Skip to content

Skip to table of contents

ਉਨ੍ਹਾਂ ਦੇ ਬੱਚੇ ਕਿਉਂ ਨਹੀਂ?

ਉਨ੍ਹਾਂ ਦੇ ਬੱਚੇ ਕਿਉਂ ਨਹੀਂ?

ਉਨ੍ਹਾਂ ਦੇ ਬੱਚੇ ਕਿਉਂ ਨਹੀਂ?

ਡੈਲੀ ਅਤੇ ਫੋਲਾ * ਨਾਂ ਦਾ ਇਕ ਵਿਆਹੁਤਾ ਜੋੜਾ ਨਾਈਜੀਰੀਆ ਵਿਚ ਵਾਚ ਟਾਵਰ ਸੋਸਾਇਟੀ ਦੇ ਸ਼ਾਖ਼ਾ ਦਫ਼ਤਰ ਵਿਚ ਕੰਮ ਕਰਦਾ ਸੀ। ਜਦੋਂ ਉਹ ਦੋਵੇਂ ਉੱਥੇ ਕੰਮ ਕਰ ਰਹੇ ਸਨ, ਤਾਂ ਇਕ ਦਿਨ ਫੋਲਾ ਦੀ ਮੰਮੀ ਉਨ੍ਹਾਂ ਨੂੰ ਮਿਲਣ ਆਈ। ਉਹ ਉਨ੍ਹਾਂ ਨਾਲ ਇਕ ਬੜੀ ਜ਼ਰੂਰੀ ਗੱਲ ਕਰਨ ਆਈ ਸੀ ਜਿਸ ਕਾਰਨ ਉਸ ਦੀ ਰਾਤਾਂ ਦੀ ਨੀਂਦ ਉੱਡ ਗਈ ਸੀ।

ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਮੈਨੂੰ ਬੜਾ ਪਿਆਰ ਕਰਦੇ ਹੋ ਤੇ ਮੇਰਾ ਬੜਾ ਖ਼ਿਆਲ ਰੱਖਦੇ ਹੋ। ਤੁਸੀਂ ਮੈਨੂੰ ਸਿਰਫ਼ ਤੋਹਫ਼ੇ ਹੀ ਨਹੀਂ ਦਿੰਦੇ, ਸਗੋਂ ਮਿਲਣ ਵੀ ਆਉਂਦੇ ਹੋ। ਪਿਆਰ ਦੇ ਇਨ੍ਹਾਂ ਇਜ਼ਹਾਰਾਂ ਦੀ ਮੈਂ ਦਿਲੋਂ ਕਦਰ ਕਰਦੀ ਹਾਂ। ਪਰ ਇਕ ਚਿੰਤਾ ਮੈਨੂੰ ਅੰਦਰੋਂ ਵੱਡ-ਵੱਡ ਖਾਈ ਜਾਂਦੀ ਹੈ। ਮੈਂ ਹਮੇਸ਼ਾ ਇਹੀ ਸੋਚਦੀ ਰਹਿੰਦੀ ਹਾਂ ਕਿ ਜਦੋਂ ਤੁਸੀਂ ਮੇਰੇ ਵਾਂਗ ਬੁੱਢੇ ਹੋ ਜਾਓਗੇ, ਤਾਂ ਤੁਹਾਡਾ ਖ਼ਿਆਲ ਕੌਣ ਰੱਖੇਗਾ? ਤੁਹਾਨੂੰ ਵਿਆਹਿਆਂ ਨੂੰ ਦੋ ਸਾਲ ਹੋ ਗਏ, ਪਰ ਅਜੇ ਤਕ ਤੁਹਾਡੇ ਕੋਈ ਨਿਆਣਾ ਨਹੀਂ। ਤੁਹਾਨੂੰ ਨਹੀਂ ਲੱਗਦਾ ਕਿ ਹੁਣ ਤੁਹਾਨੂੰ ਬੈਥਲ ਛੱਡ ਕੇ ਮਾਂ-ਬਾਪ ਬਣਨ ਬਾਰੇ ਸੋਚਣਾ ਚਾਹੀਦਾ ਹੈ?”

ਮੰਮੀ ਦੀ ਇਹ ਸੋਚਣੀ ਸੀ: ਡੈਲੀ ਅਤੇ ਫੋਲਾ ਨੇ ਬੈਥਲ ਵਿਚ ਹੁਣ ਤਕ ਕਾਫ਼ੀ ਸੇਵਾ ਕਰ ਲਈ ਹੈ। ਹੁਣ ਉਨ੍ਹਾਂ ਨੂੰ ਕੱਲ੍ਹ ਬਾਰੇ ਸੋਚਣਾ ਚਾਹੀਦਾ ਹੈ। ਯਕੀਨਨ ਉਨ੍ਹਾਂ ਦੀ ਥਾਂ ਤੇ ਬੈਥਲ ਵਿਚ ਕੋਈ ਹੋਰ ਵੀ ਕੰਮ ਕਰ ਸਕਦਾ ਹੈ। ਮੈਂ ਇਹ ਨਹੀਂ ਕਹਿੰਦੀ ਕਿ ਉਹ ਦੋਵੇਂ ਪੂਰਣ-ਕਾਲੀ ਸੇਵਕਾਈ ਛੱਡ ਦੇਣ, ਪਰ ਉਹ ਬੈਥਲ ਸੇਵਾ ਨੂੰ ਛੱਡ ਕੋਈ ਅਜਿਹੀ ਸੇਵਾ ਕਰ ਸਕਦੇ ਹਨ, ਤਾਂਕਿ ਉਹ ਔਲਾਦ ਹੋਣ ਦਾ ਸੁੱਖ ਵੀ ਮਾਣ ਸਕਣ।

ਮੰਮੀ ਦੀ ਚਿੰਤਾ

ਅਸੀਂ ਮੰਮੀ ਦੀ ਚਿੰਤਾ ਨੂੰ ਸਮਝ ਸਕਦੇ ਹਾਂ। ਹਰ ਸਭਿਆਚਾਰ ਵਿਚ ਇਨਸਾਨ ਦੀ ਇਹ ਕੁਦਰਤੀ ਇੱਛਾ ਰਹੀ ਹੈ ਕਿ ਉਸ ਦੇ ਬੱਚੇ ਹੋਣ। ਬੱਚੇ ਦੇ ਜਨਮ ਦੀਆਂ ਕਿਲਕਾਰੀਆਂ, ਖ਼ੁਸ਼ੀਆਂ ਦੇ ਨਾਲ-ਨਾਲ ਦਿਲ ਵਿਚ ਉਮੀਦ ਦੀ ਇਕ ਕਿਰਨ ਵੀ ਪੈਦਾ ਕਰਦੀਆਂ ਹਨ। ਇਕ ਬਾਈਬਲ ਲਿਖਾਰੀ ਨੇ ਬਿਲਕੁਲ ਸੱਚ ਕਿਹਾ: “ਢਿੱਡ ਦਾ ਫਲ ਇੱਕ ਇਨਾਮ ਹੈ।” ਜੀ ਹਾਂ, ਬੱਚੇ ਪੈਦਾ ਕਰਨ ਦੀ ਤਾਕਤ ਸਾਡੇ ਸਿਰਜਣਹਾਰ ਵੱਲੋਂ ਦਿੱਤਾ ਇਕ ਵਡਮੁੱਲਾ ਤੋਹਫ਼ਾ ਹੈ।—ਜ਼ਬੂਰ 127:3.

ਬਹੁਤ ਸਾਰੇ ਸਮਾਜਾਂ ਵਿਚ ਵਿਆਹੁਤਾ ਜੋੜਿਆਂ ਤੇ ਇਹ ਜ਼ੋਰ ਪਾਇਆ ਜਾਂਦਾ ਹੈ ਕਿ ਉਹ ਬੱਚੇ ਪੈਦਾ ਕਰਨ। ਮਿਸਾਲ ਵਜੋਂ ਨਾਈਜੀਰੀਆ ਵਿਚ ਇਕ ਆਮ ਜਨਾਨੀ ਛੇ ਬੱਚਿਆਂ ਨੂੰ ਜਨਮ ਦਿੰਦੀ ਹੈ। ਇਸ ਲਈ ਵਿਆਹ ਵਾਲੇ ਦਿਨ, ਨਵੇਂ-ਵਿਆਹੇ ਜੋੜੇ ਨੂੰ ਮੁਬਾਰਕਬਾਦ ਦੇਣ ਵਾਲੇ ਅਕਸਰ ਇਹ ਕਹਿੰਦੇ ਹਨ: “ਹੁਣ ਤੋਂ ਨੌਂ ਮਹੀਨੇ ਬਾਅਦ ਅਸੀਂ ਤੁਹਾਡੇ ਘਰ ਬੱਚੇ ਦੀਆਂ ਕਿਲਕਾਰੀਆਂ ਸੁਣਨ ਦੀ ਉਮੀਦ ਰੱਖਦੇ ਹਾਂ।” ਕਈ ਲੋਕ ਵਿਆਹ ਦੇ ਤੋਹਫ਼ੇ ਵਜੋਂ ਨਵੇਂ ਜੋੜੇ ਨੂੰ ਪੰਘੂੜਾ ਵੀ ਦੇ ਦਿੰਦੇ ਹਨ। ਸੱਸ ਬੜੀ ਤਾਂਘ ਨਾਲ ਕਲੰਡਰ ਤੋਂ ਦਿਨ ਗਿਣਨੇ ਸ਼ੁਰੂ ਕਰ ਦਿੰਦੀ ਹੈ। ਜੇਕਰ ਵਹੁਟੀ ਤਕਰੀਬਨ ਇਕ ਸਾਲ ਦੇ ਵਿਚ-ਵਿਚ ਗਰਭਵਤੀ ਨਹੀਂ ਹੁੰਦੀ, ਤਾਂ ਉਹ ਪੁੱਛ-ਗਿੱਛ ਕਰਨੀ ਸ਼ੁਰੂ ਕਰ ਦਿੰਦੇ ਹਨ ਤਾਂਕਿ ਜੇ ਕੋਈ ਮੁਸ਼ਕਲ ਹੋਵੇ ਤਾਂ ਉਸ ਦਾ ਹੱਲ ਲੱਭਿਆ ਜਾ ਸਕੇ।

ਕਈ ਮਾਵਾਂ ਦਾ ਕਹਿਣਾ ਹੈ ਕਿ ਵਿਆਹ ਇਸੇ ਲਈ ਕੀਤਾ ਜਾਂਦਾ ਹੈ ਕਿ ਨਵਾਂ ਜੋੜਾ ਬੱਚੇ ਪੈਦਾ ਕਰ ਕੇ ਘਰਾਣਾ ਅੱਗੇ ਤੋਰੇ। ਫੋਲਾ ਦੀ ਮਾਂ ਨੇ ਉਸ ਨੂੰ ਕਿਹਾ: “ਜੇ ਤੂੰ ਬੱਚੇ ਪੈਦਾ ਨਹੀਂ ਕਰਨੇ ਸੀ ਤਾਂ ਤੂੰ ਵਿਆਹ ਹੀ ਕਿਉਂ ਕਰਵਾਇਆ? ਜਿੱਦਾਂ ਤੈਨੂੰ ਕਿਸੇ ਨੇ ਜਨਮ ਦਿੱਤਾ ਉਸੇ ਤਰ੍ਹਾਂ ਤੈਨੂੰ ਵੀ ਆਪਣੇ ਬੱਚਿਆਂ ਨੂੰ ਜਨਮ ਦੇਣਾ ਚਾਹੀਦਾ ਹੈ।”

ਇਸ ਤੋਂ ਇਲਾਵਾ, ਹੋਰ ਗੱਲਾਂ ਵੱਲ ਗੌਰ ਕਰਨਾ ਵੀ ਜ਼ਰੂਰੀ ਹੈ। ਬਹੁਤ ਸਾਰੇ ਅਫ਼ਰੀਕੀ ਦੇਸ਼ਾਂ ਵਿਚ ਬਜ਼ੁਰਗਾਂ ਦੀ ਦੇਖ-ਭਾਲ ਲਈ ਸਰਕਾਰ ਵੱਲੋਂ ਰੁਪਏ-ਪੈਸੇ ਦੀ ਕੋਈ ਮਦਦ ਨਹੀਂ ਮਿਲਦੀ। ਰਵਾਇਤੀ ਤੌਰ ਤੇ ਬੱਚੇ ਆਪਣੇ ਬਜ਼ੁਰਗ ਮਾਪਿਆਂ ਦੀ ਦੇਖ-ਭਾਲ ਉਸੇ ਤਰ੍ਹਾਂ ਕਰਦੇ ਹਨ ਜਿਵੇਂ ਉਨ੍ਹਾਂ ਦੇ ਮਾਂ-ਬਾਪ ਨੇ ਛੋਟੇ ਹੁੰਦਿਆਂ ਉਨ੍ਹਾਂ ਦੀ ਦੇਖ-ਭਾਲ ਕੀਤੀ ਸੀ। ਇਸੇ ਲਈ, ਫੋਲਾ ਦੀ ਮੰਮੀ ਦੀ ਸੋਚਣੀ ਸੀ ਕਿ ਜੇਕਰ ਉਸ ਦੇ ਆਪਣੇ ਬੱਚਿਆਂ ਦੇ ਬੱਚੇ ਨਹੀਂ ਹਨ, ਤਾਂ ਬੁਢਾਪੇ ਵਿਚ ਉਹ ਇਕੱਲਾਪਣ ਮਹਿਸੂਸ ਕਰਨਗੇ। ਉਨ੍ਹਾਂ ਨੂੰ ਲੱਗੇਗਾ ਕਿ ਉਨ੍ਹਾਂ ਦੀ ਕਿਸੇ ਨੂੰ ਲੋੜ ਨਹੀਂ ਹੈ ਤੇ ਉਨ੍ਹਾਂ ਨੂੰ ਦਫ਼ਨਾਉਣ ਵਾਲਾ ਵੀ ਕੋਈ ਨਹੀਂ ਹੋਵੇਗਾ।

ਤਕਰੀਬਨ ਪੂਰੇ ਅਫ਼ਰੀਕਾ ਵਿਚ ਇਹ ਮੰਨਿਆ ਜਾਂਦਾ ਹੈ ਕਿ ਔਲਾਦ ਨਾ ਹੋਣਾ ਇਕ ਤਰ੍ਹਾਂ ਦਾ ਸਰਾਪ ਹੈ। ਕੁਝ ਇਲਾਕਿਆਂ ਦੇ ਲੋਕ ਤਾਂ ਇਹ ਵੀ ਮੰਗ ਕਰਦੇ ਹਨ ਕਿ ਕੁੜੀਆਂ ਵਿਆਹ ਤੋਂ ਪਹਿਲਾਂ ਹੀ ਇਹ ਸਾਬਤ ਕਰਨ ਕਿ ਉਹ ਬਾਂਝ ਨਹੀਂ ਹਨ। ਬਹੁਤ ਸਾਰੀਆਂ ਕੁੜੀਆਂ ਜੋ ਗਰਭਵਤੀ ਨਹੀਂ ਹੁੰਦੀਆਂ, ਉਹ ਬਾਂਝਪਣ ਤੋਂ ਛੁਟਕਾਰਾ ਪਾਉਣ ਲਈ ਪਾਗਲਾਂ ਵਾਂਗ ਇਲਾਜ ਲਈ ਨੱਠ-ਭੱਜ ਕਰਨ ਲੱਗ ਪੈਂਦੀਆਂ ਹਨ।

ਇਨ੍ਹਾਂ ਹਾਲਾਤਾਂ ਵਿਚ ਜਦੋਂ ਵਿਆਹਿਆ ਜੋੜਾ ਆਪਣੀ ਮਰਜ਼ੀ ਨਾਲ ਬੱਚੇ ਪੈਦਾ ਨਹੀਂ ਕਰਦਾ, ਤਾਂ ਲੋਕ ਇਹ ਸੋਚਣ ਲੱਗ ਪੈਂਦੇ ਹਨ ਕਿ ਅਜਿਹੇ ਜੋੜੇ ਆਪਣਾ ਬੜਾ ਵੱਡਾ ਨੁਕਸਾਨ ਕਰ ਰਹੇ ਹਨ। ਉਨ੍ਹਾਂ ਨੂੰ ਅਜੀਬ ਜਿਹੇ, ਘੱਟ ਸਮਝਦਾਰ ਅਤੇ ਤਰਸਯੋਗ ਸਮਝਿਆ ਜਾਂਦਾ ਹੈ।

ਖ਼ੁਸ਼ੀਆਂ ਦੇ ਨਾਲ-ਨਾਲ ਜ਼ਿੰਮੇਵਾਰੀਆਂ

ਯਹੋਵਾਹ ਦੇ ਲੋਕ ਜਾਣਦੇ ਹਨ ਕਿ ਬੱਚੇ ਪੈਦਾ ਕਰਨ ਦੀ ਖ਼ੁਸ਼ੀ ਦੇ ਨਾਲ-ਨਾਲ ਮਾਂ-ਬਾਪ ਦੇ ਸਿਰ ਤੇ ਇਕ ਵੱਡੀ ਜ਼ਿੰਮੇਵਾਰੀ ਵੀ ਆਉਂਦੀ ਹੈ। ਬਾਈਬਲ ਵਿਚ, 1 ਤਿਮੋਥਿਉਸ 5:8 ਵਿਚ ਲਿਖਿਆ ਹੈ: “ਪਰ ਜੇ ਕੋਈ ਆਪਣਿਆਂ ਲਈ ਅਤੇ ਖ਼ਾਸ ਕਰਕੇ ਆਪਣੇ ਘਰਾਣੇ ਲਈ ਅੱਗੋਂ ਹੀ ਤਰੱਦਦ ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ।”

ਮਾਂ-ਬਾਪ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਪਰਿਵਾਰ ਦੀਆਂ ਰੁਪਏ-ਪੈਸੇ ਸੰਬੰਧੀ ਅਤੇ ਅਧਿਆਤਮਿਕ ਲੋੜਾਂ ਪੂਰੀਆਂ ਕਰਨ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਨ੍ਹਾਂ ਲੋੜਾਂ ਨੂੰ ਪੂਰਾ ਕਰਨ ਲਈ ਕਾਫ਼ੀ ਸਮੇਂ ਅਤੇ ਮਿਹਨਤ ਦੀ ਲੋੜ ਪੈਂਦੀ ਹੈ। ਯਹੋਵਾਹ ਦੇ ਗਵਾਹ ਇਹ ਨਹੀਂ ਸੋਚਦੇ ਕਿ ਜੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਬੱਚੇ ਦਿੱਤੇ ਹਨ, ਤਾਂ ਉਹ ਉਨ੍ਹਾਂ ਦੀ ਦੇਖ-ਭਾਲ ਵੀ ਆਪੇ ਹੀ ਕਰੇਗਾ। ਸਗੋਂ ਉਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਬੱਚਿਆਂ ਦੀ ਬਾਈਬਲ ਸਿਧਾਂਤਾਂ ਮੁਤਾਬਕ ਪਰਵਰਿਸ਼ ਕਰਨੀ ਇਕ ਪੂਰਣ-ਕਾਲੀ ਜ਼ਿੰਮੇਵਾਰੀ ਹੈ ਜੋ ਪਰਮੇਸ਼ੁਰ ਨੇ ਉਨ੍ਹਾਂ ਨੂੰ ਦਿੱਤੀ ਹੈ। ਇਹ ਜ਼ਿੰਮੇਵਾਰੀ ਕਿਸੇ ਹੋਰ ਦੇ ਮੋਢਿਆਂ ਤੇ ਨਹੀਂ ਸੁੱਟੀ ਜਾਣੀ ਚਾਹੀਦੀ।—ਬਿਵਸਥਾ ਸਾਰ 6:6, 7.

ਬੱਚਿਆਂ ਦੀ ਪਰਵਰਿਸ਼ ਕਰਨੀ ਕੋਈ ਸੌਖੀ ਗੱਲ ਨਹੀਂ ਹੈ, ਉਹ ਵੀ ਇਸ “ਭੈੜੇ ਸਮੇਂ” ਦੇ “ਅੰਤ ਦਿਆਂ ਦਿਨਾਂ” ਵਿਚ। (2 ਤਿਮੋਥਿਉਸ 3:1-5) ਅੱਜ-ਕੱਲ੍ਹ ਪਰਿਵਾਰਾਂ ਦੀ ਰੋਜ਼ੀ-ਰੋਟੀ ਚਲਾਉਣੀ ਤਾਂ ਔਖੀ ਹੈ ਹੀ, ਪਰ ਲੋਕਾਂ ਦਾ ਪਰਮੇਸ਼ੁਰ ਉੱਤੋਂ ਵਿਸ਼ਵਾਸ ਉੱਠ ਜਾਣ ਕਰਕੇ ਬੱਚਿਆਂ ਦੀ ਪਰਵਰਿਸ਼ ਕਰਨੀ ਹੋਰ ਵੀ ਮੁਸ਼ਕਲ ਹੋ ਗਈ ਹੈ। ਪਰ, ਪੂਰੀ ਦੁਨੀਆਂ ਵਿਚ ਬਹੁਤ ਸਾਰੇ ਮਸੀਹੀ ਮਾਪੇ ਇਨ੍ਹਾਂ ਹਾਲਾਤਾਂ ਦੇ ਬਾਵਜੂਦ, ਆਪਣੇ ਬੱਚਿਆਂ ਨੂੰ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ” ਕਰਨ ਵਿਚ ਕਾਮਯਾਬ ਹੋਏ ਹਨ। (ਅਫ਼ਸੀਆਂ 6:4) ਅਜਿਹੇ ਮਾਪਿਆਂ ਦੀ ਸਖ਼ਤ ਮਿਹਨਤ ਤੋਂ ਯਹੋਵਾਹ ਖ਼ੁਸ਼ ਹੈ ਤੇ ਉਹ ਉਨ੍ਹਾਂ ਦੀ ਇਸ ਮਿਹਨਤ ਦੀਆਂ ਬਰਕਤਾਂ ਵੀ ਦਿੰਦਾ ਹੈ।

ਕੁਝ ਜੋੜੇ ਬੱਚੇ ਪੈਦਾ ਕਿਉਂ ਨਹੀਂ ਕਰਦੇ

ਬਹੁਤ ਸਾਰੇ ਮਸੀਹੀ ਜੋੜਿਆਂ ਦੇ ਬੱਚੇ ਨਹੀਂ ਹਨ। ਕਈ ਬਾਂਝਪਣ ਕਰਕੇ ਬੱਚੇ ਪੈਦਾ ਨਹੀਂ ਕਰ ਸਕਦੇ, ਪਰ ਉਹ ਬੱਚੇ ਗੋਦ ਵੀ ਨਹੀਂ ਲੈਂਦੇ। ਕਈ ਜੋੜੇ ਆਪਣੀ ਮਰਜ਼ੀ ਨਾਲ ਬੱਚੇ ਪੈਦਾ ਨਹੀਂ ਕਰਦੇ। ਇਹ ਗੱਲ ਨਹੀਂ ਕਿ ਅਜਿਹੇ ਜੋੜੇ ਇਸ ਲਈ ਬੱਚੇ ਪੈਦਾ ਨਹੀਂ ਕਰਦੇ ਕਿਉਂਕਿ ਉਹ ਮਾਂ-ਬਾਪ ਬਣਨ ਦੀ ਜ਼ਿੰਮੇਵਾਰੀ ਚੁੱਕਣ ਤੋਂ ਕੰਨੀ ਕਤਰਾਉਂਦੇ ਹਨ ਜਾਂ ਮਾਂ-ਬਾਪ ਬਣਨ ਤੇ ਆਉਣ ਵਾਲੀਆਂ ਮੁਸ਼ਕਲਾਂ ਤੋਂ ਡਰਦੇ ਹਨ। ਸਗੋਂ, ਅਜਿਹੇ ਜੋੜੇ ਵੱਖ-ਵੱਖ ਤਰ੍ਹਾਂ ਦੀ ਪੂਰਣ-ਕਾਲੀ ਸੇਵਾ ਵੱਲ ਆਪਣਾ ਪੂਰਾ ਧਿਆਨ ਲਾਉਣਾ ਚਾਹੁੰਦੇ ਹਨ ਜੋ ਬੱਚੇ ਹੋਣ ਤੇ ਨਹੀਂ ਕੀਤਾ ਜਾ ਸਕਦਾ। ਕੁਝ ਜੋੜੇ, ਮਿਸ਼ਨਰੀਆਂ ਵਜੋਂ ਕੰਮ ਕਰਦੇ ਹਨ। ਕੁਝ ਸਫ਼ਰੀ ਕੰਮ ਕਰਦੇ ਅਤੇ ਕੁਝ ਬੈਥਲ ਵਿਚ ਸੇਵਾ ਕਰਦੇ ਹਨ।

ਸਾਰੇ ਮਸੀਹੀਆਂ ਵਾਂਗ ਉਹ ਜਾਣਦੇ ਹਨ ਕਿ ਅੱਜ ਦੇ ਦਿਨਾਂ ਵਿਚ ਇਕ ਬਹੁਤ ਜ਼ਰੂਰੀ ਕੰਮ ਕਰਨਾ ਹੈ। ਯਿਸੂ ਨੇ ਕਿਹਾ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” ਇਹ ਕੰਮ ਅੱਜ ਦੇ ਦਿਨਾਂ ਵਿਚ ਪੂਰਾ ਕੀਤਾ ਜਾਣਾ ਬਹੁਤ ਜ਼ਰੂਰੀ ਹੈ, ਕਿਉਂਕਿ “ਅੰਤ” ਆਉਣ ਤੇ ਉਨ੍ਹਾਂ ਲੋਕਾਂ ਦਾ ਨਾਸ਼ ਹੋ ਜਾਵੇਗਾ ਜੋ ਖ਼ੁਸ਼ ਖ਼ਬਰੀ ਵੱਲ ਧਿਆਨ ਨਹੀਂ ਦਿੰਦੇ।—ਮੱਤੀ 24:14; 2 ਥੱਸਲੁਨੀਕੀਆਂ 1:7, 8.

ਅੱਜ ਦਾ ਸਮਾਂ ਨੂਹ ਦੇ ਸਮੇਂ ਵਰਗਾ ਹੈ। ਨੂਹ ਦੇ ਪਰਿਵਾਰ ਨੇ ਇਕ ਬਹੁਤ ਹੀ ਵੱਡੀ ਕਿਸ਼ਤੀ ਬਣਾਈ ਸੀ ਜਿਸ ਦੀ ਮਦਦ ਨਾਲ ਉਹ ਵੱਡੀ ਪਰਲੋ ਵਿੱਚੋਂ ਬਚੇ ਸਨ। (ਉਤਪਤ 6:13-16; ਮੱਤੀ 24:37) ਬੇਸ਼ੱਕ ਨੂਹ ਦੇ ਤਿੰਨੋਂ ਮੁੰਡੇ ਵਿਆਹੇ ਹੋਏ ਸਨ, ਪਰ ਉਨ੍ਹਾਂ ਨੇ ਪਰਲੋ ਤੋਂ ਬਾਅਦ ਹੀ ਬੱਚੇ ਪੈਦਾ ਕੀਤੇ। ਇਸ ਦੀ ਇਕ ਵਜ੍ਹਾ ਇਹ ਹੋ ਸਕਦੀ ਹੈ ਕਿ ਇਹ ਜੋੜੇ ਸ਼ਾਇਦ ਉਸ ਵੇਲੇ ਦੇ ਕੰਮ ਨੂੰ ਪੂਰੇ ਤਨ-ਮਨ ਨਾਲ ਕਰਨਾ ਚਾਹੁੰਦੇ ਸਨ। ਦੂਸਰਾ ਕਾਰਨ ਸ਼ਾਇਦ ਇਹ ਹੋ ਸਕਦਾ ਹੈ ਕਿ ਉਹ ਉਸ ਸਮੇਂ ਦੇ ਘਟੀਆ ਅਤੇ ਹਿੰਸਕ ਸੰਸਾਰ ਵਿਚ ਆਪਣੇ ਬੱਚਿਆਂ ਨੂੰ ਜਨਮ ਨਹੀਂ ਦੇਣਾ ਚਾਹੁੰਦੇ ਸਨ ਜਿੱਥੇ “ਆਦਮੀ ਦੀ ਬੁਰਿਆਈ . . . ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ” ਸੀ।—ਉਤਪਤ 6:5.

ਪਰ, ਇਸ ਦਾ ਮਤਲਬ ਇਹ ਨਹੀਂ ਕਿ ਅੱਜ ਦੇ ਸਮੇਂ ਵਿਚ ਬੱਚੇ ਪੈਦਾ ਕਰਨਾ ਗ਼ਲਤ ਹੈ। ਪਰ ਬਹੁਤ ਸਾਰੇ ਮਸੀਹੀ, ਬੱਚੇ ਇਸ ਲਈ ਪੈਦਾ ਨਹੀਂ ਕਰਦੇ ਕਿਉਂਕਿ ਉਹ ਯਹੋਵਾਹ ਵੱਲੋਂ ਦਿੱਤੇ ਗਏ ਪ੍ਰਚਾਰ ਕੰਮ ਵੱਲ ਆਪਣਾ ਪੂਰਾ-ਪੂਰਾ ਧਿਆਨ ਲਾਉਣਾ ਚਾਹੁੰਦੇ ਹਨ। ਕੁਝ ਵਿਆਹੁਤਾ ਜੋੜਿਆਂ ਨੇ ਬੱਚੇ ਪੈਦਾ ਕਰਨ ਲਈ ਕੁਝ ਸਾਲਾਂ ਤਕ ਇੰਤਜ਼ਾਰ ਕੀਤਾ ਹੈ। ਕਈਆਂ ਨੇ ਬੱਚੇ ਨਾ ਪੈਦਾ ਕਰਨ ਦਾ ਫ਼ੈਸਲਾ ਕੀਤਾ ਹੈ, ਪਰ ਹੋ ਸਕਦਾ ਹੈ ਕਿ ਉਹ ਯਹੋਵਾਹ ਦੀ ਆਉਣ ਵਾਲੀ ਨਵੀਂ ਦੁਨੀਆਂ ਵਿਚ ਬੱਚੇ ਪੈਦਾ ਕਰਨ। ਕੀ ਇੱਦਾਂ ਸੋਚਣਾ ਘੱਟ ਅਕਲਮੰਦੀ ਦੀ ਨਿਸ਼ਾਨੀ ਹੈ? ਕੀ ਅਜਿਹੇ ਜੋੜੇ ਆਪਣਾ ਨੁਕਸਾਨ ਕਰ ਰਹੇ ਹਨ? ਕੀ ਉਨ੍ਹਾਂ ਤੇ ਤਰਸ ਖਾਧਾ ਜਾਣਾ ਚਾਹੀਦਾ ਹੈ?

ਸੁਰੱਖਿਆ ਅਤੇ ਆਨੰਦ-ਭਰਪੂਰ ਜ਼ਿੰਦਗੀ

ਡੈਲੀ ਅਤੇ ਫੋਲਾ ਜਿਨ੍ਹਾਂ ਦਾ ਜ਼ਿਕਰ ਲੇਖ ਦੇ ਸ਼ੁਰੂ ਵਿਚ ਕੀਤਾ ਗਿਆ ਹੈ, ਉਨ੍ਹਾਂ ਨੂੰ ਵਿਆਹਿਆਂ ਦਸ ਤੋਂ ਜ਼ਿਆਦਾ ਸਾਲ ਹੋ ਗਏ ਹਨ। ਉਹ ਬੱਚੇ ਪੈਦਾ ਨਾ ਕਰਨ ਦੇ ਫ਼ੈਸਲੇ ਤੇ ਅਜੇ ਵੀ ਅਟੱਲ ਹਨ। ਡੈਲੀ ਕਹਿੰਦਾ ਹੈ: “ਸਾਡੇ ਰਿਸ਼ਤੇਦਾਰ ਅਜੇ ਵੀ ਸਾਡੇ ਤੇ ਬੱਚੇ ਪੈਦਾ ਕਰਨ ਦਾ ਬੜਾ ਜ਼ੋਰ ਪਾਉਂਦੇ ਹਨ। ਉਹ ਸਾਰੇ ਕਹਿੰਦੇ ਹਨ ਕਿ ਜੇ ਸਾਡੇ ਬੱਚੇ ਹੋਣਗੇ ਤਾਂ ਉਹ ਸਾਡੇ ਬੁਢਾਪੇ ਦਾ ਸਹਾਰਾ ਬਣਨਗੇ। ਉਹ ਸਾਡੀ ਪਰਵਾਹ ਕਰਦੇ ਹਨ ਅਸੀਂ ਇਸ ਗੱਲ ਦੀ ਹਮੇਸ਼ਾ ਕਦਰ ਕੀਤੀ ਹੈ, ਪਰ ਨਾਲੋ-ਨਾਲ ਅਸੀਂ ਉਨ੍ਹਾਂ ਨੂੰ ਬੜੇ ਸੁਚੱਜੇ ਢੰਗ ਨਾਲ ਇਹ ਵੀ ਦੱਸਿਆ ਹੈ ਕਿ ਅਸੀਂ ਜੋ ਕੁਝ ਵੀ ਕਰ ਰਹੇ ਹਾਂ ਉਸ ਤੋਂ ਅਸੀਂ ਬਹੁਤ ਖ਼ੁਸ਼ ਹਾਂ। ਜਿੱਥੇ ਤਕ ਕੱਲ੍ਹ ਦਾ ਸਵਾਲ ਹੈ ਅਸੀਂ ਉਨ੍ਹਾਂ ਨੂੰ ਇਹ ਕਿਹਾ ਹੈ ਕਿ ਇਸ ਮਾਮਲੇ ਵਿਚ ਸਾਡਾ ਭਰੋਸਾ ਯਹੋਵਾਹ ਤੇ ਹੈ, ਜੋ ਉਨ੍ਹਾਂ ਸਾਰਿਆਂ ਦੀ ਦੇਖ-ਭਾਲ ਕਰਦਾ ਹੈ ਜਿਹੜੇ ਉਸ ਲਈ ਦ੍ਰਿੜ੍ਹ ਤੇ ਵਫ਼ਾਦਾਰ ਰਹਿੰਦੇ ਹਨ। ਅਸੀਂ ਉਨ੍ਹਾਂ ਨੂੰ ਇਹ ਵੀ ਦੱਸਿਆ ਹੈ ਕਿ ਬੱਚੇ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਉਹ ਬੁਢਾਪੇ ਵਿਚ ਮਾਪਿਆਂ ਦੀ ਜ਼ਰੂਰ ਦੇਖ-ਭਾਲ ਕਰਨਗੇ। ਕੁਝ ਬੱਚੇ ਆਪਣੇ ਮਾਂ-ਬਾਪ ਦੀ ਬਿਲਕੁਲ ਦੇਖ-ਭਾਲ ਨਹੀਂ ਕਰਦੇ, ਕਈ ਉਨ੍ਹਾਂ ਦੀ ਮਦਦ ਕਰਨ ਦੇ ਕਾਬਲ ਨਹੀਂ ਅਤੇ ਕਈ ਆਪਣੇ ਮਾਂ-ਬਾਪ ਦੀ ਸੇਵਾ ਕਰਨ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਦੂਜੇ ਪਾਸੇ, ਜੇ ਅਸੀਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਦੇ ਹਾਂ ਤਾਂ ਸਾਡਾ ਭਵਿੱਖ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦਾ ਹੈ।”

ਡੈਲੀ ਅਤੇ ਉਸ ਵਰਗੇ ਹੋਰ ਕਈ ਲੋਕ ਆਪਣੇ ਵਫ਼ਾਦਾਰ ਸੇਵਕਾਂ ਨਾਲ ਕੀਤੇ ਯਹੋਵਾਹ ਦੇ ਇਸ ਵਾਅਦੇ ਤੇ ਪੂਰਾ ਭਰੋਸਾ ਰੱਖਦੇ ਹਨ: “ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।” (ਇਬਰਾਨੀਆਂ 13:5) ਉਨ੍ਹਾਂ ਨੂੰ ਇਹ ਵੀ ਭਰੋਸਾ ਹੈ ਕਿ “ਯਹੋਵਾਹ ਦਾ ਹੱਥ ਛੋਟਾ ਨਹੀਂ ਭਈ ਉਹ ਬਚਾਵੇ ਨਾ, ਉਹ ਦੇ ਕੰਨ ਭਾਰੀ ਨਹੀਂ ਭਈ ਉਹ ਸੁਣੇ ਨਾ।”—ਯਸਾਯਾਹ 59:1.

ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕਾਂ ਨੂੰ ਅੱਜ ਤਕ ਬਚਾ ਕੇ ਰੱਖਿਆ ਹੈ ਜੋ ਭਰੋਸਾ ਕਰਨ ਦਾ ਸਭ ਤੋਂ ਵੱਡਾ ਕਾਰਨ ਹੈ। ਦਾਊਦ ਨੇ ਲਿਖਿਆ: “ਮੈਂ ਜੁਆਨ ਸਾਂ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਧਰਮੀ ਨੂੰ ਤਿਆਗਿਆ ਹੋਇਆ” ਨਹੀਂ ਦੇਖਿਆ। ਜ਼ਰਾ ਇਸ ਬਾਰੇ ਧਿਆਨ ਨਾਲ ਸੋਚੋ। ਕੀ ਤੁਸੀਂ ਅੱਜ ਤਕ ਯਹੋਵਾਹ ਦਾ “ਤਿਆਗਿਆ ਹੋਇਆ” ਕੋਈ ਸੇਵਕ ਦੇਖਿਆ ਹੈ?—ਜ਼ਬੂਰ 37:25.

ਜਿਨ੍ਹਾਂ ਮਸੀਹੀਆਂ ਨੇ ਆਪਣੀਆਂ ਜ਼ਿੰਦਗੀਆਂ ਯਹੋਵਾਹ ਅਤੇ ਆਪਣੇ ਸੰਗੀ ਮਸੀਹੀਆਂ ਦੀ ਸੇਵਾ ਵਿਚ ਬਿਤਾਈਆਂ ਹਨ, ਉਹ ਪਛਤਾਉਣ ਦੀ ਬਜਾਇ ਪੂਰੀ ਤਰ੍ਹਾਂ ਖ਼ੁਸ਼ ਹਨ। ਭਰਾ ਈਰੋ ਊਮਾਅ ਨੂੰ ਪੂਰਣ-ਕਾਲੀ ਸੇਵਕਾਈ ਕਰਦੇ ਹੋਏ 45 ਸਾਲ ਹੋ ਗਏ ਹਨ। ਇਹ ਭਰਾ ਹੁਣ ਸਫ਼ਰੀ ਨਿਗਾਹਬਾਨ ਵਜੋਂ ਨਾਈਜੀਰੀਆ ਵਿਚ ਸੇਵਾ ਕਰ ਰਿਹਾ ਹੈ। ਇਹ ਭਰਾ ਕਹਿੰਦਾ ਹੈ: “ਭਾਵੇਂ ਅਸੀਂ ਦੋਹਾਂ ਨੇ ਬੱਚੇ ਪੈਦਾ ਨਹੀਂ ਕੀਤੇ, ਪਰ ਅਸੀਂ ਇਕ ਗੱਲ ਹਮੇਸ਼ਾ ਚੇਤੇ ਰੱਖੀ ਹੈ ਕਿ ਯਹੋਵਾਹ ਨੇ ਸਾਡੀਆਂ ਦੋਹਾਂ ਦੀਆਂ ਮਾਲੀ ਅਤੇ ਅਧਿਆਤਮਿਕ ਲੋੜਾਂ ਹਮੇਸ਼ਾ ਪੂਰੀਆਂ ਕੀਤੀਆਂ ਹਨ। ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹੀ। ਜਦੋਂ ਅਸੀਂ ਬੁੱਢੇ ਹੋ ਜਾਵਾਂਗੇ ਤਾਂ ਉਹ ਸਾਨੂੰ ਛੱਡੇਗਾ ਨਹੀਂ। ਜਿੰਨੀ ਖ਼ੁਸ਼ੀ ਸਾਨੂੰ ਪੂਰਣ-ਕਾਲੀ ਸੇਵਾ ਕਰਨ ਵਿਚ ਮਿਲੀ ਹੈ, ਉਹ ਸਾਨੂੰ ਹੋਰ ਕਿਤਿਓਂ ਨਹੀਂ ਮਿਲੀ। ਅਸੀਂ ਯਹੋਵਾਹ ਦੇ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਭਰਾਵਾਂ ਦੀ ਮਦਦ ਕਰ ਸਕਦੇ ਹਾਂ। ਸਾਡੇ ਭੈਣ-ਭਰਾ ਵੀ ਸਾਡੀ ਸੇਵਾ ਦੀ ਕਦਰ ਕਰਦੇ ਹਨ ਅਤੇ ਲੋੜ ਪੈਣ ਤੇ ਸਾਡੀ ਮਦਦ ਕਰਦੇ ਹਨ।”

ਹਾਲਾਂਕਿ ਬਹੁਤ ਸਾਰੇ ਜੋੜਿਆਂ ਨੇ ਆਪਣੇ ਬੱਚਿਆਂ ਨੂੰ ਤਾਂ ਜਨਮ ਨਹੀਂ ਦਿੱਤਾ, ਪਰ ਉਨ੍ਹਾਂ ਨੇ ਇਕ ਵੱਖ ਹੀ ਤਰ੍ਹਾਂ ਦੇ ਬੱਚਿਆਂ ਨੂੰ ਜਨਮ ਜ਼ਰੂਰ ਦਿੱਤਾ ਹੈ: ਉਹ ਹਨ ਯਹੋਵਾਹ ਦੀ ਭਗਤੀ ਕਰਨ ਵਾਲੇ ਮਸੀਹੀ ਚੇਲੇ। ਯੂਹੰਨਾ ਰਸੂਲ ਉਦੋਂ 100 ਸਾਲ ਦਾ ਸੀ ਜਦੋਂ ਉਸ ਨੇ ਇਹ ਲਿਖਿਆ: “ਇਸ ਨਾਲੋਂ ਮੈਨੂੰ ਵੱਡਾ ਅਨੰਦ ਕੋਈ ਨਹੀਂ ਜੋ ਮੈਂ ਸੁਣਾਂ ਭਈ ਮੇਰੇ ਬਾਲਕ ਸਚਿਆਈ ਉੱਤੇ ਚੱਲਦੇ ਹਨ।” (3 ਯੂਹੰਨਾ 4) ਯੂਹੰਨਾ ਦੇ ‘ਬਾਲਕਾਂ’ ਨੇ “ਸਚਿਆਈ” ਤੇ ਚੱਲ ਕੇ ਉਸ ਦੇ ਦਿਲ ਨੂੰ ਬਹੁਤ ਖ਼ੁਸ਼ ਕੀਤਾ।

ਅੱਜ ਵੀ ਉਹੀ ਖ਼ੁਸ਼ੀ ਦੇਖੀ ਜਾ ਸਕਦੀ ਹੈ। ਬੈਰਨੀਸ ਨਾਂ ਦੀ ਇਕ ਨਾਈਜੀਰੀਅਨ ਭੈਣ ਨੂੰ ਵਿਆਹਿਆਂ 19 ਸਾਲ ਹੋ ਗਏ ਹਨ। ਉਸ ਨੇ ਆਪਣੀ ਇੱਛਾ ਨਾਲ ਬੱਚੇ ਨਾ ਪੈਦਾ ਕਰਨ ਦਾ ਫ਼ੈਸਲਾ ਕੀਤਾ। ਉਹ ਪਿਛਲੇ 14 ਸਾਲਾਂ ਤੋਂ ਪਾਇਨੀਅਰੀ ਕਰਦੀ ਆਈ ਹੈ। ਬਹੁਤ ਹੀ ਜਲਦੀ ਉਹ ਉਸ ਉਮਰ ਵਿਚ ਪਹੁੰਚ ਜਾਵੇਗੀ ਜਦੋਂ ਉਸ ਵਿਚ ਬੱਚੇ ਪੈਦਾ ਕਰਨ ਦੀ ਤਾਕਤ ਨਹੀਂ ਰਹੇਗੀ। ਪਰ ਕੀ ਆਪਣੀ ਜ਼ਿੰਦਗੀ ਚੇਲੇ ਬਣਾਉਣ ਵਿਚ ਲਾ ਦੇਣ ਤੇ ਉਹ ਪਛਤਾਉਂਦੀ ਹੈ? ਹਰਗਿਜ਼ ਨਹੀਂ। ਉਹ ਕਹਿੰਦੀ ਹੈ: “ਆਪਣੇ ਅਧਿਆਤਮਿਕ ਬੱਚਿਆਂ ਨੂੰ ਵੱਡਾ ਹੁੰਦਾ ਵੇਖ ਕੇ ਮੇਰਾ ਦਿਲ ਖ਼ੁਸ਼ ਹੋ ਜਾਂਦਾ ਹੈ। ਮੈਨੂੰ ਕਦੇ-ਕਦੇ ਇੰਜ ਲੱਗਦਾ ਹੈ ਕਿ ਸ਼ਾਇਦ ਮੇਰੇ ਢਿੱਡ ਦੇ ਜਾਏ ਨਿਆਣਿਆਂ ਦਾ ਵੀ ਮੇਰੇ ਨਾਲ ਇੰਨਾ ਪਿਆਰ ਨਾ ਹੁੰਦਾ ਜਿੰਨਾ ਮੇਰਾ ਇਨ੍ਹਾਂ ਨਾਲ ਹੈ। ਉਹ ਮੇਰੇ ਨਾਲ ਬਿਲਕੁਲ ਸਕੀ ਮਾਂ ਵਾਂਗ ਪੇਸ਼ ਆਉਂਦੇ ਹਨ। ਉਹ ਮੇਰੇ ਨਾਲ ਆਪਣਾ ਹਰ ਦੁੱਖ-ਸੁੱਖ ਫੋਲਦੇ ਹਨ। ਮੇਰੇ ਕੋਲੋਂ ਸਲਾਹ ਲੈਂਦੇ ਹਨ ਅਤੇ ਮੈਨੂੰ ਚਿੱਠੀ-ਪੱਤਰ ਲਿਖਦੇ ਹਨ। ਅਸੀਂ ਇੱਕ ਦੂਜੇ ਨੂੰ ਮਿਲਣ ਵੀ ਜਾਂਦੇ ਹਾਂ।

“ਕੁਝ ਲੋਕ ਸੋਚਦੇ ਹਨ ਕਿ ਆਪਣੇ ਢਿੱਡ ਦੇ ਬੱਚੇ ਨਾ ਹੋਣਾ ਇਕ ਸਰਾਪ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੁੱਢੇ ਹੋਣ ਤੇ ਤੁਹਾਨੂੰ ਪਤਾ ਲੱਗੇਗਾ। ਪਰ, ਮੈਨੂੰ ਨਹੀਂ ਲੱਗਦਾ ਕਿ ਇਹ ਗੱਲ ਸਹੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਦ ਤਕ ਮੈਂ ਯਹੋਵਾਹ ਦੀ ਤਨੋ-ਮਨੋਂ ਸੇਵਾ ਕਰਦੀ ਰਹਾਂਗੀ ਤਦ ਤਕ ਉਹ ਮੈਨੂੰ ਕਦੇ ਨਹੀਂ ਛੱਡੇਗਾ। ਜਦੋਂ ਮੈਂ ਬੁੱਢੀ ਹੋ ਜਾਵਾਂਗੀ ਤਾਂ ਵੀ ਉਹ ਮੈਨੂੰ ਕਦੇ ਨਹੀਂ ਛੱਡੇਗਾ।”

ਯਹੋਵਾਹ ਉਨ੍ਹਾਂ ਦੀ ਕਦਰ ਕਰਦਾ ਹੈ

ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਜਨਮ ਦੇ ਕੇ ਉਨ੍ਹਾਂ ਨੂੰ “ਸਚਿਆਈ ਉੱਤੇ” ਚੱਲਣ ਵਾਲੇ ਬਣਾਇਆ ਹੈ, ਉਨ੍ਹਾਂ ਭੈਣ-ਭਰਾਵਾਂ ਨੂੰ ਪਰਮੇਸ਼ੁਰ ਦਾ ਸ਼ੁਕਰ ਕਰਨਾ ਚਾਹੀਦਾ ਹੈ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਬਾਈਬਲ ਇੰਜ ਕਹਿੰਦੀ ਹੈ: “ਧਰਮੀ ਦਾ ਪਿਉ ਅੱਤ ਖੁਸ਼ ਹੋਵੇਗਾ, ਅਤੇ ਜਿਹਦੇ ਬੁੱਧਵਾਨ ਪੁੱਤ੍ਰ ਜੰਮੇ ਉਹ ਉਸ ਉੱਤੇ ਅਨੰਦ ਰਹੇਗਾ। ਤੇਰੇ ਮਾਪੇ ਅਨੰਦ ਹੋਣ, ਤੇਰੀ ਜਣਨ ਵਾਲੀ ਖੁਸ਼ ਹੋਵੇ!”—ਕਹਾਉਤਾਂ 23:24, 25.

ਜਿਨ੍ਹਾਂ ਮਸੀਹੀਆਂ ਨੇ ਬੱਚੇ ਪੈਦਾ ਨਹੀਂ ਕੀਤੇ, ਉਨ੍ਹਾਂ ਨੂੰ ਹੋਰ ਕਈ ਤਰ੍ਹਾਂ ਦੀਆਂ ਬਰਕਤਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਕਈ ਜੋੜਿਆਂ ਨੇ ਵਿਸ਼ਵ-ਵਿਆਪੀ ਪ੍ਰਚਾਰ ਦੇ ਕੰਮ ਨੂੰ ਵੱਡੇ ਪੱਧਰ ਤੇ ਪੂਰਾ ਕਰਨ ਲਈ ਵੱਡਾ ਯੋਗਦਾਨ ਦਿੱਤਾ ਹੈ। ਇਨ੍ਹਾਂ ਕਈ ਸਾਲਾਂ ਦੌਰਾਨ ਉਨ੍ਹਾਂ ਨੇ ਤਜਰਬਾ, ਬੁੱਧੀ ਅਤੇ ਉਹ ਯੋਗਤਾਵਾਂ ਹਾਸਲ ਕੀਤੀਆਂ ਹਨ ਜਿਨ੍ਹਾਂ ਨੇ ਰਾਜ ਪ੍ਰਚਾਰ ਦਾ ਕੰਮ ਵਧਾਉਣ ਵਿਚ ਇਕ ਅਹਿਮ ਭੂਮਿਕਾ ਨਿਭਾਈ ਹੈ। ਅਜਿਹੇ ਬਹੁਤ ਸਾਰੇ ਜੋੜੇ ਹੀ ਇਸ ਕੰਮ ਵਿਚ ਅਗਵਾਈ ਲੈ ਰਹੇ ਹਨ।

ਭਾਵੇਂ ਕਿ ਅਜਿਹੇ ਜੋੜਿਆਂ ਨੇ ਰਾਜ ਦੇ ਕੰਮਾਂ ਕਾਰਨ ਬੱਚੇ ਪੈਦਾ ਨਹੀਂ ਕੀਤੇ, ਪਰ ਯਹੋਵਾਹ ਨੇ ਉਨ੍ਹਾਂ ਨੂੰ ਇਕ ਅਧਿਆਤਮਿਕ ਪਰਿਵਾਰ ਦਿੱਤਾ ਹੈ ਜੋ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਕਦਰ ਕਰਦਾ ਹੈ। ਇਹ ਉਸੇ ਤਰ੍ਹਾਂ ਸੱਚ ਸਾਬਤ ਹੋਇਆ ਹੈ ਜਿਵੇਂ ਯਿਸੂ ਨੇ ਕਿਹਾ ਸੀ: “ਅਜੇਹਾ ਕੋਈ ਨਹੀਂ ਜਿਹ ਨੇ ਘਰ ਯਾ ਭਾਈਆਂ ਯਾ ਭੈਣਾਂ ਯਾ ਮਾਂ ਯਾ ਪਿਉ ਯਾ ਬਾਲ ਬੱਚਿਆਂ ਯਾ ਜਮੀਨਾਂ ਨੂੰ ਮੇਰੇ ਅਤੇ ਇੰਜੀਲ ਦੇ ਲਈ ਛੱਡਿਆ ਹੋਵੇ। ਜਿਹੜਾ ਹੁਣ ਇਸ ਸਮੇ ਵਿੱਚ ਸੌ ਗੁਣਾ ਨਾ ਪਾਵੇ, ਘਰ ਅਤੇ ਭਾਈ ਅਤੇ ਭੈਣਾਂ ਅਤੇ ਮਾਵਾਂ ਅਤੇ ਬਾਲ ਬੱਚੇ ਅਤੇ ਜਮੀਨਾਂ . . . ਅਤੇ ਅਗਲੇ ਜੁਗ ਵਿੱਚ ਸਦੀਪਕ ਜੀਉਣ।”—ਮਰਕੁਸ 10:29, 30.

ਸਾਰੇ ਵਫ਼ਾਦਾਰ ਭੈਣ-ਭਰਾ ਯਹੋਵਾਹ ਦੀਆਂ ਨਜ਼ਰਾਂ ਵਿਚ ਕਿੰਨੇ ਵਡਮੁੱਲੇ ਹਨ! ਸਾਰੇ ਵਫ਼ਾਦਾਰ ਭੈਣ-ਭਰਾ ਜਿਨ੍ਹਾਂ ਦੇ ਬੱਚੇ ਹਨ ਜਾਂ ਨਹੀਂ ਹਨ, ਇਨ੍ਹਾਂ ਸਾਰਿਆਂ ਨੂੰ ਪੌਲੁਸ ਰਸੂਲ ਭਰੋਸਾ ਦਿਵਾਉਂਦੇ ਹੋਏ ਕਹਿੰਦਾ ਹੈ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ ਭਈ ਤੁਸਾਂ ਸੰਤਾਂ ਦੀ ਸੇਵਾ ਕੀਤੀ, ਨਾਲੇ ਕਰਦੇ ਭੀ ਹੋ।”—ਇਬਰਾਨੀਆਂ 6:10.

[ਫੁਟਨੋਟ]

^ ਪੈਰਾ 2 ਨਾਂ ਬਦਲ ਦਿੱਤੇ ਗਏ ਹਨ।

[ਸਫ਼ੇ 23 ਉੱਤੇ ਤਸਵੀਰਾਂ]

ਬੱਚੇ ਨਾ ਪੈਦਾ ਕਰਨ ਵਾਲਿਆਂ ਨੂੰ ਪ੍ਰੇਮਪੂਰਣ ਅਧਿਆਤਮਿਕ ਪਰਿਵਾਰ ਦੀ ਬਰਕਤ ਮਿਲੀ ਹੈ