ਲੋਕ ਅਧਿਕਾਰੀਆਂ ਦਾ ਆਦਰ ਕਿਉਂ ਨਹੀਂ ਕਰਦੇ?
ਲੋਕ ਅਧਿਕਾਰੀਆਂ ਦਾ ਆਦਰ ਕਿਉਂ ਨਹੀਂ ਕਰਦੇ?
“ਅੱਜ ਦੁਨੀਆਂ ਭਰ ਵਿਚ ਲੋਕ ਧਾਰਮਿਕ, ਸਰਕਾਰੀ, ਸਮਾਜਕ ਅਤੇ ਰਾਜਨੀਤਿਕ ਅਧਿਕਾਰੀਆਂ ਨੂੰ ਖੁੱਲ੍ਹੇ-ਆਮ ਲਲਕਾਰਦੇ ਹਨ। ਜੇ ਲੋਕ ਇਸੇ ਤਰ੍ਹਾਂ ਕਰਦੇ ਰਹੇ, ਤਾਂ ਇਕ ਅਜਿਹਾ ਦਿਨ ਆਵੇਗਾ ਜਦੋਂ ਇਸ ਨੂੰ ਪਿਛਲੇ ਦਸ ਸਾਲਾਂ ਦੀ ਇਕ ਸਭ ਤੋਂ ਵੱਡੀ ਘਟਨਾ ਕਿਹਾ ਜਾਵੇਗਾ।”
ਇ ਤਿਹਾਸਕਾਰ ਅਤੇ ਫ਼ਿਲਾਸਫ਼ਰ ਹਾਨਾਹ ਆਰੇਂਟ ਨੇ 1960 ਦੇ ਦਹਾਕੇ ਬਾਰੇ ਇਹ ਗੱਲ ਕਹੀ ਸੀ। ਪਰ ਲੋਕ ਅੱਜ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਅਧਿਕਾਰੀਆਂ ਦੇ ਖ਼ਿਲਾਫ ਕੰਮ ਕਰਦੇ ਹਨ।
ਮਿਸਾਲ ਵਜੋਂ, ਲੰਡਨ ਦੀ ਟਾਈਮਜ਼ ਅਖ਼ਬਾਰ ਵਿਚ ਛਪੀ ਹਾਲ ਹੀ ਦੀ ਇਕ ਰਿਪੋਰਟ ਬਿਆਨ ਕਰਦੀ ਹੈ: “ਕੁਝ ਮਾਂ-ਪਿਓ ਇਹ ਨਹੀਂ ਚਾਹੁੰਦੇ ਕਿ ਅਧਿਆਪਕ ਉਨ੍ਹਾਂ ਦੇ ਬੱਚਿਆਂ ਤੇ ਕਿਸੇ ਤਰ੍ਹਾਂ ਦਾ ਕੋਈ ਅਧਿਕਾਰ ਜਮਾਉਣ। ਜਦੋਂ ਅਧਿਆਪਕ ਉਨ੍ਹਾਂ ਦੇ ਬੱਚਿਆਂ ਨੂੰ ਸੁਧਾਰਨ ਲਈ ਅਨੁਸ਼ਾਸਨ ਦਿੰਦੇ ਹਨ, ਤਾਂ ਬੱਚਿਆਂ ਦੇ ਮਾਂ-ਪਿਓ ਗੁੱਸੇ ਹੁੰਦੇ ਹਨ।” ਬੱਚਿਆਂ ਨੂੰ ਵਾਰ-ਵਾਰ ਅਨੁਸ਼ਾਸਨ ਦੇਣ ਤੇ, ਉਨ੍ਹਾਂ ਦੇ ਮਾਂ-ਪਿਓ ਝੱਟ ਸਕੂਲ ਪਹੁੰਚ ਜਾਂਦੇ ਹਨ। ਸਕੂਲ ਜਾ ਕੇ ਉਹ ਅਧਿਆਪਕਾਂ ਨੂੰ ਸਿਰਫ਼ ਡਰਾਉਂਦੇ-ਧਮਕਾਉਂਦੇ ਹੀ ਨਹੀਂ ਹਨ, ਬਲਕਿ ਉਨ੍ਹਾਂ ਤੇ ਹਮਲੇ ਵੀ ਕਰਦੇ ਹਨ।
ਬਰਤਾਨੀਆ ਵਿਚ ‘ਮੁੱਖ ਅਧਿਆਪਕਾਂ ਦੇ ਰਾਸ਼ਟਰੀ ਸੰਘ’ ਦੇ ਇਕ ਬੁਲਾਰੇ ਨੇ ਕਿਹਾ: “ਮਾਤਾ-ਪਿਤਾ ਆਪਣੇ ਫ਼ਰਜ਼ਾਂ ਤੇ ਜ਼ੋਰ ਦੇਣ ਦੀ ਬਜਾਇ ਆਪਣੇ ਅਧਿਕਾਰਾਂ ਉੱਤੇ ਜ਼ਿਆਦਾ ਜ਼ੋਰ ਦਿੰਦੇ ਹਨ।” ਕੁਝ ਮਾਂ-ਬਾਪ ਨਾ ਤਾਂ ਆਪਣੇ ਬੱਚਿਆਂ ਨੂੰ ਅਧਿਕਾਰ ਰੱਖਣ ਵਾਲਿਆਂ ਦੀ ਇੱਜ਼ਤ ਕਰਨੀ ਸਿਖਾਉਂਦੇ ਹਨ ਤੇ ਨਾ ਹੀ ਕਦੇ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਸੁਧਾਰਦੇ ਹਨ। ਉਹ ਦੂਜਿਆਂ ਨੂੰ ਵੀ ਅਜਿਹਾ ਕਰਨ ਤੋਂ ਰੋਕਦੇ ਹਨ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਬੱਚੇ ਆਪਣੇ “ਅਧਿਕਾਰਾਂ” ਦੀ ਮੰਗ ਕਰਦੇ ਹਨ ਤੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੀ ਬੇਇੱਜ਼ਤੀ ਕਰਦੇ ਹਨ ਤੇ ਉਨ੍ਹਾਂ ਨੂੰ ਕੋਈ ਕੁਝ ਨਹੀਂ ਕਹਿੰਦਾ। ਜੇ ਬੱਚੇ ਇਸੇ ਤਰ੍ਹਾਂ ਕਰਦੇ ਰਹੇ, ਤਾਂ ਇਸ ਦਾ ਬੜਾ ਬੁਰਾ ਨਤੀਜਾ ਨਿਕਲੇਗਾ। ਇਸ ਬਾਰੇ ਇਕ ਕਾਲਮਨਵੀਸ ਮਾਰਗ੍ਰਟ ਡ੍ਰਿਸਕੋਲ ਲਿਖਦੀ ਹੈ: “ਇਕ ਅਜਿਹੀ ਪੀੜ੍ਹੀ ਉੱਭਰ ਕੇ ਸਾਮ੍ਹਣੇ ਆਵੇਗੀ ਜਿਹੜੀ ਅਧਿਕਾਰ ਰੱਖਣ ਵਾਲਿਆਂ ਦਾ ਕੋਈ ਆਦਰ ਨਹੀਂ ਕਰੇਗੀ ਤੇ ਨਾ ਹੀ ਉਸ ਨੂੰ ਸਹੀ-ਗ਼ਲਤ ਦੀ ਕੋਈ ਪਛਾਣ ਹੋਵੇਗੀ।”
ਟਾਈਮ ਰਸਾਲੇ ਨੇ ਆਪਣੇ ਲੇਖ “ਬਰਬਾਦ ਹੋ ਚੁੱਕੀ ਪੀੜ੍ਹੀ” ਵਿਚ ਮਸ਼ਹੂਰ ਰੈੱਪ ਸੰਗੀਤਕਾਰ ਦਾ ਹਵਾਲਾ ਦਿੰਦੇ ਹੋਏ ਲਿਖਿਆ ਕਿ ਰੂਸ ਦੇ ਬਹੁਤ ਸਾਰੇ ਨੌਜਵਾਨ ਇਸ ਦੁਨੀਆਂ ਤੋਂ ਬਹੁਤ ਹੀ ਨਿਰਾਸ਼ ਹੋ ਚੁੱਕੇ ਹਨ। ਉਸ ਰੈੱਪ ਸੰਗੀਤਕਾਰ ਨੇ ਕਿਹਾ: “ਇਸ ਦੁਨੀਆਂ ਵਿਚ ਪੈਦਾ ਹੋਣ ਵਾਲਾ ਹਰੇਕ ਇਨਸਾਨ ਸਮਾਜ ਤੇ ਕਿਵੇਂ ਭਰੋਸਾ ਕਰ ਸਕਦਾ ਹੈ ਜਿਸ ਵਿਚ ਸਭ ਕੁਝ ਥੋੜ੍ਹੇ ਸਮੇਂ ਲਈ ਹੈ ਤੇ ਹਰ ਜਗ੍ਹਾ ਬੇਇਨਸਾਫ਼ੀ ਹੁੰਦੀ ਹੈ?” ਸਮਾਜ-ਵਿਗਿਆਨੀ ਮੀਖਾਏਲ ਟੋਪਲਵ ਇਸ ਵਿਚਾਰ ਨਾਲ ਸਹਿਮਤ ਹੈ: “ਇਹ ਨੌਜਵਾਨ ਬੁੱਧੂ ਨਹੀਂ ਹਨ। ਉਨ੍ਹਾਂ ਨੇ ਦੇਖਿਆ ਹੈ ਕਿ ਕਿੱਦਾਂ ਸਰਕਾਰ ਨੇ ਉਨ੍ਹਾਂ ਦੇ ਮਾਪਿਆਂ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਆਪਣੇ ਜਮ੍ਹਾ ਕੀਤੇ ਪੈਸਿਆਂ ਅਤੇ ਨੌਕਰੀਆਂ ਤੋਂ ਹੱਥ ਧੋਂਦੇ ਹੋਏ ਵੀ ਦੇਖਿਆ ਹੈ। ਇਨ੍ਹਾਂ ਗੱਲਾਂ ਨੂੰ ਦੇਖਦੇ ਹੋਏ ਕੀ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਉਹ ਸਰਕਾਰ ਦਾ ਆਦਰ ਕਰਨਗੇ?”
ਪਰ ਇਹ ਸਿੱਟਾ ਕੱਢਣਾ ਗ਼ਲਤ ਹੋਵੇਗਾ ਕਿ ਸਿਰਫ਼ ਨੌਜਵਾਨ ਪੀੜ੍ਹੀ ਹੀ ਅਧਿਕਾਰ ਰੱਖਣ ਵਾਲਿਆਂ ਤੇ ਭਰੋਸਾ ਨਹੀਂ ਕਰਦੀ। ਸਗੋਂ ਅੱਜ ਹਰ ਉਮਰ ਦੇ ਲੋਕ ਕਿਸੇ ਵੀ ਤਰ੍ਹਾਂ ਦੇ ਅਧਿਕਾਰ ਰੱਖਣ ਵਾਲਿਆਂ ਤੇ ਭਰੋਸਾ ਨਹੀਂ ਕਰਦੇ, ਇੱਥੋਂ ਤਕ ਕਿ ਉਨ੍ਹਾਂ ਨੂੰ ਨਫ਼ਰਤ ਕਰਦੇ ਹਨ। ਕੀ ਇਸ ਦਾ ਮਤਲਬ ਇਹ ਹੈ ਕਿ ਕਿਸੇ ਵੀ ਅਧਿਕਾਰ ਰੱਖਣ ਵਾਲੇ ਵਿਅਕਤੀ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ? ਜੇ ਚੰਗੇ ਕੰਮਾਂ ਲਈ ਅਧਿਕਾਰ ਦੀ ਸਹੀ ਵਰਤੋਂ ਕੀਤੀ ਜਾਏ, ਤਾਂ ਇਸ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਜਾ ਸਕਦੀ ਹੈ: “ਦੂਜਿਆਂ ਦੇ ਕੰਮਾਂ ਨੂੰ ਕੰਟ੍ਰੋਲ ਕਰਨ, ਜਾਂਚਣ ਤੇ ਰੋਕਣ ਦੀ ਤਾਕਤ ਜਾਂ ਹੱਕ।” ਇਹ ਅਧਿਕਾਰ ਲੋਕਾਂ ਅਤੇ ਸਮਾਜ ਦੋਵਾਂ ਲਈ ਫ਼ਾਇਦੇਮੰਦ ਹੋ ਸਕਦਾ ਹੈ। ਅਗਲਾ ਲੇਖ ਦੱਸਦਾ ਹੈ ਕਿ ਕਿਸ ਤਰ੍ਹਾਂ ਇਹ ਸਾਡੇ ਲਈ ਫ਼ਾਇਦੇਮੰਦ ਹੋ ਸਕਦਾ ਹੈ।