Skip to content

Skip to table of contents

ਯਹੋਵਾਹ ਨੂੰ ਆਪਣੇ ਪ੍ਰੇਮੀਆਂ ਤੇ ਮਾਣ ਹੈ

ਯਹੋਵਾਹ ਨੂੰ ਆਪਣੇ ਪ੍ਰੇਮੀਆਂ ਤੇ ਮਾਣ ਹੈ

ਰਾਜ ਘੋਸ਼ਕ ਰਿਪੋਰਟ ਕਰਦੇ ਹਨ

ਯਹੋਵਾਹ ਨੂੰ ਆਪਣੇ ਪ੍ਰੇਮੀਆਂ ਤੇ ਮਾਣ ਹੈ

ਬਾਈਬਲ ਸਮਿਆਂ ਤੋਂ ਲੇਬਨਾਨ ਆਪਣੇ ਕੁਦਰਤੀ ਸਾਧਨਾਂ ਕਰਕੇ ਬੜਾ ਮਸ਼ਹੂਰ ਰਿਹਾ ਹੈ। (ਜ਼ਬੂਰ 72:16; ਯਸਾਯਾਹ 60:13) ਲੇਬਨਾਨ ਵਿਚ ਦਿਆਰ ਦੇ ਰੁੱਖ ਉੱਗਦੇ ਹਨ। ਇਹ ਰੁੱਖ ਉੱਚੇ-ਉੱਚੇ, ਖ਼ੁਸ਼ਬੂਦਾਰ ਤੇ ਹੰਢਣਸਾਰ ਹੁੰਦੇ ਹਨ ਜਿਸ ਕਰਕੇ ਮਕਾਨ ਬਣਾਉਣ ਲਈ ਇਨ੍ਹਾਂ ਦੀ ਭਾਰੀ ਮੰਗ ਹੁੰਦੀ ਹੈ। ਪਰ ਪਹਿਲੀ ਸਦੀ ਵਿਚ, ਲੇਬਨਾਨ ਵਿੱਚੋਂ ਇਨ੍ਹਾਂ ਸਭਨਾਂ ਵਸਤਾਂ ਨਾਲੋਂ ਇਕ ਵਡਮੁੱਲੀ ਚੀਜ਼ ਨਿਕਲੀ। ਮਰਕੁਸ ਦੀ ਇੰਜੀਲ ਦੱਸਦੀ ਹੈ ਕਿ ਲੇਬਨਾਨ ਦੇ ਪੁਰਾਣੇ ਇਲਾਕੇ ਸੂਰ ਅਤੇ ਸੈਦਾ ਤੋਂ “ਇੱਕ ਵੱਡੀ ਭੀੜ ਇਹ ਸੁਣ ਕੇ ਜੋ [ਯਿਸੂ] ਕਿਹੇ ਵੱਡੇ ਵੱਡੇ ਕੰਮ ਕਰਦਾ ਹੈ ਉਹ ਦੇ ਕੋਲ ਆਈ।”—ਮਰਕੁਸ 3:8.

ਇਸੇ ਤਰ੍ਹਾਂ, ਅੱਜ ਵੀ ਲੇਬਨਾਨ ਅਜਿਹਾ ਫਲ ਦੇ ਰਿਹਾ ਹੈ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਮੁੱਲਾ ਹੈ। ਹੇਠਾਂ ਦਿੱਤੇ ਤਜਰਬੇ ਇਸ ਗੱਲ ਤੇ ਚਾਨਣਾ ਪਾਉਂਦੇ ਹਨ।

• ਵਿਸੈਮ ਨਾਂ ਦੇ ਇਕ ਨੌਜਵਾਨ ਗਵਾਹ ਨੂੰ ਆਪਣੀ ਕਲਾਸ ਵਿਚ 30 ਮਿੰਟਾਂ ਦਾ ਭਾਸ਼ਣ ਦੇਣ ਲਈ ਕਿਹਾ ਗਿਆ। ਵਿਸੈਮ ਨੇ ਸੋਚਿਆ ਕਿ ਗਵਾਹੀ ਦੇਣ ਦਾ ਇਹ ਵਧੀਆ ਮੌਕਾ ਹੈ। ਇਸ ਲਈ, ਉਸ ਨੇ ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਕਿਤਾਬ ਵਿੱਚੋਂ ਸ੍ਰਿਸ਼ਟੀ ਨਾਮਕ ਵਿਸ਼ੇ ਤੇ ਭਾਸ਼ਣ ਤਿਆਰ ਕੀਤਾ। ਜਦੋਂ ਸਰ ਨੇ ਉਸ ਦਾ ਵਿਸ਼ਾ ਪੜ੍ਹਿਆ, ਤਾਂ ਉਸ ਨੇ ਕਿਹਾ ਕਿ ਵਿਸੈਮ ਇਸ ਅਹਿਮ ਵਿਸ਼ੇ ਤੇ ਅੱਧੇ ਘੰਟੇ ਦੀ ਬਜਾਇ 45 ਮਿੰਟਾਂ ਤਕ ਦਾ ਭਾਸ਼ਣ ਦੇ ਸਕਦਾ ਸੀ।

ਇੰਜ ਜਦੋਂ ਉਸ ਨੇ ਭਾਸ਼ਣ ਦੇਣਾ ਸ਼ੁਰੂ ਕੀਤਾ, ਤਾਂ ਸਰ ਨੇ ਵਿਸੈਮ ਨੂੰ ਵਿਚੇ ਹੀ ਰੋਕ ਕੇ ਪ੍ਰਿੰਸੀਪਲ ਨੂੰ ਬੁਲਾ ਲਿਆ। ਛੇਤੀ ਹੀ ਪ੍ਰਿੰਸੀਪਲ ਆ ਗਈ ਤੇ ਵਿਸੈਮ ਨੇ ਫਿਰ ਤੋਂ ਭਾਸ਼ਣ ਦੇਣਾ ਜਾਰੀ ਕੀਤਾ। ਵਿਸੈਮ ਨੇ ਆਪਣੇ ਭਾਸ਼ਣ ਦੇ ਸ਼ੁਰੂ ਵਿਚ ਜੋ ਸਵਾਲ ਕੀਤੇ, ਉਨ੍ਹਾਂ ਨਾਲ ਪ੍ਰਿੰਸੀਪਲ ਦੀ ਦਿਲਚਸਪੀ ਹੋਰ ਵੀ ਵੱਧ ਗਈ। ਉਸ ਨੇ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਇਸ ਭਾਸ਼ਣ ਦੀ ਇਕ-ਇਕ ਫੋਟੋ ਕਾਪੀ ਮਿਲਣੀ ਚਾਹੀਦੀ ਹੈ।

ਥੋੜ੍ਹੀ ਦੇਰ ਬਾਅਦ ਇਕ ਹੋਰ ਸਰ ਉਸ ਕਲਾਸ ਕੋਲੋਂ ਦੀ ਲੰਘਿਆ। ਉਸ ਨੇ ਵੇਖਿਆ ਕਿ ਕਲਾਸ ਵਿਚ ਬੜੀ ਹਲਚਲ ਮਚੀ ਹੋਈ ਹੈ। ਉਸ ਨੇ ਪਤਾ ਕੀਤਾ ਕਿ ਆਖ਼ਰ ਕਲਾਸ ਵਿਚ ਹੋ ਕੀ ਰਿਹਾ ਸੀ। ਪਤਾ ਲੱਗਣ ਤੇ ਉਸ ਨੇ ਵਿਸੈਮ ਨੂੰ ਪੁੱਛਿਆ ਕਿ ਉਹ ਕਿਹੜੀ ਗੱਲ ਨੂੰ ਸੱਚ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ—ਇਨਸਾਨ ਨੂੰ ਪਰਮੇਸ਼ੁਰ ਨੇ ਬਣਾਇਆ ਹੈ ਜਾਂ ਇਨਸਾਨ ਜਾਨਵਰਾਂ ਤੋਂ ਆਇਆ ਹੈ। ਵਿਸੈਮ ਨੇ ਜਵਾਬ ਦਿੱਤਾ ਕਿ ਇਨਸਾਨ ਨੂੰ ਪਰਮੇਸ਼ੁਰ ਨੇ ਬਣਾਇਆ ਹੈ। ਜਦੋਂ ਉਸ ਨੂੰ ਪਤਾ ਲੱਗਾ ਕਿ ਵਿਸੈਮ ਯਹੋਵਾਹ ਦਾ ਗਵਾਹ ਹੈ, ਤਾਂ ਸਰ ਨੇ ਸਾਰੀ ਕਲਾਸ ਨੂੰ ਕਿਹਾ: “ਤੁਹਾਨੂੰ ਉਸ ਦਾ ਭਾਸ਼ਣ ਸੁਣ ਕੇ ਪਤਾ ਲੱਗੇਗਾ ਕਿ ਵਿਗਿਆਨ ਵੀ ਇਸ ਗੱਲ ਦੀ ਹਿਮਾਇਤ ਕਰਦਾ ਹੈ ਕਿ ਇਨਸਾਨ ਨੂੰ ਪਰਮੇਸ਼ੁਰ ਨੇ ਬਣਾਇਆ ਹੈ ਨਾ ਕਿ ਉਹ ਜਾਨਵਰਾਂ ਤੋਂ ਆਇਆ ਹੈ।”

ਬਾਅਦ ਵਿਚ ਪਤਾ ਲੱਗਾ ਕਿ ਉਸ ਸਰ ਕੋਲ ਸ੍ਰਿਸ਼ਟੀ ਨਾਮਕ ਕਿਤਾਬ ਸੀ ਅਤੇ ਉਹ ਯੂਨੀਵਰਸਿਟੀ ਵਿਚ ਇਸੇ ਕਿਤਾਬ ਤੋਂ ਲੈਕਚਰ ਦਿੰਦਾ ਹੁੰਦਾ ਸੀ! ਜਾਣ ਤੋਂ ਪਹਿਲਾਂ ਉਸ ਨੇ ਪ੍ਰਿੰਸੀਪਲ ਨੂੰ ਪੁੱਛਿਆ ਕਿ ਕੀ ਉਹ ਅਗਲੇ ਦਿਨ ਆਪਣੀ ਕਲਾਸ ਦੇ ਵਿਦਿਆਰਥੀਆਂ ਨੂੰ ਵਿਸੈਮ ਦਾ ਭਾਸ਼ਣ ਸੁਣਨ ਲਈ ਇਸ ਕਲਾਸ ਵਿਚ ਲਿਆ ਸਕਦਾ ਹੈ। ਇਸ ਤਰ੍ਹਾਂ, ਯਹੋਵਾਹ ਬਾਰੇ ਇਕ ਬੜੀ ਵਧੀਆ ਗਵਾਹੀ ਦਿੱਤੀ ਗਈ।

• ਬਾਈ ਸਾਲਾਂ ਦੀ ਨੀਨਾ ਸੱਚਾਈ ਲਈ ਤਰਸ ਰਹੀ ਸੀ। ਇਕ ਦਿਨ ਨੀਨਾ ਦੀ ਭੂਆ ਦੇ ਮੁੰਡੇ ਨੇ ਉਸ ਨੂੰ ਬਾਈਬਲ ਦਿੱਤੀ। ਉਹ ਨੀਨਾ ਨੂੰ ਪੈਂਟਕਾਸਟਲ ਚਰਚ ਵੀ ਲੈ ਕੇ ਗਿਆ। ਨੀਨਾ ਨੇ ਚਾਈਂ-ਚਾਈਂ ਬਾਈਬਲ ਪੜ੍ਹੀ। ਨੀਨਾ ਨੇ ਪੜ੍ਹਨ ਤੇ ਸਿੱਖਿਆ ਕਿ ਮਸੀਹੀਆਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ। ਇੰਜ ਉਸ ਨੇ ਆਪਣੇ ਵਾਕਫ਼ਦਾਰਾਂ ਨੂੰ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਿਸੇ ਨਾਲ ਵੀ ਉਹ ਗੱਲ ਕਰਦੀ, ਹਰ ਕੋਈ ਉਸ ਨੂੰ ਇਹੀ ਪੁੱਛਦਾ: “ਕੀ ਤੂੰ ਯਹੋਵਾਹ ਦੀ ਗਵਾਹ ਹੈਂ?” ਇਹ ਸੁਣ ਕੇ ਨੀਨਾ ਸੋਚਾਂ ਵਿਚ ਪੈ ਜਾਂਦੀ।

ਛੇ ਸਾਲਾਂ ਬਾਅਦ ਯਹੋਵਾਹ ਦੇ ਗਵਾਹ ਨੀਨਾ ਦੇ ਘਰ ਆਏ। ਉਨ੍ਹਾਂ ਨੇ ਨੀਨਾ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਿਆ। ਪਹਿਲਾਂ ਤਾਂ ਉਸ ਨੇ ਉਨ੍ਹਾਂ ਦੀਆਂ ਸਿੱਖਿਆਵਾਂ ਵਿਚ ਨੁਕਸ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਉਸ ਨੇ ਵੇਖਿਆ ਕਿ ਗਵਾਹਾਂ ਦੇ ਸਾਰੇ ਜਵਾਬ ਸਹੀ ਅਤੇ ਬਾਈਬਲ ਵਿੱਚੋਂ ਸਨ।

ਜਦੋਂ ਨੀਨਾ ਨੇ ਪਰਮੇਸ਼ੁਰ ਦੇ ਨਾਂ ਯਹੋਵਾਹ ਬਾਰੇ ਅਤੇ ਉਸ ਦੇ ਰਾਜ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਸਿੱਖਿਆ, ਤਾਂ ਉਸ ਨੇ ਕਾਇਲ ਹੋ ਕੇ ਕਿਹਾ ਕਿ ਇਹੀ ਸੱਚਾਈ ਹੈ। ਉਸ ਨੇ ਪਰਮੇਸ਼ੁਰ ਨੂੰ ਆਪਣਾ ਸਮਰਪਣ ਕਰ ਕੇ ਬਪਤਿਸਮਾ ਲਿਆ। ਪਿਛਲੇ ਸੱਤ ਸਾਲਾਂ ਤੋਂ ਨੀਨਾ ਪੂਰਣ-ਕਾਲੀ ਪ੍ਰਚਾਰਕ ਵਜੋਂ ਕੰਮ ਕਰ ਰਹੀ ਹੈ। ਵਾਕਈ, ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਜੋ ਉਸ ਨੂੰ ਸੱਚੇ ਦਿਲੋਂ ਪਿਆਰ ਕਰਦੇ ਹਨ।—1 ਕੁਰਿੰਥੀਆਂ 2:9.