Skip to content

Skip to table of contents

“ਸੁਧਾਰੇ ਜਾਣ ਦਾ ਸਮਾ” ਨੇੜੇ ਹੈ!

“ਸੁਧਾਰੇ ਜਾਣ ਦਾ ਸਮਾ” ਨੇੜੇ ਹੈ!

“ਸੁਧਾਰੇ ਜਾਣ ਦਾ ਸਮਾ” ਨੇੜੇ ਹੈ!

ਯਸੂ ਦੇ ਸਵਰਗ ਜਾਣ ਤੋਂ ਥੋੜ੍ਹੀ ਦੇਰ ਪਹਿਲਾਂ, ਉਸ ਦੇ ਕੁਝ ਵਫ਼ਾਦਾਰ ਚੇਲਿਆਂ ਨੇ ਉਸ ਨੂੰ ਪੁੱਛਿਆ: “ਪ੍ਰਭੁ ਜੀ ਕੀ ਤੂੰ ਏਸ ਵੇਲੇ ਇਸਰਾਏਲ ਦਾ ਰਾਜ ਬਹਾਲ ਕਰਦਾ ਹੈਂ?” ਯਿਸੂ ਵੱਲੋਂ ਦਿੱਤੇ ਜਵਾਬ ਤੋਂ ਪਤਾ ਲੱਗਦਾ ਹੈ ਕਿ ਰਾਜ ਕੁਝ ਸਮੇਂ ਬਾਅਦ ਆਉਣਾ ਸੀ। ਉਸ ਸਮੇਂ ਦੌਰਾਨ ਉਸ ਦੇ ਪੈਰੋਕਾਰਾਂ ਨੇ ਇਕ ਮਹਾਨ ਕੰਮ ਕਰਨਾ ਸੀ। ਉਨ੍ਹਾਂ ਨੇ “ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ” ਯਿਸੂ ਬਾਰੇ ਗਵਾਹੀ ਦੇਣੀ ਸੀ।—ਰਸੂਲਾਂ ਦੇ ਕਰਤੱਬ 1:6-8.

ਹਾਂਲਾਂਕਿ ਇਹ ਕੰਮ ਕੁਝ ਦਿਨਾਂ, ਹਫ਼ਤਿਆਂ ਜਾਂ ਮਹੀਨਿਆਂ ਵਿਚ ਖ਼ਤਮ ਹੋਣ ਵਾਲਾ ਨਹੀਂ ਸੀ। ਪਰ, ਚੇਲਿਆਂ ਨੇ ਬੇਝਿਜਕ ਇਹ ਕੰਮ ਸ਼ੁਰੂ ਕਰ ਦਿੱਤਾ ਸੀ। ਪਰ, ਉਹ ਉਸ ਦੇ ਰਾਜ ਦੀ ਬਹਾਲੀ ਬਾਰੇ ਨਹੀਂ ਭੁੱਲੇ। ਪਤਰਸ ਰਸੂਲ ਨੇ ਯਰੂਸ਼ਲਮ ਵਿਚ ਇਕੱਠੀ ਹੋਈ ਭੀੜ ਨੂੰ ਕਿਹਾ: “ਤੋਬਾ ਕਰੋ ਅਤੇ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੁ ਦੇ ਹਜ਼ੂਰੋਂ ਸੁਖ ਦੇ ਦਿਨ ਆਉਣ। ਅਤੇ ਉਹ ਮਸੀਹ ਨੂੰ ਜਿਹੜਾ ਤੁਹਾਡੇ ਲਈ ਠਹਿਰਾਇਆ ਹੋਇਆ ਹੈ, ਹਾਂ, ਯਿਸੂ ਹੀ ਨੂੰ, ਘੱਲ ਦੇਵੇ। ਜ਼ਰੂਰ ਹੈ ਜੋ ਉਹ ਸੁਰਗ ਵਿੱਚ ਜਾ ਰਹੇ ਜਿੰਨਾ ਚਿਰ ਸਾਰੀਆਂ ਚੀਜ਼ਾਂ ਦੇ ਸੁਧਾਰੇ ਜਾਣ ਦਾ ਸਮਾ ਨਾ ਆਵੇ ਜਿਨ੍ਹਾਂ ਦੇ ਵਿਖੇ ਪਰਮੇਸ਼ੁਰ ਨੇ ਆਪਣੇ ਪਵਿੱਤ੍ਰ ਨਬੀਆਂ ਦੀ ਜਬਾਨੀ ਮੁੱਢੋਂ ਹੀ ਆਖਿਆ ਸੀ।” (ਟੇਢੇ ਟਾਈਪ ਸਾਡੇ)—ਰਸੂਲਾਂ ਦੇ ਕਰਤੱਬ 3:19-21.

‘ਸੁਧਾਰੇ ਜਾਣ ਦੇ ਇਸ ਸਮੇਂ’ ਵਿਚ ਯਹੋਵਾਹ ਵੱਲੋਂ “ਸੁੱਖ ਦੇ ਦਿਨ” ਆਉਣੇ ਸਨ। ਪਹਿਲਾਂ ਦੱਸਿਆ ਗਿਆ ਇਹ ਸੁਧਾਰ ਦਾ ਸਮਾਂ ਦੋ ਪੜਾਵਾਂ ਵਿਚ ਆਉਣਾ ਸੀ। ਪਹਿਲਾ, ਤਾਜ਼ਗੀਦਾਇਕ ਅਧਿਆਤਮਿਕ ਸੁਧਾਰ ਜੋ ਕਿ ਅਜੇ ਵੀ ਚੱਲ ਰਿਹਾ ਹੈ ਜਿਸ ਤੋਂ ਬਾਅਦ ਇਸ ਧਰਤੀ ਉੱਤੇ ਜ਼ਮੀਨੀ ਫਿਰਦੌਸ ਸਥਾਪਿਤ ਕੀਤਾ ਜਾਵੇਗਾ।

ਸੁਧਾਰ ਦਾ ਸਮਾਂ ਸ਼ੁਰੂ ਹੁੰਦਾ ਹੈ

ਜਦੋਂ ਪਤਰਸ ਯਰੂਸ਼ਲਮ ਵਿਚ ਭੀੜ ਨੂੰ ਸੰਬੋਧਿਤ ਕਰ ਰਿਹਾ ਸੀ, ਤਾਂ ਉਦੋਂ ਯਿਸੂ ਸਵਰਗ ਵਿਚ ਸੀ। ਉਹ ਸੰਨ 1914 ਨੂੰ ਸਵਰਗ ਵਿਚ ਸੀ ਜਦੋਂ ਉਸ ਨੇ ਆਪਣੀ ਰਾਜ-ਸੱਤਾ ਵਿਚ ਆ ਕੇ ਪਰਮੇਸ਼ੁਰ ਵੱਲੋਂ ਥਾਪੇ ਹੋਏ ਰਾਜੇ ਵਜੋਂ ਰਾਜ ਕਰਨਾ ਸ਼ੁਰੂ ਕੀਤਾ। ਪਤਰਸ ਨੇ ਭਵਿੱਖਬਾਣੀ ਕੀਤੀ ਕਿ ਯਹੋਵਾਹ ਆਪਣੇ ਪੁੱਤਰ ਨੂੰ ਆਪਣੇ ਮਕਸਦਾਂ ਦੀ ਪੂਰਤੀ ਲਈ ਇਕ ਮੁੱਖ ਭੂਮਿਕਾ ਨਿਭਾਉਣ ਲਈ ‘ਘੱਲੇਗਾ’। ਬਾਈਬਲ ਇਸ ਘਟਨਾ ਨੂੰ ਲਾਖਣਿਕ ਭਾਸ਼ਾ ਵਿਚ ਦੱਸਦੀ ਹੋਈ ਕਹਿੰਦੀ ਹੈ: “ਉਹ [ਪਰਮੇਸ਼ੁਰ ਦਾ ਸਵਰਗੀ ਸੰਗਠਨ] ਇੱਕ ਪੁੱਤ੍ਰ ਇੱਕ ਨਰ ਬਾਲ [ਯਿਸੂ ਦੇ ਹੱਥਾਂ ਵਿਚ ਪਰਮੇਸ਼ੁਰ ਦਾ ਰਾਜ] ਜਣੀ ਜਿਹ ਨੇ ਲੋਹੇ ਦੇ ਡੰਡੇ ਨਾਲ ਸਭਨਾਂ ਕੌਮਾਂ ਉੱਤੇ ਹਕੂਮਤ ਕਰਨੀ ਹੈ, ਅਤੇ ਉਹ ਦਾ ਬਾਲਕ ਪਰਮੇਸ਼ੁਰ ਕੋਲ ਅਤੇ ਉਸ ਦੇ ਸਿੰਘਾਸਣ ਕੋਲ ਉਠਾਇਆ ਗਿਆ।”—ਪਰਕਾਸ਼ ਦੀ ਪੋਥੀ 12:5.

ਪਰ ਕੌਮਾਂ ਮਸੀਹ ਦੇ ਰਾਜ ਅਧੀਨ ਨਹੀਂ ਹੋਣਾ ਚਾਹੁੰਦੀਆਂ ਸਨ। ਅਸਲ ਵਿਚ, ਇਨ੍ਹਾਂ ਕੌਮਾਂ ਨੇ ਉਸ ਦੀ ਵਫ਼ਾਦਾਰ ਪਰਜਾ ਦਾ ਵਿਰੋਧ ਕੀਤਾ ਹੈ ਜਿਨ੍ਹਾਂ ਨੂੰ ਅੱਜ-ਕੱਲ੍ਹ ਯਹੋਵਾਹ ਦੇ ਗਵਾਹ ਕਿਹਾ ਜਾਂਦਾ ਹੈ। ਪੁਰਾਣੇ ਸਮੇਂ ਦੇ ਚੇਲਿਆਂ ਵਾਂਗ, ਗਵਾਹਾਂ ਨੇ “ਯਿਸੂ ਦੀ ਸਾਖੀ” ਦੇਣ ਦਾ ਕੰਮ ਬੇਝਿਜਕ ਜਾਰੀ ਰੱਖਿਆ ਹੈ। (ਪਰਕਾਸ਼ ਦੀ ਪੋਥੀ 12:17) ਵਫ਼ਾਦਾਰ ਮਸੀਹੀਆਂ ਦੇ ਇਸ ਕੰਮ ਦਾ ਵਿਰੋਧ ਇਕ ਦੇਸ਼ ਤੋਂ ਦੂਸਰੇ ਦੇਸ਼ ਵਿਚ ਹੋਣਾ ਸ਼ੁਰੂ ਹੋ ਗਿਆ। ਸੰਨ 1918 ਵਿਚ ਨਿਊਯਾਰਕ, ਬਰੁਕਲਿਨ ਹੈੱਡ-ਕੁਆਰਟਰ ਵਿਖੇ ਵਾਚ ਟਾਵਰ ਸੋਸਾਇਟੀ ਦੇ ਜ਼ਿੰਮੇਵਾਰ ਮੈਂਬਰਾਂ ਨੂੰ ਝੂਠੇ ਦੋਸ਼ ਲਾ ਕੇ ਅਦਾਲਤ ਵਿਚ ਘਸੀਟਿਆ ਗਿਆ ਅਤੇ ਉਨ੍ਹਾਂ ਨੂੰ ਨਾਜਾਇਜ਼ ਹੀ ਲੰਬੇ-ਲੰਬੇ ਸਮੇਂ ਦੀ ਸਜ਼ਾ ਮਿਲੀ। ਕੁਝ ਸਮੇਂ ਲਈ ਤਾਂ ਇੰਜ ਲੱਗਣ ਲੱਗ ਪਿਆ ਸੀ ਕਿ “ਧਰਤੀ ਦੇ ਬੰਨੇ ਤੀਕੁਰ” ਹੋਣ ਵਾਲਾ ਪ੍ਰਚਾਰ ਦਾ ਕੰਮ ਪੂਰਾ ਨਹੀਂ ਹੋ ਸਕੇਗਾ।—ਪਰਕਾਸ਼ ਦੀ ਪੋਥੀ 11:7-10.

ਪਰ, 1919 ਵਿਚ ਹੈੱਡ-ਕੁਆਰਟਰ ਦੇ ਮੈਂਬਰਾਂ ਨੂੰ ਰਿਹਾ ਕਰ ਦਿੱਤਾ ਗਿਆ ਅਤੇ ਬਾਅਦ ਵਿਚ ਉਨ੍ਹਾਂ ਉੱਤੇ ਲਾਏ ਸਾਰੇ ਝੂਠੇ ਦੋਸ਼ਾਂ ਤੋਂ ਵੀ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ। ਛੇਤੀ ਹੀ ਇਨ੍ਹਾਂ ਭਰਾਵਾਂ ਨੇ ਅਧਿਆਤਮਿਕ ਸੁਧਾਰ ਦਾ ਕੰਮ ਇਕ ਵਾਰ ਫੇਰ ਸ਼ੁਰੂ ਕਰ ਦਿੱਤਾ। ਉਸ ਸਮੇਂ ਤੋਂ ਯਹੋਵਾਹ ਦੇ ਲੋਕ ਸ਼ਾਨਦਾਰ ਅਧਿਆਤਮਿਕ ਖ਼ੁਸ਼ਹਾਲੀ ਦਾ ਆਨੰਦ ਮਾਣਦੇ ਆਏ ਹਨ।

ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਜਿਹੜੇ ਹੁਕਮ ਦਿੱਤੇ, ਉਨ੍ਹਾਂ ਦੀ ਪਾਲਣਾ ਕਰਨੀ ਸਿਖਾਉਣ ਲਈ ਇਕ ਵੱਡੀ ਮੁਹਿੰਮ ਚਲਾਈ ਗਈ। (ਮੱਤੀ 28:20) ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਕਈ ਜਿਹੜੇ ਪਹਿਲਾਂ ਹੈਵਾਨਾਂ ਵਰਗੇ ਸੁਭਾਅ ਦੇ ਸਨ, ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕੀਤੀਆਂ ਹਨ! ਉਨ੍ਹਾਂ ਨੇ “ਕ੍ਰੋਧ,” “ਦੁਰਬਚਨ” ਅਤੇ “ਗੰਦੀਆਂ ਗਾਲਾਂ” ਵਰਗੇ ਘਟੀਆ ਗੁਣਾਂ ਵਾਲੀ ਪੁਰਾਣੀ ਇਨਸਾਨੀਅਤ ਨੂੰ ਲਾਹ ਦਿੱਤਾ ਹੈ ਅਤੇ ਨਵੀਂ ਇਨਸਾਨੀਅਤ ਨੂੰ ਪਾ ਲਿਆ ਹੈ “ਜੋ ਪੂਰਨ ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ।” ਅਧਿਆਤਮਿਕ ਅਰਥ ਵਿਚ ਯਸਾਯਾਹ ਨਬੀ ਦੇ ਇਨ੍ਹਾਂ ਸ਼ਬਦਾਂ ਦੀ ਪੂਰਤੀ ਅੱਜ ਹੋ ਰਹੀ ਹੈ: “ਬਘਿਆੜ [ਜਿਹੜਾ ਵਿਅਕਤੀ ਪਹਿਲਾਂ ਬਘਿਆੜ ਵਰਗੇ ਸੁਭਾਅ ਦਾ ਸੀ] ਲੇਲੇ [ਨਿਮਰ ਸੁਭਾਅ ਵਾਲੇ ਇਨਸਾਨ] ਨਾਲ ਰਹੇਗਾ, ਅਤੇ ਚਿੱਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਤੇ ਪਾਲਤੂ ਪਸੂ ਇਕੱਠੇ ਰਹਿਣਗੇ।”—ਕੁਲੁੱਸੀਆਂ 3:8-10; ਯਸਾਯਾਹ 11:6, 9.

ਹੋਰ ਸੁਧਾਰ ਨੇੜੇ!

ਅੱਜ ਦੇ ਅਧਿਆਤਮਿਕ ਸੁਧਾਰ ਤੋਂ ਇਲਾਵਾ, ਉਹ ਸਮਾਂ ਨੇੜੇ ਆ ਰਿਹਾ ਹੈ ਜਦੋਂ ਪੂਰੀ ਧਰਤੀ ਇਕ ਬਾਗ਼ ਬਣ ਜਾਵੇਗੀ। ਜਦੋਂ ਯਹੋਵਾਹ ਨੇ ਸਾਡੇ ਪੂਰਵਜ, ਆਦਮ ਅਤੇ ਹੱਵਾਹ ਨੂੰ ਅਦਨ ਦੇ ਬਾਗ਼ ਵਿਚ ਰੱਖਿਆ ਸੀ, ਤਾਂ ਉਦੋਂ ਪੂਰੀ ਧਰਤੀ ਦਾ ਸਿਰਫ਼ ਥੋੜ੍ਹਾ ਜਿਹਾ ਹਿੱਸਾ ਹੀ ਫਿਰਦੌਸ ਸੀ। (ਉਤਪਤ 1:29-31) ਇਸੇ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਫਿਰਦੌਸ ਮੁੜ ਸਥਾਪਿਤ ਕੀਤਾ ਜਾਵੇਗਾ। ਪਰ ਇਹ ਹੋਣ ਤੋਂ ਪਹਿਲਾਂ, ਧਰਤੀ ਉੱਤੋਂ ਪਰਮੇਸ਼ੁਰ ਦਾ ਨਿਰਾਦਰ ਕਰਨ ਵਾਲੇ ਝੂਠੇ ਧਰਮਾਂ ਤੋਂ ਛੁਟਕਾਰਾ ਮਿਲਣਾ ਬਹੁਤ ਜ਼ਰੂਰੀ ਹੈ। ਇਸ ਸੰਸਾਰ ਦੀਆਂ ਰਾਜਨੀਤਿਕ ਸ਼ਕਤੀਆਂ ਇਸ ਕੰਮ ਨੂੰ ਪੂਰਾ ਕਰਨਗੀਆਂ। (ਪਰਕਾਸ਼ ਦੀ ਪੋਥੀ 17:15-18) ਇਸ ਤੋਂ ਬਾਅਦ, ਰਾਜਨੀਤਿਕ ਤੇ ਵਪਾਰਕ ਸੰਸਥਾਵਾਂ ਅਤੇ ਇਨ੍ਹਾਂ ਦੇ ਹਿਮਾਇਤੀ ਨਾਸ਼ ਕੀਤੇ ਜਾਣਗੇ। ਅਖ਼ੀਰ ਵਿਚ, ਪਰਮੇਸ਼ੁਰ ਦੇ ਵਿਰੋਧੀਆਂ, ਸ਼ਤਾਨ ਅਤੇ ਉਸ ਦੇ ਸਾਥੀ ਭੂਤਾਂ ਨੂੰ ਸੁਧਾਰ ਦੇ ਸਮੇਂ ਦੌਰਾਨ ਯਾਨੀ ਇਕ ਹਜ਼ਾਰ ਸਾਲ ਲਈ ਬੰਦ ਕਰ ਦਿੱਤਾ ਜਾਵੇਗਾ। ਉਸ ਸਮੇਂ ਦੌਰਾਨ, “ਉਜਾੜ ਅਤੇ ਥਲ ਖੁਸ਼ੀ ਮਨਾਉਣਗੇ, ਰੜਾ ਮਦਾਨ ਬਾਗ ਬਾਗ ਹੋਵੇਗਾ, ਅਤੇ ਨਰਗਸ ਵਾਂਙੁ ਖਿੜੇਗਾ।” (ਯਸਾਯਾਹ 35:1) ਪੂਰੀ ਧਰਤੀ ਤੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ। (ਯਸਾਯਾਹ 14:7) ਕਰੋੜਾਂ ਹੀ ਮਰ ਚੁੱਕੇ ਲੋਕ ਮੁੜ ਇਸ ਧਰਤੀ ਉੱਤੇ ਜੀਉਂਦੇ ਕੀਤੇ ਜਾਣਗੇ। ਸਾਰੇ ਰਿਹਾਈ ਕੀਮਤ ਦੇ ਸੁਧਾਰ ਦੇ ਫ਼ਾਇਦਿਆਂ ਦਾ ਆਨੰਦ ਮਾਣਨਗੇ। (ਪਰਕਾਸ਼ ਦੀ ਪੋਥੀ 20:12-15; 22:1, 2) ਕੋਈ ਵੀ ਅੰਨ੍ਹਾ, ਗੁੰਗਾ ਜਾਂ ਲੰਗੜਾ ਵਿਅਕਤੀ ਇਸ ਧਰਤੀ ਉੱਤੇ ਨਹੀਂ ਹੋਵੇਗਾ। “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:24) ਮਸੀਹ ਦੇ ਹਜ਼ਾਰ ਸਾਲ ਦੇ ਰਾਜ ਤੋਂ ਬਾਅਦ, ਸ਼ਤਾਨ ਅਤੇ ਉਸ ਦੇ ਸਾਥੀ ਭੂਤ ਥੋੜ੍ਹੇ ਸਮੇਂ ਲਈ ਇਸ ਧਰਤੀ ਉੱਤੇ ਛੱਡੇ ਜਾਣਗੇ ਤਾਂਕਿ ਉਹ ਦੇਖਣ ਕਿ ਪਰਮੇਸ਼ੁਰ ਦੇ ਮਕਸਦ ਕਿਵੇਂ ਪੂਰੇ ਹੋ ਚੁੱਕੇ ਹਨ। ਅੰਤ ਵਿਚ ਉਨ੍ਹਾਂ ਦਾ ਨਾਸ਼ ਕਰ ਦਿੱਤਾ ਜਾਵੇਗਾ।—ਪਰਕਾਸ਼ ਦੀ ਪੋਥੀ 20:1-3.

ਜਦੋਂ ਧਰਤੀ ਸੁਧਾਰ ਦੇ ਹਜ਼ਾਰ ਸਾਲਾਂ ਦੇ ਅਖ਼ੀਰ ਤੇ ਪਹੁੰਚ ਜਾਵੇਗੀ, ਤਾਂ ‘ਸਾਰੇ ਪ੍ਰਾਣੀ’ ਯਹੋਵਾਹ ਦੀ ਸਦਾ ਤਾਈਂ ਉਸਤਤ ਕਰਨਗੇ। (ਜ਼ਬੂਰ 150:6) ਕੀ ਤੁਸੀਂ ਉਨ੍ਹਾਂ ਵਿਚ ਹੋਵੋਗੇ? ਯਕੀਨਨ ਤੁਸੀਂ ਵੀ ਉਨ੍ਹਾਂ ਵਿੱਚ ਹੋ ਸਕਦੇ ਹੋ।