Skip to content

Skip to table of contents

ਨਿਰਾਸ਼ਾ ਤੋਂ ਬਿਨਾਂ ਦੁਨੀਆਂ

ਨਿਰਾਸ਼ਾ ਤੋਂ ਬਿਨਾਂ ਦੁਨੀਆਂ

ਨਿਰਾਸ਼ਾ ਤੋਂ ਬਿਨਾਂ ਦੁਨੀਆਂ

ਅੱਜ-ਕੱਲ੍ਹ ਜ਼ਿੰਦਗੀ ਔਖੀ ਤੋਂ ਔਖੀ ਹੋ ਰਹੀ ਹੈ ਅਤੇ ਨਿਰਾਸ਼ ਹੋਣ ਦੇ ਬਹੁਤ ਸਾਰੇ ਕਾਰਨ ਹਨ। ਜਦੋਂ ਅਸੀਂ ਮਾਯੂਸ ਹੁੰਦੇ ਹਾਂ, ਤਾਂ ਆਪਣੇ ਆਪ ਨੂੰ ਸੰਭਾਲਣਾ ਸ਼ਾਇਦ ਔਖਾ ਹੋਵੇ। ਜਿਹੜੇ ਲੋਕ ਆਮ ਤੌਰ ਤੇ ਖ਼ੁਸ਼ ਰਹਿੰਦੇ ਹਨ ਉਹ ਵੀ ਕਾਫ਼ੀ ਉਦਾਸ ਹੋ ਸਕਦੇ ਹਨ! ਕੁਝ ਉਦਾਹਰਣਾਂ ਉੱਤੇ ਗੌਰ ਕਰੋ।

ਪੁਰਾਣੇ ਜ਼ਮਾਨੇ ਵਿਚ, ਮੂਸਾ ਨਬੀ ਨੇ ਇੰਨਾ ਹੌਸਲਾ ਹਾਰਿਆ ਸੀ ਕਿ ਉਸ ਨੇ ਪਰਮੇਸ਼ੁਰ ਨੂੰ ਕਿਹਾ: “ਜੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੈ ਤਾਂ ਮੈਨੂੰ ਮਾਰ ਸੁੱਟ ਭਈ ਮੈਂ ਆਪਣੀ ਖੁਆਰੀ ਨਾ ਵੇਖਾਂ!” (ਗਿਣਤੀ 11:15) ਏਲੀਯਾਹ ਨਬੀ ਨੇ ਆਪਣੇ ਦੁਸ਼ਮਣਾਂ ਤੋਂ ਭੱਜਦੇ ਹੋਏ ਕਿਹਾ: “ਹੇ ਯਹੋਵਾਹ, ਹੁਣ ਇੰਨਾ ਹੀ ਬਹੁਤ ਹੈ ਮੇਰੀ ਜਾਨ ਕੱਢ ਲੈ।” (1 ਰਾਜਿਆਂ 19:4) ਯੂਨਾਹ ਨਬੀ ਨੇ ਕਿਹਾ: “ਹੇ ਯਹੋਵਾਹ, ਮੇਰੀ ਜਾਨ ਮੇਰੇ ਵਿੱਚੋਂ ਲੈ ਲੈ ਕਿਉਂ ਜੋ ਮੇਰਾ ਮਰਨਾ ਮੇਰੇ ਜੀਉਣੇ ਨਾਲੋਂ ਚੰਗਾ ਹੈ!” (ਯੂਨਾਹ 4:3) ਪਰ ਮੂਸਾ, ਏਲੀਯਾਹ, ਜਾਂ ਯੂਨਾਹ ਨੇ ਆਤਮ-ਹੱਤਿਆ ਨਹੀਂ ਕੀਤੀ ਸੀ। ਉਹ ਤਿੰਨੇ ਹੀ ਪਰਮੇਸ਼ੁਰ ਦਾ ਹੁਕਮ ਜਾਣਦੇ ਸਨ ਕਿ ਸਾਨੂੰ ‘ਖ਼ੂਨ ਨਹੀਂ ਕਰਨਾ’ ਚਾਹੀਦਾ ਹੈ। (ਕੂਚ 20:13) ਪਰਮੇਸ਼ੁਰ ਵਿਚ ਉਨ੍ਹਾਂ ਦੀ ਨਿਹਚਾ ਪੱਕੀ ਸੀ ਅਤੇ ਉਨ੍ਹਾਂ ਨੂੰ ਪਤਾ ਸੀ ਕਿ ਹਰ ਹਾਲਤ ਵਿਚ ਕੋਈ ਨਾ ਕੋਈ ਉਮੀਦ ਹੁੰਦੀ ਹੈ। ਉਹ ਇਹ ਵੀ ਜਾਣਦੇ ਸਨ ਕਿ ਜ਼ਿੰਦਗੀ ਪਰਮੇਸ਼ੁਰ ਤੋਂ ਇਕ ਤੋਹਫ਼ਾ ਹੈ।

ਪਰ ਉਨ੍ਹਾਂ ਸਮੱਸਿਆਵਾਂ ਬਾਰੇ ਕੀ ਜਿਨ੍ਹਾਂ ਦਾ ਅਸੀਂ ਹੁਣ ਸਾਮ੍ਹਣਾ ਕਰ ਰਹੇ ਹਾਂ? ਜਜ਼ਬਾਤੀ ਬੋਝ ਜਾਂ ਸਰੀਰਕ ਮੁਸ਼ਕਲਾਂ ਦੇ ਨਾਲ-ਨਾਲ, ਕਈ ਵਾਰ ਸਾਨੂੰ ਪਰਿਵਾਰ ਦੇ ਜੀਆਂ, ਗੁਆਂਢੀਆਂ, ਜਾਂ ਸਾਡੇ ਨਾਲ ਨੌਕਰੀ ਕਰਨ ਵਾਲਿਆਂ ਦੀ ਬਦਸਲੂਕੀ ਸਹਿਣੀ ਪੈਂਦੀ ਹੈ। ਬਾਈਬਲ ਉਨ੍ਹਾਂ ਲੋਕਾਂ ਬਾਰੇ ਦੱਸਦੀ ਹੈ ਜੋ ‘ਹਰ ਪਰਕਾਰ ਦੇ ਕੁਧਰਮ, ਬਦੀ, ਲੋਭ ਅਤੇ ਬੁਰਿਆਈ ਨਾਲ ਭਰੇ ਹੋਏ ਹਨ। ਖਾਰ, ਘਾਤ, ਝਗੜੇ, ਛਲ ਅਤੇ ਬਦਨੀਤੀ ਨਾਲ ਭਰਪੂਰ ਹਨ। ਉਹ ਲਾਵੇ ਲੁਤਰੇ, ਨਿੰਦਕ, ਪਰਮੇਸ਼ੁਰ ਦੇ ਵੈਰੀ, ਧੱਕੇ ਖੋਰੇ, ਹੰਕਾਰੀ, ਸ਼ੇਖੀਬਾਜ਼, ਬਦੀਆਂ ਦੇ ਉਸਤਾਦ, ਮਾਪਿਆਂ ਦੇ ਅਣਆਗਿਆਕਾਰ, ਨਿਰਬੁੱਧ, ਨੇਮ ਤੋੜਨ ਵਾਲੇ, ਨਿਰਮੋਹ ਅਤੇ ਨਿਰਦਈ ਹਨ।’ (ਰੋਮੀਆਂ 1:28-31) ਹਰ ਰੋਜ਼ ਅਜਿਹਿਆਂ ਲੋਕਾਂ ਨਾਲ ਹੋਣ ਕਰਕੇ ਜ਼ਿੰਦਗੀ ਸ਼ਾਇਦ ਬੋਝ ਬਣ ਜਾਵੇ। ਅਸੀਂ ਉਨ੍ਹਾਂ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਜੋ ਦਿਲਾਸਾ ਅਤੇ ਰਾਹਤ ਚਾਹੁੰਦੇ ਹਨ?

ਸੁਣਨ ਲਈ ਤਿਆਰ ਰਹੋ

ਬਿਪਤਾ ਅਤੇ ਦੁੱਖ ਕਾਰਨ ਇਕ ਵਿਅਕਤੀ ਆਪਣਾ ਮਾਨਸਿਕ ਸੰਤੁਲਨ ਖੋਹ ਸਕਦਾ ਹੈ। ਬਾਈਬਲ ਦੇ ਇਕ ਬੁੱਧੀਮਾਨ ਮਨੁੱਖ ਨੇ ਕਿਹਾ: “ਸਖਤੀ ਬੁੱਧਵਾਨ ਨੂੰ ਕਮਲਾ ਬਣਾ ਦਿੰਦੀ ਹੈ।” (ਉਪਦੇਸ਼ਕ ਦੀ ਪੋਥੀ 7:7) ਇਸ ਲਈ ਜਿਹੜਾ ਵਿਅਕਤੀ ਆਤਮ-ਹੱਤਿਆ ਕਰਨ ਬਾਰੇ ਗੱਲ ਕਰਦਾ ਹੈ, ਉਸ ਦੀ ਗੱਲ ਬਹੁਤ ਹੀ ਧਿਆਨ ਨਾਲ ਸੁਣਨੀ ਚਾਹੀਦੀ ਹੈ। ਉਸ ਦੀ ਸਮੱਸਿਆ ਵੱਲ ਇਕਦਮ ਧਿਆਨ ਦੇਣਾ ਚਾਹੀਦਾ ਹੈ, ਚਾਹੇ ਉਹ ਸਮੱਸਿਆ ਭਾਵਾਤਮਕ, ਸਰੀਰਕ, ਮਾਨਸਿਕ, ਜਾਂ ਰੂਹਾਨੀ ਹੋਵੇ। ਇਹ ਸੱਚ ਹੈ ਕਿ ਅਜਿਹੀਆਂ ਸਮੱਸਿਆਵਾਂ ਦੇ ਤਰ੍ਹਾਂ-ਤਰ੍ਹਾਂ ਦੇ ਇਲਾਜ ਹਨ, ਅਤੇ ਇਸ ਬਾਰੇ ਸਾਰਿਆਂ ਨੂੰ ਆਪੋ ਆਪਣਾ ਫ਼ੈਸਲਾ ਕਰਨਾ ਚਾਹੀਦਾ ਹੈ।—ਗਲਾਤੀਆਂ 6:5.

ਆਤਮ-ਹੱਤਿਆ ਬਾਰੇ ਸੋਚਣ ਦੇ ਕਈ ਕਾਰਨ ਹੋ ਸਕਦੇ ਹਨ। ਪਰ ਕਾਰਨ ਜੋ ਮਰਜ਼ੀ ਹੋਵੇ, ਕਿਸੇ ਸੂਝਵਾਨ, ਹਮਦਰਦ, ਅਤੇ ਧੀਰਜਵਾਨ ਵਿਅਕਤੀ ਨਾਲ ਗੱਲ ਕਰਨ ਤੋਂ ਬਾਅਦ ਦੁਖੀ ਵਿਅਕਤੀ ਦੀ ਸੋਚਣੀ ਵਿਚ ਕਾਫ਼ੀ ਵੱਡਾ ਫ਼ਰਕ ਪੈ ਸਕਦਾ ਹੈ। ਪਰਿਵਾਰ ਦੇ ਜੀਅ ਅਤੇ ਦੋਸਤ ਉਸ ਦੀ ਗੱਲ ਸੁਣਨ ਲਈ ਤਿਆਰ ਹੋ ਕੇ ਸ਼ਾਇਦ ਉਸ ਦੀ ਮਦਦ ਕਰ ਸਕਦੇ ਹਨ। ਹਮਦਰਦੀ ਅਤੇ ਦਿਆਲਗੀ ਦਿਖਾਉਣ ਤੋਂ ਇਲਾਵਾ, ਪਰਮੇਸ਼ੁਰ ਦੇ ਬਚਨ ਤੋਂ ਹੌਸਲਾ ਦੇਣ ਵਾਲੇ ਸ਼ਬਦ ਪੜ੍ਹ ਕੇ ਉਸ ਵਿਅਕਤੀ ਦੀ ਕਾਫ਼ੀ ਮਦਦ ਹੋ ਸਕਦੀ ਹੈ ਜੋ ਉਮੀਦ ਖੋਹ ਚੁੱਕਾ ਹੋਵੇ।

ਨਿਰਾਸ਼ ਲੋਕਾਂ ਲਈ ਰੂਹਾਨੀ ਮਦਦ

ਤੁਸੀਂ ਸ਼ਾਇਦ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਬਾਈਬਲ ਪੜ੍ਹਨ ਤੋਂ ਕਿੰਨਾ ਉਤਸ਼ਾਹ ਮਿਲਦਾ ਹੈ। ਭਾਵੇਂ ਬਾਈਬਲ ਮਾਨਸਿਕ ਸਿਹਤ ਦੀ ਪੁਸਤਕ ਨਹੀਂ ਹੈ, ਇਹ ਜ਼ਿੰਦਗੀ ਦਾ ਮੁੱਲ ਸਮਝਣ ਵਿਚ ਸਾਡੀ ਮਦਦ ਕਰ ਸਕਦੀ ਹੈ। ਰਾਜਾ ਸੁਲੇਮਾਨ ਨੇ ਕਿਹਾ: “ਮੈਂ ਸੱਚ ਜਾਣਦਾ ਹਾਂ ਭਈ ਓਹਨਾਂ ਦੇ ਲਈ ਇਸ ਨਾਲੋਂ ਵਧੀਕ ਹੋਰ ਕੁਝ ਚੰਗਾ ਨਹੀਂ ਜੋ ਅਨੰਦ ਹੋਣ ਅਤੇ ਆਪਣੇ ਜੀਉਂਦੇ ਜੀ ਭਲਿਆਈ ਕਰ ਲੈਣ। ਇਹ ਵੀ ਜੋ ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ।” (ਉਪਦੇਸ਼ਕ ਦੀ ਪੋਥੀ 3:12, 13) ਮਿਹਨਤ ਦਾ ਫਲ ਪਰਮੇਸ਼ੁਰ ਤੋਂ ਇਕ ਤੋਹਫ਼ਾ ਹੈ। ਇਸ ਤੋਂ ਇਲਾਵਾ ਹਵਾ, ਧੁੱਪ, ਫੁੱਲ, ਦਰਖ਼ਤ ਅਤੇ ਪੰਛੀਆਂ ਵਰਗੀਆਂ ਆਮ ਚੀਜ਼ਾਂ ਤੋਂ ਵੀ ਅਸੀਂ ਆਨੰਦ ਮਾਣ ਸਕਦੇ ਹਾਂ।

ਸਾਨੂੰ ਬਾਈਬਲ ਦੀ ਇਸ ਗੱਲ ਤੋਂ ਵੀ ਬੜਾ ਹੌਸਲਾ ਮਿਲਦਾ ਹੈ ਕਿ ਯਹੋਵਾਹ ਪਰਮੇਸ਼ੁਰ ਅਤੇ ਉਸ ਦਾ ਪੁੱਤਰ ਯਿਸੂ ਮਸੀਹ ਸਾਡੀ ਪਰਵਾਹ ਕਰਦੇ ਹਨ। (ਯੂਹੰਨਾ 3:16; 1 ਪਤਰਸ 5:6, 7) ਜ਼ਬੂਰਾਂ ਦੇ ਲਿਖਾਰੀ ਨੇ ਵੀ ਲਿਖਿਆ ਕਿ “ਪ੍ਰਭੁ ਮੁਬਾਰਕ ਹੋਵੇ ਜਿਹੜਾ ਰੋਜ ਦਿਹਾੜੇ ਸਾਡਾ ਭਾਰ ਚੁੱਕ ਲੈਂਦਾ ਹੈ, ਉਹੋ ਸਾਡਾ ਮੁਕਤੀ ਦਾਤਾ ਪਰਮੇਸ਼ੁਰ ਹੈ!” (ਜ਼ਬੂਰ 68:19) ਭਾਵੇਂ ਅਸੀਂ ਆਪਣੇ ਆਪ ਨੂੰ ਬਹੁਤ ਛੋਟੇ ਅਤੇ ਬੇਕਾਰ ਸਮਝੀਏ, ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਪ੍ਰਾਰਥਨਾ ਕਰੀਏ। ਤੁਸੀਂ ਪੂਰਾ ਭਰੋਸਾ ਰੱਖ ਸਕਦੇ ਹੋ ਕਿ ਜਿਹੜੇ ਲੋਕ ਨਿਮਰਤਾ ਨਾਲ ਅਤੇ ਸੱਚੇ ਦਿਲੋਂ ਉਸ ਦੀ ਮਦਦ ਮੰਗਦੇ ਹਨ ਉਹ ਉਨ੍ਹਾਂ ਨੂੰ ਤੁੱਛ ਨਹੀਂ ਸਮਝਦਾ ਹੈ।

ਅੱਜ-ਕੱਲ੍ਹ ਕੋਈ ਵੀ ਇਨਸਾਨ ਇਹ ਉਮੀਦ ਨਹੀਂ ਰੱਖ ਸਕਦਾ ਕਿ ਜ਼ਿੰਦਗੀ ਵਿਚ ਸਮੱਸਿਆਵਾਂ ਨਹੀਂ ਹੋਣਗੀਆਂ। (ਅੱਯੂਬ 14:1) ਪਰ, ਪਰਮੇਸ਼ੁਰ ਦੇ ਬਚਨ ਦੀ ਸੱਚਾਈ ਨੇ ਕਈਆਂ ਲੋਕਾਂ ਨੂੰ ਦਿਖਾਇਆ ਹੈ ਕਿ ਆਤਮ-ਹੱਤਿਆ ਕਰਨ ਨਾਲ ਸਮੱਸਿਆਵਾਂ ਸੁਲਝਦੀਆਂ ਨਹੀਂ ਹਨ। ਜ਼ਰਾ ਸੋਚੋ ਕਿ ਪੌਲੁਸ ਰਸੂਲ ਨੇ ਇਕ ਨਿਰਾਸ਼ ਦਰੋਗੇ ਦੀ ਮਦਦ ਕਿਵੇਂ ਕੀਤੀ ਸੀ ਜਦੋਂ ਉਹ ‘ਜਾਗ ਉੱਠਿਆ ਅਤੇ ਉਸ ਨੇ ਕੈਦਖ਼ਾਨੇ ਦੇ ਬੂਹੇ ਖੁਲ੍ਹੇ ਵੇਖੇ ਤਾਂ ਇਹ ਸਮਝ ਕੇ ਭਈ ਕੈਦੀ ਭੱਜ ਗਏ ਹੋਣੇ ਹਨ ਤਲਵਾਰ ਧੂਈ ਅਤੇ ਆਪ ਨੂੰ ਮਾਰਨ ਲੱਗਾ।’ ਉਸ ਦਰੋਗੇ ਨੇ ਇਕਦਮ ਫ਼ੈਸਲਾ ਕਰ ਲਿਆ ਸੀ ਕਿ ਅਪਮਾਨ ਅਤੇ ਤਸੀਹੇ ਵਾਲੀ ਮੌਤ ਨਾਲੋਂ ਆਪਣੀ ਜਾਨ ਆਪ ਲੈਣੀ ਹੀ ਬਿਹਤਰ ਸੀ। ਰਸੂਲ ਨੇ ਉੱਚੀ ਆਵਾਜ਼ ਵਿਚ ਆਖਿਆ: “ਆਪ ਨੂੰ ਕੁਝ ਨੁਕਸਾਨ ਨਾ ਪੁਚਾ ਕਿਉਂ ਜੋ ਅਸੀਂ ਸਭ ਏੱਥੇ ਹੀ ਹਾਂ!” ਪੌਲੁਸ ਨੇ ਸਿਰਫ਼ ਇਹੀ ਨਹੀਂ ਕਿਹਾ। ਦਰਅਸਲ, ਉਸ ਨੇ ਸੀਲਾਸ ਦੇ ਨਾਲ ਉਸ ਦਰੋਗੇ ਨੂੰ ਦਿਲਾਸਾ ਦਿੱਤਾ ਅਤੇ ਜਦ ਉਸ ਨੇ ਉਨ੍ਹਾਂ ਨੂੰ ਪੁੱਛਿਆ ਕਿ “ਹੇ ਮਹਾ ਪੁਰਖੋ, ਮੈਂ ਕੀ ਕਰਾਂ ਜਿਸ ਤੋਂ ਬਚਾਇਆ ਜਾਵਾਂ?” ਉਨ੍ਹਾਂ ਨੇ ਜਵਾਬ ਦਿੱਤਾ: “ਪ੍ਰਭੁ ਯਿਸੂ ਉੱਤੇ ਨਿਹਚਾ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ।” ਫਿਰ ਉਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਯਹੋਵਾਹ ਦਾ ਬਚਨ ਸੁਣਾਇਆ। ਨਤੀਜਾ ਇਹ ਨਿਕਲਿਆ ਕੇ “ਉਸ ਨੇ ਅਰ ਉਸ ਦੇ ਸਾਰੇ ਘਰ ਦਿਆਂ ਨੇ ਓਸੇ ਵੇਲੇ ਬਪਤਿਸਮਾ ਲਿਆ।” ਉਹ ਦਰੋਗਾ ਅਤੇ ਉਸ ਦਾ ਸਾਰਾ ਪਰਿਵਾਰ ਬੜੇ ਖ਼ੁਸ਼ ਹੋਏ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਵਾਂ ਮਕਸਦ ਮਿਲਿਆ।—ਰਸੂਲਾਂ ਦੇ ਕਰਤੱਬ 16:27-35.

ਅੱਜ, ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਪਰਮੇਸ਼ੁਰ ਦੁਸ਼ਟਤਾ ਲਈ ਜ਼ਿੰਮੇਵਾਰ ਨਹੀਂ ਹੈ! ਉਸ ਦਾ ਬਚਨ ਦੱਸਦਾ ਹੈ ਕਿ ਉਹ ਦੁਸ਼ਟ ਪ੍ਰਾਣੀ ‘ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ, ਸਾਰੇ ਜਗਤ ਨੂੰ ਭਰਮਾਉਂਦਾ ਹੈ।’ ਪਰ ਉਸ ਦਾ ਥੋੜ੍ਹਾ ਹੀ ਸਮਾਂ ਰਹਿੰਦਾ ਹੈ। (ਪਰਕਾਸ਼ ਦੀ ਪੋਥੀ 12:9, 12) ਬਹੁਤ ਜਲਦੀ, ਪਰਮੇਸ਼ੁਰ ਉਨ੍ਹਾਂ ਸਾਰੇ ਦੁੱਖਾਂ ਨੂੰ ਖ਼ਤਮ ਕਰੇਗਾ ਜੋ ਸ਼ਤਾਨ ਅਤੇ ਉਸ ਦੇ ਬੁਰੇ ਦੂਤਾਂ ਨੇ ਧਰਤੀ ਦੇ ਵਾਸੀਆਂ ਉੱਤੇ ਲਿਆਂਦੇ ਹਨ। ਫਿਰ ਪਰਮੇਸ਼ੁਰ ਦੇ ਵਾਅਦੇ ਅਨੁਸਾਰ ਇਕ ਨਵਾਂ ਸੰਸਾਰ ਹੋਵੇਗਾ ਜਿਸ ਵਿਚ ਧਾਰਮਿਕਤਾ ਵੱਸੇਗੀ। ਇਸ ਤਰ੍ਹਾਂ ਨਿਰਾਸ਼ਾ ਅਤੇ ਆਤਮ-ਹੱਤਿਆ ਦੇ ਸਾਰੇ ਕਾਰਨਾਂ ਦਾ ਹਮੇਸ਼ਾ ਲਈ ਅੰਤ ਹੋਵੇਗਾ।—2 ਪਤਰਸ 3:13.

ਦੁਹਾਈ ਦੇਣ ਵਾਲਿਆਂ ਲਈ ਦਿਲਾਸਾ

ਮਾਯੂਸ ਲੋਕ ਹੁਣ ਵੀ ਬਾਈਬਲ ਤੋਂ ਦਿਲਾਸਾ ਪਾ ਸਕਦੇ ਹਨ। (ਰੋਮੀਆਂ 15:4) ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਇਕ ਗੀਤ ਵਿਚ ਕਿਹਾ ਕਿ “ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ, ਹੇ ਪਰਮੇਸ਼ੁਰ, ਟੁੱਟੇ ਅਤੇ ਆਜਿਜ਼ ਦਿਲ ਨੂੰ ਤੂੰ ਤੁੱਛ ਨਾ ਜਾਣੇਂਗਾ।” (ਜ਼ਬੂਰ 51:17) ਇਹ ਸੱਚ ਹੈ ਕਿ ਸਾਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਪਾਪੀ ਹੋਣ ਕਰਕੇ ਸਾਡੇ ਉੱਤੇ ਦੁੱਖ ਆਉਂਦੇ ਹਨ। ਪਰ ਆਪਣੇ ਦਿਆਲੂ ਅਤੇ ਪਿਆਰੇ ਸਵਰਗੀ ਪਿਤਾ ਬਾਰੇ ਸਹੀ ਗਿਆਨ ਹਾਸਲ ਕਰਨ ਤੋਂ ਸਾਨੂੰ ਭਰੋਸਾ ਮਿਲੇਗਾ ਕਿ ਉਸ ਦੀ ਨਿਗਾਹ ਵਿਚ ਅਸੀਂ ਬਹੁਮੁੱਲੇ ਹਾਂ। ਪਰਮੇਸ਼ੁਰ ਸਾਡਾ ਜਿਗਰੀ ਦੋਸਤ ਬਣ ਸਕਦਾ ਹੈ ਅਤੇ ਸਾਨੂੰ ਚੰਗੀ ਸਿੱਖਿਆ ਦੇ ਸਕਦਾ ਹੈ। ਜੇ ਅਸੀਂ ਯਹੋਵਾਹ ਪਰਮੇਸ਼ੁਰ ਨਾਲ ਇਕ ਗੂੜ੍ਹਾ ਰਿਸ਼ਤਾ ਕਾਇਮ ਕਰੀਏ, ਉਹ ਸਾਨੂੰ ਕਦੀ ਨਹੀਂ ਨਿਰਾਸ਼ ਕਰੇਗਾ। ਸਾਡਾ ਸਿਰਜਣਹਾਰ ਕਹਿੰਦਾ ਹੈ ਕਿ “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।”—ਯਸਾਯਾਹ 48:17.

ਯਹੋਵਾਹ ਦੇ ਆਸਰੇ ਨਾਲ ਕਈਆਂ ਲੋਕਾਂ ਦੀ ਮਦਦ ਹੋਈ ਹੈ। ਮਿਸਾਲ ਲਈ ਮਾਰਥਾ * ਬਾਰੇ ਸੋਚੋ। ਮਾਰਥਾ ਪਹਿਲਾਂ ਹੀ ਨਿਰਾਸ਼ਾ ਕਾਰਨ ਬਹੁਤ ਕਮਜ਼ੋਰ ਸੀ ਪਰ ਫਿਰ ਉਸ ਦੇ ਇਕਲੌਤੇ ਪੁੱਤਰ ਦਾ ਹਾਦਸਾ ਹੋਇਆ ਅਤੇ ਉਹ ਮਰ ਗਿਆ। ਉਹ ਇੰਨੀ ਦੁਖੀ ਹੋਈ ਕਿ ਉਸ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਪਰ ਹੁਣ ਉਹ ਹਰ ਰੋਜ਼ ਤੜਕੇ ਉੱਠ ਕੇ ਘਰ ਦਾ ਕੰਮ ਕਰਦੀ ਹੈ। ਉਹ ਸੰਗੀਤ ਸੁਣਨਾ ਪਸੰਦ ਕਰਦੀ ਹੈ ਅਤੇ ਹੋਰਨਾਂ ਦੀ ਵੀ ਮਦਦ ਕਰਦੀ ਹੈ। ਉਸ ਦੀ ਉਮੀਦ ਇਹ ਹੈ ਕਿ “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂਲਾਂ ਦੇ ਕਰਤੱਬ 24:15) ਇਸ ਉਮੀਦ ਨੇ ਉਸ ਦੇ ਪਿਆਰੇ ਪੁੱਤਰ ਦੀ ਦੁਖਦਾਈ ਮੌਤ ਦੇ ਸੋਗ ਨੂੰ ਕੁਝ ਹੱਦ ਤਕ ਹਲਕਾ ਕੀਤਾ ਹੈ ਅਤੇ ਪਰਮੇਸ਼ੁਰ ਵਿਚ ਉਸ ਦੀ ਨਿਹਚਾ ਹੋਰ ਵੀ ਪੱਕੀ ਹੋਈ ਹੈ। ਮਾਰਥਾ ਦੀ ਇਹ ਇੱਛਾ ਕਦੀ ਨਹੀਂ ਸੀ ਕਿ ਉਹ ਮੌਤ ਤੋਂ ਬਾਅਦ ਸਵਰਗ ਵਿਚ ਇਕ ਫ਼ਰਿਸ਼ਤੇ ਦਾ ਰੂਪ ਧਾਰੇਗੀ। ਇਸ ਲਈ ਜ਼ਬੂਰ 37:11 ਦੇ ਸ਼ਬਦ ਉਸ ਨੂੰ ਪਸੰਦ ਆਏ ਕਿ “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”

ਸੈਂਡਰਾ ਨਾਂ ਦੀ ਇਕ ਹੋਰ ਬ੍ਰਾਜ਼ੀਲੀ ਔਰਤ ਤਿੰਨ ਬੱਚਿਆਂ ਦੀ ਮਾਂ ਹੈ। ਉਹ ਸਭ ਤੋਂ ਚੰਗੀ ਮਾਂ ਬਣਨ ਦਾ ਜਤਨ ਕਰਦੀ ਰਹਿੰਦੀ ਸੀ। ਉਸ ਨੇ ਕਿਹਾ: “ਮੈਂ ਆਪਣੇ ਕੰਮਾਂ ਵਿਚ ਇੰਨੀ ਰੁੱਝੀ ਹੋਈ ਸੀ ਕਿ ਜਦੋਂ ਮੇਰੇ ਪਿਤਾ ਜੀ ਦੀ ਅਚਾਨਕ ਮੌਤ ਹੋ ਗਈ ਅਤੇ ਉਸੇ ਸਮੇਂ ਮੈਨੂੰ ਪਤਾ ਲੱਗਾ ਕਿ ਮੇਰਾ ਪਤੀ ਕਿਸੇ ਹੋਰ ਔਰਤ ਨਾਲ ਇਸ਼ਕ ਕਰ ਰਿਹਾ ਸੀ, ਤਾਂ ਮੈਂ ਰੱਬ ਨੂੰ ਪ੍ਰਾਰਥਨਾ ਕਰਨ ਬਾਰੇ ਸੋਚਿਆ ਵੀ ਨਹੀਂ ਸੀ।” ਹੌਸਲਾ ਹਾਰ ਕੇ ਸੈਂਡਰਾ ਨੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਠੀਕ ਹੋਣ ਵਿਚ ਕਿਸ ਚੀਜ਼ ਨੇ ਉਸ ਦੀ ਮਦਦ ਕੀਤੀ ਸੀ? ਰੂਹਾਨੀ ਚੀਜ਼ਾਂ ਲਈ ਉਸ ਦੀ ਕਦਰ। “ਹਰ ਰਾਤ ਸੌਣ ਤੋਂ ਪਹਿਲਾਂ ਮੈਂ ਬਾਈਬਲ ਪੜ੍ਹਦੀ ਹਾਂ। ਮੈਂ ਉਨ੍ਹਾਂ ਲੋਕਾਂ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਦੀ ਹਾਂ ਜਿਨ੍ਹਾਂ ਬਾਰੇ ਮੈਂ ਪੜ੍ਹਦੀ ਹਾਂ। ਮੈਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਵੀ ਪੜ੍ਹਦੀ ਹਾਂ। ਮੈਂ ਖ਼ਾਸ ਕਰਕੇ ਜੀਵਨ ਕਹਾਣੀਆਂ ਪੜ੍ਹਨੀਆਂ ਪਸੰਦ ਕਰਦੀ ਹਾਂ ਕਿਉਂਕਿ ਉਹ ਮੇਰੀ ਮਦਦ ਕਰਦੀਆਂ ਹਨ ਕਿ ਮੈਂ ਆਪਣੀ ਜ਼ਿੰਦਗੀ ਨਾਲ ਖ਼ੁਸ਼ ਰਹਾਂ।” ਯਹੋਵਾਹ ਨੂੰ ਆਪਣਾ ਜਿਗਰੀ ਦੋਸਤ ਸਮਝ ਕੇ ਉਸ ਨੇ ਆਪਣੀਆਂ ਪ੍ਰਾਰਥਨਾਵਾਂ ਵਿਚ ਖ਼ਾਸ ਗੱਲਾਂ ਕਰਨੀਆਂ ਸਿੱਖੀਆਂ ਹਨ।

ਅਗਾਹਾਂ ਨੂੰ ਕੋਈ ਨਿਰਾਸ਼ਾ ਨਹੀਂ ਹੋਵੇਗੀ

ਇਹ ਜਾਣ ਕੇ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ ਇਨਸਾਨਾਂ ਦੇ ਦੁੱਖ ਹਮੇਸ਼ਾ ਲਈ ਨਹੀਂ ਰਹਿਣਗੇ! ਨਿਆਣੇ ਅਤੇ ਸਿਆਣੇ ਜੋ ਹੁਣ ਅਪਰਾਧ, ਬੇਇਨਸਾਫ਼ੀ, ਜਾਂ ਪੱਖਪਾਤ ਦੇ ਸ਼ਿਕਾਰ ਹਨ, ਪਰਮੇਸ਼ੁਰ ਦੇ ਰਾਜ ਅਧੀਨ ਖ਼ੁਸ਼ੀ ਮਨਾਉਣਗੇ। ਜ਼ਬੂਰਾਂ ਦੀ ਇਕ ਭਵਿੱਖਬਾਣੀ ਦੇ ਅਨੁਸਾਰ ਯਹੋਵਾਹ ਦਾ ਨਿਯੁਕਤ ਕੀਤਾ ਗਿਆ ਰਾਜਾ, ਯਿਸੂ ਮਸੀਹ, “ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ।” ਇਸ ਤੋਂ ਇਲਾਵਾ “ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ।” ਵਾਕਈ, “ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ, ਅਤੇ ਉਨ੍ਹਾਂ ਦਾ ਲਹੂ ਉਹ ਦੀ ਨਿਗਾਹ ਵਿੱਚ ਬਹੁਮੁੱਲਾ ਹੋਵੇਗਾ।”—ਜ਼ਬੂਰ 72:12-14.

ਇਹ ਭਵਿੱਖਬਾਣੀ ਬਹੁਤ ਜਲਦੀ ਪੂਰੀ ਹੋਵੇਗੀ। ਕੀ ਤੁਸੀਂ ਅਜਿਹੇ ਹਾਲਾਤਾਂ ਅਧੀਨ ਇਸ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਲੈਣਾ ਚਾਹੁੰਦੇ ਹੋ? ਤਾਂ ਫਿਰ ਤੁਹਾਡੇ ਕੋਲ ਖ਼ੁਸ਼ ਹੋਣ ਦਾ ਕਾਰਨ ਹੈ ਅਤੇ ਤੁਹਾਨੂੰ ਜ਼ਿੰਦਗੀ ਨੂੰ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਸਮਝਣਾ ਚਾਹੀਦਾ ਹੈ। ਅਤੇ ਜੇਕਰ ਤੁਸੀਂ ਬਾਈਬਲ ਵਿੱਚੋਂ ਇਨ੍ਹਾਂ ਵਾਅਦਿਆਂ ਬਾਰੇ ਹੋਰਨਾਂ ਨੂੰ ਵੀ ਦੱਸੋ, ਤਾਂ ਤੁਸੀਂ ਇਸ ਬੇਰਹਿਮ ਦੁਨੀਆਂ ਵਿਚ ਦੁਹਾਈ ਦੇਣ ਵਾਲਿਆਂ ਦੀਆਂ ਜ਼ਿੰਦਗੀਆਂ ਵਿੱਚ ਵੱਡੀ ਖ਼ੁਸ਼ੀ ਲਿਆ ਸਕਦੇ ਹੋ।

[ਫੁਟਨੋਟ]

^ ਪੈਰਾ 15 ਕੁਝ ਨਾਂ ਬਦਲੇ ਗਏ ਹਨ।

[ਸਫ਼ੇ 6 ਉੱਤੇ ਤਸਵੀਰ]

ਅੱਜ ਖ਼ੁਸ਼ੀ ਮਨਾਉਣ ਦੇ ਕਈ ਮੌਕੇ ਹੁੰਦੇ ਹਨ

[ਸਫ਼ੇ 7 ਉੱਤੇ ਤਸਵੀਰ]

ਕੀ ਤੁਸੀਂ ਅਜਿਹੀ ਦੁਨੀਆਂ ਦੀ ਉਮੀਦ ਰੱਖਦੇ ਹੋ ਜਿੱਥੇ ਨਿਰਾਸ਼ਾ ਨਹੀਂ ਹੋਵੇਗੀ?