Skip to content

Skip to table of contents

ਅਨੰਤ ਖ਼ੁਸ਼ੀ—ਸਵਰਗ ਵਿਚ ਜਾਂ ਧਰਤੀ ਉੱਤੇ?

ਅਨੰਤ ਖ਼ੁਸ਼ੀ—ਸਵਰਗ ਵਿਚ ਜਾਂ ਧਰਤੀ ਉੱਤੇ?

ਅਨੰਤ ਖ਼ੁਸ਼ੀ—ਸਵਰਗ ਵਿਚ ਜਾਂ ਧਰਤੀ ਉੱਤੇ?

ਕੀ ਤੁਹਾਡੀ ਖ਼ੁਸ਼ੀ ਖ਼ਾਸ ਕਰਕੇ ਉਸ ਥਾਂ ਤੇ ਨਿਰਭਰ ਕਰਦੀ ਹੈ ਜਿੱਥੇ ਤੁਸੀਂ ਰਹਿੰਦੇ ਹੋ? ਜ਼ਿਆਦਾਤਰ ਲੋਕ ਝੱਟ ਹੀ ਇਸ ਗੱਲ ਨਾਲ ਰਜ਼ਾਮੰਦ ਹੋ ਜਾਣਗੇ ਕਿ ਖ਼ੁਸ਼ੀ ਚੰਗੀ ਸਿਹਤ, ਜ਼ਿੰਦਗੀ ਵਿਚ ਇਕ ਮਕਸਦ ਅਤੇ ਦੂਜਿਆਂ ਨਾਲ ਚੰਗੇ ਸੰਬੰਧ ਅਤੇ ਹੋਰ ਕਈ ਇਹੋ ਜਿਹੀਆਂ ਚੰਗੀਆਂ ਚੀਜ਼ਾਂ ਤੇ ਨਿਰਭਰ ਕਰਦੀ ਹੈ। ਇਕ ਬਾਈਬਲ ਕਹਾਵਤ ਇਸ ਬਾਰੇ ਇਸ ਤਰ੍ਹਾਂ ਕਹਿੰਦੀ ਹੈ: “ਸਾਗ ਪੱਤ ਦਾ ਖਾਣਾ ਜਿੱਥੇ ਪ੍ਰੇਮ ਹੈ, ਪਲੇ ਹੋਏ ਬਲਦ ਨਾਲੋਂ ਜਿੱਥੇ ਵੈਰ ਹੈ, ਚੰਗਾ ਹੈ।”—ਕਹਾਉਤਾਂ 15:17.

ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਜ਼ਮੀਨੀ ਘਰ ਦਾ ਲੰਬਾ ਇਤਿਹਾਸ ਨਫ਼ਰਤ, ਹਿੰਸਾ ਅਤੇ ਹੋਰ ਕਈ ਤਰ੍ਹਾਂ ਦੀਆਂ ਬੁਰਾਈਆਂ ਨਾਲ ਭਰਿਆ ਪਿਆ ਹੈ। ਪਰ ਸਵਰਗ ਜਾਂ ਆਤਮਿਕ ਲੋਕ ਬਾਰੇ ਕੀ ਜਿੱਥੇ ਲੋਕ ਮਰਨ ਤੋਂ ਬਾਅਦ ਜਾਣ ਦੀ ਇੱਛਾ ਰੱਖਦੇ ਹਨ? ਕੀ ਸਵਰਗ ਵਿਚ ਹਮੇਸ਼ਾ ਅਮਨ-ਚੈਨ ਹੀ ਰਿਹਾ ਹੈ ਜਿੱਥੇ ਕੋਈ ਗੜਬੜੀ ਨਹੀਂ ਹੋਈ, ਜਿਵੇਂ ਕਿ ਅੱਜ ਆਮ ਲੋਕ ਮੰਨਦੇ ਹਨ?

ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਲੱਖਾਂ ਆਤਮਿਕ ਪ੍ਰਾਣੀਆਂ ਜਾਂ ਦੂਤਾਂ ਨਾਲ ਸਵਰਗ ਵਿਚ ਰਹਿੰਦਾ ਹੈ। (ਮੱਤੀ 18:10; ਪਰਕਾਸ਼ ਦੀ ਪੋਥੀ 5:11) ਇਨ੍ਹਾਂ ਨੂੰ ‘ਪਰਮੇਸ਼ੁਰ ਦੇ ਆਤਮਿਕ ਪੁੱਤ੍ਰ’ ਕਿਹਾ ਜਾਂਦਾ ਹੈ। (ਅੱਯੂਬ 38:4, 7) ਇਨਸਾਨਾਂ ਵਾਂਗ ਇਨ੍ਹਾਂ ਦੂਤਾਂ ਨੂੰ ਵੀ ਆਜ਼ਾਦ ਇੱਛਾ ਦਿੱਤੀ ਗਈ ਹੈ; ਉਹ ਰੋਬੋਟ ਦੀ ਤਰ੍ਹਾਂ ਨਹੀਂ ਹਨ, ਸਗੋਂ ਉਹ ਵੀ ਸਹੀ ਜਾਂ ਗ਼ਲਤ ਕੰਮ ਕਰਨ ਦੀ ਚੋਣ ਕਰ ਸਕਦੇ ਹਨ। ਕੀ ਇਹ ਦੂਤ ਗ਼ਲਤ ਕੰਮ ਕਰਨ ਦੀ ਚੋਣ ਕਰਨਗੇ? ਕੁਝ ਲੋਕਾਂ ਨੂੰ ਸ਼ਾਇਦ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹਜ਼ਾਰਾਂ ਸਾਲ ਪਹਿਲਾਂ ਬਹੁਤ ਸਾਰੇ ਦੂਤਾਂ ਨੇ ਪਰਮੇਸ਼ੁਰ ਦੇ ਖ਼ਿਲਾਫ਼ ਪਾਪ ਜਾਂ ਬਗਾਵਤ ਕੀਤੀ ਸੀ!—ਯਹੂਦਾਹ 6.

ਸਵਰਗ ਵਿਚ ਬਗਾਵਤ

ਆਤਮਿਕ ਲੋਕ ਵਿਚ ਇਕ ਦੂਤ ਦੁਆਰਾ ਬਗਾਵਤ ਕਰਨ ਨਾਲ ਪਾਪ ਸ਼ੁਰੂ ਹੋਇਆ। ਉਦੋਂ ਤੋਂ ਇਸ ਦੂਤ ਨੂੰ ਸ਼ਤਾਨ (ਵਿਰੋਧੀ) ਅਤੇ ਇਬਲੀਸ (ਤੁਹਮਤੀ) ਕਿਹਾ ਜਾਣ ਲੱਗਾ। ਇਹ ਦੂਤ ਪਹਿਲਾਂ ਪਰਮੇਸ਼ੁਰ ਦਾ ਆਗਿਆਕਾਰੀ ਪੁੱਤਰ ਸੀ, ਪਰ ਉਸ ਨੇ ਆਪਣੀ ਆਜ਼ਾਦ ਇੱਛਾ ਨਾਲ ਗ਼ਲਤ ਕੰਮ ਕਰਨ ਦੀ ਚੋਣ ਕੀਤੀ। ਉਸ ਤੋਂ ਬਾਅਦ ਇਸ ਦੂਤ ਨੇ ਦੂਜੇ ਆਤਮਿਕ ਪ੍ਰਾਣੀਆਂ ਨੂੰ ਵੀ ਆਪਣੇ ਪਿੱਛੇ ਲਾ ਲਿਆ। ਇਸ ਕਰਕੇ ਨੂਹ ਦੇ ਸਮੇਂ ਜਲ ਪਰਲੋ ਤੋਂ ਪਹਿਲਾਂ ਬਹੁਤ ਸਾਰੇ ਦੂਤ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕਰਨ ਲਈ ਸ਼ਤਾਨ ਨਾਲ ਮਿਲ ਗਏ।—ਉਤਪਤ 6:2; 2 ਪਤਰਸ 2:4.

ਪਰਮੇਸ਼ੁਰ ਨੇ ਉਸੇ ਵੇਲੇ ਇਨ੍ਹਾਂ ਪਾਪੀ ਦੂਤਾਂ ਨੂੰ ਸਵਰਗ ਵਿੱਚੋਂ ਬਾਹਰ ਨਹੀਂ ਕੱਢਿਆ। ਇਸ ਦੀ ਬਜਾਇ, ਪਰਮੇਸ਼ੁਰ ਨੇ ਹਜ਼ਾਰਾਂ ਸਾਲਾਂ ਤਕ ਉਨ੍ਹਾਂ ਨੂੰ ਸਵਰਗ ਵਿਚ ਹੀ ਰਹਿਣ ਦਿੱਤਾ। ਪਰ ਉਸ ਨੇ ਉਨ੍ਹਾਂ ਉੱਤੇ ਕੁਝ ਪਾਬੰਦੀਆਂ ਲਾ ਦਿੱਤੀਆਂ। * ਸਮਾਂ ਆਉਣ ਤੇ ਪਰਮੇਸ਼ੁਰ ਨੇ ਇਨ੍ਹਾਂ ਦੁਸ਼ਟ ਦੂਤਾਂ ਨੂੰ ਨਾਸ਼ ਹੋਣ ਲਈ ਸਵਰਗ ਵਿੱਚੋਂ ਧਰਤੀ ਉੱਤੇ ‘ਸੁੱਟ’ ਦਿੱਤਾ। ਫਿਰ ਸਵਰਗ ਵਿੱਚੋਂ ਇਕ ਆਵਾਜ਼ ਨੇ ਕਿਹਾ: “ਇਸ ਕਰਕੇ ਹੇ ਅਕਾਸ਼ੋ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹੋ, ਤੁਸੀਂ ਅਨੰਦ ਕਰੋ!” (ਪਰਕਾਸ਼ ਦੀ ਪੋਥੀ 12:7-12) ਸਵਰਗ ਵਿਚ ਰਹਿੰਦੇ ਬਾਕੀ ਵਫ਼ਾਦਾਰ ਦੂਤਾਂ ਨੇ ਉਦੋਂ ਕਿੰਨਾ ਆਨੰਦ ਕੀਤਾ ਹੋਣਾ ਜਦੋਂ ਗੜਬੜੀ ਫੈਲਾਉਣ ਵਾਲੇ ਦੁਸ਼ਟ ਦੂਤਾਂ ਨੂੰ ਸਵਰਗ ਵਿੱਚੋਂ ਬਾਹਰ ਕੱਢ ਦਿੱਤਾ ਗਿਆ!

ਇਨ੍ਹਾਂ ਹੈਰਾਨ ਕਰਨ ਵਾਲੀਆਂ ਗੱਲਾਂ ਤੇ ਵਿਚਾਰ ਕਰਨ ਤੋਂ ਪਤਾ ਲੱਗਦਾ ਹੈ ਕਿ ਜਦੋਂ ਵੀ ਬੁੱਧੀਮਾਨ ਪ੍ਰਾਣੀ ਪਰਮੇਸ਼ੁਰ ਦੇ ਨਿਯਮਾਂ ਅਤੇ ਸਿਧਾਂਤਾਂ ਦਾ ਅਨਾਦਰ ਕਰਦੇ ਹਨ, ਤਾਂ ਉਨ੍ਹਾਂ ਨੂੰ ਸੱਚੀ ਸ਼ਾਂਤੀ ਨਹੀਂ ਮਿਲ ਸਕਦੀ। (ਯਸਾਯਾਹ 57:20, 21; ਯਿਰਮਿਯਾਹ 14:19, 20) ਪਰ ਦੂਜੇ ਪਾਸੇ, ਜਦੋਂ ਸਾਰੇ ਪਰਮੇਸ਼ੁਰ ਦੇ ਨਿਯਮਾਂ ਨੂੰ ਮੰਨਦੇ ਹਨ, ਤਾਂ ਹਰ ਪਾਸੇ ਅਮਨ-ਚੈਨ ਹੁੰਦਾ ਹੈ। (ਜ਼ਬੂਰ 119:165; ਯਸਾਯਾਹ 48:17, 18) ਇਸ ਤਰ੍ਹਾਂ, ਜੇ ਸਾਰੇ ਇਨਸਾਨ ਪਰਮੇਸ਼ੁਰ ਨੂੰ ਪਿਆਰ ਕਰਦੇ ਤੇ ਉਸ ਦੀ ਆਗਿਆ ਮੰਨਦੇ ਅਤੇ ਨਾਲੇ ਆਪਸ ਵਿਚ ਇਕ ਦੂਜੇ ਨਾਲ ਪਿਆਰ ਕਰਦੇ, ਤਾਂ ਕੀ ਇਹ ਧਰਤੀ ਸੱਚ-ਮੁੱਚ ਇਕ ਆਨੰਦਦਾਇਕ ਅਤੇ ਖ਼ੁਸ਼ੀ ਨਾਲ ਰਹਿਣ ਦੀ ਥਾਂ ਨਾ ਹੁੰਦੀ? ਬਾਈਬਲ ਇਸ ਦਾ ਜਵਾਬ ਹਾਂ ਵਿਚ ਦਿੰਦੀ ਹੈ।

ਪਰ ਉਨ੍ਹਾਂ ਲੋਕਾਂ ਬਾਰੇ ਕੀ ਜਿਹੜੇ ਆਪਣੇ ਸੁਆਰਥ ਕਾਰਨ ਆਪਣੇ ਬੁਰੇ ਰਾਹ ਬਦਲਣਾ ਨਹੀਂ ਚਾਹੁੰਦੇ? ਕੀ ਉਹ ਹਮੇਸ਼ਾ ਉਨ੍ਹਾਂ ਲੋਕਾਂ ਦੀ ਸ਼ਾਂਤੀ ਭੰਗ ਕਰਦੇ ਰਹਿਣਗੇ ਜਿਹੜੇ ਸੱਚ-ਮੁੱਚ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਚਾਹੁੰਦੇ ਹਨ? ਨਹੀਂ, ਜਿਸ ਤਰ੍ਹਾਂ ਪਰਮੇਸ਼ੁਰ ਨੇ ਸਵਰਗ ਵਿੱਚੋਂ ਬੁਰੇ ਦੂਤਾਂ ਨੂੰ ਕੱਢ ਦਿੱਤਾ ਸੀ, ਉਸੇ ਤਰ੍ਹਾਂ ਉਹ ਧਰਤੀ ਉੱਤੋਂ ਵੀ ਬੁਰੇ ਲੋਕਾਂ ਨੂੰ ਕੱਢ ਦੇਵੇਗਾ।

ਧਰਤੀ ਨੂੰ ਸਾਫ਼ ਕਰਨਾ

ਪਰਮੇਸ਼ੁਰ ਨੇ ਕਿਹਾ: “ਅਕਾਸ਼ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ।” (ਯਸਾਯਾਹ 66:1) ਪਰਮੇਸ਼ੁਰ ਅੱਤ ਪਵਿੱਤਰ ਹੋਣ ਕਰਕੇ ਆਪਣੀ “ਚੌਂਕੀ” ਨੂੰ ਹਮੇਸ਼ਾ ਲਈ ਬੁਰਾਈ ਨਾਲ ਗੰਦੀ ਨਹੀਂ ਹੋਣ ਦੇਵੇਗਾ। (ਯਸਾਯਾਹ 6:1-3; ਪਰਕਾਸ਼ ਦੀ ਪੋਥੀ 4:8) ਜਿੱਦਾਂ ਪਰਮੇਸ਼ੁਰ ਨੇ ਸਵਰਗ ਨੂੰ ਬੁਰੀਆਂ ਆਤਮਾਵਾਂ ਤੋਂ ਸਾਫ਼ ਕੀਤਾ ਸੀ, ਉਦਾਂ ਹੀ ਉਹ ਸਾਰੇ ਬੁਰੇ ਲੋਕਾਂ ਨੂੰ ਨਾਸ਼ ਕਰ ਕੇ ਇਸ ਧਰਤੀ ਨੂੰ ਸਾਫ਼ ਕਰੇਗਾ ਜਿਵੇਂ ਬਾਈਬਲ ਦੀਆਂ ਹੇਠ ਲਿਖੀਆਂ ਆਇਤਾਂ ਦੱਸਦੀਆਂ ਹਨ:

“ਕੁਕਰਮੀ ਤਾਂ ਛੇਕੇ ਜਾਣਗੇ, ਪਰ ਜਿਹੜੇ ਯਹੋਵਾਹ ਨੂੰ ਉਡੀਕਦੇ ਹਨ ਓਹੋ ਧਰਤੀ ਦੇ ਵਾਰਸ ਹੋਣਗੇ।”—ਜ਼ਬੂਰ 37:9.

“ਸਚਿਆਰ ਹੀ ਧਰਤੀ ਉੱਤੇ ਵੱਸਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।”—ਕਹਾਉਤਾਂ 2:21, 22.

“ਪਰਮੇਸ਼ੁਰ ਦੇ ਭਾਣੇ ਇਹ ਨਿਆਉਂ ਦੀ ਗੱਲ ਹੈ ਭਈ ਜਿਹੜੇ ਤੁਹਾਨੂੰ ਦੁਖ ਦਿੰਦੇ ਹਨ ਓਹਨਾਂ ਨੂੰ ਦੁਖ ਦੇਵੇ। ਅਤੇ ਤੁਹਾਨੂੰ ਜਿਹੜੇ ਦੁਖ ਪਾਉਂਦੇ ਹੋ ਸਾਡੇ ਨਾਲ ਸੁਖ ਦੇਵੇ ਉਸ ਸਮੇਂ ਜਾਂ ਪ੍ਰਭੁ ਯਿਸੂ ਆਪਣੇ ਬਲਵੰਤ ਦੂਤਾਂ ਸਣੇ ਭੜਕਦੀ ਅੱਗ ਵਿੱਚ ਅਕਾਸ਼ੋਂ ਪਰਗਟ ਹੋਵੇਗਾ। ਅਤੇ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ ਓਹਨਾਂ ਨੂੰ ਬਦਲਾ ਦੇਵੇਗਾ। ਓਹ ਸਜ਼ਾ ਭੋਗਣਗੇ ਅਰਥਾਤ ਪ੍ਰਭੁ ਦੇ ਹਜ਼ੂਰੋਂ ਅਤੇ ਉਹ ਦੀ ਸਮਰੱਥਾ ਦੇ ਤੇਜ ਤੋਂ ਸਦਾ ਦਾ ਵਿਨਾਸ।”—2 ਥੱਸਲੁਨੀਕੀਆਂ 1:6-9.

“[ਦੁਸ਼ਟ ਲੋਕਾਂ ਦਾ] ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰਨਾ 2:17.

ਕੀ ਧਰਤੀ ਉੱਤੇ ਹਮੇਸ਼ਾ ਲਈ ਸ਼ਾਂਤੀ ਹੋਵੇਗੀ?

ਭਾਵੇਂ ਕਿ ਬਾਈਬਲ ਸਪੱਸ਼ਟ ਦੱਸਦੀ ਹੈ ਕਿ ਪਰਮੇਸ਼ੁਰ ਬੁਰਾਈ ਨੂੰ ਇਕ ਹੱਦ ਤਕ ਸਹਿਣ ਕਰਦਾ ਹੈ, ਪਰ ਅਸੀਂ ਕਿਵੇਂ ਯਕੀਨੀ ਹੋ ਸਕਦੇ ਹਾਂ ਕਿ ਇਕ ਵਾਰ ਖ਼ਤਮ ਕੀਤੀ ਬੁਰਾਈ ਦੁਬਾਰਾ ਸ਼ੁਰੂ ਨਹੀਂ ਹੋਵੇਗੀ? ਨੂਹ ਦੀ ਜਲ ਪਰਲੋ ਤੋਂ ਬਾਅਦ ਜਲਦੀ ਹੀ ਫਿਰ ਤੋਂ ਬੁਰਾਈ ਕਾਫ਼ੀ ਹੱਦ ਤਕ ਵੱਧ ਗਈ ਜਿਸ ਕਰਕੇ ਪਰਮੇਸ਼ੁਰ ਨੂੰ ਇਨਸਾਨਾਂ ਦੀਆਂ ਬੁਰੀਆਂ ਸਕੀਮਾਂ ਰੋਕਣ ਲਈ ਉਨ੍ਹਾਂ ਦੀ ਭਾਸ਼ਾ ਬਦਲਣੀ ਪਈ ਸੀ।—ਉਤਪਤ 11:1-8.

ਧਰਤੀ ਉੱਤੇ ਫਿਰ ਕਦੀ ਬੁਰਾਈ ਨਹੀਂ ਹੋਵੇਗੀ, ਇਹ ਵਿਸ਼ਵਾਸ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਉਸ ਵੇਲੇ ਇਨਸਾਨ ਧਰਤੀ ਉੱਤੇ ਰਾਜ ਨਹੀਂ ਕਰਨਗੇ ਜਿਸ ਤਰ੍ਹਾਂ ਜਲ ਪਰਲੋ ਤੋਂ ਜਲਦੀ ਬਾਅਦ ਕਰਨ ਲੱਗ ਪਏ ਸਨ। ਇਸ ਦੀ ਬਜਾਇ, ਸਾਰੀ ਧਰਤੀ ਉੱਤੇ ਪਰਮੇਸ਼ੁਰ ਸ਼ਾਸਨ ਕਰੇਗਾ। ਧਰਤੀ ਉੱਤੇ ਇੱਕੋ-ਇਕ ਸਰਕਾਰ ਸਵਰਗ ਤੋਂ ਰਾਜ ਕਰੇਗੀ। (ਦਾਨੀਏਲ 2:44; 7:13, 14) ਇਹ ਸਰਕਾਰ ਉਸ ਵਿਅਕਤੀ ਦੇ ਖ਼ਿਲਾਫ਼ ਫ਼ੌਰਨ ਕਾਰਵਾਈ ਕਰੇਗੀ ਜੋ ਬੁਰਾਈ ਨੂੰ ਦੁਬਾਰਾ ਫੈਲਾਉਣ ਦੀ ਕੋਸ਼ਿਸ਼ ਕਰੇਗਾ। (ਯਸਾਯਾਹ 65:20) ਅਸਲ ਵਿਚ, ਇਹ ਸਰਕਾਰ ਬੁਰਾਈ ਨੂੰ ਸ਼ੁਰੂ ਕਰਨ ਵਾਲੇ ਸਭ ਤੋਂ ਪਹਿਲੇ ਦੁਸ਼ਟ ਦੂਤ ਯਾਨੀ ਸ਼ਤਾਨ ਅਰਥਾਤ ਇਬਲੀਸ ਅਤੇ ਉਸ ਦੇ ਨਾਲ ਮਿਲੇ ਦੂਸਰੇ ਬੁਰੇ ਦੂਤਾਂ ਨੂੰ ਨਾਸ਼ ਕਰ ਦੇਵੇਗੀ।—ਰੋਮੀਆਂ 16:20.

ਇਸ ਤੋਂ ਇਲਾਵਾ, ਫਿਰ ਇਨਸਾਨਾਂ ਨੂੰ ਰੋਟੀ, ਕੱਪੜਾ, ਮਕਾਨ ਅਤੇ ਰੁਜ਼ਗਾਰ ਦੀ ਕੋਈ ਚਿੰਤਾ ਨਹੀਂ ਕਰਨੀ ਪਵੇਗੀ ਜਿਨ੍ਹਾਂ ਦੀ ਘਾਟ ਕਰਕੇ ਅੱਜ ਕੁਝ ਲੋਕ ਅਪਰਾਧ ਕਰਦੇ ਹਨ। ਜੀ ਹਾਂ, ਸਾਰੀ ਧਰਤੀ ਇਕ ਉਪਜਾਊ ਫਿਰਦੌਸ ਵਿਚ ਬਦਲ ਜਾਵੇਗੀ ਜਿੱਥੇ ਹਰੇਕ ਚੀਜ਼ ਭਰਪੂਰ ਮਾਤਰਾ ਵਿਚ ਉੱਗੇਗੀ।—ਯਸਾਯਾਹ 65:21-23; ਲੂਕਾ 23:43.

ਸਭ ਤੋਂ ਜ਼ਰੂਰੀ ਗੱਲ ਹੈ ਕਿ ਇਹ ਸਰਕਾਰ ਆਪਣੀ ਪਰਜਾ ਨੂੰ ਸ਼ਾਂਤੀ ਨਾਲ ਜੀਉਣਾ ਸਿਖਾਏਗੀ। ਇਸ ਦੇ ਨਾਲ-ਨਾਲ ਇਨਸਾਨਾਂ ਨੂੰ ਪੂਰੀ ਤਰ੍ਹਾਂ ਸੰਪੂਰਣ ਕੀਤਾ ਜਾਵੇਗਾ। (ਯੂਹੰਨਾ 17:3; ਰੋਮੀਆਂ 8:21) ਇਸ ਤੋਂ ਬਾਅਦ, ਇਨਸਾਨਾਂ ਨੂੰ ਫਿਰ ਕਦੀ ਆਪਣੀਆਂ ਕਮਜ਼ੋਰੀਆਂ ਅਤੇ ਪਾਪਪੂਰਣ ਝੁਕਾਵਾਂ ਨਾਲ ਲੜਨਾ ਨਹੀਂ ਪਵੇਗਾ। ਉਹ ਸੰਪੂਰਣ ਇਨਸਾਨ ਯਿਸੂ ਦੀ ਤਰ੍ਹਾਂ ਆਸਾਨੀ ਨਾਲ ਅਤੇ ਬੜੀ ਖ਼ੁਸ਼ੀ ਨਾਲ ਪਰਮੇਸ਼ੁਰ ਦੀ ਆਗਿਆ ਮੰਨਣਗੇ। (ਯਸਾਯਾਹ 11:3) ਅਸਲ ਵਿਚ ਯਿਸੂ ਵੱਡੇ ਪਰਤਾਵੇ ਅਤੇ ਇੱਥੋਂ ਤਕ ਕਿ ਸਤਾਹਟਾਂ ਦੇ ਬਾਵਜੂਦ ਵੀ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਿਹਾ। ਫਿਰਦੌਸ ਵਿਚ ਕਿਸੇ ਨੂੰ ਵੀ ਪਰਤਾਇਆ ਅਤੇ ਸਤਾਇਆ ਨਹੀਂ ਜਾਵੇਗਾ।—ਇਬਰਾਨੀਆਂ 7:26.

ਕੁਝ ਲੋਕ ਕਿਉਂ ਸਵਰਗ ਜਾਂਦੇ ਹਨ

ਬਾਈਬਲ ਪੜ੍ਹਨ ਵਾਲੇ ਬਹੁਤ ਸਾਰੇ ਲੋਕ ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ ਜਾਣਦੇ ਹਨ: “ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ . . . ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ।” (ਯੂਹੰਨਾ 14:2, 3) ਕੀ ਇਹ ਸਿੱਖਿਆ ਧਰਤੀ ਉੱਤੇ ਫਿਰਦੌਸ ਵਿਚ ਹਮੇਸ਼ਾ ਦੀ ਜ਼ਿੰਦਗੀ ਦੇ ਉਲਟ ਨਹੀਂ ਲੱਗਦੀ?

ਇਹ ਸਿੱਖਿਆਵਾਂ ਇਕ-ਦੂਜੇ ਦੇ ਉਲਟ ਨਹੀਂ ਹਨ। ਅਸਲ ਵਿਚ ਇਹ ਇੱਕ ਦੂਜੇ ਦੀ ਹਿਮਾਇਤ ਕਰਦੀਆਂ ਹਨ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਬਾਈਬਲ ਇਨ੍ਹਾਂ ਵਫ਼ਾਦਾਰ ਮਸੀਹੀਆਂ ਦੀ ਗਿਣਤੀ ਸੀਮਿਤ ਦੱਸਦੀ ਹੈ ਜਿਨ੍ਹਾਂ ਨੂੰ ਸਵਰਗ ਵਿਚ ਰਹਿਣ ਲਈ ਆਤਮਿਕ ਪ੍ਰਾਣੀਆਂ ਦੇ ਰੂਪ ਵਿਚ ਮੁੜ ਜੀਉਂਦੇ ਕੀਤਾ ਜਾਂਦਾ ਹੈ। ਇਨ੍ਹਾਂ ਦੀ ਗਿਣਤੀ 1,44,000 ਹੈ। ਸਿਰਫ਼ ਇਨ੍ਹਾਂ ਨੂੰ ਹੀ ਇਹ ਸ਼ਾਨਦਾਰ ਇਨਾਮ ਕਿਉਂ ਦਿੱਤਾ ਜਾਂਦਾ ਹੈ? ਕਿਉਂਕਿ ਇਹ ਉਸ ਸਮੂਹ ਦਾ ਹਿੱਸਾ ਹਨ ਜਿਸ ਨੂੰ ਯੂਹੰਨਾ ਨੇ ਆਪਣੇ ਦਰਸ਼ਣ ਵਿਚ ਦੇਖਿਆ ਸੀ ਤੇ ਜਿਹੜੇ “ਜੀ ਉੱਠੇ ਅਤੇ ਹਜ਼ਾਰ ਵਰ੍ਹੇ ਮਸੀਹ ਦੇ ਨਾਲ ਰਾਜ ਕਰਦੇ ਰਹੇ।” (ਪਰਕਾਸ਼ ਦੀ ਪੋਥੀ 14:1, 3; 20:4-6) ਪਰ ਜੇ ਅਸੀਂ ਧਰਤੀ ਉੱਤੇ ਰਹਿੰਦੇ ਅਰਬਾਂ ਲੋਕਾਂ ਦੀ ਤੁਲਨਾ ਇਨ੍ਹਾਂ 1,44,000 ਨਾਲ ਕਰੀਏ, ਤਾਂ ਵਾਕਈ ਹੀ ਇਹ ਇਕ ‘ਛੋਟਾ ਝੁੰਡ’ ਹੈ। (ਲੂਕਾ 12:32) ਇਸ ਤੋਂ ਇਲਾਵਾ, ਉਨ੍ਹਾਂ ਨੇ ਯਿਸੂ ਦੀ ਤਰ੍ਹਾਂ ਇਨਸਾਨਾਂ ਦੀਆਂ ਆਮ ਮੁਸ਼ਕਲਾਂ ਨੂੰ ਝੱਲਿਆ ਹੈ ਜਿਸ ਕਰਕੇ ਉਹ ‘ਸਾਡੀਆਂ ਦੁਰਬਲਤਾਈਆਂ ਵਿੱਚ ਸਾਡੇ ਦਰਦੀ’ ਬਣਨ ਦੇ ਯੋਗ ਹੋਣਗੇ ਤੇ ਉਹ ਇਨਸਾਨਾਂ ਨੂੰ ਚੰਗੀ ਜ਼ਿੰਦਗੀ ਦੇਣਗੇ ਅਤੇ ਧਰਤੀ ਦੀ ਦੇਖ-ਰੇਖ ਕਰਨਗੇ।—ਇਬਰਾਨੀਆਂ 4:15.

ਧਰਤੀ—ਇਨਸਾਨਾਂ ਲਈ ਹਮੇਸ਼ਾ ਦਾ ਘਰ

ਪਰਮੇਸ਼ੁਰ ਨੇ ਲਗਭਗ 2,000 ਸਾਲ ਪਹਿਲਾਂ, ਯਿਸੂ ਮਸੀਹ ਦਾ ਰਿਹਾਈ-ਕੀਮਤ ਬਲੀਦਾਨ ਦੇਣ ਦੁਆਰਾ 1,44,000 ਲੋਕਾਂ ਨੂੰ ਇਕੱਠੇ ਕਰਨਾ ਸ਼ੁਰੂ ਕੀਤਾ ਅਤੇ ਸਬੂਤ ਦਿਖਾਉਂਦੇ ਹਨ ਕਿ ਹੁਣ ਇਸ ਸਮੂਹ ਦੀ ਗਿਣਤੀ ਪੂਰੀ ਹੋ ਚੁੱਕੀ ਹੈ। (ਰਸੂਲਾਂ ਦੇ ਕਰਤੱਬ 2:1-4; ਗਲਾਤੀਆਂ 4:4-7) ਪਰ ਯਿਸੂ ਦਾ ਬਲੀਦਾਨ ਸਿਰਫ਼ 1,44,000 ਲੋਕਾਂ ਲਈ ਹੀ ਨਹੀਂ ਸੀ, “ਸਗੋਂ ਸਾਰੇ ਸੰਸਾਰ” ਲਈ ਹੈ। (1 ਯੂਹੰਨਾ 2:2) ਇਸ ਲਈ, ਯਿਸੂ ਵਿਚ ਨਿਹਚਾ ਰੱਖਣ ਵਾਲੇ ਸਾਰੇ ਹੀ ਲੋਕਾਂ ਨੂੰ ਸਦਾ ਦੀ ਜ਼ਿੰਦਗੀ ਮਿਲੇਗੀ। (ਯੂਹੰਨਾ 3:16) ਜੋ ਲੋਕ ਮਰ ਚੁੱਕੇ ਹਨ, ਪਰ ਉਹ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ, ਪਰਮੇਸ਼ੁਰ ਉਨ੍ਹਾਂ ਨੂੰ ਦੁਬਾਰਾ ਜ਼ਿੰਦਾ ਕਰੇਗਾ। (ਉਪਦੇਸ਼ਕ ਦੀ ਪੋਥੀ 9:5; ਯੂਹੰਨਾ 11:11-13, 25; ਰਸੂਲਾਂ ਦੇ ਕਰਤੱਬ 24:15) ਉਨ੍ਹਾਂ ਨੂੰ ਉੱਥੇ ਕੀ ਮਿਲੇਗਾ?

ਪਰਕਾਸ਼ ਦੀ ਪੋਥੀ 21:1-4 ਕਹਿੰਦੀ ਹੈ: “ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ . . . ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” ਜ਼ਰਾ ਸੋਚੋ—ਇਨਸਾਨ ਕਦੇ ਮਰੇਗਾ ਹੀ ਨਹੀਂ ਤੇ ਮੌਤ ਦੇ ਕਾਰਨ ਜੋ ਦੁੱਖ ਅਤੇ ਰੋਣਾ ਹੁੰਦਾ ਹੈ, ਹਮੇਸ਼ਾ ਲਈ ਖ਼ਤਮ ਹੋ ਜਾਵੇਗਾ! ਅਖ਼ੀਰ, ਧਰਤੀ ਅਤੇ ਮਨੁੱਖਜਾਤੀ ਲਈ ਯਹੋਵਾਹ ਦਾ ਮੁਢਲਾ ਮਕਸਦ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਪੂਰਾ ਹੋਵੇਗਾ।—ਉਤਪਤ 1:27, 28.

ਸਾਡੀ ਚੋਣ—ਜੀਵਨ ਜਾਂ ਮੌਤ

ਆਦਮ ਤੇ ਹੱਵਾਹ ਨੂੰ ਕਦੇ ਇਹ ਨਹੀਂ ਕਿਹਾ ਗਿਆ ਸੀ ਕਿ ਉਹ ਸਵਰਗ ਜਾਣਗੇ। ਉਨ੍ਹਾਂ ਨੂੰ ਇਹ ਚੋਣ ਕਰਨ ਲਈ ਕਿਹਾ ਗਿਆ ਸੀ ਕਿ ਜੇ ਉਹ ਪਰਮੇਸ਼ੁਰ ਦੀ ਆਗਿਆ ਮੰਨਣਗੇ, ਤਾਂ ਉਨ੍ਹਾਂ ਨੂੰ ਧਰਤੀ ਉੱਤੇ ਫਿਰਦੌਸ ਵਿਚ ਸਦਾ ਦਾ ਜੀਵਨ ਮਿਲੇਗਾ ਤੇ ਜੇ ਉਹ ਪਰਮੇਸ਼ੁਰ ਦੀ ਆਗਿਆ ਨਹੀਂ ਮੰਨਣਗੇ, ਤਾਂ ਉਨ੍ਹਾਂ ਨੂੰ ਮੌਤ ਮਿਲੇਗੀ। ਬੜੇ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਨੇ ਪਰਮੇਸ਼ੁਰ ਦੀ ਆਗਿਆ ਨਾ ਮੰਨਣ ਦੀ ਚੋਣ ਕੀਤੀ ਜਿਸ ਕਰਕੇ ਉਹ ਮਰਨ ਤੋਂ ਬਾਅਦ “ਮਿੱਟੀ” ਵਿਚ ਮਿਲ ਗਏ। (ਉਤਪਤ 2:16, 17; 3:2-5, 19) ਪਰਮੇਸ਼ੁਰ ਦਾ ਕਦੀ ਵੀ ਇਹ ਮਕਸਦ ਨਹੀਂ ਸੀ ਕਿ ਪਹਿਲਾਂ ਇਨਸਾਨ ਮਰੇ ਤੇ ਫਿਰ ਮਰ ਕੇ ਸਵਰਗ ਨੂੰ ਭਰੇ। ਪਰਮੇਸ਼ੁਰ ਨੇ ਸਵਰਗ ਵਿਚ ਰਹਿਣ ਲਈ ਲੱਖਾਂ ਹੀ ਸਵਰਗ ਦੂਤਾਂ ਨੂੰ ਬਣਾਇਆ ਸੀ। ਇਹ ਆਤਮਿਕ ਪ੍ਰਾਣੀ ਕੋਈ ਇਨਸਾਨ ਨਹੀਂ ਹਨ ਜੋ ਪਹਿਲਾਂ ਧਰਤੀ ਉੱਤੇ ਰਹਿੰਦੇ ਸਨ ਤੇ ਮਰਨ ਤੋਂ ਬਾਅਦ ਉਨ੍ਹਾਂ ਨੂੰ ਸਵਰਗ ਵਿਚ ਜੀਉਂਦੇ ਕੀਤਾ ਗਿਆ।—ਜ਼ਬੂਰ 104:1, 4; ਦਾਨੀਏਲ 7:10.

ਧਰਤੀ ਉੱਤੇ ਫਿਰਦੌਸ ਵਿਚ ਸਦਾ ਜੀਉਂਦੇ ਰਹਿਣ ਦੀ ਬਰਕਤ ਪਾਉਣ ਲਈ ਫਿਰ ਸਾਨੂੰ ਕੀ ਕਰਨਾ ਪਵੇਗਾ? ਇਸ ਦੇ ਲਈ ਪਹਿਲਾ ਕਦਮ ਹੈ ਪਰਮੇਸ਼ੁਰ ਦੇ ਪਵਿੱਤਰ ਬਚਨ ਬਾਈਬਲ ਨੂੰ ਪੜ੍ਹਨਾ। ਯਿਸੂ ਮਸੀਹ ਨੇ ਪ੍ਰਾਰਥਨਾ ਵਿਚ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।”—ਯੂਹੰਨਾ 17:3.

ਫਿਰਦੌਸ ਵਿਚ ਸਦਾ ਖ਼ੁਸ਼ ਰਹਿਣ ਲਈ ਦੂਜਾ ਕਦਮ ਹੈ ਹਾਸਲ ਕੀਤੇ ਗਿਆਨ ਤੇ ਅਮਲ ਕਰਨਾ। (ਯਾਕੂਬ 1:22-24) ਜਿਹੜੇ ਪਰਮੇਸ਼ੁਰ ਦੇ ਬਚਨ ਮੁਤਾਬਕ ਚੱਲਦੇ ਹਨ, ਉਹ ਆਪਣੀਆਂ ਅੱਖਾਂ ਨਾਲ ਅਜਿਹੀਆਂ ਰੋਮਾਂਚਕ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਦੇਖਣਗੇ ਜਿਨ੍ਹਾਂ ਵਿੱਚੋਂ ਯਸਾਯਾਹ 11:9 ਵਿਚ ਦਰਜ ਇਕ ਭਵਿੱਖਬਾਣੀ ਕਹਿੰਦੀ ਹੈ: “ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ [ਮਨੁੱਖਜਾਤੀ] ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।”

[ਫੁਟਨੋਟ]

^ ਪੈਰਾ 7 ਪਰਮੇਸ਼ੁਰ ਨੇ ਸਵਰਗ ਵਿਚ ਅਤੇ ਧਰਤੀ ਉੱਤੇ ਬੁਰਾਈ ਨੂੰ ਕਿਉਂ ਸਹਿਣ ਕੀਤਾ, ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਲਈ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਛਾਪੀ ਗਈ ਕਿਤਾਬ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦੇ ਸਫ਼ੇ 70-79 ਦੇਖੋ।

[ਸਫ਼ੇ 7 ਉੱਤੇ ਤਸਵੀਰ]

“ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”​—ਜ਼ਬੂਰ 37:29