Skip to content

Skip to table of contents

ਮਦਦ ਲਈ ਦੁਹਾਈ

ਮਦਦ ਲਈ ਦੁਹਾਈ

ਮਦਦ ਲਈ ਦੁਹਾਈ

ਇਕ ਬ੍ਰਾਜ਼ੀਲੀ ਔਰਤ ਨੇ ਦੁਹਾਈ ਦਿੱਤੀ: “ਰੱਬ ਮੈਨੂੰ ਭੁੱਲ ਗਿਆ ਹੈ!” ਇਸ ਔਰਤ ਦੇ ਪਤੀ ਦੀ ਮੌਤ ਤੋਂ ਬਾਅਦ, ਉਸ ਨੂੰ ਇਸ ਤਰ੍ਹਾਂ ਲੱਗਾ ਕਿ ਹੁਣ ਉਸ ਕੋਲ ਜੀਉਣ ਦਾ ਕੋਈ ਕਾਰਨ ਨਹੀਂ ਰਿਹਾ। ਕੀ ਤੁਸੀਂ ਕਦੀ ਇਸ ਤਰ੍ਹਾਂ ਦੇ ਕਿਸੇ ਵਿਅਕਤੀ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਦੁਖੀ ਹੈ ਜਾਂ ਜੋ ਸ਼ਾਇਦ ਮਦਦ ਲਈ ਦੁਹਾਈ ਦੇ ਰਿਹਾ ਹੈ?

ਕਈ ਲੋਕ ਇੰਨੇ ਉਦਾਸ ਹੋ ਜਾਂਦੇ ਹਨ ਕਿ ਉਹ ਆਪਣੀ ਜਾਨ ਲੈ ਲੈਂਦੇ ਹਨ, ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਹੁੰਦੇ ਹਨ। ਸਾਓ ਪੌਲੋ ਸ਼ਹਿਰ ਦੇ ਇਕ ਅਖ਼ਬਾਰ ਦੇ ਅਨੁਸਾਰ, ਬ੍ਰਾਜ਼ੀਲ ਦੀ ਇਕ ਰਿਪੋਰਟ ਦਿਖਾਉਂਦੀ ਹੈ ਕਿ “ਆਤਮ-ਹੱਤਿਆ ਕਰਨ ਵਾਲਿਆਂ ਨੌਜਵਾਨਾਂ ਦੀ ਗਿਣਤੀ 26 ਫੀ ਸਦੀ ਵੱਧ ਗਈ ਹੈ।” ਉਦਾਹਰਣ ਲਈ, ਸਾਓ ਪੌਲੋ ਤੋਂ ਵਾਲਟਰ * ਨਾਂ ਦੇ ਨੌਜਵਾਨ ਬਾਰੇ ਸੋਚੋ। ਉਹ ਅਨਾਥ ਸੀ, ਉਸ ਦਾ ਕੋਈ ਘਰ ਨਹੀਂ ਸੀ, ਉਸ ਕੋਲ ਏਕਾਂਤ ਲਈ ਕੋਈ ਜਗ੍ਹਾ ਨਹੀਂ ਸੀ, ਅਤੇ ਨਾ ਹੀ ਉਸ ਦੇ ਕੋਈ ਦੋਸਤ ਸਨ ਜਿਨ੍ਹਾਂ ਉੱਤੇ ਉਹ ਭਰੋਸਾ ਰੱਖ ਸਕਦਾ ਸੀ। ਆਪਣੇ ਦੁੱਖ ਖ਼ਤਮ ਕਰਨ ਲਈ, ਵਾਲਟਰ ਨੇ ਪੁਲ ਤੋਂ ਛਾਲ ਮਾਰਨ ਦਾ ਫ਼ੈਸਲਾ ਕੀਤਾ।

ਐਡਨਾ ਨਾਂ ਦੀ ਇਕ ਇਕੱਲੀ ਮਾਂ ਆਪਣੇ ਦੋ ਬੱਚਿਆਂ ਨੂੰ ਪਾਲ ਰਹੀ ਸੀ ਜਦੋਂ ਉਸ ਨੂੰ ਇਕ ਆਦਮੀ ਮਿਲਿਆ। ਸਿਰਫ਼ ਇਕ ਹੀ ਮਹੀਨੇ ਦੇ ਅੰਦਰ-ਅੰਦਰ ਉਹ ਦੋਵੇਂ ਉਸ ਆਦਮੀ ਦੀ ਮਾਂ ਦੇ ਘਰ ਵਿਚ ਇਕੱਠੇ ਰਹਿਣ ਲੱਗ ਪਏ। ਉਸ ਦੀ ਮਾਂ ਜਾਦੂ-ਟੂਣਾ ਕਰਦੀ ਸੀ ਅਤੇ ਬਹੁਤ ਸ਼ਰਾਬ ਪੀਂਦੀ ਸੀ। ਐਡਨਾ ਵੀ ਇਕ ਹੋਰ ਬੱਚੇ ਦੀ ਮਾਂ ਬਣਨ ਤੋਂ ਬਾਅਦ ਬਹੁਤ ਸ਼ਰਾਬ ਪੀਣ ਲੱਗ ਪਈ। ਉਹ ਇੰਨੀ ਉਦਾਸ ਹੋ ਗਈ ਕਿ ਉਸ ਨੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਅੰਤ ਵਿਚ, ਸਰਕਾਰ ਨੇ ਉਸ ਦੇ ਬੱਚੇ ਉਸ ਕੋਲੋਂ ਲੈ ਲਏ।

ਬਜ਼ੁਰਗ ਲੋਕਾਂ ਬਾਰੇ ਕੀ? ਮਾਰੀਆ ਹਾਸਾ-ਮਜ਼ਾਕ ਅਤੇ ਬਹੁਤ ਸਾਰੀਆਂ ਗੱਲਾਂ-ਬਾਤਾਂ ਕਰਨ ਵਾਲੀ ਇਕ ਔਰਤ ਸੀ। ਪਰ ਜਿੱਦਾਂ-ਜਿੱਦਾਂ ਉਸ ਦੀ ਉਮਰ ਵਧਦੀ ਗਈ ਉਹ ਨਰਸ ਵਜੋਂ ਆਪਣੀ ਨੌਕਰੀ ਬਾਰੇ ਫ਼ਿਕਰ ਕਰਨ ਲੱਗ ਪਈ ਕਿਉਂਕਿ ਉਹ ਗ਼ਲਤੀਆਂ ਕਰਨ ਤੋਂ ਡਰਦੀ ਸੀ। ਇਸ ਕਾਰਨ ਉਹ ਬਹੁਤ ਮਾਯੂਸ ਰਹਿੰਦੀ ਸੀ। ਮਾਯੂਸੀ ਦਾ ਇਲਾਜ ਖ਼ੁਦ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ, ਉਹ ਡਾਕਟਰਾਂ ਕੋਲ ਗਈ ਅਤੇ ਉਸ ਦਾ ਇਲਾਜ ਚੰਗੀ ਤਰ੍ਹਾਂ ਹੋਣ ਲਗਾ। ਪਰ 57 ਸਾਲਾਂ ਦੀ ਉਮਰ ਤੇ ਉਸ ਦੀ ਨੌਕਰੀ ਛੁੱਟ ਗਈ। ਉਹ ਇੰਨੀ ਨਿਰਾਸ਼ ਹੋਈ ਕਿ ਉਸ ਨੂੰ ਕੋਈ ਹੱਲ ਨਜ਼ਰ ਨਹੀਂ ਸੀ ਆਉਂਦਾ। ਮਾਰੀਆ ਵੀ ਆਤਮ-ਹੱਤਿਆ ਕਰਨ ਬਾਰੇ ਸੋਚਣ ਲੱਗ ਪਈ।

ਸਾਓ ਪੌਲੋ ਯੂਨੀਵਰਸਿਟੀ ਦਾ ਇਕ ਪ੍ਰੋਫ਼ੈਸਰ ਕਹਿੰਦਾ ਹੈ ਕਿ “ਨਿਰਾਸ਼ ਜਾਂ ਉਦਾਸ ਹੋਣ ਵਾਲਿਆਂ ਲੋਕਾਂ ਵਿੱਚੋਂ ਲਗਭਗ 10 ਫੀ ਸਦੀ ਲੋਕ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕਰਦੇ ਹਨ।” ਅਮਰੀਕਾ ਦੇ ਇਕ ਮੁੱਖ ਸਰਜਨ, ਡਾ. ਡੇਵਿਡ ਸਾਚਰ ਨੇ ਕਿਹਾ ਕਿ “ਇਸ ਗੱਲ ਉੱਤੇ ਯਕੀਨ ਕਰਨਾ ਔਖਾ ਹੈ ਕਿ ਜ਼ਿਆਦਾਤਰ ਲੋਕਾਂ ਦੇ ਮਰਨ ਦੀ ਵਜ੍ਹਾ ਕਤਲ ਨਹੀਂ ਪਰ ਆਤਮ-ਹੱਤਿਆ ਹੈ। ਇਹ ਬੜੇ ਅਫ਼ਸੋਸ ਦੀ ਗੱਲ ਹੈ।”

ਕਈ ਵਾਰ ਆਤਮ-ਹੱਤਿਆ ਦੀ ਕੋਸ਼ਿਸ਼ ਕਰਨ ਵਾਲਾ ਅਸਲ ਵਿਚ ਮਦਦ ਲਈ ਦੁਹਾਈ ਦੇ ਰਿਹਾ ਹੁੰਦਾ ਹੈ। ਬਿਨਾਂ ਸ਼ੱਕ, ਜਿਹੜਾ ਵਿਅਕਤੀ ਉਮੀਦ ਖੋਹ ਬੈਠਦਾ ਹੈ, ਉਸ ਦਾ ਪਰਿਵਾਰ ਅਤੇ ਮਿੱਤਰ ਸਹੀ ਕਦਮ ਚੁੱਕ ਕੇ ਉਸ ਦੀ ਮਦਦ ਜ਼ਰੂਰ ਕਰਨੀ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਅਜਿਹੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਕਿ “ਐਵੇਂ ਉਦਾਸ ਨਾ ਹੋਇਆ ਕਰ,” “ਦੁਨੀਆਂ ਵਿਚ ਬਹੁਤੇਰੇ ਲੋਕ ਹਨ ਜਿਨ੍ਹਾਂ ਦੀ ਹਾਲਤ ਤੇਰੇ ਨਾਲੋਂ ਬੁਰੀ ਹੈ,” ਜਾਂ, “ਕਿਸੇ-ਕਿਸੇ ਵੇਲੇ ਅਸੀਂ ਸਾਰੇ ਉਦਾਸ ਹੋ ਜਾਂਦੇ ਹਾਂ।” ਇਸ ਤਰ੍ਹਾਂ ਕਹਿਣ ਦੀ ਬਜਾਇ, ਚੰਗੇ ਦੋਸਤ ਬਣੋ ਅਤੇ ਉਸ ਦੀ ਗੱਲ ਚੰਗੀ ਤਰ੍ਹਾਂ ਸੁਣੋ। ਹਾਂ, ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਜ਼ਿੰਦਗੀ ਬਹੁਤ ਬਹੁਮੁੱਲੀ ਹੈ।

ਫਰਾਂਸੀਸੀ ਲੇਖਕ ਵੋਲਟੈਰ ਨੇ ਲਿਖਿਆ: ‘ਜਿਹੜਾ ਮਨੁੱਖ ਅੱਜ ਉਦਾਸ ਹੋ ਕੇ ਆਪਣੀ ਜਾਨ ਲੈ ਲੈਂਦਾ ਹੈ, ਜੇ ਉਹ ਇਕ ਹਫ਼ਤਾ ਠਹਿਰ ਜਾਂਦਾ ਤਾਂ ਉਹ ਜੀਉਣਾ ਚਾਹੁੰਦਾ।’ ਤਾਂ ਫਿਰ, ਨਿਰਾਸ਼ ਲੋਕਾਂ ਨੂੰ ਬਿਹਤਰੀਨ ਜ਼ਿੰਦਗੀ ਬਾਰੇ ਕਿਵੇਂ ਪਤਾ ਲੱਗ ਸਕਦਾ ਹੈ?

[ਫੁਟਨੋਟ]

^ ਪੈਰਾ 3 ਕੁਝ ਨਾਂ ਬਦਲੇ ਗਏ ਹਨ।

[ਸਫ਼ੇ 3 ਉੱਤੇ ਤਸਵੀਰ]

ਆਤਮ-ਹੱਤਿਆ ਕਰਨ ਵਾਲੇ ਨੌਜਵਾਨਾਂ ਅਤੇ ਹੋਰਨਾਂ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ

[ਸਫ਼ੇ 4 ਉੱਤੇ ਤਸਵੀਰ]

ਤੁਸੀਂ ਉਸ ਵਿਅਕਤੀ ਦੀ ਮਦਦ ਕਿਵੇਂ ਕਰ ਸਕਦੇ ਹੋ ਜਿਹੜਾ ਉਮੀਦ ਖੋਹ ਬੈਠਾ ਹੈ?