Skip to content

Skip to table of contents

“ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ”

“ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ”

“ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ”

“ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ . . . ਅਧੀਨ [“ਨਿਮਰ,” “ਨਿ ਵ”] ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?”—ਮੀਕਾਹ 6:8.

1, 2. ਨਿਮਰਤਾ ਕੀ ਹੈ ਅਤੇ ਇਹ ਹੰਕਾਰ ਤੋਂ ਕਿਵੇਂ ਉਲਟ ਹੈ?

ਇਕ ਅਹਿਮ ਰਸੂਲ ਆਪਣੇ ਵੱਲ ਲੋਕਾਂ ਦਾ ਧਿਆਨ ਨਹੀਂ ਖਿੱਚਦਾ ਹੈ। ਇਸਰਾਏਲ ਦਾ ਇਕ ਦਲੇਰ ਨਿਆਂਕਾਰ ਆਪਣੇ ਆਪ ਨੂੰ ਆਪਣੇ ਪਿਤਾ ਦੇ ਘਰ ਵਿਚ ਸਭ ਤੋਂ ਛੋਟਾ ਕਹਿੰਦਾ ਹੈ। ਇਸ ਧਰਤੀ ਉੱਤੇ ਰਹਿ ਚੁੱਕੇ ਸਭ ਤੋਂ ਮਹਾਨ ਵਿਅਕਤੀ ਨੇ ਇਹ ਮੰਨਿਆ ਕਿ ਉਸ ਕੋਲ ਅਸੀਮ ਸ਼ਕਤੀ ਨਹੀਂ ਹੈ। ਇਨ੍ਹਾਂ ਤਿੰਨਾਂ ਇਨਸਾਨਾਂ ਨੇ ਨਿਮਰਤਾ ਦਿਖਾਈ।

2 ਨਿਮਰਤਾ ਹੰਕਾਰ ਦਾ ਉਲਟ ਹੈ। ਜਿਹੜਾ ਇਨਸਾਨ ਨਿਮਰ ਹੁੰਦਾ ਹੈ, ਉਹ ਹਮੇਸ਼ਾ ਆਪਣੀਆਂ ਯੋਗਤਾਵਾਂ ਬਾਰੇ ਸਹੀ ਨਜ਼ਰੀਆ ਰੱਖਦਾ ਹੈ ਤੇ ਉਸ ਵਿਚ ਘਮੰਡ ਨਹੀਂ ਹੁੰਦਾ। ਨਿਮਰ ਵਿਅਕਤੀ ਘਮੰਡੀ, ਸ਼ੇਖ਼ੀਬਾਜ਼ ਜਾਂ ਅਭਿਲਾਸ਼ੀ ਹੋਣ ਦੀ ਬਜਾਇ ਹਮੇਸ਼ਾ ਆਪਣੀਆਂ ਹੱਦਾਂ ਵਿਚ ਰਹਿੰਦਾ ਹੈ। ਇਸ ਲਈ ਉਹ ਦੂਸਰਿਆਂ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਦਾ ਆਦਰ ਕਰਦਾ ਹੈ ਤੇ ਉਨ੍ਹਾਂ ਬਾਰੇ ਸੋਚਦਾ ਹੈ।

3. ਕਿਵੇਂ “ਨਮਰ” ਵਿਅਕਤੀ ਬੁੱਧੀਮਾਨ ਹੁੰਦਾ ਹੈ?

3 ਇਸੇ ਕਰਕੇ ਬਾਈਬਲ ਕਹਿੰਦੀ ਹੈ: “ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ।” (ਕਹਾਉਤਾਂ 11:2) ਨਿਮਰ ਵਿਅਕਤੀ ਇਸ ਕਰਕੇ ਬੁੱਧੀਮਾਨ ਹੁੰਦਾ ਹੈ ਕਿਉਂਕਿ ਉਹ ਪਰਮੇਸ਼ੁਰ ਦੇ ਰਾਹ ਤੇ ਚੱਲਦਾ ਹੈ ਅਤੇ ਹੰਕਾਰ ਨਹੀਂ ਕਰਦਾ ਜਿਸ ਕਰਕੇ ਉਸ ਦਾ ਸਿਰ ਨੀਵਾਂ ਨਹੀਂ ਹੁੰਦਾ। (ਕਹਾਉਤਾਂ 8:13; 1 ਪਤਰਸ 5:5) ਪਰਮੇਸ਼ੁਰ ਦੇ ਬਹੁਤ ਸਾਰੇ ਸੇਵਕਾਂ ਨੇ ਇਹ ਗੱਲ ਸੱਚ ਸਿੱਧ ਕੀਤੀ ਹੈ ਕਿ ਨਿਮਰ ਵਿਅਕਤੀ ਬੁੱਧੀਮਾਨ ਹੁੰਦਾ ਹੈ। ਆਓ ਪਹਿਲੇ ਪੈਰੇ ਵਿਚ ਜ਼ਿਕਰ ਕੀਤੇ ਗਏ ਤਿੰਨ ਵਿਅਕਤੀਆਂ ਉੱਤੇ ਗੌਰ ਕਰੀਏ।

ਪੌਲੁਸ—“ਸੇਵਕ” ਅਤੇ “ਮੁਖਤਿਆਰ”

4. ਪੌਲੁਸ ਨੇ ਕਿਹੜੇ ਵਿਸ਼ੇਸ਼ ਸਨਮਾਨਾਂ ਦਾ ਆਨੰਦ ਮਾਣਿਆ ਸੀ?

4 ਪੌਲੁਸ ਪਹਿਲੀ ਸਦੀ ਦੇ ਮਸੀਹੀਆਂ ਵਿਚ ਇਕ ਅਹਿਮ ਵਿਅਕਤੀ ਸੀ। ਆਪਣੀ ਸੇਵਕਾਈ ਦੌਰਾਨ ਉਸ ਨੇ ਸਮੁੰਦਰ ਅਤੇ ਜ਼ਮੀਨ ਤੇ ਹਜ਼ਾਰਾਂ ਕਿਲੋਮੀਟਰ ਸਫ਼ਰ ਕੀਤਾ ਤੇ ਬਹੁਤ ਸਾਰੀਆਂ ਕਲੀਸਿਯਾਵਾਂ ਸਥਾਪਿਤ ਕੀਤੀਆਂ। ਇਸ ਤੋਂ ਇਲਾਵਾ ਯਹੋਵਾਹ ਨੇ ਪੌਲੁਸ ਨੂੰ ਬਹੁਤ ਸਾਰੇ ਦਰਸ਼ਣ ਦਿਖਾਏ ਤੇ ਵਿਦੇਸ਼ੀ ਭਾਸ਼ਾਵਾਂ ਬੋਲਣ ਦੀ ਦਾਤ ਬਖ਼ਸ਼ੀ। (1 ਕੁਰਿੰਥੀਆਂ 14:18; 2 ਕੁਰਿੰਥੀਆਂ 12:1-5) ਪਰਮੇਸ਼ੁਰ ਨੇ ਪੌਲੁਸ ਨੂੰ 14 ਚਿੱਠੀਆਂ ਲਿਖਣ ਲਈ ਪ੍ਰੇਰਿਆ ਜੋ ਹੁਣ ਬਾਈਬਲ ਦਾ ਇਕ ਹਿੱਸਾ ਹਨ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਪੌਲੁਸ ਨੇ ਬਾਕੀ ਸਾਰੇ ਰਸੂਲਾਂ ਨਾਲੋਂ ਜ਼ਿਆਦਾ ਮਿਹਨਤ ਕੀਤੀ।—1 ਕੁਰਿੰਥੀਆਂ 15:10.

5. ਪੌਲੁਸ ਆਪਣੇ ਬਾਰੇ ਕੀ ਸੋਚਦਾ ਸੀ?

5 ਕਿਉਂਕਿ ਪੌਲੁਸ ਮਸੀਹੀ ਸੇਵਕਾਈ ਵਿਚ ਮੋਹਰੀ ਸੀ, ਇਸ ਲਈ ਕੁਝ ਲੋਕਾਂ ਨੇ ਸੋਚਿਆ ਹੋਣਾ ਕਿ ਉਹ ਸ਼ੁਹਰਤ ਦਾ ਆਨੰਦ ਮਾਣ ਰਿਹਾ ਸੀ, ਇੱਥੋਂ ਤਕ ਕਿ ਆਪਣੇ ਅਧਿਕਾਰ ਦਾ ਜਾਣ-ਬੁੱਝ ਕੇ ਦਿਖਾਵਾ ਕਰ ਰਿਹਾ ਸੀ। ਪਰ ਪੌਲੁਸ ਨੇ ਇਸ ਤਰ੍ਹਾਂ ਕਦੀ ਨਹੀਂ ਕੀਤਾ। ਉਹ ਇਕ ਨਿਮਰ ਵਿਅਕਤੀ ਸੀ। ਉਸ ਨੇ ਆਪਣੇ ਆਪ ਨੂੰ “ਸਭਨਾਂ ਰਸੂਲਾਂ ਨਾਲੋਂ ਛੋਟਾ” ਕਿਹਾ ਤੇ ਇਹ ਵੀ ਕਿਹਾ ਕਿ ਉਹ ‘ਰਸੂਲ ਸਦਾਉਣ ਦੇ ਜੋਗ ਨਹੀਂ ਇਸ ਲਈ ਜੋ ਉਸ ਨੇ ਪਰਮੇਸ਼ੁਰ ਦੀ ਕਲੀਸਿਯਾ ਨੂੰ ਸਤਾਇਆ ਸੀ।” (1 ਕੁਰਿੰਥੀਆਂ 15:9) ਉਹ ਪਹਿਲਾਂ ਮਸੀਹੀਆਂ ਨੂੰ ਸਤਾਇਆ ਕਰਦਾ ਸੀ। ਪਰ, ਉਹ ਇਹ ਗੱਲ ਕਦੀ ਨਹੀਂ ਭੁੱਲਿਆ ਕਿ ਪਰਮੇਸ਼ੁਰ ਨਾਲ ਉਸ ਦਾ ਜੋ ਚੰਗਾ ਰਿਸ਼ਤਾ ਸੀ ਤੇ ਸੇਵਾ ਵਿਚ ਉਸ ਨੂੰ ਜੋ ਵਿਸ਼ੇਸ਼ ਸਨਮਾਨ ਮਿਲੇ ਸਨ, ਉਹ ਸਿਰਫ਼ ਪਰਮੇਸ਼ੁਰ ਦੀ ਅਪਾਰ ਕਿਰਪਾ ਨਾਲ ਹੀ ਮਿਲੇ ਸਨ ਜਿਸ ਦੇ ਉਹ ਯੋਗ ਨਹੀਂ ਸੀ। (ਯੂਹੰਨਾ 6:44; ਅਫ਼ਸੀਆਂ 2:8) ਇਸ ਲਈ ਪੌਲੁਸ ਨੇ ਕਦੀ ਇਹ ਨਹੀਂ ਸੋਚਿਆ ਸੀ ਕਿ ਉਸ ਨੇ ਸੇਵਕਾਈ ਵਿਚ ਜੋ ਬੇਹਿਸਾਬ ਕੰਮ ਕੀਤਾ ਸੀ, ਉਸ ਕਰਕੇ ਉਹ ਦੂਜਿਆਂ ਨਾਲੋਂ ਉੱਚਾ ਸੀ।—1 ਕੁਰਿੰਥੀਆਂ 9:16.

6. ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨਾਲ ਪੇਸ਼ ਆਉਣ ਵਿਚ ਕਿਵੇਂ ਨਿਮਰਤਾ ਦਿਖਾਈ?

6 ਪੌਲੁਸ ਕੁਰਿੰਥੁਸ ਦੇ ਮਸੀਹੀਆਂ ਨਾਲ ਜਿਸ ਤਰੀਕੇ ਨਾਲ ਪੇਸ਼ ਆਇਆ, ਉਸ ਤੋਂ ਉਸ ਦੀ ਨਿਮਰਤਾ ਸਾਫ਼ ਪਤਾ ਚੱਲਦੀ ਹੈ। ਉਸ ਵੇਲੇ ਕੁਝ ਮਸੀਹੀ ਭੈਣ-ਭਰਾ ਅਪੁੱਲੋਸ, ਕੇਫਾਸ ਤੇ ਪੌਲੁਸ ਵਰਗੇ ਕਈ ਨਿਗਾਹਬਾਨਾਂ ਨੂੰ ਅਹਿਮ ਸਮਝਦੇ ਸਨ ਤੇ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਸਨ। (1 ਕੁਰਿੰਥੀਆਂ 1:11-15) ਪਰ ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਤੋਂ ਕਦੀ ਸ਼ਲਾਘਾ ਨਹੀਂ ਚਾਹੀ ਤੇ ਨਾ ਹੀ ਉਨ੍ਹਾਂ ਦੀ ਸ਼ਲਾਘਾ ਦਾ ਫ਼ਾਇਦਾ ਉਠਾਇਆ। ਜਦੋਂ ਉਹ ਉਨ੍ਹਾਂ ਨੂੰ ਮਿਲਣ ਗਿਆ, ਤਾਂ ਉਸ ਨੇ “ਬਚਨ ਯਾ ਗਿਆਨ ਦੀ ਉੱਤਮਤਾਈ” ਨਾਲ ਆਪਣੇ ਆਪ ਨੂੰ ਪੇਸ਼ ਨਹੀਂ ਕੀਤਾ। ਇਸ ਦੀ ਬਜਾਇ ਪੌਲੁਸ ਨੇ ਆਪਣੇ ਤੇ ਆਪਣੇ ਸਾਥੀਆਂ ਬਾਰੇ ਕਿਹਾ: “ਆਦਮੀ ਸਾਨੂੰ ਇਉਂ ਜਾਣੇ ਜਿਉਂ ਮਸੀਹ ਦੇ ਸੇਵਕ ਅਤੇ ਪਰਮੇਸ਼ੁਰ ਦੇ ਭੇਤਾਂ ਦੇ ਮੁਖਤਿਆਰ।” *1 ਕੁਰਿੰਥੀਆਂ 2:1-5; 4:1.

7. ਪੌਲੁਸ ਨੇ ਸਲਾਹ ਦਿੰਦੇ ਸਮੇਂ ਵੀ ਕਿਵੇਂ ਨਿਮਰਤਾ ਦਿਖਾਈ?

7 ਪੌਲੁਸ ਨੇ ਸਖ਼ਤ ਸਲਾਹ ਤੇ ਨਿਰਦੇਸ਼ਨ ਦਿੰਦੇ ਸਮੇਂ ਵੀ ਨਿਮਰਤਾ ਦਿਖਾਈ। ਉਸ ਨੇ ਆਪਣੇ ਸਾਥੀ ਮਸੀਹੀਆਂ ਉੱਤੇ ਆਪਣੇ ਰਸੂਲ ਹੋਣ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਬਜਾਇ ਉਨ੍ਹਾਂ ਨੂੰ “ਪਰਮੇਸ਼ੁਰ ਦੀਆਂ ਰਹਮਤਾਂ” ਅਤੇ “ਪ੍ਰੇਮ ਦਾ ਵਾਸਤਾ ਪਾ ਕੇ” ਬੇਨਤੀ ਕੀਤੀ। (ਰੋਮੀਆਂ 12:1, 2; ਫਿਲੇਮੋਨ 8, 9) ਪੌਲੁਸ ਨੇ ਇਸ ਤਰ੍ਹਾਂ ਕਿਉਂ ਕੀਤਾ? ਕਿਉਂਕਿ ਉਹ ਅਸਲ ਵਿਚ ਆਪਣੇ ਆਪ ਨੂੰ ਆਪਣੇ ਭਰਾਵਾਂ ਦਾ ਸਹਿਕਰਮੀ ਸਮਝਦਾ ਸੀ, ਨਾ ਕਿ ‘ਉਨ੍ਹਾਂ ਦੀ ਨਿਹਚਾ ਉੱਤੇ ਹੁਕਮ ਚਲਾਉਣ’ ਵਾਲਾ। (2 ਕੁਰਿੰਥੀਆਂ 1:24) ਇਸ ਲਈ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੌਲੁਸ ਆਪਣੀ ਨਿਮਰਤਾ ਕਰਕੇ ਹੀ ਪਹਿਲੀ ਸਦੀ ਦੇ ਮਸੀਹੀਆਂ ਦਾ ਚਹੇਤਾ ਸੀ।—ਰਸੂਲਾਂ ਦੇ ਕਰਤੱਬ 20:36-38.

ਆਪਣੇ ਵਿਸ਼ੇਸ਼ ਸਨਮਾਨਾਂ ਪ੍ਰਤੀ ਸਹੀ ਨਜ਼ਰੀਆ

8, 9. (ੳ) ਸਾਨੂੰ ਆਪਣੇ ਬਾਰੇ ਸਹੀ ਨਜ਼ਰੀਆ ਕਿਉਂ ਰੱਖਣਾ ਚਾਹੀਦਾ ਹੈ? (ਅ) ਕਲੀਸਿਯਾ ਵਿਚ ਜ਼ਿੰਮੇਵਾਰੀਆਂ ਸੰਭਾਲਣ ਵਾਲੇ ਭਰਾ ਕਿਵੇਂ ਨਿਮਰਤਾ ਦਿਖਾ ਸਕਦੇ ਹਨ?

8 ਪੌਲੁਸ ਨੇ ਅੱਜ ਦੇ ਮਸੀਹੀਆਂ ਲਈ ਇਕ ਬਹੁਤ ਵਧੀਆ ਮਿਸਾਲ ਕਾਇਮ ਕੀਤੀ। ਚਾਹੇ ਸਾਨੂੰ ਕੋਈ ਵੀ ਜ਼ਿੰਮੇਵਾਰੀ ਕਿਉਂ ਨਾ ਸੌਂਪੀ ਹੋਵੇ, ਸਾਨੂੰ ਕਿਸੇ ਨੂੰ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਦੂਜਿਆਂ ਤੋਂ ਉੱਚੇ ਹਾਂ। ਪੌਲੁਸ ਨੇ ਲਿਖਿਆ: “ਜੇ ਕੋਈ ਆਪਣੇ ਆਪ ਨੂੰ ਕੁਝ ਸਮਝੇ ਅਤੇ ਹੋਵੇ ਕੁਝ ਵੀ ਨਾ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ।” (ਗਲਾਤੀਆਂ 6:3) ਕਿਉਂ? ਕਿਉਂਕਿ “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” (ਟੇਢੇ ਟਾਈਪ ਸਾਡੇ) (ਰੋਮੀਆਂ 3:23; 5:12) ਜੀ ਹਾਂ, ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਸਾਨੂੰ ਸਾਰਿਆਂ ਨੂੰ ਆਦਮ ਤੋਂ ਵਿਰਸੇ ਵਿਚ ਪਾਪ ਅਤੇ ਮੌਤ ਮਿਲੀ ਹੈ। ਜਦੋਂ ਸਾਨੂੰ ਕੋਈ ਵਿਸ਼ੇਸ਼ ਸਨਮਾਨ ਮਿਲਦਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਆਪਣੀ ਇਸ ਨੀਵੀਂ ਪਾਪਮਈ ਹਾਲਤ ਤੋਂ ਉੱਪਰ ਉੱਠ ਜਾਂਦੇ ਹਾਂ। (ਉਪਦੇਸ਼ਕ ਦੀ ਪੋਥੀ 9:2) ਜਿਸ ਤਰ੍ਹਾਂ ਪਰਮੇਸ਼ੁਰ ਨੇ ਪੌਲੁਸ ਉੱਤੇ ਕਿਰਪਾ ਕੀਤੀ ਸੀ, ਉਸੇ ਤਰ੍ਹਾਂ ਪਰਮੇਸ਼ੁਰ ਦੀ ਅਪਾਰ ਕਿਰਪਾ ਨਾਲ ਹੀ ਦੂਸਰੇ ਇਨਸਾਨ ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰ ਸਕਦੇ ਹਨ ਅਤੇ ਕੋਈ ਜ਼ਿੰਮੇਵਾਰੀ ਸੰਭਾਲ ਕੇ ਉਸ ਦੀ ਸੇਵਾ ਕਰ ਸਕਦੇ ਹਨ।—ਰੋਮੀਆਂ 3:12, 24.

9 ਇਕ ਨਿਮਰ ਵਿਅਕਤੀ ਉੱਪਰ ਦੱਸੀ ਗੱਲ ਜਾਣਦਾ ਹੈ, ਇਸ ਲਈ ਉਹ ਕਦੀ ਵੀ ਆਪਣੇ ਵਿਸ਼ੇਸ਼ ਸਨਮਾਨਾਂ ਕਰਕੇ ਸ਼ੇਖ਼ੀਆਂ ਨਹੀਂ ਮਾਰਦਾ। (1 ਕੁਰਿੰਥੀਆਂ 4:7) ਜਦੋਂ ਉਹ ਕਿਸੇ ਨੂੰ ਸਲਾਹ ਜਾਂ ਨਿਰਦੇਸ਼ਨ ਦਿੰਦਾ ਹੈ, ਤਾਂ ਉਹ ਇਕ ਸੰਗੀ ਕਾਮੇ ਦੀ ਹੈਸੀਅਤ ਨਾਲ ਦਿੰਦਾ ਹੈ, ਨਾ ਕਿ ਇਕ ਮਾਲਕ ਦੀ ਤਰ੍ਹਾਂ। ਜੇ ਕੋਈ ਵਿਅਕਤੀ ਕੁਝ ਖ਼ਾਸ ਕੰਮਾਂ ਵਿਚ ਮਾਹਰ ਹੈ ਤੇ ਇਸ ਕਰਕੇ ਉਹ ਦੂਸਰਿਆਂ ਤੋਂ ਸ਼ਲਾਘਾ ਚਾਹੁੰਦਾ ਹੈ ਜਾਂ ਉਨ੍ਹਾਂ ਦੁਆਰਾ ਕੀਤੀ ਸ਼ਲਾਘਾ ਦਾ ਫ਼ਾਇਦਾ ਉਠਾਉਂਦਾ ਹੈ, ਤਾਂ ਇਹ ਬਿਲਕੁਲ ਗ਼ਲਤ ਗੱਲ ਹੈ। (ਕਹਾਉਤਾਂ 25:27; ਮੱਤੀ 6:2-4) ਉਹੀ ਸ਼ਲਾਘਾ ਸੱਚੀ ਹੈ ਜੋ ਦੂਸਰੇ ਦਿਲੋਂ ਕਰਦੇ ਹਨ। ਜੇ ਦੂਸਰੇ ਸਾਡੀ ਸ਼ਲਾਘਾ ਕਰਦੇ ਹਨ, ਤਾਂ ਸਾਨੂੰ ਕਦੀ ਵੀ ਆਪਣੇ ਆਪ ਨੂੰ ਉੱਚਾ ਨਹੀਂ ਸਮਝਣਾ ਚਾਹੀਦਾ।—ਕਹਾਉਤਾਂ 27:2; ਰੋਮੀਆਂ 12:3.

10. ਸਮਝਾਓ ਕਿ ਕੁਝ ਭੈਣ-ਭਰਾ ਜਿਹੜੇ ਕਲੀਸਿਯਾ ਵਿਚ ਘੱਟ ਮਸ਼ਹੂਰ ਹਨ, ਉਹ ਕਿਸ ਤਰ੍ਹਾਂ “ਨਿਹਚਾ ਵਿੱਚ ਧਨੀ” ਹੋ ਸਕਦੇ ਹਨ।

10 ਜੇ ਸਾਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਤਾਂ ਨਿਮਰਤਾ ਸਾਡੀ ਮਦਦ ਕਰਦੀ ਹੈ ਕਿ ਅਸੀਂ ਆਪਣੇ ਆਪ ਨੂੰ ਜ਼ਰੂਰਤ ਨਾਲੋਂ ਜ਼ਿਆਦਾ ਅਹਿਮੀਅਤ ਨਾ ਦੇਈਏ ਤੇ ਕਲੀਸਿਯਾ ਵਿਚ ਇਹ ਪ੍ਰਭਾਵ ਨਾ ਛੱਡੀਏ ਕਿ ਇਹ ਸਾਡੇ ਜਤਨਾਂ ਤੇ ਕੰਮਾਂ ਕਰਕੇ ਹੀ ਵੱਧ-ਫੁੱਲ ਰਹੀ ਹੈ। ਉਦਾਹਰਣ ਲਈ, ਸਾਡੇ ਕੋਲ ਸਿਖਾਉਣ ਦੀ ਖ਼ਾਸ ਯੋਗਤਾ ਹੋ ਸਕਦੀ ਹੈ। (ਅਫ਼ਸੀਆਂ 4:11, 12) ਪਰ ਨਿਮਰਤਾ ਦਿਖਾਉਂਦੇ ਹੋਏ ਸਾਨੂੰ ਇਹ ਅਹਿਸਾਸ ਕਰਨਾ ਹੋਵੇਗਾ ਕਿ ਸਭਾਵਾਂ ਵਿਚ ਅਸੀਂ ਜੋ ਵੀ ਵੱਡੇ-ਵੱਡੇ ਸਬਕ ਸਿੱਖਦੇ ਹਾਂ, ਅਸੀਂ ਉਹ ਸਿਰਫ਼ ਪਲੇਟਫਾਰਮ ਉੱਤੋਂ ਹੀ ਨਹੀਂ ਸਿੱਖਦੇ ਹਾਂ। ਉਦਾਹਰਣ ਲਈ, ਕੀ ਤੁਹਾਨੂੰ ਇਕੱਲੀ ਮਾਤਾ ਜਾਂ ਪਿਤਾ ਨੂੰ ਦੇਖ ਕੇ ਖ਼ੁਸ਼ੀ ਨਹੀਂ ਹੁੰਦੀ ਜੋ ਆਪਣੇ ਬੱਚਿਆਂ ਨੂੰ ਸਭਾਵਾਂ ਵਿਚ ਨਿਯਮਿਤ ਤੌਰ ਤੇ ਲੈ ਕੇ ਆਉਂਦਾ ਹੈ? ਜਾਂ ਕਿਸੇ ਨਿਰਾਸ਼ ਭੈਣ-ਭਰਾ ਨੂੰ ਦੇਖ ਕੇ ਹੌਸਲਾ ਨਹੀਂ ਮਿਲਦਾ ਜਿਹੜਾ ਨਿਕੰਮੇਪਣ ਦੀਆਂ ਭਾਵਨਾਵਾਂ ਨਾਲ ਸੰਘਰਸ਼ ਕਰਦਾ ਹੋਇਆ ਸਭਾਵਾਂ ਵਿਚ ਆਉਂਦਾ ਹੈ? ਜਾਂ ਕੀ ਉਨ੍ਹਾਂ ਨੌਜਵਾਨਾਂ ਨੂੰ ਦੇਖ ਕੇ ਖ਼ੁਸ਼ੀ ਨਹੀਂ ਹੁੰਦੀ ਜਿਹੜੇ ਸਕੂਲ-ਕਾਲਜ ਜਾਂ ਦੂਸਰੀਆਂ ਥਾਵਾਂ ਤੇ ਬੁਰੇ ਪ੍ਰਭਾਵਾਂ ਦੇ ਬਾਵਜੂਦ ਵੀ ਅਧਿਆਤਮਿਕ ਤੌਰ ਤੇ ਤਰੱਕੀ ਕਰਦੇ ਹਨ? (ਜ਼ਬੂਰ 84:10) ਸ਼ਾਇਦ ਇਨ੍ਹਾਂ ਵੱਲ ਦੂਸਰਿਆਂ ਦਾ ਧਿਆਨ ਨਾ ਜਾਂਦਾ ਹੋਵੇ। ਇਹ ਵਿਅਕਤੀ ਆਪਣੀ ਖਰਿਆਈ ਨੂੰ ਕਾਇਮ ਰੱਖਣ ਲਈ ਜਿਹੜੀਆਂ ਅਜ਼ਮਾਇਸ਼ਾਂ ਵਿੱਚੋਂ ਗੁਜ਼ਰਦੇ ਹਨ, ਉਨ੍ਹਾਂ ਤੋਂ ਦੂਸਰੇ ਜ਼ਿਆਦਾ ਕਰਕੇ ਅਣਜਾਣ ਹੁੰਦੇ ਹਨ। ਪਰ ਉਹ ਉਨ੍ਹਾਂ ਲੋਕਾਂ ਜਿੰਨੇ ਹੀ “ਨਿਹਚਾ ਵਿੱਚ ਧਨੀ” ਹੁੰਦੇ ਹਨ ਜਿਹੜੇ ਕਲੀਸਿਯਾ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। (ਯਾਕੂਬ 2:5) ਅਖ਼ੀਰ ਵਿਚ ਤਾਂ ਸਾਰਿਆਂ ਨੂੰ ਆਪਣੀ ਨਿਹਚਾ ਜਾਂ ਵਫ਼ਾਦਾਰੀ ਕਰਕੇ ਹੀ ਯਹੋਵਾਹ ਦੀ ਮਿਹਰ ਪ੍ਰਾਪਤ ਹੋਵੇਗੀ।—ਮੱਤੀ 10:22; 1 ਕੁਰਿੰਥੀਆਂ 4:2.

ਗਿਦਾਊਨ—ਆਪਣੇ ਪਿਤਾ ਦੇ ਪਰਿਵਾਰ ਵਿਚ “ਸਭ ਤੋਂ ਨਿੱਕਾ”

11. ਪਰਮੇਸ਼ੁਰ ਦੇ ਦੂਤ ਨਾਲ ਗੱਲ ਕਰਦੇ ਹੋਏ ਗਿਦਾਊਨ ਨੇ ਕਿਵੇਂ ਨਿਮਰਤਾ ਦਿਖਾਈ।

11 ਗਿਦਾਊਨ ਮਨੱਸ਼ਹ ਦੇ ਗੋਤ ਵਿੱਚੋਂ ਇਕ ਚੰਗਾ ਤਕੜਾ ਗੱਭਰੂ ਸੀ। ਉਹ ਇਸਰਾਏਲ ਦੇ ਗੜਬੜੀ ਭਰੇ ਸਮੇਂ ਵਿਚ ਰਹਿੰਦਾ ਸੀ। ਸੱਤ ਸਾਲ ਤਕ ਮਿਦਯਾਨੀਆਂ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਸਤਾਇਆ। ਪਰ ਹੁਣ ਯਹੋਵਾਹ ਦੁਆਰਾ ਆਪਣੇ ਲੋਕਾਂ ਨੂੰ ਛੁਡਾਉਣ ਦਾ ਸਮਾਂ ਆ ਗਿਆ ਸੀ। ਇਸ ਲਈ ਇਕ ਦੂਤ ਨੇ ਗਿਦਾਊਨ ਦੇ ਸਾਮ੍ਹਣੇ ਪ੍ਰਗਟ ਹੋ ਕੇ ਉਸ ਨੂੰ ਕਿਹਾ: “ਹੇ ਤਕੜੇ ਸੂਰਬੀਰ, ਯਹੋਵਾਹ ਤੇਰੇ ਨਾਲ ਹੈ।” ਗਿਦਾਊਨ ਇਕ ਨਿਮਰ ਇਨਸਾਨ ਸੀ, ਇਸ ਲਈ ਉਹ ਅਚਾਨਕ ਮਿਲੀ ਇਸ ਵਡਿਆਈ ਕਰਕੇ ਘਮੰਡ ਨਾਲ ਫੁੱਲਿਆ ਨਹੀਂ। ਇਸ ਦੀ ਬਜਾਇ ਉਸ ਨੇ ਆਦਰਪੂਰਵਕ ਦੂਤ ਨੂੰ ਕਿਹਾ: “ਹੇ ਪ੍ਰਭੁ, ਜੇ ਯਹੋਵਾਹ ਸਾਡੇ ਨਾਲ ਹੁੰਦਾ ਤਾਂ ਇਹ ਸਾਰੀ ਬਿਪਤਾ ਸਾਡੇ ਉੱਤੇ ਕਾਹਨੂੰ ਪੈਂਦੀ?” ਦੂਤ ਨੇ ਫਿਰ ਗਿਦਾਊਨ ਨੂੰ ਸਾਰੀ ਗੱਲ ਖੋਲ੍ਹ ਕੇ ਸਮਝਾਈ ਤੇ ਉਸ ਨੂੰ ਦੱਸਿਆ: “ਤੂੰ ਇਸਰਾਏਲ ਨੂੰ ਮਿਦਯਾਨੀਆਂ ਦੇ ਹੱਥੋਂ ਛੁਡਾ!” ਪਰ ਗਿਦਾਊਨ ਨੇ ਕੀ ਜਵਾਬ ਦਿੱਤਾ? ਆਪਣੇ ਆਪ ਨੂੰ ਲੋਕਾਂ ਦਾ ਹੀਰੋ ਬਣਾਉਣ ਦੇ ਇਸ ਮੌਕੇ ਦਾ ਫ਼ਾਇਦਾ ਉਠਾਉਣ ਦੀ ਬਜਾਇ ਗਿਦਾਊਨ ਨੇ ਜਵਾਬ ਦਿੱਤਾ: “ਹੇ ਪ੍ਰਭੁ, ਮੈਂ ਇਸਰਾਏਲ ਨੂੰ ਕਿੱਕਰ ਬਚਾਵਾਂ? ਵੇਖ, ਮੇਰਾ ਟੱਬਰ ਮਨੱਸ਼ਹ ਵਿੱਚ ਸਾਰਿਆਂ ਨਾਲੋਂ ਕੰਗਾਲ ਹੈ ਅਤੇ ਆਪਣੇ ਪਿਉ ਦੇ ਟੱਬਰ ਵਿੱਚੋਂ ਮੈਂ ਸਭ ਤੋਂ ਨਿੱਕਾ ਹਾਂ।” ਉਸ ਨੇ ਕਿੰਨੀ ਨਿਮਰਤਾ ਦਿਖਾਈ।—ਨਿਆਈਆਂ 6:11-15.

12. ਗਿਦਾਊਨ ਨੇ ਕਿਵੇਂ ਸਮਝਦਾਰੀ ਨਾਲ ਕੰਮ ਕੀਤਾ?

12 ਗਿਦਾਊਨ ਨੂੰ ਲੜਾਈ ਵਿਚ ਘੱਲਣ ਤੋਂ ਪਹਿਲਾਂ ਯਹੋਵਾਹ ਨੇ ਉਸ ਦਾ ਇਮਤਿਹਾਨ ਲਿਆ। ਕਿਵੇਂ? ਉਸ ਨੇ ਗਿਦਾਊਨ ਨੂੰ ਬਆਲ ਦੀ ਜਗਵੇਦੀ ਤੇ ਪਵਿੱਤਰ ਟੁੰਡ ਵੱਢਣ ਲਈ ਕਿਹਾ ਜੋ ਉਸ ਦੇ ਪਿਤਾ ਨੇ ਬਣਾਇਆ ਸੀ। ਇਸ ਕੰਮ ਨੂੰ ਕਰਨ ਲਈ ਹੌਸਲੇ ਦੀ ਲੋੜ ਸੀ, ਪਰ ਗਿਦਾਊਨ ਨੇ ਇਸ ਕੰਮ ਨੂੰ ਕਰਨ ਲਈ ਨਿਮਰਤਾ ਤੇ ਸਮਝਦਾਰੀ ਵੀ ਦਿਖਾਈ। ਉਸ ਨੇ ਇਹ ਕੰਮ ਖੁੱਲ੍ਹੇ-ਆਮ ਕਰਨ ਦੀ ਬਜਾਇ ਰਾਤ ਦੇ ਹਨੇਰੇ ਵਿਚ ਕੀਤਾ ਜਦੋਂ ਕਿਸੇ ਨੇ ਵੀ ਉਸ ਨੂੰ ਨਹੀਂ ਦੇਖਿਆ। ਇਸ ਤੋਂ ਇਲਾਵਾ ਉਸ ਨੇ ਇਹ ਕੰਮ ਬੜੀ ਹੁਸ਼ਿਆਰੀ ਨਾਲ ਕੀਤਾ। ਉਹ ਆਪਣੇ ਨਾਲ ਦਸ ਆਦਮੀ ਲੈ ਕੇ ਗਿਆ। ਸ਼ਾਇਦ ਕੁਝ ਨੂੰ ਨਜ਼ਰ ਰੱਖਣ ਲਈ ਖੜ੍ਹਾ ਕਰ ਦਿੱਤਾ ਤੇ ਬਾਕੀਆਂ ਨੇ ਜਗਵੇਦੀ ਤੇ ਪਵਿੱਤਰ ਟੁੰਡ ਵੱਢਣ ਵਿਚ ਉਸ ਦੀ ਮਦਦ ਕੀਤੀ। * ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਦੀ ਮਦਦ ਨਾਲ ਉਸ ਨੇ ਇਹ ਕੰਮ ਪੂਰਾ ਕੀਤਾ। ਬਾਅਦ ਵਿਚ ਯਹੋਵਾਹ ਨੇ ਇਸਰਾਏਲੀਆਂ ਨੂੰ ਮਿਦਯਾਨੀਆਂ ਤੋਂ ਛੁਡਾਉਣ ਲਈ ਉਸ ਨੂੰ ਵਰਤਿਆ।—ਨਿਆਈਆਂ 6:25-27.

ਨਿਮਰਤਾ ਅਤੇ ਸਮਝਦਾਰੀ ਦਿਖਾਉਣੀ

13, 14. (ੳ) ਜਦੋਂ ਸਾਨੂੰ ਸੇਵਾ ਦਾ ਕੋਈ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ, ਤਾਂ ਅਸੀਂ ਨਿਮਰਤਾ ਕਿਵੇਂ ਦਿਖਾ ਸਕਦੇ ਹਾਂ? (ਅ) ਭਰਾ ਏ. ਐੱਚ. ਮਕਮਿਲਨ ਨੇ ਨਿਮਰਤਾ ਦਿਖਾਉਣ ਵਿਚ ਕਿਵੇਂ ਇਕ ਬਿਹਤਰੀਨ ਮਿਸਾਲ ਕਾਇਮ ਕੀਤੀ?

13 ਅਸੀਂ ਗਿਦਾਊਨ ਦੀ ਨਿਮਰਤਾ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਉਦਾਹਰਣ ਲਈ, ਜਦੋਂ ਸਾਨੂੰ ਸੇਵਾ ਕਰਨ ਦਾ ਕੋਈ ਵਿਸ਼ੇਸ਼ ਸਨਮਾਨ ਮਿਲਦਾ ਹੈ, ਤਾਂ ਅਸੀਂ ਕਿਸ ਤਰ੍ਹਾਂ ਦਾ ਰਵੱਈਆ ਦਿਖਾਉਂਦੇ ਹਾਂ? ਕੀ ਅਸੀਂ ਪਹਿਲਾਂ ਸਿਰਫ਼ ਇਸ ਤੋਂ ਮਿਲਣ ਵਾਲੀ ਪ੍ਰਸਿੱਧੀ ਜਾਂ ਸ਼ੁਹਰਤ ਬਾਰੇ ਹੀ ਸੋਚਦੇ ਹਾਂ? ਜਾਂ ਕੀ ਅਸੀਂ ਨਿਮਰਤਾ ਦਿਖਾਉਂਦੇ ਹੋਏ ਪ੍ਰਾਰਥਨਾ ਰਾਹੀਂ ਇਸ ਗੱਲ ਤੇ ਵਿਚਾਰ ਕਰਦੇ ਹਾਂ ਕਿ ਅਸੀਂ ਇਸ ਜ਼ਿੰਮੇਵਾਰੀ ਨੂੰ ਪੂਰਾ ਕਰ ਸਕਾਂਗੇ ਜਾਂ ਨਹੀਂ? ਭਰਾ ਏ. ਐੱਚ. ਮਕਮਿਲਨ ਨੇ ਇਸ ਸੰਬੰਧ ਵਿਚ ਇਕ ਚੰਗੀ ਮਿਸਾਲ ਕਾਇਮ ਕੀਤੀ। ਉਨ੍ਹਾਂ ਨੇ 1966 ਵਿਚ ਧਰਤੀ ਉੱਤੇ ਆਪਣਾ ਜੀਵਨ ਪੂਰਾ ਕੀਤਾ। ਵਾਚ ਟਾਵਰ ਸੋਸਾਇਟੀ ਦੇ ਪਹਿਲੇ ਪ੍ਰਧਾਨ, ਸੀ. ਟੀ. ਰਸਲ ਨੇ ਇਕ ਵਾਰ ਭਰਾ ਮਕਮਿਲਨ ਨੂੰ ਇਸ ਗੱਲ ਉੱਤੇ ਸੋਚ-ਵਿਚਾਰ ਕਰਨ ਲਈ ਕਿਹਾ ਕਿ ਉਸ ਦੀ ਗ਼ੈਰ-ਹਾਜ਼ਰੀ ਵਿਚ ਕਿਹੜਾ ਆਦਮੀ ਕੰਮ ਦੀ ਜ਼ਿੰਮੇਵਾਰੀ ਸੰਭਾਲਣ ਦੇ ਯੋਗ ਸੀ। ਬਾਅਦ ਵਿਚ ਉਨ੍ਹਾਂ ਦੋਵਾਂ ਵਿਚ ਇਸ ਸੰਬੰਧੀ ਹੋਈ ਗੱਲਬਾਤ ਦੌਰਾਨ ਭਰਾ ਮਕਮਿਲਨ ਨੇ ਇਕ ਵਾਰ ਵੀ ਆਪਣੀ ਸਿਫਾਰਸ਼ ਨਹੀਂ ਕੀਤੀ, ਜਦ ਕਿ ਉਹ ਸੌਖਿਆਂ ਹੀ ਇਸ ਤਰ੍ਹਾਂ ਕਰ ਸਕਦਾ ਸੀ। ਅਖ਼ੀਰ ਵਿਚ ਭਰਾ ਰਸਲ ਨੇ ਭਰਾ ਮਕਮਿਲਨ ਨੂੰ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਬਾਰੇ ਸੋਚਣ ਲਈ ਕਿਹਾ। ਕਈ ਸਾਲਾਂ ਬਾਅਦ ਭਰਾ ਮਕਮਿਲਨ ਨੇ ਲਿਖਿਆ: “ਉਸ ਵੇਲੇ ਮੈਂ ਹੱਕਾ-ਬੱਕਾ ਰਹਿ ਗਿਆ। ਮੈਂ ਬਹੁਤ ਗੰਭੀਰਤਾ ਨਾਲ ਇਸ ਉੱਤੇ ਵਿਚਾਰ ਕੀਤਾ ਅਤੇ ਕੁਝ ਸਮੇਂ ਲਈ ਪ੍ਰਾਰਥਨਾ ਕੀਤੀ। ਬਾਅਦ ਵਿਚ ਮੈਂ ਉਸ ਨੂੰ ਦੱਸਿਆ ਕਿ ਉਸ ਦੀ ਮਦਦ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਹੋਵੇਗੀ।”

14 ਕੁਝ ਹੀ ਸਮੇਂ ਬਾਅਦ, ਭਰਾ ਰਸਲ ਦੀ ਮੌਤ ਹੋ ਗਈ ਜਿਸ ਕਰਕੇ ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ ਦੀ ਕੁਰਸੀ ਖਾਲੀ ਹੋ ਗਈ। ਕਿਉਂਕਿ ਭਰਾ ਮਕਮਿਲਨ, ਭਰਾ ਰਸਲ ਦੇ ਆਖ਼ਰੀ ਪ੍ਰਚਾਰ ਦੌਰੇ ਦੌਰਾਨ ਕੰਮ ਦੀ ਨਿਗਰਾਨੀ ਕਰ ਰਿਹਾ ਸੀ, ਇਸ ਕਰਕੇ ਇਕ ਭਰਾ ਨੇ ਉਸ ਨੂੰ ਕਿਹਾ: “ਮੈੱਕ, ਤੇਰੇ ਕੋਲ ਹੁਣ ਪ੍ਰਧਾਨ ਬਣਨ ਦਾ ਸੁਨਹਿਰਾ ਮੌਕਾ ਹੈ। ਜਦੋਂ ਭਰਾ ਰਸਲ ਦੌਰੇ ਉੱਤੇ ਗਿਆ ਹੋਇਆ ਸੀ, ਤਾਂ ਤੂੰ ਉਸ ਦਾ ਖ਼ਾਸ ਬੰਦਾ ਸੀ। ਤੇ ਉਹ ਜਾਣ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਕਹਿ ਕੇ ਗਿਆ ਕਿ ਅਸੀਂ ਤੇਰੀ ਗੱਲ ਮੰਨੀਏ। ਖ਼ੈਰ, ਹੁਣ ਉਹ ਚਲਾ ਗਿਆ ਹੈ ਤੇ ਵਾਪਸ ਨਹੀਂ ਆਵੇਗਾ। ਹੁਣ ਤੂੰ ਹੀ ਇਹ ਕੰਮ ਸੰਭਾਲਣਾ ਹੈ।” ਭਰਾ ਮਕਮਿਲਨ ਨੇ ਜਵਾਬ ਦਿੱਤਾ: “ਭਰਾ, ਤੈਨੂੰ ਇਸ ਬਾਰੇ ਇੱਦਾਂ ਨਹੀਂ ਸੋਚਣਾ ਚਾਹੀਦਾ। ਇਹ ਪਰਮੇਸ਼ੁਰ ਦਾ ਕੰਮ ਹੈ। ਸਾਨੂੰ ਪਰਮੇਸ਼ੁਰ ਦੇ ਸੰਗਠਨ ਵਿਚ ਜੋ ਰੁਤਬਾ ਮਿਲਦਾ ਹੈ, ਉਹ ਇਸ ਕਰਕੇ ਹੈ ਕਿਉਂਕਿ ਪਰਮੇਸ਼ੁਰ ਸਾਨੂੰ ਇਸ ਦੇ ਯੋਗ ਸਮਝਦਾ ਹੈ; ਤੇ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਇਸ ਕੰਮ ਨੂੰ ਕਰਨ ਦੇ ਯੋਗ ਨਹੀਂ ਹਾਂ।” ਫਿਰ ਭਰਾ ਮਕਮਿਲਨ ਨੇ ਇਸ ਪਦਵੀ ਲਈ ਇਕ ਦੂਸਰੇ ਭਰਾ ਦੀ ਸਿਫਾਰਸ਼ ਕੀਤੀ। ਗਿਦਾਊਨ ਵਾਂਗ, ਭਰਾ ਆਪਣੇ ਆਪ ਨੂੰ ਉੱਚਾ ਨਹੀਂ ਸਮਝਦਾ ਸੀ, ਬਲਕਿ ਨਿਮਰ ਸੀ ਤੇ ਆਪਣੇ ਬਾਰੇ ਸਹੀ ਨਜ਼ਰੀਆ ਰੱਖਦਾ ਸੀ। ਸਾਨੂੰ ਸਾਰਿਆਂ ਨੂੰ ਉਸ ਵਰਗੇ ਬਣਨਾ ਚਾਹੀਦਾ ਹੈ।

15. ਕਿਹੜੇ ਕੁਝ ਤਰੀਕਿਆਂ ਨਾਲ ਅਸੀਂ ਪ੍ਰਚਾਰ ਕਰਦੇ ਸਮੇਂ ਸਮਝਦਾਰੀ ਦਿਖਾ ਸਕਦੇ ਹਾਂ?

15 ਸਾਨੂੰ ਆਪਣੇ ਕੰਮ ਕਰਨ ਦੇ ਤਰੀਕੇ ਵਿਚ ਨਿਮਰਤਾ ਦਿਖਾਉਣੀ ਚਾਹੀਦੀ ਹੈ। ਗਿਦਾਊਨ ਸਮਝਦਾਰ ਸੀ ਅਤੇ ਉਸ ਨੇ ਆਪਣੇ ਵਿਰੋਧੀਆਂ ਨੂੰ ਬਿਨਾਂ ਕਾਰਨ ਗੁੱਸਾ ਨਹੀਂ ਚੜ੍ਹਾਇਆ। ਇਸੇ ਤਰ੍ਹਾਂ ਜਦੋਂ ਅਸੀਂ ਪ੍ਰਚਾਰ ਦੌਰਾਨ ਦੂਸਰਿਆਂ ਨਾਲ ਗੱਲ ਕਰਦੇ ਹਾਂ, ਤਾਂ ਸਾਨੂੰ ਨਿਮਰਤਾ ਤੇ ਸਮਝਦਾਰੀ ਨਾਲ ਗੱਲ ਕਰਨੀ ਚਾਹੀਦੀ ਹੈ। ਇਹ ਸੱਚ ਹੈ ਕਿ ਅਸੀਂ “ਕਿਲ੍ਹਿਆਂ” ਵਰਗੀਆਂ ਸਿੱਖਿਆਵਾਂ ਅਤੇ “ਵਹਿਮਾਂ” ਨੂੰ ਢਾਹ ਦੇਣ ਲਈ ਅਧਿਆਤਮਿਕ ਲੜਾਈ ਲੜ ਰਹੇ ਹਾਂ। (2 ਕੁਰਿੰਥੀਆਂ 10:4, 5) ਪਰ ਸਾਨੂੰ ਦੂਸਰਿਆਂ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਹਿਣੀ ਚਾਹੀਦੀ ਕਿ ਲੋਕ ਸਾਡੇ ਸੰਦੇਸ਼ ਉੱਤੇ ਇਤਰਾਜ਼ ਕਰਨ। ਇਸ ਦੀ ਬਜਾਇ ਸਾਨੂੰ ਉਨ੍ਹਾਂ ਦੇ ਵਿਚਾਰਾਂ ਦਾ ਆਦਰ ਕਰਨਾ ਚਾਹੀਦਾ ਹੈ ਤੇ ਸਾਂਝੇ ਵਿਸ਼ੇ ਉੱਤੇ ਗੱਲ ਕਰਦੇ ਹੋਏ ਆਪਣੇ ਸੰਦੇਸ਼ ਦੇ ਚੰਗੇ ਪਹਿਲੂਆਂ ਵੱਲ ਧਿਆਨ ਖਿੱਚਣਾ ਚਾਹੀਦਾ ਹੈ।—ਰਸੂਲਾਂ ਦੇ ਕਰਤੱਬ 22:1-3; 1 ਕੁਰਿੰਥੀਆਂ 9:22; ਪਰਕਾਸ਼ ਦੀ ਪੋਥੀ 21:4.

ਯਿਸੂ—ਨਿਮਰਤਾ ਦੀ ਉੱਤਮ ਉਦਾਹਰਣ

16. ਯਿਸੂ ਨੇ ਆਪਣੇ ਬਾਰੇ ਇਕ ਨਿਮਰ ਰਵੱਈਆ ਕਿਵੇਂ ਦਿਖਾਇਆ?

16 ਨਿਮਰਤਾ ਦੀ ਸਭ ਤੋਂ ਵਧੀਆ ਉਦਾਹਰਣ ਹੈ ਯਿਸੂ ਮਸੀਹ। * ਆਪਣੇ ਪਿਤਾ ਨਾਲ ਨਜ਼ਦੀਕੀ ਰਿਸ਼ਤਾ ਹੋਣ ਦੇ ਬਾਵਜੂਦ ਵੀ ਯਿਸੂ ਇਹ ਮੰਨਣ ਤੋਂ ਕਦੀ ਵੀ ਹਿਚਕਿਚਾਇਆ ਨਹੀਂ ਕਿ ਉਸ ਨੂੰ ਵੀ ਕੁਝ ਕੰਮ ਕਰਨ ਦੇ ਅਖ਼ਤਿਆਰ ਨਹੀਂ ਦਿੱਤੇ ਗਏ ਹਨ। (ਯੂਹੰਨਾ 1:14) ਉਦਾਹਰਣ ਲਈ, ਜਦੋਂ ਯਾਕੂਬ ਤੇ ਯੂਹੰਨਾ ਦੀ ਮਾਂ ਨੇ ਬੇਨਤੀ ਕੀਤੀ ਕਿ ਯਿਸੂ ਦੇ ਰਾਜ ਵਿਚ ਉਸ ਦੇ ਦੋਵੇਂ ਪੁੱਤਰ ਯਿਸੂ ਦੇ ਖੱਬੇ ਤੇ ਸੱਜੇ ਪਾਸੇ ਬੈਠਣ, ਤਾਂ ਯਿਸੂ ਨੇ ਉਸ ਨੂੰ ਕਿਹਾ: “ਸੱਜੇ ਖੱਬੇ ਬਿਠਾਲਨਾ ਮੇਰਾ ਕੰਮ ਨਹੀਂ।” (ਮੱਤੀ 20:20-23) ਇਕ ਹੋਰ ਮੌਕੇ ਤੇ, ਯਿਸੂ ਨੇ ਬਿਨਾਂ ਹਿਚਕਿਚਾਏ ਇਹ ਸਵੀਕਾਰ ਕੀਤਾ: “ਮੈਂ ਆਪ ਕੁਝ ਨਹੀਂ ਕਰ ਸੱਕਦਾ। . . . ਮੈਂ ਆਪਣੀ ਮਰਜ਼ੀ ਨਹੀਂ ਭਾਲਦਾ ਪਰ ਉਹ ਦੀ ਮਰਜ਼ੀ ਜਿਹ ਨੇ ਮੈਨੂੰ ਘੱਲਿਆ।”—ਯੂਹੰਨਾ 5:30; 14:28; ਫ਼ਿਲਿੱਪੀਆਂ 2:5, 6.

17. ਯਿਸੂ ਨੇ ਦੂਸਰਿਆਂ ਨਾਲ ਪੇਸ਼ ਆਉਂਦੇ ਸਮੇਂ ਕਿਵੇਂ ਨਿਮਰਤਾ ਦਿਖਾਈ?

17 ਯਿਸੂ ਨਾਮੁਕੰਮਲ ਇਨਸਾਨਾਂ ਤੋਂ ਹਰ ਤਰ੍ਹਾਂ ਉੱਤਮ ਸੀ ਅਤੇ ਉਸ ਦੇ ਪਿਤਾ, ਯਹੋਵਾਹ ਨੇ ਉਸ ਨੂੰ ਸਾਰੇ ਇਨਸਾਨਾਂ ਨਾਲੋਂ ਬਹੁਤ ਹੀ ਜ਼ਿਆਦਾ ਅਧਿਕਾਰ ਦਿੱਤਾ ਸੀ। ਪਰ ਉਹ ਆਪਣੇ ਪੈਰੋਕਾਰਾਂ ਨਾਲ ਨਿਮਰਤਾ ਨਾਲ ਪੇਸ਼ ਆਇਆ। ਉਸ ਨੇ ਉਨ੍ਹਾਂ ਦੇ ਸਾਮ੍ਹਣੇ ਆਪਣੇ ਗਿਆਨ ਦਾ ਦਿਖਾਵਾ ਨਹੀਂ ਕੀਤਾ। ਉਸ ਨੇ ਮਨੁੱਖੀ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਦਇਆ ਦਿਖਾਈ। (ਮੱਤੀ 15:32; 26:40, 41; ਮਰਕੁਸ 6:31) ਇਸ ਤਰ੍ਹਾਂ ਚਾਹੇ ਯਿਸੂ ਇਕ ਮੁਕੰਮਲ ਇਨਸਾਨ ਸੀ, ਪਰ ਉਹ ਦੂਜਿਆਂ ਤੋਂ ਬਹੁਤ ਜ਼ਿਆਦਾ ਮੰਗ ਨਹੀਂ ਕਰਦਾ ਸੀ। ਉਸ ਦੇ ਚੇਲੇ ਜਿੰਨਾ ਕਰ ਸਕਦੇ ਸਨ, ਉਸ ਤੋਂ ਜ਼ਿਆਦਾ ਯਿਸੂ ਨੇ ਉਨ੍ਹਾਂ ਤੋਂ ਮੰਗ ਨਹੀਂ ਕੀਤੀ ਤੇ ਨਾ ਹੀ ਉਨ੍ਹਾਂ ਨੂੰ ਇੰਨੀਆਂ ਜ਼ਿਆਦਾ ਗੱਲਾਂ ਦੱਸੀਆਂ ਜਿਨ੍ਹਾਂ ਨੂੰ ਉਹ ਸਮਝ ਹੀ ਨਾ ਸਕਣ। (ਯੂਹੰਨਾ 16:12) ਇਸੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਯਿਸੂ ਤੋਂ ਹੌਸਲਾ ਮਿਲਦਾ ਸੀ।—ਮੱਤੀ 11:29.

ਯਿਸੂ ਦੀ ਉਦਾਹਰਣ ਉੱਤੇ ਚੱਲੋ

18, 19. (ੳ) ਅਸੀਂ ਯਿਸੂ ਵਾਂਗ ਆਪਣੇ ਬਾਰੇ ਸਹੀ ਰਵੱਈਆ ਕਿਵੇਂ ਦਿਖਾ ਸਕਦੇ ਹਾਂ? (ਅ) ਦੂਸਰਿਆਂ ਨਾਲ ਪੇਸ਼ ਆਉਂਦੇ ਸਮੇਂ ਅਸੀਂ ਕਿਵੇਂ ਯਿਸੂ ਦੀ ਨਕਲ ਕਰ ਸਕਦੇ ਹਾਂ?

18 ਜੇ ਸਭ ਤੋਂ ਮਹਾਨ ਇਨਸਾਨ ਨਿਮਰਤਾ ਦਿਖਾ ਸਕਦਾ ਸੀ, ਤਾਂ ਸਾਨੂੰ ਕਿੰਨੀ ਜ਼ਿਆਦਾ ਨਿਮਰਤਾ ਦਿਖਾਉਣੀ ਚਾਹੀਦੀ ਹੈ। ਨਾਮੁਕੰਮਲ ਇਨਸਾਨ ਇਹ ਮੰਨਣ ਤੋਂ ਹਿਚਕਿਚਾਉਂਦੇ ਹਨ ਕਿ ਉਨ੍ਹਾਂ ਕੋਲ ਪੂਰਾ ਅਧਿਕਾਰ ਨਹੀਂ ਹੈ। ਪਰ ਯਿਸੂ ਦੀ ਨਕਲ ਕਰਦੇ ਹੋਏ ਮਸੀਹੀ ਨਿਮਰ ਬਣਨ ਦੀ ਕੋਸ਼ਿਸ਼ ਕਰਦੇ ਹਨ। ਉਹ ਇੰਨੇ ਘਮੰਡੀ ਨਹੀਂ ਹਨ ਕਿ ਉਹ ਯੋਗ ਵਿਅਕਤੀਆਂ ਨੂੰ ਜ਼ਿੰਮੇਵਾਰੀ ਨਾ ਦੇਣ; ਨਾ ਹੀ ਉਹ ਹੰਕਾਰੀ ਹਨ ਕਿ ਉਹ ਜ਼ਿੰਮੇਵਾਰ ਵਿਅਕਤੀਆਂ ਦੀ ਸਲਾਹ ਸਵੀਕਾਰ ਹੀ ਨਾ ਕਰਨ। ਉਹ ਕਲੀਸਿਯਾ ਵਿਚ ਸਾਰੇ ਕੰਮ “ਢਬ ਸਿਰ ਅਤੇ ਜੁਗਤੀ ਨਾਲ” ਕਰਨ ਲਈ ਆਪਣਾ ਪੂਰਾ ਸਹਿਯੋਗ ਦਿੰਦੇ ਹਨ।—1 ਕੁਰਿੰਥੀਆਂ 14:40.

19 ਨਿਮਰਤਾ ਕਰਕੇ ਅਸੀਂ ਦੂਸਰਿਆਂ ਤੋਂ ਜ਼ਿਆਦਾ ਉਮੀਦਾਂ ਨਹੀਂ ਰੱਖਾਂਗੇ ਅਤੇ ਉਨ੍ਹਾਂ ਦੀਆਂ ਲੋੜਾਂ ਦਾ ਧਿਆਨ ਰੱਖਾਂਗੇ। (ਫ਼ਿਲਿੱਪੀਆਂ 4:5) ਸਾਡੇ ਵਿਚ ਅਜਿਹੀਆਂ ਕੁਝ ਯੋਗਤਾਵਾਂ ਹੋ ਸਕਦੀਆਂ ਹਨ ਜੋ ਸ਼ਾਇਦ ਦੂਸਰਿਆਂ ਵਿਚ ਨਾ ਹੋਣ। ਪਰ ਜੇ ਅਸੀਂ ਨਿਮਰ ਹਾਂ, ਤਾਂ ਅਸੀਂ ਦੂਸਰਿਆਂ ਤੋਂ ਇਹ ਉਮੀਦ ਨਹੀਂ ਰੱਖਾਂਗੇ ਕਿ ਉਹ ਹਮੇਸ਼ਾ ਉਸੇ ਤਰ੍ਹਾਂ ਕੰਮ ਕਰਨ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ। ਅਸੀਂ ਜਾਣਦੇ ਹਾਂ ਕਿ ਹਰ ਇਨਸਾਨ ਦੀਆਂ ਕੁਝ ਹੱਦਾਂ ਹੁੰਦੀਆਂ ਹਨ। ਇਸ ਲਈ ਅਸੀਂ ਨਿਮਰਤਾ ਦਿਖਾਉਂਦੇ ਹੋਏ ਦੂਸਰਿਆਂ ਦੀਆਂ ਕਮੀਆਂ-ਪੇਸ਼ੀਆਂ ਨੂੰ ਅਣਗੌਲਿਆਂ ਕਰਾਂਗੇ। ਪਤਰਸ ਨੇ ਲਿਖਿਆ: “ਸਭ ਤੋਂ ਪਹਿਲਾਂ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ ਕਿਉਂ ਜੋ ਪ੍ਰੇਮ ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।”—1 ਪਤਰਸ 4:8.

20. ਜੇ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਵਿਚ ਨਿਮਰਤਾ ਨਹੀਂ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ?

20 ਹੁਣ ਅਸੀਂ ਸਿੱਖ ਲਿਆ ਹੈ ਕਿ ਨਿਮਰ ਵਿਅਕਤੀ ਬੁੱਧੀਮਾਨ ਹੁੰਦਾ ਹੈ। ਪਰ ਜੇ ਤੁਸੀਂ ਦੇਖਦੇ ਹੋ ਕਿ ਤੁਸੀਂ ਨਿਮਰ ਨਹੀਂ ਹੋ ਜਾਂ ਹੰਕਾਰ ਵਿਚ ਆ ਕੇ ਕੰਮ ਕਰਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਹੌਸਲਾ ਨਾ ਹਾਰੋ। ਇਸ ਦੀ ਬਜਾਇ, ਦਾਊਦ ਦੀ ਨਕਲ ਕਰੋ ਜਿਸ ਨੇ ਪ੍ਰਾਰਥਨਾ ਕੀਤੀ: “ਆਪਣੇ ਦਾਸ ਨੂੰ ਹੰਕਾਰਾਂ ਤੋਂ ਰੋਕ ਰੱਖ, ਓਹ ਮੇਰੇ ਉੱਤੇ ਹਕੂਮਤ ਨਾ ਕਰਨ।” (ਜ਼ਬੂਰ 19:13) ਨਿਹਚਾ ਰੱਖਣ ਵਾਲੇ ਆਦਮੀ, ਜਿਵੇਂ ਪੌਲੁਸ, ਗਿਦਾਊਨ ਤੇ ਸਾਰਿਆਂ ਤੋਂ ਉੱਤਮ, ਯਿਸੂ ਮਸੀਹ ਦੀ ਮਿਸਾਲ ਉੱਤੇ ਚੱਲਣ ਨਾਲ ਅਸੀਂ ਆਪ ਨਿੱਜੀ ਤੌਰ ਤੇ ਇਨ੍ਹਾਂ ਸ਼ਬਦਾਂ ਨੂੰ ਸੱਚ ਹੁੰਦੇ ਦੇਖਾਂਗੇ: “ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ।”—ਕਹਾਉਤਾਂ 11:2, ਨਵਾਂ ਅਨੁਵਾਦ।

[ਫੁਟਨੋਟ]

^ ਪੈਰਾ 6 ਇੱਥੇ “ਸੇਵਕ” ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਵੱਡੇ ਜਹਾਜ਼ ਵਿਚ ਚੱਪੂ ਚਲਾਉਣ ਵਾਲੇ ਗ਼ੁਲਾਮਾਂ ਲਈ ਵੀ ਵਰਤਿਆ ਜਾਂਦਾ ਸੀ। ਇਸ ਦੇ ਉਲਟ, “ਮੁਖਤਿਆਰ” ਨੂੰ ਕੁਝ ਜ਼ਿਆਦਾ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਸਨ, ਸ਼ਾਇਦ ਕਿਸੇ ਦੀ ਜਾਇਦਾਦ ਦੀ ਦੇਖ-ਭਾਲ ਕਰਨ ਦਾ ਕੰਮ ਸੌਂਪਿਆ ਜਾਂਦਾ ਸੀ। ਪਰ ਮਾਲਕ ਦੀ ਨਜ਼ਰ ਵਿਚ ਇਕ ਮੁਖਤਿਆਰ ਦੀ ਹੈਸੀਅਤ ਵੀ ਨੌਕਰ ਜਾਂ ਗ਼ੁਲਾਮ ਜਿੰਨੀ ਹੀ ਹੁੰਦੀ ਸੀ।

^ ਪੈਰਾ 12 ਗਿਦਾਊਨ ਨੇ ਜੋ ਸਮਝਦਾਰੀ ਤੇ ਹੁਸ਼ਿਆਰੀ ਦਿਖਾਈ ਸੀ, ਉਸ ਨੂੰ ਕਾਇਰਤਾ ਨਹੀਂ ਸਮਝਣਾ ਚਾਹੀਦਾ। ਇਸ ਦੀ ਬਜਾਇ, ਇਬਰਾਨੀਆਂ 11:32-38 ਵਿਚ ਉਸ ਦੀ ਬਹਾਦਰੀ ਬਾਰੇ ਗੱਲ ਕੀਤੀ ਗਈ ਹੈ। ਇੱਥੇ ਗਿਦਾਊਨ ਨੂੰ ਉਨ੍ਹਾਂ ਲੋਕਾਂ ਵਿਚ ਸ਼ਾਮਲ ਕੀਤਾ ਗਿਆ ਹੈ ਜੋ “ਬਲੀ ਹੋਏ” ਅਤੇ “ਜੁੱਧ ਵਿੱਚ ਸੂਰਮੇ ਬਣੇ।”

^ ਪੈਰਾ 16 ਯਹੋਵਾਹ ਸਰਬਸ਼ਕਤੀਮਾਨ ਹੈ। ਉਸ ਦੀ ਸ਼ਕਤੀ ਦੀ ਕੋਈ ਹੱਦ ਨਹੀਂ ਹੈ ਜਿਸ ਕਰਕੇ ਉਸ ਨੂੰ ਕਿਸੇ ਇਨਸਾਨ ਦੇ ਅੱਗੇ ਝੁਕਣ ਦੀ ਲੋੜ ਨਹੀਂ ਹੈ। ਉਹ ਸਭ ਕੰਮ ਕਰ ਸਕਦਾ ਹੈ। ਪਰ ਫਿਰ ਵੀ ਉਹ ਨਿਮਰ ਹੈ।—ਜ਼ਬੂਰ 18:35.

ਕੀ ਤੁਹਾਨੂੰ ਯਾਦ ਹੈ?

• ਨਿਮਰਤਾ ਕੀ ਹੈ?

• ਅਸੀਂ ਪੌਲੁਸ ਦੀ ਨਿਮਰਤਾ ਦੀ ਨਕਲ ਕਿਵੇਂ ਕਰ ਸਕਦੇ ਹਾਂ?

• ਅਸੀਂ ਗਿਦਾਊਨ ਦੀ ਉਦਾਹਰਣ ਤੋਂ ਨਿਮਰਤਾ ਬਾਰੇ ਕੀ ਸਿੱਖ ਸਕਦੇ ਹਾਂ?

• ਯਿਸੂ ਨੇ ਕਿਵੇਂ ਨਿਮਰਤਾ ਦੀ ਸਭ ਤੋਂ ਉੱਤਮ ਉਦਾਹਰਣ ਕਾਇਮ ਕੀਤੀ?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

ਪੌਲੁਸ ਆਪਣੀ ਨਿਮਰਤਾ ਕਰਕੇ ਆਪਣੇ ਸੰਗੀ ਮਸੀਹੀਆਂ ਦਾ ਚਹੇਤਾ ਸੀ

[ਸਫ਼ੇ 17 ਉੱਤੇ ਤਸਵੀਰ]

ਗਿਦਾਊਨ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸਮਝਦਾਰੀ ਨਾਲ ਕੰਮ ਕੀਤਾ

[ਸਫ਼ੇ 18 ਉੱਤੇ ਤਸਵੀਰ]

ਪਰਮੇਸ਼ੁਰ ਦਾ ਪੁੱਤਰ, ਯਿਸੂ ਆਪਣੇ ਸਾਰੇ ਕੰਮਾਂ ਵਿਚ ਨਿਮਰਤਾ ਦਿਖਾਉਂਦਾ ਹੈ