ਹਾਂ ਨੇ ਤਾਂ ਯਿਸੂ ਨੂੰ ਮਸੀਹਾ ਵਜੋਂ ਰੱਦ ਕੀਤਾ ਸੀ। ਇਸ ਲਈ ਉਨ੍ਹਾਂ ਨੇ ਉਸ ਦੇ ਚੇਲਿਆਂ ਨੂੰ ਮਸੀਹੀ ਨਹੀਂ ਸੱਦਣਾ ਸੀ ਕਿਉਂਕਿ ਇਸ ਤਰ੍ਹਾਂ ਕਰਨ ਰਾਹੀਂ ਉਹ ਮਸੀਹ ਨੂੰ ਸਵੀਕਾਰ ਕਰ ਰਹੇ ਹੁੰਦੇ। ਕੁਝ ਲੋਕ ਸੋਚਦੇ ਹਨ ਕਿ ਸ਼ਾਇਦ ਅਧਰਮੀ ਲੋਕਾਂ ਨੇ ਮਸੀਹੀਆਂ ਦਾ ਮਖੌਲ ਉਡਾਉਣ ਲਈ ਜਾਂ ਉਨ੍ਹਾਂ ਦੀ ਬੇਇੱਜ਼ਤੀ ਕਰਨ ਲਈ ਉਨ੍ਹਾਂ ਨੂੰ ਇਹ ਨਾਂ ਦਿੱਤਾ ਹੋਵੇ। ਪਰ, ਬਾਈਬਲ ਦਿਖਾਉਂਦੀ ਹੈ ਕਿ ਨਾਂ “ਮਸੀਹੀ,” ਪਰਮੇਸ਼ੁਰ ਵੱਲੋਂ ਦਿੱਤਾ ਗਿਆ ਸੀ।—ਰਸੂਲਾਂ ਦੇ ਕਰਤੱਬ 11:26.
ਮਸੀਹੀ ਯੂਨਾਨੀ ਸ਼ਾਸਤਰ ਵਿਚ, ਇਸ ਨਵੇਂ ਨਾਂ ਦੇ ਨਾਲ ਇਕ ਖ਼ਾਸ ਕ੍ਰਿਆ ਵਰਤੀ ਗਈ ਹੈ। ਇਸ ਕ੍ਰਿਆ ਦਾ ਤਰਜਮਾ ਆਮ ਤੌਰ ਤੇ “ਆਖੇ ਗਏ ਸਨ” ਕੀਤਾ ਜਾਂਦਾ ਹੈ ਅਤੇ ਇਹ ਹਮੇਸ਼ਾ ਅਦਭੁਤ ਸ਼ਕਤੀਆਂ ਜਾਂ ਈਸ਼ਵਰੀ ਚੀਜ਼ਾਂ ਨਾਲ ਸੰਬੰਧ ਰੱਖਦੀ ਹੈ। ਇਸ ਲਈ ਵਿਦਵਾਨ ਇਸ ਦਾ ਵਰਣਨ ਇਸ ਤਰ੍ਹਾਂ ਕਰਦੇ ਹਨ “ਕੋਈ ਅਗੰਮੀ ਬਚਨ ਆਖਣਾ,” “ਈਸ਼ਵਰੀ ਸੰਕੇਤ,” ਜਾਂ “ਈਸ਼ਵਰੀ ਹੁਕਮ ਜਾਂ ਉਪਦੇਸ਼ ਦੇਣਾ, ਸਵਰਗੋਂ ਸਿੱਖਿਆ ਦੇਣੀ।” ਕਿਉਂਕਿ ਯਿਸੂ ਦੇ ਚੇਲੇ ਪਰਮੇਸ਼ੁਰ ਦੀ ਮਿਹਰ ਨਾਲ ਮਸੀਹੀ ਸੱਦੇ ਗਏ ਸਨ, ਇਹ ਸੰਭਵ ਹੈ ਕਿ ਯਹੋਵਾਹ ਨੇ ਚੇਲਿਆਂ ਨੂੰ ਇਹ ਨਾਂ ਦੇਣ ਲਈ ਸ਼ਾਊਲ ਅਤੇ ਬਰਨਬਾਸ ਨੂੰ ਨਿਰਦੇਸ਼ਿਤ ਕੀਤਾ ਸੀ।
ਇਹ ਨਵਾਂ ਨਾਂ ਜਲਦੀ ਹੀ ਪੱਕ ਗਿਆ। ਹੁਣ ਯਿਸੂ ਦੇ ਚੇਲਿਆਂ ਦਾ ਹੋਰ ਕਿਸੇ ਯਹੂਦੀ ਧਰਮੀ ਮਤ ਨਾਲ ਭੁਲੇਖਾ ਨਹੀਂ ਪੈ ਸਕਦਾ ਸੀ, ਜਿਨ੍ਹਾਂ ਤੋਂ ਉਹ ਕਾਫ਼ੀ ਵੱਖਰੇ ਸਨ। ਤਕਰੀਬਨ ਸਾਲ 58 ਸਾ.ਯੁ. ਤਕ ਰੋਮੀ ਅਧਿਕਾਰੀਆਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਚੁੱਕਾ ਸੀ ਕਿ ਮਸੀਹੀ ਕੌਣ ਸਨ। (ਰਸੂਲਾਂ ਦੇ ਕਰਤੱਬ 26:28) ਇਤਿਹਾਸਕਾਰ ਟੈਸੀਟਸ ਦੇ ਅਨੁਸਾਰ, 64 ਸਾ.ਯੁ. ਤਕ ਇਹ ਨਾਂ ਰੋਮ ਦਿਆਂ ਲੋਕਾਂ ਵਿਚ ਵੀ ਜਾਣਿਆ-ਪਛਾਣਿਆ ਸੀ।
ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਵਰਤਦਾ ਹੈ
ਖ਼ੁਸ਼ ਖ਼ਬਰੀ ਦਾ ਪ੍ਰਚਾਰ ਅੰਤਾਕਿਯਾ ਵਿਚ ਬਹੁਤ ਵਧਿਆ। ਯਹੋਵਾਹ ਦੀ ਬਰਕਤ ਨਾਲ ਅਤੇ ਯਿਸੂ ਦੇ ਚੇਲਿਆਂ ਦੇ ਪ੍ਰਚਾਰ ਕਰਨ ਦੇ ਪੱਕੇ ਇਰਾਦੇ ਨਾਲ ਅੰਤਾਕਿਯਾ ਪਹਿਲੀ ਸਦੀ ਦੀ ਮਸੀਹੀਅਤ ਦਾ ਇਕ ਕੇਂਦਰ ਬਣ ਗਿਆ। ਦੂਰ ਦਿਆਂ ਦੇਸ਼ਾਂ ਤਕ ਖ਼ੁਸ਼ ਖ਼ਬਰੀ ਫੈਲਾਉਣ ਲਈ ਪਰਮੇਸ਼ੁਰ ਨੇ ਅੰਤਾਕਿਯਾ ਦੀ ਕਲੀਸਿਯਾ ਨੂੰ ਵਰਤਿਆ ਸੀ। ਮਿਸਾਲ ਲਈ, ਜਦੋਂ ਵੀ ਪੌਲੁਸ ਰਸੂਲ ਮਿਸ਼ਨਰੀ ਦੌਰਿਆਂ ਤੇ ਜਾਂਦਾ ਸੀ ਤਾਂ ਉਹ ਅੰਤਾਕਿਯਾ ਤੋਂ ਨਿਕਲਦਾ ਹੁੰਦਾ ਸੀ।
ਅੱਜ, ਸਾਡੇ ਸਮਿਆਂ ਵਿਚ ਵੀ ਵਿਰੋਧਤਾ ਦੇ ਬਾਵਜੂਦ ਜੋਸ਼ ਅਤੇ ਪੱਕੇ ਇਰਾਦੇ ਨੇ ਸੱਚੀ ਮਸੀਹੀਅਤ ਨੂੰ ਫੈਲਾਉਣ ਵਿਚ ਮਦਦ ਕੀਤੀ ਹੈ। ਇਸ ਕਾਰਨ ਕਈ ਖ਼ੁਸ਼ ਖ਼ਬਰੀ ਸੁਣ ਕੇ ਉਸ ਲਈ ਕਦਰ ਦਿਖਾ ਸਕੇ ਹਨ। * ਇਸ ਲਈ ਜੇਕਰ ਤੁਹਾਨੂੰ ਸੱਚੀ ਉਪਾਸਨਾ ਕਾਰਨ ਵਿਰੋਧਤਾ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਤਾਂ ਯਾਦ ਰੱਖੋ ਕਿ ਇਸ ਦੀ ਇਜਾਜ਼ਤ ਦੇਣ ਲਈ ਯਹੋਵਾਹ ਕੋਲ ਚੰਗਾ ਕਾਰਨ ਹੈ। ਪਹਿਲੀ ਸਦੀ ਵਾਂਗ, ਅੱਜ ਵੀ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸੁਣਨ ਅਤੇ ਉਸ ਦਾ ਪੱਖ ਲੈਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਦੇ ਤੁਹਾਡੇ ਪੱਕੇ ਇਰਾਦੇ ਨੂੰ ਦੇਖ ਕੇ ਹੋਰ ਲੋਕ ਵੀ ਸਹੀ ਗਿਆਨ ਲੈਣ ਦੀ ਇੱਛਾ ਕਰਨ।
[ਫੁਟਨੋਟ]
^ ਪੈਰਾ 9 ਅਜਿਹੇ ਦਿਨ ਤੇ ਜਦੋਂ ਅਕਾਸ਼ ਵਿਚ ਕੋਈ ਬੱਦਲ ਨਾ ਹੋਣ, ਤਾਂ ਸਾਈਪ੍ਰਸ ਦਾ ਟਾਪੂ ਕਾਸੀਅਸ ਪਹਾੜ ਤੋਂ ਦਿੱਸਦਾ ਹੈ, ਜੋ ਕਿ ਅੰਤਾਕਿਯਾ ਦੇ ਦੱਖਣ-ਪੱਛਮ ਵੱਲ ਹੈ।
^ ਪੈਰਾ 18 ਪਹਿਰਾਬੁਰਜ 1 ਅਗਸਤ 1999, ਸਫ਼ਾ 9; ਜਾਗਰੂਕ ਬਣੋ! (ਅੰਗ੍ਰੇਜ਼ੀ) 22 ਅਪ੍ਰੈਲ 1999, ਸਫ਼ੇ 21-2; 1999 ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ (ਅੰਗ੍ਰੇਜ਼ੀ), ਸਫ਼ੇ 250-2 ਦੇਖੋ।
[ਸਫ਼ੇ 26, 27 ਉੱਤੇ ਡੱਬੀ/ਤਸਵੀਰਾਂ]
ਸ਼ਾਊਲ ਦੇ “ਗੁਪਤ ਸਾਲ”
ਸ਼ਾਊਲ ਅੰਤਾਕਿਯਾ ਨੂੰ ਲਗਭਗ 45 ਸਾ.ਯੁ. ਵਿਚ ਗਿਆ ਸੀ। ਇਸ ਸਮੇਂ ਤੋਂ ਪਹਿਲਾਂ ਰਸੂਲਾਂ ਦੇ ਕਰਤੱਬ ਵਿਚ ਸ਼ਾਊਲ ਦਾ ਜ਼ਿਕਰ ਉਦੋਂ ਕੀਤਾ ਜਾਂਦਾ ਹੈ ਜਦੋਂ ਯਰੂਸ਼ਲਮ ਵਿਚ ਉਸ ਨੂੰ ਮਾਰਨ ਦੀ ਸਾਜ਼ਸ਼ ਨਾਕਾਮ ਬਣਾਈ ਗਈ ਸੀ ਅਤੇ ਸੰਗੀ ਭਰਾਵਾਂ ਨੇ ਉਸ ਨੂੰ ਤਰਸੁਸ ਨੂੰ ਭੇਜ ਦਿੱਤਾ ਸੀ। (ਰਸੂਲਾਂ ਦੇ ਕਰਤੱਬ 9:28-30; 11:25) ਪਰ ਇਹ ਨੌਂ ਸਾਲ ਪਹਿਲਾਂ ਦੀ ਗੱਲ ਸੀ, ਯਾਨੀ ਲਗਭਗ 36 ਸਾ.ਯੁ. ਦੀ। ਉਸ ਨੇ ਇਸ ਸਮੇਂ ਦੌਰਾਨ ਕੀ ਕੀਤਾ ਸੀ, ਅਜਿਹਾ ਸਮਾਂ ਜਿਸ ਨੂੰ ਸ਼ਾਊਲ ਦੇ ਗੁਪਤ ਸਾਲ ਕਿਹਾ ਜਾਂਦਾ ਹੈ?
ਯਰੂਸ਼ਲਮ ਤੋਂ, ਸ਼ਾਊਲ ਸੀਰੀਆ (ਸੁਰਿਯਾ) ਅਤੇ ਕਿਲਿਕਿਯਾ ਦੇ ਇਲਾਕਿਆਂ ਵਿਚ ਗਿਆ ਸੀ ਅਤੇ ਯਹੂਦਿਯਾ ਦੀਆਂ ਕਲੀਸਿਯਾਵਾਂ ਨੇ ਸੁਣਿਆ ਕਿ “ਜਿਹੜਾ ਸਾਨੂੰ ਅੱਗੇ ਸਤਾਉਂਦਾ ਸੀ ਉਹ ਹੁਣ ਉਸ ਨਿਹਚਾ ਦੀ ਖੁਸ਼ ਖਬਰੀ ਸੁਣਾਉਂਦਾ ਹੈ ਜਿਹ ਨੂੰ ਅੱਗੇ ਬਰਬਾਦ ਕਰਦਾ ਸੀ।” (ਗਲਾਤੀਆਂ 1:21-23) ਇਹ ਰਿਪੋਰਟ ਸ਼ਾਇਦ ਅੰਤਾਕਿਯਾ ਵਿਚ ਬਰਨਬਾਸ ਨਾਲ ਕੀਤੇ ਗਏ ਕੰਮ ਵੱਲ ਸੰਕੇਤ ਕਰ ਰਹੀ ਹੋਵੇ ਪਰ ਇਸ ਤੋਂ ਵੀ ਪਹਿਲਾਂ ਸ਼ਾਊਲ ਹੱਥ ਤੇ ਹੱਥ ਰੱਖ ਕੇ ਨਹੀਂ ਬੈਠਾ ਰਿਹਾ ਹੋਣਾ। ਸਾਲ 49 ਸਾ.ਯੁ. ਵਿਚ ਸੀਰੀਆ ਅਤੇ ਕਿਲਿਕਿਯਾ ਵਿਚ ਕਈ ਕਲੀਸਿਯਾਵਾਂ ਸਨ। ਇਕ ਕਲੀਸਿਯਾ ਅੰਤਾਕਿਯਾ ਵਿਚ ਸੀ, ਪਰ ਕਈ ਲੋਕ ਸੋਚਦੇ ਹਨ ਕਿ ਸ਼ਾਇਦ ਦੂਸਰੀਆਂ ਕਲੀਸਿਯਾਵਾਂ ਸ਼ਾਊਲ ਦੇ ਗੁਪਤ ਸਾਲਾਂ ਦੌਰਾਨ ਉਸ ਦੇ ਕੰਮਾਂ ਦੁਆਰਾ ਸਥਾਪਿਤ ਕੀਤੀਆਂ ਗਈਆਂ ਸਨ।—ਰਸੂਲਾਂ ਦੇ ਕਰਤੱਬ 11:26; 15:23, 41.
ਕੁਝ ਵਿਦਵਾਨ ਕਹਿੰਦੇ ਹਨ ਕਿ ਸ਼ਾਊਲ ਦੀ ਜ਼ਿੰਦਗੀ ਦੀਆਂ ਖ਼ਾਸ ਘਟਨਾਵਾਂ ਵੀ ਉਸੇ ਸਮੇਂ ਦੌਰਾਨ ਵਾਪਰੀਆਂ ਹੋਣੀਆਂ। ਨਹੀਂ ਤਾਂ, ਇਹ ਪਤਾ ਲਗਾਉਣਾ ਔਖਾ ਹੋ ਜਾਂਦਾ ਹੈ ਕਿ ਉਸ ਦੇ ਮਿਸ਼ਨਰੀ ਕੰਮ ਦੌਰਾਨ ਉਸ ਨੇ “ਮਸੀਹ ਦੇ ਸੇਵਕ” ਵਜੋਂ ਜੋ ਤੰਗੀਆਂ ਸਹਾਰੀਆਂ ਸਨ ਉਹ ਕਦੋਂ ਵਾਪਰੀਆਂ ਸਨ। (2 ਕੁਰਿੰਥੀਆਂ 11:23-27) ਸ਼ਾਊਲ ਨੇ ਉਨਤਾਲੀ ਕੋਰੜੇ ਕਦੋਂ ਖਾਧੇ ਸਨ? ਉਸ ਨੂੰ ਤਿੰਨ ਵਾਰ ਕਿੱਥੇ ਬੈਂਤਾਂ ਦੀ ਮਾਰ ਖਾਣੀ ਪਈ ਸੀ? ਉਸ ਨੂੰ ਕੈਦਾਂ ਵਿਚ ਕਿੱਥੇ ‘ਵਧੀਕ’ ਜਾਣਾ ਪਿਆ ਸੀ? ਰੋਮ ਵਿਚ ਤਾਂ ਉਸ ਨੂੰ ਬਾਅਦ ਵਿਚ ਗਿਰਫ਼ਤਾਰ ਕੀਤਾ ਗਿਆ ਸੀ। ਸਾਡੇ ਕੋਲ ਇਕ ਬਿਰਤਾਂਤ ਹੈ ਜਦੋਂ ਉਸ ਨੂੰ ਫ਼ਿਲਿੱਪੈ ਵਿਚ ਮਾਰ ਕੇ ਕੈਦ ਕੀਤਾ ਗਿਆ ਸੀ। ਪਰ ਕੈਦ ਕੀਤੇ ਜਾਣ ਦੇ ਦੂਸਰਿਆਂ ਬਿਰਤਾਂਤਾਂ ਬਾਰੇ ਕੀ? (ਰਸੂਲਾਂ ਦੇ ਕਰਤੱਬ 16:22, 23) ਇਕ ਲੇਖਕ ਸੁਝਾਅ ਪੇਸ਼ ਕਰਦਾ ਹੈ ਕਿ ਇਸ ਸਮੇਂ ਦੌਰਾਨ ਸ਼ਾਊਲ “ਯਹੂਦੀਆਂ ਦੇ ਸਭਾ-ਘਰਾਂ ਵਿਚ ਮਸੀਹ ਬਾਰੇ ਅਜਿਹੇ ਤਰੀਕੇ ਵਿਚ ਪ੍ਰਚਾਰ ਕਰ ਰਿਹਾ ਸੀ ਕਿ ਉਸ ਨੇ ਖ਼ੁਦ ਧਾਰਮਿਕ ਅਤੇ ਸਮਾਜਕ ਅਧਿਕਾਰਾਂ ਵੱਲੋਂ ਅਤਿਆਚਾਰ ਲਿਆਂਦਾ।”
ਸ਼ਾਊਲ ਨੇ ਚਾਰ ਸਫ਼ਰਾਂ ਤੇ ਬੇੜੀ ਦੇ ਡੁੱਬਣ ਕਰਕੇ ਦੁੱਖ ਭੋਗਿਆ, ਪਰ ਬਾਈਬਲ ਸਿਰਫ਼ ਇਕ ਘਟਨਾ ਬਾਰੇ ਵੇਰਵੇ ਦਿੰਦੀ ਹੈ, ਜੋ ਕਿ ਕੁਰਿੰਥੀ ਕਲੀਸਿਯਾ ਨੂੰ ਆਪਣੀਆਂ ਤੰਗੀਆਂ ਬਾਰੇ ਲਿਖਣ ਤੋਂ ਬਾਅਦ ਵਾਪਰੀ ਸੀ। (ਰਸੂਲਾਂ ਦੇ ਕਰਤੱਬ 27:27-44) ਇਸ ਲਈ ਸੰਭਵ ਹੈ ਕਿ ਪਹਿਲੀਆਂ ਤਿੰਨ ਸਮੁੰਦਰੀ ਆਫ਼ਤਾਂ ਉਸ ਦੇ ਹੋਰ ਸਫ਼ਰਾਂ ਦੌਰਾਨ ਵਾਪਰੀਆਂ ਸਨ, ਅਤੇ ਸਾਨੂੰ ਇਨ੍ਹਾਂ ਬਾਰੇ ਕੁਝ ਨਹੀਂ ਪਤਾ। ਇਨ੍ਹਾਂ ਵਿੱਚੋਂ ਕੋਈ ਵੀ ਜਾਂ ਸਾਰੀਆਂ ਘਟਨਾਵਾਂ ਸ਼ਾਇਦ ਉਨ੍ਹਾਂ “ਗੁਪਤ ਸਾਲਾਂ” ਦੌਰਾਨ ਵਾਪਰੀਆਂ ਸਨ।
ਇਕ ਹੋਰ ਘਟਨਾ ਜੋ ਇਸੇ ਸਮੇਂ ਦੀ ਲੱਗਦੀ ਹੈ, 2 ਕੁਰਿੰਥੀਆਂ 12:2-5 ਵਿਚ ਦੱਸੀ ਜਾਂਦੀ ਹੈ। ਸ਼ਾਊਲ ਨੇ ਕਿਹਾ: ‘ਮੈਂ ਮਸੀਹ ਵਿੱਚ ਇੱਕ ਮਨੁੱਖ ਨੂੰ ਜਾਣਦਾ ਹਾਂ ਜਿਹੜਾ ਚੌਦਾਂ ਵਰਹੇ ਬੀਤੇ ਤੀਜੇ ਅਕਾਸ਼ ਉੱਤੇ, ਫ਼ਿਰਦੌਸ ਉੱਤੇ ਖਿੱਚਿਆ ਗਿਆ, ਅਤੇ ਉਹ ਨੇ ਓਹ ਗੱਲਾਂ ਸੁਣੀਆਂ ਜੋ ਆਖਣ ਦੀਆਂ ਨਹੀਂ ਅਤੇ ਜਿਨ੍ਹਾਂ ਦਾ ਬੋਲਣਾ ਮਨੁੱਖ ਨੂੰ ਜੋਗ ਨਹੀਂ।’ ਜ਼ਾਹਰ ਹੈ ਕਿ ਸ਼ਾਊਲ ਆਪਣੀ ਗੱਲ ਕਰ ਰਿਹਾ ਸੀ। ਉਸ ਨੇ ਇਹ ਸ਼ਬਦ ਲਗਭਗ 55 ਸਾ.ਯੁ. ਵਿਚ ਲਿਖੇ ਸਨ, ਇਸ ਲਈ 14 ਸਾਲ ਪਹਿਲਾਂ ਸਾਨੂੰ 41 ਸਾ.ਯੁ. ਨੂੰ ਲੈ ਜਾਂਦਾ ਹੈ, ਯਾਨੀ ਕਿ “ਗੁਪਤ ਸਾਲਾਂ” ਦੌਰਾਨ।
ਬਿਨਾਂ ਸ਼ੱਕ ਇਸ ਦਰਸ਼ਣ ਨੇ ਸ਼ਾਊਲ ਨੂੰ ਅਨੋਖੀ ਜਾਣਕਾਰੀ ਦਿੱਤੀ ਹੋਣੀ। ਕੀ ਇਹ ਉਸ ਨੂੰ “ਕੌਮਾਂ ਦਾ ਰਸੂਲ” ਬਣਨ ਦੀ ਤਿਆਰੀ ਵਿਚ ਦਿੱਤੀ ਗਈ ਸੀ? (ਰੋਮੀਆਂ 11:13) ਕੀ ਇਸ ਨੇ ਉਸ ਦੇ ਸੋਚਣ, ਲਿਖਣ ਅਤੇ ਬੋਲਣ ਦੇ ਤਰੀਕੇ ਨੂੰ ਬਦਲਿਆ ਸੀ? ਸ਼ਾਊਲ ਦੇ ਮਸੀਹੀ ਬਣਨ ਦੇ ਸਮੇਂ ਤੋਂ ਲੈ ਕੇ ਅੰਤਾਕਿਯਾ ਨੂੰ ਜਾਣ ਦੇ ਸਮੇਂ ਤਕ ਜੋ ਸਾਲ ਬੀਤੇ ਸਨ, ਕੀ ਇਹ ਉਸ ਨੂੰ ਸਿਖਲਾਈ ਦੇਣ ਅਤੇ ਤਿਆਰ ਕਰਨ ਲਈ ਸਨ ਤਾਂਕਿ ਉਹ ਭਵਿੱਖ ਵਿਚ ਜ਼ਿੰਮੇਵਾਰੀ ਸੰਭਾਲ ਸਕੇ? ਇਨ੍ਹਾਂ ਸਵਾਲਾਂ ਦੇ ਜੋ ਵੀ ਜਵਾਬ ਹੋਣ ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਜਦੋਂ ਬਰਨਬਾਸ ਨੇ ਉਸ ਨੂੰ ਅੰਤਾਕਿਯਾ ਵਿਚ ਪ੍ਰਚਾਰ ਕੰਮ ਨੂੰ ਅੱਗੇ ਵਧਾਉਣ ਵਿਚ ਮਦਦ ਕਰਨ ਲਈ ਸੱਦਿਆ ਸੀ, ਸ਼ਾਊਲ ਇਸ ਕੰਮ ਨੂੰ ਪੂਰਾ ਕਰਨ ਦੇ ਕਾਬਲ ਸੀ।—ਰਸੂਲਾਂ ਦੇ ਕਰਤੱਬ 11:19-26.
[ਸਫ਼ੇ 25 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਸੀਰੀਆ
ਔਰੋਨਟੀਜ਼
ਅੰਤਾਕਿਯਾ
ਸਿਲੂਕਿਯਾ
ਸਾਈਪ੍ਰਸ
ਭੂਮੱਧ ਸਾਗਰ
ਯਰੂਸ਼ਲਮ
[ਕ੍ਰੈਡਿਟ ਲਾਈਨ]
Mountain High Maps® Copyright © 1997 Digital Wisdom, Inc.
[ਸਫ਼ੇ 24 ਉੱਤੇ ਤਸਵੀਰਾਂ]
ਉੱਪਰ: ਅੱਜ ਦਾ ਅੰਤਾਕਿਯਾ
ਗੱਭੇ: ਸਿਲੂਕਿਯਾ ਦਾ ਦੱਖਣੀ ਨਜ਼ਾਰਾ
ਹੇਠਾ: ਸਿਲੂਕਿਯਾ ਦੀ ਬੰਦਰਗਾਹ ਕੰਧ