Skip to content

Skip to table of contents

ਨਿਮਰ ਯੋਸੀਯਾਹ ਉੱਤੇ ਯਹੋਵਾਹ ਦੀ ਕਿਰਪਾ ਸੀ

ਨਿਮਰ ਯੋਸੀਯਾਹ ਉੱਤੇ ਯਹੋਵਾਹ ਦੀ ਕਿਰਪਾ ਸੀ

ਨਿਮਰ ਯੋਸੀਯਾਹ ਉੱਤੇ ਯਹੋਵਾਹ ਦੀ ਕਿਰਪਾ ਸੀ

ਯਹੂਦਾਹ ਦਾ ਪੰਜ-ਸਾਲਾ ਰਾਜਕੁਮਾਰ ਯੋਸੀਯਾਹ ਬਹੁਤ ਘਬਰਾਇਆ ਹੋਇਆ ਸੀ। ਉਸ ਦੀ ਮਾਂ ਯਦੀਦਾਹ ਰੋ ਰਹੀ ਸੀ। ਯਦੀਦਾਹ ਇਸ ਲਈ ਰੋ ਰਹੀ ਸੀ ਕਿਉਂਕਿ ਯੋਸੀਯਾਹ ਦਾ ਦਾਦਾ, ਰਾਜਾ ਮਨੱਸ਼ਹ, ਪੂਰਾ ਹੋ ਗਿਆ ਸੀ।—2 ਰਾਜਿਆਂ 21:18.

ਇਸ ਤੋਂ ਬਾਅਦ ਯੋਸੀਯਾਹ ਦਾ ਪਿਤਾ, ਆਮੋਨ, ਯਹੂਦਾਹ ਦਾ ਰਾਜਾ ਬਣਿਆ। (2 ਇਤਹਾਸ 33:20) ਦੋ ਸਾਲ ਬਾਅਦ, ਯਾਨੀ 659 ਸਾ.ਯੁ.ਪੂ. ਵਿਚ, ਆਮੋਨ ਦੇ ਕੁਝ ਸੇਵਕਾਂ ਨੇ ਉਸ ਦਾ ਕਤਲ ਕਰ ਦਿੱਤਾ। ਯਹੂਦਾਹ ਦੇ ਲੋਕਾਂ ਨੇ ਉਨ੍ਹਾਂ ਸਾਰਿਆਂ ਨੂੰ ਮਾਰ ਸੁੱਟਿਆ ਜਿਨ੍ਹਾਂ ਨੇ ਰਾਜੇ ਦਾ ਖ਼ੂਨ ਕੀਤਾ ਸੀ ਅਤੇ ਛੋਟੇ ਜਿਹੇ ਯੋਸੀਯਾਹ ਨੂੰ ਰਾਜਾ ਬਣਾ ਦਿੱਤਾ। (2 ਰਾਜਿਆਂ 21:24; 2 ਇਤਹਾਸ 33:25) ਆਮੋਨ ਦੇ ਰਾਜ ਦੌਰਾਨ ਯਰੂਸ਼ਲਮ ਦੇ ਕਈਆਂ ਕੋਠਿਆਂ ਉੱਤੇ ਜਗਵੇਦੀਆਂ ਆਮ ਸਨ ਜਿਨ੍ਹਾਂ ਅੱਗੇ ਲੋਕ ਝੂਠੇ ਦੇਵਤਿਆਂ ਨੂੰ ਮੱਥਾ ਟੇਕਦੇ ਅਤੇ ਧੂਪ ਧੁਖਾਉਂਦੇ ਸਨ। ਯੋਸੀਯਾਹ ਧੂਪ ਦੀ ਮਹਿਕ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਝੂਠੀ ਪੂਜਾ ਕਰਨ ਵਾਲੇ ਪੰਡਿਤ ਸੈਰ ਕਰਦੇ ਦੇਖੇ ਜਾ ਸਕਦੇ ਸਨ। ਭਾਵੇਂ ਕਿ ਝੂਠੇ ਦੇਵੀ-ਦੇਵਤਿਆਂ ਦੇ ਪੁਜਾਰੀ ਮਲਕਾਮ ਦੇਵਤੇ ਦੀ ਸੌਂਹ ਖਾਂਦੇ ਸਨ ਉਨ੍ਹਾਂ ਵਿੱਚੋਂ ਕੁਝ ਯਹੋਵਾਹ ਦੇ ਸੇਵਕ ਹੋਣ ਦਾ ਦਾਅਵਾ ਵੀ ਕਰਦੇ ਸਨ!—ਸਫ਼ਨਯਾਹ 1:1, 5.

ਯੋਸੀਯਾਹ ਜਾਣਦਾ ਸੀ ਕਿ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰ ਕੇ ਉਸ ਦੇ ਪਿਤਾ ਆਮੋਨ ਨੇ ਬਹੁਤ ਵੱਡਾ ਪਾਪ ਕੀਤਾ ਸੀ। ਯਹੂਦਾਹ ਦਾ ਇਹ ਜਵਾਨ ਰਾਜਾ ਪਰਮੇਸ਼ੁਰ ਦੇ ਨਬੀ ਸਫ਼ਨਯਾਹ ਦੀਆਂ ਗੱਲਾਂ ਨੂੰ ਵੀ ਚੰਗੀ ਤਰ੍ਹਾਂ ਸਮਝਣ ਲੱਗ ਪਿਆ ਸੀ। ਸਾਲ 652 ਸਾ.ਯੁ.ਪੂ. ਵਿਚ ਜਦੋਂ ਯੋਸੀਯਾਹ ਪੰਦਰਾਂ ਸਾਲਾਂ ਦਾ ਹੋਇਆ, ਉਸ ਦੇ ਰਾਜ ਦਾ ਅੱਠਵਾਂ ਸਾਲ ਚੱਲ ਰਿਹਾ ਸੀ। ਉਸ ਨੇ ਆਪਣਾ ਇਰਾਦਾ ਪੱਕਾ ਕੀਤਾ ਕਿ ਉਹ ਸਫ਼ਨਯਾਹ ਦੀਆਂ ਗੱਲਾਂ ਮੰਨੇਗਾ ਅਤੇ ਇਸ ਛੋਟੀ ਉਮਰ ਵਿਚ ਯੋਸੀਯਾਹ ਨੇ ਯਹੋਵਾਹ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।—2 ਇਤਹਾਸ 33:21, 22; 34:3.

ਯੋਸੀਯਾਹ ਨੇ ਯਰੂਸ਼ਲਮ ਦੀ ਸਫ਼ਾਈ ਕੀਤੀ

ਚਾਰ ਸਾਲ ਬਾਅਦ, 648 ਸਾ.ਯੁ.ਪੂ. ਵਿਚ ਯੋਸੀਯਾਹ ਨੇ ਯਹੂਦਾਹ ਅਤੇ ਯਰੂਸ਼ਲਮ ਵਿੱਚੋਂ ਝੂਠੀ ਪੂਜਾ ਖ਼ਤਮ ਕਰਨੀ ਸ਼ੁਰੂ ਕੀਤੀ। ਉਸ ਨੇ ਬਆਲ ਦੀ ਪੂਜਾ ਲਈ ਵਰਤੀਆਂ ਗਈਆਂ ਮੂਰਤਾਂ, ਧੂਪ ਦੀਆਂ ਜਗਵੇਦੀਆਂ, ਅਤੇ ਥੰਮ੍ਹਾਂ ਦਾ ਨਾਸ਼ ਕੀਤਾ ਅਤੇ ਝੂਠੇ ਦੇਵੀ-ਦੇਵਤਿਆਂ ਦੀਆਂ ਮੂਰਤਾਂ ਪੀਹ ਕੇ ਉਨ੍ਹਾਂ ਨੂੰ ਧੂੜ ਬਣਾਇਆ। ਫਿਰ ਇਹ ਧੂੜ ਉਨ੍ਹਾਂ ਦੀਆਂ ਕਬਰਾਂ ਉੱਤੇ ਖਿੰਡਾਈ ਗਈ ਸੀ ਜਿਨ੍ਹਾਂ ਨੇ ਇਨ੍ਹਾਂ ਮੂਰਤਾਂ ਨੂੰ ਚੜ੍ਹਾਵੇ ਚੜ੍ਹਾਏ ਸਨ। ਝੂਠੀ ਪੂਜਾ ਲਈ ਵਰਤੀਆਂ ਗਈਆਂ ਵੇਦੀਆਂ ਭ੍ਰਿਸ਼ਟ ਕੀਤੀਆਂ ਜਾਣ ਤੋਂ ਬਾਅਦ ਢਾਹੀਆਂ ਗਈਆਂ ਸਨ।—2 ਰਾਜਿਆਂ 23:8-14.

ਯੋਸੀਯਾਹ ਸ਼ਹਿਰ ਦੀ ਸਫ਼ਾਈ ਕਰਨ ਵਿਚ ਪੂਰੇ ਜੋਸ਼ ਨਾਲ ਲੱਗਾ ਹੋਇਆ ਸੀ ਜਦੋਂ 647 ਸਾ.ਯੁ.ਪੂ. ਵਿਚ ਇਕ ਲੇਵੀ ਜਾਜਕ ਦਾ ਪੁੱਤਰ, ਯਿਰਮਿਯਾਹ ਯਰੂਸ਼ਲਮ ਨੂੰ ਆਇਆ। ਯਹੋਵਾਹ ਪਰਮੇਸ਼ੁਰ ਨੇ ਇਸ ਨੌਜਵਾਨ ਯਿਰਮਿਯਾਹ ਨੂੰ ਆਪਣੇ ਨਬੀ ਵਜੋਂ ਨਿਯੁਕਤ ਕੀਤਾ ਸੀ, ਅਤੇ ਉਸ ਨੇ ਝੂਠੇ ਧਰਮ ਵਿਰੁੱਧ ਯਹੋਵਾਹ ਦਾ ਸੰਦੇਸ਼ ਬੜੇ ਜੋਸ਼ ਨਾਲ ਐਲਾਨ ਕੀਤਾ ਸੀ! ਰਾਜਾ ਯੋਸੀਯਾਹ, ਯਿਰਮਿਯਾਹ ਦੇ ਹਾਣ ਦਾ ਹੀ ਸੀ। ਯੋਸੀਯਾਹ ਦੀ ਦਲੇਰ ਸਫ਼ਾਈ ਅਤੇ ਯਿਰਮਿਯਾਹ ਦੇ ਨਿਡਰ ਐਲਾਨਾਂ ਦੇ ਬਾਵਜੂਦ, ਲੋਕ ਝੂਠੀ ਪੂਜਾ ਦੁਬਾਰਾ ਕਰਨ ਲੱਗ ਪਏ ਸਨ।—ਯਿਰਮਿਯਾਹ 1:1-10.

ਇਕ ਅਨਮੋਲ ਲੱਭਤ!

ਪੰਜ ਸਾਲ ਬਾਅਦ ਪੱਚੀਆਂ ਸਾਲਾਂ ਦੀ ਉਮਰ ਤੇ, ਜਦ ਯੋਸੀਯਾਹ 18 ਸਾਲਾਂ ਤੋਂ ਰਾਜ ਕਰਦਾ ਆਇਆ ਸੀ, ਉਸ ਨੇ ਆਪਣੇ ਮੁਨੀਮ ਸ਼ਾਫਾਨ, ਸ਼ਹਿਰ ਦੇ ਸਰਦਾਰ ਮਅਸੇਯਾਹ, ਅਤੇ ਇਤਹਾਸ ਦੇ ਲਿਖਾਰੀ ਯੋਆਹ ਨੂੰ ਆਪਣੇ ਕੋਲ ਬੁਲਾਇਆ। ਰਾਜੇ ਨੇ ਸ਼ਾਫਾਨ ਨੂੰ ਹੁਕਮ ਦਿੱਤਾ: ‘ਪਰਧਾਨ ਜਾਜਕ ਹਿਲਕੀਯਾਹ ਨੂੰ ਦੱਸ ਭਈ ਉਹ ਉਸ ਰੁਪਏ ਨੂੰ ਜਿਸ ਨੂੰ ਫਾਟਕ ਦੇ ਪਹਿਰੇਦਾਰਾਂ ਨੇ ਲੋਕਾਂ ਕੋਲੋਂ ਇਕੱਠਾ ਕੀਤਾ ਹੈ ਕਰਿੰਦਿਆਂ ਕੋਲ ਲੈ ਜਾਵੇਂ ਅਤੇ ਉਨ੍ਹਾਂ ਦੇ ਹੱਥ ਵਿੱਚ ਦੇ ਦੇਵੇ ਤਾਂ ਜੋ ਉਹ ਯਹੋਵਾਹ ਦੇ ਭਵਨ ਦੀ ਮੁਰੰਮਤ ਕਰਨ।’—2 ਰਾਜਿਆਂ 22:3-6; 2 ਇਤਹਾਸ 34:8.

ਹੈਕਲ ਦੀ ਮੁਰੰਮਤ ਕਰਨ ਵਾਲੇ ਕਾਮੇ ਸਵੇਰ ਤੋਂ ਲੈ ਕੇ ਸ਼ਾਮ ਤਕ ਮਿਹਨਤ ਕਰਦੇ ਰਹਿੰਦੇ ਸਨ। ਯੋਸੀਯਾਹ ਨੇ ਯਹੋਵਾਹ ਦਾ ਧੰਨਵਾਦ ਜ਼ਰੂਰ ਕੀਤਾ ਹੋਣਾ ਸੀ ਕਿ ਕਾਮੇ ਪਰਮੇਸ਼ੁਰ ਦੇ ਭਵਨ ਨੂੰ ਹੁਣ ਬਣਾ-ਸੁਆਰ ਰਹੇ ਸਨ। ਉਸ ਦੇ ਦੁਸ਼ਟ ਦਾਦਿਆਂ-ਪੜਦਾਦਿਆਂ ਨੇ ਇਸ ਦੀ ਕੋਈ ਕਦਰ ਨਹੀਂ ਸੀ ਕੀਤਾ। ਜਿਉਂ-ਜਿਉਂ ਕੰਮ ਅੱਗੇ ਵਧਦਾ ਗਿਆ ਸ਼ਾਫਾਨ ਆਪਣੇ ਹੱਥ ਵਿਚ ਇਕ ਚੀਜ਼ ਲੈ ਕੇ ਉਸ ਨੂੰ ਕੰਮ ਬਾਰੇ ਰਿਪੋਰਟ ਦੇਣ ਆਇਆ। ਉਸ ਦੇ ਹੱਥ ਵਿਚ ਇਕ ਪੋਥੀ ਸੀ! ਉਸ ਨੇ ਸਮਝਾਇਆ ਕਿ ਪ੍ਰਧਾਨ ਜਾਜਕ ਹਿਲਕੀਯਾਹ ਨੂੰ “ਯਹੋਵਾਹ ਦੀ ਬਿਵਸਥਾ ਦੀ ਪੋਥੀ ਜਿਹੜੀ ਮੂਸਾ ਦੇ ਰਾਹੀਂ ਦਿੱਤੀ ਗਈ ਸੀ ਲੱਭੀ।” (2 ਇਤਹਾਸ 34:12-18) ਇਹ ਕਿੰਨੀ ਵੱਡੀ ਲੱਭਤ ਸੀ! ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਬਿਵਸਥਾ ਦੀ ਅਸਲੀ ਕਾਪੀ ਸੀ।

ਯੋਸੀਯਾਹ ਇਸ ਪੋਥੀ ਦੇ ਹਰੇਕ ਸ਼ਬਦ ਨੂੰ ਸੁਣਨ ਲਈ ਬੜਾ ਉਤਾਵਲਾ ਸੀ। ਜਿਉਂ-ਜਿਉਂ ਸ਼ਾਫਾਨ ਨੇ ਇਸ ਨੂੰ ਪੜ੍ਹਨਾ ਸ਼ੁਰੂ ਕੀਤਾ, ਰਾਜੇ ਨੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕਿ ਇਸ ਵਿਚ ਪਾਏ ਗਏ ਹੁਕਮ ਉਸ ਉੱਤੇ ਅਤੇ ਲੋਕਾਂ ਉੱਤੇ ਕਿਸ ਤਰ੍ਹਾਂ ਲਾਗੂ ਹੁੰਦੇ ਸਨ। ਉਹ ਖ਼ਾਸ ਕਰਕੇ ਇਸ ਗੱਲ ਤੋਂ ਪ੍ਰਭਾਵਿਤ ਹੋਇਆ ਕਿ ਇਸ ਪੋਥੀ ਨੇ ਸੱਚੀ ਉਪਾਸਨਾ ਉੱਤੇ ਕਿੰਨਾ ਜ਼ੋਰ ਦਿੱਤਾ ਸੀ। ਪੋਥੀ ਵਿਚ ਲਿਖਿਆ ਗਿਆ ਸੀ ਕਿ ਜੇ ਲੋਕ ਝੂਠੀ ਪੂਜਾ ਕਰਨਗੇ ਤਾਂ ਉਨ੍ਹਾਂ ਉੱਤੇ ਮਰੀਆਂ ਆਉਣਗੀਆਂ ਅਤੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਵੇਗਾ। ਯੋਸੀਯਾਹ ਨੂੰ ਪਤਾ ਲੱਗਾ ਕਿ ਪਰਮੇਸ਼ੁਰ ਦੇ ਸਾਰਿਆਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ। ਇਸ ਲਈ ਉਸ ਨੇ ਆਪਣੇ ਬਸਤਰ ਪਾੜ ਦਿੱਤੇ ਅਤੇ ਹਿਲਕੀਯਾਹ, ਸ਼ਾਫਾਨ, ਅਤੇ ਦੂਸਰਿਆਂ ਨੂੰ ਇਹ ਹੁਕਮ ਦਿੱਤਾ ਕਿ ‘ਇਸ ਪੋਥੀ ਦੀਆਂ ਗੱਲਾਂ ਵਿਖੇ ਯਹੋਵਾਹ ਤੋਂ ਪੁੱਛ ਗਿੱਛ ਕਰੋ ਕਿਉਂ ਜੋ ਯਹੋਵਾਹ ਦਾ ਵੱਡਾ ਕ੍ਰੋਧ ਸਾਡੇ ਉੱਤੇ ਇਸੇ ਲਈ ਭੜਕਿਆ ਹੈ ਕਿ ਸਾਡੇ ਪਿਉ ਦਾਦਿਆਂ ਨੇ ਇਸ ਪੋਥੀ ਦੀਆਂ ਗੱਲਾਂ ਨੂੰ ਨਾ ਸੁਣਿਆ।’—2 ਰਾਜਿਆਂ 22:11-13; 2 ਇਤਹਾਸ 34:19-21.

ਯੋਸੀਯਾਹ ਨੂੰ ਯਹੋਵਾਹ ਵੱਲੋਂ ਸੰਦੇਸ਼

ਯੋਸੀਯਾਹ ਨੇ ਯਰੂਸ਼ਲਮ ਵਿਚ ਹੁਲਦਾਹ ਨਬੀਆ ਕੋਲ ਆਪਣੇ ਬੰਦੇ ਭੇਜੇ ਅਤੇ ਉਹ ਇਕ ਰਿਪੋਰਟ ਲੈ ਕੇ ਵਾਪਸ ਮੁੜੇ। ਹੁਲਦਾਹ ਨੇ ਦੱਸਿਆ ਕਿ ਲੱਭੀ ਗਈ ਪੋਥੀ ਵਿਚ ਜਿਸ ਤਬਾਹੀ ਬਾਰੇ ਲਿਖਿਆ ਸੀ ਉਹ ਇਸ ਧਰਮ-ਤਿਆਗੀ ਕੌਮ ਉੱਤੇ ਜ਼ਰੂਰ ਆਵੇਗੀ। ਪਰ, ਕਿਉਂ ਜੋ ਰਾਜਾ ਯੋਸੀਯਾਹ ਯਹੋਵਾਹ ਦੇ ਅੱਗੇ ਨੀਵਾਂ ਹੋਇਆ ਸੀ ਉਸ ਨੂੰ ਇਸ ਤਬਾਹੀ ਦਾ ਸਾਮ੍ਹਣਾ ਨਹੀਂ ਕਰਨਾ ਪੈਣਾ ਸੀ। ਉਸ ਨੂੰ ਉਸ ਦੇ ਪਿਉ ਦਾਦਿਆਂ ਨਾਲ ਰਲਾਇਆ ਜਾਣਾ ਸੀ ਅਤੇ ਸ਼ਾਂਤੀ ਨਾਲ ਕਬਰ ਵਿੱਚ ਰੱਖਿਆ ਜਾਣਾ ਸੀ।—2 ਰਾਜਿਆਂ 22:14-20; 2 ਇਤਹਾਸ 34:22-28.

ਯੋਸੀਯਾਹ ਲੜਾਈ ਵਿਚ ਮਾਰਿਆ ਗਿਆ ਸੀ। ਤਾਂ ਫਿਰ, ਕੀ ਇਹ ਕਿਹਾ ਜਾ ਸਕਦਾ ਹੈ ਕਿ ਹੁਲਦਾਹ ਦੀ ਭਵਿੱਖਬਾਣੀ ਗ਼ਲਤ ਸੀ? (2 ਰਾਜਿਆਂ 23:28-30) ਜੀ ਨਹੀਂ, ਕਿਉਂਕਿ ਯੋਸੀਯਾਹ “ਸਾਂਤੀ” ਵਿਚ ਮਰਿਆ ਸੀ ਯਾਨੀ ਉਸ ਨੇ ਯਹੂਦਾਹ ਉੱਤੇ ਆਉਣ ਵਾਲੀ “ਬੁਰਿਆਈ” ਨਹੀਂ ਦੇਖੀ ਸੀ। (2 ਰਾਜਿਆਂ 22:20; 2 ਇਤਹਾਸ 34:28) ਯੋਸੀਯਾਹ 609-607 ਸਾ.ਯੁ.ਪੂ. ਵਿਚ ਹੋਈ ਤਬਾਹੀ ਤੋਂ ਪਹਿਲਾਂ ਹੀ ਮਰ ਗਿਆ ਸੀ, ਜਦੋਂ ਬਾਬਲੀਆਂ ਨੇ ਯਰੂਸ਼ਲਮ ਨੂੰ ਘੇਰ ਕੇ ਉਸ ਦਾ ਨਾਸ਼ ਕੀਤਾ ਸੀ। ‘ਪਿਉ ਦਾਦਿਆਂ ਨਾਲ ਰਲਾਏ ਜਾਣ’ ਜਾਂ ਸੌਂ ਜਾਣ ਦਾ ਮਤਲਬ ਇਹ ਨਹੀਂ ਸੀ ਕਿ ਉਹ ਬੁਰੀ ਮੌਤ ਨਹੀਂ ਮਰ ਸਕਦਾ ਸੀ। ਬਾਈਬਲ ਵਿਚ ਅਜਿਹੇ ਸ਼ਬਦ ਹਰ ਤਰ੍ਹਾਂ ਦੀਆਂ ਮੌਤਾਂ ਦੇ ਸੰਬੰਧ ਵਿਚ ਵਰਤੇ ਜਾਂਦੇ ਹਨ।—ਬਿਵਸਥਾ ਸਾਰ 31:16; 1 ਰਾਜਿਆਂ 2:10; 22:34, 40.

ਸੱਚੀ ਉਪਾਸਨਾ ਅੱਗੇ ਵਧੀ

ਯੋਸੀਯਾਹ ਨੇ ਯਰੂਸ਼ਲਮ ਦੇ ਸਾਰਿਆਂ ਲੋਕਾਂ ਨੂੰ ਹੈਕਲ ਵਿਚ ਇਕੱਠਾ ਕੀਤਾ ਅਤੇ ਯਹੋਵਾਹ ਦੇ ਭਵਨ ਵਿੱਚੋਂ ਲੱਭੀ ਗਈ ‘ਨੇਮ ਦੀ ਪੋਥੀ ਦੀਆਂ ਸਾਰੀਆਂ ਗੱਲਾਂ’ ਉਨ੍ਹਾਂ ਨੂੰ ਪੜ੍ਹ ਕੇ ਸੁਣਾਈਆਂ। ਫਿਰ ਉਸ ਨੇ ਵਾਅਦਾ ਕੀਤਾ ਕਿ ਉਹ ‘ਯਹੋਵਾਹ ਦੇ ਪਿੱਛੇ ਤੁਰੇਗਾ ਤੇ ਉਸ ਦੇ ਹੁਕਮਾਂ ਤੇ ਸਾਖੀਆਂ ਤੇ ਬਿਧੀਆਂ ਨੂੰ ਆਪਣੇ ਸਾਰੇ ਦਿਲ ਅਰ ਆਪਣੀ ਸਾਰੀ ਜਾਨ ਨਾਲ ਮੰਨੇਗਾ ਅਰ ਉਸ ਨੇਮ ਦੀਆਂ ਗੱਲਾਂ ਨੂੰ ਜੋ ਉਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪੂਰਾ ਕਰੇਗਾ।’ ਸਾਰਿਆਂ ਲੋਕਾਂ ਨੇ ਵੀ ਇਸ ਨੇਮ ਨੂੰ ਮੰਨ ਲਿਆ।—2 ਰਾਜਿਆਂ 23:1-3.

ਇਸ ਤੋਂ ਬਾਅਦ ਰਾਜਾ ਯੋਸੀਯਾਹ ਨੇ ਮੂਰਤੀ-ਪੂਜਾ ਵਿਰੁੱਧ ਇਕ ਹੋਰ ਕਾਰਵਾਈ ਸ਼ੁਰੂ ਕੀਤੀ ਜੋ ਪਹਿਲਾਂ ਨਾਲੋਂ ਜ਼ਿਆਦਾ ਸਖ਼ਤ ਸੀ। ਯਹੂਦਾਹ ਵਿਚ ਬੁੱਤ ਪੂਜਾ ਕਰਨ ਵਾਲੇ ਪੁਜਾਰੀਆਂ ਦਾ ਕੰਮ-ਧੰਦਾ ਖ਼ਤਮ ਕੀਤਾ ਗਿਆ ਸੀ ਅਤੇ ਝੂਠੀ ਪੂਜਾ ਕਰਨ ਵਾਲੇ ਲੇਵੀ ਜਾਜਕਾਂ ਤੋਂ ਯਹੋਵਾਹ ਦੀ ਜਗਵੇਦੀ ਤੇ ਸੇਵਾ ਕਰਨ ਦਾ ਸਨਮਾਨ ਖੋਹ ਲਿਆ ਗਿਆ। ਸੁਲੇਮਾਨ ਦੇ ਰਾਜ ਦੌਰਾਨ ਬਣਾਏ ਗਏ ਉੱਚੇ ਥਾਂ ਢਾਏ ਗਏ ਸਨ। ਇਹ ਸਫ਼ਾਈ ਦਸ-ਗੋਤੀ ਰਾਜ ਇਸਰਾਏਲ ਦੇ ਇਲਾਕੇ ਵਿਚ ਵੀ ਹੋਈ, ਜਿਸ ਉੱਤੇ 740 ਸਾ.ਯੁ.ਪੂ. ਵਿਚ ਅੱਸ਼ੂਰੀਆਂ ਨੇ ਜਿੱਤ ਪ੍ਰਾਪਤ ਕੀਤਾ ਸੀ।

ਪਰਮੇਸ਼ੁਰ ਦੇ ਇਕ ਗੁਮਨਾਮ ਬੰਦੇ ਦੁਆਰਾ 300 ਸਾਲ ਪਹਿਲਾਂ ਕਹੇ ਗਏ ਸ਼ਬਦਾਂ ਦੀ ਪੂਰਤੀ ਵਿਚ ਯੋਸੀਯਾਹ ਨੇ ਬਆਲ ਦੇ ਜਾਜਕਾਂ ਦੀਆਂ ਹੱਡੀਆਂ ਬੈਤਏਲ ਵਿਚ ਰਾਜਾ ਯਾਰਾਬੁਆਮ ਪਹਿਲੇ ਦੁਆਰਾ ਬਣਾਈ ਗਈ ਜਗਵੇਦੀ ਉੱਤੇ ਸਾੜੀਆਂ ਸਨ। ਉੱਥੇ ਅਤੇ ਦੂਸਰਿਆਂ ਸ਼ਹਿਰਾਂ ਦੇ ਉੱਚਿਆਂ ਥਾਵਾਂ ਨੂੰ ਢਾਹਿਆ ਗਿਆ ਸੀ ਅਤੇ ਮੂਰਤੀ-ਪੂਜਾ ਕਰਨ ਵਾਲਿਆਂ ਜਾਜਕਾਂ ਨੂੰ ਉਨ੍ਹਾਂ ਜਗਵੇਦੀਆਂ ਉੱਤੇ ਸਾੜਿਆ ਗਿਆ ਸੀ ਜਿਨ੍ਹਾਂ ਉੱਤੇ ਉਹ ਧੂਪ ਧੁਖਾਉਂਦੇ ਸਨ।—1 ਰਾਜਿਆਂ 13:1-4; 2 ਰਾਜਿਆਂ 23:4-20.

ਇਕ ਵੱਡਾ ਪਸਾਹ ਮਨਾਇਆ ਗਿਆ

ਯੋਸੀਯਾਹ ਨੇ ਪਰਮੇਸ਼ੁਰ ਦੇ ਸਹਾਰੇ ਨਾਲ ਸ਼ੁੱਧ ਉਪਾਸਨਾ ਨੂੰ ਅੱਗੇ ਵਧਾਇਆ ਸੀ। ਆਪਣੀ ਸਾਰੀ ਉਮਰ ਉਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਸੀ ਕਿ ਲੋਕ ‘ਯਹੋਵਾਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਦੇ ਮਗਰ ਚੱਲਣ ਤੋਂ ਨਾ ਹਟੇ।’ (2 ਇਤਹਾਸ 34:33) ਯੋਸੀਯਾਹ ਦੇ ਰਾਜ ਦੇ 18ਵੇਂ ਸਾਲ ਵਿਚ ਇਕ ਅਜਿਹੀ ਵਧੀਆ ਘਟਨਾ ਵਾਪਰੀ ਜਿਸ ਨੂੰ ਉਹ ਕਦੀ ਵੀ ਭੁੱਲ ਨਹੀਂ ਸਕਦਾ ਸੀ।

ਰਾਜੇ ਨੇ ਲੋਕਾਂ ਨੂੰ ਹੁਕਮ ਦਿੱਤਾ ਕਿ “ਜਿਵੇਂ ਇਸ [ਲੱਭੀ ਗਈ] ਨੇਮ ਦੀ ਪੋਥੀ ਵਿੱਚ ਲਿਖਿਆ ਹੈ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਪਸਹ ਮਨਾਓ।” (2 ਰਾਜਿਆਂ 23:21) ਪਸਾਹ ਮਨਾਉਣ ਵਿਚ ਲੋਕਾਂ ਦਾ ਚੰਗਾ ਰਵੱਈਆ ਦੇਖ ਕੇ ਯੋਸੀਯਾਹ ਬਹੁਤ ਖ਼ੁਸ਼ ਹੋਇਆ ਸੀ। ਪਸਾਹ ਦੇ ਇਸ ਤਿਉਹਾਰ ਲਈ ਉਸ ਨੇ ਖ਼ੁਦ 30,000 ਪਸ਼ੂ ਅਤੇ 3,000 ਡੰਗਰ ਦਿੱਤੇ ਸਨ। ਇਹ ਪਸਾਹ ਕਿੰਨਾ ਵਧੀਆ ਸੀ! ਭੇਟਾਂ, ਚੰਗੇ ਇੰਤਜ਼ਾਮ, ਅਤੇ ਉਪਾਸਕਾਂ ਦੀ ਗਿਣਤੀ ਕਰਕੇ ਇਹ ਪਸਾਹ ਸਮੂਏਲ ਨਬੀ ਦੇ ਦਿਨਾਂ ਵਿਚ ਮਨਾਏ ਗਏ ਕਿਸੇ ਵੀ ਪਸਾਹ ਤੋਂ ਵਧੀਆ ਸੀ।—2 ਰਾਜਿਆਂ 23:22, 23; 2 ਇਤਹਾਸ 35:1-19.

ਉਸ ਦੀ ਮੌਤ ਕਰਕੇ ਵੱਡਾ ਸੋਗ ਕੀਤਾ ਗਿਆ

ਯੋਸੀਯਾਹ ਦਾ ਪੂਰਾ ਰਾਜ 659 ਤੋਂ 629 ਸਾ.ਯੁ.ਪੂ. ਤਕ 31 ਸਾਲਾਂ ਦਾ ਸੀ। ਇਸ ਸਮੇਂ ਦੌਰਾਨ ਉਸ ਨੇ ਇਕ ਚੰਗੇ ਰਾਜੇ ਵਜੋਂ ਰਾਜ ਕੀਤਾ ਸੀ। ਉਸ ਦੇ ਰਾਜ ਦੇ ਅੰਤ ਦੇ ਨੇੜੇ, ਉਸ ਨੂੰ ਪਤਾ ਲੱਗਿਆ ਕਿ ਫ਼ਿਰਊਨ ਨਕੋ ਯਹੂਦਾਹ ਵਿਚਦੀ ਲੰਘਣ ਵਾਲਾ ਸੀ। ਫ਼ਿਰਊਨ ਬਾਬਲ ਦੀ ਫ਼ੌਜ ਨੂੰ ਰੋਕਣ ਅਤੇ ਇਸ ਤਰ੍ਹਾਂ ਫਰਾਤ ਦਰਿਆ ਉੱਤੇ ਕਰਕਮੀਸ਼ ਦੀ ਜਗ੍ਹਾ ਵਿਚ ਅੱਸ਼ੂਰ ਦੇ ਰਾਜੇ ਦੀ ਮਦਦ ਕਰਨ ਜਾ ਰਿਹਾ ਸੀ। ਕਿਸੇ ਅਜਿਹੇ ਕਾਰਨ ਕਰਕੇ ਜੋ ਦੱਸਿਆ ਨਹੀਂ ਗਿਆ, ਯੋਸੀਯਾਹ ਮਿਸਰੀਆਂ ਵਿਰੁੱਧ ਲੜਨ ਲਈ ਚੱਲਿਆ ਗਿਆ। ਫ਼ਿਰਊਨ ਨਕੋ ਨੇ ਇਹ ਕਹਿਣ ਲਈ ਉਸ ਕੋਲ ਸੰਦੇਸ਼ਵਾਹਕ ਭੇਜੇ ਕਿ “ਤੂੰ ਪਰਮੇਸ਼ੁਰ ਦੇ ਵਿਰੁੱਧ ਜਿਹੜਾ ਮੇਰੇ ਅੰਗ ਸੰਗ ਹੈ ਟਾਕਰਾ ਨਾ ਕਰ ਮਤੇ ਉਹ ਤੈਨੂੰ ਮਾਰ ਸੁੱਟੇ।” ਪਰ, ਯੋਸੀਯਾਹ ਭੇਸ ਬਦਲ ਕੇ ਮਿਸਰੀਆਂ ਨੂੰ ਵਾਪਸ ਮੋੜਨ ਲਈ ਮਗਿੱਦੋ ਚੱਲਿਆ ਗਿਆ।—2 ਇਤਹਾਸ 35:20-22.

ਯਹੂਦਾਹ ਦੇ ਰਾਜੇ ਲਈ ਇਹ ਬੁਰੀ ਗੱਲ ਸੀ! ਦੁਸ਼ਮਣਾਂ ਨੇ ਯੋਸੀਯਾਹ ਨੂੰ ਤੀਰ ਨਾਲ ਵਿੰਨ੍ਹ ਸੁੱਟਿਆ ਅਤੇ ਉਸ ਨੇ ਆਪਣੇ ਸੇਵਕਾਂ ਨੂੰ ਕਿਹਾ: “ਮੈਨੂੰ ਕੱਢ ਲੈ ਚੱਲੋ ਕਿਉਂ ਜੋ ਮੈਂ ਵੱਡਾ ਫੱਟੜ ਹੋ ਗਿਆ ਹਾਂ।” ਉਹ ਯੋਸੀਯਾਹ ਨੂੰ ਉਸ ਰਥ ਤੋਂ ਲਾਹ ਕੇ ਦੂਜੇ ਰਥ ਵਿਚ ਚੜ੍ਹਾ ਕੇ ਯਰੂਸ਼ਲਮ ਨੂੰ ਲੈ ਗਏ। ਸ਼ਹਿਰ ਪਹੁੰਚਣ ਤੋਂ ਪਹਿਲਾਂ ਹੀ ਯੋਸੀਯਾਹ ਨੇ ਆਪਣਾ ਦਮ ਤੋੜ ਦਿੱਤਾ। ਬਾਈਬਲ ਵਿਚ ਅੱਗੇ ਲਿਖਿਆ ਹੈ ਕਿ “ਉਹ ਮਰ ਗਿਆ ਅਰ ਆਪਣੇ ਪਿਉ ਦਾਦਿਆਂ ਦੀਆਂ ਕਬਰਾਂ ਵਿੱਚ ਦੱਬਿਆ ਗਿਆ। ਤਾਂ ਸਾਰੇ ਯਹੂਦਾਹ ਅਤੇ ਯਰੂਸ਼ਲਮ ਨੇ ਯੋਸੀਯਾਹ ਦੇ ਲਈ ਸੋਗ ਕੀਤਾ।” ਯਿਰਮਿਯਾਹ ਨੇ ਉਸ ਉੱਤੇ ਕੀਰਨੇ ਪਾਏ ਅਤੇ ਇਸ ਤੋਂ ਬਾਅਦ ਖ਼ਾਸ ਮੌਕਿਆਂ ਤੇ ਰਾਜੇ ਦੀ ਮੌਤ ਕਰਕੇ ਵੱਡਾ ਸੋਗ ਕੀਤਾ ਜਾਂਦਾ ਸੀ।—2 ਇਤਹਾਸ 35:23-25.

ਜੀ ਹਾਂ, ਰਾਜਾ ਯੋਸੀਯਾਹ ਨੇ ਮਿਸਰੀਆਂ ਨਾਲ ਲੜਾਈ ਕਰਨ ਦੀ ਵੱਡੀ ਗ਼ਲਤੀ ਕੀਤੀ ਸੀ। (ਜ਼ਬੂਰ 130:3) ਫਿਰ ਵੀ, ਸੱਚੀ ਉਪਾਸਨਾ ਲਈ ਉਸ ਦੀ ਦ੍ਰਿੜ੍ਹਤਾ ਅਤੇ ਨਿਮਰਤਾ ਕਰਕੇ ਉਸ ਉੱਤੇ ਪਰਮੇਸ਼ੁਰ ਦੀ ਕਿਰਪਾ ਰਹੀ। ਯੋਸੀਯਾਹ ਦੀ ਜ਼ਿੰਦਗੀ ਚੰਗੀ ਤਰ੍ਹਾਂ ਦਿਖਾਉਂਦੀ ਹੈ ਕਿ ਯਹੋਵਾਹ ਆਪਣੇ ਨਿਮਰ ਸੇਵਕਾਂ ਉੱਤੇ ਕਿਰਪਾ ਕਰਦਾ ਹੈ!—ਕਹਾਉਤਾਂ 3:34; ਯਾਕੂਬ 4:6.

[ਸਫ਼ੇ 29 ਉੱਤੇ ਤਸਵੀਰ]

ਨੌਜਵਾਨ ਯੋਸੀਯਾਹ ਨੇ ਸੱਚੇ ਦਿਲੋਂ ਯਹੋਵਾਹ ਨੂੰ ਭਾਲਿਆ ਸੀ

[ਸਫ਼ੇ 31 ਉੱਤੇ ਤਸਵੀਰ]

ਯੋਸੀਯਾਹ ਨੇ ਉੱਚਿਆਂ ਥਾਵਾਂ ਨੂੰ ਢਾਹ ਕੇ ਸੱਚੀ ਉਪਾਸਨਾ ਨੂੰ ਅੱਗੇ ਵਧਾਇਆ ਸੀ