ਲੰਮੇ ਸਮੇਂ ਦੀ ਖੋਜ ਦਾ ਫਲ ਮਿਲਿਆ
ਲੰਮੇ ਸਮੇਂ ਦੀ ਖੋਜ ਦਾ ਫਲ ਮਿਲਿਆ
“ਯਹੋਵਾਹ? ਯਹੋਵਾਹ ਕੌਣ ਹੈ?” ਅੱਠ ਸਾਲਾਂ ਦੀ ਸਿਲਵੀਆ ਨੇ ਇਹ ਨਾਂ ਆਰਮੀਨੀ ਭਾਸ਼ਾ ਦੀ ਇਕ ਬਾਈਬਲ ਵਿੱਚੋਂ ਦੇਖਿਆ ਜੋ ਉਸ ਨੂੰ ਇਕ ਛੋਟੀ ਜਿਹੀ ਕੁੜੀ ਨੇ ਦਿਖਾਇਆ ਸੀ। ਸਿਲਵੀਆ ਆਰਮੀਨੀਆ ਦੇ ਯੇਰੇਵਾਨ ਸ਼ਹਿਰ ਵਿਚ ਰਹਿੰਦੀ ਸੀ। ਉਸ ਨੇ ਆਪਣੇ ਆਲੇ-ਦੁਆਲੇ ਦੇ ਸਾਰੇ ਲੋਕਾਂ ਕੋਲੋਂ ਪੁੱਛਿਆ ਕਿ ਯਹੋਵਾਹ ਕੌਣ ਹੈ। ਪਰ ਕੋਈ ਵੀ ਇਸ ਦਾ ਜਵਾਬ ਨਾ ਦੇ ਸਕਿਆ, ਨਾ ਤਾਂ ਉਸ ਦੇ ਮਾਂ-ਬਾਪ, ਨਾ ਉਸ ਦੇ ਅਧਿਆਪਕ ਇੱਥੋਂ ਤਕ ਕਿ ਉਸ ਸ਼ਹਿਰ ਦੇ ਚਰਚ ਦੇ ਪਾਦਰੀ ਵੀ ਨਾ ਦੱਸ ਸਕੇ ਕਿ ਯਹੋਵਾਹ ਕੌਣ ਹੈ।
ਸਿਲਵੀਆ ਵੱਡੀ ਹੋ ਗਈ ਤੇ ਉਹ ਸਕੂਲ ਦੀ ਪੜ੍ਹਾਈ ਖ਼ਤਮ ਕਰ ਕੇ ਨੌਕਰੀ ਕਰਨ ਲੱਗ ਪਈ। ਪਰ ਹਾਲੇ ਵੀ ਉਸ ਨੂੰ ਨਹੀਂ ਪਤਾ ਲੱਗਾ ਕਿ ਯਹੋਵਾਹ ਕੌਣ ਹੈ। ਲੜਾਈ ਹੋਣ ਦੀ ਵਜ੍ਹਾ ਕਰਕੇ ਉਸ ਨੂੰ ਆਰਮੀਨੀਆ ਤੋਂ ਭੱਜਣਾ ਪਿਆ। ਕੁਝ ਦੇਰ ਬਾਅਦ, ਉਹ ਪੋਲੈਂਡ ਪਹੁੰਚ ਗਈ ਜਿੱਥੇ ਉਹ ਇਕ ਛੋਟੇ ਜਿਹੇ ਕਮਰੇ ਵਿਚ ਦੂਜੇ ਸ਼ਰਨਾਰਥੀਆਂ ਨਾਲ ਰਹਿਣ ਲੱਗ ਪਈ। ਉਸ ਦੇ ਨਾਲ ਰਹਿੰਦੀ ਕੁੜੀ ਕੋਲ ਹਮੇਸ਼ਾ ਕੁਝ ਮਹਿਮਾਨ ਆਉਂਦੇ ਹੁੰਦੇ ਸਨ। ਸਿਲਵੀਆ ਨੇ ਉਸ ਕੁੜੀ ਕੋਲੋਂ ਪੁੱਛਿਆ: “ਇਹ ਕੌਣ ਹਨ?” ਉਸ ਕੁੜੀ ਨੇ ਉੱਤਰ ਦਿੱਤਾ: “ਉਹ ਯਹੋਵਾਹ ਦੇ ਗਵਾਹ ਹਨ ਤੇ ਮੈਨੂੰ ਬਾਈਬਲ ਸਟੱਡੀ ਕਰਾਉਂਦੇ ਹਨ।”
ਯਹੋਵਾਹ ਨਾਂ ਸੁਣਦੇ ਹੀ ਸਿਲਵੀਆ ਦਾ ਦਿਲ ਖ਼ੁਸ਼ੀ ਨਾਲ ਝੂਮ ਉੱਠਿਆ। ਅਖ਼ੀਰ ਸਿਲਵੀਆ ਨੇ ਯਹੋਵਾਹ ਬਾਰੇ ਸਿੱਖਣਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਪਤਾ ਲੱਗਾ ਕਿ ਯਹੋਵਾਹ ਕਿੰਨਾ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ। ਪਰ ਜਲਦੀ ਹੀ ਉਸ ਨੂੰ ਪੋਲੈਂਡ ਵੀ ਛੱਡਣਾ ਪਿਆ। ਉਸ ਨੂੰ ਬਾਲਟਿਕ ਸਾਗਰ ਦੇ ਪਾਰ ਡੈਨਮਾਰਕ ਵਿਚ ਸ਼ਰਣ ਮਿਲੀ। ਉਹ ਆਪਣੇ ਨਾਲ ਸਿਰਫ਼ ਥੋੜ੍ਹੀਆਂ ਹੀ ਚੀਜ਼ਾਂ ਲੈ ਕੇ ਗਈ ਜਿਨ੍ਹਾਂ ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਕੁਝ ਕਿਤਾਬਾਂ ਤੇ ਰਸਾਲੇ ਵੀ ਸਨ। ਸਿਲਵੀਆ ਨੇ ਇਕ ਕਿਤਾਬ ਦੇ ਪਿਛਲੇ ਸਫ਼ੇ ਉੱਤੇ ਵਾਚ ਟਾਵਰ ਸੋਸਾਇਟੀ ਦੇ ਸ਼ਾਖ਼ਾ ਦਫ਼ਤਰਾਂ ਦੇ ਪਤੇ ਦੇਖੇ। ਇਹ ਪਤੇ ਉਸ ਨੂੰ ਆਪਣੀ ਜਾਨ ਤੋਂ ਵੀ ਪਿਆਰੇ ਸਨ ਕਿਉਂਕਿ ਯਹੋਵਾਹ ਨੂੰ ਜਾਣਨ ਦਾ ਹੁਣ ਇਹੀ ਇੱਕੋ-ਇਕ ਰਾਹ ਸੀ!
ਸਿਲਵੀਆ ਨੂੰ ਡੈਨਮਾਰਕ ਦੇ ਇਕ ਸ਼ਰਨਾਰਥੀ ਕੈਂਪ ਵਿਚ ਰੱਖਿਆ ਗਿਆ। ਉੱਥੇ ਉਸ ਨੇ ਫ਼ੌਰਨ ਯਹੋਵਾਹ ਦੇ ਗਵਾਹਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਉਹ ਜਾਣਦੀ ਸੀ ਕਿ ਵਾਚ ਟਾਵਰ ਸੋਸਾਇਟੀ ਦਾ ਸ਼ਾਖ਼ਾ ਦਫ਼ਤਰ ਡੈਨਮਾਰਕ ਦੇ ਹੌਲਬੀਕ ਸ਼ਹਿਰ ਵਿਚ ਹੈ। ਪਰ ਡੈਨਮਾਰਕ ਵਿਚ ਹੌਲਬੀਕ ਹੈ ਕਿੱਥੇ? ਜਦੋਂ ਸਿਲਵੀਆ ਨੂੰ ਗੱਡੀ ਰਾਹੀਂ ਡੈਨਮਾਰਕ ਦੇ ਇਕ ਦੂਸਰੇ ਕੈਂਪ ਵਿਚ ਲਿਜਾਇਆ ਜਾ ਰਿਹਾ ਸੀ, ਤਾਂ ਰਸਤੇ ਵਿਚ ਗੱਡੀ ਹੌਲਬੀਕ ਵਿੱਚੋਂ ਦੀ ਲੰਘੀ! ਇਕ ਵਾਰ ਫਿਰ ਉਸ ਦਾ ਦਿਲ ਖ਼ੁਸ਼ੀ ਨਾਲ ਝੂਮ ਉੱਠਿਆ।
ਕੈਂਪ ਪਹੁੰਚਣ ਤੋਂ ਬਾਅਦ, ਸਿਲਵੀਆ ਇਕ ਦਿਨ ਦੁਪਹਿਰ ਨੂੰ ਵਾਪਸ ਗੱਡੀ ਵਿਚ ਹੌਲਬੀਕ ਗਈ ਤੇ ਸਟੇਸ਼ਨ ਤੋਂ ਸ਼ਾਖ਼ਾ ਦਫ਼ਤਰ ਤੁਰ ਕੇ ਗਈ। ਉਹ ਚੇਤੇ ਕਰਦਿਆਂ ਕਹਿੰਦੀ ਹੈ: “ਜਿਉਂ ਹੀ ਮੈਂ ਬਗ਼ੀਚੇ ਵਿਚ ਦਾਖ਼ਲ ਹੋਈ, ਤਾਂ ਮੈਂ ਇਕ ਬੈਂਚ ਤੇ ਬੈਠ ਕੇ ਆਪਣੇ ਆਪ ਨੂੰ ਕਿਹਾ ਕਿ ‘ਇਹੀ ਹੈ ਫਿਰਦੌਸ!’” ਸ਼ਾਖ਼ਾ ਵਿਚ ਉਸ ਦਾ ਨਿੱਘਾ ਸੁਆਗਤ ਕੀਤਾ ਗਿਆ ਤੇ ਅਖ਼ੀਰ ਉਸ ਦੀ ਬਾਈਬਲ ਸਟੱਡੀ ਸ਼ੁਰੂ ਹੋ ਗਈ।
ਪਰ ਉਸ ਨੂੰ ਵਾਰ-ਵਾਰ ਇਕ ਥਾਂ ਤੋਂ ਦੂਜੀ ਥਾਂ ਜਾਣਾ ਪਿਆ। ਹਰ ਵਾਰ ਨਵੀਂ ਥਾਂ ਤੇ ਜਾ ਕੇ ਸਿਲਵੀਆ ਨੂੰ ਵਾਰ-ਵਾਰ ਯਹੋਵਾਹ ਦੇ ਗਵਾਹਾਂ ਨੂੰ ਲੱਭਣਾ ਪੈਂਦਾ ਸੀ ਤੇ ਆਪਣੀ ਸਟੱਡੀ ਵੀ ਹਰ ਵਾਰ ਨਵੇਂ ਸਿਰਿਓਂ ਤੋਂ ਸ਼ੁਰੂ ਕਰਨੀ ਪੈਂਦੀ ਸੀ। ਫਿਰ ਵੀ, ਇਨ੍ਹਾਂ ਦੋ ਸਾਲਾਂ ਵਿਚ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਣ ਕਰਨ ਲਈ ਉਸ ਨੇ ਕਾਫ਼ੀ ਕੁਝ ਸਿੱਖ ਲਿਆ ਸੀ। ਅਖ਼ੀਰ ਉਸ ਨੇ ਬਪਤਿਸਮਾ ਲਿਆ ਤੇ ਉਸ ਤੋਂ ਬਾਅਦ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਸਾਲ 1998 ਵਿਚ ਡੈਨਮਾਰਕ ਦੀ ਸਰਕਾਰ ਵੱਲੋਂ ਉਸ ਨੂੰ ਉੱਥੇ ਰਹਿਣ ਦੀ ਪੱਕੀ ਇਜਾਜ਼ਤ ਮਿਲ ਗਈ।
ਸਿਲਵੀਆ ਹੁਣ 26 ਸਾਲਾਂ ਦੀ ਹੈ ਤੇ ਉਹ ਉਸੇ ਥਾਂ ਤੇ ਸੇਵਾ ਕਰਦੀ ਹੈ ਜਿਸ ਥਾਂ ਨੇ ਉਸ ਨੂੰ ਫਿਰਦੌਸ ਦੀ ਯਾਦ ਦਿਲਾਈ ਸੀ। ਜੀ ਹਾਂ, ਉਹ ਡੈਨਮਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਸ਼ਾਖ਼ਾ ਦਫ਼ਤਰ ਵਿਚ ਸੇਵਾ ਕਰਦੀ ਹੈ। ਉਹ ਕਹਿੰਦੀ ਹੈ, “ਮੈਂ ਕੀ ਕਹਾਂ? ਮੈਂ ਬਚਪਨ ਤੋਂ ਹੀ ਯਹੋਵਾਹ ਦੀ ਖੋਜ ਕਰ ਰਹੀ ਸੀ। ਹੁਣ ਮੈਂ ਉਸ ਨੂੰ ਲੱਭ ਲਿਆ ਹੈ। ਮੇਰਾ ਇਹੀ ਸੁਪਨਾ ਸੀ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਯਹੋਵਾਹ ਦੀ ਸੇਵਾ ਕਰਦੀ ਰਹਾਂ। ਮੇਰਾ ਸੁਪਨਾ ਸੱਚ ਹੋ ਗਿਆ ਹੈ। ਹੁਣ ਮੈਂ ਬੈਥਲ ਵਿਚ ਸੇਵਾ ਕਰ ਰਹੀ ਹਾਂ। ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਹਾਂ ਕਿ ਮੈਂ ਬੈਥਲ ਵਿਚ ਹਮੇਸ਼ਾ-ਹਮੇਸ਼ਾ ਲਈ ਉਸ ਦੀ ਸੇਵਾ ਕਰਦੀ ਰਹਾਂ!”