Skip to content

Skip to table of contents

ਤੁਹਾਡੀ ਜ਼ਿੰਦਗੀ ਹੋਰ ਵਧੀਆ ਬਣ ਸਕਦੀ ਹੈ

ਤੁਹਾਡੀ ਜ਼ਿੰਦਗੀ ਹੋਰ ਵਧੀਆ ਬਣ ਸਕਦੀ ਹੈ

ਤੁਹਾਡੀ ਜ਼ਿੰਦਗੀ ਹੋਰ ਵਧੀਆ ਬਣ ਸਕਦੀ ਹੈ

ਇਕ ਪੁਰਾਣੀ ਕਹਾਵਤ ਕਹਿੰਦੀ ਹੈ: “ਧਨਵਾਨ ਹੋਣ ਦੀ ਖੇਚਲ ਨਾ ਕਰ, ਆਪਣੀ ਸਿਆਣਪ ਨੂੰ ਛੱਡ ਦੇਹ। ਭਲਾ, ਤੂੰ ਮਾਯਾ ਉੱਤੇ ਆਪਣੀ ਨਿਗਾਹ ਲਾਵੇਂਗਾ? ਉਹ ਨੂੰ ਜ਼ਰੂਰ ਪਰ ਲੱਗਦੇ ਅਤੇ ਉਕਾਬ ਵਾਂਙੁ ਅਕਾਸ਼ ਵੱਲ ਉੱਡ ਜਾਂਦੀ ਹੈ।” (ਕਹਾਉਤਾਂ 23:4, 5) ਕਹਿਣ ਦਾ ਮਤਲਬ ਇਹ ਹੈ ਕਿ ਅਮੀਰ ਬਣਨ ਲਈ ਸਾਨੂੰ ਆਪਣੀ ਪੂਰੀ ਵਾਹ ਨਹੀਂ ਲਾਉਣੀ ਚਾਹੀਦੀ ਕਿਉਂਕਿ ਧਨ ਉਸ ਤਰ੍ਹਾਂ ਹੱਥੋਂ ਉੱਡ ਸਕਦਾ ਹੈ ਜਿਵੇਂ ਕਿ ਉਸ ਨੂੰ ਉਕਾਬ ਵਾਂਗ ਪਰ ਲੱਗੇ ਹੋਣ।

ਬਾਈਬਲ ਦਿਖਾਉਂਦੀ ਹੈ ਕਿ ਧਨ-ਦੌਲਤ ਛੇਤੀ ਖ਼ਤਮ ਹੋ ਸਕਦੀ ਹੈ। ਹੋ ਸਕਦਾ ਹੈ ਕਿ ਇਹ ਕਿਸੇ ਕੁਦਰਤੀ ਆਫ਼ਤ, ਕੀਮਤਾਂ ਦੇ ਡਿੱਗਣ, ਜਾਂ ਹੋਰ ਕੋਈ ਘਟਨਾ ਕਰਕੇ ਰਾਤੋ-ਰਾਤ ਹੀ ਗਾਇਬ ਹੋ ਜਾਵੇ। ਇਸ ਤੋਂ ਇਲਾਵਾ, ਜਿਹੜੇ ਅਮੀਰ ਬਣ ਵੀ ਜਾਂਦੇ ਹਨ ਉਹ ਕਈ ਵਾਰ ਨਿਰਾਸ਼ ਰਹਿ ਜਾਂਦੇ ਹਨ। ਜੌਨ ਨਾਂ ਦੇ ਬੰਦੇ ਬਾਰੇ ਸੋਚੋ। ਨੌਕਰੀ ਲਈ ਉਹ ਸਿਆਸਤਦਾਨਾਂ, ਮਸ਼ਹੂਰ ਖਿਡਾਰੀਆਂ, ਅਤੇ ਸ਼ਾਹੀ ਘਰਾਣੇ ਦੇ ਮੈਂਬਰਾਂ ਦੇ ਮਨੋਰੰਜਨ ਲਈ ਕੰਮ ਕਰਦਾ ਸੀ।

ਜੌਨ ਦੱਸਦਾ ਹੈ: “ਮੈਂ ਪੂਰੀ ਵਾਹ ਲਾ ਕੇ ਮਿਹਨਤ ਨਾਲ ਆਪਣੀ ਨੌਕਰੀ ਕਰਦਾ ਸੀ। ਮੈਂ ਬਹੁਤ ਪੈਸੇ ਕਮਾਏ, ਵੱਡੇ-ਵੱਡੇ ਹੋਟਲਾਂ ਵਿਚ ਰਿਹਾ, ਅਤੇ ਸਮੇਂ-ਸਮੇਂ ਤੇ ਮੈਂ ਛੋਟੇ ਹਵਾਈ ਜਹਾਜ਼ਾਂ ਵਿਚ ਬੈਠ ਕੇ ਕੰਮ ਤੇ ਜਾਂਦਾ ਸੀ। ਪਹਿਲਾਂ-ਪਹਿਲਾਂ ਮੈਨੂੰ ਬੜਾ ਮਜ਼ਾ ਆਉਂਦਾ ਸੀ, ਪਰ ਫਿਰ ਮੈਂ ਅੱਕ ਗਿਆ। ਜਿਨ੍ਹਾਂ ਲੋਕਾਂ ਨੂੰ ਮੈਂ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦਾ ਸੀ ਉਨ੍ਹਾਂ ਦੀ ਜ਼ਿੰਦਗੀ ਬਿਨਾਂ ਮਕਸਦ ਲੱਗਦੀ ਸੀ। ਮੇਰੀ ਆਪਣੀ ਜ਼ਿੰਦਗੀ ਵੀ ਇੰਨੀ ਵਧੀਆ ਨਹੀਂ ਸੀ।”

ਜੌਨ ਨੂੰ ਪਤਾ ਲੱਗਾ ਕਿ ਰੂਹਾਨੀ ਕਦਰਾਂ-ਕੀਮਤਾਂ ਤੋਂ ਬਗੈਰ ਜ਼ਿੰਦਗੀ ਵਿਚ ਸੰਤੋਖ ਨਹੀਂ ਹੁੰਦਾ। ਯਿਸੂ ਮਸੀਹ ਨੇ ਆਪਣੇ ਮਸ਼ਹੂਰ ਪਹਾੜੀ ਉਪਦੇਸ਼ ਵਿਚ ਦੱਸਿਆ ਕਿ ਸੱਚੀ ਖ਼ੁਸ਼ੀ ਕਿਸ ਤਰ੍ਹਾਂ ਮਿਲ ਸਕਦੀ ਹੈ। ਉਸ ਨੇ ਕਿਹਾ: ‘ਧੰਨ ਉਹ ਲੋਕ ਹਨ ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ, ਕਿਉਂ ਜੋ ਸੁਰਗ ਦਾ ਰਾਜ ਉਨ੍ਹਾਂ ਦਾ ਹੈ।’ (ਮੱਤੀ 5:3) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜ਼ਿੰਦਗੀ ਵਿਚ ਰੂਹਾਨੀ ਚੀਜ਼ਾਂ ਪਹਿਲਾਂ ਰੱਖਣੀਆਂ ਬੁੱਧੀਮਤਾ ਦੀ ਗੱਲ ਹੈ। ਪਰ ਹੋਰ ਚੀਜ਼ਾਂ ਵੀ ਜ਼ਿੰਦਗੀ ਨੂੰ ਵਧੀਆ ਬਣਾ ਸਕਦੀਆਂ ਹਨ।

ਪਰਿਵਾਰ ਅਤੇ ਦੋਸਤਾਂ ਦੀ ਜ਼ਰੂਰਤ

ਜੇਕਰ ਤੁਸੀਂ ਆਪਣੇ ਪਰਿਵਾਰ ਨਾਲ ਨਾ ਮਿਲੋ-ਵਰਤੋ ਅਤੇ ਤੁਹਾਡੇ ਕੋਈ ਦੋਸਤ-ਮਿੱਤਰ ਨਾ ਹੋਣ, ਤਾਂ ਕੀ ਤੁਸੀਂ ਜ਼ਿੰਦਗੀ ਦਾ ਮਜ਼ਾ ਲੈ ਸਕਦੇ ਹੋ? ਜੀ ਨਹੀਂ। ਸਾਡੇ ਕਰਤਾਰ ਨੇ ਸਾਨੂੰ ਪਿਆਰ ਕਰਨ ਅਤੇ ਪਿਆਰ ਕੀਤੇ ਜਾਣ ਦੀ ਲੋੜ ਨਾਲ ਬਣਾਇਆ ਹੈ। ਇਸ ਲਈ ਯਿਸੂ ਨੇ ਕਿਹਾ ਸੀ ਕਿ ‘ਆਪਣੇ ਗਆਂਢੀ ਨੂੰ ਆਪਣੇ ਜਿਹਾ ਪਿਆਰ ਕਰਨਾ’ ਜ਼ਰੂਰੀ ਹੈ। (ਮੱਤੀ 22:39) ਪਰਿਵਾਰ ਪਰਮੇਸ਼ੁਰ ਦੀ ਦਾਤ ਹੈ ਅਤੇ ਅਸੀਂ ਆਪਣੇ ਪਰਿਵਾਰ ਦੇ ਜੀਆਂ ਨਾਲ ਗੂੜ੍ਹਾ ਪਿਆਰ ਕਰ ਸਕਦੇ ਹਾਂ।—ਅਫ਼ਸੀਆਂ 3:14, 15.

ਸਾਡਾ ਪਰਿਵਾਰ ਸਾਡੀ ਜ਼ਿੰਦਗੀ ਨੂੰ ਹੋਰ ਵਧੀਆ ਕਿਵੇਂ ਬਣਾ ਸਕਦਾ ਹੈ? ਇਕ ਸੁਖੀ ਪਰਿਵਾਰ ਦੀ ਤੁਲਨਾ ਅਜਿਹੇ ਸੁੰਦਰ ਬਾਗ਼ ਨਾਲ ਕੀਤੀ ਜਾ ਸਕਦੀ ਹੈ ਜਿਸ ਵਿਚ ਜ਼ਿੰਦਗੀ ਦੇ ਤਣਾਅ ਤੋਂ ਛੁਟਕਾਰਾ ਅਤੇ ਤਾਜ਼ਗੀ ਮਿਲਦੀ ਹੈ। ਇਸੇ ਤਰ੍ਹਾਂ ਪਰਿਵਾਰ ਵਿਚ ਇਕ ਦੂਜੇ ਦੇ ਸਾਥ ਤੋਂ ਪਿਆਰ ਮਿਲਦਾ ਹੈ ਅਤੇ ਅਸੀਂ ਇਕੱਲੇ ਨਹੀਂ ਮਹਿਸੂਸ ਕਰਦੇ। ਪਰ ਇਸ ਦਾ ਇਹ ਮਤਲਬ ਨਹੀਂ ਕਿ ਪਰਿਵਾਰ ਖ਼ੁਦ-ਬ-ਖ਼ੁਦ ਅਜਿਹਾ ਬਣ ਜਾਂਦਾ ਹੈ। ਸਾਨੂੰ ਪਰਿਵਾਰ ਦਾ ਬੰਧਨ ਮਜ਼ਬੂਤ ਕਰਨਾ ਪੈਂਦਾ ਹੈ। ਫਿਰ ਸਾਡਾ ਰਿਸ਼ਤਾ ਹੋਰ ਗੂੜ੍ਹਾ ਹੁੰਦਾ ਹੈ ਅਤੇ ਸਾਡੀ ਜ਼ਿੰਦਗੀ ਹੋਰ ਵਧੀਆ ਬਣ ਜਾਂਦੀ ਹੈ। ਮਿਸਾਲ ਲਈ, ਜੇ ਤੁਸੀਂ ਹਰ ਰੋਜ਼ ਆਪਣੇ ਜੀਵਨ ਸਾਥੀ ਲਈ ਸਮਾਂ ਕੱਢੋਗੇ, ਉਸ ਨਾਲ ਪਿਆਰ ਕਰੋਗੇ, ਉਸ ਦੀ ਇੱਜ਼ਤ ਕਰੋਗੇ, ਅਤੇ ਉਸ ਦਾ ਖ਼ਿਆਲ ਰੱਖੋਗੇ, ਤਾਂ ਤੁਹਾਨੂੰ ਵੱਡੀਆਂ ਬਰਕਤਾਂ ਮਿਲ ਸਕਦੀਆਂ ਹਨ।—ਅਫ਼ਸੀਆਂ 5:33.

ਜੇਕਰ ਅਸੀਂ ਮਾਪੇ ਹਾਂ, ਤਾਂ ਸਾਨੂੰ ਆਪਣੇ ਬੱਚਿਆਂ ਨੂੰ ਸਹੀ ਮਾਹੌਲ ਵਿਚ ਪਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨਾਲ ਸਮਾਂ ਗੁਜ਼ਾਰਨਾ, ਖੁੱਲ੍ਹੀ ਤਰ੍ਹਾਂ ਗੱਲਬਾਤ ਕਰਨੀ, ਅਤੇ ਉਨ੍ਹਾਂ ਨੂੰ ਰੂਹਾਨੀ ਗੱਲਾਂ ਦੀ ਸਿੱਖਿਆ ਦੇਣੀ ਸ਼ਾਇਦ ਔਖੀ ਹੋਵੇ। ਪਰ ਇਸ ਵਿਚ ਜੋ ਸਮਾਂ ਅਸੀਂ ਲਾਵਾਂਗੇ ਅਤੇ ਜੋ ਮਿਹਨਤ ਅਸੀਂ ਕਰਾਂਗੇ ਉਸ ਤੋਂ ਸਾਨੂੰ ਬਹੁਤ ਤਸੱਲੀ ਮਿਲੇਗੀ। ਸਫ਼ਲ ਮਾਂ-ਬਾਪ ਆਪਣੇ ਬੱਚਿਆਂ ਨੂੰ ਇਕ ਬਰਕਤ ਅਤੇ ਪਰਮੇਸ਼ੁਰ ਵੱਲੋਂ ਅਜਿਹੀ ਵਿਰਾਸਤ ਮੰਨਦੇ ਹਨ, ਜਿਸ ਦੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਜਾਣੀ ਚਾਹੀਦੀ ਹੈ।—ਜ਼ਬੂਰ 127:3.

ਚੰਗੇ ਦੋਸਤ ਵੀ ਸਾਡੀ ਜ਼ਿੰਦਗੀ ਨੂੰ ਵਧੀਆ ਬਣਾ ਸਕਦੇ ਹਨ। (ਕਹਾਉਤਾਂ 27:9) ਅਸੀਂ ਹਮਦਰਦੀ ਦਿਖਾ ਕੇ ਕਈਆਂ ਲੋਕਾਂ ਨਾਲ ਦੋਸਤੀ ਕਰ ਸਕਦੇ ਹਾਂ। (1 ਪਤਰਸ 3:8) ਜ਼ਰੂਰਤ ਪੈਣ ਤੇ ਸੱਚੇ ਦੋਸਤ ਸਾਡੀ ਮਦਦ ਕਰਦੇ ਹਨ। (ਉਪਦੇਸ਼ਕ ਦੀ ਪੋਥੀ 4:9, 10) ਅਤੇ ‘ਸੱਚਾ ਮਿੱਤ੍ਰ ਭਰਾ ਵਰਗਾ ਹੁੰਦਾ ਹੈ ਜੋ ਬਿਪਤਾ ਦੇ ਦਿਨ ਲਈ ਜੰਮਿਆ ਹੈ।’—ਕਹਾਉਤਾਂ 17:17.

ਸੱਚੀ ਦੋਸਤੀ ਕਿੰਨੀ ਵਧੀਆ ਹੋ ਸਕਦੀ ਹੈ! ਦੋਸਤ ਦੇ ਨਾਲ ਸੰਝ ਦਾ ਰੰਗਬਰੰਗਾ ਆਸਮਾਨ ਹੋਰ ਵੀ ਸ਼ਾਨਦਾਰ ਲੱਗਦਾ ਹੈ, ਰੋਟੀ ਜ਼ਿਆਦਾ ਸੁਆਦ ਲੱਗਦੀ ਹੈ, ਅਤੇ ਸੰਗੀਤ ਦਾ ਜ਼ਿਆਦਾ ਮਜ਼ਾ ਆਉਂਦਾ ਹੈ। ਪਰ ਸੁਖੀ ਪਰਿਵਾਰ ਅਤੇ ਭਰੋਸੇਯੋਗ ਦੋਸਤ ਤਾਂ ਸਿਰਫ਼ ਦੋ ਹੀ ਚੀਜ਼ਾਂ ਹਨ ਜੋ ਜ਼ਿੰਦਗੀ ਨੂੰ ਵਧੀਆ ਬਣਾ ਸਕਦੀਆਂ ਹਨ। ਪਰਮੇਸ਼ੁਰ ਨੇ ਸਾਰਿਆਂ ਦੀਆਂ ਜ਼ਿੰਦਗੀਆਂ ਨੂੰ ਵਧੀਆ ਬਣਾਉਣ ਲਈ ਹੋਰ ਕਿਹੜੇ ਪ੍ਰਬੰਧ ਕੀਤੇ ਹਨ?

ਰੂਹਾਨੀ ਲੋੜ ਪੂਰੀ ਕਰਨੀ

ਜਿਵੇਂ ਅਸੀਂ ਪਹਿਲਾਂ ਦੇਖ ਚੁੱਕੇ ਹਾਂ, ਯਿਸੂ ਮਸੀਹ ਨੇ ਕਿਹਾ ਸੀ ਕਿ ਅਸੀਂ ਆਪਣੀ ਆਤਮਿਕ ਲੋੜ ਜਾਣ ਕੇ ਖ਼ੁਸ਼ੀ ਪਾ ਸਕਦੇ ਹਾਂ। ਅਸੀਂ ਇਸ ਤਰ੍ਹਾਂ ਬਣਾਏ ਗਏ ਹਾਂ ਕਿ ਅਸੀਂ ਸਹੀ ਅਤੇ ਗ਼ਲਤ ਦੀ ਪਛਾਣ ਕਰ ਸਕੀਏ ਅਤੇ ਰੂਹਾਨੀ ਗੱਲਾਂ ਸਮਝ ਸਕੀਏ। ਇਸ ਲਈ ਬਾਈਬਲ “ਆਤਮਕ” ਮਨੁੱਖ ਅਤੇ “ਮਨ ਦੀ ਗੁਪਤ ਇਨਸਾਨੀਅਤ” ਬਾਰੇ ਗੱਲ ਕਰਦੀ ਹੈ।—1 ਕੁਰਿੰਥੀਆਂ 2:15; 1 ਪਤਰਸ 3:3, 4.

ਬਾਈਬਲ ਦੇ ਯੂਨਾਨੀ ਹਿੱਸੇ ਦੇ ਸ਼ਬਦਾਂ ਬਾਰੇ ਵਾਈਨ ਨਾਂ ਦੇ ਇਕ ਵਿਦਵਾਨ ਨੇ ਆਪਣੇ ਕੋਸ਼ ਵਿਚ ਲਿਖਿਆ ‘ਮਨ ਵਿਚ ਮਨੁੱਖ ਦਾ ਮਾਨਸਿਕ ਅਤੇ ਨੈਤਿਕ ਕੰਮ ਕੀਤਾ ਜਾਂਦਾ ਹੈ, ਜਿਸ ਵਿਚ ਸੋਚਣ ਦੀ ਸ਼ਕਤੀ ਅਤੇ ਜਜ਼ਬਾਤ ਵੀ ਸ਼ਾਮਲ ਹਨ।’ ਵਾਈਨ ਆਪਣੇ ਕੋਸ਼ ਵਿਚ ਅੱਗੇ ਸਮਝਾਉਂਦਾ ਹੈ ਕਿ “ਦੂਸਰੇ ਸ਼ਬਦਾਂ ਵਿਚ, ਮਨ ਅੰਦਰਲੀ ਇਨਸਾਨੀਅਤ ਦਾ ਸੋਮਾ ਹੈ।” ਫਿਰ ਇਸ ਕੋਸ਼ ਨੇ ਕਿਹਾ ‘ਗੁਪਤ ਇਨਸਾਨ ਦਾ ਅਸਲੀ ਰੂਪ ਦਿਲ ਵਿਚ ਹੁੰਦਾ ਹੈ।’

ਅਸੀਂ “ਆਤਮਕ” ਮਨੁੱਖ ਜਾਂ ‘ਗੁਪਤ ਇਨਸਾਨ,’ ਯਾਨੀ “ਗੁਪਤ ਇਨਸਾਨੀਅਤ” ਦੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਕਰ ਸਕਦੇ ਹਾਂ? ਆਪਣੀ ਰੂਹਾਨੀ ਲੋੜ ਪੂਰੀ ਕਰਨ ਲਈ ਅਸੀਂ ਇਕ ਜ਼ਰੂਰੀ ਕਦਮ ਉਦੋਂ ਚੁੱਕਦੇ ਹਾਂ ਜਦੋਂ ਅਸੀਂ ਜ਼ਬੂਰਾਂ ਦੇ ਲਿਖਾਰੀ ਦੀ ਗੱਲ ਸਵੀਕਾਰ ਕਰਦੇ ਹਾਂ। ਉਸ ਨੇ ਗੀਤ ਵਿਚ ਕਿਹਾ: “ਜਾਣ ਰੱਖੋ ਭਈ ਯਹੋਵਾਹ ਹੀ ਪਰਮੇਸ਼ੁਰ ਹੈ, ਉਹ ਨੇ ਸਾਨੂੰ ਸਾਜਿਆ ਅਤੇ ਅਸੀਂ ਉਹ ਦੇ ਹਾਂ, ਅਸੀਂ ਉਹ ਦੀ ਪਰਜਾ ਅਤੇ ਉਹ ਦੀ ਜੂਹ ਦੀਆਂ ਭੇਡਾਂ ਹਾਂ।” (ਜ਼ਬੂਰ 100:3) ਇਹ ਗੱਲ ਪਛਾਣਦੇ ਹੋਏ ਅਸੀਂ ਇਹ ਸਿੱਟਾ ਕੱਢਦੇ ਹਾਂ ਕਿ ਸਾਨੂੰ ਪਰਮੇਸ਼ੁਰ ਨੂੰ ਲੇਖਾ ਦੇਣਾ ਪਵੇਗਾ। ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ “ਉਹ ਦੀ ਪਰਜਾ ਅਤੇ ਉਹ ਦੀ ਜੂਹ ਦੀਆਂ ਭੇਡਾਂ” ਵਿਚ ਸ਼ਾਮਲ ਹੋਈਏ, ਤਾਂ ਸਾਨੂੰ ਉਸ ਦੇ ਬਚਨ ਬਾਈਬਲ ਉੱਤੇ ਅਮਲ ਕਰਨਾ ਚਾਹੀਦਾ ਹੈ।

ਕੀ ਇਹ ਬੁਰੀ ਗੱਲ ਹੈ ਕਿ ਸਾਨੂੰ ਪਰਮੇਸ਼ੁਰ ਨੂੰ ਲੇਖਾ ਦੇਣਾ ਪਵੇਗਾ? ਨਹੀਂ। ਸਾਡਾ ਚਾਲ-ਚਲਣ ਦੇਖ ਕੇ ਪਰਮੇਸ਼ੁਰ ਖ਼ੁਸ਼ ਹੋ ਸਕਦਾ ਹੈ। ਪਰਮੇਸ਼ੁਰ ਨੂੰ ਖ਼ੁਸ਼ ਕਰ ਕੇ ਸਾਡੀ ਜ਼ਿੰਦਗੀ ਹੋਰ ਵਧੀਆ ਬਣ ਸਕਦੀ ਹੈ। ਇਸ ਕਰਕੇ ਅਸੀਂ ਬਿਹਤਰ ਇਨਸਾਨ ਬਣਨਾ ਚਾਹੁੰਦੇ ਹਾਂ, ਜੋ ਇਕ ਚੰਗਾ ਟੀਚਾ ਹੈ। ਜ਼ਬੂਰ 112:1 ਕਹਿੰਦਾ ਹੈ: “ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾਹ ਦਾ ਭੈ ਮੰਨਦਾ ਹੈ, ਉਹ ਉਸ ਦੇ ਹੁਕਮਾਂ ਵਿੱਚ ਬਹੁਤ ਮਗਨ ਰਹਿੰਦਾ ਹੈ।” ਪਰਮੇਸ਼ੁਰ ਦਾ ਆਦਰ ਕਰਦੇ ਹੋਏ ਉਸ ਦਾ ਭੈ ਰੱਖਣਾ ਅਤੇ ਦਿਲੋਂ ਉਸ ਦੇ ਹੁਕਮ ਮੰਨਣੇ ਸਾਡੀ ਜ਼ਿੰਦਗੀ ਨੂੰ ਹੋਰ ਵਧੀਆ ਬਣਾ ਸਕਦਾ ਹੈ।

ਪਰਮੇਸ਼ੁਰ ਦੇ ਹੁਕਮ ਮੰਨਣ ਨਾਲ ਸਾਨੂੰ ਸੰਤੁਸ਼ਟੀ ਕਿਉਂ ਮਿਲਦੀ ਹੈ? ਸਾਡੀ ਜ਼ਮੀਰ ਕਰਕੇ। ਇਹ ਦਾਤ ਪਰਮੇਸ਼ੁਰ ਨੇ ਹਰ ਇਨਸਾਨ ਨੂੰ ਬਖ਼ਸ਼ੀ ਹੈ। ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਜਾਂ ਕਰਨ ਬਾਰੇ ਸੋਚਦੇ ਹਾਂ, ਤਾਂ ਸਾਡੀ ਜ਼ਮੀਰ ਸਾਨੂੰ ਦੱਸਦੀ ਹੈ ਕਿ ਇਹ ਕੰਮ ਸਹੀ ਹੈ ਜਾਂ ਗ਼ਲਤ। ਸਾਡੀ ਸਾਰਿਆਂ ਦੀ ਜ਼ਮੀਰ ਕਿਸੇ-ਨ-ਕਿਸੇ ਗ਼ਲਤੀ ਕਾਰਨ ਦੁਖੀ ਹੋਈ ਹੈ। (ਰੋਮੀਆਂ 2:15) ਪਰ ਸਾਡੀ ਜ਼ਮੀਰ ਸਾਨੂੰ ਖ਼ੁਸ਼ ਵੀ ਕਰ ਸਕਦੀ ਹੈ। ਜਦੋਂ ਅਸੀਂ ਪਰਮੇਸ਼ੁਰ ਜਾਂ ਕਿਸੇ ਇਨਸਾਨ ਲਈ ਕੋਈ ਚੰਗਾ ਕੰਮ ਕਰਦੇ ਹਾਂ ਤਾਂ ਸਾਨੂੰ ਮਨ ਦੀ ਤਸੱਲੀ ਅਤੇ ਖ਼ੁਸ਼ੀ ਮਿਲਦੀ ਹੈ। ਸਾਨੂੰ ਇਹਸਾਸ ਹੁੰਦਾ ਹੈ ਕਿ “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਇਸ ਤਰ੍ਹਾਂ ਕਿਉਂ ਹੈ?

ਇਸ ਲਈ ਕਿ ਪਰਮੇਸ਼ੁਰ ਨੇ ਸਾਨੂੰ ਅਜਿਹਾ ਬਣਾਇਆ ਹੈ ਕਿ ਦੂਸਰੇ ਇਨਸਾਨਾਂ ਦੀਆਂ ਚਾਹਾਂ ਅਤੇ ਜ਼ਰੂਰਤਾਂ ਦਾ ਸਾਡੇ ਉੱਤੇ ਅਸਰ ਪੈਂਦਾ ਹੈ। ਜਦੋਂ ਅਸੀਂ ਦੂਸਰਿਆਂ ਦੀ ਮਦਦ ਕਰਦੇ ਹਾਂ ਤਾਂ ਸਾਡਾ ਦਿਲ ਖ਼ੁਸ਼ ਹੁੰਦਾ ਹੈ। ਇਸ ਤੋਂ ਇਲਾਵਾ, ਬਾਈਬਲ ਦੱਸਦੀ ਹੈ ਕਿ ਜਦੋਂ ਅਸੀਂ ਕਿਸੇ ਨੂੰ ਕੁਝ ਦਿੰਦੇ ਹਾਂ, ਤਾਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਸੀਂ ਉਸ ਲਈ ਕੁਝ ਕਰਦੇ ਹਾਂ।—ਕਹਾਉਤਾਂ 19:17.

ਮਨ ਦੀ ਤਸੱਲੀ ਮਿਲਣ ਤੋਂ ਇਲਾਵਾ, ਰੂਹਾਨੀ ਲੋੜਾਂ ਪੂਰੀਆਂ ਕਰਨ ਨਾਲ ਕੀ ਸਾਨੂੰ ਹੋਰ ਵੀ ਮਦਦ ਮਿਲ ਸਕਦੀ ਹੈ? ਮੱਧ ਪੂਰਬ ਵਿਚ ਰੇਮੰਡ ਨਾਂ ਦਾ ਵਪਾਰੀ ਮੰਨਦਾ ਹੈ ਕਿ ਸਾਨੂੰ ਮਦਦ ਜ਼ਰੂਰ ਮਿਲ ਸਕਦੀ ਹੈ। ਉਸ ਨੇ ਕਿਹਾ: “ਮੈਂ ਜ਼ਿੰਦਗੀ ਵਿਚ ਸਿਰਫ਼ ਪੈਸੇ ਕਮਾਉਣੇ ਚਾਹੁੰਦਾ ਸੀ। ਪਰ ਜਿਸ ਵਕਤ ਮੈਂ ਆਪਣੇ ਦਿਲ ਵਿਚ ਸਵੀਕਾਰ ਕੀਤਾ ਕਿ ਪਰਮੇਸ਼ੁਰ ਹੈ ਅਤੇ ਬਾਈਬਲ ਵਿਚ ਉਸ ਦੀ ਮਰਜ਼ੀ ਦੱਸੀ ਗਈ ਹੈ, ਮੈਂ ਬਦਲ ਗਿਆ। ਹੁਣ ਮੇਰੀ ਜ਼ਿੰਦਗੀ ਵਿਚ ਪੈਸੇ ਕਮਾਉਣੇ ਦੂਜੇ ਦਰਜੇ ਤੇ ਹਨ। ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਵਿਚ, ਮੈਂ ਨਫ਼ਰਤ ਕਰਨ ਦੀ ਬੁਰੀ ਭਾਵਨਾ ਤੋਂ ਵੀ ਬਚਿਆ ਹਾਂ। ਭਾਵੇਂ ਕਿ ਮੇਰੇ ਪਿਤਾ ਜੀ ਇਕ ਲੜਾਈ ਵਿਚ ਮਾਰੇ ਗਏ ਸਨ, ਮੈਂ ਉਨ੍ਹਾਂ ਦੀ ਜਾਨ ਦਾ ਬਦਲਾ ਨਹੀਂ ਲੈਣਾ ਚਾਹੁੰਦਾ।”

ਰੇਮੰਡ ਨੂੰ ਪਤਾ ਲੱਗਾ ਕਿ “ਆਤਮਕ” ਮਨੁੱਖ ਦੀਆਂ ਲੋੜਾਂ ਪੂਰੀਆਂ ਕਰਨ ਨਾਲ ਦਿਲ ਦੇ ਜ਼ਖ਼ਮ ਭਰ ਸਕਦੇ ਹਨ। ਪਰ, ਜ਼ਿੰਦਗੀ ਵਿਚ ਸੁਖ ਪਾਉਣ ਲਈ ਸਾਨੂੰ ਰੋਜ਼ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਸਾਨੂੰ “ਪਰਮੇਸ਼ੁਰ ਦੀ ਸ਼ਾਂਤੀ” ਮਿਲ ਸਕਦੀ ਹੈ

ਇਸ ਗੜਬੜੀ ਭਰੀ ਦੁਨੀਆਂ ਵਿਚ, ਸਾਨੂੰ ਕੁਝ ਹੀ ਸਮੇਂ ਲਈ ਸੁਖ-ਚੈਨ ਮਿਲਦਾ ਹੈ। ਹਾਦਸੇ ਹੁੰਦੇ ਹਨ, ਸਾਡੀਆਂ ਉਮੀਦਾਂ ਅਧੂਰੀਆਂ ਰਹਿ ਜਾਂਦੀਆਂ ਹਨ, ਅਤੇ ਲੋਕ ਸਾਨੂੰ ਨਿਰਾਸ਼ ਕਰਦੇ ਹਨ। ਇਹ ਗੱਲਾਂ ਸਾਡੀ ਖ਼ੁਸ਼ੀ ਨੂੰ ਲੁੱਟ ਸਕਦੀਆਂ ਹਨ। ਪਰ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਵਾਲਿਆਂ ਲਈ ਬਾਈਬਲ ਵਿਚ ਮਨ ਦੀ ਸ਼ਾਂਤੀ ਜਾਂ “ਪਰਮੇਸ਼ੁਰ ਦੀ ਸ਼ਾਂਤੀ” ਦਾ ਵਾਅਦਾ ਹੈ। ਸਾਨੂੰ ਇਹ ਸ਼ਾਂਤੀ ਕਿਵੇਂ ਮਿਲ ਸਕਦੀ ਹੈ?

ਪੌਲੁਸ ਰਸੂਲ ਨੇ ਲਿਖਿਆ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” (ਫ਼ਿਲਿੱਪੀਆਂ 4:6, 7) ਆਪਣੀਆਂ ਸਮੱਸਿਆਵਾਂ ਦਾ ਬੋਝ ਆਪ ਚੁੱਕਣ ਦੀ ਬਜਾਇ, ਸਾਨੂੰ ਦਿਲੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਆਪਣਾ ਭਾਰ ਪਰਮੇਸ਼ੁਰ ਉੱਤੇ ਸੁੱਟਣਾ ਚਾਹੀਦਾ ਹੈ। (ਜ਼ਬੂਰ 55:22) ਉਹ ਆਪਣੇ ਪੁੱਤਰ, ਯਿਸੂ ਮਸੀਹ ਰਾਹੀਂ ਸਾਡੀ ਬੇਨਤੀ ਸੁਣਦਾ ਹੈ। ਇਸ ਵਿਚ ਸਾਡੀ ਨਿਹਚਾ ਹੋਰ ਵਧੇਗੀ ਜਦੋਂ ਅਸੀਂ ਰੂਹਾਨੀ ਤਰੱਕੀ ਕਰਾਂਗੇ ਅਤੇ ਸਮਝਾਂਗੇ ਕਿ ਪਰਮੇਸ਼ੁਰ ਸਾਡੀ ਮਦਦ ਕਿਸ ਤਰ੍ਹਾਂ ਕਰਦਾ ਹੈ।—ਯੂਹੰਨਾ 14:6, 14; 2 ਥੱਸਲੁਨੀਕੀਆਂ 1:3.

“ਪ੍ਰਾਰਥਨਾ ਦੇ ਸੁਣਨ ਵਾਲੇ” ਵਜੋਂ ਯਹੋਵਾਹ ਪਰਮੇਸ਼ੁਰ ਉੱਤੇ ਆਪਣਾ ਵਿਸ਼ਵਾਸ ਪੱਕਾ ਕਰ ਕੇ ਅਸੀਂ ਬਿਮਾਰੀ, ਬੁਢਾਪੇ, ਜਾਂ ਸੋਗ ਵਰਗੀਆਂ ਅਜ਼ਮਾਇਸ਼ਾਂ ਦਾ ਚੰਗੀ ਤਰ੍ਹਾਂ ਸਾਮ੍ਹਣਾ ਕਰ ਸਕਾਂਗੇ। (ਜ਼ਬੂਰ 65:2) ਪਰ ਇਕ ਵਧੀਆ ਜ਼ਿੰਦਗੀ ਬਣਾਉਣ ਲਈ ਸਾਨੂੰ ਭਵਿੱਖ ਬਾਰੇ ਵੀ ਸੋਚਣਾ ਚਾਹੀਦਾ ਹੈ।

ਭਵਿੱਖ ਦੀ ਆਸ ਤੋਂ ਖ਼ੁਸ਼ੀ ਪਾਓ

ਬਾਈਬਲ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਦਾ ਵਾਅਦਾ ਕਰਦੀ ਹੈ। (2 ਪਤਰਸ 3:13) ਇਸ ਦਾ ਮਤਲਬ ਹੈ ਕਿ ਆਗਿਆਕਾਰ ਮਨੁੱਖਜਾਤੀ ਉੱਤੇ ਇਕ ਧਰਮੀ ਹਕੂਮਤ ਸਵਰਗ ਤੋਂ ਰਾਜ ਕਰੇਗੀ। ਪਰਮੇਸ਼ੁਰ ਦੁਆਰਾ ਵਾਅਦਾ ਕੀਤੇ ਗਏ ਉਸ ਨਵੇਂ ਸੰਸਾਰ ਵਿਚ, ਜੰਗ ਅਤੇ ਬੇਇਨਸਾਫ਼ੀ ਦੀ ਥਾਂ ਸ਼ਾਂਤੀ ਅਤੇ ਇਨਸਾਫ਼ ਹੋਣਗੇ। ਇਹ ਕੋਈ ਸੁਪਨਾ ਹੀ ਨਹੀਂ ਹੈ, ਪਰ ਪੱਕੀ ਉਮੀਦ ਹੈ ਅਤੇ ਇਸ ਵਿਚ ਸਾਡਾ ਵਿਸ਼ਵਾਸ ਦਿਨ-ਬ-ਦਿਨ ਹੋਰ ਵੀ ਦ੍ਰਿੜ੍ਹ ਹੋ ਸਕਦਾ ਹੈ। ਇਹ ਸ਼ਾਨਦਾਰ ਵਾਅਦਾ ਸਾਨੂੰ ਖ਼ੁਸ਼ੀ ਦਾ ਕਾਰਨ ਦਿੰਦਾ ਹੈ।—ਰੋਮੀਆਂ 12:12; ਤੀਤੁਸ 1:2.

ਅਸੀਂ ਪਹਿਲਾਂ ਜੌਨ ਬਾਰੇ ਗੱਲ ਕੀਤੀ ਸੀ। ਉਹ ਹੁਣ ਮਹਿਸੂਸ ਕਰਦਾ ਹੈ ਕਿ ਉਸ ਦੀ ਜ਼ਿੰਦਗੀ ਹੋਰ ਵੀ ਵਧੀਆ ਬਣ ਗਈ ਹੈ। ਉਹ ਦੱਸਦਾ ਹੈ: “ਭਾਵੇਂ ਮੈਂ ਬਹੁਤਾ ਧਰਮੀ ਨਹੀਂ ਸੀ, ਮੈਂ ਰੱਬ ਨੂੰ ਮੰਨਦਾ ਸੀ। ਪਰ ਮੈਂ ਇਸ ਵਿਸ਼ਵਾਸ ਬਾਰੇ ਕੁਝ ਨਹੀਂ ਕੀਤਾ ਜਦ ਤਕ ਯਹੋਵਾਹ ਦੇ ਦੋ ਗਵਾਹ ਮੈਨੂੰ ਨਾ ਮਿਲੇ। ਮੈਂ ਉਨ੍ਹਾਂ ਨੂੰ ਬਹੁਤ ਸਾਰੇ ਸਵਾਲ ਪੁੱਛੇ ਜਿਵੇਂ ਕਿ, ‘ਅਸੀਂ ਇੱਥੇ ਕਿਉਂ ਹਾਂ? ਅਸੀਂ ਕਿੱਥੇ ਜਾ ਰਹੇ ਹਾਂ?’ ਉਨ੍ਹਾਂ ਨੇ ਮੈਨੂੰ ਬਾਈਬਲ ਵਿੱਚੋਂ ਜਵਾਬ ਦਿੱਤੇ ਅਤੇ ਮੇਰਾ ਵਿਸ਼ਵਾਸ ਪੱਕਾ ਬਣ ਗਿਆ। ਮੈਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਕੋਈ ਮਕਸਦ ਮਿਲਿਆ। ਇਹ ਤਾਂ ਸਿਰਫ਼ ਇਕ ਸ਼ੁਰੂਆਤ ਹੀ ਸੀ। ਮੈਨੂੰ ਸੱਚਾਈ ਸਿੱਖਣ ਦੀ ਬੜੀ ਚਾਹ ਸੀ। ਸੱਚਾਈ ਜਾਣ ਕੇ ਮੈਂ ਆਪਣੀ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਬਦਲ ਲਈਆਂ। ਭਾਵੇਂ ਮੈਂ ਹੁਣ ਅਮੀਰ ਨਹੀਂ ਹਾਂ, ਮੈਨੂੰ ਲੱਗਦਾ ਹੈ ਕਿ ਰੂਹਾਨੀ ਤੌਰ ਤੇ ਮੈਂ ਕਰੋੜਪਤੀ ਹਾਂ।”

ਜੌਨ ਵਾਂਗ, ਤੁਸੀਂ ਵੀ ਸ਼ਾਇਦ ਆਪਣੀ ਰੂਹਾਨੀ ਲੋੜ ਬਾਰੇ ਕਈਆਂ ਸਾਲਾਂ ਲਈ ਕੁਝ ਨਾ ਕੀਤਾ ਹੋਵੇ। ਪਰ ਬਾਈਬਲ ਵਿੱਚੋਂ ਬੁੱਧ ਪ੍ਰਾਪਤ ਕਰ ਕੇ ਤੁਸੀਂ ਵੀ ਉਸ ਲੋੜ ਨੂੰ ਪੂਰੀ ਕਰ ਸਕਦੇ ਹੋ। (ਜ਼ਬੂਰ 90:12) ਦ੍ਰਿੜ੍ਹਤਾ ਅਤੇ ਮਿਹਨਤ ਨਾਲ, ਤੁਹਾਨੂੰ ਵੀ ਖ਼ੁਸ਼ੀ, ਸ਼ਾਂਤੀ, ਅਤੇ ਆਸ ਮਿਲ ਸਕਦੀ ਹੈ। (ਰੋਮੀਆਂ 15:13) ਜੀ ਹਾਂ, ਤੁਹਾਡੀ ਜ਼ਿੰਦਗੀ ਹੋਰ ਵਧੀਆ ਬਣ ਸਕਦੀ ਹੈ!

[ਸਫ਼ੇ 6 ਉੱਤੇ ਤਸਵੀਰ]

ਪ੍ਰਾਰਥਨਾ ਰਾਹੀਂ ਸਾਨੂੰ “ਪਰਮੇਸ਼ੁਰ ਦੀ ਸ਼ਾਂਤੀ” ਮਿਲ ਸਕਦੀ ਹੈ

[ਸਫ਼ੇ 7 ਉੱਤੇ ਤਸਵੀਰਾਂ]

ਕੀ ਤੁਸੀਂ ਜਾਣਦੇ ਹੋ ਕਿ ਪਰਿਵਾਰਕ ਜ਼ਿੰਦਗੀ ਹੋਰ ਵਧੀਆ ਕਿਵੇਂ ਬਣ ਸਕਦੀ ਹੈ?