Skip to content

Skip to table of contents

ਨਫ਼ਰਤ ਮਿਟਾਉਣ ਦਾ ਇੱਕੋ-ਇਕ ਤਰੀਕਾ

ਨਫ਼ਰਤ ਮਿਟਾਉਣ ਦਾ ਇੱਕੋ-ਇਕ ਤਰੀਕਾ

ਨਫ਼ਰਤ ਮਿਟਾਉਣ ਦਾ ਇੱਕੋ-ਇਕ ਤਰੀਕਾ

“ਨਫ਼ਰਤ ਡਰ ਤੋਂ ਪੈਦਾ ਹੁੰਦੀ ਹੈ . . . ਅਸੀਂ ਉਸ ਚੀਜ਼ ਨਾਲ ਨਫ਼ਰਤ ਕਰਦੇ ਹਾਂ ਜਿਸ ਚੀਜ਼ ਤੋਂ ਅਸੀਂ ਡਰਦੇ ਹਾਂ। ਇਸ ਲਈ, ਜਿੱਥੇ ਨਫ਼ਰਤ ਹੈ ਉੱਥੇ ਡਰ ਵੀ ਹੁੰਦਾ ਹੈ।”—ਸਿਰਲ ਕੋਨਾਲੀ, ਸਾਹਿੱਤਕ ਆਲੋਚਕ ਅਤੇ ਐਡੀਟਰ।

ਕਈ ਸਮਾਜਕ ਵਿਗਿਆਨੀ ਮੰਨਦੇ ਹਨ ਕਿ ਨਫ਼ਰਤ ਇਨਸਾਨਾਂ ਦੇ ਮਨਾਂ ਵਿਚ ਡੂੰਘੀ ਤਰ੍ਹਾਂ ਸਮਾਈ ਹੋਈ ਹੈ। ਇਕ ਰਾਜਨੀਤਿਕ ਵਿਗਿਆਨੀ ਨੇ ਕਿਹਾ ਕਿ ‘ਜ਼ਿਆਦਾਤਰ ਨਫ਼ਰਤ ਇਨਸਾਨਾਂ ਵਿਚ ਕੁਦਰਤੀ ਹੈ,’ ਯਾਨੀ ਅਸੀਂ ਇਸ ਤਰ੍ਹਾਂ ਬਣਾਏ ਗਏ ਹਾਂ।

ਅਸੀਂ ਸਮਝ ਸਕਦੇ ਹਾਂ ਕਿ ਵਿਗਿਆਨੀ ਅਜਿਹੇ ਸਿੱਟੇ ਕਿਉਂ ਕੱਢਦੇ ਹਨ। ਉਹ ਸਿਰਫ਼ ਅਜਿਹਿਆਂ ਲੋਕਾਂ ਦੀ ਹੀ ਜਾਂਚ ਕਰ ਸਕਦੇ ਹਨ ਜੋ ਬਾਈਬਲ ਦੇ ਅਨੁਸਾਰ “ਬਦੀ ਵਿੱਚ” ਜੰਮੇ ਹਨ ਅਤੇ “ਪਾਪ ਵਿੱਚ” ਪੈਦਾ ਹੋਏ ਹਨ। (ਜ਼ਬੂਰ 51:5) ਹਜ਼ਾਰਾਂ ਹੀ ਸਾਲ ਪਹਿਲਾਂ ਪਾਪੀ ਮਨੁੱਖਾਂ ਬਾਰੇ ਗੱਲ ਕਰਦੇ ਹੋਏ ਸਾਡੇ ਸਿਰਜਣਹਾਰ ਨੇ ਵੀ “ਵੇਖਿਆ ਕਿ ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ।”—ਉਤਪਤ 6:5.

ਪੱਖਪਾਤ ਤੋਂ ਪੈਦਾ ਹੋਣ ਵਾਲੀ ਨਫ਼ਰਤ ਇਨਸਾਨਾਂ ਦੀ ਅਪੂਰਣਤਾ ਅਤੇ ਖ਼ੁਦਗਰਜ਼ੀ ਦਾ ਫਲ ਹੈ। (ਬਿਵਸਥਾ ਸਾਰ 32:5) ਦੁੱਖ ਦੀ ਗੱਲ ਹੈ ਕਿ ਇਨ੍ਹਾਂ ਮਾਮਲਿਆਂ ਵਿਚ ਇਨਸਾਨਾਂ ਦੀ ਕੋਈ ਵੀ ਸੰਸਥਾ ਜਾਂ ਸਰਕਾਰ ਬੰਦਿਆਂ ਦੇ ਦਿਲਾਂ ਵਿਚ ਤਬਦੀਲੀ ਲਿਆਉਣ ਲਈ ਕੋਈ ਵੀ ਕਾਨੂੰਨ ਨਹੀਂ ਬਣਾ ਸਕੀ। ਜੋਹਾਨਾ ਮਕਗਿਰੀ ਨਾਂ ਦੀ ਇਕ ਵਿਦੇਸ਼ੀ ਪੱਤਰਕਾਰ ਨੇ ਕਿਹਾ: “ਦੁਨੀਆਂ ਭਰ ਵਿਚ ਅਜਿਹੀ ਕੋਈ ਵੀ ਸ਼ਕਤੀ ਨਹੀਂ ਹੈ ਜੋ ਉਸ ਨਫ਼ਰਤ ਨੂੰ ਰੋਕ ਸਕੇ ਜਿਸ ਕਾਰਨ ਬੋਸਨੀਆ, ਸੋਮਾਲੀਆ, ਲਾਈਬੀਰੀਆ, ਕਸ਼ਮੀਰ, ਅਤੇ ਕੌਕੇਸਸ ਵਿਚ ਖ਼ੂਨ-ਖ਼ਰਾਬੇ ਹੋਏ ਹਨ।”

ਲੇਕਿਨ, ਇਸ ਸਮੱਸਿਆ ਦਾ ਹੱਲ ਲੱਭਣ ਤੋਂ ਪਹਿਲਾਂ ਸਾਨੂੰ ਥੋੜ੍ਹਾ-ਬਹੁਤਾ ਜਾਣਨਾ ਪਵੇਗਾ ਕਿ ਲੋਕ ਨਫ਼ਰਤ ਕਿਉਂ ਕਰਦੇ ਹਨ।

ਡਰ ਕਾਰਨ ਨਫ਼ਰਤ

ਨਫ਼ਰਤ ਦੇ ਕਈ ਰੂਪ ਹੁੰਦੇ ਹਨ। ਐਂਡਰੂ ਸਲਿੱਵਨ ਨਾਂ ਦੇ ਇਕ ਲੇਖਕ ਨੇ ਇਸ ਗੱਲ ਦਾ ਚੰਗੀ ਤਰ੍ਹਾਂ ਸਾਰ ਕੱਢਿਆ ਜਦੋਂ ਉਸ ਨੇ ਲਿਖਿਆ: ‘ਕਦੀ-ਕਦੀ ਡਰ ਦੇ ਕਾਰਨ ਨਫ਼ਰਤ ਕੀਤੀ ਜਾਂਦੀ ਹੈ, ਅਤੇ ਕਦੀ-ਕਦੀ ਘਿਰਣਾ ਦਿਖਾਉਣ ਲਈ ਕੀਤੀ ਜਾਂਦੀ ਹੈ। ਨਫ਼ਰਤ ਤਾਕਤ ਦਿਖਾਉਣ ਲਈ ਜਾਂ ਬੇਵੱਸੀ ਦੇ ਕਾਰਨ ਵੀ ਕੀਤੀ ਜਾਂਦੀ ਹੈ। ਫਿਰ ਬਦਲਾ ਲੈਣ ਵਾਲੀ ਨਫ਼ਰਤ ਵੀ ਹੁੰਦੀ ਹੈ ਅਤੇ ਨਫ਼ਰਤ ਈਰਖਾ ਤੋਂ ਵੀ ਪੈਦਾ ਹੋ ਸਕਦੀ ਹੈ। ਅਤਿਆਚਾਰ ਕਰਨ ਵਾਲੇ ਅਤੇ ਉਸ ਦੇ ਸ਼ਿਕਾਰ ਬਣਨ ਵਾਲੇ ਵੀ ਨਫ਼ਰਤ ਕਰਦੇ ਹਨ। ਅਜਿਹੀ ਵੀ ਨਫ਼ਰਤ ਹੁੰਦੀ ਹੈ ਜੋ ਹੌਲੀ-ਹੌਲੀ ਵਧਦੀ ਰਹਿੰਦੀ ਹੈ, ਅਤੇ ਉਹ ਜੋ ਜਲਦੀ ਮਿਟ ਜਾਂਦੀ ਹੈ। ਭੜਕ ਉੱਠਣ ਵਾਲੀ ਨਫ਼ਰਤ ਵੀ ਹੁੰਦੀ ਹੈ ਅਤੇ ਉਹ ਨਫ਼ਰਤ ਵੀ ਹੁੰਦੀ ਹੈ ਜੋ ਕਦੀ ਮਚ ਨਹੀਂ ਉੱਠਦੀ।’

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਸਮਿਆਂ ਵਿਚ ਸਮਾਜ ਵਿਚ ਪਦਵੀ ਅਤੇ ਪੈਸੇ ਨਫ਼ਰਤ-ਭਰੀ ਵਿਰੋਧਤਾ ਦੇ ਮੁੱਖ ਕਾਰਨ ਹਨ। ਨਫ਼ਰਤ ਅਤੇ ਪੱਖਪਾਤ ਦੇ ਪ੍ਰਗਟਾਵੇ ਖ਼ਾਸ ਕਰਕੇ ਉਨ੍ਹਾਂ ਇਲਾਕਿਆਂ ਵਿਚ ਹੁੰਦੇ ਹਨ ਜਿੱਥੇ ਜ਼ਿਆਦਾ ਪੈਸਿਆਂ ਵਾਲੇ ਲੋਕਾਂ ਦੀ ਘੱਟ ਗਿਣਤੀ ਹੁੰਦੀ ਹੈ। ਨਾਲੇ ਉੱਥੇ ਵੀ ਨਫ਼ਰਤ ਹੁੰਦੀ ਹੈ ਜਿੱਥੇ ਕਿਸੇ ਸਮਾਜ ਦੇ ਲੋਕਾਂ ਨੂੰ ਇਸ ਤਰ੍ਹਾਂ ਲੱਗੇ ਕਿ ਬਹੁਤ ਸਾਰੇ ਪਰਦੇਸੀਆਂ ਦੇ ਆਉਣ ਕਾਰਨ ਉਨ੍ਹਾਂ ਦੇ ਚੰਗੇ ਹਾਲਾਤ ਵਿਗੜ ਜਾਣਗੇ।

ਕਈ ਲੋਕ ਮੰਨਦੇ ਹਨ ਕਿ ਇਹ ਪਰਦੇਸੀ, ਨੌਕਰੀਆਂ ਲਈ ਮੁਕਾਬਲਾ ਕਰ ਕੇ ਘੱਟ ਤਨਖ਼ਾਹ ਲਈ ਕੰਮ ਕਰਨ ਲਈ ਤਿਆਰ ਹੋਣਗੇ, ਜਾਂ ਉਨ੍ਹਾਂ ਕਰਕੇ ਘਰਾਂ ਦੀ ਕੀਮਤ ਘੱਟ ਜਾਵੇਗੀ। ਇਹ ਇਕ ਵੱਖਰੀ ਗੱਲ ਹੈ ਕਿ ਅਜਿਹਾ ਡਰ ਵਾਜਬ ਹੈ ਜਾਂ ਨਹੀਂ। ਪਰ ਪੈਸਿਆਂ ਦੇ ਘਾਟੇ ਦਾ ਡਰ ਜਾਂ ਸਮਾਜ ਵਿਚ ਜੀਵਨ-ਢੰਗ ਬਦਲਣ ਦਾ ਡਰ ਪੱਖਪਾਤ ਅਤੇ ਨਫ਼ਰਤ ਕਰਨ ਦੇ ਵੱਡੇ ਕਾਰਨ ਹਨ।

ਨਫ਼ਰਤ ਮਿਟਾਉਣ ਦਾ ਪਹਿਲਾਂ ਕਦਮ ਕੀ ਹੋਣਾ ਚਾਹੀਦਾ ਹੈ? ਸਾਨੂੰ ਆਪਣੇ ਸੋਚ-ਵਿਚਾਰ ਬਦਲਣੇ ਚਾਹੀਦੇ ਹਨ।

ਸੋਚ-ਵਿਚਾਰ ਬਦਲਣੇ

“ਲੋਕ ਸਿਰਫ਼ ਤਾਂ ਹੀ ਬਦਲ ਸਕਦੇ ਹਨ ਜੇ ਉਹ ਬਦਲਣਾ ਚਾਹੁੰਦੇ ਹਨ,” ਮਕਗਿਰੀ ਨੇ ਕਿਹਾ। ਤਾਂ ਫਿਰ ਲੋਕਾਂ ਦੀ ਮਰਜ਼ੀ ਕਿਵੇਂ ਬਦਲੀ ਜਾ ਸਕਦੀ ਹੈ? ਤਜਰਬੇ ਨੇ ਦਿਖਾਇਆ ਹੈ ਕਿ ਨਫ਼ਰਤ ਨਾ ਕਰਨ ਦੀ ਸਭ ਤੋਂ ਵੱਡੀ ਸ਼ਕਤੀ ਬਾਈਬਲ ਤੋਂ ਆਉਂਦੀ ਹੈ। ਇਹ ਇਸ ਲਈ ਹੈ ਕਿਉਂਕਿ “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।”—ਇਬਰਾਨੀਆਂ 4:12.

ਇਹ ਸੱਚ ਹੈ ਕਿ ਪੱਖਪਾਤ ਅਤੇ ਨਫ਼ਰਤ ਆਪਣੇ ਆਪ ਹੀ ਨਹੀਂ ਮਿਟਦੇ ਅਤੇ ਨਾ ਹੀ ਉਨ੍ਹਾਂ ਨੂੰ ਰਾਤੋ-ਰਾਤ ਜੜ੍ਹੋਂ ਪੁੱਟਿਆ ਜਾ ਸਕਦਾ ਹੈ। ਪਰ ਜਤਨ ਨਾਲ ਇਨ੍ਹਾਂ ਨੂੰ ਜ਼ਰੂਰ ਪੁੱਟਿਆ ਜਾ ਸਕਦਾ ਹੈ। ਯਿਸੂ ਮਸੀਹ ਲੋਕਾਂ ਦੇ ਦਿਲਾਂ ਅਤੇ ਜ਼ਮੀਰ ਉੱਤੇ ਵੱਡਾ ਅਸਰ ਪਾ ਸਕਦਾ ਸੀ ਅਤੇ ਉਹ ਉਨ੍ਹਾਂ ਨੂੰ ਬਦਲਣ ਦੀ ਪ੍ਰੇਰਣਾ ਦੇ ਸਕਦਾ ਸੀ। ਲੱਖਾਂ ਹੀ ਲੋਕਾਂ ਨੇ ਯਿਸੂ ਮਸੀਹ ਦੀ ਇਸ ਚੰਗੀ ਸਲਾਹ ਉੱਤੇ ਚੱਲ ਕੇ ਸਫ਼ਲਤਾ ਪ੍ਰਾਪਤ ਕੀਤੀ ਹੈ ਕਿ “ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ।”—ਮੱਤੀ 5:44.

ਯਿਸੂ ਆਪਣੀਆਂ ਸਿੱਖਿਆਵਾਂ ਉੱਤੇ ਖ਼ੁਦ ਅਮਲ ਕਰਦਾ ਸੀ। ਉਸ ਦਾ ਇਕ ਮਿੱਤਰ ਸੀ ਜਿਸ ਦਾ ਨਾਂ ਮੱਤੀ ਸੀ। ਉਹ ਪਹਿਲਾਂ ਮਸੂਲੀਆ ਹੁੰਦਾ ਸੀ ਅਤੇ ਯਹੂਦੀ ਲੋਕ ਮਸੂਲੀਆਂ ਨਾਲ ਨਫ਼ਰਤ ਕਰਦੇ ਸਨ। ਇਸ ਲਈ ਮੱਤੀ ਯਹੂਦੀ ਸਮਾਜ ਵਿੱਚੋਂ ਛੇਕਿਆ ਗਿਆ ਸੀ। (ਮੱਤੀ 9:9; 11:19) ਇਸ ਤੋਂ ਇਲਾਵਾ, ਯਿਸੂ ਨੇ ਭਗਤੀ ਕਰਨ ਦਾ ਸ਼ੁੱਧ ਤਰੀਕਾ ਸਥਾਪਿਤ ਕੀਤਾ। ਅੰਤ ਵਿਚ ਹਜ਼ਾਰਾਂ ਹੀ ਛੇਕੇ ਗਏ ਅਤੇ ਨਫ਼ਰਤ ਕੀਤੇ ਗਏ ਗ਼ੈਰ-ਯਹੂਦੀਆਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ। (ਗਲਾਤੀਆਂ 3:28) ਉਸ ਸਮੇਂ ਸਾਰੀ ਦੁਨੀਆਂ ਤੋਂ ਲੋਕ ਯਿਸੂ ਮਸੀਹ ਦੇ ਚੇਲੇ ਬਣੇ। (ਰਸੂਲਾਂ ਦੇ ਕਰਤੱਬ 10:34, 35) ਇਹ ਲੋਕ ਆਪਸ ਵਿਚ ਗੂੜ੍ਹਾ ਪ੍ਰੇਮ ਰੱਖਣ ਲਈ ਜਾਣੇ ਗਏ। (ਯੂਹੰਨਾ 13:35) ਜਦੋਂ ਨਫ਼ਰਤ-ਭਰੇ ਕੁਝ ਬੰਦਿਆਂ ਨੇ ਇਸਤੀਫ਼ਾਨ ਨਾਂ ਦੇ ਚੇਲੇ ਨੂੰ ਪੱਥਰਾਂ ਨਾਲ ਮਾਰ ਸੁੱਟਿਆ, ਤਾਂ ਉਸ ਦੇ ਆਖ਼ਰੀ ਸ਼ਬਦ ਇਹ ਸਨ: “ਹੇ ਪ੍ਰਭੁ ਇਹ ਪਾਪ ਉਨ੍ਹਾਂ ਦੇ ਜੁੰਮੇ ਨਾ ਲਾ!” ਇਸਤੀਫ਼ਾਨ ਉਨ੍ਹਾਂ ਦਾ ਭਲਾ ਚਾਹੁੰਦਾ ਸੀ ਜਿਨ੍ਹਾਂ ਨੇ ਉਸ ਨਾਲ ਨਫ਼ਰਤ ਕੀਤੀ।—ਰਸੂਲਾਂ ਦੇ ਕਰਤੱਬ 6:8-14; 7:54-60.

ਸਾਡੇ ਜ਼ਮਾਨੇ ਵਿਚ ਵੀ ਸੱਚੇ ਮਸੀਹੀਆਂ ਨੇ ਯਿਸੂ ਦੀ ਸਲਾਹ ਨੂੰ ਲਾਗੂ ਕੀਤਾ ਹੈ। ਉਹ ਆਪਣੇ ਮਸੀਹੀ ਭਰਾਵਾਂ ਤੋਂ ਇਲਾਵਾ ਉਨ੍ਹਾਂ ਦਾ ਵੀ ਭਲਾ ਕਰਨਾ ਚਾਹੁੰਦੇ ਹਨ ਜੋ ਉਨ੍ਹਾਂ ਨਾਲ ਨਫ਼ਰਤ ਕਰਦੇ ਹਨ। (ਗਲਾਤੀਆਂ 6:10) ਉਹ ਪੂਰਾ ਜਤਨ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਖੁਣਸ ਅਤੇ ਨਫ਼ਰਤ ਨਾ ਹੋਵੇ। ਇਹ ਪਛਾਣਦੇ ਹੋਏ ਕਿ ਨਫ਼ਰਤ ਕਰਨ ਦੇ ਕਈ ਕਾਰਨ ਹੋ ਸਕਦੇ ਹਨ, ਉਹ ਨਫ਼ਰਤ ਦੀ ਥਾਂ ਪਿਆਰ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਜੀ ਹਾਂ, ਜਿਵੇਂ ਇਕ ਬੁੱਧੀਮਾਨ ਮਨੁੱਖ ਨੇ ਕਿਹਾ: “ਵੈਰ ਝਗੜੇ ਛੇੜਦਾ ਹੈ, ਪਰੰਤੂ ਪ੍ਰੇਮ ਸਭਨਾਂ ਅਪਰਾਧਾਂ ਨੂੰ ਢੱਕ ਲੈਂਦਾ ਹੈ।”—ਕਹਾਉਤਾਂ 10:12.

ਯੂਹੰਨਾ ਰਸੂਲ ਨੇ ਕਿਹਾ: “ਹਰ ਕੋਈ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਖੂਨੀ ਹੈ ਅਤੇ ਤੁਸੀਂ ਜਾਣਦੇ ਹੋ ਭਈ ਕਿਸੇ ਖੂਨੀ ਵਿੱਚ ਸਦੀਪਕ ਜੀਵਨ ਨਹੀਂ ਟਿਕਦਾ।” (1 ਯੂਹੰਨਾ 3:15) ਯਹੋਵਾਹ ਦੇ ਗਵਾਹ ਇਸ ਗੱਲ ਉੱਤੇ ਪੂਰਾ ਯਕੀਨ ਰੱਖਦੇ ਹਨ। ਨਤੀਜੇ ਵਜੋਂ, ਸਾਰੀ ਦੁਨੀਆਂ ਵਿਚ ਉਹ ਹੁਣ ਹਰ ਨਸਲੀ, ਸਭਿਆਚਾਰਕ, ਮਜ਼ਹਬੀ, ਅਤੇ ਰਾਜਨੀਤਿਕ ਪਿਛੋਕੜ ਤੋਂ ਆ ਕੇ ਇਕ ਪ੍ਰੇਮਪੂਰਣ ਭਾਈਚਾਰੇ ਵਿਚ ਇਕੱਠੇ ਹੋ ਰਹੇ ਹਨ, ਜਿੱਥੇ ਨਫ਼ਰਤ ਨਹੀਂ ਸਗੋਂ ਏਕਤਾ ਹੈ।—ਨਾਲ ਦੀਆਂ ਡੱਬੀਆਂ ਦੇਖੋ।

ਨਫ਼ਰਤ ਮਿਟਾਈ ਜਾਵੇਗੀ!

ਤੁਸੀਂ ਸ਼ਾਇਦ ਕਹੋ, ‘ਇਹ ਤਾਂ ਠੀਕ ਹੈ, ਪਰ ਸਾਰੀ ਧਰਤੀ ਤੋਂ ਨਫ਼ਰਤ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤੀ ਜਾ ਸਕਦੀ ਹੈ।’ ਹਾਂ, ਇਹ ਸੱਚ ਹੈ ਕਿ ਭਾਵੇਂ ਤੁਸੀਂ ਆਪਣੇ ਦਿਲ ਵਿਚ ਕਿਸੇ ਨਾਲ ਨਫ਼ਰਤ ਨਹੀਂ ਕਰਦੇ, ਫਿਰ ਵੀ ਤੁਸੀਂ ਨਫ਼ਰਤ ਦੇ ਸ਼ਿਕਾਰ ਬਣ ਸਕਦੇ ਹੋ। ਇਸ ਲਈ ਇਸ ਦੁਨੀਆਂ ਭਰ ਦੀ ਸਮੱਸਿਆ ਦਾ ਅਸਲੀ ਹੱਲ ਲੱਭਣ ਵਾਸਤੇ ਸਾਨੂੰ ਪਰਮੇਸ਼ੁਰ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ।

ਪਰਮੇਸ਼ੁਰ ਦਾ ਮਕਸਦ ਇਹ ਹੈ ਕਿ ਬਹੁਤ ਜਲਦੀ ਨਫ਼ਰਤ ਦਾ ਨਾਮੋ-ਨਿਸ਼ਾਨ ਧਰਤੀ ਤੋਂ ਮਿਟਾਇਆ ਜਾਵੇਗਾ। ਇਹ ਉਸ ਸਵਰਗੀ ਹਕੂਮਤ ਦੇ ਰਾਜ ਅਧੀਨ ਹੋਵੇਗਾ, ਜਿਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।”—ਮੱਤੀ 6:9, 10.

ਜਦੋਂ ਇਸ ਪ੍ਰਾਰਥਨਾ ਦਾ ਜਵਾਬ ਪੂਰੀ ਤਰ੍ਹਾਂ ਦਿੱਤਾ ਜਾਵੇਗਾ ਤਾਂ ਨਫ਼ਰਤ ਪੈਦਾ ਕਰਨ ਵਾਲੇ ਹਾਲਾਤ ਨਹੀਂ ਰਹਿਣਗੇ। ਇਹ ਹਾਲਾਤ ਖ਼ਤਮ ਕੀਤੇ ਜਾਣਗੇ। ਝੂਠੀਆਂ ਗੱਲਾਂ, ਅਗਿਆਨ, ਅਤੇ ਪੱਖਪਾਤ ਨਹੀਂ ਹੋਵੇਗਾ। ਇਸ ਦੀ ਥਾਂ ਗਿਆਨ, ਸੱਚਾਈ, ਅਤੇ ਧਾਰਮਿਕਤਾ ਹੋਵੇਗੀ। ਫਿਰ, ਪਰਮੇਸ਼ੁਰ ਸੱਚ-ਮੁੱਚ ‘ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝ ਚੁੱਕਾ ਹੋਵੇਗਾ ਅਤੇ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।’—ਪਰਕਾਸ਼ ਦੀ ਪੋਥੀ 21:1-4.

ਪਰ ਇਕ ਹੋਰ ਖ਼ੁਸ਼ ਖ਼ਬਰੀ ਵੀ ਹੈ! ਸਾਡੇ ਕੋਲ ਪੱਕਾ ਸਬੂਤ ਹੈ ਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ। ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਬਹੁਤ ਜਲਦੀ ਨਫ਼ਰਤ ਖ਼ਤਮ ਕੀਤੀ ਜਾਵੇਗੀ। (2 ਤਿਮੋਥਿਉਸ 3:1-5; ਮੱਤੀ 24:3-14) ਪਰਮੇਸ਼ੁਰ ਦੇ ਵਾਅਦਾ ਕੀਤੇ ਗਏ ਨਵੇਂ ਸੰਸਾਰ ਵਿਚ, ਇਕ ਅਸਲੀ ਭਾਈਚਾਰਾ ਹੋਵੇਗਾ ਕਿਉਂਕਿ ਮਨੁੱਖਜਾਤੀ ਸੰਪੂਰਣ ਬਣਾਈ ਜਾਵੇਗੀ।—ਲੂਕਾ 23:43, ਨਿ ਵ; 2 ਪਤਰਸ 3:13.

ਪਰ ਅਸਲੀ ਭਾਈਚਾਰੇ ਦਾ ਆਨੰਦ ਮਾਣਨ ਲਈ ਤੁਹਾਨੂੰ ਉਸ ਸਮੇਂ ਦੀ ਉਡੀਕ ਨਹੀਂ ਕਰਨੀ ਪਵੇਗੀ। ਦਰਅਸਲ, ਜਿਵੇਂ ਨਾਲ ਦੇ ਬਿਰਤਾਂਤ ਦਿਖਾਉਂਦੇ ਹਨ, ਨਫ਼ਰਤ ਦੀ ਬਜਾਇ ਲੱਖਾਂ ਹੀ ਲੋਕਾਂ ਦੇ ਦਿਲਾਂ ਵਿਚ ਮਸੀਹੀ ਪਿਆਰ ਹੁਣ ਵੀ ਭਰਿਆ ਹੋਇਆ ਹੈ। ਤੁਹਾਨੂੰ ਵੀ ਉਸ ਪਿਆਰੇ ਭਾਈਚਾਰੇ ਵਿਚ ਰਲਣ ਦਾ ਸੱਦਾ ਦਿੱਤਾ ਜਾਂਦਾ ਹੈ!

[ਸਫ਼ੇ 5 ਉੱਤੇ ਡੱਬੀ]

“ਯਿਸੂ ਕੀ ਕਰਦਾ?”

ਜੂਨ 1998 ਵਿਚ, ਅਮਰੀਕਾ ਵਿਚ ਟੈਕਸਸ ਦੇ ਇਲਾਕੇ ਵਿਚ ਤਿੰਨ ਗੋਰਿਆਂ ਨੇ ਜੇਮਜ਼ ਬਰਡ, ਜੂਨੀਅਰ, ਨਾਂ ਦੇ ਇਕ ਕਾਲੇ ਬੰਦੇ ਉੱਤੇ ਹਮਲਾ ਕੀਤਾ। ਉਨ੍ਹਾਂ ਨੇ ਉਸ ਨੂੰ ਇਕ ਦੂਰ, ਸੁੰਨੀ ਜਗ੍ਹਾ ਤੇ ਲਿਜਾ ਕੇ ਉਸ ਨੂੰ ਮਾਰਿਆ-ਕੁੱਟਿਆ ਅਤੇ ਉਸ ਦੀਆਂ ਲੱਤਾਂ ਨੂੰ ਸੰਗਲਾਂ ਨਾਲ ਬੰਨ੍ਹਿਆ। ਫਿਰ ਉਨ੍ਹਾਂ ਨੇ ਉਸ ਬੰਦੇ ਨੂੰ ਇਕ ਛੋਟੇ ਟਰੱਕ ਨਾਲ ਬੰਨ੍ਹ ਕੇ ਤਿੰਨ ਮੀਲ ਲਈ ਸੜਕ ਉੱਤੇ ਘੜੀਸਿਆ। ਉਹ ਕੰਕਰੀਟ ਦੀ ਨਾਲੀ ਵਿਚ ਵੱਜਾ। ਇਸ ਨੂੰ 1990 ਦੇ ਦਹਾਕੇ ਦਾ ਨਫ਼ਰਤ ਤੋਂ ਪੈਦਾ ਹੋਇਆ ਸਭ ਤੋਂ ਭੈੜਾ ਜੁਰਮ ਸੱਦਿਆ ਗਿਆ ਹੈ।

ਜੇਮਜ਼ ਬਰਡ ਦੀਆਂ ਤਿੰਨ ਭੈਣਾਂ ਯਹੋਵਾਹ ਦੀਆਂ ਗਵਾਹਾਂ ਹਨ। ਉਹ ਇਹ ਭੈੜਾ ਜੁਰਮ ਕਰਨ ਵਾਲਿਆਂ ਬਾਰੇ ਕਿਵੇਂ ਮਹਿਸੂਸ ਕਰਦੀਆਂ ਹਨ? ਉਨ੍ਹਾਂ ਨੇ ਬਿਆਨ ਵਿਚ ਕਿਹਾ: “ਇਹ ਜਾਣ ਕੇ ਕਿ ਸਾਡੇ ਪਿਆਰੇ ਭਰਾ ਨਾਲ ਕਿੰਨਾ ਬੁਰਾ ਸਲੂਕ ਕੀਤਾ ਗਿਆ ਅਸੀਂ ਬਹੁਤ ਦੁਖੀ ਹੋਈਆਂ। ਸਾਡੇ ਦੁੱਖ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਅਜਿਹੇ ਬੇਰਹਿਮ ਹਮਲੇ ਬਾਰੇ ਕੋਈ ਕੀ ਕਰ ਸਕਦਾ ਹੈ? ਸਾਡੇ ਮਨ ਵਿਚ ਬਦਲਾ ਲੈਣ, ਗਾਲ੍ਹਾਂ ਕੱਢਣ, ਜਾਂ ਨਫ਼ਰਤ-ਭਰੀਆਂ ਗੱਲਾਂ ਕਰਨ ਦਾ ਖ਼ਿਆਲ ਵੀ ਨਹੀਂ ਆਇਆ। ਅਸੀਂ ਸੋਚਿਆ ਕਿ ‘ਇਨ੍ਹਾਂ ਹਾਲਾਤਾਂ ਅਧੀਨ ਯਿਸੂ ਕੀ ਕਰਦਾ? ਉਹ ਇਸ ਬਾਰੇ ਕਿੱਦਾਂ ਮਹਿਸੂਸ ਕਰਦਾ?’ ਜਵਾਬ ਸਾਫ਼ ਹੈ। ਯਿਸੂ ਲੋਕਾਂ ਨੂੰ ਉਮੀਦ ਦਿੰਦਾ ਹੁੰਦਾ ਸੀ ਅਤੇ ਉਸ ਦਾ ਸੁਨੇਹਾ ਸ਼ਾਂਤੀ ਵਾਲਾ ਸੀ।”

ਬਾਈਬਲ ਦੀਆਂ ਕਈਆਂ ਆਇਤਾਂ ਨੇ ਇਨ੍ਹਾਂ ਤਿੰਨਾਂ ਭੈਣਾਂ ਦੀ ਮਦਦ ਕੀਤੀ ਕਿ ਉਨ੍ਹਾਂ ਦੇ ਦਿਲਾਂ ਵਿਚ ਨਫ਼ਰਤ ਨਾ ਭਰੇ। ਅਜਿਹਾ ਇਕ ਹਵਾਲਾ ਰੋਮੀਆਂ 12:17-19 ਹੈ, ਜਿੱਥੇ ਪੌਲੁਸ ਰਸੂਲ ਨੇ ਲਿਖਿਆ: “ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ। . . . ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ। ਹੇ ਪਿਆਰਿਓ, ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣ ਦਿਓ ਕਿਉਂ ਜੋ ਲਿਖਿਆ ਹੋਇਆ ਹੈ ਕਿ ਪ੍ਰਭੁ ਆਖਦਾ ਹੈ ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ।”—ਰੋਮੀਆਂ 12:17-19.

ਇਨ੍ਹਾਂ ਭੈਣਾਂ ਨੇ ਅੱਗੇ ਕਿਹਾ ਕਿ “ਅਸੀਂ ਆਪਣੇ ਪ੍ਰਕਾਸ਼ਨਾਂ ਤੋਂ ਕਈ ਸੱਚੀਆਂ ਗੱਲਾਂ ਯਾਦ ਰੱਖੀਆਂ। ਮਿਸਾਲ ਲਈ, ਕਈ ਬੇਇਨਸਾਫ਼ੀਆਂ ਜਾਂ ਜੁਰਮ ਇੰਨੇ ਘਿਣਾਉਣੇ ਹੁੰਦੇ ਹਨ ਕਿ ਉਨ੍ਹਾਂ ਨੂੰ ਮਾਫ਼ ਕਰਨਾ ਅਤੇ ਭੁਲਾ ਦੇਣਾ ਔਖਾ ਲੱਗਦਾ ਹੈ। ਇਨ੍ਹਾਂ ਮੌਕਿਆਂ ਤੇ ਮਾਫ਼ੀ ਦੇਣ ਦਾ ਮਤਲਬ ਗੁੱਸਾ ਛੱਡਣਾ ਹੋ ਸਕਦਾ ਹੈ ਤਾਂਕਿ ਤੁਸੀਂ ਆਪਣੀ ਜ਼ਿੰਦਗੀ ਸੁਖ ਨਾਲ ਗੁਜ਼ਾਰ ਸਕੋ। ਧਿਆਨ ਰੱਖੋ ਕਿ ਤੁਸੀਂ ਆਪਣੇ ਮੰਨ ਵਿਚ ਰੋਸ ਰੱਖਣ ਕਰਕੇ ਸਰੀਰਕ ਜਾਂ ਮਾਨਸਿਕ ਤੌਰ ਤੇ ਬੀਮਾਰ ਨਾ ਹੋ ਜਾਓ।” ਇਹ ਕਿੰਨੀ ਵਧੀਆ ਗਵਾਹੀ ਹੈ ਕਿ ਬਾਈਬਲ ਸਾਨੂੰ ਸ਼ਕਤੀ ਦੇ ਸਕਦੀ ਹੈ ਕਿ ਅਸੀਂ ਆਪਣੇ ਮੰਨ ਵਿਚ ਨਫ਼ਰਤ ਨੂੰ ਜੜ੍ਹ ਨਾ ਫੜਨ ਦੇਈਏ!

[ਸਫ਼ੇ 6 ਉੱਤੇ ਡੱਬੀ]

ਦੁਸ਼ਮਣੀ ਦੋਸਤੀ ਵਿਚ ਬਦਲੀ

ਪਿਛਲੇ ਕੁਝ ਸਾਲਾਂ ਵਿਚ ਹਜ਼ਾਰਾਂ ਹੀ ਲੋਕ ਨੌਕਰੀ ਭਾਲਦੇ ਹੋਏ ਯੂਨਾਨ ਵਿਚ ਜਾ ਵੱਸੇ ਹਨ। ਪਰ, ਉੱਥੇ ਦੀ ਮਾੜੀ ਮਾਲੀ ਹਾਲਤ ਕਰਕੇ ਨੌਕਰੀਆਂ ਘੱਟ ਹੀ ਮਿਲਦੀਆਂ ਹਨ। ਨਤੀਜੇ ਵਜੋਂ, ਵੱਖੋ-ਵੱਖਰੇ ਨਸਲਾਂ ਦੇ ਲੋਕਾਂ ਵਿਚਕਾਰ ਦੁਸ਼ਮਣੀ ਪੈਦਾ ਹੋ ਗਈ ਹੈ। ਇਸ ਦੀ ਇਕ ਮਿਸਾਲ ਹੈ ਅਲਬਾਨੀਆ ਅਤੇ ਬਲਗੇਰੀਆ ਦੇ ਆਵਾਸੀਆਂ ਵਿਚਕਾਰ ਵਿਰੋਧ। ਯੂਨਾਨ ਦੇ ਕਈ ਇਲਾਕਿਆਂ ਵਿਚ ਇਨ੍ਹਾਂ ਦੋਹਾਂ ਸਮੂਹਾਂ ਦੇ ਲੋਕਾਂ ਵਿਚਕਾਰ ਕਾਫ਼ੀ ਮੁਕਾਬਲਾ ਰਿਹਾ ਹੈ।

ਉੱਤਰ-ਪੂਰਬ ਪੈਲੋਪੋਨਸਿਸ ਵਿਚ ਕਿਆਟੋ ਨਾਂ ਦਾ ਇਕ ਨਗਰ ਹੈ। ਉੱਥੇ ਬਲਗੇਰੀਆ ਤੋਂ ਇਕ ਪਰਿਵਾਰ ਅਤੇ ਅਲਬਾਨੀਆ ਤੋਂ ਇਕ ਬੰਦਾ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਨ ਲੱਗੇ ਅਤੇ ਇਕ ਦੂਜੇ ਨੂੰ ਜਾਣਨ ਲੱਗ ਪਏ। ਬਾਈਬਲ ਦੇ ਅਸੂਲ ਲਾਗੂ ਕਰ ਕੇ ਇਨ੍ਹਾਂ ਦੀ ਦੁਸ਼­ਮਣੀ ਮਿਟ ਗਈ ਜੋ ਇਨ੍ਹਾਂ ਦੋ ਨਸਲਾਂ ਦੇ ਲੋਕਾਂ ਵਿਚ ਆਮ ਹੈ। ਇਹ ਹੁਣ ਦੋਸਤ ਬਣ ਗਏ ਹਨ ਅਤੇ ਭਰਾਵਾਂ ਵਾਂਗ ਰਹਿੰਦੇ ਹਨ। ਬਲਗੇਰੀਆ ਤੋਂ ਆਏ ਈਵਾਨ ਨੇ ਅਲਬਾਨੀਆ ਤੋਂ ਆਏ ਲੁਲਿਸ ਦੀ ਮਦਦ ਵੀ ਕੀਤੀ ਤਾਂਕਿ ਉਹ ਨਾਲ ਦੇ ਘਰ ਵਿਚ ਰਹਿ ਸਕੇ। ਇਹ ਦੋ ਪਰਿਵਾਰ ਅਕਸਰ ਆਪਣਾ ਖਾਣਾ ਅਤੇ ਹੋਰ ਚੀਜ਼ਾਂ ਆਪਸ ਵਿਚ ਵੰਡ ਲੈਂਦੇ ਹਨ। ਇਨ੍ਹਾਂ ਦੋਨੋਂ ਬੰਦਿਆਂ ਨੇ ਹੁਣ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲੈ ਲਿਆ ਹੈ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਇਕ ਦੂਜੇ ਨਾਲ ਕੰਮ ਕਰਦੇ ਹਨ। ਤੁਸੀਂ ਖ਼ੁਦ ਸੋਚ ਸਕਦੇ ਹੋ ਕਿ ਅਜਿਹੀ ਮਸੀਹੀ ਦੋਸਤੀ ਆਂਢ-ਗੁਆਂਢ ਵਿਚ ਲੋਕਾਂ ਦਾ ਕਿੰਨਾ ਧਿਆਨ ਖਿੱਚਦੀ ਹੈ।

[ਸਫ਼ੇ 7 ਉੱਤੇ ਤਸਵੀਰ]

ਪਰਮੇਸ਼ੁਰ ਦੇ ਰਾਜ ਅਧੀਨ ਨਫ਼ਰਤ ਦਾ ਨਾਮੋ-ਨਿਸ਼ਾਨ ਧਰਤੀ ਤੋਂ ਮਿਟਾਇਆ ਜਾਵੇਗਾ