ਫ਼ਿਜੀ ਦੇ ਟਾਪੂਆਂ ਵਿਚ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ
ਅਸੀਂ ਉਹ ਹਾਂ ਜਿਹੜੇ ਨਿਹਚਾ ਕਰਦੇ ਹਨ
ਫ਼ਿਜੀ ਦੇ ਟਾਪੂਆਂ ਵਿਚ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ
ਇਕ ਵਾਰ ਯਿਸੂ ਮਸੀਹ ਨੇ ਦੋ ਰਾਹਾਂ ਬਾਰੇ ਗੱਲ ਕੀਤੀ ਸੀ। ਉਸ ਨੇ ਕਿਹਾ ਕਿ ਖੁੱਲ੍ਹਾ-ਡੁੱਲ੍ਹਾ ਰਾਹ ਮੌਤ ਨੂੰ ਲੈ ਜਾਂਦਾ ਹੈ ਅਤੇ ਭੀੜਾ ਰਾਹ ਜੀਉਣ ਨੂੰ ਲੈ ਜਾਂਦਾ ਹੈ। (ਮੱਤੀ 7:13, 14) ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਲੋਕ ਸਹੀ ਰਸਤਾ ਚੁਣਨ। ਇਸ ਲਈ ਉਹ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਰੀ ਦੁਨੀਆਂ ਵਿਚ ਕਰਵਾ ਰਿਹਾ ਹੈ। (ਮੱਤੀ 24:14) ਇਸ ਤਰ੍ਹਾਂ ਦੁਨੀਆਂ ਭਰ ਵਿਚ ਲੋਕ ਰਾਜ ਦਾ ਸੰਦੇਸ਼ ਸੁਣ ਰਹੇ ਹਨ, ਅਤੇ ਕਈ ਉਨ੍ਹਾਂ ਵਿੱਚੋਂ ਹਨ “ਜਿਹੜੇ ਨਿਹਚਾ ਕਰ ਕੇ ਜਾਨ ਬਚਾ ਰੱਖਦੇ ਹਨ।” (ਇਬਰਾਨੀਆਂ 10:39) ਆਓ ਆਪਾਂ ਫ਼ਿਜੀ ਅਤੇ ਉਸ ਦੇ ਲਾਗੇ ਸ਼ਾਂਤ ਮਹਾਂਸਾਗਰ ਦੇ ਹੋਰ ਟਾਪੂਆਂ ਦੇ ਲੋਕਾਂ ਬਾਰੇ ਪੜ੍ਹੀਏ ਅਤੇ ਦੇਖੀਏ ਕਿ ਉਨ੍ਹਾਂ ਨੇ ਜੀਉਣ ਦਾ ਰਾਹ ਕਿਸ ਤਰ੍ਹਾਂ ਚੁਣਿਆ ਹੈ।
ਉਨ੍ਹਾਂ ਨੇ ਯਹੋਵਾਹ ਉੱਤੇ ਭਰੋਸਾ ਰੱਖਿਆ
ਮੀਰੀ ਨਾਂ ਦੀ ਲੜਕੀ ਅਜੇ ਸਕੂਲੇ ਪੜ੍ਹਦੀ ਸੀ ਜਦੋਂ ਉਸ ਨੇ 1964 ਵਿਚ ਪਹਿਲੀ ਵਾਰ ਰਾਜ ਦਾ ਸੰਦੇਸ਼ ਸੁਣਿਆ। ਉਹ ਇਕ ਦੂਰ-ਦੁਰਾਡੇ ਟਾਪੂ ਉੱਤੇ ਰਹਿੰਦੀ ਸੀ। ਇਸ ਕਰਕੇ ਉਹ ਯਹੋਵਾਹ ਦੇ ਗਵਾਹਾਂ ਨੂੰ ਮਿਲ ਨਾ ਸਕੀ। ਪਰ ਸਮੇਂ ਦੇ ਬੀਤਣ ਨਾਲ ਉਸ ਨੇ ਬਾਈਬਲ ਤੋਂ ਸੱਚਾਈ ਸਿੱਖ ਹੀ ਲਈ। ਪਰ ਉਦੋਂ ਉਹ ਵਿਆਹੀ ਹੋਈ ਸੀ ਅਤੇ ਉਸ ਦਾ ਪਤੀ, ਚੁਸੁਆ, ਪਿੰਡ ਦਾ ਇਕ ਮੁਖੀਆ ਸੀ। ਫਿਰ ਵੀ ਮੀਰੀ ਨੇ ਬਾਈਬਲ ਦੇ ਸਿਧਾਂਤਾਂ ਅਨੁਸਾਰ ਚੱਲਣ ਦਾ ਫ਼ੈਸਲਾ ਕੀਤਾ। ਇਸ ਕਰਕੇ ਉਸ ਦੇ ਪਤੀ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਬਹੁਤ ਤੰਗ ਕੀਤਾ। ਪਿੰਡ ਦੇ ਕਈਆਂ ਲੋਕਾਂ ਨੇ ਉਸ ਦੀ ਬੇਇੱਜ਼ਤੀ ਕੀਤੀ। ਫਿਰ ਵੀ, 1991 ਵਿਚ ਉਸ ਨੇ ਬਪਤਿਸਮਾ ਲੈ ਲਿਆ।
ਇਸ ਤੋਂ ਥੋੜ੍ਹੀ ਦੇਰ ਬਾਅਦ ਮੀਰੀ ਦੇ ਪਤੀ ਨੇ ਕੁਝ ਨਰਮਾਈ ਦਿਖਾਈ। ਮੀਰੀ ਆਪਣੇ ਬੱਚਿਆਂ ਨਾਲ ਬਾਈਬਲ ਸਟੱਡੀ ਕਰਦੀ ਸੀ ਅਤੇ ਉਸ ਦੇ ਪਤੀ ਨੇ ਉਨ੍ਹਾਂ ਨਾਲ ਬੈਠਣਾ ਸ਼ੁਰੂ ਕਰ ਦਿੱਤਾ। ਚੁਸੁਆ ਨੇ ਮੈਥੋਡਿਸਟ ਚਰਚ ਜਾਣਾ ਛੱਡ ਦਿੱਤਾ। ਪਰ ਇਕ ਮੁਖੀਆ ਹੋਣ ਦੇ ਨਾਤੇ ਉਸ ਨੂੰ ਅਜੇ ਵੀ ਪਿੰਡ ਦੀਆਂ ਹਰ ਹਫ਼ਤੇ ਦੀਆਂ ਸਭਾਵਾਂ ਦੀ ਪ੍ਰਧਾਨਗੀ ਕਰਨੀ ਪੈਂਦੀ ਸੀ। ਪਿੰਡ ਦੇ ਵਾਸੀਆਂ ਦੀਆਂ ਨਜ਼ਰਾਂ ਵਿਚ ਚੁਸੁਆ ਵਿਸ਼ਵਾਸਘਾਤੀ ਬਣ ਗਿਆ ਸੀ, ਕਿਉਂਕਿ ਮੈਥੋਡਿਸਟ ਚਰਚ ਫ਼ਿਜੀ ਦੇ ਹਰ ਵਾਸੀ ਦੀ ਜ਼ਿੰਦਗੀ ਦਾ ਹਿੱਸਾ ਹੈ। ਇਸ ਲਈ ਉੱਥੇ ਦੇ ਪਾਦਰੀ ਨੇ ਚੁਸੁਆ ਨੂੰ ਚਰਚ ਵਿਚ ਵਾਪਸ ਆਉਣ ਲਈ ਬਹੁਤ ਕਿਹਾ।
ਚੁਸੁਆ ਨੇ ਹਿੰਮਤ ਨਾਲ ਕਿਹਾ ਕਿ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਯਹੋਵਾਹ ਪਰਮੇਸ਼ੁਰ ਦੀ ਭਗਤੀ “ਆਤਮਾ ਅਤੇ ਸਚਿਆਈ” ਨਾਲ ਕਰਨ ਦਾ ਫ਼ੈਸਲਾ ਕਰ ਲਿਆ ਸੀ। (ਯੂਹੰਨਾ 4:24) ਪਿੰਡ ਦੀ ਅਗਲੀ ਸਭਾ ਵਿਚ, ਪਿੰਡ ਦੇ ਸਭ ਤੋਂ ਵੱਡੇ ਮੁਖੀਏ ਨੇ ਚੁਸੁਆ ਅਤੇ ਉਸ ਦੇ ਪਰਿਵਾਰ ਨੂੰ ਪਿੰਡ ਛੱਡ ਕੇ ਚਲੇ ਜਾਣ ਦਾ ਹੁਕਮ ਦਿੱਤਾ। ਉਨ੍ਹਾਂ ਨੂੰ ਸੱਤ ਦਿਨ ਦਿੱਤੇ ਗਏ ਕਿ ਉਹ ਆਪਣਾ ਘਰ, ਜ਼ਮੀਨ, ਫ਼ਸਲ—ਆਪਣਾ ਸਭ ਕੁਝ ਛੱਡ ਕੇ ਟਾਪੂ ਤੋਂ ਚਲੇ ਜਾਣ।
ਇਕ ਹੋਰ ਟਾਪੂ ਤੇ ਰਹਿ ਰਹੇ ਭਰਾਵਾਂ ਨੇ ਚੁਸੁਆ ਅਤੇ ਉਸ ਦੇ ਪਰਿਵਾਰ ਦੀ ਮਦਦ ਕੀਤੀ। ਇਨ੍ਹਾਂ ਭਰਾਵਾਂ ਨੇ ਉਨ੍ਹਾਂ ਦੇ ਰਹਿਣ ਲਈ ਘਰ ਅਤੇ ਖੇਤੀ ਕਰਨ ਲਈ ਜ਼ਮੀਨ ਦਾ ਇੰਤਜ਼ਾਮ ਕੀਤਾ। ਚੁਸੁਆ ਅਤੇ ਉਸ ਦੇ ਵੱਡੇ ਲੜਕੇ ਨੇ ਹੁਣ ਬਪਤਿਸਮਾ ਲੈ ਲਿਆ ਹੈ ਅਤੇ ਉਸ ਦਾ ਇਕ ਹੋਰ ਲੜਕਾ ਹੁਣ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦਾ ਹੈ। ਪਿੱਛੇ ਜਿਹੇ ਮੀਰੀ ਨੇ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਯਹੋਵਾਹ ਦੀ ਸੇਵਾ ਕਰਨ ਦੇ ਫ਼ੈਸਲਾ ਤੋਂ ਉਨ੍ਹਾਂ ਨੂੰ ਕਾਫ਼ੀ ਘਾਟਾ ਹੋਇਆ ਅਤੇ ਲੋਕਾਂ ਦੀਆਂ ਨਜ਼ਰਾਂ ਵਿਚ ਉਹ ਗਿਰ ਗਏ। ਪਰ ਬਦਲੇ ਵਿਚ ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਹਨ। ਉਨ੍ਹਾਂ ਨੇ ਪੌਲੁਸ ਰਸੂਲ ਦੀ ਤਰ੍ਹਾਂ ਆਪਣੇ ਘਾਟੇ ਨੂੰ ਕੁਝ ਵੀ ਨਹੀਂ ਸਮਝਿਆ।—ਫ਼ਿਲਿੱਪੀਆਂ 3:8.
ਜ਼ਮੀਰ ਅਨੁਸਾਰ ਚੱਲਣ ਦਾ ਫ਼ੈਸਲਾ
ਬਾਈਬਲ ਦੁਆਰਾ ਸਿਖਾਈ ਗਈ ਜ਼ਮੀਰ ਦੇ ਮੁਤਾਬਕ ਫ਼ੈਸਲੇ ਕਰਨ ਲਈ ਹਿੰਮਤ ਅਤੇ ਵਿਸ਼ਵਾਸ ਦੀ ਜ਼ਰੂਰਤ ਪੈਂਦੀ ਹੈ। ਸੁਰੰਗ ਨਾਂ ਦੀ ਇਕ ਔਰਤ ਨੂੰ ਅਜਿਹਾ ਇਕ ਫ਼ੈਸਲਾ ਕਰਨਾ ਪਿਆ। ਉਹ ਟਰਾਵਾ ਨਾਂ ਦੇ ਟਾਪੂ ਤੇ ਰਹਿੰਦੀ ਸੀ ਅਤੇ ਉਸ ਨੇ ਹਾਲ ਹੀ ਵਿਚ ਬਪਤਿਸਮਾ ਲਿਆ ਸੀ। ਉਹ ਹਸਪਤਾਲ ਵਿਚ ਨਰਸ ਦਾ ਕੰਮ ਕਰਦੀ ਸੀ ਅਤੇ ਉਸ ਨੂੰ ਇਕ ਖ਼ਾਸ ਕੰਮ ਕਰਨ ਤੋਂ ਇਤਰਾਜ਼ ਸੀ। ਉਸ ਨੇ ਇਜਾਜ਼ਤ ਮੰਗੀ ਕਿ ਉਸ ਨੂੰ ਇਹ ਕੰਮ ਕਰਨ ਤੋਂ ਛੁੱਟੀ ਦਿੱਤੀ ਜਾਵੇ। ਹਸਪਤਾਲ ਵਾਲਿਆਂ ਨੂੰ ਉਸ ਦੀ ਗੱਲ ਪਸੰਦ ਨਹੀਂ ਆਈ। ਇਸ ਲਈ ਉਨ੍ਹਾਂ ਨੇ ਉਸ ਨੂੰ ਇਕ ਦੂਰ-ਦੁਰਾਡੇ ਟਾਪੂ ਤੇ ਕੰਮ ਕਰਨ ਲਈ ਭੇਜ ਦਿੱਤਾ ਜਿੱਥੇ ਇਕ ਛੋਟਾ
ਜਿਹਾ ਡਾਕਟਰੀ ਕੇਂਦਰ ਸੀ, ਪਰ ਉੱਥੇ ਯਹੋਵਾਹ ਦਾ ਹੋਰ ਕੋਈ ਗਵਾਹ ਨਹੀਂ ਸੀ।ਉਸ ਟਾਪੂ ਦਾ ਇਕ ਰਿਵਾਜ ਇਹ ਹੈ ਕਿ ਹਰ ਨਵੇਂ ਆਏ ਬੰਦੇ ਨੂੰ ਉੱਥੇ ਦੇ ਜਿੰਨ-ਭੂਤ ਨੂੰ ਕੋਈ-ਨ-ਕੋਈ ਚੜ੍ਹਾਵਾ ਚੜ੍ਹਾਉਣਾ ਪੈਂਦਾ ਹੈ। ਉਹ ਲੋਕ ਮੰਨਦੇ ਹਨ ਕਿ ਚੜ੍ਹਾਵਾ ਨਾ ਚੜ੍ਹਾਉਣ ਵਾਲੇ ਦੀ ਮੌਤ ਹੋ ਜਾਵੇਗੀ। ਸੁਰੰਗ ਨੇ ਕਿਸੇ ਨੂੰ ਵੀ ਨਾ ਆਪਣੇ ਲਈ ਨਾ ਉਸ ਦੇ ਨਾਲ ਆਏ ਕਿਸੇ ਹੋਰ ਵਿਅਕਤੀ ਲਈ ਇਸ ਤਰ੍ਹਾਂ ਦਾ ਚੜ੍ਹਾਵਾ ਚੜ੍ਹਾਉਣ ਦਿੱਤਾ। ਟਾਪੂ ਦੇ ਸਾਰੇ ਵਾਸੀ ਉਸ ਵੱਲ ਦੇਖਦੇ ਰਹੇ ਕਿ ਜਿੰਨ-ਭੂਤ ਕਦੋਂ ਗੁੱਸੇ ਨਾਲ ਉਸ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦੇਵੇ। ਜਦ ਉਨ੍ਹਾਂ ਨੇ ਦੇਖਿਆ ਕਿ ਨਾ ਸੁਰੰਗ ਨੂੰ ਨਾ ਉਸ ਦੇ ਨਾਲ ਆਏ ਕਿਸੇ ਹੋਰ ਵਿਅਕਤੀ ਨੂੰ ਕੁਝ ਹੋਇਆ ਤਾਂ ਸੁਰੰਗ ਨੂੰ ਗਵਾਹੀ ਦੇਣ ਦੇ ਕਈ ਮੌਕੇ ਮਿਲੇ।
ਪਰ ਸੁਰੰਗ ਦੀਆਂ ਅਜ਼ਮਾਇਸ਼ਾਂ ਅਜੇ ਖ਼ਤਮ ਨਹੀਂ ਸੀ ਹੋਈਆਂ। ਉਸ ਟਾਪੂ ਦੇ ਮੁੰਡਿਆਂ ਲਈ ਨਵੀਆਂ ਆਈਆਂ ਕੁਆਰੀਆਂ ਕੁੜੀਆਂ ਦੀ ਇੱਜ਼ਤ ਲੁੱਟਣੀ ਇਕ ਖੇਡ ਹੈ। ਪਰ ਸੁਰੰਗ ਉਨ੍ਹਾਂ ਤੋਂ ਪਰੇ ਰਹਿ ਕੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹੀ। ਦਰਅਸਲ ਉਸ ਨੇ ਪਾਇਨੀਅਰੀ ਕੀਤੀ ਭਾਵੇਂ ਕਿ ਉਹ 24 ਘੰਟੇ ਨਰਸ ਵਜੋਂ ਕਿਸੇ ਵੇਲੇ ਵੀ ਸੱਦੀ ਜਾ ਸਕਦੀ ਸੀ।
ਜਦ ਟਾਪੂ ਛੱਡਣ ਦਾ ਸਮਾਂ ਆਇਆ, ਤਾਂ ਸੁਰੰਗ ਲਈ ਇਕ ਦਾਅਵਤ ਤਿਆਰ ਕੀਤੀ ਗਈ ਸੀ। ਇਸ ਤੋਂ ਪਹਿਲਾਂ ਟਾਪੂ ਦੇ ਬਜ਼ੁਰਗਾਂ ਨੇ ਉਸ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਸੁਰੰਗ ਇਕ ਅਸਲੀ ਮਿਸ਼ਨਰੀ ਸੀ। ਕਿਉਂ ਜੋ ਉਹ ਬਾਈਬਲ ਦੇ ਸਿਧਾਂਤਾਂ ਉੱਤੇ ਚੱਲਦੀ ਰਹੀ, ਉਸ ਟਾਪੂ ਤੇ ਰਹਿਣ ਵਾਲਿਆਂ ਨੇ ਰਾਜ ਦੇ ਸੰਦੇਸ਼ ਨੂੰ ਚੰਗੀ ਤਰ੍ਹਾਂ ਸੁਣਿਆ ਹੈ।
ਜਿਸਮਾਨੀ ਮੁਸ਼ਕਲਾਂ
ਕੁਝ ਪਿੰਡ ਇਕ ਦੂਜੇ ਤੋਂ ਬਹੁਤ ਦੂਰ-ਦੂਰ ਹਨ। ਇਸ ਕਰਕੇ ਯਹੋਵਾਹ ਦੇ ਗਵਾਹਾਂ ਨੂੰ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਲਈ ਅਤੇ ਮਸੀਹੀ ਸਭਾਵਾਂ ਤੇ ਹਾਜ਼ਰ ਹੋਣ ਲਈ ਕਾਫ਼ੀ ਜਤਨ ਕਰਨਾ ਪੈਂਦਾ ਹੈ। ਚਾਰ ਗਵਾਹਾਂ ਦੀ ਉਦਾਹਰਣ ਉੱਤੇ ਗੌਰ ਕਰੋ। ਇਨ੍ਹਾਂ ਤਿੰਨ ਭੈਣਾਂ ਅਤੇ ਇਕ ਭਰਾ ਨੂੰ ਸਭਾਵਾਂ ਵਿਚ ਆਉਣ-ਜਾਣ ਲਈ ਕਈ ਘੰਟੇ ਲੱਗਦੇ ਹਨ। ਆਉਂਦੇ-ਜਾਂਦੇ ਹੋਏ ਇਨ੍ਹਾਂ ਨੂੰ ਤਿੰਨ ਨਦੀਆਂ ਪਾਰ ਕਰਨੀਆਂ ਪੈਂਦੀਆਂ ਹਨ। ਜਦ ਪਾਣੀ ਬਹੁਤ ਚੜ੍ਹਿਆ ਹੁੰਦਾ ਹੈ, ਤਾਂ ਭਰਾ ਸਾਰਿਆਂ ਦੇ ਥੈਲੇ, ਕਿਤਾਬਾਂ, ਅਤੇ ਸਭਾਵਾਂ ਲਈ ਕੱਪੜੇ ਇਕ ਵੱਡੇ ਭਾਂਡੇ ਵਿਚ ਪਾ ਕੇ ਪਹਿਲਾਂ ਆਪ ਤੈਰ ਕੇ ਨਦੀਆਂ ਪਾਰ ਕਰਦਾ ਹੈ। ਫਿਰ ਉਹ ਵਾਪਸ ਆ ਕੇ ਤਿੰਨਾਂ ਭੈਣਾਂ ਦੀ ਮਦਦ ਕਰਦਾ ਹੈ।
ਕਿਰੀਬਤੀ ਵਿਚ ਨੋਨੋਨੁਟੇ ਟਾਪੂ ਤੇ ਰਹਿਣ ਵਾਲਿਆਂ ਲਈ ਸਭਾਵਾਂ ਤੇ ਹਾਜ਼ਰ ਹੋਣ ਵਿਚ ਇਕ ਵੱਖਰੀ ਕਿਸਮ ਦੀ ਮੁਸ਼ਕਲ ਹੁੰਦੀ ਹੈ। ਸਭਾਵਾਂ ਲੱਗਣ ਵਾਲੇ ਛੋਟੇ ਜਿਹੇ ਘਰ ਦੀਆਂ ਦੀਵਾਰਾਂ ਪਤਲੀਆਂ-ਪਤਲੀਆਂ ਤਾਰਾਂ ਨਾਲ ਬਣੀਆਂ ਹੋਈਆਂ ਹਨ। ਇਸ ਘਰ ਵਿਚ ਸਿਰਫ਼ ਸੱਤ ਜਾਂ ਅੱਠ ਬੰਦੇ ਵੜ ਸਕਦੇ ਹਨ ਅਤੇ ਬਾਕੀ ਦਿਆਂ ਨੂੰ ਬਾਹਰ ਬੈਠ ਕੇ ਤਾਰਾਂ ਰਾਹੀਂ ਅੰਦਰ ਦੇਖਣਾ ਪੈਂਦਾ ਹੈ। ਵੱਡੇ-ਵੱਡੇ ਗਿਰਜਿਆਂ ਤੋਂ ਆਉਂਦੇ-ਜਾਂਦੇ ਲੋਕ ਲਾਗਿਓਂ ਲੰਘਦੇ ਹੋਏ ਇਸ ਘਰ ਨੂੰ ਦੇਖ ਸਕਦੇ ਹਨ। ਯਹੋਵਾਹ ਦੇ ਸੇਵਕ ਜਾਣਦੇ ਹਨ ਕਿ ਪਰਮੇਸ਼ੁਰ ਦੀ ਨਜ਼ਰ ਵਿਚ ਇਮਾਰਤਾਂ ਨਹੀਂ, ਸਗੋਂ ਲੋਕ ਉਸ ਨੂੰ ਮਨਭਾਉਂਦੇ ਹਨ। (ਹੱਜਈ 2:7) ਇਸ ਟਾਪੂ ਤੇ ਇੱਕੋ ਭੈਣ ਨੇ ਬਪਤਿਸਮਾ ਲਿਆ ਹੋਇਆ ਹੈ ਅਤੇ ਉਸ ਦੀ ਉਮਰ ਕਾਫ਼ੀ ਹੈ ਅਤੇ ਉਹ ਜ਼ਿਆਦਾ ਤੁਰ ਵੀ ਨਹੀਂ ਸਕਦੀ। ਪਰ ਇਕ ਹੋਰ ਔਰਤ, ਜਿਸ ਨੇ ਅਜੇ ਬਪਤਿਸਮਾ ਨਹੀਂ ਲਿਆ, ਉਸ ਭੈਣ ਨੂੰ ਇਕ ਰੇੜ੍ਹੀ ਵਿਚ ਬਿਠਾ ਕੇ ਪ੍ਰਚਾਰ ਦੇ ਕੰਮ ਵਿਚ ਲੈ ਜਾਂਦੀ ਹੈ। ਉਹ ਦੋਵੇਂ ਸੱਚਾਈ ਦੀ ਕਿੰਨੀ ਕਦਰ ਕਰਦੀਆਂ ਹਨ!
ਫ਼ਿਜੀ ਦੇ ਟਾਪੂਆਂ ਉੱਤੇ ਰਹਿਣ ਵਾਲੇ 2,100 ਪ੍ਰਕਾਸ਼ਕ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ ਲੱਗੇ ਹੋਏ ਹਨ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉੱਥੋਂ ਕਈ ਹੋਰ ‘ਓਹਨਾਂ ਵਿੱਚ ਹੋਣਗੇ ਜਿਹੜੇ ਨਿਹਚਾ ਕਰ ਕੇ ਜਾਨ ਬਚਾ ਰੱਖਣਗੇ।’
[ਸਫ਼ੇ 8 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਆਸਟ੍ਰੇਲੀਆ
ਫ਼ਿਜੀ