ਕੀ ਤੁਹਾਡੀ ਜ਼ਿੰਦਗੀ ਹੋਰ ਵਧੀਆ ਬਣ ਸਕਦੀ ਹੈ?
ਕੀ ਤੁਹਾਡੀ ਜ਼ਿੰਦਗੀ ਹੋਰ ਵਧੀਆ ਬਣ ਸਕਦੀ ਹੈ?
ਕਈਆਂ ਚੀਜ਼ਾਂ ਦੀ ਅਸਲੀ ਕੀਮਤ ਪਹਿਲੀ ਨਜ਼ਰ ਤੇ ਹੀ ਨਹੀਂ ਪਤਾ ਲੱਗਦੀ ਹੈ। ਮਿਸਾਲ ਲਈ, ਅਮਰੀਕਾ ਦਾ ਸਭ ਤੋਂ ਵੱਡਾ ਨੋਟ 10,000 ਡਾਲਰ ਦਾ ਸੀ। ਪਰ, ਜਿਸ ਕਾਗਜ਼ ਉੱਤੇ ਇਹ ਛਾਪਿਆ ਗਿਆ ਸੀ ਉਸ ਦੀ ਅਸਲੀ ਕੀਮਤ ਤਾਂ ਚੁਆਨੀ ਵੀ ਨਹੀਂ ਹੈ।
ਕਾਗਜ਼ ਦੇ ਟੁਕੜਿਆਂ ਦੀ ਅਸਲੀ ਕੀਮਤ ਬਹੁਤ ਥੋੜ੍ਹੀ ਹੁੰਦੀ ਹੈ। ਪਰ ਕੀ ਤੁਸੀਂ ਕਦੀ ਸੋਚਿਆ ਹੈ ਕਿ ਇਹ ਤੁਹਾਡੀ ਜ਼ਿੰਦਗੀ ਨੂੰ ਹੋਰ ਵਧੀਆ ਬਣਾ ਸਕਦੇ ਹਨ? ਕਈ ਲੋਕ ਇਸ ਤਰ੍ਹਾਂ ਸੋਚਦੇ ਹਨ। ਲੱਖਾਂ ਹੀ ਲੋਕ ਦਿਨ-ਰਾਤ ਕੰਮ ਕਰਦੇ ਹਨ ਤਾਂਕਿ ਉਹ ਬਹੁਤ ਸਾਰਾ ਪੈਸਾ ਕਮਾ ਸਕਣ। ਕਦੇ-ਕਦੇ ਪੈਸਾ ਕਮਾਉਂਦੇ ਹੋਏ ਉਨ੍ਹਾਂ ਕੋਲ ਆਪਣੀ ਸਿਹਤ, ਆਪਣੇ ਦੋਸਤ, ਅਤੇ ਪਰਿਵਾਰ ਲਈ ਵੀ ਸਮਾਂ ਨਹੀਂ ਰਹਿੰਦਾ। ਇਸ ਦਾ ਕੀ ਫ਼ਾਇਦਾ ਹੁੰਦਾ ਹੈ? ਕੀ ਪੈਸਾ ਅਤੇ ਉਹ ਚੀਜ਼ਾਂ ਜੋ ਅਸੀਂ ਉਸ ਨਾਲ ਖ਼ਰੀਦ ਸਕਦੇ ਹਾਂ, ਅਸਲੀ ਖ਼ੁਸ਼ੀ ਅਤੇ ਸੁਖ ਲਿਆ ਸਕਦੇ ਹਨ?
ਖੋਜਕਾਰਾਂ ਅਨੁਸਾਰ, ਅਸੀਂ ਪੈਸਿਆਂ ਅਤੇ ਚੀਜ਼ਾਂ ਰਾਹੀਂ ਜਿੰਨਾ ਜ਼ਿਆਦਾ ਸੁਖ ਪਾਉਣਾ ਚਾਹੁੰਦੇ ਹਾਂ, ਉਹ ਸਾਡੇ ਵੱਸ ਤੋਂ ਉੱਨਾ ਜ਼ਿਆਦਾ ਦੂਰ ਹੋ ਜਾਂਦਾ ਹੈ। ਅਲਫੀ ਕੌਨ ਨਾਮਕ ਇਕ ਪੱਤਰਕਾਰ ਨੇ ਸਿੱਟਾ ਕੱਢਿਆ ਕਿ “ਸੁਖ ਖ਼ਰੀਦਿਆ ਨਹੀਂ ਜਾ ਸਕਦਾ . . . ਜਿਹੜੇ ਲੋਕ ਹਰ ਕੀਮਤ ਤੇ ਅਮੀਰ ਬਣਨਾ ਚਾਹੁੰਦੇ ਹਨ ਉਹ ਅਕਸਰ ਕਾਫ਼ੀ ਪਰੇਸ਼ਾਨ ਅਤੇ
ਨਿਰਾਸ਼ ਹੁੰਦੇ ਹਨ, ਨਾਲੇ ਆਮ ਤੌਰ ਤੇ ਉਹ ਖ਼ੁਸ਼ਹਾਲ ਨਹੀਂ ਰਹਿੰਦੇ।”—ਇੰਟਰਨੈਸ਼ਨਲ ਹੈਰਲਡ ਟ੍ਰਿਬਿਊਨ।ਭਾਵੇਂ ਖੋਜਕਾਰ ਜਾਣਦੇ ਹਨ ਕਿ ਸਿਰਫ਼ ਪੈਸਿਆਂ ਨਾਲ ਹੀ ਜ਼ਿੰਦਗੀ ਵਧੀਆ ਨਹੀਂ ਬਣਾਈ ਜਾ ਸਕਦੀ, ਕਈ ਲੋਕ ਇਹ ਗੱਲ ਨਹੀਂ ਮੰਨਦੇ। ਕਿਉਂ ਨਹੀਂ? ਕਿਉਂਕਿ ਮਿਸਾਲ ਲਈ ਪੱਛਮੀ ਦੇਸ਼ਾਂ ਵਿਚ ਰਹਿਣ ਵਾਲੇ ਲੋਕਾਂ ਦੇ ਸਾਮ੍ਹਣੇ ਹਰ ਰੋਜ਼ ਕੁਝ 3,000 ਇਸ਼ਤਿਹਾਰ ਪੇਸ਼ ਕੀਤੇ ਜਾਂਦੇ ਹਨ। ਇਹ ਚਾਹੇ ਕਾਰਾਂ ਜਾਂ ਖਾਣ ਵਾਲੀਆਂ ਚੀਜ਼ਾਂ ਲਈ ਹੋਣ, ਉਨ੍ਹਾਂ ਦਾ ਇੱਕੋ ਸੰਦੇਸ਼ ਹੈ: ‘ਇਸ ਚੀਜ਼ ਨੂੰ ਖ਼ਰੀਦ ਕੇ ਤੁਹਾਨੂੰ ਜ਼ਿਆਦਾ ਖ਼ੁਸ਼ੀ ਮਿਲੇਗੀ।’
ਚੀਜ਼ਾਂ ਉੱਤੇ ਹਮੇਸ਼ਾ ਜ਼ੋਰ ਦੇਣ ਦਾ ਨਤੀਜਾ ਕੀ ਨਿਕਲਿਆ ਹੈ? ਆਮ ਤੌਰ ਤੇ ਰੂਹਾਨੀ ਗੱਲਾਂ ਨੂੰ ਜ਼ਰੂਰੀ ਨਹੀਂ ਸਮਝਿਆ ਜਾਂਦਾ। ਨਿਊਜ਼ਵੀਕ ਰਸਾਲੇ ਦੀ ਇਕ ਰਿਪੋਰਟ ਦੇ ਅਨੁਸਾਰ, ਜਰਮਨੀ ਵਿਚ ਕੋਲੋਨ ਦੇ ਪ੍ਰਮੁੱਖ ਪਾਦਰੀ ਨੇ ਕਿਹਾ ਕਿ “ਸਾਡੇ ਸਮਾਜ ਵਿਚ ਲੋਕ ਹੁਣ ਰੱਬ ਬਾਰੇ ਗੱਲਬਾਤ ਨਹੀਂ ਕਰਦੇ।”
ਸ਼ਾਇਦ ਤੁਸੀਂ ਵੀ ਗੁਜ਼ਾਰਾ ਕਰਨ ਵਿਚ ਰੁੱਝੇ ਹੋਏ ਹੋ। ਤੁਸੀਂ ਸ਼ਾਇਦ ਸੋਚੋ ਕਿ ਤੁਹਾਡੇ ਕੋਲ ਹੋਰ ਕੁਝ ਕਰਨ ਲਈ ਸਮਾਂ ਹੀ ਨਹੀਂ। ਪਰ ਹੋ ਸਕਦਾ ਹੈ ਕਿ ਤੁਸੀਂ ਕਦੀ-ਕਦਾਈਂ ਇਹ ਸਵਾਲ ਪੁੱਛਿਆ ਹੋਵੇ: ਕੀ ਜ਼ਿੰਦਗੀ ਬੱਸ ਇਹੋ ਹੀ ਹੈ ਕਿ ਹਰ ਦਿਨ ਕੰਮ ਕਰੀ ਜਾਣਾ ਜਦ ਤਾਈਂ ਸਾਡੀ ਸਿਹਤ ਖ਼ਰਾਬ ਨਹੀਂ ਹੁੰਦੀ ਜਾਂ ਅਸੀਂ ਬੁੱਢੇ ਨਹੀਂ ਹੋ ਜਾਂਦੇ?
ਕੀ ਰੱਬ ਵੱਲ ਜ਼ਿਆਦਾ ਧਿਆਨ ਦੇਣ ਨਾਲ ਤੁਹਾਨੂੰ ਸੰਤੁਸ਼ਟੀ ਮਿਲ ਸਕਦੀ ਹੈ? ਤੁਹਾਡੀ ਜ਼ਿੰਦਗੀ ਹੋਰ ਵਧੀਆ ਕਿਵੇਂ ਬਣ ਸਕਦੀ ਹੈ?