Skip to content

Skip to table of contents

ਨਿਰਾਸ਼ਾ ਤੋਂ ਕਿਵੇਂ ਬਚੀਏ?

ਨਿਰਾਸ਼ਾ ਤੋਂ ਕਿਵੇਂ ਬਚੀਏ?

ਨਿਰਾਸ਼ਾ ਤੋਂ ਕਿਵੇਂ ਬਚੀਏ?

ਜਦੋਂ ਸਾਡੀਆਂ ਆਸਾਂ ਅਤੇ ਚਾਹਤਾਂ ਪੂਰੀਆਂ ਹੋ ਜਾਂਦੀਆਂ ਹਨ, ਤਾਂ ਸਾਨੂੰ ਬੜੀ ਖ਼ੁਸ਼ੀ ਮਿਲਦੀ ਹੈ। ਇਹ ਸੱਚ ਹੈ ਕਿ ਸਾਡੇ ਕਈ ਸੁਪਨੇ ਅਤੇ ਆਸਾਂ ਪੂਰੀਆਂ ਨਹੀਂ ਹੁੰਦੀਆਂ। ਜੇ ਅਜਿਹਾ ਵਾਰ-ਵਾਰ ਹੁੰਦਾ ਰਹੇ, ਤਾਂ ਸਾਨੂੰ ਖ਼ੁਦ ਤੇ ਹੀ ਨਹੀਂ ਸਗੋਂ ਦੂਸਰਿਆਂ ਤੇ ਵੀ ਗੁੱਸਾ ਆਉਂਦਾ ਹੈ। ਇਸ ਬਾਰੇ ਇਕ ਸਮਝਦਾਰ ਆਦਮੀ ਨੇ ਠੀਕ ਹੀ ਕਿਹਾ: “ਆਸ ਦੀ ਢਿੱਲ ਦਿਲ ਨੂੰ ਬਿਮਾਰ ਕਰਦੀ ਹੈ।”—ਕਹਾਉਤਾਂ 13:12.

ਕਿਹੜੇ ਕਾਰਨਾਂ ਕਰਕੇ ਅਸੀਂ ਨਿਰਾਸ਼ ਹੋ ਸਕਦੇ ਹਾਂ? ਨਿਰਾਸ਼ਾ ਤੇ ਕਾਬੂ ਪਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਅਤੇ ਇੰਜ ਕਰਨ ਨਾਲ ਸਾਡਾ ਕਿਵੇਂ ਭਲਾ ਹੁੰਦਾ ਹੈ?

ਨਿਰਾਸ਼ਾ ਦੇ ਕਾਰਨ

ਪਹਿਲਾ ਕਾਰਨ, ਅੱਜ ਇਸ ਨੱਠ-ਭਜਾਈ ਦੀ ਦੁਨੀਆਂ ਵਿਚ ਐਨਾ ਕੁਝ ਕਰਨ ਲਈ ਹੈ ਕਿ ਸਾਨੂੰ ਸਮਾਂ ਹੀ ਨਹੀਂ ਮਿਲਦਾ। ਜਦੋਂ ਸਾਡਾ ਕੋਈ ਮਕਸਦ ਪੂਰਾ ਨਹੀਂ ਹੁੰਦਾ, ਤਾਂ ਅਸੀਂ ਆਪਣੇ ਆਪ ਨੂੰ ਕੋਸਣ ਲੱਗ ਪੈਂਦੇ ਹਾਂ। ਇਸ ਨਾਲ ਅਸੀਂ ਹੀ ਨਹੀਂ, ਸਗੋਂ ਦੂਜੇ ਵੀ ਨਿਰਾਸ਼ ਹੁੰਦੇ ਹਨ। ਸਿੰਥੀਆ ਇਕ ਪਤਨੀ ਤੇ ਮਾਂ ਹੈ। ਉਹ ਜਾਣਦੀ ਹੈ ਕਿ ਬੱਚਿਆਂ ਨੂੰ ਪਾਲਣਾ-ਪੋਸਣਾ ਕਿੰਨਾ ਮੁਸ਼ਕਲ ਹੈ। ਉਹ ਕਹਿੰਦੀ ਹੈ: “ਮੈਨੂੰ ਆਪਣੇ ਬੱਚਿਆਂ ਨੂੰ ਸਿਖਾਉਣ ਅਤੇ ਸੁਧਾਰਨ ਦਾ ਸਮਾਂ ਹੀ ਨਹੀਂ ਮਿਲਦਾ। ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਠੀਕ ਤਰੀਕੇ ਨਾਲ ਨਹੀਂ ਨਿਭਾ ਰਹੀ। ਇਹ ਸੋਚ ਕੇ ਮੈਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੀ ਹਾਂ।” ਸਟੈਫਨੀ ਇਕ ਵਿਦਿਆਰਥਣ ਹੈ। ਉਹ ਆਪਣੀ ਪੜ੍ਹਾਈ ਬਾਰੇ ਕਹਿੰਦੀ ਹੈ: “ਮੈਂ ਬਹੁਤ ਕੁਝ ਕਰਨਾ ਚਾਹੁੰਦੀ ਹਾਂ, ਪਰ ਮੈਨੂੰ ਸਮਾਂ ਹੀ ਨਹੀਂ ਮਿਲਦਾ ਜਿਸ ਕਰਕੇ ਮੇਰਾ ਮਨ ਕਾਹਲਾ ਪੈਂਦਾ ਹੈ।”

ਦੂਜਾ ਕਾਰਨ, ਲੋਕ ਆਪਣੀ ਕਾਬਲੀਅਤ ਤੋਂ ਬਾਹਰ ਟੀਚੇ ਰੱਖਦੇ ਹਨ ਅਤੇ ਜਦੋਂ ਟੀਚੇ ਪੂਰੇ ਨਹੀਂ ਹੁੰਦੇ, ਤਾਂ ਉਹ ਬੜੇ ਨਿਰਾਸ਼ ਹੋ ਜਾਂਦੇ ਹਨ। ਵਿਆਹੁਤਾ ਬੇਨ ਮੰਨਦਾ ਹੈ: “ਆਪਣੇ ਕੰਮਾਂ ਨੂੰ ਪੂਰਾ ਕਰਨ ਤੋਂ ਬਾਅਦ ਮੈਂ ਇਹੀ ਸੋਚਦਾ ਹਾਂ ਕਿ ਮੈਂ ਇਹ ਕੰਮ ਹੋਰ ਵੀ ਵਧੀਆ ਤਰੀਕੇ ਨਾਲ ਕਰ ਸਕਦਾ ਸੀ। ਮੈਂ ਹਮੇਸ਼ਾ ਇਹੀ ਕੋਸ਼ਿਸ਼ ਕਰਦਾ ਹਾਂ ਕਿ ਮੇਰੇ ਕੰਮ ਵਿਚ ਕਿਸੇ ਗੱਲ ਦੀ ਘਾਟ ਨਾ ਰਹੇ। ਪਰ ਜਦੋਂ ਕੋਈ ਕਮੀ ਰਹਿ ਜਾਂਦੀ ਹੈ, ਤਾਂ ਮੈਂ ਨਿਰਾਸ਼ ਹੋ ਜਾਂਦਾ ਹਾਂ।” ਗੇਲ ਨਾਂ ਦੀ ਮਸੀਹੀ ਪਤਨੀ ਕਹਿੰਦੀ ਹੈ: “ਮੈਂ ਹੱਦੋਂ ਵੱਧ ਕੋਸ਼ਿਸ਼ ਕਰਦੀ ਹਾਂ ਕਿ ਮੈਂ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਹਮੇਸ਼ਾ ਸਹੀ ਤਰੀਕੇ ਨਾਲ ਨਿਭਾਵਾਂ। ਪਰ ਜਦੋਂ ਮੈਂ ਨਹੀਂ ਕਰ ਪਾਉਂਦੀ, ਤਾਂ ਮੈਨੂੰ ਬੜੀ ਖਿੱਝ ਆਉਂਦੀ ਹੈ।”

ਤੀਜਾ ਕਾਰਨ, ਬੀਮਾਰੀ ਅਤੇ ਬੁਢਾਪੇ ਕਾਰਨ ਲੋਕ ਜ਼ਿਆਦਾ ਕੰਮ-ਕਾਰ ਨਹੀਂ ਕਰ ਪਾਉਂਦੇ। ਉਨ੍ਹਾਂ ਨੂੰ ਘਰ ਵਿਚ ਹੀ ਰਹਿਣਾ ਪੈਂਦਾ ਹੈ ਜਿਸ ਕਾਰਨ ਉਹ ਹਿੰਮਤ ਹਾਰ ਜਾਂਦੇ ਹਨ। ਇਲੀਜ਼ਬੱਥ ਦੱਸਦੀ ਹੈ: “ਜਦੋਂ ਮੇਰੀ ਸਿਹਤ ਚੰਗੀ-ਭਲੀ ਸੀ, ਤਾਂ ਮੈਂ ਹਰ ਕੰਮ ਬੜੀ ਆਸਾਨੀ ਨਾਲ ਅਤੇ ਬੜੀ ਚੁਸਤੀ-ਫੁਰਤੀ ਨਾਲ ਕਰ ਲੈਂਦੀ ਸੀ। ਪਰ ਬੀਮਾਰ ਹੋਣ ਕਾਰਨ ਮੇਰੇ ਕੋਲੋਂ ਛੋਟੇ-ਮੋਟੇ ਕੰਮ ਵੀ ਨਹੀਂ ਹੁੰਦੇ ਜਿਸ ਨਾਲ ਮੈਂ ਮਾਯੂਸ ਹੋ ਜਾਂਦੀ ਹਾਂ।”

ਅਸੀਂ ਨਿਰਾਸ਼ਾ ਦੇ ਸਿਰਫ਼ ਤਿੰਨ ਹੀ ਕਾਰਨ ਦੇਖੇ ਹਨ। ਜੇ ਅਸੀਂ ਆਪਣੇ ਅੰਦਰੋਂ ਨਿਰਾਸ਼ਾ ਨੂੰ ਨਹੀਂ ਕੱਢਦੇ, ਤਾਂ ਸਾਡੇ ਵਿਚ ਇਹ ਵਹਿਮ ਪੈਦਾ ਹੋ ਸਕਦਾ ਹੈ ਕਿ ਦੂਸਰੇ ਸਾਡੀ ਕਦਰ ਨਹੀਂ ਕਰਦੇ। ਪਰ ਅਸੀਂ ਅਜਿਹੀਆਂ ਭਾਵਨਾਵਾਂ ਨਾਲ ਕਿਵੇਂ ਿਨੱਭ ਸਕਦੇ ਹਾਂ ਤੇ ਆਪਣੇ ਬਾਰੇ ਕਿਵੇਂ ਸਹੀ ਨਜ਼ਰੀਆ ਰੱਖ ਸਕਦੇ ਹਾਂ? ਆਓ ਆਪਾਂ ਦੇਖੀਏ।

ਨਿਰਾਸ਼ਾ ਤੋਂ ਬਚਣ ਦੇ ਤਰੀਕੇ

ਪਹਿਲੀ ਗੱਲ ਤਾਂ ਇਹ ਚੇਤੇ ਰੱਖੋ ਕਿ ਯਹੋਵਾਹ ਸਾਡੀ ਕਾਬਲੀਅਤ ਨੂੰ ਜਾਣਦਾ ਹੈ ਅਤੇ ਸਾਡੇ ਕੋਲੋਂ ਹੱਦੋਂ ਵੱਧ ਮੰਗ ਨਹੀਂ ਕਰਦਾ। ਜ਼ਬੂਰ 103:14 ਸਾਨੂੰ ਚੇਤੇ ਕਰਾਉਂਦਾ ਹੈ: “ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” ਸਾਡੀਆਂ ਯੋਗਤਾਵਾਂ ਨੂੰ ਜਾਣਦੇ ਹੋਏ ਯਹੋਵਾਹ ਸਾਡੇ ਤੋਂ ਉਸੇ ਚੀਜ਼ ਦੀ ਮੰਗ ਕਰਦਾ ਹੈ ਜੋ ਅਸੀਂ ਉਸ ਨੂੰ ਦੇ ਸਕਦੇ ਹਾਂ। ਇਕ ਚੀਜ਼ ਜਿਹੜੀ ਯਹੋਵਾਹ ਸਾਡੇ ਤੋਂ ਮੰਗਦਾ ਹੈ, ਉਹ ਹੈ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਸਾਮ੍ਹਣੇ ਨਿਮਰਤਾ ਨਾਲ ਚੱਲੀਏ।—ਮੀਕਾਹ 6:8.

ਦੂਜੀ ਗੱਲ, ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਪ੍ਰਾਰਥਨਾ ਕਰੀਏ। (ਰੋਮੀਆਂ 12:12; 1 ਥੱਸਲੁਨੀਕੀਆਂ 5:17) ਪਰ ਪ੍ਰਾਰਥਨਾ ਸਾਡੀ ਕਿਵੇਂ ਮਦਦ ਕਰਦੀ ਹੈ? ਪ੍ਰਾਰਥਨਾ ਸਾਡੀ ਸੋਚਣੀ ਨੂੰ ਸੁਧਾਰਦੀ ਹੈ। ਦਿਲੋਂ ਪ੍ਰਾਰਥਨਾ ਕਰਨ ਨਾਲ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਯਹੋਵਾਹ ਦੀ ਮਦਦ ਦੀ ਲੋੜ ਹੈ। ਜਦੋਂ ਅਸੀਂ ਨਿਮਰਤਾ ਨਾਲ ਪ੍ਰਾਰਥਨਾ ਕਰਦੇ, ਤਾਂ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। ਕਿਵੇਂ? ਉਹ ਸਾਨੂੰ ਆਪਣੀ ਪਵਿੱਤਰ ਆਤਮਾ ਦਿੰਦਾ ਹੈ ਜਿਸ ਦੇ ਫਲ ਪ੍ਰੇਮ, ਦਿਆਲਗੀ, ਭਲਿਆਈ ਤੇ ਸੰਜਮ ਹਨ। (ਲੂਕਾ 11:13; ਗਲਾਤੀਆਂ 5:22, 23) ਪ੍ਰਾਰਥਨਾ ਕਰਨ ਨਾਲ ਸਾਡੀ ਚਿੰਤਾ ਤੇ ਨਿਰਾਸ਼ਾ ਦੂਰ ਹੁੰਦੀ ਹੈ। ਇਲੀਜ਼ਬੱਥ ਕਹਿੰਦੀ ਹੈ ਕਿ ਪ੍ਰਾਰਥਨਾ ਦੇ ਜ਼ਰੀਏ “ਸਾਨੂੰ ਅਜਿਹੀ ਸ਼ਾਂਤੀ ਮਿਲਦੀ ਹੈ ਜੋ ਸਿਰਫ਼ ਯਹੋਵਾਹ ਹੀ ਦੇ ਸਕਦਾ ਹੈ।” ਕੇਵਿਨ ਮੰਨਦਾ ਹੈ: “ਕੋਈ ਵੀ ਸਮੱਸਿਆ ਆਉਣ ਤੇ ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਹ ਮੈਨੂੰ ਮਨ ਦੀ ਸ਼ਾਂਤੀ ਦੇਵੇ। ਯਹੋਵਾਹ ਨੇ ਕਦੇ ਵੀ ਮੈਨੂੰ ਨਿਰਾਸ਼ ਨਹੀਂ ਕੀਤਾ।” ਪੌਲੁਸ ਰਸੂਲ ਪ੍ਰਾਰਥਨਾ ਦੀ ਅਹਿਮੀਅਤ ਬਾਰੇ ਜਾਣਦਾ ਸੀ। ਇਸੇ ਲਈ ਉਸ ਨੇ ਕਿਹਾ: ‘ਤੁਹਾਡੀਆਂ ਅਰਦਾਸਾਂ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।’ (ਫ਼ਿਲਿੱਪੀਆਂ 4:6, 7) ਜੀ ਹਾਂ, ਪ੍ਰਾਰਥਨਾ ਦੇ ਜ਼ਰੀਏ ਯਹੋਵਾਹ ਨਾਲ ਗੱਲ ਕਰ ਕੇ ਅਸੀਂ ਆਪਣੇ ਤੋਂ ਅਤੇ ਦੂਜਿਆਂ ਤੋਂ ਵੱਡੀਆਂ-ਵੱਡੀਆਂ ਆਸਾਂ ਨਹੀਂ ਲਾਵਾਂਗੇ।

ਇਕ ਹੋਰ ਤਰੀਕਾ ਹੈ ਜਿਸ ਨਾਲ ਅਸੀਂ ਆਪਣੀ ਨਿਰਾਸ਼ਾ ਤੇ ਕਾਬੂ ਪਾ ਸਕਦੇ ਹਾਂ। ਉਹ ਹੈ ਆਪਣੇ ਕਿਸੇ ਭਰੋਸੇਯੋਗ ਅਤੇ ਸਿਆਣੇ ਮਿੱਤਰ ਨਾਲ ਆਪਣੀ ਕਿਸੇ ਮੁਸ਼ਕਲ ਬਾਰੇ ਗੱਲ ਕਰਨੀ। ਬਾਈਬਲ ਵੀ ਕਹਿੰਦੀ ਹੈ ਕਿ ਵੇਲੇ ਸਿਰ ਗੱਲ ਕਰਨੀ ਚੰਗੀ ਹੁੰਦੀ ਹੈ। ਇਸ ਨਾਲ ਸਾਨੂੰ ਇਹ ਦੇਖਣ ਵਿਚ ਮਦਦ ਮਿਲੇਗੀ ਕਿ ਅਸੀਂ ਕਿਉਂ ਨਿਰਾਸ਼ ਹਾਂ। (ਕਹਾਉਤਾਂ 15:23; 17:17; 27:9) ਜਿਨ੍ਹਾਂ ਨੌਜਵਾਨਾਂ ਨੂੰ ਨਿਰਾਸ਼ਾ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਉਹ ਆਪਣੇ ਮਾਪਿਆਂ ਕੋਲੋਂ ਸਲਾਹ ਲੈ ਸਕਦੇ ਹਨ। ਸਲਾਹ ਲੈਣ ਨਾਲ ਉਨ੍ਹਾਂ ਨੂੰ ਨਿਰਾਸ਼ਾ ਤੇ ਕਾਬੂ ਪਾਉਣ ਵਿਚ ਮਦਦ ਮਿਲੇਗੀ। ਕੈਂਡੀ ਮੰਨਦੀ ਹੈ: “ਮੇਰੇ ਮਾਤਾ-ਪਿਤਾ ਹਮੇਸ਼ਾ ਮੈਨੂੰ ਸਹੀ ਸਲਾਹ ਦਿੰਦੇ ਹਨ ਜਿਸ ਕਰਕੇ ਮੈਂ ਉੱਚੀਆਂ-ਉੱਚੀਆਂ ਆਸਾਂ ਨਹੀਂ ਲਾਉਂਦੀ ਤੇ ਦੂਸਰਿਆਂ ਨਾਲ ਚੰਗੀ ਤਰ੍ਹਾਂ ਮਿਲਦੀ-ਗਿਲਦੀ ਹਾਂ।” ਜੀ ਹਾਂ, ਕਹਾਉਤਾਂ 1:8, 9 ਸਾਨੂੰ ਵਧੀਆ ਸਲਾਹ ਦਿੰਦਾ ਹੈ: “ਹੇ ਮੇਰੇ ਪੁੱਤ੍ਰ, ਤੂੰ ਆਪਣੇ ਪਿਉ ਦਾ ਉਪਦੇਸ਼ ਸੁਣ, ਅਤੇ ਆਪਣੀ ਮਾਂ ਦੀ ਤਾਲੀਮ ਨੂੰ ਨਾ ਛੱਡੀਂ, ਕਿਉਂ ਜੋ ਓਹ ਤੇਰੇ ਸਿਰ ਲਈ ਸਿੰਗਾਰਨ ਵਾਲਾ ਸਿਹਰਾ ਅਤੇ ਤੇਰੇ ਗਲ ਦੇ ਲਈ ਕੈਂਠਾਂ ਹੋਣਗੀਆਂ।”

ਜਿੱਦਾਂ ਆਪਾਂ ਪਹਿਲਾਂ ਦੇਖਿਆ ਸੀ ਕਿ ਜੇ ਅਸੀਂ ਆਪਣੀ ਕਾਬਲੀਅਤ ਤੋਂ ਬਾਹਰ ਟੀਚੇ ਰੱਖਦੇ ਹਾਂ, ਤਾਂ ਸਾਨੂੰ ਨਿਰਾਸ਼ਾ ਦਾ ਹੀ ਮੂੰਹ ਵੇਖਣਾ ਪੈਂਦਾ ਹੈ। ਇਸੇ ਤਰ੍ਹਾਂ ਇਕ ਕਹਾਵਤ ਵੀ ਕਹਿੰਦੀ ਹੈ: “ਜੇ ਅਸੀਂ ਚਾਹੁੰਦੇ ਹਾਂ ਕਿ ਜ਼ਿੰਦਗੀ ਸਾਡੇ ਕਹਿਣੇ ਮੁਤਾਬਕ ਚੱਲੇ, ਤਾਂ ਸਾਡੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ।” ਇਸ ਤੋਂ ਬਚਣ ਲਈ ਸਾਨੂੰ ਆਪਣੇ ਸੋਚਣ ਦੇ ਢੰਗ ਵਿਚ ਤਬਦੀਲੀ ਕਰਨੀ ਪਵੇਗੀ। ਸਾਨੂੰ ਹਲੀਮ ਬਣਨਾ ਚਾਹੀਦਾ ਹੈ ਤੇ ਇਹ ਗੱਲ ਮੰਨਣੀ ਚਾਹੀਦੀ ਹੈ ਕਿ ਅਸੀਂ ਹਰੇਕ ਕੰਮ ਨਹੀਂ ਕਰ ਸਕਦੇ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਅਸੀਂ ਆਪਣੇ ਤੋਂ ਉੱਚੀਆਂ-ਉੱਚੀਆਂ ਆਸਾਂ ਨਹੀਂ ਲਾਵਾਂਗੇ। ਇਸੇ ਲਈ ਰੋਮੀਆਂ 12:3 ਸਾਨੂੰ ਖ਼ਬਰਦਾਰ ਕਰਦਾ ਹੈ ਕਿ ਅਸੀਂ ‘ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੀਏ।’ ਇਸ ਤੋਂ ਇਲਾਵਾ, ਫ਼ਿਲਿੱਪੀਆਂ 2:3 ਸਾਨੂੰ ਉਤਸ਼ਾਹਿਤ ਕਰਦਾ ਹੈ ਕਿ ਅਸੀਂ ਹਲੀਮ ਬਣੀਏ ਅਤੇ ਆਪਣੇ ਆਪ ਨੂੰ ਦੂਜਿਆਂ ਤੋਂ ਵੱਧ ਨਾ ਸਮਝੀਏ।

ਪਹਿਲਾਂ ਜ਼ਿਕਰ ਕੀਤੀ ਗਈ ਇਲੀਜ਼ਬੱਥ ਨੂੰ ਹੀ ਲੈ ਲਓ ਜੋ ਆਪਣੀ ਬੀਮਾਰੀ ਕਰਕੇ ਬਹੁਤ ਨਿਰਾਸ਼ ਸੀ। ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਸਾਡੀ ਸੇਵਾ ਨੂੰ ਕਦੇ ਭੁੱਲਦਾ ਨਹੀਂ, ਤਾਂ ਉਸ ਨੂੰ ਬੜੀ ਤਸੱਲੀ ਮਿਲੀ। ਕਾਲਨ ਨੂੰ ਹੀ ਲਓ। ਉਹ ਬੀਮਾਰ ਹੋਣ ਕਾਰਨ ਹਮੇਸ਼ਾ ਘਰ ਹੀ ਰਹਿੰਦਾ ਹੈ। ਉਹ ਸੋਚਦਾ ਸੀ ਕਿ ਬੀਮਾਰ ਹੋਣ ਕਰਕੇ ਉਹ ਪਹਿਲਾਂ ਜਿੰਨੀ ਸੇਵਾ ਨਹੀਂ ਕਰ ਪਾਉਂਦਾ ਸੀ ਜਿਸ ਕਰਕੇ ਉਹ ਨਿਰਾਸ਼ ਹੋ ਜਾਂਦਾ ਸੀ। ਪਰ ਜਦੋਂ ਉਸ ਨੇ 2 ਕੁਰਿੰਥੀਆਂ 8:12 ਉੱਤੇ ਬੜੇ ਧਿਆਨ ਨਾਲ ਸੋਚਿਆ, ਤਾਂ ਉਸ ਨੇ ਆਪਣੀ ਨਿਰਾਸ਼ਾ ਤੇ ਕਾਬੂ ਪਾ ਲਿਆ। ਇਹ ਆਇਤ ਕਹਿੰਦੀ ਹੈ: “ਜੇ ਮਨ ਦੀ ਤਿਆਰੀ ਅੱਗੇ ਹੋਵੇ ਤਾਂ ਉਹ ਉਸ ਦੇ ਅਨੁਸਾਰ ਜੋ ਕਿਸੇ ਕੋਲ ਹੈ ਪਰਵਾਨ ਹੁੰਦੀ ਹੈ ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ।” ਕਾਲਨ ਕਹਿੰਦਾ ਹੈ ਕਿ “ਭਾਵੇਂ ਮੈਂ ਘੱਟ ਹੀ ਸੇਵਾ ਕਰਦਾ ਹਾਂ, ਪਰ ਮੈਂ ਜਿੰਨੀ ਵੀ ਸੇਵਾ ਕਰਦਾ ਹਾਂ, ਉਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ।” ਇਬਰਾਨੀਆਂ 6:10 ਸਾਨੂੰ ਚੇਤੇ ਕਰਾਉਂਦਾ ਹੈ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।”

ਫਿਰ ਸਾਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਅਸੀਂ ਹੱਦੋਂ ਵੱਧ ਉਮੀਦਾਂ ਲਾ ਰਹੇ ਹਾਂ ਜਾਂ ਨਹੀਂ? ਇਸ ਦੇ ਲਈ ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਯਹੋਵਾਹ ਵਾਂਗ ਸੋਚਦਾ ਹਾਂ?’ ਗਲਾਤੀਆਂ 6:4 ਕਹਿੰਦਾ ਹੈ: “ਹਰੇਕ ਆਪਣੇ ਹੀ ਕੰਮ ਨੂੰ ਪਰਖੇ ਤਦ ਉਹ ਨੂੰ ਨਿਰੇ ਆਪਣੀ ਹੀ ਵੱਲ, ਨਾ ਦੂਏ ਦੀ ਵੱਲ ਅਭਮਾਨ ਪਰਾਪਤ ਹੋਵੇਗਾ।” ਯਿਸੂ ਦੀ ਇਹ ਗੱਲ ਚੇਤੇ ਰੱਖੋ: “ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।” ਜੀ ਹਾਂ, ਮਸੀਹੀ ਹੋਣ ਦੇ ਨਾਤੇ ਸਾਨੂੰ ਜੂਲਾ ਤਾਂ ਚੁੱਕਣਾ ਹੀ ਪੈਣਾ ਹੈ, ਪਰ ਇਹ “ਹੌਲਾ” ਤੇ “ਹਲਕਾ” ਹੈ। ਯਿਸੂ ਨੇ ਵਾਅਦਾ ਕੀਤਾ ਹੈ ਕਿ ਜੇ ਅਸੀਂ ਇਸ ਨੂੰ ਸਹੀ ਤਰੀਕੇ ਨਾਲ ਚੁੱਕੀਏ, ਤਾਂ ਇਹ ਸਾਡੇ ਲਈ ਚੁੱਕਣਾ ਔਖਾ ਨਹੀਂ ਹੋਵੇਗਾ।—ਮੱਤੀ 11:28-30.

ਨਿਰਾਸ਼ਾ ਤੋਂ ਬਚੇ ਰਹਿਣ ਦੇ ਫ਼ਾਇਦੇ

ਜਦੋਂ ਅਸੀਂ ਉੱਚੀਆਂ-ਉੱਚੀਆਂ ਆਸਾਂ ਨਹੀਂ ਲਾਉਂਦੇ ਅਤੇ ਅਸੀਂ ਪਰਮੇਸ਼ੁਰ ਦੇ ਬਚਨ ਵਿਚਲੀ ਸਲਾਹ ਨੂੰ ਮੰਨ ਕੇ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਹਾਂ, ਤਾਂ ਸਾਨੂੰ ਹੁਣ ਹੀ ਨਹੀਂ ਸਗੋਂ ਹਮੇਸ਼ਾ-ਹਮੇਸ਼ਾ ਲਈ ਫ਼ਾਇਦਾ ਮਿਲੇਗਾ। ਇਸ ਦਾ ਸਾਡੀ ਸਿਹਤ ਤੇ ਵੀ ਚੰਗਾ ਅਸਰ ਪਵੇਗਾ। ਜੇਨੀਫਰ ਨਾਂ ਦੀ ਕੁੜੀ, ਜਿਸ ਨੂੰ ਯਹੋਵਾਹ ਦੀਆਂ ਚੇਤਾਵਨੀਆਂ ਤੋਂ ਫ਼ਾਇਦਾ ਹੋਇਆ ਹੈ, ਮੰਨਦੀ ਹੈ: “ਨਿਰਾਸ਼ਾ ਤੋਂ ਬਚਣ ਨਾਲ ਮੇਰੀ ਜ਼ਿੰਦਗੀ ਵਿਚ ਜੋਸ਼ ਭਰ ਗਿਆ ਹੈ।” ਇਸ ਲਈ, ਕਹਾਉਤਾਂ 4:21, 22 ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਯਹੋਵਾਹ ਦੇ ਬਚਨਾਂ ਤੇ ਆਪਣੇ ਦਿੱਲੋਂ-ਦਿਮਾਗ਼ ਨਾਲ ਧਿਆਨ ਲਾਈਏ ਕਿਉਂਕਿ “ਜਿਨ੍ਹਾਂ ਨੂੰ ਓਹ ਪ੍ਰਾਪਤ ਹੁੰਦੀਆਂ ਹਨ ਉਨ੍ਹਾਂ ਦੇ ਲਈ ਜੀਉਣ ਹਨ, ਤੇ ਉਨ੍ਹਾਂ ਦੇ ਸਾਰੇ ਸਰੀਰ ਦੇ ਲਈ ਤੰਦਰੁਸਤੀ।”

ਦੂਜਾ ਫ਼ਾਇਦਾ ਹੈ ਮਨ ਦੀ ਸ਼ਾਂਤੀ। ਟਰੀਜ਼ਾ ਕਹਿੰਦੀ ਹੈ: “ਜਦੋਂ ਮੈਂ ਦਿਲ ਲਾ ਕੇ ਪਰਮੇਸ਼ੁਰ ਦਾ ਬਚਨ ਪੜ੍ਹਦੀ ਹਾਂ, ਤਾਂ ਮੈਂ ਆਪਣੇ ਆਪ ਨੂੰ ਪਹਿਲਾਂ ਨਾਲੋਂ ਜ਼ਿਆਦਾ ਖ਼ੁਸ਼ ਮਹਿਸੂਸ ਕਰਦੀ ਹਾਂ।” ਇਹ ਸੱਚ ਹੈ ਕਿ ਸਾਨੂੰ ਅਜੇ ਵੀ ਜ਼ਿੰਦਗੀ ਵਿਚ ਨਿਰਾਸ਼ਾਵਾਂ ਦਾ ਸਾਮ੍ਹਣਾ ਕਰਨਾ ਪਵੇਗਾ। ਪਰ ਅਸੀਂ ਇਨ੍ਹਾਂ ਨੂੰ ਆਸਾਨੀ ਨਾਲ ਸਹਿਣ ਕਰ ਸਕਦੇ ਹਾਂ। ਯਾਕੂਬ 4:8 ਸਾਨੂੰ ਪ੍ਰੇਰਣਾ ਦਿੰਦਾ ਹੈ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” ਇਸ ਤੋਂ ਇਲਾਵਾ, ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਸਾਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਦੇ ਨਾਲ-ਨਾਲ ਮਨ ਦੀ ਸ਼ਾਂਤੀ ਵੀ ਦੇਵੇਗਾ।—ਜ਼ਬੂਰ 29:11.

ਹੱਦੋਂ ਵੱਧ ਉਮੀਦਾਂ ਨਾ ਲਾ ਕੇ ਅਸੀਂ ਅਧਿਆਤਮਿਕ ਪੱਖੋਂ ਵੀ ਮਜ਼ਬੂਤ ਰਹਿੰਦੇ ਹਾਂ ਜੋ ਕਿ ਸਾਡੇ ਲਈ ਇਕ ਬਰਕਤ ਹੈ। ਅਸੀਂ ਜ਼ਿੰਦਗੀ ਵਿਚ ਚੰਗੀਆਂ ਜਾਂ ਜ਼ਿਆਦਾ ਅਹਿਮ ਗੱਲਾਂ ਤੇ ਧਿਆਨ ਲਾ ਸਕਦੇ ਹਾਂ। (ਫ਼ਿਲਿੱਪੀਆਂ 1:10) ਫਿਰ ਅਸੀਂ ਸਹੀ ਟੀਚੇ ਰੱਖਾਂਗੇ ਜਿਨ੍ਹਾਂ ਨੂੰ ਹਾਸਲ ਕਰ ਕੇ ਸਾਨੂੰ ਬੜੀ ਖ਼ੁਸ਼ੀ ਅਤੇ ਤਸੱਲੀ ਮਿਲੇਗੀ। ਫਿਰ ਅਸੀਂ ਆਪਣੇ ਆਪ ਨੂੰ ਯਹੋਵਾਹ ਦੇ ਹਵਾਲੇ ਕਰ ਦਿਆਂਗੇ, ਕਿਉਂਕਿ ਅਸੀਂ ਜਾਣਦੇ ਹਾਂ ਕਿ ਯਹੋਵਾਹ ਹਰ ਕੰਮ ਸਾਡੇ ਭਲੇ ਲਈ ਹੀ ਕਰਦਾ ਹੈ। ਇਸੇ ਕਾਰਨ ਪਤਰਸ ਕਹਿੰਦਾ ਹੈ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ ਭਈ ਉਹ ਤੁਹਾਨੂੰ ਵੇਲੇ ਸਿਰ ਉੱਚਿਆ ਕਰੇ।” (1 ਪਤਰਸ 5:6) ਭਲਾ ਇਸ ਤੋਂ ਵਧੀਆ ਹੋਰ ਕਿਹੜੀ ਗੱਲ ਹੋ ਸਕਦੀ ਹੈ ਕਿ ਸਾਨੂੰ ਯਹੋਵਾਹ ਤੋਂ ਇੱਜ਼ਤ-ਮਾਣ ਮਿਲੇ?

[ਸਫ਼ੇ 31 ਉੱਤੇ ਤਸਵੀਰਾਂ]

ਜੇ ਹੱਦੋਂ ਵੱਧ ਉਮੀਦਾਂ ਨਾ ਲਾਈਏ, ਤਾਂ ਅਸੀਂ ਨਿਰਾਸ਼ਾ ਤੋਂ ਬਚ ਸਕਦੇ ਹਾਂ