Skip to content

Skip to table of contents

ਕੀ ਸਨਕੀ ਲੋਕਾਂ ਦਾ ਤੁਹਾਡੇ ਉੱਤੇ ਅਸਰ ਪਿਆ ਹੈ?

ਕੀ ਸਨਕੀ ਲੋਕਾਂ ਦਾ ਤੁਹਾਡੇ ਉੱਤੇ ਅਸਰ ਪਿਆ ਹੈ?

ਕੀ ਸਨਕੀ ਲੋਕਾਂ ਦਾ ਤੁਹਾਡੇ ਉੱਤੇ ਅਸਰ ਪਿਆ ਹੈ?

“ਸਨਕੀ ਬੰਦਾ ਉਹ ਹੁੰਦਾ ਹੈ ਜੋ ਕਿਸੇ ਦੂਜੇ ਬੰਦੇ ਵਿਚ ਕੋਈ ਚੰਗਾ ਗੁਣ ਨਹੀਂ ਦੇਖ ਸਕਦਾ, ਪਰ ਉਸ ਨੂੰ ਹਮੇਸ਼ਾ ਨੁਕਤਾਚੀਨੀ ਸੁੱਝਦੀ ਹੈ। ਉਹ ਇਕ ਉੱਲੂ ਵਾਂਗ ਰਾਤ ਨੂੰ ਸਚੇਤ ਪਰ ਦਿਨ ਨੂੰ ਅੰਨ੍ਹਾ ਹੁੰਦਾ ਹੈ। ਕੋਈ ਚੰਗਾ ਸ਼ਿਕਾਰ ਲੱਭਣ ਦੀ ਬਜਾਇ ਉਹ ਹੌਲੀ-ਹੌਲੀ ਕੀੜੇ-ਮਕੌੜੇ ਲੱਭਦਾ ਰਹਿੰਦਾ ਹੈ।” ਮੰਨਿਆ ਜਾਂਦਾ ਹੈ ਕਿ ਇਹ ਗੱਲ 19ਵੀਂ ਸਦੀ ਦੇ ਇਕ ਅਮਰੀਕੀ ਪਾਦਰੀ ਨੇ ਕਹੀ ਸੀ। ਕਈ ਲੋਕ ਸ਼ਾਇਦ ਸੋਚਣ ਕਿ ਇਹ ਗੱਲ ਅੱਜ-ਕੱਲ੍ਹ ਦੇ ਸਨਕੀ ਲੋਕਾਂ ਨੂੰ ਚੰਗੀ ਤਰ੍ਹਾਂ ਦਰਸਾਉਂਦੀ ਹੈ। ਪਰ “ਸਨਕੀ” ਸ਼ਬਦ ਪ੍ਰਾਚੀਨ ਯੂਨਾਨ ਤੋਂ ਆਇਆ ਹੈ ਅਤੇ ਉੱਥੇ ਇਸ ਦਾ ਅਰਥ ਸਿਰਫ਼ ਨੁਕਤਾਚੀਨੀ ਕਰਨ ਵਾਲਾ ਇਕ ਇਨਸਾਨ ਹੀ ਨਹੀਂ ਸੀ। ਕਈਆਂ ਸਦੀਆਂ ਲਈ ਇਹ ਫ਼ਿਲਾਸਫ਼ਰਾਂ ਦੇ ਇਕ ਸਮੂਹ ਨਾਲ ਸੰਬੰਧ ਰੱਖਦਾ ਸੀ।

ਸਨਕੀ ਬੰਦਿਆਂ ਦਾ ਫ਼ਲਸਫ਼ਾ ਕਿਸ ਤਰ੍ਹਾਂ ਸ਼ੁਰੂ ਹੋਇਆ ਸੀ? ਉਹ ਕੀ ਸਿਖਾਉਂਦੇ ਸਨ? ਕੀ ਸਨਕੀ ਵਿਚਾਰ ਰੱਖਣੇ ਮਸੀਹੀਆਂ ਲਈ ਚੰਗੀ ਗੱਲ ਹੈ?

ਸਨਕੀ ਲੋਕਾਂ ਦੀ ਸ਼ੁਰੂਆਤ ਅਤੇ ਵਿਸ਼ਵਾਸ

ਪ੍ਰਾਚੀਨ ਯੂਨਾਨ ਵਿਚ ਬਹੁਤ ਸਾਰਿਆਂ ਵਿਸ਼ਿਆਂ ਉੱਤੇ ਗੱਲਾਂ-ਬਾਤਾਂ ਅਤੇ ਬਹਿਸਾਂ ਕੀਤੀਆਂ ਜਾਂਦੀਆਂ ਸਨ। ਪਹਿਲੀ ਸਦੀ ਤੋਂ ਕਈ ਸਦੀਆਂ ਪਹਿਲਾਂ, ਸੁਕਰਾਤ, ਅਫਲਾਤੂਨ, ਅਤੇ ਅਰਸਤੂ ਵਰਗੇ ਮਨੁੱਖਾਂ ਨੇ ਉਹ ਫ਼ਲਸਫ਼ੇ ਪੇਸ਼ ਕੀਤੇ ਜਿਨ੍ਹਾਂ ਨੇ ਉਨ੍ਹਾਂ ਨੂੰ ਮਸ਼ਹੂਰ ਬਣਾਇਆ ਸੀ। ਉਨ੍ਹਾਂ ਦੀਆਂ ਸਿੱਖਿਆਵਾਂ ਦਾ ਲੋਕਾਂ ਉੱਤੇ ਵੱਡਾ ਅਸਰ ਪਿਆ ਅਤੇ ਅਜਿਹੇ ਵਿਚਾਰ ਪੱਛਮੀ ਦੇਸ਼ਾਂ ਦੇ ਸਭਿਆਚਾਰ ਵਿਚ ਅੱਜ-ਕੱਲ੍ਹ ਵੀ ਮਿਲਦੇ ਹਨ।

ਸੁਕਰਾਤ (470-399 ਸਾ.ਯੁ.ਪੂ.) ਨੇ ਦਲੀਲ ਕੀਤੀ ਸੀ ਕਿ ਅਸਲੀ ਖ਼ੁਸ਼ੀ ਧਨ-ਦੌਲਤ ਇਕੱਠੀ ਕਰਨ ਜਾਂ ਮਜ਼ੇ ਲੁੱਟਣ ਤੋਂ ਨਹੀਂ ਮਿਲਦੀ। ਉਸ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਅਸਲੀ ਖ਼ੁਸ਼ੀ ਉਦੋਂ ਮਿਲਦੀ ਹੈ ਜਦੋਂ ਆਪਣੀ ਸਾਰੀ ਜ਼ਿੰਦਗੀ ਨੇਕ ਕੰਮ ਕਰਨ ਵਿਚ ਲਾਈ ਜਾਂਦੀ ਹੈ। ਸੁਕਰਾਤ ਸਮਝਦਾ ਸੀ ਕਿ ਨੇਕੀ ਹੀ ਸਭ ਤੋਂ ਉੱਤਮ ਭਲਿਆਈ ਹੈ ਅਤੇ ਨੇਕ ਬਣਨਾ ਉਸ ਦਾ ਟੀਚਾ ਸੀ। ਉਸ ਨੇ ਸੁਖ ਦੇਣ ਵਾਲੀਆਂ ਚੀਜ਼ਾਂ ਅਤੇ ਬੇਲੋੜਾ ਜਤਨ ਰੱਦ ਕੀਤੇ ਕਿਉਂਕਿ ਉਹ ਸੋਚਦਾ ਸੀ ਕਿ ਇਹ ਚੀਜ਼ਾਂ ਨੇਕ ਬਣਨ ਤੋਂ ਉਸ ਦਾ ਧਿਆਨ ਹਟਾ ਸਕਦੀਆਂ ਸਨ। ਉਸ ਨੇ ਸਭ ਐਸ਼ੋ-ਅਰਾਮ ਤਿਆਗ ਕੇ ਸਾਦੀ ਜਿਹੀ ਜ਼ਿੰਦਗੀ ਗੁਜ਼ਾਰੀ ਸੀ।

ਸੁਕਰਾਤ ਨੇ ਸਿੱਖਿਆ ਦੇਣ ਦਾ ਇਕ ਨਵਾਂ ਢੰਗ ਇਸਤੇਮਾਲ ਕੀਤਾ, ਜਿਸ ਨੂੰ ਸੁਕਰਾਤੀ ਵਿਧੀ ਸੱਦਿਆ ਗਿਆ ਸੀ। ਜਦ ਕਿ ਜ਼ਿਆਦਾਤਰ ਸੋਚਵਾਨ ਲੋਕ ਆਪਣਾ ਕੋਈ ਵਿਚਾਰ ਪੇਸ਼ ਕਰ ਕੇ ਉਸ ਨੂੰ ਸਾਬਤ ਕਰਨ ਦੀਆਂ ਦਲੀਲਾਂ ਪੇਸ਼ ਕਰਦੇ ਸਨ, ਸੁਕਰਾਤ ਨੇ ਇਸ ਦੇ ਉਲਟ ਕੀਤਾ ਸੀ। ਉਹ ਦੂਸਰਿਆਂ ਫ਼ਿਲਾਸਫ਼ਰਾਂ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਵਿਚ ਗ਼ਲਤੀਆਂ ਕੱਢਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀ। ਇਸ ਤਰ੍ਹਾਂ ਦੂਸਰਿਆਂ ਦੀ ਨੁਕਤਾਚੀਨੀ ਕਰ ਕੇ ਉਹ ਉਨ੍ਹਾਂ ਲਈ ਘਿਰਣਾ ਦਿਖਾਉਂਦਾ ਸੀ।

ਸੁਕਰਾਤ ਦੇ ਚੇਲਿਆਂ ਵਿਚ ਐਂਟਿਸਟਨੀਸ (ਲਗਭਗ 445-365 ਸਾ.ਯੁ.ਪੂ.) ਨਾਂ ਦਾ ਇਕ ਫ਼ਿਲਾਸਫ਼ਰ ਵੀ ਸੀ। ਉਹ ਅਤੇ ਕੁਝ ਹੋਰ ਬੰਦੇ ਸੁਕਰਾਤ ਦੀ ਮੂਲ ਸਿੱਖਿਆ ਤੋਂ ਇਕ ਕਦਮ ਅੱਗੇ ਨਿਕਲੇ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਨੇਕੀ ਵਿਚ ਹੀ ਭਲਾਈ ਸੀ। ਉਨ੍ਹਾਂ ਦੇ ਅਨੁਸਾਰ ਐਸ਼ੋ-ਆਰਾਮ ਸਿਰਫ਼ ਨੇਕੀ ਤੋਂ ਧਿਆਨ ਹੀ ਨਹੀਂ ਹਟਾਉਂਦੇ ਸਨ ਪਰ ਬੁਰਾਈ ਦਾ ਇਕ ਰੂਪ ਸਨ। ਉਨ੍ਹਾਂ ਨੇ ਲੋਕਾਂ ਨਾਲ ਮਿਲਣਾ-ਵਰਤਣਾ ਬਿਲਕੁਲ ਬੰਦ ਕਰ ਦਿੱਤਾ ਅਤੇ ਉਨ੍ਹਾਂ ਨਾਲ ਨਫ਼ਰਤ ਕਰਨ ਲੱਗ ਪਏ। ਇਹ ਸਨਕੀ ਲੋਕਾਂ ਵਜੋਂ ਜਾਣੇ ਗਏ ਸਨ। ਹੋ ਸਕਦਾ ਹੈ ਕਿ ਸਨਕੀ ਨਾਂ ਉਸ ਯੂਨਾਨੀ ਸ਼ਬਦ (ਕੀਨੀਕੌਸ) ਤੋਂ ਆਇਆ ਹੋਵੇ ਜੋ ਉਨ੍ਹਾਂ ਦੇ ਰੁੱਖੇ ਅਤੇ ਘਮੰਡੀ ਸਲੂਕ ਲਈ ਵਰਤਿਆ ਜਾਂਦਾ ਸੀ। ਇਸ ਸ਼ਬਦ ਦਾ ਅਰਥ ਹੈ “ਕੁੱਤੇ ਵਰਗਾ।” *

ਉਨ੍ਹਾਂ ਦਾ ਜੀਵਨ-ਢੰਗ

ਭਾਵੇਂ ਕਿ ਸਨਕੀ ਫ਼ਲਸਫ਼ੇ ਦੀਆਂ ਕੁਝ ਗੱਲਾਂ ਸ਼ਾਇਦ ਸ਼ਲਾਘਾ ਕਰਨ ਦੇ ਯੋਗ ਲੱਗਦੀਆਂ ਸਨ, ਜਿਵੇਂ ਕਿ ਧਨ-ਦੌਲਤ ਦੇ ਮਗਰ ਨਾ ਲੱਗਣਾ ਅਤੇ ਮਜ਼ੇ ਨਾ ਲੁੱਟਣੇ, ਆਮ ਤੌਰ ਤੇ ਸਨਕੀ ਬੰਦੇ ਆਪਣੇ ਵਿਚਾਰਾਂ ਨੂੰ ਹੱਦੋਂ-ਵੱਧ ਲੈ ਜਾਂਦੇ ਸਨ। ਇਸ ਦਾ ਸਬੂਤ ਡਾਇਓਜਨੀਸ ਨਾਂ ਦੇ ਸਭ ਤੋਂ ਮਸ਼ਹੂਰ ਸਨਕੀ ਫ਼ਿਲਾਸਫ਼ਰ ਦੀ ਜ਼ਿੰਦਗੀ ਤੋਂ ਮਿਲਦਾ ਹੈ।

ਡਾਇਓਜਨੀਸ ਦਾ ਜਨਮ 412 ਸਾ.ਯੁ.ਪੂ. ਵਿਚ ਕਾਲੇ ਸਾਗਰ ਦੇ ਸਨੋਪੀ ਸ਼ਹਿਰ ਵਿਚ ਹੋਇਆ ਸੀ। ਉਹ ਆਪਣੇ ਪਿਤਾ ਨਾਲ ਐਥਿਨਜ਼ ਵਿਚ ਰਹਿਣ ਚੱਲੇ ਗਿਆ, ਜਿੱਥੇ ਉਸ ਨੂੰ ਸਨਕੀ ਬੰਦਿਆਂ ਦੀ ਸਿੱਖਿਆ ਬਾਰੇ ਪਤਾ ਲੱਗਾ। ਐਂਟਿਸਟਨੀਸ ਨੇ ਖ਼ੁਦ ਡਾਇਓਜਨੀਸ ਨੂੰ ਸਿੱਖਿਆ ਦਿੱਤੀ ਅਤੇ ਉਹ ਸਨਕੀ ਫ਼ਲਸਫ਼ੇ ਵਿਚ ਰੁੱਝ ਗਿਆ। ਸੁਕਰਾਤ ਦਾ ਜੀਵਨ-ਢੰਗ ਬੜਾ ਸਾਦਾ ਸੀ, ਅਤੇ ਐਂਟਿਸਟਨੀਸ ਦਾ ਸੰਜਮੀ ਸੀ। ਪਰ ਡਾਇਓਜਨੀਸ ਦੀ ਜ਼ਿੰਦਗੀ ਤਪੱਸਵੀ ਸੀ। ਇਹ ਦਿਖਾਉਣ ਲਈ ਕਿ ਉਹ ਸਾਰੇ ਐਸ਼ੋ-ਅਰਾਮ ਰੱਦ ਕਰ ਚੁੱਕਾ ਸੀ, ਮੰਨਿਆ ਜਾਂਦਾ ਹੈ ਕਿ ਉਹ ਥੋੜ੍ਹੇ ਜਿਹੇ ਸਮੇਂ ਲਈ ਲੱਕੜ ਦੇ ਢੋਲ ਵਿਚ ਰਿਹਾ ਸੀ!

ਕਿਹਾ ਜਾਂਦਾ ਹੈ ਕਿ ਸਭ ਤੋਂ ਉੱਤਮ ਭਲਾਈ ਲੱਭਣ ਲਈ ਡਾਇਓਜਨੀਸ ਦਿਨ ਦਿਹਾੜੇ ਦਿਵਾ ਜਲਾ ਕੇ ਕਿਸੇ ਨੇਕ ਵਿਅਕਤੀ ਦੀ ਖੋਜ ਕਰਦਾ ਹੋਇਆ ਐਥਿਨਜ਼ ਵਿਚ ਘੁੰਮਿਆ-ਫਿਰਿਆ! ਅਜਿਹੇ ਤੌਰ-ਤਰੀਕਿਆਂ ਰਾਹੀਂ ਡਾਇਓਜਨੀਸ ਅਤੇ ਹੋਰ ਸਨਕੀ ਲੋਕ ਦੂਸਰਿਆਂ ਦਾ ਧਿਆਨ ਖਿੱਚ ਕੇ ਸਿੱਖਿਆ ਦਿੰਦੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਇਕ ਵਾਰ ਸਿਕੰਦਰ ਮਹਾਨ ਨੇ ਡਾਇਓਜਨੀਸ ਨੂੰ ਪੁੱਛਿਆ ਕਿ ਉਹ ਆਪਣੀ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਕੀ ਚਾਹੁੰਦਾ ਸੀ। ਡਾਇਓਜਨੀਸ ਨੇ ਜਵਾਬ ਦਿੱਤਾ ਕਿ ਉਹ ਬੱਸ ਇਹੋ ਚਾਹੁੰਦਾ ਸੀ ਕਿ ਸਿਕੰਦਰ ਇਕ ਪਾਸੇ ਹੋ ਜਾਵੇ ਤਾਂਕਿ ਉਹ ਧੁੱਪ ਨੂੰ ਨਾ ਰੋਕੇ!

ਡਾਇਓਜਨੀਸ ਅਤੇ ਦੂਸਰੇ ਸਨਕੀ ਬੰਦੇ ਭਿਖਾਰੀਆਂ ਵਾਂਗ ਰਹਿੰਦੇ ਸਨ। ਉਨ੍ਹਾਂ ਕੋਲ ਦੂਸਰਿਆਂ ਲਈ ਕੋਈ ਸਮਾਂ ਨਹੀਂ ਸੀ ਅਤੇ ਸਮਾਜ ਵਿਚ ਉਹ ਆਪਣੇ ਫ਼ਰਜ਼ ਨਹੀਂ ਨਿਭਾਉਂਦੇ ਸਨ। ਸ਼ਾਇਦ ਸੁਕਰਾਤ ਦੇ ਸਿੱਖਿਆ ਦੇਣ ਦੇ ਢੰਗ ਤੋਂ ਪ੍ਰਭਾਵਿਤ ਹੋ ਕੇ ਉਹ ਦੂਸਰਿਆਂ ਦੀ ਰਤਾ ਵੀ ਇੱਜ਼ਤ ਨਹੀਂ ਕਰਦੇ ਸਨ। ਡਾਇਓਜਨੀਸ ਆਪਣੀਆਂ ਚੁਭਵੀਆਂ ਗੱਲਾਂ ਲਈ ਮਸ਼ਹੂਰ ਹੋਇਆ। ਸਨਕੀ ਬੰਦਿਆਂ ਨੂੰ ਉਨ੍ਹਾਂ ਦੇ ਸੁਭਾਅ ਕਾਰਨ ‘ਕੁੱਤੇ ਵਰਗੇ’ ਸੱਦਿਆ ਜਾਂਦਾ ਸੀ, ਪਰ ਡਾਇਓਜਨੀਸ ਦਾ ਦੂਸਰਾ ਨਾਂ ਹੀ ਕੁੱਤਾ ਰੱਖਿਆ ਗਿਆ ਸੀ। ਉਸ ਦੀ ਮੌਤ ਲਗਭਗ 320 ਸਾ.ਯੁ.ਪੂ. ਵਿਚ ਹੋਈ ਜਦੋਂ ਉਹ ਕੁਝ 90 ਸਾਲਾਂ ਦਾ ਸੀ। ਉਸ ਦੀ ਕਬਰ ਤੇ ਕੁੱਤੇ ਦੇ ਰੂਪ ਵਿਚ ਸੰਗਮਰਮਰ ਦੀ ਯਾਦਗਾਰ ਬਣਾਈ ਗਈ ਸੀ।

ਸਨਕੀ ਫ਼ਲਸਫ਼ੇ ਦੀਆਂ ਕੁਝ ਗੱਲਾਂ ਹੋਰ ਸਿੱਖਿਆਵਾਂ ਦਾ ਵੀ ਹਿੱਸਾ ਬਣ ਗਈਆਂ। ਪਰ ਸਮਾਂ ਬੀਤਣ ਨਾਲ ਡਾਇਓਜਨੀਸ ਅਤੇ ਹੋਰ ਚੇਲਿਆਂ ਦੇ ਤੌਰ-ਤਰੀਕਿਆਂ ਨੇ ਸਨਕੀ ਸਿੱਖਿਆ ਨੂੰ ਬਦਨਾਮ ਕਰ ਦਿੱਤਾ। ਅੰਤ ਵਿਚ ਇਹ ਤੌਰ-ਤਰੀਕੇ ਖ਼ਤਮ ਹੀ ਹੋ ਗਏ।

ਕੀ ਤੁਹਾਨੂੰ ਅੱਜ-ਕੱਲ੍ਹ ਦੇ ਸਨਕੀ ਲੋਕਾਂ ਵਰਗੇ ਹੋਣਾ ਚਾਹੀਦਾ ਹੈ?

ਅੰਗ੍ਰੇਜ਼ੀ ਦਾ ਇਕ ਕੋਸ਼ ਦੱਸਦਾ ਹੈ ਕਿ ਅੱਜ ਦਾ ਸਨਕੀ ਬੰਦਾ ‘ਅਜਿਹਾ ਇਨਸਾਨ ਹੁੰਦਾ ਹੈ ਜੋ ਦੂਸਰਿਆਂ ਨੂੰ ਝਿੜਕਦਾ ਅਤੇ ਉਨ੍ਹਾਂ ਵਿਚ ਗ਼ਲਤੀਆਂ ਕੱਢਦਾ ਰਹਿੰਦਾ ਹੈ। ਉਹ ਹਮੇਸ਼ਾ ਇਹੀ ਸੋਚਦਾ ਹੈ ਕਿ ਦੂਸਰਿਆਂ ਦੇ ਇਰਾਦੇ ਜਾਂ ਕੰਮ ਈਮਾਨਦਾਰ ਜਾਂ ਚੰਗੇ ਨਹੀਂ ਹੁੰਦੇ; ਅਤੇ ਉਹ ਤਾਅਨੇ ਮਾਰਨ ਵਾਲਾ ਅਤੇ ਕਸੂਰ ਕੱਢਣ ਵਾਲਾ ਇਨਸਾਨ ਹੁੰਦਾ ਹੈ।’ ਅਸੀਂ ਦੁਨੀਆਂ ਵਿਚ ਅਜਿਹੇ ਔਗੁਣ ਦੇਖ ਸਕਦੇ ਹਾਂ, ਪਰ ਇਨ੍ਹਾਂ ਦਾ ਮਸੀਹੀ ਸ਼ਖ਼ਸੀਅਤ ਨਾਲ ਕੋਈ ਮੇਲ ਨਹੀਂ ਹੈ। ਹੇਠਾਂ ਲਿਖੀਆਂ ਗਈਆਂ ਬਾਈਬਲ ਦੀਆਂ ਸਿੱਖਿਆਵਾਂ ਅਤੇ ਅਸੂਲਾਂ ਉੱਤੇ ਗੌਰ ਕਰੋ।

“ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜੀ ਅਤੇ ਦਯਾ ਨਾਲ ਭਰਪੂਰ। ਉਹ ਸਦਾ ਨਹੀਂ ਝਿੜਕੇਗਾ, ਨਾ ਸਦਾ ਲਈ ਆਪਣਾ ਕ੍ਰੋਧ ਰੱਖੇਗਾ।” (ਜ਼ਬੂਰ 103:8, 9) ਮਸੀਹੀਆਂ ਨੂੰ ‘ਪਰਮੇਸ਼ੁਰ ਦੀ ਰੀਸ ਕਰਨ’ ਲਈ ਹੌਸਲਾ ਦਿੱਤਾ ਜਾਂਦਾ ਹੈ। (ਅਫ਼ਸੀਆਂ 5:1) ਜੇਕਰ ਸਰਬਸ਼ਕਤੀਮਾਨ ਪਰਮੇਸ਼ੁਰ ‘ਝਿੜਕਣ ਅਤੇ ਗ਼ਲਤੀਆਂ ਕੱਢਣ’ ਦੀ ਬਜਾਇ ਕਿਰਪਾ ਅਤੇ ਦਇਆ ਕਰਨੀ ਚਾਹੁੰਦਾ ਹੈ, ਤਾਂ ਮਸੀਹੀਆਂ ਨੂੰ ਵੀ ਉਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਯਹੋਵਾਹ ਦੇ ਅਕਸ ਵਜੋਂ ਯਿਸੂ ਮਸੀਹ ਨੇ ‘ਸਾਡੇ ਲਈ ਇੱਕ ਨਮੂਨਾ ਛੱਡਿਆ ਭਈ ਅਸੀਂ ਉਹ ਦੀ ਪੈੜ ਉੱਤੇ ਤੁਰੀਏ।’ (1 ਪਤਰਸ 2:21; ਇਬਰਾਨੀਆਂ 1:3) ਸਮੇਂ-ਸਮੇਂ ਤੇ ਯਿਸੂ ਨੇ ਝੂਠੀਆਂ ਧਾਰਮਿਕ ਗੱਲਾਂ ਦਾ ਅਤੇ ਦੁਨੀਆਂ ਦੀ ਬੁਰਾਈ ਦਾ ਪਰਦਾ ਫ਼ਾਸ਼ ਕੀਤਾ ਸੀ। (ਯੂਹੰਨਾ 7:7) ਪਰ ਉਸ ਨੇ ਈਮਾਨਦਾਰ ਲੋਕਾਂ ਦੀ ਤਾਰੀਫ਼ ਕੀਤੀ। ਮਿਸਾਲ ਲਈ ਉਸ ਨੇ ਨਥਾਨਿਏਲ ਬਾਰੇ ਕਿਹਾ: “ਵੇਖੋ ਸੱਚਾ ਇਸਰਾਏਲੀ ਜਿਹ ਦੇ ਵਿੱਚ ਛੱਲ ਨਹੀਂ ਹੈ।” (ਯੂਹੰਨਾ 1:47) ਜਦੋਂ ਯਿਸੂ ਨੇ ਚਮਤਕਾਰ ਕੀਤੇ ਸਨ ਤਾਂ ਉਸ ਨੇ ਕੁਝ ਮੌਕਿਆਂ ਤੇ ਉਸ ਤੋਂ ਲਾਭ ਪ੍ਰਾਪਤ ਕਰਨ ਵਾਲੇ ਦੀ ਨਿਹਚਾ ਵੱਲ ਧਿਆਨ ਖਿੱਚਿਆ ਸੀ। (ਮੱਤੀ 9:22) ਅਤੇ ਜਦੋਂ ਕਈਆਂ ਨੇ ਇਹ ਸ਼ਿਕਾਇਤ ਕੀਤੀ ਕਿ ਯਿਸੂ ਲਈ ਇਕ ਔਰਤ ਦਾ ਤੋਹਫ਼ਾ ਬਹੁਤ ਮਹਿੰਗਾ ਸੀ, ਤਾਂ ਯਿਸੂ ਨੇ ਉਸ ਔਰਤ ਦੇ ਇਰਾਦੇ ਉੱਤੇ ਸ਼ੱਕ ਨਹੀਂ ਕੀਤਾ ਪਰ ਉਸ ਨੇ ਕਿਹਾ: “ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਹੋਵੇਗਾ ਉੱਥੇ ਇਹ ਵੀ ਜੋ ਉਹ ਨੇ ਕੀਤਾ ਹੈ ਉਹ ਦੀ ਯਾਦਗਾਰੀ ਲਈ ਕਿਹਾ ਜਾਵੇਗਾ।” (ਮੱਤੀ 26:6-13) ਯਿਸੂ ਇਕ ਦੋਸਤ ਅਤੇ ਸਾਥੀ ਵਜੋਂ ਆਪਣੇ ਚੇਲਿਆਂ ਉੱਤੇ ਭਰੋਸਾ ਰੱਖਦਾ ਸੀ ਅਤੇ ਉਨ੍ਹਾਂ ਨਾਲ ਪਿਆਰ ਕਰਦਾ ਸੀ। ਉਹ ਉਨ੍ਹਾਂ ਨਾਲ “ਅੰਤ ਤੋੜੀ ਪਿਆਰ ਕਰਦਾ ਰਿਹਾ।”—ਯੂਹੰਨਾ 13:1.

ਯਿਸੂ ਸੰਪੂਰਣ ਸੀ, ਇਸ ਲਈ ਉਹ ਸੌਖੀ ਤਰ੍ਹਾਂ ਅਪੂਰਣ ਲੋਕਾਂ ਵਿਚ ਗ਼ਲਤੀਆਂ ਕੱਢ ਸਕਦਾ ਸੀ। ਪਰ ਸ਼ੱਕੀ ਹੋਣ ਅਤੇ ਨੁਕਤਾਚੀਨੀ ਕਰਨ ਦੀ ਬਜਾਇ ਉਸ ਨੇ ਲੋਕਾਂ ਨੂੰ ਆਰਾਮ ਦੇਣ ਦੀ ਕੋਸ਼ਿਸ਼ ਕੀਤੀ।—ਮੱਤੀ 11:29, 30.

“[ਪ੍ਰੇਮ] ਸਭਨਾਂ ਗੱਲਾਂ ਦੀ ਪਰਤੀਤ ਕਰਦਾ” ਹੈ। (1 ਕੁਰਿੰਥੀਆਂ 13:7) ਇਹ ਗੱਲ ਸਨਕੀ ਬੰਦੇ ਦੇ ਖ਼ਿਆਲਾਂ ਤੋਂ ਬਿਲਕੁਲ ਉਲਟ ਹੈ, ਜੋ ਦੂਸਰਿਆਂ ਦੇ ਇਰਾਦਿਆਂ ਅਤੇ ਕੰਮਾਂ ਉੱਤੇ ਸ਼ੱਕ ਕਰਦਾ ਹੈ। ਇਹ ਸੱਚ ਹੈ ਕਿ ਦੁਨੀਆਂ ਵਿਚ ਲੋਕਾਂ ਦੇ ਇਰਾਦੇ ਹਮੇਸ਼ਾ ਚੰਗੇ ਨਹੀਂ ਹੁੰਦੇ, ਇਸ ਲਈ ਸਾਵਧਾਨੀ ਦੀ ਜ਼ਰੂਰਤ ਹੁੰਦੀ ਹੈ। (ਕਹਾਉਤਾਂ 14:15) ਪਰ, ਪ੍ਰੇਮ ਵਿਸ਼ਵਾਸ ਕਰਨ ਲਈ ਤਿਆਰ ਹੁੰਦਾ ਹੈ ਕਿਉਂਕਿ ਇਹ ਐਵੇਂ ਸ਼ੱਕੀ ਨਹੀਂ ਹੁੰਦਾ।

ਪਰਮੇਸ਼ੁਰ ਆਪਣੇ ਸੇਵਕਾਂ ਨਾਲ ਪ੍ਰੇਮ ਕਰਦਾ ਹੈ ਅਤੇ ਉਨ੍ਹਾਂ ਉੱਤੇ ਭਰੋਸਾ ਰੱਖਦਾ ਹੈ। ਉਹ ਉਨ੍ਹਾਂ ਦੀਆਂ ਕਮੀਆਂ ਉਨ੍ਹਾਂ ਨਾਲੋਂ ਬਿਹਤਰ ਜਾਣਦਾ ਹੈ। ਪਰ ਯਹੋਵਾਹ ਆਪਣੇ ਲੋਕਾਂ ਉੱਤੇ ਸ਼ੱਕ ਨਹੀਂ ਕਰਦਾ ਅਤੇ ਉਹ ਉਨ੍ਹਾਂ ਤੋਂ ਸਿਰਫ਼ ਉਹ ਹੀ ਮੰਗਦਾ ਹੈ ਜੋ ਉਹ ਦੇ ਸਕਦੇ ਹਨ। (ਜ਼ਬੂਰ 103:13, 14) ਇਸ ਤੋਂ ਇਲਾਵਾ, ਪਰਮੇਸ਼ੁਰ ਇਨਸਾਨਾਂ ਦੇ ਚੰਗੇ ਗੁਣ ਦੇਖਦਾ ਹੈ, ਅਤੇ ਭਾਵੇਂ ਉਸ ਦੇ ਸੇਵਕ ਅਪੂਰਣ ਹਨ ਉਹ ਉਨ੍ਹਾਂ ਦੀ ਵਫ਼ਾਦਾਰੀ ਦੇਖਦਾ ਹੈ। ਉਹ ਉਨ੍ਹਾਂ ਉੱਤੇ ਭਰੋਸਾ ਰੱਖ ਕੇ ਉਨ੍ਹਾਂ ਨੂੰ ਸਨਮਾਨ ਅਤੇ ਜ਼ਿੰਮੇਵਾਰੀਆਂ ਵੀ ਦਿੰਦਾ ਹੈ।—1 ਰਾਜਿਆਂ 14:13; ਜ਼ਬੂਰ 82:6.

“ਮੈਂ ਯਹੋਵਾਹ ਦਿਲ ਨੂੰ ਜੋਹੰਦਾ ਹਾਂ, ਅਤੇ ਗੁਰਦਿਆਂ ਨੂੰ ਪਰਤਾਉਂਦਾ ਹਾਂ, ਭਈ ਹਰ ਮਨੁੱਖ ਨੂੰ ਉਹ ਦੇ ਚਾਲ ਚਲਣ ਅਨੁਸਾਰ, ਅਤੇ ਉਹ ਦੇ ਕੰਮਾਂ ਦੇ ਫਲਾਂ ਅਨੁਸਾਰ ਬਦਲਾ ਦਿਆਂ।” (ਯਿਰਮਿਯਾਹ 17:10) ਯਹੋਵਾਹ ਹਰ ਇਨਸਾਨ ਦਾ ਦਿਲ ਦੇਖ ਸਕਦਾ ਹੈ। ਅਸੀਂ ਨਹੀਂ ਦੇਖ ਸਕਦੇ। ਇਸ ਲਈ ਸਾਨੂੰ ਦੂਸਰਿਆਂ ਦੇ ਇਰਾਦਿਆਂ ਨੂੰ ਗ਼ਲਤ ਸਮਝਣ ਬਾਰੇ ਖ਼ਬਰਦਾਰ ਰਹਿਣਾ ਚਾਹੀਦਾ ਹੈ।

ਜੇਕਰ ਅਸੀਂ ਸਨਕੀ ਖ਼ਿਆਲਾਂ ਨੂੰ ਆਪਣੇ ਦਿਲ ਵਿਚ ਜੜ੍ਹ ਫੜਨ ਦੇਈਏ, ਅਤੇ ਆਪਣੀ ਸੋਚਣੀ ਉੱਤੇ ਅਸਰ ਪਾਉਣ ਦੇਈਏ, ਤਾਂ ਸਾਡੇ ਅਤੇ ਦੂਸਰੇ ਭੈਣਾਂ-ਭਰਾਵਾਂ ਵਿਚਕਾਰ ਫੁੱਟ ਪੈ ਸਕਦੇ ਹਨ। ਇਹ ਮਸੀਹੀ ਕਲੀਸਿਯਾ ਦੀ ਸ਼ਾਂਤੀ ਨੂੰ ਲੁੱਟ ਸਕਦੇ ਹਨ। ਇਸ ਲਈ ਆਓ ਆਪਾਂ ਯਿਸੂ ਦੀ ਮਿਸਾਲ ਉੱਤੇ ਚੱਲੀਏ ਜੋ ਆਪਣੇ ਚੇਲਿਆਂ ਦੀਆਂ ਕਮੀਆਂ ਜਾਣਦੇ ਹੋਏ ਵੀ ਉਨ੍ਹਾਂ ਦੇ ਚੰਗੇ ਗੁਣ ਦੇਖਦਾ ਸੀ। ਉਹ ਉਨ੍ਹਾਂ ਦਾ ਚੰਗਾ ਦੋਸਤ ਬਣਿਆ ਸੀ।—ਯੂਹੰਨਾ 15:11-15.

“ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਤਿਹੋ ਜਿਹਾ ਕਰੋ।” (ਲੂਕਾ 6:31) ਯਿਸੂ ਮਸੀਹ ਦੀ ਇਹ ਸਲਾਹ ਲਾਗੂ ਕਰਨ ਦੇ ਕਈ ਤਰੀਕੇ ਹਨ। ਮਿਸਾਲ ਲਈ, ਅਸੀਂ ਸਾਰੇ ਚਾਹੁੰਦੇ ਹਾਂ ਕਿ ਲੋਕ ਸਾਡੇ ਨਾਲ ਤਮੀਜ਼ ਨਾਲ ਗੱਲ ਕਰਨ। ਤਾਂ ਫਿਰ ਸਾਨੂੰ ਵੀ ਦੂਸਰਿਆਂ ਨਾਲ ਤਮੀਜ਼ ਨਾਲ ਗੱਲ ਕਰਨੀ ਚਾਹੀਦੀ ਹੈ। ਭਾਵੇਂ ਕਿ ਯਿਸੂ ਨੇ ਧਾਰਮਿਕ ਆਗੂਆਂ ਦੀਆਂ ਝੂਠੀਆਂ ਸਿੱਖਿਆਵਾਂ ਦਾ ਭੇਤ ਖੋਲ੍ਹਿਆ ਸੀ, ਉਸ ਨੇ ਇਹ ਸਨਕੀ ਤਰੀਕੇ ਵਿਚ ਕਦੀ ਵੀ ਨਹੀਂ ਕੀਤਾ ਸੀ।—ਮੱਤੀ 23:13-36.

ਸਨਕੀ ਖ਼ਿਆਲਾਂ ਦੇ ਅਸਰ ਤੋਂ ਬਚਣ ਦੇ ਤਰੀਕੇ

ਜੇਕਰ ਅਸੀਂ ਕਿਸੇ ਦੇ ਕਾਰਨ ਨਿਰਾਸ਼ ਹੋਏ ਹਾਂ, ਤਾਂ ਸਨਕੀ ਖ਼ਿਆਲਾਂ ਦਾ ਅਸਰ ਸੌਖੀ ਤਰ੍ਹਾਂ ਸਾਡੇ ਉੱਤੇ ਪੈ ਸਕਦਾ ਹੈ। ਅਸੀਂ ਇਸ ਦੇ ਅਸਰ ਤੋਂ ਬਚ ਸਕਦੇ ਹਾਂ ਜੇਕਰ ਅਸੀਂ ਇਹ ਗੱਲ ਯਾਦ ਰੱਖੀਏ ਕਿ ਯਹੋਵਾਹ ਆਪਣੇ ਅਪੂਰਣ ਲੋਕਾਂ ਉੱਤੇ ਭਰੋਸਾ ਰੱਖਦਾ ਹੈ। ਇਸ ਨੂੰ ਯਾਦ ਰੱਖਦੇ ਹੋਏ ਅਸੀਂ ਇਹ ਸਵੀਕਾਰ ਕਰਾਂਗੇ ਕਿ ਪਰਮੇਸ਼ੁਰ ਦੇ ਸੇਵਕ ਸਿਰਫ਼ ਅਪੂਰਣ ਇਨਸਾਨ ਹਨ ਜੋ ਸਹੀ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਦੁਖਦਾਈ ਅਨੁਭਵਾਂ ਕਾਰਨ ਅਸੀਂ ਸ਼ਾਇਦ ਲੋਕਾਂ ਉੱਤੇ ਇਤਬਾਰ ਨਾ ਕਰੀਏ। ਇਹ ਸੱਚ ਹੈ ਕਿ ਆਪਣਾ ਪੂਰਾ ਭਰੋਸਾ ਅਪੂਰਣ ਇਨਸਾਨਾਂ ਉੱਤੇ ਰੱਖਣਾ ਅਕਲਮੰਦੀ ਦੀ ਗੱਲ ਨਹੀਂ। (ਜ਼ਬੂਰ 146:3, 4) ਲੇਕਿਨ, ਮਸੀਹੀ ਕਲੀਸਿਯਾ ਵਿਚ ਕਈ ਲੋਕ ਸੱਚੇ ਦਿਲੋਂ ਸਾਡੀ ਮਦਦ ਕਰਨੀ ਚਾਹੁੰਦੇ ਹਨ। ਉਨ੍ਹਾਂ ਹਜ਼ਾਰਾਂ ਲੋਕਾਂ ਬਾਰੇ ਸੋਚੋ ਜੋ ਦੂਜਿਆਂ ਲਈ ਮਾਂ-ਪਿਓ, ਭੈਣ-ਭਰਾ, ਅਤੇ ਬੱਚੇ ਸਾਬਤ ਹੁੰਦੇ ਹਨ ਜਿਨ੍ਹਾਂ ਦੇ ਆਪਣੇ ਪਰਿਵਾਰ ਸੱਚਾਈ ਵਿਚ ਨਹੀਂ ਹਨ। (ਮਰਕੁਸ 10:30) ਨਾਲੇ ਉਨ੍ਹਾਂ ਬਾਰੇ ਸੋਚੋ ਜੋ ਦੁੱਖ ਦੇ ਵੇਲੇ ਸੱਚੇ ਦੋਸਤ ਸਾਬਤ ਹੁੰਦੇ ਹਨ। *ਕਹਾਉਤਾਂ 18:24.

ਯਿਸੂ ਦੇ ਚੇਲਿਆਂ ਦੀ ਪਛਾਣ ਸਨਕੀ ਰਵੱਈਏ ਤੋਂ ਨਹੀਂ ਸਗੋਂ ਭਰਾਵਾਂ ਵਰਗੇ ਪਿਆਰ ਤੋਂ ਹੁੰਦੀ ਹੈ, ਕਿਉਂਕਿ ਯਿਸੂ ਨੇ ਕਿਹਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਇਸ ਲਈ ਆਓ ਆਪਾਂ ਪ੍ਰੇਮ ਕਰੀਏ ਅਤੇ ਸੰਗੀ ਮਸੀਹੀਆਂ ਦੇ ਚੰਗੇ ਗੁਣਾਂ ਵੱਲ ਧਿਆਨ ਦੇਈਏ। ਇਸ ਤਰ੍ਹਾਂ ਕਰਨ ਨਾਲ ਅਸੀਂ ਸਨਕੀ ਲੋਕਾਂ ਦੇ ਅਸਰ ਤੋਂ ਬਚ ਸਕਾਂਗੇ।

[ਫੁਟਨੋਟ]

^ ਪੈਰਾ 8 ਇਹ ਵੀ ਹੋ ਸਕਦਾ ਹੈ ਕਿ ਸਨਕੀ ਸ਼ਬਦ ਐਥਿਨਜ਼ ਵਿਚ ਕੀਨੌਸਾਰੀਅਸ ਨਾਂ ਦੇ ਉਸ ਜਿਮਨੇਜ਼ੀਅਮ ਤੋਂ ਆਇਆ ਹੋਵੇ ਜਿੱਥੇ ਐਂਟਿਸਟਨੀਸ ਸਿਖਾਉਂਦਾ ਹੁੰਦਾ ਸੀ।

^ ਪੈਰਾ 27 15 ਮਈ 1999 ਦੇ ਪਹਿਰਾਬੁਰਜ ਵਿਚ ਉਹ ਲੇਖ ਦੇਖੋ ਜਿਸ ਦਾ ਵਿਸ਼ਾ ਹੈ “ਮਸੀਹੀ ਕਲੀਸਿਯਾ ਤਸੱਲੀ ਦਾ ਇਕ ਸ੍ਰੋਤ।

[ਸਫ਼ੇ 21 ਉੱਤੇ ਤਸਵੀਰ]

ਡਾਇਓਜਨੀਸ ਨਾਂ ਦਾ ਸਭ ਤੋਂ ਮਸ਼ਹੂਰ ਸਨਕੀ ਬੰਦਾ

[ਕ੍ਰੈਡਿਟ ਲਾਈਨ]

ਮਹਾਨ ਬੰਦੇ ਅਤੇ ਮਸ਼ਹੂਰ ਔਰਤਾਂ ਨਾਂ ਦੀ ਅੰਗ੍ਰੇਜ਼ੀ ਪੁਸਤਕ ਤੋਂ