Skip to content

Skip to table of contents

ਇਸ ਅਨੈਤਿਕ ਦੁਨੀਆਂ ਵਿਚ ਤੁਸੀਂ ਸ਼ੁੱਧ ਰਹਿ ਸਕਦੇ ਹੋ

ਇਸ ਅਨੈਤਿਕ ਦੁਨੀਆਂ ਵਿਚ ਤੁਸੀਂ ਸ਼ੁੱਧ ਰਹਿ ਸਕਦੇ ਹੋ

ਇਸ ਅਨੈਤਿਕ ਦੁਨੀਆਂ ਵਿਚ ਤੁਸੀਂ ਸ਼ੁੱਧ ਰਹਿ ਸਕਦੇ ਹੋ

ਉਹ ਸੋਹਣਾ-ਸੁਣੱਖਾ ਆਦਮੀ ਸੀ। ਉਹ ਖੂਬਸੂਰਤ ਅਤੇ ਮਿਹਨਤੀ ਔਰਤ ਸੀ। ਉਹ ਦੋਵੇਂ ਇੱਕੋ ਕੰਪਨੀ ਲਈ ਕੰਮ ਕਰਦੇ ਸਨ। ਉਹ ਉਸ ਨੂੰ ਆਪਣਾ ਬਹੁਤ ਸਮਾਂ ਦਿੰਦੀ ਸੀ। ਉਹ ਹਮੇਸ਼ਾ ਉਸ ਦੀ ਪ੍ਰਸ਼ੰਸਾ ਕਰਦਾ ਸੀ। ਉਹ ਇਕ ਦੂਜੇ ਨੂੰ ਤੋਹਫ਼ੇ ਦਿੰਦੇ ਸਨ। ਥੋੜ੍ਹੀ ਦੇਰ ਬਾਅਦ ਉਹ ਪ੍ਰੇਮੀ ਬਣ ਗਏ। ਉਸ ਆਦਮੀ ਨੇ ਆਪਣੀ ਤੀਵੀਂ ਨੂੰ ਛੱਡ ਦਿੱਤਾ। ਪਰ ਅੰਤ ਵਿਚ ਔਰਤ ਨੇ ਆਪਣੇ ਪ੍ਰੇਮੀ ਨਾਲ ਰਿਸ਼ਤਾ ਖ਼ਤਮ ਕੀਤਾ ਅਤੇ ਆਪਣੇ ਪਤੀ ਦੇ ਨਾਲ ਰਹਿਣ ਦਾ ਫ਼ੈਸਲਾ ਕੀਤਾ। ਬੇਦਿਲਾ ਆਦਮੀ ਆਪਣੀ ਤੀਵੀਂ ਕੋਲ ਵਾਪਸ ਗਿਆ, ਪਰ ਅਸਲੀ ਪਛਤਾਵਾ ਨਾ ਦਿਖਾਉਣ ਕਰਕੇ ਉਨ੍ਹਾਂ ਦਾ ਵਿਆਹ ਸਫ਼ਲ ਨਹੀਂ ਰਿਹਾ। ਇਨ੍ਹਾਂ ਲੋਕਾਂ ਦੇ ਜੀਵਨ ਤਾਂ ਚੱਲਦੇ ਰਹੇ, ਪਰ ਦੁੱਖ ਤੋਂ ਬਿਨਾਂ ਨਹੀਂ।

ਅੱਜ-ਕੱਲ੍ਹ ਲਿੰਗੀ ਤੌਰ ਤੇ ਸ਼ੁੱਧ ਰਹਿਣਾ ਜ਼ਰੂਰੀ ਨਹੀਂ ਮੰਨਿਆ ਜਾਂਦਾ। ਲੋਕ ਮੰਨਦੇ ਹਨ ਕਿ ਖ਼ੁਸ਼ੀ ਅਤੇ ਸੰਤੁਸ਼ਟੀ ਹਾਸਲ ਕਰਨ ਵਿਚ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ। ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ ਕਿ “ਜ਼ਨਾਹਕਾਰੀ ਸਾਰੇ ਪਾਸੇ ਪਾਈ ਜਾਂਦੀ ਹੈ, ਅਤੇ ਕਈ ਥਾਵਾਂ ਵਿਚ ਵਿਆਹ ਜਿੰਨੀ ਆਮ ਬਣ ਗਈ ਹੈ।”

ਪਰ ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਵਿਆਹ “ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ ਅਤੇ ਵਿਛਾਉਣਾ ਬੇਦਾਗ ਰਹੇ।” (ਇਬਰਾਨੀਆਂ 13:4) ਪਵਿੱਤਰ ਲਿਖਤਾਂ ਦੱਸਦੀਆਂ ਹਨ: “ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਜ਼ਨਾਹਕਾਰ, ਨਾ ਜਨਾਨੜੇ, ਨਾ ਮੁੰਡੇਬਾਜ . . . ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਹੋਣਗੇ।” (1 ਕੁਰਿੰਥੀਆਂ 6:9, 10) ਤਾਂ ਫਿਰ, ਪਰਮੇਸ਼ੁਰ ਦੀ ਬਰਕਤ ਪਾਉਣ ਲਈ ਸਾਨੂੰ ਇਸ ਅਨੈਤਿਕ ਦੁਨੀਆਂ ਵਿਚ ਸ਼ੁੱਧ ਰਹਿਣ ਦੀ ਲੋੜ ਹੈ।

ਅਸੀਂ ਆਪਣੇ ਆਲੇ-ਦੁਆਲੇ ਇਨ੍ਹਾਂ ਅਸ਼ੁੱਧ ਪ੍ਰਭਾਵਾਂ ਤੋਂ ਕਿਵੇਂ ਬਚ ਸਕਦੇ ਹਾਂ? ਪ੍ਰਾਚੀਨ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਕਹਾਉਤਾਂ ਦੀ ਪੋਥੀ ਲਿਖੀ ਸੀ। ਇਸ ਪੋਥੀ ਦੇ 5ਵੇਂ ਅਧਿਆਇ ਵਿਚ ਸਾਨੂੰ ਇਸ ਸਵਾਲ ਦਾ ਜਵਾਬ ਮਿਲਦਾ ਹੈ। ਆਓ ਆਪਾਂ ਸੁਲੇਮਾਨ ਦੇ ਸ਼ਬਦਾਂ ਦੀ ਜਾਂਚ ਕਰੀਏ।

ਰੱਖਿਆ ਕਰਨ ਵਾਲੀ ਮੱਤ

ਇਸਰਾਏਲ ਦਾ ਰਾਜਾ ਸ਼ੁਰੂ ਕਰਦਾ ਹੈ ਕਿ “ਹੇ ਮੇਰੇ ਪੁੱਤ੍ਰ, ਮੇਰੀ ਬੁੱਧ ਵੱਲ ਧਿਆਨ ਦੇਹ, ਮੇਰੀ ਸਮਝ ਵੱਲ ਕੰਨ ਲਾ, ਤਾਂ ਜੋ ਤੇਰੀ ਮੱਤ ਬਣੀ ਰਹੇ, ਅਤੇ ਤੇਰੇ ਬੁੱਲ੍ਹ ਗਿਆਨ ਨੂੰ ਫੜੀ ਰੱਖਣ।”—ਕਹਾਉਤਾਂ 5:1, 2.

ਅਨੈਤਿਕਤਾ ਦੇ ਪ੍ਰਭਾਵਾਂ ਤੋਂ ਬਚੇ ਰਹਿਣ ਲਈ ਸਾਨੂੰ ਪਵਿੱਤਰ ਲਿਖਤਾਂ ਦਾ ਗਿਆਨ ਵਰਤਣ ਦੀ ਯੋਗਤਾ, ਯਾਨੀ ਕਿ ਬੱਧ ਦੀ ਲੋੜ ਹੈ। ਅਤੇ ਇਸ ਦੇ ਨਾਲ-ਨਾਲ ਸਮਝ ਜਾਂ ਸੂਝ ਦੀ ਵੀ ਲੋੜ ਹੈ, ਜਿਸ ਦਾ ਮਤਲਬ ਹੈ ਸਹੀ ਅਤੇ ਗ਼ਲਤ ਵਿਚ ਫ਼ਰਕ ਪਛਾਣ ਕੇ ਸਹੀ ਰਸਤੇ ਤੇ ਚੱਲਣਾ। ਸਾਨੂੰ ਬੱਧ ਅਤੇ ਸਮਝ ਵੱਲ ਧਿਆਨ ਦੇਣ ਲਈ ਕਿਹਾ ਗਿਆ ਹੈ ਤਾਂ ਜੋ ਸਾਡੀ ਮੱਤ ਬਣੀ ਰਹੇ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਜਦੋਂ ਅਸੀਂ ਪਰਮੇਸ਼ੁਰ ਦੇ ਬਚਨ ਬਾਈਬਲ ਦੀ ਜਾਂਚ ਕਰਦੇ ਹਾਂ, ਤਾਂ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਯਹੋਵਾਹ ਕਿਸ ਤਰ੍ਹਾਂ ਕੰਮ ਕਰਦਾ ਹੈ ਤਾਂ ਜੋ ਅਸੀਂ ਉਸ ਦੀ ਮਰਜ਼ੀ ਅਤੇ ਮਕਸਦ ਵੱਲ ਕੰਨ ਲਾ ਸਕੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੀ ਮੱਤ ਜਾਂ ਸੋਚਣ-ਸ਼ਕਤੀ ਸਹੀ ਤਰੀਕੇ ਵਿਚ ਇਸਤੇਮਾਲ ਕਰਾਂਗੇ। ਇਸ ਤਰ੍ਹਾਂ ਪ੍ਰਾਪਤ ਕੀਤੀ ਗਈ ਮੱਤ ਪਰਮੇਸ਼ੁਰ ਦੀ ਬੱਧ ਅਤੇ ਗਿਆਨ ਨਾਲ ਸਹਿਮਤ ਹੁੰਦੀ ਹੈ। ਜਦ ਅਸੀਂ ਆਪਣੀਆਂ ਸੋਚਾਂ ਨੂੰ ਸਹੀ ਪਾਸੇ ਲਾਉਂਦੇ ਹਾਂ ਤਾਂ ਇਹ ਸਾਨੂੰ ਅਨੈਤਿਕ ਕੰਮਾਂ ਵਿਚ ਫਸਣ ਤੋਂ ਰੋਕੇਗਾ।

ਇਕ ਚਿਕਣੇ ਮੂੰਹ ਤੋਂ ਬਚੀਂ

ਇਸ ਅਨੈਤਿਕ ਦੁਨੀਆਂ ਵਿਚ ਸ਼ੁੱਧ ਰਹਿਣ ਦੇ ਲਈ ਮੱਤ ਇਸ ਲਈ ਜ਼ਰੂਰੀ ਹੈ ਕਿਉਂਕਿ ਅਨੈਤਿਕ ਵਿਅਕਤੀ ਦੇ ਤਰੀਕੇ ਮਨਮੋਹਣੇ ਹੋਣ ਕਰਕੇ ਸਾਨੂੰ ਭਰਮਾ ਸਕਦੇ ਹਨ। ਸੁਲੇਮਾਨ ਇਹ ਚੇਤਾਵਨੀ ਦਿੰਦਾ ਹੈ: “ਕਿਉਂ ਜੋ ਪਰਾਈ ਤੀਵੀਂ ਦੇ ਬੁੱਲ੍ਹਾਂ ਤੋਂ ਸ਼ਹਿਤ ਟਪਕਦਾ ਹੈ, ਅਤੇ ਉਹ ਦਾ ਮੂੰਹ ਤੇਲ ਨਾਲੋਂ ਵੀ ਚਿਕਣਾ ਹੈ, ਪਰ ਓੜਕ ਉਹ ਨਾਗ ਦਾਉਣੇ ਵਰਗੀ ਕੌੜੀ, ਅਤੇ ਦੋ ਧਾਰੀ ਤਲਵਾਰ ਜਿਹੀ ਤਿੱਖੀ ਹੁੰਦੀ ਹੈ!”—ਕਹਾਉਤਾਂ 5:3, 4.

ਇਸ ਕਹਾਵਤ ਵਿਚ, ਭਰਮਾਉਣ ਵਾਲੀ “ਪਰਾਈ ਤੀਵੀਂ” ਇਕ ਕੰਜਰੀ ਹੈ। * ਇਹ ਤੀਵੀਂ ਸ਼ਹਿਦ ਵਰਗੇ ਮਿੱਠੇ-ਮਿੱਠੇ ਸ਼ਬਦਾਂ ਨਾਲ ਭਰਮਾਉਂਦੀ ਹੈ ਜਿਹੜੇ ਜ਼ੈਤੂਨ ਦੇ ਤੇਲ ਨਾਲੋਂ ਵੀ ਚਿਕਣੇ ਹਨ। ਕੀ ਇਹ ਸੱਚ ਨਹੀਂ ਕਿ ਇਸੇ ਤਰ੍ਹਾਂ ਦਾ ਬੋਲ-ਚਾਲ ਅਕਸਰ ਗ਼ਲਤ ਲਿੰਗੀ ਕੰਮਾਂ ਵੱਲ ਲੈ ਜਾਂਦਾ ਹੈ? ਉਦਾਹਰਣ ਲਈ, ਇਕ ਖੂਬਸੂਰਤ ਔਰਤ ਦੇ ਤਜਰਬੇ ਉੱਤੇ ਗੌਰ ਕਰੋ। ਏਮੀ 27 ਸਾਲਾਂ ਦੀ ਹੈ, ਅਤੇ ਉਹ ਸੈਕਟਰੀ ਦਾ ਕੰਮ ਕਰਦੀ ਹੈ। ਉਸ ਨੇ ਦੱਸਿਆ: “ਕੰਮ ਤੇ ਇਕ ਬੰਦਾ ਮੇਰਾ ਬਹੁਤ ਖ਼ਿਆਲ ਰੱਖਦਾ ਹੈ, ਅਤੇ ਉਹ ਹਰ ਵੇਲੇ ਮੇਰੇ ਨਾਲ ਸੋਹਣੀਆਂ-ਸੋਹਣੀਆਂ ਗੱਲਾਂ ਕਰਦਾ ਹੈ। ਜਦੋਂ ਲੋਕੀਂ ਤੁਹਾਡਾ ਖ਼ਿਆਲ ਰੱਖਦੇ ਹਨ ਤਾਂ ਇਹ ਚੰਗਾ ਹੈ। ਪਰ ਮੈਨੂੰ ਸਾਫ਼-ਸਾਫ਼ ਪਤਾ ਹੈ ਕਿ ਇਸ ਆਦਮੀ ਦੇ ਇਰਾਦੇ ਨੇਕ ਨਹੀਂ ਹਨ। ਮੈਂ ਇਸ ਬੰਦੇ ਦੇ ਬੋਲ-ਚਾਲ ਤੋਂ ਧੋਖਾ ਨਹੀਂ ਖਾਵਾਂਗੀ।” ਭਰਮਾਉਣ ਵਾਲੇ ਵਿਅਕਤੀ ਦੇ ਚਾਪਲੂਸ ਸ਼ਬਦ ਮਿੱਠੇ-ਮਿੱਠੇ ਲੱਗਣਗੇ ਜੇਕਰ ਅਸੀਂ ਇਨ੍ਹਾਂ ਦਾ ਸੱਚਾ ਅਰਥ ਨਹੀਂ ਪਛਾਣਦੇ। ਇਸ ਦੀ ਪਛਾਣ ਕਰਨ ਲਈ ਮੱਤ ਦੀ ਲੋੜ ਹੈ।

ਅਨੈਤਿਕਤਾ ਦੇ ਨਤੀਜੇ ਨਾਗਦੋਨੇ ਵਰਗੇ ਕੌੜੇ ਅਤੇ ਦੋ ਧਾਰੀ ਤਲਵਾਰ ਜਿਹੇ ਤਿੱਖੇ ਹਨ, ਮਤਲਬ ਕਿ ਉਹ ਦੁੱਖ-ਭਰੇ ਅਤੇ ਜਾਨਲੇਵਾ ਹਨ। ਇਕ ਦੁਖੀ ਜ਼ਮੀਰ, ਅਣਚਾਹੇ ਬੱਚੇ, ਜਾਂ ਲਿੰਗੀ ਰੋਗ ਅਕਸਰ ਅਨੈਤਿਕ ਕੰਮਾਂ ਦੇ ਨਤੀਜੇ ਹੁੰਦੇ ਹਨ। ਅਤੇ ਜਦੋਂ ਪਤੀ-ਪਤਨੀ ਵਿੱਚੋਂ ਇਕ ਜਣਾ ਬੇਵਫ਼ਾ ਹੁੰਦਾ ਹੈ ਤਾਂ ਦੂਸਰੇ ਸਾਥੀ ਦੇ ਵੱਡੇ ਦੁੱਖ ਬਾਰੇ ਵੀ ਸੋਚੋ। ਇਸ ਤਰ੍ਹਾਂ ਦੀ ਬੇਵਫ਼ਾਈ ਬਹੁਤ ਦੁੱਖ ਲਿਆਉਂਦੀ ਹੈ ਜਿਸ ਦੇ ਨਿਸ਼ਾਨ ਉਮਰ-ਭਰ ਵੀ ਨਹੀਂ ਮਿਟਾਏ ਜਾ ਸਕਦੇ। ਜੀ ਹਾਂ, ਅਨੈਤਿਕ ਕੰਮਾਂ ਦਾ ਬਹੁਤ ਹੀ ਬੁਰਾ ਅਸਰ ਪੈਂਦਾ ਹੈ।

ਇਕ ਬਦਚਲਣ ਔਰਤ ਦੇ ਜੀਵਨ-ਢੰਗ ਬਾਰੇ ਗੱਲ ਕਰਦਿਆਂ, ਬੁੱਧੀਮਾਨ ਰਾਜਾ ਅੱਗੇ ਕਹਿੰਦਾ ਹੈ: “ਉਹ ਦੇ ਪੈਰ ਮੌਤ ਦੇ ਰਾਹ ਲਹਿ ਪੈਂਦੇ ਹਨ, ਅਤੇ ਉਹ ਦੇ ਕਦਮ ਪਤਾਲ ਨੂੰ ਜਾਂਦੇ ਹਨ। ਜੀਉਣ ਦਾ ਪੱਧਰਾ ਰਾਹ ਉਹ ਨੂੰ ਨਹੀਂ ਲੱਭਦਾ, ਉਹ ਦੀਆਂ ਚਾਲਾਂ ਦਾਉ ਪੇਚ ਵਾਲੀਆਂ ਹਨ ਤੇ ਉਹ ਜਾਣਦੀ ਨਹੀਂ।” (ਕਹਾਉਤਾਂ 5:5, 6) ਬਦਚਲਣ ਔਰਤ ਦੇ ਕੰਮ ਮੌਤ ਵੱਲ ਲੈ ਜਾਂਦੇ ਹਨ—ਉਹ ਦੇ ਕਦਮ ਪਤਾਲ ਜਾਂ ਮਨੁੱਖਜਾਤੀ ਦੀ ਕਬਰ ਨੂੰ ਲੈ ਜਾਂਦੇ ਹਨ। ਏਡਜ਼ ਵਰਗੇ ਲਿੰਗੀ ਰੋਗਾਂ ਦਾ ਇੰਨਾ ਵਾਧਾ ਦੇਖਦਿਆਂ, ਇਹ ਸ਼ਬਦ ਕਿੰਨੇ ਸੱਚ ਹਨ! ਗ਼ਲਤ ਕੰਮਾਂ ਵਿਚ ਇਸ ਔਰਤ ਨਾਲ ਰਲਣ ਵਾਲਿਆਂ ਦਾ ਵੀ ਇਹੋ ਨਤੀਜਾ ਨਿਕਲੇਗਾ।

ਦਿਲੀ ਇੱਛਾ ਦੇ ਨਾਲ ਰਾਜਾ ਬੇਨਤੀ ਕਰਦਾ ਹੈ: “ਉਪਰੰਤ ਹੇ ਮੇਰੇ ਪੁੱਤ੍ਰ, ਤੂੰ ਮੇਰੀ ਸੁਣ, ਅਤੇ ਮੇਰੇ ਮੂੰਹ ਦੇ ਬਚਨਾਂ ਤੋਂ ਨਾ ਮੁੜ। ਉਸ ਤੀਵੀਂ ਤੋਂ ਆਪਣਾ ਰਾਹ ਦੂਰ ਹੀ ਰੱਖ, ਅਤੇ ਉਹ ਦੇ ਘਰ ਦੇ ਬੂਹੇ ਦੇ ਨੇੜੇ ਵੀ ਨਾ ਜਾਹ।”ਕਹਾਉਤਾਂ 5:7, 8.

ਸਾਨੂੰ ਅਨੈਤਿਕ ਲੋਕਾਂ ਦੇ ਪ੍ਰਭਾਵ ਤੋਂ ਜਿੰਨਾ ਵੀ ਹੋ ਸਕੇ ਦੂਰ ਰਹਿਣਾ ਚਾਹੀਦਾ ਹੈ। ਘਟੀਆ ਸੰਗੀਤ ਸੁਣ ਕੇ, ਵਿਗੜਿਆ ਹੋਇਆ ਮਨੋਰੰਜਨ ਦੇਖ ਕੇ, ਜਾਂ ਗੰਦੀਆਂ ਕਿਤਾਬਾਂ ਪੜ੍ਹ ਕੇ ਅਸੀਂ ਅਨੈਤਿਕ ਲੋਕਾਂ ਦੇ ਰਾਹਾਂ ਵਿਚ ਤੁਰਦੇ ਹੋਵਾਂਗੇ। (ਕਹਾਉਤਾਂ 6:27; 1 ਕੁਰਿੰਥੀਆਂ 15:33; ਅਫ਼ਸੀਆਂ 5:3-5) ਕੀ ਅਸੀਂ ਉਨ੍ਹਾਂ ਵਰਗੇ ਬਣਨਾ ਚਾਹੁੰਦੇ ਹਾਂ? ਕਿੰਨੀ ਮੂਰਖਤਾ ਦੀ ਗੱਲ ਹੋਵੇਗੀ ਜੇਕਰ ਅਸੀਂ ਉਨ੍ਹਾਂ ਲੋਕਾਂ ਦੇ ਮਗਰ ਲੱਗੀਏ ਜਾਂ ਆਪਣੇ ਪਹਿਰਾਵੇ ਅਤੇ ਸ਼ਿੰਗਾਰ ਰਾਹੀਂ ਉਨ੍ਹਾਂ ਦਾ ਧਿਆਨ ਆਪਣੇ ਵੱਲ ਖਿੱਚੀਏ!—1 ਤਿਮੋਥਿਉਸ 4:8; 1 ਪਤਰਸ 3:3, 4.

ਵੱਡਾ ਨੁਕਸਾਨ

ਸਾਨੂੰ ਅਨੈਤਿਕ ਲੋਕਾਂ ਤੋਂ ਹੋਰ ਕਿਹੜੇ ਕਾਰਨ ਲਈ ਦੂਰ ਰਹਿਣਾ ਚਾਹੀਦਾ ਹੈ? ਸੁਲੇਮਾਨ ਇਸ ਸਵਾਲ ਦਾ ਜਵਾਬ ਦਿੰਦਾ ਹੈ: “ਮਤੇ ਤੂੰ ਆਪਣਾ ਆਦਰ ਹੋਰਨਾਂ ਨੂੰ ਦੇਵੇਂ, ਅਤੇ ਆਪਣੀ ਉਮਰ ਨਿਰਦਈਆਂ ਨੂੰ, ਮਤੇ ਪਰਾਏ ਤੇਰੇ ਬਲ ਨਾਲ ਰੱਜ ਜਾਣ, ਅਤੇ ਤੇਰੀ ਮਿਹਨਤ ਓਪਰੇ ਦੇ ਘਰ ਜਾਵੇ, ਅਤੇ ਜਦ ਤੇਰਾ ਮਾਸ ਤੇ ਤੇਰੀ ਦੇਹ ਮਿਟ ਜਾਵੇ, ਤਾਂ ਤੂੰ ਓੜਕ ਨੂੰ ਰੋਵੇਂ।”ਕਹਾਉਤਾਂ 5:9-11.

ਸੁਲੇਮਾਨ ਅਨੈਤਿਕ ਕੰਮਾਂ ਵਿਚ ਪੈਣ ਦੇ ਵੱਡੇ ਨੁਕਸਾਨ ਬਾਰੇ ਚੇਤਾਵਨੀ ਦਿੰਦਾ ਹੈ। ਜ਼ਨਾਹ ਦਾ ਇਕ ਨੁਕਸਾਨ ਹੈ ਕਿ ਵਿਅਕਤੀ ਆਪਣੇ ਆਪ ਲਈ ਆਦਰ ਜਾਂ ਮਾਣ ਗੁਆ ਬੈਠਦਾ ਹੈ। ਕੀ ਇਹ ਬੇਇੱਜ਼ਤੀ ਦੀ ਗੱਲ ਨਹੀਂ ਹੋਵੇਗੀ ਜੇਕਰ ਅਸੀਂ ਸਿਰਫ਼ ਆਪਣੇ ਜਾਂ ਹੋਰ ਕਿਸੇ ਦੀ ਲਿੰਗੀ ਕਾਮਨਾ ਪੂਰੀ ਕਰਨ ਲਈ ਵਰਤੇ ਜਾਈਏ? ਕੀ ਇਹ ਬੇਇੱਜ਼ਤੀ ਦੀ ਗੱਲ ਨਹੀਂ ਹੋਵੇਗੀ ਜੇਕਰ ਅਸੀਂ ਆਪਣੇ ਵਿਆਹੁਤਾ ਸਾਥੀ ਤੋਂ ਇਲਾਵਾ ਹੋਰ ਕਿਸੇ ਨਾਲ ਲਿੰਗੀ ਸੰਬੰਧ ਰੱਖੀਏ?

‘ਆਪਣੀ ਉਮਰ, ਬਲ ਅਤੇ ਮਿਹਨਤ ਓਪਰੇ’ ਨੂੰ ਦੇਣ ਦਾ ਕੀ ਮਤਲਬ ਹੈ? ਇਕ ਪੁਸਤਕ ਕਹਿੰਦੀ ਹੈ ਕਿ “ਇਨ੍ਹਾਂ ਹਵਾਲਿਆਂ ਦਾ ਅਰਥ ਸਾਫ਼ ਹੈ: ਬੇਵਫ਼ਾਈ ਦੇ ਨਤੀਜੇ ਭੈੜੇ ਹੁੰਦੇ ਹਨ। ਲਾਲਚੀ ਔਰਤ ਦੀਆਂ ਮੰਗਾਂ ਸ਼ਾਇਦ ਆਦਮੀ ਦੇ ਹੱਦੋਂ ਬਾਹਰ ਹੋਣ ਅਤੇ ਦੂਜੇ ਲੋਕ ਵੀ ਸ਼ਾਇਦ ਇਨਸਾਫ਼ ਮੰਗਣ। ਇਸ ਤਰ੍ਹਾਂ ਬੇਵਫ਼ਾ ਆਦਮੀ ਉਮਰ-ਭਰ ਦੀ ਮਿਹਨਤ ਗੁਆ ਸਕਦਾ ਹੈ, ਯਾਨੀ ਆਪਣੀ ਨੇਕਨਾਮੀ, ਪਦਵੀ, ਅਤੇ ਖ਼ੁਸ਼ਹਾਲੀ।” ਹਾਂ, ਅਨੈਤਿਕ ਕੰਮਾਂ ਦਾ ਨੁਕਸਾਨ ਵੱਡਾ ਹੋ ਸਕਦਾ ਹੈ!

ਆਪਣੀ ਇੱਜ਼ਤ ਗੁਆ ਕੇ ਮੂਰਖ ਪਛਤਾਉਂਦਾ ਹੈ: “ਮੈਂ ਉਪਦੇਸ਼ ਨਾਲ ਕਿਵੇਂ ਵੈਰ ਰੱਖਿਆ, ਅਤੇ ਮੇਰੇ ਮਨ ਨੇ ਤਾੜ ਨੂੰ ਤੁੱਛ ਜਾਣਿਆ! ਮੈਂ ਆਪਣੇ ਗੁਰੂਆਂ ਦੇ ਆਖੇ ਨਾ ਲੱਗਾ, ਨਾ ਆਪਣੇ ਉਸਤਾਦਾਂ ਵੱਲ ਕੰਨ ਲਾਇਆ! ਮੰਡਲੀ ਅਤੇ ਸਭਾ ਦੇ ਵਿੱਚ ਮੈਂ ਪੂਰੀ ਬਰਬਾਦੀ ਦੇ ਨੇੜੇ ਤੇੜੇ ਸਾਂ।”—ਕਹਾਉਤਾਂ 5:12-14.

ਸਮਾਂ ਬੀਤਣ ਨਾਲ ਗ਼ਲਤੀ ਕਰਨ ਵਾਲਾ ਵਿਅਕਤੀ ਆਪਣੀ ਜ਼ਿੰਦਗੀ ਉੱਤੇ ਗੌਰ ਕਰਦਾ ਹੈ। ਇਕ ਵਿਦਵਾਨ ਦੇ ਮੁਤਾਬਕ ਉਹ “ਬਹੁਤ ਹੀ ਪਛਤਾਉਂਦਾ ਹੈ। ਉਹ ਸੋਚਦਾ ਹੈ ਕਿ ਕਾਸ਼ ਮੈਂ ਆਪਣੇ ਪਿਉ ਦੀ ਗੱਲ ਮੰਨਦਾ, ਕਾਸ਼ ਮੈਂ ਆਪਣੀ ਆਜ਼ਾਦੀ ਨਹੀਂ ਚਾਹੁੰਦਾ, ਕਾਸ਼ ਮੈਂ ਦੂਜਿਆਂ ਦੀ ਸਲਾਹ ਲੈਂਦਾ।” ਲੇਕਿਨ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਇਹ ਵਿਅਕਤੀ ਹੁਣ ਅਸ਼ੁੱਧ ਬਣ ਗਿਆ ਹੈ, ਉਸ ਦੀ ਜ਼ਿੰਦਗੀ ਬਰਬਾਦ ਹੋ ਚੁੱਕੀ ਹੈ ਅਤੇ ਉਹ ਬਦਨਾਮ ਹੋ ਚੁੱਕਾ ਹੈ। ਕਿੰਨਾ ਜ਼ਰੂਰੀ ਹੈ ਕਿ ਅਸੀਂ ਅਨੈਤਿਕ ਕੰਮਾਂ ਵਿਚ ਨਾ ਫਸੀਏ ਅਤੇ ਉਨ੍ਹਾਂ ਦੇ ਨੁਕਸਾਨਾਂ ਬਾਰੇ ਪਹਿਲਾਂ ਹੀ ਸੋਚੀਏ!

“ਤੂੰ ਪਾਣੀ ਆਪਣੇ ਹੀ ਕੁੰਡ ਵਿੱਚੋਂ ਪੀ”

ਕੀ ਬਾਈਬਲ ਲਿੰਗੀ ਸੰਬੰਧਾਂ ਬਾਰੇ ਦੱਸਣ ਵਿਚ ਹਿਚਕਚਾਉਂਦੀ ਹੈ? ਬਿਲਕੁਲ ਨਹੀਂ। ਆਦਮੀ ਅਤੇ ਤੀਵੀਂ ਵਿਚ ਜੋ ਮੁਹੱਬਤ ਅਤੇ ਆਨੰਦ ਮਾਣਿਆ ਜਾਂਦਾ ਹੈ ਇਹ ਪਰਮੇਸ਼ੁਰ ਵੱਲੋਂ ਇਕ ਦਾਤ ਹੈ। ਲੇਕਿਨ ਅਜਿਹੇ ਸੰਬੰਧ ਦਾ ਆਨੰਦ ਸਿਰਫ਼ ਵਿਆਹੁਤਾ ਸਾਥੀਆਂ ਵਿਚ ਮਾਣਿਆ ਜਾਣਾ ਚਾਹੀਦਾ ਹੈ। ਇਸ ਲਈ ਸੁਲੇਮਾਨ ਇਕ ਵਿਆਹੇ ਆਦਮੀ ਨੂੰ ਇਹ ਪ੍ਰੇਰਣਾ ਦਿੰਦਾ ਹੈ: “ਤੂੰ ਪਾਣੀ ਆਪਣੇ ਹੀ ਕੁੰਡ ਵਿੱਚੋਂ ਪੀ, ਅਤੇ ਆਪਣੇ ਹੀ ਖੂਹ ਦੇ ਸੋਤੇ ਦਾ ਜਲ ਪੀਆ ਕਰ। ਤੇਰੇ ਸੋਤੇ ਕਿਉਂ ਬਾਹਰ ਵਗਾਏ ਜਾਣ, ਅਤੇ ਜਲ ਦੀਆਂ ਧਾਰਾਂ ਚੌਂਕਾਂ ਵਿੱਚ? ਓਹ ਇਕੱਲੇ ਤੇਰੇ ਲਈ ਹੋਣ, ਨਾ ਤੇਰੇ ਨਾਲ ਓਪਰਿਆਂ ਲਈ ਵੀ ਹੋਣ।”ਕਹਾਉਤਾਂ 5:15-17.

ਇੱਥੇ ਪਿਆਰੀ ਪਤਨੀ ਲਈ “ਕੁੰਡ” ਅਤੇ “ਖੂਹ” ਦੇ ਸ਼ਾਇਰੀ ਸ਼ਬਦ ਵਰਤੇ ਜਾਂਦੇ ਹਨ। ਉਸ ਦੇ ਨਾਲ ਲਿੰਗੀ ਸੰਬੰਧ ਦਾ ਆਨੰਦ ਮਾਣਨਾ ਤਾਜ਼ਾ ਪਾਣੀ ਪੀਣ ਦੇ ਨਾਲ ਦਰਸਾਇਆ ਗਿਆ ਹੈ। ਚੌਂਕਾਂ ਵਿਚ ਸਾਰਿਆਂ ਦੇ ਲਈ ਪਾਣੀ ਦੇ ਪ੍ਰਬੰਧ ਤੋਂ ਉਲਟ, ਇਕ ਕੁੰਡ ਜਾਂ ਖੂਹ ਕਿਸੇ ਦੀ ਨਿੱਜੀ ਚੀਜ਼ ਹੁੰਦੀ ਸੀ। ਆਦਮੀ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਤੀਵੀਂ ਨਾਲ ਬੱਚੇ ਪੈਦਾ ਕਰੇ ਨਾ ਕਿ ਚੌਂਕਾਂ ਵਿਚ ਆਪਣੇ ਬੀ ਖਿਲਾਰੇ। ਰਾਜੇ ਦੇ ਕਹਿਣ ਦਾ ਮਤਲਬ ਸੀ ਕਿ ਆਦਮੀ ਨੂੰ ਦੂਸਰੀਆਂ ਤੀਵੀਆਂ ਨਾਲ ਰਿਸ਼ਤੇ ਨਹੀਂ ਰੱਖਣੇ ਚਾਹੀਦੇ ਹਨ। ਇਸ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਇਕ ਪਤੀ ਨੂੰ ਆਪਣੀ ਪਤਨੀ ਨਾਲ ਵਫ਼ਾਦਾਰ ਰਹਿਣਾ ਚਾਹੀਦਾ ਹੈ।

ਬੱਧੀਮਾਨ ਰਾਜਾ ਅੱਗੇ ਕਹਿੰਦਾ ਹੈ: “ਤੇਰਾ ਸੋਤਾ ਮੁਬਾਰਕ ਹੋਵੇ, ਅਤੇ ਤੂੰ ਆਪਣੀ ਜੁਆਨੀ ਦੀ ਵਹੁਟੀ ਨਾਲ ਅਨੰਦ ਰਹੁ। ਉਹ ਪਿਆਰੀ ਹਰਨੀ ਅਤੇ ਸੋਹਣੀ ਹਰਨੋਟੀ ਹੋਵੇ, ਉਹ ਦੀਆਂ ਛਾਤੀਆਂ ਤੋਂ ਸਦਾ ਤੈਨੂੰ ਤ੍ਰਿਪਤ ਆਵੇ, ਅਤੇ ਨਿੱਤ ਓਸੇ ਦੇ ਪ੍ਰੇਮ ਨਾਲ ਮੋਹਿਤ ਰਹੁ।”—ਕਹਾਉਤਾਂ 5:18, 19.

‘ਪਾਣੀ ਦਾ ਸੋਤਾ’ ਜਾਂ ਫੁਹਾਰਾ ਲਿੰਗੀ ਆਨੰਦ ਦੇ ਸ੍ਰੋਤ ਨੂੰ ਦਰਸਾ ਰਿਹਾ ਹੈ। ਆਪਣੇ ਵਿਆਹੁਤਾ ਸਾਥੀ ਨਾਲ ਲਿੰਗੀ ਆਨੰਦ ਮਾਣਨਾ “ਪਵਿੱਤਰ” ਹੈ—ਇਹ ਪਰਮੇਸ਼ੁਰ ਦੀ ਦਾਤ ਹੈ। ਇਸ ਲਈ ਆਦਮੀ ਨੂੰ ਆਪਣੀ ਜਵਾਨੀ ਦੀ ਵਹੁਟੀ ਨਾਲ ਆਨੰਦ ਮਾਣਨ ਲਈ ਤਗੀਦ ਕੀਤੀ ਗਈ ਹੈ। ਆਪਣੇ ਪਤੀ ਲਈ ਉਹ ਹਿਰਨ ਵਰਗੀ ਪਿਆਰੀ ਅਤੇ ਸੁੰਦਰ ਹੈ, ਅਤੇ ਹਰਨੋਟੇ ਜਿੰਨੀ ਸੋਹਣੀ।

ਸੁਲੇਮਾਨ ਹੁਣ ਦੋ ਸਵਾਲ ਪੁੱਛਦਾ ਹੈ: “ਹੇ ਮੇਰੇ ਪੁੱਤ੍ਰ, ਤੂੰ ਕਾਹਨੂੰ ਪਰਾਈ ਤੀਵੀਂ ਨਾਲ ਮੋਹਿਤ ਹੋਵੇਂ, ਅਤੇ ਓਪਰੀ ਨੂੰ ਕਾਹਨੂੰ ਛਾਤੀ ਨਾਲ ਲਾਵੇਂ?” (ਕਹਾਉਤਾਂ 5:20) ਇਕ ਸ਼ਾਦੀ-ਸ਼ੁਦਾ ਵਿਅਕਤੀ ਕੰਮ ਤੇ, ਸਕੂਲੇ, ਜਾਂ ਹੋਰ ਕਿਤੇ ਮਿਲਣ ਵਾਲੇ ਓਪਰਿਆਂ ਨਾਲ ਲਿੰਗੀ ਰਿਸ਼ਤੇ ਰੱਖਣ ਲਈ ਕਿਉਂ ਭਰਮਾਇਆ ਜਾਵੇ?

ਵਿਆਹੇ ਮਸੀਹੀਆਂ ਨੂੰ ਪੌਲੁਸ ਰਸੂਲ ਨੇ ਇਹ ਸਲਾਹ ਦਿੱਤੀ: “ਹੇ ਭਰਾਵੋ, ਮੈਂ ਇਹ ਆਖਦਾ ਹਾਂ ਜੋ ਸਮਾ ਘਟਾਇਆ ਗਿਆ ਹੈ ਭਈ ਏਦੋਂ ਅੱਗੇ ਪਤਨੀ ਵਾਲੇ ਅਜਿਹੇ ਹੋਣ ਕਿ ਜਾਣੀਦਾ ਉਨ੍ਹਾਂ ਦੇ ਪਤਨੀਆਂ ਨਹੀਂ ਹਨ।” (1 ਕੁਰਿੰਥੀਆਂ 7:29) ਇੱਥੇ ਪੌਲੁਸ ਦਾ ਕੀ ਮਤਲਬ ਸੀ? ਯਿਸੂ ਮਸੀਹ ਦੇ ਚੇਲਿਆਂ ਨੂੰ ‘ਪਹਿਲਾਂ ਰਾਜ ਭਾਲਣਾ’ ਚਾਹੀਦਾ ਹੈ। (ਮੱਤੀ 6:33) ਇਸ ਲਈ, ਵਿਆਹੁਤਾ ਜੋੜਿਆਂ ਨੂੰ ਇਕ ਦੂਜੇ ਵਿਚ ਇੰਨੇ ਵੀ ਰੁੱਝੇ ਨਹੀਂ ਹੋਣਾ ਚਾਹੀਦਾ ਕਿ ਉਹ ਆਪਣੇ ਜੀਵਨ ਵਿਚ ਪਰਮੇਸ਼ੁਰ ਦੇ ਰਾਜ ਨੂੰ ਦੂਜਾ ਦਰਜਾ ਦੇਣ।

ਆਪਣੇ ਆਪ ਉੱਤੇ ਕਾਬੂ ਰੱਖਣ ਦੀ ਲੋੜ

ਲਿੰਗੀ ਇੱਛਾਵਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਕਰਨਾ ਜ਼ਰੂਰੀ ਹੈ ਜੇਕਰ ਅਸੀਂ ਯਹੋਵਾਹ ਦੀ ਮਿਹਰ ਪਾਉਣੀ ਚਾਹੁੰਦੇ ਹਾਂ। ਪੌਲੁਸ ਨੇ ਇਹ ਤਾੜਨਾ ਦਿੱਤੀ: “ਪਰਮੇਸ਼ੁਰ ਤੁਹਾਡੇ ਤੋਂ ਹਰ ਤਰ੍ਹਾਂ ਨਾਲ ਪਵਿੱਤਰ ਰਹਿਣ ਦੀ ਮੰਗ ਕਰਦਾ ਹੈ। ਇਸ ਲਈ ਤੁਸੀਂ ਵਿਭਚਾਰ ਤੋਂ ਬਚੇ ਰਹੋ। ਤੁਹਾਡੇ ਵਿਚੋਂ ਹਰ ਕੋਈ ਆਪਣੇ ਸਰੀਰ ਤੇ ਕਾਬੂ ਪਾਉਣਾ ਸਿੱਖੇ। ਇਸ ਨੂੰ ਪਵਿੱਤਰ ਰੱਖੋ ਅਤੇ ਇਸ ਦਾ ਆਦਰ ਕਰੋ।”—1 ਥੱਸਲੁਨੀਕੀਆਂ 4:3, 4, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਨੌਜਵਾਨੋ, ਜੋਬਨ ਚੜ੍ਹਦਿਆਂ ਲਿੰਗੀ ਇੱਛਾਵਾਂ ਪੂਰੀਆਂ ਕਰਨ ਲਈ ਵਿਆਹ ਕਰਾਉਣ ਦੀ ਐਵੇਂ ਨਾ ਕਾਹਲੀ ਕਰੋ। ਵਿਆਹ ਕਰਨਾ ਕੋਈ ਛੋਟੀ ਗੱਲ ਨਹੀਂ ਹੈ, ਅਤੇ ਇਹ ਜ਼ਿੰਮੇਵਾਰੀ ਨਿਭਾਉਣ ਲਈ ਸਮਝ ਅਤੇ ਬੁੱਧ ਦੀ ਲੋੜ ਹੈ। (ਉਤਪਤ 2:24) ਬਿਹਤਰ ਹੋਵੇਗਾ ਜੇਕਰ ਤੁਸੀਂ “ਆਪਣੀ ਜੁਆਨੀ ਦੀ ਉਮਰੋਂ” ਲੰਘੋ—ਇਸ ਸਮੇਂ ਤੇ ਲਿੰਗੀ ਇੱਛਾ ਜ਼ਿਆਦਾ ਮਹਿਸੂਸ ਹੁੰਦੀ ਹੈ ਅਤੇ ਤੁਸੀਂ ਗ਼ਲਤ ਫ਼ੈਸਲੇ ਵੀ ਕਰ ਸਕਦੇ ਹੋ। (1 ਕੁਰਿੰਥੀਆਂ 7:36) ਕਿੰਨੀ ਮੂਰਖਤਾ ਦੀ ਗੱਲ ਹੋਵੇਗੀ ਜੇਕਰ ਇਕ ਕੁਆਰਾ ਵਿਅਕਤੀ ਸਿਰਫ਼ ਇਸ ਲਈ ਅਨੈਤਿਕ ਕੰਮਾਂ ਵਿਚ ਫਸ ਜਾਵੇ ਕਿਉਂਕਿ ਉਸ ਨੂੰ ਹਾਲੇ ਕੋਈ ਸਾਥੀ ਲਹੀਂ ਮਿਲਿਆ!

“ਦੁਸ਼ਟ ਜਨ ਦੀਆਂ ਆਪਣੀਆਂ ਹੀ ਬਦੀਆਂ ਉਹ ਨੂੰ ਫਸਾ ਲੈਣਗੀਆਂ”

ਅਨੈਤਿਕਤਾ ਦਾ ਗ਼ਲਤ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਯਹੋਵਾਹ ਇਸ ਨੂੰ ਮਨਜ਼ੂਰ ਨਹੀਂ ਕਰਦਾ। ਉਹੀ ਮਨੁੱਖਾਂ ਦਾ ਜੀਵਨ-ਦਾਤਾ ਅਤੇ ਲਿੰਗੀ ਯੋਗਤਾ ਦੇਣ ਵਾਲਾ ਹੈ। ਇਸ ਗੱਲ ਨੂੰ ਯਾਦ ਰੱਖਦਿਆਂ ਰਾਜਾ ਸੁਲੇਮਾਨ ਨੇ ਨੈਤਿਕ ਤੌਰ ਤੇ ਸ਼ੁੱਧ ਰਹਿਣ ਦੀ ਪ੍ਰੇਰਣਾ ਦਿੱਤੀ: “ਕਿਉਂ ਜੋ ਮਨੁੱਖ ਦੇ ਰਾਹ ਯਹੋਵਾਹ ਦੀ ਨਿਗਾਹ ਦੇ ਸਾਹਮਣੇ ਹਨ, ਅਤੇ ਉਹ ਉਸ ਦੇ ਸਾਰੇ ਪਹਿਆਂ ਨੂੰ ਜਾਚਦਾ ਹੈ।” (ਕਹਾਉਤਾਂ 5:21) ਹਾਂ ਪਰਮੇਸ਼ੁਰ, “ਜਿਹ ਨੂੰ ਅਸਾਂ ਲੇਖਾ ਦੇਣਾ ਹੈ,” ਦੀ ਨਜ਼ਰ ਤੋਂ ਕੁਝ ਵੀ ਨਹੀਂ ਲੁਕਿਆ। (ਇਬਰਾਨੀਆਂ 4:13) ਕੋਈ ਵੀ ਅਨੈਤਿਕ ਕੰਮ ਯਹੋਵਾਹ ਨਾਲ ਸਾਡੇ ਰਿਸ਼ਤੇ ਨੂੰ ਜ਼ਰੂਰ ਵਿਗਾੜੇਗਾ, ਭਾਵੇਂ ਇਹ ਕੰਮ ਜਿੰਨਾ ਮਰਜ਼ੀ ਗੁਪਤ ਹੋਵੇ ਅਤੇ ਜੋ ਮਰਜ਼ੀ ਇਸ ਦਾ ਫਲ ਭੁਗਤਣਾ ਪਵੇ। ਕਿੰਨੀ ਮੂਰਖਤਾ ਦੀ ਗੱਲ ਹੋਵੇਗੀ ਜੇਕਰ ਅਸੀਂ ਕੁਝ ਪਲ ਦੇ ਨਾਜਾਇਜ਼ ਮਜ਼ੇ ਦੇ ਵੱਟੇ ਪਰਮੇਸ਼ੁਰ ਦੇ ਨਾਲ ਸ਼ਾਂਤੀ ਗੁਆ ਬੈਠੀਏ!

ਕਈ ਜੋ ਬੇਸ਼ਰਮ ਅਨੈਤਿਕ ਕੰਮਾਂ ਵਿਚ ਮੌਜਾਂ ਮਾਣਦੇ ਹਨ ਸ਼ਾਇਦ ਸੋਚਣ ਕਿ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਪਰ ਉਹ ਕਿੰਨੇ ਗ਼ਲਤ ਹਨ! ਸੁਲੇਮਾਨ ਐਲਾਨ ਕਰਦਾ ਹੈ: “ਦੁਸ਼ਟ ਜਨ ਦੀਆਂ ਆਪਣੀਆਂ ਹੀ ਬਦੀਆਂ ਉਹ ਨੂੰ ਫਸਾ ਲੈਣਗੀਆਂ, ਅਤੇ ਉਹ ਆਪਣੇ ਹੀ ਪਾਪ ਦੇ ਬੰਧਣਾਂ ਨਾਲ ਬੱਧਾ ਜਾਵੇਗਾ। ਉਹ ਸਿੱਖਿਆ ਪਾਏ ਬਿਨਾ ਮਰੇਗਾ, ਅਤੇ ਆਪਣੀ ਡਾਢੀ ਮੂਰਖਤਾਈ ਦੇ ਕਾਰਨ ਭੁੱਲਿਆ ਫਿਰੇਗਾ।”ਕਹਾਉਤਾਂ 5:22, 23.

ਅਸੀਂ ਸਾਰੇ ਜਣੇ ਭਰਮਾਏ ਜਾਣ ਤੋਂ ਬਚ ਸਕਦੇ ਹਾਂ ਕਿਉਂਕਿ ਕਹਾਉਤਾਂ ਦੀ ਕਿਤਾਬ ਸਾਨੂੰ ਦੁਨੀਆਂ ਦੇ ਰਾਹਾਂ ਬਾਰੇ ਸਚੇਤ ਕਰਦੀ ਹੈ। ਅਤੇ ਇਹ ਸਾਨੂੰ ਅਨੈਤਿਕ ਕੰਮਾਂ ਦੇ ਨੁਕਸਾਨਾਂ ਬਾਰੇ ਦੱਸਦੀ ਹੈ ਜੋ ਸਾਡੀ ਸਿਹਤ, ਪੈਸੇ, ਬਲ, ਅਤੇ ਮਾਣ ਉੱਤੇ ਅਸਰ ਪਾ ਸਕਦੇ ਹਨ। ਇੰਨੀਆਂ ਸਾਰੀਆਂ ਚੇਤਾਵਨੀਆਂ ਦੇ ਨਾਲ ਸਾਨੂੰ ਕਦੀ ਵੀ ਪਛਤਾਉਣ ਦੀ ਲੋੜ ਨਹੀਂ ਹੋਣੀ ਚਾਹੀਦੀ। ਹਾਂ, ਯਹੋਵਾਹ ਦੇ ਬਚਨ ਵਿਚ ਦਿੱਤੀ ਸਲਾਹ ਨੂੰ ਲਾਗੂ ਕਰ ਕੇ ਅਸੀਂ ਇਸ ਅਨੈਤਿਕ ਦੁਨੀਆਂ ਵਿਚ ਸ਼ੁੱਧ ਰਹਿ ਸਕਾਂਗੇ।

[ਫੁਟਨੋਟ]

^ ਪੈਰਾ 11 ਇਹ ਸ਼ਬਦ ‘ਪਰਾਇਆ’ ਉਨ੍ਹਾਂ ਲਈ ਵਰਤਿਆ ਜਾਂਦਾ ਸੀ ਜਿਹੜੇ ਪਰਮੇਸ਼ੁਰ ਦੀ ਬਿਵਸਥਾ ਉੱਤੇ ਅਮਲ ਨਹੀਂ ਕਰਦੇ ਸਨ, ਅਤੇ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਪਰਮੇਸ਼ੁਰ ਤੋਂ ਅੱਡ ਕਰਦੇ ਸਨ। ਇਸ ਲਈ ਇਕ ਕੰਜਰੀ ਨੂੰ “ਪਰਾਈ ਤੀਵੀਂ” ਆਖਿਆ ਜਾਂਦਾ ਹੈ।

[ਸਫ਼ੇ 30 ਉੱਤੇ ਤਸਵੀਰਾਂ]

ਅਨੈਤਿਕ ਕੰਮਾਂ ਦੇ ਨਤੀਜੇ ਨਾਗਦੋਨੇ ਵਰਗੇ ਕੌੜੇ ਹਨ

[ਸਫ਼ੇ 31 ਉੱਤੇ ਤਸਵੀਰਾਂ]

“ਤੂੰ ਆਪਣੀ ਜੁਆਨੀ ਦੀ ਵਹੁਟੀ ਨਾਲ ਅਨੰਦ ਰਹੁ”