Skip to content

Skip to table of contents

ਅਣਬਣ ਬਾਰੇ ਤੁਸੀਂ ਕੀ ਕਰਦੇ ਹੋ?

ਅਣਬਣ ਬਾਰੇ ਤੁਸੀਂ ਕੀ ਕਰਦੇ ਹੋ?

ਅਣਬਣ ਬਾਰੇ ਤੁਸੀਂ ਕੀ ਕਰਦੇ ਹੋ?

ਅਸੀਂ ਰੋਜ਼ ਤਰ੍ਹਾਂ-ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਹਾਂ। ਇਸ ਤੋਂ ਸਾਨੂੰ ਅਕਸਰ ਖ਼ੁਸ਼ੀ ਮਿਲਦੀ ਹੈ ਅਤੇ ਅਸੀਂ ਇਕ ਦੂਸਰੇ ਤੋਂ ਨਵੀਆਂ ਚੀਜ਼ਾਂ ਸਿੱਖਦੇ ਹਾਂ। ਪਰ ਕਦੇ-ਕਦੇ ਸਾਡੇ ਆਪਸ ਵਿਚ ਛੋਟੇ-ਮੋਟੇ ਝਗੜੇ ਹੋ ਜਾਂਦੇ ਹਨ। ਝਗੜਿਆਂ ਦਾ ਕਾਰਨ ਜੋ ਮਰਜ਼ੀ ਹੋਵੇ ਪਰ ਇਨ੍ਹਾਂ ਬਾਰੇ ਜੋ ਅਸੀਂ ਕਰਦੇ ਹਾਂ ਉਸ ਦਾ ਸਾਡੇ ਮਨ ਅਤੇ ਦਿਲ ਉੱਤੇ ਬਹੁਤ ਅਸਰ ਪੈਂਦਾ ਹੈ।

ਜੇਕਰ ਅਸੀਂ ਅਣਬਣ ਨੂੰ ਚੰਗੀ ਤਰ੍ਹਾਂ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤਾਂ ਇਹ ਸਾਡੀ ਸਿਹਤ ਲਈ ਵੀ ਚੰਗਾ ਹੋਵੇਗਾ ਅਤੇ ਸਾਡੀ ਦੂਸਰਿਆਂ ਨਾਲ ਬਣੀ ਰਹੇਗੀ। ਇਕ ਪੁਰਾਣੀ ਕਹਾਵਤ ਕਹਿੰਦੀ ਹੈ: “ਸ਼ਾਂਤ ਮਨ ਸਰੀਰ ਦਾ ਜੀਉਣ ਹੈ।”—ਕਹਾਉਤਾਂ 14:30.

ਇਹ ਅਸਲੀਅਤ ਕਿੰਨੀ ਸੱਚ ਹੈ: “ਜਿਹੜਾ ਮਨੁੱਖ ਆਪਣੀ ਰੂਹ ਉੱਤੇ ਵੱਸ ਨਹੀਂ ਰੱਖਦਾ, ਉਹ ਉਸ ਢੱਠੇ ਹੋਏ ਨਗਰ ਵਰਗਾ ਹੈ ਜਿਹਦੀ ਸ਼ਹਿਰ ਪਨਾਹ ਨਾ ਹੋਵੇ।” (ਕਹਾਉਤਾਂ 25:28) ਸਾਡੇ ਵਿੱਚੋਂ ਕਿਹੜਾ ਇਨਸਾਨ ਗ਼ਲਤ ਖ਼ਿਆਲਾਂ ਨੂੰ ਆਪਣੇ ਮਨ ਵਿਚ ਰਹਿਣ ਦੇਵੇਗਾ ਜਿਸ ਕਰਕੇ ਸ਼ਾਇਦ ਅਸੀਂ ਗ਼ਲਤ ਕੰਮ ਕਰਨ ਲੱਗ ਪਈਏ—ਅਜਿਹੇ ਕੰਮ ਜਿਨ੍ਹਾਂ ਕਰਕੇ ਕਿਸੇ ਦਾ ਜਾਂ ਆਪਣਾ ਨੁਕਸਾਨ ਹੋ ਜਾਵੇ? ਹੱਦੋਂ ਵੱਧ ਗੁੱਸੇ ਹੋ ਕੇ ਅਸੀਂ ਅਜਿਹੇ ਗ਼ਲਤ ਕੰਮ ਕਰ ਸਕਦੇ ਹਾਂ। ਯਿਸੂ ਮਸੀਹ ਨੇ ਆਪਣੇ ਪਹਾੜੀ ਉਪਦੇਸ਼ ਵਿਚ ਸਲਾਹ ਦਿੱਤੀ ਸੀ ਕਿ ਸਾਨੂੰ ਆਪਣੇ ਸੋਚ-ਵਿਚਾਰਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਜਿਨ੍ਹਾਂ ਨਾਲ ਅਸੀਂ ਝਗੜਿਆਂ ਨੂੰ ਚੱਜ ਨਾਲ ਸੁਧਾਰ ਸਕਦੇ ਹਾਂ। (ਮੱਤੀ 7:3-5) ਦੂਸਰਿਆਂ ਦੀ ਨੁਕਤਾਚੀਨੀ ਕਰਨ ਦੀ ਬਜਾਇ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਦੂਜਿਆਂ ਲੋਕਾਂ ਨਾਲ ਦੋਸਤੀ ਕਿਸ ਤਰ੍ਹਾਂ ਬਣਾਈ ਰੱਖ ਸਕਦੇ ਹਾਂ ਜਿਨ੍ਹਾਂ ਦੇ ਖ਼ਿਆਲ ਜਾਂ ਪਿਛੋਕੜ ਸ਼ਾਇਦ ਸਾਡੇ ਨਾਲੋਂ ਵੱਖਰੇ ਹਨ।

ਸਾਡੀ ਸੋਚਣੀ

ਜੇਕਰ ਕਿਸੇ ਨਾਲ ਸਾਡਾ ਝਗੜਾ ਹੋ ਜਾਵੇ ਜਾਂ ਸਾਨੂੰ ਲੱਗੇ ਕਿ ਕਿਸੇ ਨਾਲ ਸਾਡੀ ਅਣਬਣ ਹੋ ਸਕਦੀ ਹੈ ਤਾਂ ਮਾਮਲਾ ਸੁਲਝਾਉਣ ਲਈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਅਸੀਂ ਕਬੂਲ ਕਰੀਏ ਕਿ ਸਾਡੀ ਸੋਚਣੀ ਅਤੇ ਰਵੱਈਆ ਗ਼ਲਤ ਹੋ ਸਕਦੇ ਹਨ। ਬਾਈਬਲ ਸਾਨੂੰ ਯਾਦ ਦਿਲਾਉਂਦੀ ਹੈ ਕਿ “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” (ਰੋਮੀਆਂ 3:23) ਇਸ ਕਰਕੇ ਧਿਆਨ ਨਾਲ ਸੋਚਣ ਤੋਂ ਬਾਅਦ ਅਸੀਂ ਸ਼ਾਇਦ ਦੇਖੀਏ ਕਿ ਮਸਲਾ ਸਾਡਾ ਹੈ ਨਾ ਕਿ ਦੂਸਰੇ ਜਣੇ ਦਾ। ਇਸ ਗੱਲ ਦੇ ਸੰਬੰਧ ਵਿਚ ਚਲੋ ਆਪਾਂ ਯੂਨਾਹ ਉੱਤੇ ਗੌਰ ਕਰੀਏ।

ਯਹੋਵਾਹ ਨੇ ਯੂਨਾਹ ਨੂੰ ਹੁਕਮ ਦਿੱਤਾ ਕਿ ਉਹ ਨੀਨਵਾਹ ਦੇ ਨਗਰ ਜਾ ਕੇ ਸ਼ਹਿਰ ਦੇ ਵਾਸੀਆਂ ਨੂੰ ਦੱਸੇ ਕਿ ਉਨ੍ਹਾਂ ਉੱਤੇ ਰੱਬ ਵੱਲੋਂ ਤਬਾਹੀ ਆਉਣ ਵਾਲੀ ਸੀ। ਇਸ ਪ੍ਰਚਾਰ ਦਾ ਚੰਗਾ ਨਤੀਜਾ ਨਿਕਲਿਆ। ਨੀਨਵਾਹ ਦਿਆਂ ਸਾਰਿਆਂ ਲੋਕਾਂ ਨੇ ਪਰਮੇਸ਼ੁਰ ਵਿਚ ਨਿਹਚਾ ਕੀਤੀ ਅਤੇ ਆਪਣੇ ਰਾਹ ਤੋਂ ਮੁੜ ਪਏ। (ਯੂਨਾਹ 3:5-10) ਯਹੋਵਾਹ ਨੇ ਉਨ੍ਹਾਂ ਦਾ ਪਸ਼ਚਾਤਾਪ ਦੇਖ ਕੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਅਤੇ ਤਬਾਹੀ ਨਹੀਂ ਲਿਆਂਦੀ। “ਏਹ ਯੂਨਾਹ ਨੂੰ ਬਹੁਤ ਹੀ ਭੈੜਾ ਲੱਗਾ ਅਤੇ ਉਹ ਭਬਕ ਉੱਠਿਆ।” (ਯੂਨਾਹ 4:1) ਯਹੋਵਾਹ ਦੀ ਦਇਆ ਦੇਖ ਕੇ ਯੂਨਾਹ ਦਾ ਰਵੱਈਆ ਬੜਾ ਅਜੀਬ ਸੀ। ਉਹ ਯਹੋਵਾਹ ਨਾਲ ਕਿਉਂ ਗੁੱਸੇ ਸੀ? ਇਸ ਤਰ੍ਹਾਂ ਲੱਗਦਾ ਹੈ ਕਿ ਯੂਨਾਹ ਨੂੰ ਆਪਣੀ ਪਈ ਹੋਈ ਸੀ। ਉਸ ਨੇ ਸੋਚਿਆ ਕਿ ਉਹ ਲੋਕਾਂ ਸਾਮ੍ਹਣੇ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ। ਉਹ ਯਹੋਵਾਹ ਦੀ ਦਇਆ ਨਾ ਸਮਝ ਸਕਿਆ। ਯਹੋਵਾਹ ਨੇ ਪਿਆਰ ਨਾਲ ਯੂਨਾਹ ਨੂੰ ਇਕ ਸਬਕ ਸਿਖਾਇਆ ਜਿਸ ਨਾਲ ਉਹ ਆਪਣੀ ਸੋਚਣੀ ਬਦਲ ਸਕਿਆ ਅਤੇ ਯਹੋਵਾਹ ਦੀ ਮਿਹਰ ਦੀ ਅਹਿਮੀਅਤ ਪਛਾਣ ਸਕਿਆ। (ਯੂਨਾਹ 4:7-11) ਇਸ ਉਦਾਹਰਣ ਤੋਂ ਸਪੱਸ਼ਟ ਹੁੰਦਾ ਹੈ ਕਿ ਯਹੋਵਾਹ ਨੂੰ ਨਹੀਂ ਪਰ ਯੂਨਾਹ ਨੂੰ ਆਪਣੀ ਸੋਚਣੀ ਬਦਲਣ ਦੀ ਜ਼ਰੂਰਤ ਸੀ।

ਕੀ ਸਾਨੂੰ ਵੀ ਕਦੇ-ਕਦੇ ਇਸ ਤਰ੍ਹਾਂ ਕਿਸੇ ਗੱਲ ਬਾਰੇ ਆਪਣੀ ਸੋਚਣੀ ਬਦਲਣੀ ਚਾਹੀਦੀ ਹੈ? ਪੌਲੁਸ ਰਸੂਲ ਨੇ ਸਾਨੂੰ ਸਮਝਾਇਆ: “ਆਦਰ ਵਿੱਚ ਦੂਏ ਨੂੰ ਚੰਗਾ ਸਮਝੋ।” (ਰੋਮੀਆਂ 12:10) ਉਸ ਦੇ ਕਹਿਣ ਦਾ ਕੀ ਮਤਲਬ ਸੀ? ਇਕ ਤਰ੍ਹਾਂ ਉਹ ਕਹਿ ਰਿਹਾ ਸੀ ਕਿ ਸਾਨੂੰ ਸੰਗੀ ਮਸੀਹੀਆਂ ਦਾ ਮਾਣ ਅਤੇ ਆਦਰ ਕਰਨਾ ਚਾਹੀਦਾ ਹੈ। ਇਸ ਵਿਚ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਰਿਆਂ ਨੂੰ ਆਪੋ-ਆਪਣੇ ਫ਼ੈਸਲੇ ਕਰਨ ਦਾ ਸਨਮਾਨ ਦਿੱਤਾ ਗਿਆ ਹੈ। ਪੌਲੁਸ ਨੇ ਸਾਨੂੰ ਇਹ ਵੀ ਯਾਦ ਦਿਲਾਇਆ ਕਿ “ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ।” (ਗਲਾਤੀਆਂ 6:5) ਇਸ ਕਰਕੇ ਕਿਸੇ ਅਣਬਣ ਕਰਕੇ ਫੁੱਟ ਪੈਣ ਤੋਂ ਪਹਿਲਾਂ ਕਿੰਨਾ ਚੰਗਾ ਹੋਵੇਗਾ ਜੇਕਰ ਅਸੀਂ ਧਿਆਨ ਦੇਈਏ ਕਿ ਕਿਤੇ ਸਾਡੀ ਆਪਣੀ ਸੋਚਣੀ ਵਿਚ ਸੁਧਾਰ ਲਿਆਉਣ ਦੀ ਤਾਂ ਜ਼ਰੂਰਤ ਨਹੀਂ! ਯਹੋਵਾਹ ਵਰਗੀ ਸੋਚਣੀ ਅਪਣਾਉਣ ਵਾਸਤੇ ਸਾਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਤਾਂਕਿ ਅਸੀਂ ਉਨ੍ਹਾਂ ਨਾਲ ਚੰਗਾ ਰਿਸ਼ਤਾ ਕਾਇਮ ਰੱਖ ਸਕੀਏ ਜੋ ਉਸ ਨੂੰ ਪਿਆਰ ਕਰਦੇ ਹਨ।—ਯਸਾਯਾਹ 55:8, 9.

ਸਾਡਾ ਤਰੀਕਾ

ਫ਼ਰਜ਼ ਕਰੋ ਕਿ ਦੋ ਨਿਆਣੇ ਇੱਕੋ ਖਿਡੌਣੇ ਮਗਰ ਲੱਗੇ ਹੋਏ ਹਨ। ਦੋਵੇਂ ਉਸ ਨੂੰ ਜ਼ੋਰ ਨਾਲ ਖਿੱਚ ਰਹੇ ਹਨ। ਗੁੱਸੇ ਵਿਚ ਲੜਦੇ ਹੋਏ ਉਹ ਇਕ ਦੂਜੇ ਨੂੰ ਬੁਰਾ-ਭਲਾ ਕਹਿ ਰਹੇ ਹਨ। ਉਹ ਉੱਨਾ ਚਿਰ ਲੜਦੇ ਰਹਿੰਦੇ ਹਨ ਜਿੰਨਾ ਚਿਰ ਉਨ੍ਹਾਂ ਵਿੱਚੋਂ ਇਕ ਖਿਡੌਣੇ ਨੂੰ ਛੱਡ ਨਹੀਂ ਦਿੰਦਾ ਜਾਂ ਜਦ ਤਾਈਂ ਕੋਈ ਉਨ੍ਹਾਂ ਨੂੰ ਆ ਕੇ ਰੋਕ ਨਹੀਂ ਦਿੰਦਾ।

ਉਤਪਤ ਦੀ ਪੋਥੀ ਵਿਚ ਸਾਨੂੰ ਦੱਸਿਆ ਜਾਂਦਾ ਹੈ ਕਿ ਅਬਰਾਹਾਮ ਦੇ ਅਤੇ ਉਸ ਦੇ ਭਤੀਜੇ ਲੂਤ ਦੇ ਚਰਵਾਹਿਆਂ ਵਿਚਕਾਰ ਝਗੜਾ ਹੋਇਆ। ਅਬਰਾਹਾਮ ਇਹ ਗੱਲ ਸੁਣ ਕੇ ਸਿੱਧਾ ਲੂਤ ਕੋਲ ਗਿਆ ਅਤੇ ਆਖਣ ਲੱਗਾ: “ਮੇਰੇ ਅਰ ਤੇਰੇ ਅਤੇ ਮੇਰੇ ਅਰ ਤੇਰੇ ਪਾਲੀਆਂ ਵਿੱਚ ਝਗੜਾ ਨਹੀਂ ਹੋਣਾ ਚਾਹੀਦਾ ਕਿਉਂਜੋ ਅਸੀਂ ਭਰਾ ਹਾਂ।” ਅਬਰਾਹਾਮ ਨਹੀਂ ਚਾਹੁੰਦਾ ਸੀ ਕਿ ਕਿਸੇ ਅਣਬਣ ਕਰਕੇ ਉਨ੍ਹਾਂ ਦੀ ਰਿਸ਼ਤੇਦਾਰੀ ਖ਼ਰਾਬ ਹੋ ਜਾਵੇ। ਇਹ ਉਸ ਨੂੰ ਕਿੰਨੀ ਪਿਆਰੀ ਸੀ? ਉਹ ਆਪਣਾ ਵੱਡੇ ਹੋਣ ਦਾ ਹੱਕ ਕੁਰਬਾਨ ਕਰਨ ਲਈ ਅਤੇ ਨੀਵਾਂ ਹੋਣ ਲਈ ਤਿਆਰ ਸੀ। ਅਬਰਾਹਾਮ ਨੇ ਲੂਤ ਨੂੰ ਚੁਣ ਲੈਣ ਦਿੱਤਾ ਕਿ ਉਹ ਆਪਣੇ ਇੱਜੜ ਅਤੇ ਟੱਬਰ ਨਾਲ ਕਿੱਥੇ ਰਹਿਣਾ ਚਾਹੁੰਦਾ ਸੀ। ਲੂਤ ਨੇ ਸਦੂਮ ਅਤੇ ਅਮੂਰਾਹ ਦਾ ਹਰਿਆ-ਭਰਿਆ ਇਲਾਕਾ ਚੁਣਿਆ। ਅਬਰਾਹਾਮ ਅਤੇ ਲੂਤ ਸ਼ਾਂਤੀ ਵਿਚ ਆਪੋ-ਆਪਣੇ ਰਾਹ ਪਏ ਅਤੇ ਉਨ੍ਹਾਂ ਦਾ ਝਗੜਾ ਖ਼ਤਮ ਹੋ ਗਿਆ।—ਉਤਪਤ 13:5-12.

ਦੂਸਰਿਆਂ ਨਾਲ ਸ਼ਾਂਤੀ ਰੱਖਣ ਲਈ ਕੀ ਅਸੀਂ ਅਬਰਾਹਾਮ ਵਾਂਗ ਕਰਨ ਲਈ ਤਿਆਰ ਹਾਂ? ਬਾਈਬਲ ਦੀ ਇਹ ਘਟਨਾ ਸਾਡੇ ਲਈ ਇਕ ਵਧੀਆ ਨਮੂਨਾ ਹੈ ਕਿ ਅਸੀਂ ਅਣਬਣ ਬਾਰੇ ਕੀ ਕਰ ਸਕਦੇ ਹਾਂ। ਅਬਰਾਹਾਮ ਨੇ ਕਿਹਾ ਕਿ “ਝਗੜਾ ਨਹੀਂ ਹੋਣਾ ਚਾਹੀਦਾ।” ਅਬਰਾਹਾਮ ਦਿਲੋਂ ਚਾਹੁੰਦਾ ਸੀ ਕਿ ਉਨ੍ਹਾਂ ਦਾ ਮਸਲਾ ਹੱਲ ਕੀਤਾ ਜਾਵੇ ਅਤੇ ਝਗੜਾ ਖ਼ਤਮ ਹੋਵੇ। ਇਸ ਤਰ੍ਹਾਂ ਸ਼ਾਂਤੀ ਕਾਇਮ ਰੱਖਣ ਦੀ ਇੱਛਾ ਹਰ ਤਰ੍ਹਾਂ ਦੀ ਲੜਾਈ ਨੂੰ ਸੱਚ-ਮੁੱਚ ਖ਼ਤਮ ਕਰ ਦੇਵੇਗੀ। ਅਬਰਾਹਾਮ ਨੇ ਅੱਗੇ ਗੱਲ ਇਸ ਤਰ੍ਹਾਂ ਨਿਬੇੜੀ “ਕਿਉਂਜੋ ਅਸੀਂ ਭਰਾ ਹਾਂ।” ਭਾਈਬੰਦੀ ਦਾ ਇੰਨਾ ਚੰਗਾ ਰਿਸ਼ਤਾ ਆਪਣੀ ਮਰਜ਼ੀ ਜਾਂ ਘਮੰਡ ਲਈ ਕੁਰਬਾਨ ਨਹੀਂ ਕੀਤਾ ਜਾਣਾ ਚਾਹੀਦਾ। ਇਸ ਲਈ ਅਬਰਾਹਾਮ ਨੇ ਆਪਣਾ ਧਿਆਨ ਜ਼ਰੂਰੀ ਗੱਲ ਵੱਲ ਰੱਖਿਆ। ਉਸ ਨੇ ਸਵੈ-ਮਾਣ ਰੱਖਦੇ ਹੋਏ ਆਪਣੇ ਭਤੀਜੇ ਨੂੰ ਘੱਟ ਨਹੀਂ ਮਹਿਸੂਸ ਕਰਵਾਇਆ ਪਰ ਉਸ ਦਾ ਆਦਰ ਕੀਤਾ।

ਕਦੀ-ਕਦੀ ਕਿਸੇ ਅਣਬਣ ਵਿਚ ਕਿਸੇ ਬਾਹਰਲੇ ਦੀ ਮਦਦ ਜ਼ਰੂਰੀ ਹੁੰਦੀ ਹੈ, ਪਰ ਸਭ ਤੋਂ ਵਧੀਆ ਤਾਂ ਇਹ ਹੋਵੇਗਾ ਜੇਕਰ ਗੱਲ ਆਪੋ ਵਿਚ ਨਿਪਟਾਈ ਜਾਵੇ। ਯਿਸੂ ਨੇ ਕਿਹਾ ਸੀ ਕਿ ਸਾਨੂੰ ਆਪਣੇ ਭਰਾ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ, ਭਾਵੇਂ ਸਾਨੂੰ ਮਾਫ਼ੀ ਕਿਉਂ ਨਾ ਮੰਗਣੀ ਪਵੇ। * (ਮੱਤੀ 5:23, 24) ਇਸ ਤਰ੍ਹਾਂ ਕਰਨ ਲਈ ਸਾਨੂੰ ਹਲੀਮ ਹੋਣਾ ਪਵੇਗਾ, ਪਰ ਪਤਰਸ ਨੇ ਲਿਖਿਆ: “ਇੱਕ ਦੂਏ ਦੀ ਟਹਿਲ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨ੍ਹੋਂ, ਇਸ ਲਈ ਜੋ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖ਼ਸ਼ਦਾ ਹੈ।” (1 ਪਤਰਸ 5:5) ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਜਿਸ ਤਰ੍ਹਾਂ ਪੇਸ਼ ਆਉਂਦੇ ਹਾਂ, ਉਸ ਦਾ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਤੇ ਬਹੁਤ ਅਸਰ ਪੈਂਦਾ ਹੈ।—1 ਯੂਹੰਨਾ 4:20.

ਮਸੀਹੀ ਕਲੀਸਿਯਾ ਵਿਚ ਸ਼ਾਂਤੀ ਕਾਇਮ ਰੱਖਣ ਲਈ ਸਾਨੂੰ ਸ਼ਾਇਦ ਆਪਣਾ ਕੋਈ ਹੱਕ ਤਿਆਗਣਾ ਪਵੇ। ਯਹੋਵਾਹ ਦੇ ਗਵਾਹਾਂ ਵਿੱਚੋਂ ਕਾਫ਼ੀ ਸਾਰੇ ਲੋਕ ਪਿਛਲਿਆਂ ਪੰਜਾਂ ਸਾਲਾਂ ਵਿਚ ਪਰਮੇਸ਼ੁਰ ਦੇ ਸੱਚੇ ਭਗਤਾਂ ਦੇ ਪਰਿਵਾਰ ਨਾਲ ਇਕੱਠੇ ਹੋਣ ਲੱਗੇ ਹਨ। ਇਸ ਤੋਂ ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ! ਸਾਡੇ ਸੁਚੱਜੇ ਵਰਤਾਉ ਦਾ ਇਨ੍ਹਾਂ ਅਤੇ ਕਲੀਸਿਯਾ ਦੇ ਹੋਰਨਾਂ ਭੈਣਾਂ-ਭਰਾਵਾਂ ਤੇ ਜ਼ਰੂਰ ਅਸਰ ਪੈਂਦਾ ਹੈ। ਇਸ ਕਰਕੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਵਿਚ ਹਿੱਸਾ ਲੈਂਦੇ ਹਾਂ ਭਾਵੇਂ ਉਹ ਕੰਮ, ਸ਼ੌਕ, ਦਿਲਪਰਚਾਵਾ ਜਾਂ ਕੋਈ ਹੋਰ ਮਿਲਣੀ ਵਰਤਣੀ ਕਿਉਂ ਨਾ ਹੋਵੇ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਦੂਜੇ ਸਾਡੇ ਬਾਰੇ ਕੀ ਸੋਚਦੇ ਹਨ। ਸਾਡੀ ਕਿਸੇ ਕਰਨੀ ਜਾਂ ਕਹਿਣੀ ਦੇ ਭੁਲੇਖੇ ਕਾਰਨ ਕਿਸੇ ਨੂੰ ਠੋਕਰ ਲੱਗਣ ਦਾ ਡਰ ਤਾਂ ਨਹੀਂ?

ਪੌਲੁਸ ਰਸੂਲ ਨੇ ਸਾਨੂੰ ਯਾਦ ਦਿਲਾਇਆ ਕਿ “ਸਾਰੀਆਂ ਵਸਤਾਂ ਉਚਿਤ ਹਨ ਪਰ ਸੱਭੇ ਲਾਭਦਾਇਕ ਨਹੀਂ। ਸਾਰੀਆਂ ਵਸਤਾਂ ਉਚਿਤ ਹਨ ਪਰ ਸੱਭੇ ਗੁਣਕਾਰ ਨਹੀਂ। ਕੋਈ ਆਪਣੇ ਹੀ ਨਹੀਂ ਸਗੋਂ ਦੂਏ ਦੇ ਭਲੇ ਲਈ ਜਤਨ ਕਰੇ।” (1 ਕੁਰਿੰਥੀਆਂ 10:23, 24) ਮਸੀਹੀਆਂ ਵਜੋਂ, ਅਸੀਂ ਸੱਚ-ਮੁੱਚ ਚਾਹੁੰਦੇ ਹਾਂ ਕਿ ਸਾਡੇ ਮਸੀਹੀ ਭਾਈਚਾਰੇ ਦੀ ਏਕਤਾ ਅਤੇ ਪ੍ਰੀਤ ਬਣੀ ਰਹੇ।—ਜ਼ਬੂਰ 133:1; ਯੂਹੰਨਾ 13:34, 35.

ਮਿੱਠੇ ਬੋਲ

ਮਿੱਠੇ ਬੋਲ ਦਾ ਚੰਗਾ ਅਸਰ ਹੋ ਸਕਦਾ ਹੈ। “ਸ਼ੁਭ ਬਚਨ ਮਖੀਰ ਦੀ ਛੱਲੀ ਵਾਂਙੁ ਹਨ, ਓਹ ਜੀ ਨੂੰ ਮਿੱਠੇ ਲੱਗਦੇ ਅਤੇ ਹੱਡੀਆਂ ਨੂੰ ਸਿਹਤ ਦਿੰਦੇ ਹਨ।” (ਕਹਾਉਤਾਂ 16:24) ਇਸ ਕਹਾਵਤ ਦੀ ਅਸਲੀਅਤ ਅਸੀਂ ਗਿਦਾਊਨ ਦੀ ਕਹਾਣੀ ਤੋਂ ਦੇਖ ਸਕਦੇ ਹਾਂ ਜਿਸ ਨੇ ਇਫ਼ਰਾਈਮ ਦੇ ਲੋਕਾਂ ਨਾਲ ਲੜਾਈ ਸ਼ੁਰੂ ਹੋਣ ਤੋਂ ਰੋਕੀ ਸੀ।

ਜਦੋਂ ਗਿਦਾਊਨ ਮਿਦਯਾਨੀ ਫ਼ੌਜਾਂ ਨਾਲ ਲੜ ਰਿਹਾ ਸੀ ਤਾਂ ਉਸ ਨੇ ਇਫ਼ਰਾਈਮ ਦੇ ਲੋਕਾਂ ਤੋਂ ਮਦਦ ਮੰਗੀ। ਪਰ ਜੰਗ ਖ਼ਤਮ ਹੋਣ ਤੇ, ਇਫ਼ਰਾਈਮ ਦੇ ਲੋਕਾਂ ਨੇ ਗਿਦਾਊਨ ਨੂੰ ਉਲਾਹਮਾ ਦਿੱਤਾ ਕਿ ਜੰਗ ਦੇ ਸ਼ੁਰੂ ਤੋਂ ਉਨ੍ਹਾਂ ਨੂੰ ਕਿਉਂ ਨਹੀਂ ਬੁਲਾਇਆ ਗਿਆ ਸੀ। ਬਾਈਬਲ ਵਿਚ ਇਸ ਬਾਰੇ ਲਿਖਿਆ ਗਿਆ ਹੈ ਕਿ “ਉਨ੍ਹਾਂ ਨੇ ਉਹ ਦੇ ਨਾਲ ਡਾਢਾ ਝਗੜਾ ਕੀਤਾ।” ਗਿਦਾਊਨ ਨੇ ਜਵਾਬ ਵਿਚ ਉਨ੍ਹਾਂ ਨੂੰ ਕਿਹਾ: “ਹੁਣ ਮੈਂ ਤੁਹਾਡੇ ਸਮਾਨ ਕੀ ਕੀਤਾ ਹੈ? ਭਲਾ, ਇਫ਼ਰਾਈਮ ਦੇ ਦਾਖਾਂ ਦੀ ਰਹਿੰਦ ਖੂੰਧ ਅਬੀ ਅਜਰ ਦੇ ਦਾਖਾਂ ਦੀ ਫਸਲ ਨਾਲੋਂ ਚੰਗੀ ਨਹੀਂ? ਪਰਮੇਸ਼ੁਰ ਨੇ ਮਿਦਯਾਨ ਦੇ ਸਰਦਾਰ ਓਰੇਬ ਅਤੇ ਜ਼ਏਬ ਨੂੰ ਤੁਹਾਡੇ ਵੱਸ ਕਰ ਦਿੱਤਾ, ਹੋਰ ਤੁਹਾਡੇ ਸਮਾਨ ਕੰਮ ਕਰਨ ਦੀ ਮੇਰੀ ਕੀ ਸਮਰੱਥਾ ਸੀ?” (ਨਿਆਈਆਂ 8:1-3) ਗਿਦਾਊਨ ਦੇ ਮਿੱਠੇ ਅਤੇ ਚੰਗੇ ਬੋਲ ਨੇ ਉਨ੍ਹਾਂ ਦਾ ਗੁੱਸਾ ਠੰਢਾ ਕੀਤਾ ਅਤੇ ਉਨ੍ਹਾਂ ਦੇ ਗੋਤਾਂ ਵਿਚ ਲੜਾਈ ਹੋਣ ਤੋਂ ਰੋਕੀ। ਇਫ਼ਰਾਈਮ ਦੇ ਲੋਕ ਸ਼ਾਇਦ ਆਪਣੇ ਬਾਰੇ ਜ਼ਿਆਦਾ ਸੋਚਦੇ ਸਨ ਅਤੇ ਉਨ੍ਹਾਂ ਨੂੰ ਆਪਣੇ ਆਪ ਉੱਤੇ ਮਾਣ ਸੀ। ਪਰ ਇਸ ਚੀਜ਼ ਨੇ ਗਿਦਾਊਨ ਨੂੰ ਸ਼ਾਂਤੀ ਲਿਆਉਣ ਤੋਂ ਨਹੀਂ ਰੋਕਿਆ। ਕੀ ਅਸੀਂ ਵੀ ਇਸ ਤਰ੍ਹਾਂ ਕਰ ਸਕਦੇ ਹਾਂ?

ਦੂਸਰਿਆਂ ਨੂੰ ਜਦੋਂ ਗੁੱਸਾ ਚੜ੍ਹਦਾ ਹੈ ਤਾਂ ਉਹ ਸ਼ਾਇਦ ਸਾਡੇ ਨਾਲ ਝਗੜਾ ਸ਼ੁਰੂ ਕਰਨ। ਉਨ੍ਹਾਂ ਦੀ ਗੱਲ ਸੁਣੋ ਅਤੇ ਮਾਮਲੇ ਨੂੰ ਉਨ੍ਹਾਂ ਦੇ ਪੱਖੋਂ ਸਮਝਣ ਦੀ ਕੋਸ਼ਿਸ਼ ਕਰੋ। ਕੀ ਉਹ ਸਾਡੇ ਕਿਸੇ ਕੰਮ ਜਾਂ ਕਹਿਣੀ ਕਰਕੇ ਨਾਰਾਜ਼ ਹਨ? ਜੇ ਥੋੜ੍ਹਾ-ਬਹੁਤਾ ਕਸੂਰ ਸਾਡਾ ਹੈ ਤਾਂ ਕਿਉਂ ਨਾ ਆਪਣੀ ਜ਼ਿੰਮੇਵਾਰੀ ਕਬੂਲ ਕਰੋ ਅਤੇ ਉਨ੍ਹਾਂ ਤੋਂ ਮਾਫ਼ੀ ਮੰਗੋ। ਥੋੜੇ ਜਿਹੇ ਮਿੱਠੇ ਬੋਲ ਵਿਗੜ ਰਹੇ ਰਿਸ਼ਤੇ ਨੂੰ ਠੀਕ ਕਰ ਸਕਦੇ ਹਨ। (ਯਾਕੂਬ 3:4) ਜੋ ਲੋਕ ਨਾਰਾਜ਼ ਹਨ ਉਨ੍ਹਾਂ ਨੂੰ ਸ਼ਾਇਦ ਸਾਡੇ ਤੋਂ ਸਿਰਫ਼ ਤਸੱਲੀ ਦੀ ਲੋੜ ਹੋਵੇ। ਬਾਈਬਲ ਸਾਨੂੰ ਦੱਸਦੀ ਹੈ ਕਿ “ਜਿੱਥੇ ਬਾਲਣ ਨਹੀਂ ਉੱਥੇ ਅੱਗ ਬੁੱਝ ਜਾਂਦੀ ਹੈ।” (ਕਹਾਉਤਾਂ 26:20) ਜੀ ਹਾਂ, ਥੋੜੇ ਜਿਹੇ ਚੰਗੇ ਬੋਲ ਜੋ ਪਿਆਰ ਨਾਲ ਕਹੇ ਗਏ ਹੋਣ ‘ਗੁੱਸੇ ਨੂੰ ਠੰਡਾ ਕਰ ਦਿੰਦੇ ਹਨ’ ਅਤੇ ਗੱਲ ਨਿਬੇੜ ਦਿੰਦੇ ਹਨ।—ਕਹਾਉਤਾਂ 15:1.

ਪੌਲੁਸ ਰਸੂਲ ਨੇ ਸਾਨੂੰ ਇਹ ਸਲਾਹ ਦਿੱਤੀ ਸੀ ਕਿ “ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।” (ਰੋਮੀਆਂ 12:18) ਇਹ ਗੱਲ ਸੱਚ ਹੈ ਕਿ ਅਸੀਂ ਦੂਸਰਿਆਂ ਦੇ ਦਿਲਾਂ ਨੂੰ ਕੰਟ੍ਰੋਲ ਨਹੀਂ ਕਰ ਸਕਦੇ ਪਰ ਅਸੀਂ ਸ਼ਾਂਤੀ ਕਾਇਮ ਰੱਖਣ ਲਈ ਆਪਣੀ ਜ਼ਿੰਮੇਵਾਰੀ ਸੰਭਾਲ ਸਕਦੇ ਹਾਂ। ਆਪਣੀ ਜਾਂ ਦੂਸਰੇ ਦੀ ਅਕਲ ਅਨੁਸਾਰ ਗੱਲ ਚਲਾਉਣ ਦੀ ਬਜਾਇ ਅਸੀਂ ਬਾਈਬਲ ਦੇ ਸਿਧਾਂਤਾਂ ਉੱਤੇ ਅਮਲ ਕਰ ਸਕਦੇ ਹਾਂ। ਜੇਕਰ ਅਸੀਂ ਅਣਬਣ ਨੂੰ ਯਹੋਵਾਹ ਦੀ ਸਿੱਖਿਆ ਅਨੁਸਾਰ ਨਿਬੇੜਾਂਗੇ ਤਾਂ ਇਹ ਸਾਡੇ ਲਈ ਹਮੇਸ਼ਾ ਦੀ ਸ਼ਾਂਤੀ ਅਤੇ ਖ਼ੁਸ਼ੀ ਲਿਆਵੇਗਾ।—ਯਸਾਯਾਹ 48:17.

[ਫੁਟਨੋਟ]

^ ਪੈਰਾ 13 ਅਕਤੂਬਰ 15, 1999 ਦੇ ਪਹਿਰਾਬੁਰਜ ਦੇ ਲੇਖ “ਦਿਲੋਂ ਮਾਫ਼ ਕਰੋ” ਅਤੇ “ਤੁਸੀਂ ਸ਼ਾਇਦ ਆਪਣੇ ਭਾਈ ਨੂੰ ਜਿੱਤ ਲਵੋਗੇ” ਦੇਖੋ।

[ਸਫ਼ੇ 24 ਉੱਤੇ ਤਸਵੀਰ]

ਕੀ ਅਸੀਂ ਆਪਣੀ ਹੀ ਗੱਲ ਤੇ ਜ਼ੋਰ ਦਿੰਦੇ ਹਾਂ?

[ਸਫ਼ੇ 25 ਉੱਤੇ ਤਸਵੀਰ]

ਅਬਰਾਹਾਮ ਨੇ ਨਿਮਰਤਾ ਦਿਖਾ ਕੇ ਸਾਡੇ ਲਈ ਇਕ ਵਧੀਆ ਨਮੂਨਾ ਛੱਡਿਆ ਕਿ ਝਗੜਿਆਂ ਨੂੰ ਕਿਸ ਤਰ੍ਹਾਂ ਨਿਬੇੜਿਆ ਜਾ ਸਕਦਾ ਹੈ