‘ਉਹ ਭਲਿਆਈ ਅਤੇ ਪਿਆਰ ਦੀਆਂ ਗੱਲਾਂ ਕਰਦੇ ਹਨ’
‘ਉਹ ਭਲਿਆਈ ਅਤੇ ਪਿਆਰ ਦੀਆਂ ਗੱਲਾਂ ਕਰਦੇ ਹਨ’
ਫ਼ਰਾਂਸ ਵਿਚ ਹਾਲ ਹੀ ਦੇ ਸਾਲਾਂ ਦੌਰਾਨ ਯਹੋਵਾਹ ਦੇ ਗਵਾਹਾਂ ਨੂੰ ਬਦਨਾਮ ਕਰਨ ਲਈ ਉਨ੍ਹਾਂ ਦੇ ਵਿਰੋਧੀਆਂ ਨੇ ਇਕ ਜ਼ੋਰਦਾਰ ਮੁਹਿੰਮ ਚਲਾਈ। ਵਿਰੋਧੀਆਂ ਨੇ ਗਵਾਹਾਂ ਨੂੰ ਜਨਤਾ ਅੱਗੇ ਬਦਨਾਮ ਕਰਨ ਲਈ ਝੂਠੀਆਂ ਅਫ਼ਵਾਹਾਂ ਅਤੇ ਗ਼ਲਤ ਜਾਣਕਾਰੀ ਫੈਲਾਈ। ਸਾਲ 1999 ਦੇ ਸ਼ੁਰੂ ਵਿਚ ਯਹੋਵਾਹ ਦੇ ਗਵਾਹਾਂ ਨੇ ਫ਼ਰਾਂਸ ਵਿਚ ਫ਼ਰਾਂਸ ਦੇ ਲੋਕੋ ਤੁਹਾਨੂੰ ਧੋਖਾ ਦਿੱਤਾ ਜਾ ਰਿਹਾ ਹੈ! (ਫਰਾਂਸੀਸੀ) ਨਾਮਕ ਟ੍ਰੈਕਟ ਦੀਆਂ 1 ਕਰੋੜ 20 ਲੱਖ ਕਾਪੀਆਂ ਵੰਡੀਆਂ। ਇਸ ਟ੍ਰੈਕਟ ਵਿਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਖ਼ਿਲਾਫ਼ ਫੈਲਾਈਆਂ ਗੱਲਾਂ ਸਰਾਸਰ ਝੂਠ ਹਨ।
ਇਸ ਮੁਹਿੰਮ ਤੋਂ ਕੁਝ ਦਿਨ ਬਾਅਦ, ਇਕ ਡਾਕਟਰ ਤੇ ਪਾਰਲੀਮੈਂਟ ਦੇ ਸਾਬਕਾ ਮੈਂਬਰ ਸ਼੍ਰੀ ਜਾਨ ਬੌਨੌਮ ਨੇ ਆਪਣੇ ਸ਼ਹਿਰ ਦੇ ਇਕ ਅਖ਼ਬਾਰ ਨੂੰ ਇਕ ਚਿੱਠੀ ਭੇਜੀ। ਆਪਣੀ ਚਿੱਠੀ ਵਿਚ ਉਸ ਨੇ ਲਿਖਿਆ: “ਯਹੋਵਾਹ ਦੇ ਗਵਾਹ ਕਦੇ-ਕਦਾਈਂ ਮੇਰੇ ਘਰ ਆਉਂਦੇ ਹਨ। ਉਹ ਮੇਰੇ ਨਾਲ ਭਲਿਆਈ ਅਤੇ ਪਿਆਰ-ਮੁਹੱਬਤ ਨਾਲ ਮਿਲ ਕੇ ਰਹਿਣ ਦੀਆਂ ਗੱਲਾਂ ਕਰਦੇ ਹਨ। . . ਉਹ ਜ਼ਬਰਦਸਤੀ ਕਿਸੇ ਦੇ ਘਰ ਨਹੀਂ ਜਾਂਦੇ। ਉਹ ਬੜੀ ਨਰਮਾਈ ਨਾਲ ਆਪਣੀਆਂ ਗੱਲਾਂ ਦੱਸਦੇ ਹਨ ਤੇ ਜਿਨ੍ਹਾਂ ਗੱਲਾਂ ਤੇ ਮੈਨੂੰ ਸ਼ੱਕ ਹੁੰਦਾ ਹੈ, ਉਨ੍ਹਾਂ ਨੂੰ ਉਹ ਧਿਆਨ ਨਾਲ ਸੁਣਦੇ ਹਨ।”
ਯਹੋਵਾਹ ਦੇ ਗਵਾਹਾਂ ਦੇ ਅਧਿਆਤਮਿਕ ਨਜ਼ਰੀਏ ਬਾਰੇ ਦੱਸਦੇ ਹੋਏ ਸ਼੍ਰੀ ਬੌਨੌਮ ਨੇ ਕਿਹਾ: “ਯਹੋਵਾਹ ਦੇ ਗਵਾਹ ਕਿਸੇ ਲਈ ਕੋਈ ਖ਼ਤਰਾ ਨਹੀਂ ਹਨ। ਪਰ ਦੂਜੇ ਪਾਸੇ, ਕੁਝ ਨੇਤਾ ਸਮਾਜ ਅਤੇ ਸਮਾਜ ਦੇ ਲੋਕਾਂ ਦੀ ਸ਼ਾਂਤੀ ਲਈ ਵੱਡਾ ਖ਼ਤਰਾ ਹਨ।”