Skip to content

Skip to table of contents

ਹੰਕਾਰ ਨਾਲ ਸਿਰ ਨੀਵਾਂ ਹੁੰਦਾ ਹੈ

ਹੰਕਾਰ ਨਾਲ ਸਿਰ ਨੀਵਾਂ ਹੁੰਦਾ ਹੈ

ਹੰਕਾਰ ਨਾਲ ਸਿਰ ਨੀਵਾਂ ਹੁੰਦਾ ਹੈ

“ਹੰਕਾਰੀ ਦਾ ਸਿਰ ਹਮੇਸ਼ਾ ਨੀਵਾਂ ਹੁੰਦਾ ਹੈ, ਪਰ ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ।”—ਕਹਾਉਤਾਂ 11:2, ਪਵਿੱਤਰ ਬਾਈਬਲ ਨਵਾਂ ਅਨੁਵਾਦ।

1, 2. ਹੰਕਾਰ ਕੀ ਹੈ ਅਤੇ ਇਸ ਨੇ ਲੋਕਾਂ ਨੂੰ ਕਿਵੇਂ ਤਬਾਹ ਕੀਤਾ ਹੈ?

ਇਕ ਈਰਖਾਲੂ ਲੇਵੀ, ਯਹੋਵਾਹ ਦੁਆਰਾ ਨਿਯੁਕਤ ਕੀਤੇ ਗਏ ਆਦਮੀਆਂ ਦੇ ਵਿਰੁੱਧ ਬਗਾਵਤ ਕਰਨ ਲਈ ਭੀੜ ਇਕੱਠੀ ਕਰਦਾ ਹੈ। ਇਕ ਅਭਿਲਾਸ਼ੀ ਰਾਜਕੁਮਾਰ ਆਪਣੇ ਪਿਤਾ ਦੇ ਰਾਜ ਨੂੰ ਖੋਹਣ ਲਈ ਬੜੀ ਚਲਾਕੀ ਨਾਲ ਸਾਜ਼ਸ਼ ਘੜਦਾ ਹੈ। ਇਕ ਬੇਸਬਰਾ ਰਾਜਾ ਪਰਮੇਸ਼ੁਰ ਦੇ ਨਬੀ ਵੱਲੋਂ ਦਿੱਤੀਆਂ ਸਪੱਸ਼ਟ ਹਿਦਾਇਤਾਂ ਦੀ ਉਲੰਘਣਾ ਕਰਦਾ ਹੈ। ਇਨ੍ਹਾਂ ਤਿੰਨਾਂ ਇਸਰਾਏਲੀਆਂ ਵਿਚ ਇਕ ਔਗੁਣ ਸੀ: ਹੰਕਾਰ।

2 ਹੰਕਾਰ ਇਕ ਅਜਿਹਾ ਔਗੁਣ ਹੈ ਜੋ ਸਾਰਿਆਂ ਨੂੰ ਗੰਭੀਰ ਖ਼ਤਰੇ ਵਿਚ ਪਾ ਸਕਦਾ ਹੈ। (ਜ਼ਬੂਰ 19:13) ਇਕ ਹੰਕਾਰੀ ਜਾਂ ਗੁਸਤਾਖ਼ ਆਦਮੀ ਨਾਜਾਇਜ਼ ਖੁੱਲ੍ਹ ਲੈ ਕੇ ਉਹ ਕੰਮ ਕਰਦਾ ਹੈ ਜੋ ਉਸ ਦੇ ਅਧਿਕਾਰ ਵਿਚ ਨਹੀਂ ਹੈ। ਇਸ ਦੇ ਅਕਸਰ ਬੁਰੇ ਨਤੀਜੇ ਨਿਕਲਦੇ ਹਨ। ਅਸਲ ਵਿਚ ਹੰਕਾਰ ਨੇ ਰਾਜਿਆਂ ਨੂੰ ਤਬਾਹ ਕਰ ਦਿੱਤਾ ਤੇ ਵੱਡੇ-ਵੱਡੇ ਸਾਮਰਾਜਾਂ ਨੂੰ ਮਿੱਟੀ ਵਿਚ ਮਿਲਾ ਦਿੱਤਾ ਹੈ। (ਯਿਰਮਿਯਾਹ 50:29, 31, 32; ਦਾਨੀਏਲ 5:20) ਇੱਥੋਂ ਤਕ ਕਿ ਯਹੋਵਾਹ ਦੇ ਕੁਝ ਸੇਵਕ ਵੀ ਹੰਕਾਰੀ ਬਣ ਕੇ ਤਬਾਹ ਹੋ ਗਏ।

3. ਅਸੀਂ ਹੰਕਾਰ ਤੋਂ ਹੋਣ ਵਾਲੇ ਖ਼ਤਰਿਆਂ ਬਾਰੇ ਕਿਵੇਂ ਜਾਣ ਸਕਦੇ ਹਾਂ?

3 ਇਸੇ ਲਈ ਬਾਈਬਲ ਕਹਿੰਦੀ ਹੈ: “ਹੰਕਾਰੀ ਦਾ ਸਿਰ ਹਮੇਸ਼ਾ ਨੀਵਾਂ ਹੁੰਦਾ ਹੈ, ਪਰ ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ।” (ਕਹਾਉਤਾਂ 11:2, ਨਵਾਂ ਅਨੁਵਾਦ) ਬਾਈਬਲ ਵਿਚ ਬਹੁਤ ਸਾਰੇ ਵਿਅਕਤੀਆਂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਤੋਂ ਸਾਨੂੰ ਇਸ ਕਹਾਵਤ ਦੀ ਸੱਚਾਈ ਪਤਾ ਚੱਲਦੀ ਹੈ। ਕੁਝ ਉਦਾਹਰਣਾਂ ਦੀ ਜਾਂਚ ਕਰਨ ਨਾਲ ਸਾਨੂੰ ਪਤਾ ਲੱਗੇਗਾ ਕਿ ਆਪਣੀ ਹੱਦ ਤੋਂ ਬਾਹਰ ਜਾਣ ਨਾਲ ਸਾਡਾ ਕਿੰਨਾ ਨੁਕਸਾਨ ਹੋ ਸਕਦਾ ਹੈ। ਇਸ ਲਈ ਆਓ ਆਪਾਂ ਸ਼ੁਰੂ ਵਿਚ ਜ਼ਿਕਰ ਕੀਤੇ ਗਏ ਆਦਮੀਆਂ ਵੱਲ ਧਿਆਨ ਦੇਈਏ ਜਿਨ੍ਹਾਂ ਨੇ ਈਰਖਾ, ਅਭਿਲਾਸ਼ਾ ਤੇ ਬੇਸਬਰੀ ਕਰਕੇ ਅਜਿਹੇ ਕੰਮ ਕੀਤੇ ਜਿਨ੍ਹਾਂ ਕਰਕੇ ਉਨ੍ਹਾਂ ਦਾ ਸਿਰ ਨੀਵਾਂ ਹੋ ਗਿਆ।

ਕੋਰਹ—ਈਰਖਾਲੂ ਤੇ ਬਾਗ਼ੀ ਇਨਸਾਨ

4. (ੳ) ਕੋਰਹ ਕੌਣ ਸੀ ਅਤੇ ਉਹ ਕਿਹੜੀਆਂ ਇਤਿਹਾਸਕ ਘਟਨਾਵਾਂ ਦਾ ਚਸ਼ਮਦੀਦ ਗਵਾਹ ਸੀ? (ਅ) ਬਾਅਦ ਵਿਚ ਕੋਰਹ ਨੇ ਕਿਹੜਾ ਘਟੀਆ ਕੰਮ ਕੀਤਾ?

4 ਕੋਰਹ ਕਹਾਥੀ ਘਰਾਣੇ ਦਾ ਇਕ ਲੇਵੀ ਸੀ ਅਤੇ ਮੂਸਾ ਤੇ ਹਾਰੂਨ ਦਾ ਚਚੇਰਾ ਭਰਾ ਸੀ। ਉਹ ਕਈ ਦਹਾਕਿਆਂ ਤਕ ਯਹੋਵਾਹ ਦਾ ਵਫ਼ਾਦਾਰ ਰਿਹਾ। ਕੋਰਹ ਉਨ੍ਹਾਂ ਲੋਕਾਂ ਵਿਚ ਸੀ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਲਾਲ ਸਮੁੰਦਰ ਵਿੱਚੋਂ ਦੀ ਲੰਘਾ ਕੇ ਚਮਤਕਾਰੀ ਤਰੀਕੇ ਨਾਲ ਬਚਾਇਆ ਸੀ। ਤੇ ਕੋਰਹ ਸ਼ਾਇਦ ਉਨ੍ਹਾਂ ਵਿਅਕਤੀਆਂ ਵਿਚ ਸ਼ਾਮਲ ਸੀ ਜਿਨ੍ਹਾਂ ਨੂੰ ਯਹੋਵਾਹ ਨੇ ਸੀਨਈ ਪਹਾੜ ਉੱਤੇ ਵੱਛੇ ਦੀ ਪੂਜਾ ਕਰਨ ਵਾਲੇ ਇਸਰਾਏਲੀਆਂ ਨੂੰ ਸਜ਼ਾ ਦੇਣ ਲਈ ਵਰਤਿਆ ਸੀ। (ਕੂਚ 32:26) ਪਰ ਬਾਅਦ ਵਿਚ ਕੋਰਹ ਨੇ ਲੋਕਾਂ ਨੂੰ ਮੂਸਾ ਤੇ ਹਾਰੂਨ ਦੇ ਖ਼ਿਲਾਫ਼ ਭੜਕਾਇਆ। ਉਨ੍ਹਾਂ ਲੋਕਾਂ ਵਿਚ ਰਊਬੇਨੀ ਘਰਾਣੇ ਦੇ ਦਾਥਾਨ, ਅਬੀਰਾਮ ਤੇ ਓਨ ਅਤੇ ਇਸਰਾਏਲ ਦੇ 250 ਪ੍ਰਧਾਨ ਵੀ ਸ਼ਾਮਲ ਸਨ। * ਉਨ੍ਹਾਂ ਨੇ ਮੂਸਾ ਤੇ ਹਾਰੂਨ ਨੂੰ ਕਿਹਾ: “ਹੁਣ ਤਾਂ ਬੱਸ ਕਰੋ ਕਿਉਂ ਜੋ ਸਾਰੀ ਮੰਡਲੀ ਦੇ ਲੋਕ ਪਵਿੱਤ੍ਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਵਿੱਚ ਹੈ। ਤੁਸੀਂ ਫੇਰ ਕਿਵੇਂ ਆਪਣੇ ਆਪ ਨੂੰ ਯਹੋਵਾਹ ਦੀ ਸਭਾ ਨਾਲੋਂ ਉੱਚਾ ਬਣਾਉਂਦੇ ਹੋ?”—ਗਿਣਤੀ 16:1-3.

5, 6. (ੳ) ਕੋਰਹ ਨੇ ਮੂਸਾ ਤੇ ਹਾਰੂਨ ਦੇ ਵਿਰੁੱਧ ਬਗਾਵਤ ਕਿਉਂ ਕੀਤੀ ਸੀ? (ਅ) ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਕੋਰਹ ਨੇ ਪਰਮੇਸ਼ੁਰ ਦੇ ਪ੍ਰਬੰਧ ਵਿਚ ਆਪਣੇ ਕੰਮ ਨੂੰ ਮਾਮੂਲੀ ਜਿਹਾ ਸਮਝਿਆ?

5 ਕਈ ਸਾਲਾਂ ਤਕ ਵਫ਼ਾਦਾਰ ਰਹਿਣ ਤੋਂ ਬਾਅਦ ਕੋਰਹ ਨੇ ਬਗਾਵਤ ਕਿਉਂ ਕੀਤੀ? ਇਹ ਗੱਲ ਯਕੀਨੀ ਹੈ ਕਿ ਮੂਸਾ ਨੇ ਇਸਰਾਏਲੀਆਂ ਦੀ ਅਗਵਾਈ ਕਰਦੇ ਹੋਏ ਕਦੀ ਉਨ੍ਹਾਂ ਉੱਤੇ ਅਤਿਆਚਾਰ ਨਹੀਂ ਕੀਤੇ ਕਿਉਂਕਿ ਉਹ “ਸਾਰਿਆਂ ਆਦਮੀਆਂ ਨਾਲੋਂ ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ [ਜਾਂ ਨਿਮਰ] ਸੀ।” (ਗਿਣਤੀ 12:3) ਪਰ ਇਸ ਤਰ੍ਹਾਂ ਲੱਗਦਾ ਹੈ ਕਿ ਕੋਰਹ ਮੂਸਾ ਤੇ ਹਾਰੂਨ ਨਾਲ ਈਰਖਾ ਕਰਦਾ ਸੀ ਤੇ ਉਨ੍ਹਾਂ ਦੀ ਪਦਵੀ ਤੋਂ ਚਿੜਦਾ ਸੀ। ਇਸੇ ਕਰਕੇ ਉਸ ਨੇ ਇਹ ਗ਼ਲਤ ਗੱਲ ਕਹੀ ਕਿ ਉਨ੍ਹਾਂ ਦੋਵਾਂ ਨੇ ਆਪਣੀ ਮਨਮਰਜ਼ੀ ਨਾਲ ਆਪਣੇ ਆਪ ਨੂੰ ਇਸਰਾਏਲੀਆਂ ਦੇ ਪ੍ਰਧਾਨ ਬਣਾ ਲਿਆ ਸੀ।—ਜ਼ਬੂਰ 106:16.

6 ਕੋਰਹ ਵਿਚ ਇਕ ਕਮਜ਼ੋਰੀ ਇਹ ਸੀ ਕਿ ਉਹ ਪਰਮੇਸ਼ੁਰ ਦੇ ਪ੍ਰਬੰਧ ਵਿਚ ਆਪਣੇ ਕੰਮਾਂ ਦੀ ਕਦਰ ਨਹੀਂ ਕਰਦਾ ਸੀ। ਕਹਾਥੀ ਘਰਾਣੇ ਦੇ ਆਦਮੀ ਲੇਵੀ ਜਾਜਕ ਤਾਂ ਨਹੀਂ ਸਨ, ਪਰ ਉਹ ਪਰਮੇਸ਼ੁਰ ਦੀ ਬਿਵਸਥਾ ਸਿਖਾਉਂਦੇ ਸਨ। ਉਹ ਡੇਹਰੇ ਦੇ ਭਾਂਡੇ ਅਤੇ ਲੱਕੜੀ ਦਾ ਸਾਮਾਨ ਵੀ ਚੁੱਕਦੇ ਸਨ ਜਦੋਂ ਇਨ੍ਹਾਂ ਨੂੰ ਦੂਸਰੀ ਥਾਂ ਲਿਜਾਣਾ ਹੁੰਦਾ ਸੀ। ਇਹ ਕੋਈ ਮਾਮੂਲੀ ਕੰਮ ਨਹੀਂ ਸੀ ਕਿਉਂਕਿ ਪਵਿੱਤਰ ਭਾਂਡੇ ਸਿਰਫ਼ ਉਹੀ ਆਦਮੀ ਚੁੱਕ ਸਕਦੇ ਸਨ ਜਿਹੜੇ ਧਾਰਮਿਕ ਤੇ ਨੈਤਿਕ ਤੌਰ ਅਤੇ ਸ਼ੁੱਧ ਸਨ। (ਯਸਾਯਾਹ 52:11) ਇਸ ਲਈ ਜਦੋਂ ਮੂਸਾ ਨੇ ਕੋਰਹ ਨਾਲ ਗੱਲ ਕੀਤੀ, ਤਾਂ ਅਸਲ ਵਿਚ ਮੂਸਾ ਨੇ ਉਸ ਨੂੰ ਪੁੱਛਿਆ, ਕੀ ਤੂੰ ਆਪਣੇ ਕੰਮ ਨੂੰ ਇੰਨਾ ਮਾਮੂਲੀ ਸਮਝਦਾ ਹੈ ਕਿ ਤੂੰ ਜਾਜਕ ਵੀ ਬਣਨਾ ਚਾਹੁੰਦਾ ਹੈ? (ਗਿਣਤੀ 16:9, 10) ਕੋਰਹ ਇਹ ਭੁੱਲ ਗਿਆ ਕਿ ਯਹੋਵਾਹ ਦੇ ਪ੍ਰਬੰਧ ਅਨੁਸਾਰ ਉਸ ਦੀ ਸੇਵਾ ਕਰਨੀ ਹੀ ਸਭ ਤੋਂ ਵੱਡਾ ਸਨਮਾਨ ਹੈ, ਨਾ ਕਿ ਕੋਈ ਖ਼ਾਸ ਰੁਤਬਾ ਜਾਂ ਅਧਿਕਾਰ।—ਜ਼ਬੂਰ 84:10.

7. (ੳ) ਮੂਸਾ ਨੇ ਕੋਰਹ ਤੇ ਉਸ ਦੇ ਸਾਥੀਆਂ ਨੂੰ ਕੀ ਕਰਨ ਲਈ ਕਿਹਾ? (ਅ) ਕੋਰਹ ਦੀ ਬਗਾਵਤ ਦਾ ਕੀ ਭਿਆਨਕ ਨਤੀਜਾ ਨਿਕਲਿਆ?

7 ਮੂਸਾ ਨੇ ਕੋਰਹ ਤੇ ਉਸ ਦੇ ਸਾਥੀਆਂ ਨੂੰ ਕਿਹਾ ਕਿ ਉਹ ਅਗਲੇ ਦਿਨ ਸਵੇਰੇ ਮੰਡਲੀ ਦੇ ਤੰਬੂ ਵਿਚ ਧੂਪਦਾਨ ਤੇ ਧੂਪ ਲਿਆਉਣ। ਕੋਰਹ ਤੇ ਉਸ ਦੇ ਸਾਥੀ ਜਾਜਕ ਨਹੀਂ ਸਨ ਜਿਸ ਕਰਕੇ ਉਨ੍ਹਾਂ ਨੂੰ ਧੂਪ ਧੁਖਾਉਣ ਦਾ ਕੋਈ ਅਧਿਕਾਰ ਨਹੀਂ ਸੀ। ਉਨ੍ਹਾਂ ਕੋਲ ਇਸ ਮਾਮਲੇ ਤੇ ਵਿਚਾਰ ਕਰਨ ਲਈ ਪੂਰੀ ਰਾਤ ਸੀ। ਜੇ ਉਹ ਧੂਪਦਾਨ ਅਤੇ ਧੂਪ ਲੈ ਕੇ ਆਏ, ਤਾਂ ਇਸ ਤੋਂ ਸਾਫ਼ ਪਤਾ ਲੱਗਣਾ ਸੀ ਕਿ ਇਹ ਆਦਮੀ ਅਜੇ ਵੀ ਸੋਚਦੇ ਸਨ ਕਿ ਉਨ੍ਹਾਂ ਨੂੰ ਜਾਜਕਾਂ ਵਜੋਂ ਕੰਮ ਕਰਨ ਦਾ ਅਧਿਕਾਰ ਸੀ। ਜਦੋਂ ਉਹ ਅਗਲੇ ਦਿਨ ਸਵੇਰੇ ਇਹ ਚੀਜ਼ਾਂ ਲੈ ਕੇ ਆਏ, ਤਾਂ ਯਹੋਵਾਹ ਦਾ ਕ੍ਰੋਧ ਉਨ੍ਹਾਂ ਉੱਤੇ ਭੜਕ ਉਠਿਆ। ਰਊਬੇਨੀਆਂ ਨੂੰ ‘ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਭੱਖ ਲਿਆ’ ਅਤੇ ਕੋਰਹ ਤੇ ਉਸ ਦੇ ਬਾਕੀ ਸਾਥੀਆਂ ਨੂੰ ਪਰਮੇਸ਼ੁਰ ਨੇ ਅੱਗ ਵਿਚ ਸਾੜ ਸੁੱਟਿਆ। (ਬਿਵਸਥਾ ਸਾਰ 11:6; ਗਿਣਤੀ 16:16-35; 26:10) ਹੰਕਾਰ ਕਾਰਨ ਕੋਰਹ ਸਿਰਫ਼ ਇਨਸਾਨਾਂ ਦੀਆਂ ਨਜ਼ਰਾਂ ਵਿਚ ਹੀ ਨਹੀਂ ਡਿੱਗਿਆ, ਸਗੋਂ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਵੀ ਡਿੱਗ ਗਿਆ!

ਈਰਖਾ ਦੀ ਭਾਵਨਾ ਨੂੰ ਆਪਣੇ ਵਿੱਚੋਂ ਕੱਢੋ

8. “ਖੁਣਸ ਕਰਨ ਦਾ ਝੁਕਾਅ” ਮਸੀਹੀਆਂ ਵਿਚ ਵੀ ਕਿਵੇਂ ਹੋ ਸਕਦਾ ਹੈ?

8 ਕੋਰਹ ਦੀ ਕਹਾਣੀ ਸਾਡੇ ਲਈ ਇਕ ਸਬਕ ਹੈ। ਕਿਉਂਕਿ “ਖੁਣਸ ਕਰਨ ਦਾ ਝੁਕਾਅ” ਨਾਮੁਕੰਮਲ ਇਨਸਾਨ ਵਿਚ ਹੈ, ਇਸ ਲਈ ਇਹ ਮਸੀਹੀ ਕਲੀਸਿਯਾ ਦੇ ਮੈਂਬਰਾਂ ਵਿਚ ਵੀ ਹੋ ਸਕਦਾ ਹੈ। (ਯਾਕੂਬ 4:5, ਨਿ ਵ) ਉਦਾਹਰਣ ਲਈ ਅਸੀਂ ਸ਼ਾਇਦ ਹਮੇਸ਼ਾ ਇਹੀ ਸੋਚਦੇ ਰਹੀਏ ਕਿ ਕਲੀਸਿਯਾ ਵਿਚ ਸਾਨੂੰ ਕਿਹੜੀ ਪਦਵੀ ਜਾਂ ਵਿਸ਼ੇਸ਼ ਸਨਮਾਨ ਮਿਲਣਾ ਚਾਹੀਦਾ ਹੈ। ਕੋਰਹ ਵਾਂਗ ਅਸੀਂ ਵੀ ਸ਼ਾਇਦ ਉਨ੍ਹਾਂ ਲੋਕਾਂ ਨਾਲ ਈਰਖਾ ਕਰੀਏ ਜਿਨ੍ਹਾਂ ਕੋਲ ਉਹ ਵਿਸ਼ੇਸ਼ ਸਨਮਾਨ ਹਨ ਜੋ ਅਸੀਂ ਆਪਣੇ ਲਈ ਚਾਹੁੰਦੇ ਹਾਂ। ਜਾਂ ਅਸੀਂ ਸ਼ਾਇਦ ਪਹਿਲੀ ਸਦੀ ਦੇ ਇਕ ਮਸੀਹੀ ਦਿਯੁਤ੍ਰਿਫੇਸ ਵਰਗੇ ਬਣ ਜਾਈਏ। ਉਹ ਰਸੂਲਾਂ ਦੇ ਅਧਿਕਾਰ ਦੇ ਖ਼ਿਲਾਫ਼ ਬਹੁਤ ਬੁਰਾ-ਭਲਾ ਬੋਲਦਾ ਸੀ ਕਿਉਂਕਿ ਉਹ ਆਪ ਪ੍ਰਧਾਨ ਬਣਨਾ ਚਾਹੁੰਦਾ ਸੀ। ਯੂਹੰਨਾ ਨੇ ਲਿਖਿਆ ਕਿ ਦਿਯੁਤ੍ਰਿਫੇਸ “ਸਿਰ ਕੱਢ ਹੋਣਾ ਚਾਹੁੰਦਾ ਹੈ।”—3 ਯੂਹੰਨਾ 9.

9. (ੳ) ਕਲੀਸਿਯਾ ਵਿਚ ਸਾਨੂੰ ਜੋ ਜ਼ਿੰਮੇਵਾਰੀਆਂ ਮਿਲਦੀਆਂ ਹਨ, ਉਨ੍ਹਾਂ ਪ੍ਰਤੀ ਸਾਨੂੰ ਕਿਹੜੇ ਨਜ਼ਰੀਏ ਤੋਂ ਬਚਣਾ ਚਾਹੀਦਾ? (ਅ) ਪਰਮੇਸ਼ੁਰ ਦੇ ਪ੍ਰਬੰਧ ਵਿਚ ਸਾਡੀ ਥਾਂ ਪ੍ਰਤੀ ਸਹੀ ਨਜ਼ਰੀਆ ਕੀ ਹੈ?

9 ਜੇ ਇਕ ਮਸੀਹੀ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਸੰਭਾਲਣ ਦਾ ਜਤਨ ਕਰਦਾ ਹੈ, ਤਾਂ ਇਹ ਗ਼ਲਤ ਨਹੀਂ ਹੈ। ਪੌਲੁਸ ਨੇ ਤਾਂ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਇਸ ਤਰ੍ਹਾਂ ਕਰਨ। (1 ਤਿਮੋਥਿਉਸ 3:1) ਪਰ ਸਾਨੂੰ ਸੇਵਾ ਦੇ ਵਿਸ਼ੇਸ਼ ਸਨਮਾਨਾਂ ਨੂੰ ਕੋਈ ਤਮਗਾ ਨਹੀਂ ਸਮਝਣਾ ਚਾਹੀਦਾ, ਜਿਵੇਂ ਕਿ ਇਸ ਨੂੰ ਪਹਿਨਣ ਨਾਲ ਅਸੀਂ ਤਰੱਕੀ ਦੀ ਪੌੜੀ ਦਾ ਇਕ ਪੌਡਾ ਚੜ੍ਹਦੇ ਹਾਂ। ਯਾਦ ਕਰੋ ਯਿਸੂ ਨੇ ਕਿਹਾ ਸੀ: “ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਸੋ ਤੁਹਾਡਾ ਟਹਿਲੂਆ ਹੋਵੇ। ਅਤੇ ਜੋ ਕੋਈ ਤੁਹਾਡੇ ਵਿੱਚੋਂ ਸਰਦਾਰ ਬਣਿਆ ਚਾਹੇ ਸੋ ਤੁਹਾਡਾ ਕਾਮਾ ਹੋਵੇ।” (ਮੱਤੀ 20:26, 27) ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਭਰਾਵਾਂ ਨਾਲ ਈਰਖਾ ਕਰਨੀ ਬਿਲਕੁਲ ਗ਼ਲਤ ਹੈ ਜਿਨ੍ਹਾਂ ਨੂੰ ਜ਼ਿਆਦਾ ਜ਼ਿੰਮੇਵਾਰੀਆਂ ਮਿਲੀਆਂ ਹਨ। ਅਸੀਂ ਪਰਮੇਸ਼ੁਰ ਦੇ ਸੰਗਠਨ ਵਿਚ ਆਪਣੇ “ਰੁਤਬੇ” ਕਰਕੇ ਉਸ ਦੀਆਂ ਨਜ਼ਰਾਂ ਵਿਚ ਵੱਡੇ ਜਾਂ ਛੋਟੇ ਨਹੀਂ ਬਣਦੇ। ਯਿਸੂ ਨੇ ਕਿਹਾ: “ਤੁਸੀਂ ਸੱਭੋ ਭਾਈ ਹੋ।” (ਮੱਤੀ 23:8) ਜੀ ਹਾਂ, ਚਾਹੇ ਅਸੀਂ ਪ੍ਰਕਾਸ਼ਕ ਹਾਂ ਜਾਂ ਪਾਇਨੀਅਰ, ਨਵਾਂ-ਨਵਾਂ ਬਪਤਿਸਮਾ ਲਿਆ ਹੈ ਜਾਂ ਬਹੁਤ ਸਾਲਾਂ ਤੋਂ ਵਫ਼ਾਦਾਰੀ ਨਾਲ ਸੇਵਾ ਕਰਦੇ ਆ ਰਹੇ ਹਾਂ, ਜੇ ਅਸੀਂ ਪੂਰੇ ਮਨ ਨਾਲ ਯਹੋਵਾਹ ਦੀ ਸੇਵਾ ਕਰਦੇ ਹਾਂ, ਤਾਂ ਉਹ ਸਾਨੂੰ ਆਪਣੇ ਪ੍ਰਬੰਧ ਵਿਚ ਇਕ ਸਨਮਾਨਯੋਗ ਥਾਂ ਦੇਵੇਗਾ। (ਲੂਕਾ 10:27; 12:6, 7; ਗਲਾਤੀਆਂ 3:28; ਇਬਰਾਨੀਆਂ 6:10) ਉਨ੍ਹਾਂ ਲੱਖਾਂ ਭੈਣ-ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਸੱਚ-ਮੁੱਚ ਸਾਡੇ ਲਈ ਇਕ ਬਰਕਤ ਹੈ ਜਿਹੜੇ ਬਾਈਬਲ ਦੀ ਇਸ ਸਲਾਹ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ: “ਇੱਕ ਦੂਏ ਦੀ ਟਹਿਲ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨ੍ਹੋਂ।”—1 ਪਤਰਸ 5:5.

ਅਬਸ਼ਾਲੋਮ—ਇਕ ਅਭਿਲਾਸ਼ੀ ਤੇ ਮੌਕਾਪਰਸਤ ਇਨਸਾਨ

10. ਅਬਸ਼ਾਲੋਮ ਕੌਣ ਸੀ ਅਤੇ ਉਸ ਨੇ ਉਨ੍ਹਾਂ ਲੋਕਾਂ ਨੂੰ ਆਪਣੇ ਵੱਲ ਕਰਨ ਦੀ ਕਿਵੇਂ ਕੋਸ਼ਿਸ਼ ਕੀਤੀ ਜਿਹੜੇ ਰਾਜੇ ਕੋਲ ਨਿਆਂ ਲਈ ਆਉਂਦੇ ਸਨ?

10 ਦਾਊਦ ਦੇ ਤੀਸਰੇ ਪੁੱਤਰ, ਅਬਸ਼ਾਲੋਮ ਦੀ ਜ਼ਿੰਦਗੀ ਤੇ ਵਿਚਾਰ ਕਰਨ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਅਭਿਲਾਸ਼ੀ ਹੋਣ ਦੇ ਕੀ ਖ਼ਤਰੇ ਹਨ। ਇਸ ਮੌਕਾਪਰਸਤ ਆਦਮੀ ਨੇ ਉਨ੍ਹਾਂ ਲੋਕਾਂ ਦੀ ਖ਼ੁਸ਼ਾਮਦ ਕਰ ਕੇ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਰਾਜੇ ਕੋਲ ਨਿਆਂ ਵਾਸਤੇ ਆਉਂਦੇ ਸਨ। ਪਹਿਲਾਂ ਉਸ ਨੇ ਲੋਕਾਂ ਦੇ ਮਨ ਵਿਚ ਇਹ ਗੱਲ ਬਿਠਾ ਦਿੱਤੀ ਕਿ ਦਾਊਦ ਉਨ੍ਹਾਂ ਦੀ ਪਰਵਾਹ ਨਹੀਂ ਕਰਦਾ। ਫਿਰ ਉਹ ਮੱਕਾਰੀ ਨਾਲ ਕੰਮ ਕਰਨ ਦੀ ਬਜਾਇ ਖੁੱਲ੍ਹੇ-ਆਮ ਆਪਣੇ ਇਰਾਦੇ ਦੱਸਣ ਲੱਗ ਪਿਆ। ਅਬਸ਼ਾਲੋਮ ਨੇ ਪਖੰਡੀ ਤਰੀਕੇ ਨਾਲ ਕਹਿਣਾ ਸ਼ੁਰੂ ਕਰ ਦਿੱਤਾ: “ਜੇ ਕਦੀ ਦੇਸ ਵਿੱਚ ਮੈਂ ਨਿਆਈ ਹੁੰਦਾ ਤਾਂ ਜੋ ਕੋਈ ਫਰਿਆਦੀ ਮੇਰੇ ਕੋਲ ਆਉਂਦਾ ਤਾਂ ਅਵੱਸ਼ ਮੈਂ ਉਹ ਦਾ ਨਿਆਉਂ ਕਰਦਾ!” ਅਬਸ਼ਾਲੋਮ ਆਪਣੀ ਸਾਜ਼ਸ਼ ਨੂੰ ਸਿਰੇ ਚਾੜਨ ਲਈ ਸਾਰੀਆਂ ਹੱਦਾਂ ਪਾਰ ਕਰ ਗਿਆ। ਬਾਈਬਲ ਦੱਸਦੀ ਹੈ: “ਜਾਂ ਕੋਈ ਅਬਸ਼ਾਲੋਮ ਦੇ ਕੋਲ ਮੱਥਾ ਟੇਕਣ ਲਈ ਆਉਂਦਾ ਸੀ ਤਾਂ ਉਹ ਆਪਣਾ ਹੱਥ ਪਸਾਰ ਕੇ ਅਤੇ ਉਹ ਨੂੰ ਗਲੇ ਲਾ ਕੇ ਉਹ ਨੂੰ ਚੁੰਮ ਲੈਂਦਾ ਸੀ। ਸੋ ਅਬਸ਼ਾਲੋਮ ਨੇ ਸਾਰੇ ਇਸਰਾਏਲ ਨਾਲ ਜੋ ਪਾਤਸ਼ਾਹ ਕੋਲ ਪੁਕਾਰ ਕਰਨ ਲਈ ਆਉਂਦੇ ਸਨ ਇਸੇ ਤਰਾਂ ਹੀ ਕੀਤਾ।” ਉਸ ਨੂੰ ਇਸ ਤਰ੍ਹਾਂ ਕਰਨ ਦਾ ਕੀ ਫ਼ਾਇਦਾ ਹੋਇਆ? “ਅਬਸ਼ਾਲੋਮ ਨੇ ਇਸਰਾਏਲ ਦੇ ਮਨੁੱਖਾਂ ਦੇ ਮਨ ਮੋਹ ਲਏ।”—2 ਸਮੂਏਲ 15:1-6.

11. ਅਬਸ਼ਾਲੋਮ ਨੇ ਦਾਊਦ ਦੀ ਬਾਦਸ਼ਾਹਤ ਨੂੰ ਹੜੱਪਣ ਦੀ ਕਿਵੇਂ ਕੋਸ਼ਿਸ਼ ਕੀਤੀ?

11 ਅਬਸ਼ਾਲੋਮ ਨੇ ਆਪਣੇ ਪਿਉ ਦੀ ਬਾਦਸ਼ਾਹਤ ਹੜੱਪਣ ਦੀ ਠਾਣੀ ਹੋਈ ਸੀ। ਪੰਜ ਸਾਲ ਪਹਿਲਾਂ, ਉਸ ਨੇ ਦਾਊਦ ਦੇ ਜੇਠੇ ਪੁੱਤਰ ਅਮਨੋਨ ਨੂੰ ਮਰਵਾ ਸੁੱਟਿਆ ਸੀ। ਉਸ ਨੇ ਦਾਅਵਾ ਕੀਤਾ ਕਿ ਉਸ ਨੇ ਬਦਲਾ ਲੈਣ ਦੀ ਖ਼ਾਤਰ ਅਮਨੋਨ ਨੂੰ ਮਾਰਿਆ ਸੀ ਕਿਉਂਕਿ ਅਮਨੋਨ ਨੇ ਉਸ ਦੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ ਸੀ। (2 ਸਮੂਏਲ 13:28, 29) ਪਰ ਉਸ ਵੇਲੇ ਵੀ ਸ਼ਾਇਦ ਅਬਸ਼ਾਲੋਮ ਦੀ ਨਜ਼ਰ ਸਿੰਘਾਸਣ ਉੱਤੇ ਸੀ ਤੇ ਉਸ ਨੇ ਅਮਨੋਨ ਦਾ ਕਤਲ ਕਰਨਾ ਠੀਕ ਸਮਝਿਆ ਕਿਉਂਕਿ ਅਮਨੋਨ ਗੱਦੀ ਦਾ ਵਾਰਸ ਸੀ। * ਜਦੋਂ ਉਸ ਨੂੰ ਮੌਕਾ ਮਿਲਿਆ, ਅਬਸ਼ਾਲੋਮ ਨੇ ਆਪਣਾ ਕੰਮ ਕਰ ਦਿੱਤਾ। ਉਸ ਨੇ ਪੂਰੇ ਦੇਸ਼ ਵਿਚ ਆਪਣੀ ਬਾਦਸ਼ਾਹਤ ਦਾ ਢਿੰਡੋਰਾ ਪਿੱਟਵਾ ਦਿੱਤਾ।—2 ਸਮੂਏਲ 15:10.

12. ਸਮਝਾਓ ਕਿ ਹੰਕਾਰ ਕਰਕੇ ਅਬਸ਼ਾਲੋਮ ਦਾ ਸਿਰ ਕਿਵੇਂ ਨੀਵਾਂ ਹੋਇਆ।

12 ਕੁਝ ਸਮੇਂ ਤਕ ਅਬਸ਼ਾਲੋਮ ਨੂੰ ਕਾਮਯਾਬੀ ਮਿਲੀ ਕਿਉਂਕਿ “ਗੋਸ਼ਟ ਵੱਧਦੀ ਜਾਂਦੀ ਸੀ ਕਿਉਂ ਜੋ ਲੋਕ ਅਬਸ਼ਾਲੋਮ ਕੋਲ ਹੁੰਦੇ ਹੁੰਦੇ ਜੁੜਦੇ ਜਾਂਦੇ ਸਨ।” ਬਾਅਦ ਵਿਚ ਰਾਜਾ ਦਾਊਦ ਨੂੰ ਆਪਣੀ ਜਾਨ ਬਚਾਉਣ ਲਈ ਭੱਜਣਾ ਪਿਆ। (2 ਸਮੂਏਲ 15:12-17) ਪਰ ਜਲਦੀ ਹੀ ਅਬਸ਼ਾਲੋਮ ਦੀ ਬਾਦਸ਼ਾਹਤ ਖ਼ਤਮ ਹੋ ਗਈ। ਯੋਆਬ ਨੇ ਉਸ ਨੂੰ ਵੱਢ ਸੁੱਟਿਆ ਤੇ ਉਸ ਦੀ ਲਾਸ਼ ਟੋਏ ਵਿਚ ਸੁੱਟ ਕੇ ਪੱਥਰਾਂ ਨਾਲ ਢੱਕ ਦਿੱਤੀ। ਜ਼ਰਾ ਸੋਚੋ—ਇਹ ਅਭਿਲਾਸ਼ੀ ਇਨਸਾਨ ਰਾਜਾ ਬਣਨਾ ਚਾਹੁੰਦਾ ਸੀ, ਪਰ ਉਸ ਦੀ ਲਾਸ਼ ਦੀ ਕਿੰਨੀ ਬੇਕਦਰੀ ਹੋਈ। ਉਸ ਨੂੰ ਪੂਰੇ ਸਨਮਾਨ ਨਾਲ ਦਫ਼ਨਾਇਆ ਵੀ ਨਹੀਂ ਗਿਆ! * ਹੰਕਾਰ ਕਾਰਨ ਹੀ ਅਬਸ਼ਾਲੋਮ ਦੀ ਬੇਇੱਜ਼ਤੀ ਹੋਈ।—2 ਸਮੂਏਲ 18:9-17.

ਸੁਆਰਥੀ ਅਭਿਲਾਸ਼ਾ ਤੋਂ ਬਚੋ

13. ਇਕ ਮਸੀਹੀ ਦੇ ਦਿਲ ਵਿਚ ਅਭਿਲਾਸ਼ਾ ਕਿਵੇਂ ਜੜ੍ਹ ਫੜ ਸਕਦੀ ਹੈ?

13 ਅਬਸ਼ਾਲੋਮ ਦਾ ਰਾਜਾ ਬਣਨਾ ਤੇ ਬਾਅਦ ਵਿਚ ਮਰ ਜਾਣਾ ਸਾਡੇ ਲਈ ਇਕ ਸਬਕ ਹੈ। ਅੱਜ ਇਸ ਬੇਰਹਿਮ ਦੁਨੀਆਂ ਵਿਚ ਲੋਕ ਆਪਣੇ ਉੱਚ ਅਧਿਕਾਰੀਆਂ ਦੀ ਚਾਪਲੂਸੀ ਕਰਦੇ ਹਨ ਤੇ ਆਪਣਾ ਪ੍ਰਭਾਵ ਪਾਉਣ ਜਾਂ ਕੋਈ ਤਰੱਕੀ ਵਗੈਰਾ ਕਰਾਉਣ ਲਈ ਉਨ੍ਹਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਦੇ ਨਾਲ-ਨਾਲ ਉਹ ਆਪਣੇ ਥੱਲੇ ਕੰਮ ਕਰਦੇ ਕਰਮਚਾਰੀਆਂ ਦੀ ਤਰਫ਼ਦਾਰੀ ਤੇ ਹਿਮਾਇਤ ਪ੍ਰਾਪਤ ਕਰਨ ਲਈ ਸ਼ੇਖੀਆਂ ਮਾਰਦੇ ਹਨ ਤੇ ਵੱਡੇ-ਵੱਡੇ ਦਾਅਵੇ ਕਰਦੇ ਹਨ। ਜੇ ਅਸੀਂ ਚੁਕੰਨੇ ਨਾ ਰਹੀਏ, ਤਾਂ ਇਸ ਤਰ੍ਹਾਂ ਦੀ ਅਭਿਲਾਸ਼ਾ ਸਾਡੇ ਦਿਲ ਵਿਚ ਵੀ ਜੜ੍ਹ ਫੜ ਸਕਦੀ ਹੈ। ਇਸ ਤਰ੍ਹਾਂ ਪਹਿਲੀ ਸਦੀ ਦੇ ਕੁਝ ਮਸੀਹੀਆਂ ਨਾਲ ਹੋਇਆ ਸੀ ਜਿਸ ਕਰਕੇ ਰਸੂਲਾਂ ਨੇ ਦੂਸਰੇ ਮਸੀਹੀਆਂ ਨੂੰ ਉਨ੍ਹਾਂ ਤੋਂ ਖ਼ਬਰਦਾਰ ਰਹਿਣ ਲਈ ਕਿਹਾ ਸੀ।—ਗਲਾਤੀਆਂ 4:17; 3 ਯੂਹੰਨਾ 9, 10.

14. ਸਾਨੂੰ ਅਭਿਲਾਸ਼ੀ ਬਣਨ ਤੇ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਚੁੱਕਣ ਦੇ ਝੁਕਾਅ ਤੋਂ ਕਿਉਂ ਬਚਣਾ ਚਾਹੀਦਾ ਹੈ?

14 ਯਹੋਵਾਹ ਆਪਣੇ ਸੰਗਠਨ ਵਿਚ ਉਨ੍ਹਾਂ ਲੋਕਾਂ ਨੂੰ ਨਹੀਂ ਚਾਹੁੰਦਾ ਜਿਹੜੇ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਸਮਝਦੇ ਹਨ ਤੇ ‘ਆਪਣੀ ਮਹਿਮਾ ਦੀ ਭਾਲ ਕਰਦੇ’ ਹਨ। (ਕਹਾਉਤਾਂ 25:27) ਅਸਲ ਵਿਚ ਬਾਈਬਲ ਚੇਤਾਵਨੀ ਦਿੰਦੀ ਹੈ: “ਯਹੋਵਾਹ ਸਾਰੇ ਚੋਪੜੇ ਬੁੱਲ੍ਹਾਂ ਨੂੰ ਨਾਲੇ ਉਸ ਜੀਭ ਨੂੰ ਜਿਹੜੀ ਵੱਡੇ ਬੋਲ ਬੋਲਦੀ ਹੈ ਵੱਢ ਸੁੱਟੇਗਾ।” (ਜ਼ਬੂਰ 12:3) ਅਬਸ਼ਾਲੋਮ ਦੇ ਬੁੱਲ੍ਹ ਚੋਪੜੇ ਹੋਏ ਸਨ। ਉਸ ਨੇ ਉਨ੍ਹਾਂ ਲੋਕਾਂ ਦੀ ਚਾਪਲੂਸੀ ਕੀਤੀ ਜਿਨ੍ਹਾਂ ਦੀ ਉਹ ਹਿਮਾਇਤ ਚਾਹੁੰਦਾ ਸੀ। ਇਹ ਸਾਰਾ ਕੁਝ ਉਸ ਨੇ ਸਿਰਫ਼ ਰਾਜ-ਗੱਦੀ ਹਥਿਆਉਣ ਲਈ ਕੀਤਾ। ਇਸ ਤੋਂ ਉਲਟ, ਅਸੀਂ ਆਪਣੇ ਭਾਈ-ਭੈਣਾਂ ਵਿਚ ਰਹਿ ਕੇ ਕਿੰਨੇ ਖ਼ੁਸ਼ ਹਾਂ ਜਿਹੜੇ ਪੌਲੁਸ ਦੀ ਸਲਾਹ ਉੱਤੇ ਚੱਲਦੇ ਹਨ: “ਧੜੇ ਬਾਜ਼ੀਆਂ ਅਥਵਾ ਫੋਕੇ ਘੁਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ।”—ਫ਼ਿਲਿੱਪੀਆਂ 2:3.

ਸ਼ਾਊਲ—ਇਕ ਬੇਸਬਰਾ ਰਾਜਾ

15. ਸ਼ਾਊਲ ਨੇ ਕਿਵੇਂ ਦਿਖਾਇਆ ਕਿ ਉਹ ਇਕ ਨਿਮਰ ਆਦਮੀ ਸੀ?

15 ਇਕ ਸਮੇਂ ਤੇ ਇਸਰਾਏਲ ਦਾ ਰਾਜਾ, ਸ਼ਾਊਲ ਬਹੁਤ ਹੀ ਨਿਮਰ ਆਦਮੀ ਹੁੰਦਾ ਸੀ। ਉਦਾਹਰਣ ਲਈ ਜ਼ਰਾ ਧਿਆਨ ਦਿਓ ਕਿ ਰਾਜਾ ਬਣਨ ਤੋਂ ਪਹਿਲਾਂ, ਜਦੋਂ ਉਹ ਨੌਜਵਾਨ ਸੀ, ਤਾਂ ਉਸ ਵੇਲੇ ਕੀ ਹੋਇਆ ਸੀ। ਜਦੋਂ ਪਰਮੇਸ਼ੁਰ ਦੇ ਨਬੀ ਸਮੂਏਲ ਨੇ ਉਸ ਦੀ ਸ਼ਲਾਘਾ ਕੀਤੀ ਸੀ, ਤਾਂ ਸ਼ਾਊਲ ਨੇ ਨਿਮਰਤਾ ਨਾਲ ਜਵਾਬ ਦਿੱਤਾ: “ਭਲਾ, ਮੈਂ ਬਿਨਯਾਮੀਨੀ ਨਹੀਂ ਜੋ ਇਸਰਾਏਲ ਦੇ ਸਭਨਾਂ ਗੋਤਾਂ ਵਿੱਚੋਂ ਛੋਟੇ ਗੋਤ ਦਾ ਹਾਂ ਅਤੇ ਮੇਰਾ ਟੱਬਰ ਬਿਨਯਾਮੀਨ ਦੇ ਗੋਤ ਦੇ ਸਾਰਿਆਂ ਟੱਬਰਾਂ ਵਿੱਚ ਸਭਨਾਂ ਨਾਲੋਂ ਬਹੁਤ ਛੋਟਾ ਨਹੀਂ? ਫੇਰ ਕੀ ਕਾਰਨ ਜੋ ਤੁਸੀਂ ਮੈਨੂੰ ਇਉਂ ਆਖਦੇ ਹੋ?”—1 ਸਮੂਏਲ 9:21.

16. ਸ਼ਾਊਲ ਨੇ ਕਿਵੇਂ ਬੇਸਬਰੀ ਦਿਖਾਈ?

16 ਪਰ ਬਾਅਦ ਵਿਚ ਸ਼ਾਊਲ ਨਿਮਰ ਆਦਮੀ ਨਹੀਂ ਰਿਹਾ। ਫਲਿਸਤੀਆਂ ਨਾਲ ਲੜਾਈ ਕਰਦੇ ਹੋਏ ਉਹ ਗਿਲਗਾਲ ਵੱਲ ਪਿੱਛੇ ਹੱਟ ਗਿਆ ਜਿੱਥੇ ਉਸ ਨੂੰ ਸਮੂਏਲ ਦੀ ਉਡੀਕ ਕਰਨ ਲਈ ਕਿਹਾ ਗਿਆ। ਸਮੂਏਲ ਨੇ ਆ ਕੇ ਬਲੀਆਂ ਚੜ੍ਹਾਉਣੀਆਂ ਸਨ ਤੇ ਪਰਮੇਸ਼ੁਰ ਨੂੰ ਬੇਨਤੀ ਕਰਨੀ ਸੀ। ਜਦੋਂ ਸਮੂਏਲ ਨਿਯਤ ਸਮੇਂ ਤੇ ਨਹੀਂ ਆਇਆ, ਤਾਂ ਸ਼ਾਊਲ ਨੇ ਆਪ ਹੋਮ ਦੀਆਂ ਬਲੀਆਂ ਚੜ੍ਹਾ ਕੇ ਗੁਸਤਾਖ਼ੀ ਕੀਤੀ। ਉਹ ਅਜੇ ਬਲੀਆਂ ਚੜ੍ਹਾ ਕੇ ਹੀ ਹਟਿਆ ਸੀ ਕਿ ਸਮੂਏਲ ਉੱਥੇ ਪਹੁੰਚ ਗਿਆ। “ਤੁਸਾਂ ਕੀ ਕੀਤਾ?” ਸਮੂਏਲ ਨੇ ਉਸ ਨੂੰ ਪੁੱਛਿਆ। ਸ਼ਾਊਲ ਨੇ ਜਵਾਬ ਦਿੱਤਾ: “ਮੈਂ ਜੋ ਡਿੱਠਾ ਭਈ ਲੋਕ ਮੇਰੇ ਕੋਲੋਂ ਖਿੰਡ ਗਏ ਹਨ ਅਤੇ ਤੂੰ ਠਹਿਰਾਏ ਹੋਏ ਦਿਨਾਂ ਵਿੱਚ ਨਾ ਆਇਆ . . . ਏਸ ਲਈ ਮੈਂ ਬੇ ਵਸ ਹੋ ਕੇ ਹੋਮ ਦੀ ਬਲੀ ਚੜ੍ਹਾਈ।”—1 ਸਮੂਏਲ 13:8-12.

17. (ੳ) ਇਸ ਬਿਰਤਾਂਤ ਨੂੰ ਪਹਿਲੀ ਵਾਰ ਪੜ੍ਹਨ ਤੇ ਇੱਦਾਂ ਕਿਉਂ ਲੱਗਦਾ ਹੈ ਕਿ ਸ਼ਾਊਲ ਨੇ ਜੋ ਕੀਤਾ ਉਹ ਠੀਕ ਸੀ? (ਅ) ਬੇਸਬਰੀ ਨਾਲ ਕੰਮ ਕਰਨ ਕਰਕੇ ਪਰਮੇਸ਼ੁਰ ਨੇ ਸ਼ਾਊਲ ਦੀ ਨਿੰਦਾ ਕਿਉਂ ਕੀਤੀ?

17 ਇਸ ਬਿਰਤਾਂਤ ਨੂੰ ਪਹਿਲੀ ਵਾਰ ਪੜ੍ਹਨ ਤੇ ਸਾਨੂੰ ਸ਼ਾਇਦ ਲੱਗੇ ਕਿ ਸ਼ਾਊਲ ਨੇ ਠੀਕ ਕੀਤਾ ਸੀ। ਪਰਮੇਸ਼ੁਰ ਦੇ ਲੋਕ “ਭੀੜ ਵਿੱਚ ਫਾਥੇ” ਤੇ “ਔਖੇ ਸਨ” ਅਤੇ ਆਪਣੀ ਨਿਰਾਸ਼ਾਜਨਕ ਹਾਲਤ ਕਰਕੇ ਡਰ ਨਾਲ ਕੰਬ ਰਹੇ ਸਨ। (1 ਸਮੂਏਲ 13:6, 7) ਇਹ ਠੀਕ ਹੈ ਕਿ ਹਾਲਾਤਾਂ ਕਰਕੇ ਪਹਿਲ ਕਰਨੀ ਗ਼ਲਤ ਨਹੀਂ ਹੈ। * ਪਰ ਯਾਦ ਰੱਖੋ ਕਿ ਯਹੋਵਾਹ ਦਿਲਾਂ ਨੂੰ ਪੜ੍ਹ ਸਕਦਾ ਹੈ ਤੇ ਜਾਣਦਾ ਹੈ ਕਿ ਸਾਡੇ ਇਰਾਦੇ ਕੀ ਹਨ। (1 ਸਮੂਏਲ 16:7) ਇਸ ਲਈ ਉਸ ਨੇ ਸ਼ਾਊਲ ਦੇ ਅੰਦਰ ਅਜਿਹੀਆਂ ਗੱਲਾਂ ਜ਼ਰੂਰ ਦੇਖੀਆਂ ਹੋਣਗੀਆਂ ਜੋ ਬਾਈਬਲ ਵਿਚ ਨਹੀਂ ਦੱਸੀਆਂ ਗਈਆਂ। ਉਦਾਹਰਣ ਲਈ ਯਹੋਵਾਹ ਨੇ ਸ਼ਾਇਦ ਦੇਖਿਆ ਹੋਵੇਗਾ ਕਿ ਸ਼ਾਊਲ ਆਪਣੇ ਘਮੰਡ ਦੇ ਕਾਰਨ ਬੇਸਬਰਾ ਹੋ ਗਿਆ ਸੀ। ਸ਼ਾਊਲ ਸ਼ਾਇਦ ਅੰਦਰੋਂ ਬਹੁਤ ਚਿੜ ਗਿਆ ਕਿ ਉਸ ਨੂੰ, ਜੋ ਸਾਰੇ ਇਸਰਾਏਲ ਦਾ ਰਾਜਾ ਹੈ, ਆਪਣੇ ਕੰਮ ਵਿਚ ਢਿੱਲ-ਮੱਠ ਕਰਨ ਵਾਲੇ ਬੁੱਢੇ ਨਬੀ ਦੀ ਉਡੀਕ ਕਰਨੀ ਪੈ ਰਹੀ ਸੀ! ਇਸ ਲਈ ਸ਼ਾਊਲ ਨੇ ਸੋਚਿਆ ਕਿ ਸਮੂਏਲ ਦੇਰ ਕਰ ਰਿਹਾ ਸੀ ਤੇ ਇਸ ਕਰਕੇ ਉਸ ਨੂੰ ਇਹ ਮਾਮਲਾ ਆਪਣੇ ਹੱਥਾਂ ਵਿਚ ਲੈਣ ਅਤੇ ਸਮੂਏਲ ਦੀਆਂ ਸਪੱਸ਼ਟ ਹਿਦਾਇਤਾਂ ਦੀ ਉਲੰਘਣਾ ਕਰਨ ਦਾ ਹੱਕ ਹੈ। ਇਸ ਦਾ ਨਤੀਜਾ ਕੀ ਨਿਕਲਿਆ? ਸਮੂਏਲ ਨੇ ਸ਼ਾਊਲ ਦੇ ਇਸ ਕੰਮ ਦੀ ਸ਼ਲਾਘਾ ਨਹੀਂ ਕੀਤੀ। ਇਸ ਦੇ ਉਲਟ ਉਸ ਨੇ ਸ਼ਾਊਲ ਨੂੰ ਸਜ਼ਾ ਸੁਣਾਈ: “ਹੁਣ ਤਾਂ ਤੇਰਾ ਰਾਜ ਨਾ ਠਹਿਰੇਗਾ . . . ਕਿਉਂ ਜੋ ਤੈਂ ਯਹੋਵਾਹ ਦੀ ਆਗਿਆ ਨੂੰ ਜੋ ਉਸ ਨੇ ਤੈਨੂੰ ਦਿੱਤੀ ਸੀ ਨਹੀਂ ਮੰਨਿਆ।” (1 ਸਮੂਏਲ 13:13, 14) ਇਕ ਵਾਰ ਫਿਰ ਹੰਕਾਰ ਦੇ ਕਰਕੇ ਸਿਰ ਨੀਵਾਂ ਹੋਇਆ।

ਬੇਸਬਰੇ ਹੋਣ ਤੋਂ ਬਚੋ

18, 19. (ੳ) ਸਮਝਾਓ ਕਿ ਪਰਮੇਸ਼ੁਰ ਦਾ ਸੇਵਕ ਬੇਸਬਰਾ ਹੋ ਕੇ ਕਿਵੇਂ ਹੰਕਾਰ ਵਿਚ ਆ ਕੇ ਕੰਮ ਕਰ ਸਕਦਾ ਹੈ। (ਅ) ਸਾਨੂੰ ਕਲੀਸਿਯਾ ਨੂੰ ਚਲਾਉਣ ਦੇ ਸੰਬੰਧ ਵਿਚ ਕੀ ਯਾਦ ਰੱਖਣਾ ਚਾਹੀਦਾ ਹੈ?

18 ਸ਼ਾਊਲ ਨੇ ਹੰਕਾਰ ਵਿਚ ਆ ਕੇ ਜੋ ਕੰਮ ਕੀਤਾ ਸੀ, ਉਹ ਸਾਡੇ ਫ਼ਾਇਦੇ ਲਈ ਪਰਮੇਸ਼ੁਰ ਦੇ ਬਚਨ, ਬਾਈਬਲ ਵਿਚ ਦਰਜ ਕੀਤਾ ਗਿਆ ਹੈ। (1 ਕੁਰਿੰਥੀਆਂ 10:11) ਆਪਣੇ ਭਰਾਵਾਂ ਵਿਚ ਖ਼ਾਮੀਆਂ ਦੇਖ ਕੇ ਖਿੱਝਣਾ ਬਹੁਤ ਆਸਾਨ ਹੈ। ਸ਼ਾਊਲ ਵਾਂਗ ਅਸੀਂ ਵੀ ਸ਼ਾਇਦ ਬੇਸਬਰੇ ਹੋ ਜਾਈਏ ਤੇ ਮਹਿਸੂਸ ਕਰੀਏ ਕਿ ਸਾਨੂੰ ਸਭ ਕੁਝ ਆਪਣੇ ਹੱਥੀਂ ਕਰਨਾ ਚਾਹੀਦਾ ਹੈ। ਉਦਾਹਰਣ ਲਈ, ਮੰਨ ਲਓ ਕਿ ਇਕ ਭਰਾ ਕੁਝ ਕੰਮ ਚੰਗੇ ਤਰੀਕੇ ਨਾਲ ਕਰਨ ਵਿਚ ਬਹੁਤ ਮਾਹਰ ਹੈ। ਉਹ ਸਮੇਂ ਦਾ ਪਾਬੰਦ ਹੈ, ਕਲੀਸਿਯਾ ਨੂੰ ਚਲਾਉਣ ਦੇ ਤਰੀਕੇ ਜਾਣਦਾ ਹੈ ਅਤੇ ਉਸ ਵਿਚ ਭਾਸ਼ਣ ਦੇਣ ਅਤੇ ਸਿਖਾਉਣ ਦੀ ਕਲਾ ਹੈ। ਇਸ ਦੇ ਨਾਲ-ਨਾਲ ਜੇ ਉਹ ਮਹਿਸੂਸ ਕਰਦਾ ਹੈ ਕਿ ਦੂਸਰੇ ਉਸ ਵਾਂਗ ਚੰਗੀ ਤਰ੍ਹਾਂ ਕੰਮ ਨਹੀਂ ਕਰਦੇ ਹਨ ਤੇ ਉਹ ਆਪਣੇ ਕੰਮ ਵਿਚ ਬਿਲਕੁਲ ਮਾਹਰ ਨਹੀਂ ਹਨ, ਤਾਂ ਕੀ ਇਸ ਕਰਕੇ ਉਸ ਨੂੰ ਬੇਸਬਰੇ ਹੋਣਾ ਚਾਹੀਦਾ ਹੈ? ਕੀ ਉਸ ਨੂੰ ਆਪਣੇ ਭਰਾਵਾਂ ਦੀ ਆਲੋਚਨਾ ਕਰਨੀ ਚਾਹੀਦੀ ਹੈ ਤੇ ਇਹ ਦਿਖਾਉਣਾ ਚਾਹੀਦਾ ਹੈ ਕਿ ਉਸ ਦੇ ਸਿਰ ਤੇ ਹੀ ਕਲੀਸਿਯਾ ਚੱਲ ਰਹੀ ਹੈ ਅਤੇ ਉਸ ਤੋਂ ਬਿਨਾਂ ਕਲੀਸਿਯਾ ਬੰਦ ਹੋ ਜਾਵੇਗੀ? ਇਹ ਹੰਕਾਰ ਹੈ।

19 ਅਸਲ ਵਿਚ ਕਿਹੜੀ ਚੀਜ਼ ਮਸੀਹੀ ਕਲੀਸਿਯਾ ਨੂੰ ਚਲਾਉਂਦੀ ਹੈ? ਕੀ ਚੰਗਾ ਪ੍ਰਬੰਧ ਕਰਨ ਦੀ ਮਹਾਰਤ? ਨਿਪੁੰਨਤਾ? ਗਿਆਨ? ਇਹ ਠੀਕ ਹੈ ਕਿ ਜੇਕਰ ਭਰਾਵਾਂ ਵਿਚ ਇਹ ਸਾਰੀਆਂ ਚੀਜ਼ਾਂ ਹਨ, ਤਾਂ ਕਲੀਸਿਯਾ ਚੰਗੀ ਤਰ੍ਹਾਂ ਚਲਾਈ ਜਾ ਸਕਦੀ ਹੈ। (1 ਕੁਰਿੰਥੀਆਂ 14:40; ਫ਼ਿਲਿੱਪੀਆਂ 3:16; 2 ਪਤਰਸ 3:18) ਪਰ ਯਿਸੂ ਨੇ ਕਿਹਾ ਸੀ ਕਿ ਉਸ ਦੇ ਪੈਰੋਕਾਰ ਖ਼ਾਸ ਕਰਕੇ ਆਪਣੇ ਪਿਆਰ ਤੋਂ ਪਛਾਣੇ ਜਾਣਗੇ। (ਯੂਹੰਨਾ 13:35) ਇਸੇ ਕਰਕੇ ਪਰਵਾਹ ਕਰਨ ਵਾਲੇ ਬਜ਼ੁਰਗ ਚਾਹੇ ਸਾਰੇ ਕੰਮ ਸਲੀਕੇ ਨਾਲ ਕਰਦੇ ਹਨ, ਪਰ ਉਹ ਇਹ ਜਾਣਦੇ ਹਨ ਕਿ ਕਲੀਸਿਯਾ ਕੋਈ ਕਾਰੋਬਾਰ ਨਹੀਂ ਹੈ ਜਿਸ ਨੂੰ ਚਲਾਉਣ ਲਈ ਬਹੁਤ ਸਖ਼ਤ ਪ੍ਰਬੰਧਾਂ ਦੀ ਲੋੜ ਪੈਂਦੀ ਹੈ। ਸਗੋਂ ਕਲੀਸਿਯਾ ਵਿਚ ਝੁੰਡ ਨੂੰ ਪਿਆਰ ਤੇ ਦੇਖ-ਭਾਲ ਦੀ ਲੋੜ ਹੈ। (ਯਸਾਯਾਹ 32:1, 2; 40:11) ਹੰਕਾਰੀ ਬਣ ਕੇ ਅਜਿਹੇ ਸਿਧਾਂਤਾਂ ਨੂੰ ਅਣਗੌਲਿਆਂ ਕਰਨ ਨਾਲ ਝਗੜੇ ਹੋ ਸਕਦੇ ਹਨ। ਇਸ ਤੋਂ ਉਲਟ ਪਰਮੇਸ਼ੁਰ ਦੇ ਤਰੀਕੇ ਅਨੁਸਾਰ ਕੰਮ ਕਰਨ ਨਾਲ ਕਲੀਸਿਯਾ ਵਿਚ ਸ਼ਾਂਤੀ ਰਹਿੰਦੀ ਹੈ।—1 ਕੁਰਿੰਥੀਆਂ 14:33; ਗਲਾਤੀਆਂ 6:16.

20. ਅਗਲੇ ਲੇਖ ਵਿਚ ਕਿਸ ਗੱਲ ਉੱਤੇ ਚਰਚਾ ਕੀਤੀ ਜਾਵੇਗੀ?

20 ਕੋਰਹ, ਅਬਸ਼ਾਲੋਮ ਤੇ ਸ਼ਾਊਲ ਉੱਤੇ ਵਿਚਾਰ ਕਰਨ ਤੋਂ ਬਾਅਦ ਇਹ ਗੱਲ ਸਪੱਸ਼ਟ ਹੈ ਕਿ ਹੰਕਾਰ ਦੇ ਕਾਰਨ ਹਮੇਸ਼ਾ ਸਿਰ ਨੀਵਾਂ ਹੁੰਦਾ ਹੈ, ਜਿਵੇਂ ਕਿ ਕਹਾਉਤਾਂ 11:2 ਵਿਚ ਲਿਖਿਆ ਹੈ। ਪਰ ਇਹੀ ਆਇਤ ਅੱਗੇ ਕਹਿੰਦੀ ਹੈ: “ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ।” (ਨਵਾਂ ਅਨੁਵਾਦ) ਨਿਮਰਤਾ ਕੀ ਹੈ? ਬਾਈਬਲ ਵਿਚ ਕਿਹੜੀਆਂ ਉਦਾਹਰਣਾਂ ਇਸ ਗੁਣ ਉੱਤੇ ਚਾਨਣਾ ਪਾਉਂਦੀਆਂ ਹਨ ਅਤੇ ਅਸੀਂ ਅੱਜ ਨਿਮਰਤਾ ਕਿਵੇਂ ਦਿਖਾ ਸਕਦੇ ਹਾਂ? ਇਨ੍ਹਾਂ ਸਵਾਲਾਂ ਉੱਤੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।

[ਫੁਟਨੋਟ]

^ ਪੈਰਾ 4 ਰਊਬੇਨ ਯਾਕੂਬ ਦਾ ਜੇਠਾ ਪੁੱਤਰ ਸੀ। ਮੂਸਾ ਲੇਵੀ ਦੇ ਗੋਤ ਵਿੱਚੋਂ ਸੀ। ਇਸ ਲਈ ਜਿਨ੍ਹਾਂ ਰਊਬੇਨੀਆਂ ਨੂੰ ਕੋਰਹ ਨੇ ਬਗਾਵਤ ਕਰਨ ਲਈ ਭੜਕਾਇਆ ਸੀ, ਉਹ ਸ਼ਾਇਦ ਮਨ ਹੀ ਮਨ ਵਿਚ ਇਸ ਗੱਲ ਤੇ ਚਿੜਦੇ ਹੋਣੇ ਕਿ ਮੂਸਾ ਉਨ੍ਹਾਂ ਉੱਤੇ ਅਧਿਕਾਰ ਰੱਖਦਾ ਸੀ।

^ ਪੈਰਾ 11 ਦਾਊਦ ਦੇ ਦੂਸਰੇ ਪੁੱਤਰ, ਕਿਲਆਬ ਦਾ ਉਸ ਦੇ ਜਨਮ ਤੋਂ ਬਾਅਦ ਕੋਈ ਜ਼ਿਕਰ ਨਹੀਂ ਆਉਂਦਾ ਹੈ। ਸ਼ਾਇਦ ਉਹ ਅਬਸ਼ਾਲੋਮ ਦੇ ਬਗਾਵਤ ਕਰਨ ਤੋਂ ਕੁਝ ਸਮਾਂ ਪਹਿਲਾਂ ਮਰ ਗਿਆ ਸੀ।

^ ਪੈਰਾ 12 ਬਾਈਬਲ ਸਮਿਆਂ ਵਿਚ, ਜਦੋਂ ਕੋਈ ਮਰ ਜਾਂਦਾ ਸੀ, ਤਾਂ ਉਸ ਦੀ ਲਾਸ਼ ਨੂੰ ਬਹੁਤ ਹੀ ਸਨਮਾਨ ਨਾਲ ਦਫ਼ਨਾਇਆ ਜਾਂਦਾ ਸੀ। ਇਸ ਲਈ ਜੇ ਕਿਸੇ ਦੀ ਲਾਸ਼ ਨੂੰ ਦਫ਼ਨਾਇਆ ਨਹੀਂ ਜਾਂਦਾ ਸੀ, ਤਾਂ ਇਹ ਬੁਰੀ ਗੱਲ ਸਮਝਦੀ ਜਾਂਦੀ ਸੀ ਅਤੇ ਇਸ ਤੋਂ ਪਰਮੇਸ਼ੁਰ ਦੀ ਨਾਮਨਜ਼ੂਰੀ ਦਾ ਸੰਕੇਤ ਮਿਲਦਾ ਸੀ।—ਯਿਰਮਿਯਾਹ 25:32, 33.

^ ਪੈਰਾ 17 ਉਦਾਹਰਣ ਲਈ, ਇਕ ਆਫ਼ਤ ਕਾਰਨ ਹਜ਼ਾਰਾਂ ਇਸਰਾਏਲੀ ਮਾਰੇ ਗਏ ਸਨ ਪਰ ਫ਼ੀਨਹਾਸ ਨੇ ਇਸ ਨੂੰ ਰੋਕਣ ਲਈ ਫਟਾਫਟ ਕਦਮ ਚੁੱਕਿਆ। ਦਾਊਦ ਨੇ ਆਪਣੇ ਭੁੱਖੇ ਆਦਮੀਆਂ ਨੂੰ ਹੈਕਲ ਵਿਚ ਹਜ਼ੂਰੀ ਦੀ ਰੋਟੀ ਖਾਣ ਲਈ ਕਿਹਾ। ਪਰਮੇਸ਼ੁਰ ਨੇ ਉਨ੍ਹਾਂ ਦੋਵਾਂ ਨੂੰ ਹੰਕਾਰੀ ਨਹੀਂ ਸਮਝਿਆ ਤੇ ਉਨ੍ਹਾਂ ਦੇ ਕੰਮਾਂ ਕਰਕੇ ਉਨ੍ਹਾਂ ਦੀ ਭੰਡੀ ਨਹੀਂ ਕੀਤੀ।—ਮੱਤੀ 12:2-4; ਗਿਣਤੀ 25:7-9; 1 ਸਮੂਏਲ 21:1-6.

ਕੀ ਤੁਹਾਨੂੰ ਯਾਦ ਹੈ?

• ਹੰਕਾਰ ਕੀ ਹੈ?

• ਈਰਖਾ ਨੇ ਕੋਰਹ ਨੂੰ ਕਿਵੇਂ ਹੰਕਾਰੀ ਬਣਾਇਆ ਤੇ ਉਸ ਤੋਂ ਗ਼ਲਤ ਕੰਮ ਕਰਵਾਇਆ?

• ਅਸੀਂ ਅਭਿਲਾਸ਼ੀ ਅਬਸ਼ਾਲੋਮ ਤੋਂ ਕੀ ਸਿੱਖਦੇ ਹਾਂ?

• ਸ਼ਾਊਲ ਦੁਆਰਾ ਦਿਖਾਈ ਬੇਸਬਰੀ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ?

[ਸਵਾਲ]

[ਸਫ਼ੇ 10 ਉੱਤੇ ਤਸਵੀਰ]

ਸ਼ਾਊਲ ਬੇਸਬਰਾ ਹੋ ਗਿਆ ਤੇ ਉਸ ਨੇ ਹੰਕਾਰ ਵਿਚ ਆ ਕੇ ਕੰਮ ਕੀਤਾ