Skip to content

Skip to table of contents

ਪੜ੍ਹਨ ਅਤੇ ਅਧਿਐਨ ਕਰਨ ਲਈ ਸਮਾਂ ਕੱਢੋ

ਪੜ੍ਹਨ ਅਤੇ ਅਧਿਐਨ ਕਰਨ ਲਈ ਸਮਾਂ ਕੱਢੋ

ਪੜ੍ਹਨ ਅਤੇ ਅਧਿਐਨ ਕਰਨ ਲਈ ਸਮਾਂ ਕੱਢੋ

“ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ।”—ਅਫ਼ਸੀਆਂ 5:16.

1. ਆਪਣੇ ਸਮੇਂ ਨੂੰ ਸਮਝਦਾਰੀ ਨਾਲ ਇਸਤੇਮਾਲ ਕਰਨਾ ਕਿਉਂ ਜ਼ਰੂਰੀ ਹੈ ਅਤੇ ਜਿਸ ਤਰ੍ਹਾਂ ਅਸੀਂ ਆਪਣੇ ਸਮੇਂ ਨੂੰ ਵਰਤਦੇ ਹਾਂ, ਉਸ ਤੋਂ ਸਾਡੇ ਬਾਰੇ ਕੀ ਜ਼ਾਹਰ ਹੁੰਦਾ ਹੈ?

ਕਿਹਾ ਜਾਂਦਾ ਹੈ ਕਿ ਜਿਹੜਾ ਇਨਸਾਨ ਹਰ ਕੰਮ ਕਰਨ ਲਈ “ਸਹੀ ਸਮਾਂ ਚੁਣਦਾ ਹੈ, ਉਹ ਸਮੇਂ ਨੂੰ ਬਚਾਉਂਦਾ ਹੈ।” ਉਹ ਇਸ ਤਰ੍ਹਾਂ ਆਪਣੇ ਸਮੇਂ ਤੋਂ ਜ਼ਿਆਦਾ ਫ਼ਾਇਦਾ ਲੈਂਦਾ ਹੈ। ਬੁੱਧੀਮਾਨ ਰਾਜਾ ਸੁਲੇਮਾਨ ਨੇ ਲਿਖਿਆ ਸੀ: “ਹਰੇਕ ਕੰਮ ਦਾ ਇੱਕ ਸਮਾ ਹੈ, ਅਤੇ ਹਰ ਮਨੋਰਥ ਦਾ ਜੋ ਅਕਾਸ਼ ਦੇ ਹੇਠ ਹੈ ਇੱਕ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:1) ਦੁਨੀਆਂ ਵਿਚ ਹਰ ਇਨਸਾਨ ਕੋਲ ਇਕ ਦੂਸਰੇ ਜਿੰਨਾ ਸਮਾਂ ਹੁੰਦਾ ਹੈ। ਪਰ ਇਹ ਸਾਡੇ ਵੱਸ ਵਿਚ ਹੈ ਕਿ ਅਸੀਂ ਇਸ ਨੂੰ ਕਿਵੇਂ ਵਰਤਦੇ ਹਾਂ। ਅਸੀਂ ਕਿਨ੍ਹਾਂ ਕੰਮਾਂ ਨੂੰ ਪਹਿਲ ਦਿੰਦੇ ਹਾਂ ਤੇ ਆਪਣੇ ਸਮੇਂ ਨੂੰ ਕਿਵੇਂ ਵਰਤਦੇ ਹਾਂ, ਇਸ ਤੋਂ ਇਹ ਗੱਲ ਕਾਫ਼ੀ ਹੱਦ ਤਕ ਜ਼ਾਹਰ ਹੁੰਦੀ ਹੈ ਕਿ ਸਾਨੂੰ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਪਿਆਰੀ ਹੈ।—ਮੱਤੀ 6:21.

2. (ੳ) ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਸਾਡੀ ਅਧਿਆਤਮਿਕ ਲੋੜ ਬਾਰੇ ਕੀ ਕਿਹਾ ਸੀ? (ਅ) ਸਮਾਂ ਕੱਢਣ ਵਾਸਤੇ ਸਾਨੂੰ ਕਿਨ੍ਹਾਂ ਗੱਲਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ?

2 ਆਪਣੀਆਂ ਸਰੀਰਕ ਲੋੜਾਂ ਕਰਕੇ ਸਾਨੂੰ ਖਾਣ ਅਤੇ ਸੌਣ ਵਿਚ ਸਮਾਂ ਲਗਾਉਣਾ ਹੀ ਪੈਂਦਾ ਹੈ। ਪਰ ਆਪਣੀਆਂ ਅਧਿਆਤਮਿਕ ਲੋੜਾਂ ਬਾਰੇ ਕੀ? ਅਸੀਂ ਜਾਣਦੇ ਹਾਂ ਕਿ ਇਨ੍ਹਾਂ ਨੂੰ ਪੂਰਾ ਕਰਨਾ ਵੀ ਜ਼ਰੂਰੀ ਹੈ। ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਕਿਹਾ ਸੀ: “ਧੰਨ ਉਹ ਲੋਕ ਹਨ, ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ।” (ਸੰਤ ਮੱਤੀ 5:3; ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸੇ ਕਰਕੇ “ਮਾਤਬਰ ਅਤੇ ਬੁੱਧਵਾਨ ਨੌਕਰ” ਵਾਰ-ਵਾਰ ਸਾਨੂੰ ਯਾਦ ਕਰਾਉਂਦਾ ਹੈ ਕਿ ਬਾਈਬਲ ਪੜ੍ਹਨੀ ਤੇ ਇਸ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ। (ਮੱਤੀ 24:45) ਤੁਸੀਂ ਸ਼ਾਇਦ ਜਾਣਦੇ ਹੋਵੋਗੇ ਕਿ ਇਹ ਕਰਨਾ ਬਹੁਤ ਜ਼ਰੂਰੀ ਹੈ, ਪਰ ਹੋ ਸਕਦਾ ਹੈ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਬਾਈਬਲ ਪੜ੍ਹਨ ਜਾਂ ਇਸ ਦਾ ਅਧਿਐਨ ਕਰਨ ਦਾ ਬਿਲਕੁਲ ਹੀ ਸਮਾਂ ਨਹੀਂ ਮਿਲਦਾ। ਜੇ ਇਸ ਤਰ੍ਹਾਂ ਹੈ, ਤਾਂ ਆਓ ਆਪਾਂ ਕੁਝ ਗੱਲਾਂ ਉੱਤੇ ਵਿਚਾਰ ਕਰੀਏ ਜਿਨ੍ਹਾਂ ਦੁਆਰਾ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਲਈ, ਉਸ ਦਾ ਅਧਿਐਨ ਕਰਨ ਲਈ, ਅਤੇ ਉਸ ਉੱਤੇ ਮਨਨ ਕਰਨ ਲਈ ਜ਼ਿਆਦਾ ਸਮਾਂ ਕੱਢ ਸਕਦੇ ਹਾਂ।

ਬਾਈਬਲ ਪੜ੍ਹਨ ਅਤੇ ਅਧਿਐਨ ਕਰਨ ਲਈ ਸਮਾਂ ਕੱਢਣਾ

3, 4. (ੳ) ਆਪਣੇ ਸਮੇਂ ਨੂੰ ਵਰਤਣ ਦੇ ਮਾਮਲੇ ਵਿਚ ਪੌਲੁਸ ਰਸੂਲ ਨੇ ਕਿਹੜੀ ਸਲਾਹ ਦਿੱਤੀ ਸੀ ਅਤੇ ਇਸ ਵਿਚ ਕੀ-ਕੀ ਸ਼ਾਮਲ ਹੈ? (ਅ) ਪੌਲੁਸ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ ‘ਆਪਣੇ ਲਈ ਢੁਕਵੇਂ ਸਮੇਂ ਨੂੰ ਖ਼ਰੀਦੋ’?

3 ਜਿਨ੍ਹਾਂ ਸਮਿਆਂ ਵਿਚ ਅਸੀਂ ਰਹਿ ਰਹੇ ਹਾਂ, ਉਨ੍ਹਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਸਾਰਿਆਂ ਨੂੰ ਪੌਲੁਸ ਰਸੂਲ ਦੇ ਸ਼ਬਦਾਂ ਤੇ ਵਿਚਾਰ ਕਰਨਾ ਚਾਹੀਦਾ ਹੈ: “ਚੌਕਸੀ ਨਾਲ ਵੇਖੋ ਭਈਂ ਤੁਸੀਂ ਕਿੱਕੁਰ ਚੱਲਦੇ ਹੋ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ। ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ [‘ਢੁਕਵੇਂ ਸਮੇਂ ਨੂੰ ਖ਼ਰੀਦੋ,’ ਨਿ ਵ] ਇਸ ਲਈ ਜੋ ਦਿਨ ਬੁਰੇ ਹਨ। ਇਸ ਕਾਰਨ ਤੁਸੀਂ ਮੂਰਖ ਨਾ ਹੋਵੋ ਸਗੋਂ ਸਮਝੋ ਭਈ ਪ੍ਰਭੁ ਦੀ ਕੀ ਇੱਛਿਆ ਹੈ।” (ਅਫ਼ਸੀਆਂ 5:15-17) ਇਹ ਸਲਾਹ ਸਾਡੀ ਮਸੀਹੀ ਜ਼ਿੰਦਗੀ ਦੇ ਹਰ ਪਹਿਲੂ ਤੇ ਲਾਗੂ ਹੁੰਦੀ ਹੈ, ਜਿਨ੍ਹਾਂ ਵਿਚ ਪ੍ਰਾਰਥਨਾ ਅਤੇ ਅਧਿਐਨ ਕਰਨਾ, ਸਭਾਵਾਂ ਵਿਚ ਜਾਣ, ਅਤੇ ‘ਰਾਜ ਦੀ ਖ਼ੁਸ਼ ਖ਼ਬਰੀ’ ਦੇ ਪ੍ਰਚਾਰ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਸਮਾਂ ਕੱਢਣਾ ਵੀ ਸ਼ਾਮਲ ਹੈ।—ਮੱਤੀ 24:14; 28:19, 20.

4 ਅੱਜ ਯਹੋਵਾਹ ਦੇ ਬਹੁਤ ਸਾਰਿਆਂ ਸੇਵਕਾਂ ਨੂੰ ਬਾਈਬਲ ਪੜ੍ਹਨ ਅਤੇ ਇਸ ਦਾ ਗਹਿਰਾਈ ਨਾਲ ਅਧਿਐਨ ਕਰਨ ਲਈ ਸਮਾਂ ਕੱਢਣਾ ਬਹੁਤ ਮੁਸ਼ਕਲ ਲੱਗਦਾ ਹੈ। ਅਸੀਂ ਆਪਣੇ ਦਿਨ ਵਿਚ ਇਕ ਵਾਧੂ ਘੰਟਾ ਤਾਂ ਨਹੀਂ ਜੋੜ ਸਕਦੇ, ਇਸ ਲਈ ਪੌਲੁਸ ਦੀ ਸਲਾਹ ਦਾ ਮਤਲਬ ਕੁਝ ਅਲੱਗ ਹੈ। ਯੂਨਾਨੀ ਭਾਸ਼ਾ ਵਿਚ, ‘ਆਪਣੇ ਲਈ ਢੁਕਵੇਂ ਸਮੇਂ ਨੂੰ ਖ਼ਰੀਦਣ,’ ਦਾ ਮਤਲਬ ਹੈ ਕਿਸੇ ਇਕ ਚੀਜ਼ ਦੇ ਵੱਟੇ ਕੋਈ ਦੂਜੀ ਚੀਜ਼ ਖ਼ਰੀਦਣੀ। ਡਬਲਯੂ. ਈ. ਵਾਈਨ ਆਪਣੀ ਐਕਸਪੌਜ਼ੀਟਰੀ ਡਿਕਸ਼ਨਰੀ ਵਿਚ ਇਸ ਦਾ ਮਤਲਬ ਇਸ ਤਰ੍ਹਾਂ ਸਮਝਾਉਂਦਾ ਹੈ ਕਿ “ਹਰ ਮੌਕੇ ਦਾ ਪੂਰਾ-ਪੂਰਾ ਫ਼ਾਇਦਾ ਲੈਣਾ ਕਿਉਂਕਿ ਇਕ ਵਾਰ ਹੱਥੋਂ ਨਿਕਲਿਆ ਮੌਕਾ ਦੁਬਾਰਾ ਨਹੀਂ ਮਿਲਦਾ।” ਬਾਈਬਲ ਨੂੰ ਪੜ੍ਹਨ ਅਤੇ ਅਧਿਐਨ ਕਰਨ ਲਈ ਅਸੀਂ ਢੁਕਵਾਂ ਸਮਾਂ ਕਿੱਥੋਂ ਖ਼ਰੀਦ ਸਕਦੇ ਹਾਂ?

ਜ਼ਰੂਰੀ ਕੰਮਾਂ ਨੂੰ ਪਹਿਲ ਦਿਓ

5. ਸਾਨੂੰ “ਚੰਗ ਚੰਗੇਰੀਆਂ ਗੱਲਾਂ” ਜਾਂ ਜ਼ਿਆਦਾ ਜ਼ਰੂਰੀ ਕੰਮਾਂ ਵੱਲ ਕਿਉਂ ਧਿਆਨ ਦੇਣਾ ਚਾਹੀਦਾ ਹੈ ਤੇ ਇਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ?

5 ਆਪਣੇ ਦੂਜੇ ਕੰਮਾਂ ਨੂੰ ਕਰਨ ਦੇ ਨਾਲ ਸਾਡੇ ਕੋਲ ਬਹੁਤ ਸਾਰੇ ਅਧਿਆਤਮਿਕ ਕੰਮ ਵੀ ਹਨ। ਯਹੋਵਾਹ ਦੇ ਸਮਰਪਿਤ ਸੇਵਕ ਹੋਣ ਕਰਕੇ ਸਾਡੇ ਕੋਲ ‘ਪ੍ਰਭੁ ਦਾ ਬਹੁਤ ਸਾਰਾ ਕੰਮ’ ਕਰਨ ਲਈ ਹੈ। (1 ਕੁਰਿੰਥੀਆਂ 15:58) ਇਸੇ ਲਈ ਪੌਲੁਸ ਨੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਸਲਾਹ ਦਿੱਤੀ ਕਿ ਉਹ “ਚੰਗ ਚੰਗੇਰੀਆਂ ਗੱਲਾਂ,” ਜਾਂ ਜ਼ਿਆਦਾ ਜ਼ਰੂਰੀ ਗੱਲਾਂ ਵੱਲ ਧਿਆਨ ਦੇਣ। (ਫ਼ਿਲਿੱਪੀਆਂ 1:10) ਇਸ ਦਾ ਮਤਲਬ ਹੈ ਕਿ ਜ਼ਰੂਰੀ ਕੰਮਾਂ ਨੂੰ ਪਹਿਲ ਦੇਣ ਦੀ ਲੋੜ ਹੈ। ਅਧਿਆਤਮਿਕ ਕੰਮਾਂ ਨੂੰ ਦੂਸਰੇ ਕੰਮਾਂ ਨਾਲੋਂ ਹਮੇਸ਼ਾ ਪਹਿਲ ਦਿੱਤੀ ਜਾਣੀ ਚਾਹੀਦੀ ਹੈ। (ਮੱਤੀ 6:31-33) ਫਿਰ ਵੀ ਆਪਣੇ ਅਧਿਆਤਮਿਕ ਕੰਮਾਂ ਨੂੰ ਕਰਨ ਲਈ ਸੰਤੁਲਨ ਰੱਖਣ ਦੀ ਵੀ ਲੋੜ ਹੈ। ਅਸੀਂ ਆਪਣੀ ਮਸੀਹੀ ਜ਼ਿੰਦਗੀ ਦੇ ਵੱਖਰੇ-ਵੱਖਰੇ ਕੰਮ ਕਰਨ ਲਈ ਆਪਣਾ ਸਮਾਂ ਕਿਵੇਂ ਵੰਡਦੇ ਹਾਂ? ਸਫ਼ਰੀ ਨਿਗਾਹਬਾਨ ਰਿਪੋਰਟ ਕਰਦੇ ਹਨ ਕਿ ਧਿਆਨ ਦੇਣ ਵਾਲੇ ਜ਼ਿਆਦਾ ਜ਼ਰੂਰੀ ਕੰਮਾਂ ਵਿੱਚੋਂ ਮਸੀਹੀ ਭੈਣ-ਭਰਾ ਅਕਸਰ ਬਾਈਬਲ ਪੜ੍ਹਨੀ ਤੇ ਉਸ ਦਾ ਅਧਿਐਨ ਕਰਨਾ ਭੁਲਾ ਦਿੰਦੇ ਹਨ।

6. ਨੌਕਰੀ ਜਾਂ ਘਰ ਦੇ ਕੰਮਾਂ-ਕਾਰਾਂ ਵਿੱਚੋਂ ਢੁਕਵਾਂ ਸਮਾਂ ਕਿਵੇਂ ਖ਼ਰੀਦਿਆ ਜਾ ਸਕਦਾ ਹੈ?

6 ਜਿਵੇਂ ਕਿ ਅਸੀਂ ਦੇਖਿਆ ਹੈ, ਢੁਕਵੇਂ ਸਮੇਂ ਨੂੰ ਖ਼ਰੀਦਣ ਦਾ ਮਤਲਬ ਹੈ “ਹਰ ਮੌਕੇ ਦਾ ਪੂਰਾ-ਪੂਰਾ ਫ਼ਾਇਦਾ ਲੈਣਾ।” ਇਸ ਲਈ ਜੇ ਬਾਈਬਲ ਪੜ੍ਹਨ ਤੇ ਉਸ ਦਾ ਅਧਿਐਨ ਕਰਨ ਦੀਆਂ ਸਾਡੀਆਂ ਆਦਤਾਂ ਚੰਗੀਆਂ ਨਾ ਹੋਣ, ਤਾਂ ਇਸ ਗੱਲ ਦੀ ਜਾਂਚ ਕਰਨੀ ਚੰਗੀ ਹੋਵੇਗੀ ਕਿ ਅਸੀਂ ਆਪਣੇ ਸਮੇਂ ਨੂੰ ਕਿਵੇਂ ਵਰਤਦੇ ਹਾਂ। ਜੇ ਸਾਡੀ ਨੌਕਰੀ ਜਾਂ ਕੰਮ ਵਿਚ ਜ਼ਿਆਦਾ ਸਮਾਂ ਚਲਾ ਜਾਂਦਾ ਹੈ ਤੇ ਅਸੀਂ ਥੱਕ ਜਾਂਦੇ ਹਾਂ, ਤਾਂ ਇਸ ਬਾਰੇ ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਜ਼ਬੂਰ 55:22) ਅਸੀਂ ਸ਼ਾਇਦ ਕੁਝ ਤਬਦੀਲੀਆਂ ਕਰ ਸਕਦੇ ਹਾਂ ਤਾਂਕਿ ਅਸੀਂ ਯਹੋਵਾਹ ਦੀ ਭਗਤੀ ਵਿਚ ਸ਼ਾਮਲ ਜ਼ਰੂਰੀ ਕੰਮਾਂ ਲਈ ਹੋਰ ਸਮਾਂ ਕੱਢ ਸਕੀਏ, ਜਿਵੇਂ ਕਿ ਬਾਈਬਲ ਪੜ੍ਹਨੀ ਅਤੇ ਉਸ ਦਾ ਅਧਿਐਨ ਕਰਨਾ। ਇਹ ਗੱਲ ਬਿਲਕੁਲ ਸਹੀ ਹੈ ਕਿ ਤੀਵੀਆਂ ਦੇ ਕੰਮ ਕਦੇ ਮੁੱਕਦੇ ਨਹੀਂ। ਇਸ ਲਈ ਮਸੀਹੀ ਭੈਣਾਂ ਨੂੰ ਵੀ ਭਗਤੀ ਦੇ ਕੰਮਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਬਾਈਬਲ ਪੜ੍ਹਨ ਅਤੇ ਧਿਆਨ ਨਾਲ ਅਧਿਐਨ ਕਰਨ ਲਈ ਪੱਕਾ ਸਮਾਂ ਰੱਖਣਾ ਚਾਹੀਦਾ ਹੈ।

7, 8. (ੳ) ਕਿਨ੍ਹਾਂ ਕੰਮਾਂ ਵਿੱਚੋਂ ਪੜ੍ਹਨ ਅਤੇ ਅਧਿਐਨ ਕਰਨ ਲਈ ਸਮਾਂ ਕੱਢਿਆ ਜਾ ਸਕਦਾ ਹੈ? (ਅ) ਦਿਲਪਰਚਵੇ ਦਾ ਮਕਸਦ ਕੀ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਜ਼ਰੂਰੀ ਕੰਮਾਂ ਨੂੰ ਪਹਿਲ ਕਿਵੇਂ ਦੇ ਸਕਦੇ ਹਾਂ?

7 ਆਮ ਤੌਰ ਤੇ ਅਸੀਂ ਸਾਰੇ ਗ਼ੈਰ-ਜ਼ਰੂਰੀ ਕੰਮਾਂ ਨੂੰ ਛੱਡ ਕੇ ਅਧਿਐਨ ਕਰਨ ਲਈ ਸਮਾਂ ਕੱਢ ਸਕਦੇ ਹਾਂ। ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ, ‘ਮੈਂ ਦੁਨਿਆਵੀ ਰਸਾਲੇ ਜਾਂ ਅਖ਼ਬਾਰ ਪੜ੍ਹਨ, ਟੈਲੀਵਿਯਨ ਦੇਖਣ, ਗਾਣੇ ਸੁਣਨ, ਜਾਂ ਵਿਡਿਓ ਗੇਮਾਂ ਖੇਡਣ ਵਿਚ ਕਿੰਨਾ ਕੁ ਸਮਾਂ ਲਗਾਉਂਦਾ ਹਾਂ? ਕੀ ਮੈਂ ਬਾਈਬਲ ਪੜ੍ਹਨ ਦੀ ਬਜਾਇ ਕੰਪਿਊਟਰ ਅੱਗੇ ਹੀ ਬੈਠਾ ਰਹਿੰਦਾ ਹਾਂ? ਪੌਲੁਸ ਨੇ ਕਿਹਾ ਕਿ “ਤੁਸੀਂ ਮੂਰਖ ਨਾ ਹੋਵੋ ਸਗੋਂ ਸਮਝੋ ਭਈ ਪ੍ਰਭੁ ਦੀ ਕੀ ਇੱਛਿਆ ਹੈ।” (ਅਫ਼ਸੀਆਂ 5:17) ਹੱਦੋਂ ਵੱਧ ਟੈਲੀਵਿਯਨ ਦੇਖਣਾ ਇਕ ਬਹੁਤ ਵੱਡੀ ਸਮੱਸਿਆ ਹੈ ਜਿਸ ਕਰਕੇ ਬਹੁਤ ਸਾਰੇ ਭੈਣ-ਭਰਾ ਬਾਈਬਲ ਪੜ੍ਹਨ ਅਤੇ ਉਸ ਦਾ ਅਧਿਐਨ ਕਰਨ ਵਿਚ ਜ਼ਿਆਦਾ ਸਮਾਂ ਨਹੀਂ ਲਗਾਉਂਦੇ।—ਜ਼ਬੂਰ 101:3; 119:37, 47, 48.

8 ਕੁਝ ਭੈਣ-ਭਰਾ ਸ਼ਾਇਦ ਕਹਿਣ ਕਿ ਉਹ ਹਰ ਵੇਲੇ ਅਧਿਐਨ ਨਹੀਂ ਕਰ ਸਕਦੇ, ਉਨ੍ਹਾਂ ਨੂੰ ਦਿਲਪਰਚਾਵੇ ਲਈ ਵੀ ਕੁਝ ਸਮਾਂ ਚਾਹੀਦਾ ਹੈ। ਇਹ ਠੀਕ ਹੈ ਕਿ ਸਭ ਨੂੰ ਦਿਲਪਰਚਾਵੇ ਲਈ ਸਮਾਂ ਚਾਹੀਦਾ ਹੈ, ਪਰ ਅਸੀਂ ਇਸ ਵਿਚ ਜਿੰਨਾ ਵੀ ਸਮਾਂ ਲਗਾਉਂਦੇ ਹਾਂ, ਉਸ ਦੀ ਤੁਲਨਾ ਸਾਨੂੰ ਉਸ ਸਮੇਂ ਨਾਲ ਕਰਨੀ ਚਾਹੀਦੀ ਹੈ ਜੋ ਅਸੀਂ ਬਾਈਬਲ ਪੜ੍ਹਨ ਅਤੇ ਉਸ ਦਾ ਅਧਿਐਨ ਕਰਨ ਵਿਚ ਲਗਾਉਂਦੇ ਹਾਂ। ਇਸ ਬਾਰੇ ਸੱਚਾਈ ਜਾਣ ਕੇ ਸ਼ਾਇਦ ਸਾਨੂੰ ਬਹੁਤ ਹੈਰਾਨੀ ਹੋਵੇ। ਦਿਲਪਰਚਾਵਾ ਤੇ ਆਰਾਮ ਕਰਨਾ ਜ਼ਰੂਰੀ ਤਾਂ ਹਨ, ਪਰ ਇਨ੍ਹਾਂ ਲਈ ਢੁਕਵਾਂ ਸਮਾਂ ਹੋਣਾ ਚਾਹੀਦਾ ਹੈ। ਸਾਨੂੰ ਇਸ ਮਕਸਦ ਨਾਲ ਆਰਾਮ ਕਰਨਾ ਚਾਹੀਦਾ ਹੈ ਕਿ ਅਸੀਂ ਜ਼ਿਆਦਾ ਅਧਿਆਤਮਿਕ ਕੰਮ ਕਰਨ ਲਈ ਤਿਆਰ ਹੋਈਏ। ਟੈਲੀਵਿਯਨ ਅਤੇ ਵਿਡਿਓ ਗੇਮਾਂ ਤੇ ਬਹੁਤ ਸਾਰਾ ਸਮਾਂ ਲਾ ਕੇ ਥਕੇਵਾਂ ਹੁੰਦਾ ਹੈ, ਜਦ ਕਿ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਅਤੇ ਅਧਿਐਨ ਕਰਨ ਨਾਲ ਤਾਜ਼ਗੀ ਤੇ ਸ਼ਕਤੀ ਮਿਲਦੀ ਹੈ।—ਜ਼ਬੂਰ 19:7, 8.

ਕੁਝ ਲੋਕ ਅਧਿਐਨ ਕਰਨ ਲਈ ਸਮਾਂ ਕਿਵੇਂ ਕੱਢਦੇ ਹਨ

9. ਪ੍ਰਤਿਦਿਨ ਸ਼ਾਸਤਰਵਚਨਾਂ ਦੀ ਜਾਂਚ ਕਰਨਾ—1999 ਵਿਚ ਦਿੱਤੀ ਸਲਾਹ ਉੱਤੇ ਚੱਲਣ ਨਾਲ ਸਾਨੂੰ ਕਿਹੜੇ ਫ਼ਾਇਦੇ ਹੋ ਸਕਦੇ ਹਨ?

9 ਸਾਲ 1999 ਦੀ ਪ੍ਰਤਿਦਿਨ ਸ਼ਾਸਤਰਵਚਨਾਂ ਦੀ ਜਾਂਚ ਕਰਨਾ ਪੁਸਤਿਕਾ ਦੇ ਮੁਖਬੰਧ ਵਿਚ ਇਹ ਸੁਝਾਅ ਦਿੱਤਾ ਗਿਆ ਸੀ: “ਇਸ ਪੁਸਤਿਕਾ ਤੋਂ ਦੈਨਿਕ ਪਾਠ ਅਤੇ ਟਿੱਪਣੀਆਂ ਉੱਤੇ ਸਵੇਰ ਨੂੰ ਵਿਚਾਰ ਕਰਨਾ ਸਭ ਤੋਂ ਲਾਭਦਾਇਕ ਹੋਵੇਗਾ। ਤੁਹਾਨੂੰ ਇਸ ਤਰ੍ਹਾਂ ਲੱਗੇਗਾ ਜਿਵੇਂ ਕਿ ਉਹ ਮਹਾਨ ਸਿੱਖਿਅਕ, ਯਹੋਵਾਹ, ਆਪਣੀ ਸਿੱਖਿਆ ਨਾਲ ਤੁਹਾਨੂੰ ਜਗਾ ਰਿਹਾ ਹੈ। ਭਵਿੱਖਬਾਣੀ ਵਿਚ, ਯਿਸੂ ਮਸੀਹ ਬਾਰੇ ਇਹ ਦੱਸਿਆ ਗਿਆ ਹੈ ਕਿ ਉਹ ਹਰ ਸਵੇਰ ਯਹੋਵਾਹ ਦੀ ਸਿੱਖਿਆ ਤੋਂ ਲਾਭ ਉਠਾਉਂਦਾ ਹੈ: ‘ਉਹ [ਯਹੋਵਾਹ] ਮੈਨੂੰ ਸਵੇਰੇ ਸਵੇਰੇ ਜਗਾਉਂਦਾ, ਉਹ ਮੇਰੇ ਕੰਨਾਂ ਨੂੰ ਜਗਾਉਂਦਾ ਹੈ, ਭਈ ਮੈਂ ਚੇਲਿਆਂ ਵਾਂਙੁ ਸੁਣਾਂ।’ ਅਜਿਹੀ ਸਿੱਖਿਆ ਨੇ ਯਿਸੂ ਨੂੰ ‘ਚੇਲਿਆਂ ਦੀ ਜ਼ਬਾਨ ਦਿੱਤੀ’ ਤਾਂਕਿ ਉਹ ਜਾਣ ਸਕੇ ਕਿ ‘ਹੁੱਸੇ ਹੋਏ ਨੂੰ ਕਿਵੇਂ ਬਚਨ ਨਾਲ ਸਹਾਇਤਾ ਦੇਈ ਦੀ ਹੈ।’ (ਯਸਾਯਾਹ 30:20; 50:4; ਮੱਤੀ 11:28-30) ਹਰ ਸਵੇਰ ਨੂੰ ਪਰਮੇਸ਼ੁਰ ਦੇ ਬਚਨ ਤੋਂ ਸਮੇਂ ਸਿਰ ਸਲਾਹ ਲੈਣ ਲਈ ਜਗਾਏ ਜਾਣਾ ਨਾ ਸਿਰਫ਼ ਤੁਹਾਨੂੰ ਆਪਣੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਦੇਵੇਗਾ ਪਰ ਦੂਸਰਿਆਂ ਦੀ ਮਦਦ ਕਰਨ ਵਿਚ ਵੀ ‘ਚੇਲਿਆਂ ਦੀ ਜ਼ਬਾਨ’ ਨਾਲ ਤਿਆਰ ਕਰੇਗਾ।” *

10. ਕੁਝ ਭੈਣ-ਭਰਾ ਬਾਈਬਲ ਪੜ੍ਹਨ ਅਤੇ ਉਸ ਦਾ ਅਧਿਐਨ ਕਰਨ ਲਈ ਸਮਾਂ ਕਿਵੇਂ ਕੱਢਦੇ ਹਨ ਤੇ ਇਸ ਤੋਂ ਉਨ੍ਹਾਂ ਨੂੰ ਕੀ ਫ਼ਾਇਦਾ ਹੁੰਦਾ ਹੈ?

10 ਬਹੁਤ ਸਾਰੇ ਮਸੀਹੀ ਸਵੇਰ ਨੂੰ ਦੈਨਿਕ ਪਾਠ ਅਤੇ ਬਾਈਬਲ ਪੜ੍ਹਨ ਜਾਂ ਉਸ ਦਾ ਅਧਿਐਨ ਕਰਨ ਦੁਆਰਾ ਇਸ ਸਲਾਹ ਨੂੰ ਲਾਗੂ ਕਰਦੇ ਹਨ। ਫਰਾਂਸ ਵਿਚ ਇਕ ਪਾਇਨੀਅਰ ਭੈਣ ਹਰ ਰੋਜ਼ ਤੜਕੇ ਉੱਠਦੀ ਹੈ ਅਤੇ 30 ਮਿੰਟ ਬਾਈਬਲ ਪੜ੍ਹਦੀ ਹੈ। ਉਹ ਕਈਆਂ ਸਾਲਾਂ ਤੋਂ ਇਸ ਤਰ੍ਹਾਂ ਕਰਦੀ ਆਈ ਹੈ। ਉਸ ਨੂੰ ਕਿਹੜੀ ਚੀਜ਼ ਨੇ ਇਸ ਤਰ੍ਹਾਂ ਕਰਦੇ ਰਹਿਣ ਲਈ ਪ੍ਰੇਰਿਆ? ਉਹ ਕਹਿੰਦੀ ਹੈ: “ਮੈਂ ਜੋ ਵੀ ਪੜ੍ਹਦੀ ਹਾਂ, ਉਸ ਤੋਂ ਮੈਨੂੰ ਪ੍ਰੇਰਣਾ ਮਿਲਦੀ ਹੈ ਅਤੇ ਚਾਹੇ ਜੋ ਮਰਜ਼ੀ ਹੋ ਜਾਵੇ, ਮੈਂ ਸਵੇਰੇ ਉੱਠ ਕੇ ਬਾਈਬਲ ਜ਼ਰੂਰ ਪੜ੍ਹਦੀ ਹਾਂ!” ਅਸੀਂ ਭਾਵੇਂ ਦਿਨ ਦਾ ਜਿਹੜਾ ਮਰਜ਼ੀ ਸਮਾਂ ਚੁਣੀਏ, ਇਹ ਗੱਲ ਜ਼ਰੂਰੀ ਹੈ ਕਿ ਅਸੀਂ ਉਸ ਨਿਯਤ ਸਮੇਂ ਤੇ ਬਾਈਬਲ ਜ਼ਰੂਰ ਪੜ੍ਹੀਏ ਤੇ ਉਸ ਦਾ ਅਧਿਐਨ ਕਰੀਏ। ਰਨੇ ਮੀਕਾ ਨਾਂ ਦਾ ਇਕ ਭਰਾ ਯੂਰਪ ਅਤੇ ਉੱਤਰੀ ਅਫ਼ਰੀਕਾ ਵਿਚ 40 ਤੋਂ ਜ਼ਿਆਦਾ ਸਾਲਾਂ ਲਈ ਪਾਇਨੀਅਰੀ ਕਰ ਰਿਹਾ ਹੈ। ਉਹ ਕਹਿੰਦਾ ਹੈ: “1950 ਤੋਂ ਮੈਂ ਮਨ ਵਿਚ ਧਾਰਿਆ ਹੋਇਆ ਹੈ ਕਿ ਮੈਂ ਹਰ ਸਾਲ ਪੂਰੀ ਬਾਈਬਲ ਪੜ੍ਹਾਂਗਾ, ਤੇ ਮੈਂ ਹੁਣ ਤਕ ਪੂਰੀ ਬਾਈਬਲ 49 ਵਾਰ ਪੜ੍ਹ ਚੁੱਕਾ ਹਾਂ। ਮੈਂ ਮਹਿਸੂਸ ਕਰਦਾ ਹਾਂ ਕਿ ਆਪਣੇ ਸ੍ਰਿਸ਼ਟੀਕਰਤਾ ਨਾਲ ਨਜ਼ਦੀਕੀ ਰਿਸ਼ਤਾ ਕਾਇਮ ਕਰਨ ਲਈ ਬਾਈਬਲ ਪੜ੍ਹਨੀ ਬਹੁਤ ਜ਼ਰੂਰੀ ਹੈ। ਪਰਮੇਸ਼ੁਰ ਦੇ ਬਚਨ ਉੱਤੇ ਮਨਨ ਕਰਨ ਨਾਲ ਮੈਂ ਯਹੋਵਾਹ ਦੇ ਨਿਆਂ ਅਤੇ ਦੂਸਰੇ ਗੁਣਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹਾਂ ਅਤੇ ਇਸ ਤੋਂ ਮੈਨੂੰ ਬਹੁਤ ਸ਼ਕਤੀ ਮਿਲਦੀ ਹੈ।” *

‘ਵੇਲੇ ਸਿਰ ਦਿੱਤੀ ਗਈ ਰਸਤ’

11, 12. (ੳ) “ਬੁੱਧਵਾਨ ਮੁਖ਼ਤਿਆਰ” ਕਿਹੜੀ ਅਧਿਆਤਮਿਕ “ਰਸਤ” ਦਿੰਦਾ ਹੈ? (ਅ) “ਰਸਤ” ਵੇਲੇ ਸਿਰ ਕਿਵੇਂ ਦਿੱਤੀ ਜਾਂਦੀ ਹੈ?

11 ਜਿਵੇਂ ਨਿਯਮਿਤ ਤੌਰ ਤੇ ਰੋਟੀ ਖਾਣ ਨਾਲ ਸਿਹਤ ਨਰੋਈ ਰਹਿੰਦੀ ਹੈ, ਉਸੇ ਤਰ੍ਹਾਂ ਨਿਯਮਿਤ ਤੌਰ ਤੇ ਬਾਈਬਲ ਪੜ੍ਹਨ ਅਤੇ ਉਸ ਦਾ ਅਧਿਐਨ ਕਰਨ ਨਾਲ ਸਾਡੀ ਅਧਿਆਤਮਿਕ ਸਿਹਤ ਨਰੋਈ ਰਹਿੰਦੀ ਹੈ। ਲੂਕਾ ਦੀ ਇੰਜੀਲ ਵਿਚ ਅਸੀਂ ਯਿਸੂ ਦੇ ਸ਼ਬਦ ਪੜ੍ਹਦੇ ਹਾਂ: “ਉਹ ਮਾਤਬਰ ਅਤੇ ਬੁੱਧਵਾਨ ਮੁਖ਼ਤਿਆਰ ਕੌਣ ਹੈ ਜਿਹ ਨੂੰ ਮਾਲਕ ਆਪਣੇ ਨੌਕਰਾਂ ਚਾਕਰਾਂ ਉੱਤੇ ਠਹਿਰਾਵੇ ਭਈ ਵੇਲੇ ਸਿਰ ਉਨ੍ਹਾਂ ਨੂੰ ਰਸਤ ਦੇਵੇ?” (ਲੂਕਾ 12:42) ਪਿਛਲੇ 120 ਤੋਂ ਜ਼ਿਆਦਾ ਸਾਲਾਂ ਤੋਂ ਪਹਿਰਾਬੁਰਜ ਅਤੇ ਦੂਸਰੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਰਾਹੀਂ “ਵੇਲੇ ਸਿਰ” ਅਧਿਆਤਮਿਕ “ਰਸਤ” ਦਿੱਤੀ ਜਾ ਰਹੀ ਹੈ।

12 ਸ਼ਬਦ “ਵੇਲੇ ਸਿਰ” ਵੱਲ ਧਿਆਨ ਦਿਓ। ਸਹੀ ਸਮੇਂ ਤੇ ਸਾਡੇ “ਗੁਰੂ,” ਯਹੋਵਾਹ ਨੇ ਆਪਣੇ ਪੁੱਤਰ ਅਤੇ ਨੌਕਰ ਵਰਗ ਰਾਹੀਂ ਸਿੱਖਿਆਵਾਂ ਅਤੇ ਚਾਲ-ਚਲਣ ਦੇ ਸੰਬੰਧ ਵਿਚ ਆਪਣੇ ਲੋਕਾਂ ਨੂੰ ਜ਼ਰੂਰੀ ਜਾਣਕਾਰੀ ਦਿੱਤੀ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਅਸੀਂ ਸਾਰਿਆਂ ਨੇ ਇਕ ਆਵਾਜ਼ ਸੁਣੀ ਹੈ: “ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ, ਜਦ ਤੁਸੀਂ ਸੱਜੇ ਨੂੰ ਮੁੜੋ ਅਤੇ ਜਦ ਤੁਸੀਂ ਖੱਬੇ ਨੂੰ ਮੁੜੋ।” (ਯਸਾਯਾਹ 30:20, 21) ਇਸ ਤੋਂ ਇਲਾਵਾ, ਜਦੋਂ ਅਸੀਂ ਧਿਆਨ ਨਾਲ ਬਾਈਬਲ ਅਤੇ ਬਾਈਬਲ ਨੂੰ ਸਮਝਾਉਣ ਵਾਲੀਆਂ ਕਿਤਾਬਾਂ ਪੜ੍ਹਦੇ ਹਾਂ, ਤਾਂ ਅਕਸਰ ਅਸੀਂ ਇਹੀ ਮਹਿਸੂਸ ਕਰਦੇ ਹਾਂ ਕਿ ਉਸ ਵਿਚ ਜੋ ਵੀ ਲਿਖਿਆ ਹੈ ਉਹ ਖ਼ਾਸ ਤੌਰ ਤੇ ਸਾਡੇ ਲਈ ਲਿਖਿਆ ਗਿਆ ਹੈ। ਜੀ ਹਾਂ, ਪਰਮੇਸ਼ੁਰ ਸਾਨੂੰ ਵੇਲੇ ਸਿਰ ਸਲਾਹ ਅਤੇ ਅਗਵਾਈ ਦਿੰਦਾ ਹੈ ਜਿਸ ਨਾਲ ਅਸੀਂ ਪਰਤਾਵਿਆਂ ਦਾ ਸਾਮ੍ਹਣਾ ਕਰ ਪਾਉਂਦੇ ਹਾਂ ਜਾਂ ਸਹੀ ਫ਼ੈਸਲੇ ਕਰ ਪਾਉਂਦੇ ਹਾਂ।

ਖਾਣ ਦੀਆਂ ਚੰਗੀਆਂ ਆਦਤਾਂ ਪਾਉਣੀਆਂ

13. ਅਧਿਆਤਮਿਕ ਭੋਜਨ ਖਾਣ ਦੀਆਂ ਕੁਝ ਮਾੜੀਆਂ ਆਦਤਾਂ ਕੀ ਹਨ?

13 ਵੇਲੇ ਸਿਰ ਦਿੱਤੀ ਜਾਂਦੀ “ਰਸਤ” ਤੋਂ ਪੂਰਾ ਫ਼ਾਇਦਾ ਲੈਣ ਲਈ ਖਾਣ ਦੀਆਂ ਚੰਗੀਆਂ ਆਦਤਾਂ ਪਾਉਣੀਆਂ ਜ਼ਰੂਰੀ ਹਨ। ਨਿਯਮਿਤ ਤੌਰ ਤੇ ਬਾਈਬਲ ਪੜ੍ਹਨ ਅਤੇ ਉਸ ਦਾ ਨਿੱਜੀ ਅਧਿਐਨ ਕਰਨ ਲਈ ਸਮਾਂ-ਸਾਰਣੀ ਬਣਾ ਕੇ ਉਸ ਅਨੁਸਾਰ ਚੱਲਣਾ ਬਹੁਤ ਜ਼ਰੂਰੀ ਹੈ। ਕੀ ਤੁਸੀਂ ਅਧਿਆਤਮਿਕ ਭੋਜਨ ਖਾਣ ਅਤੇ ਧਿਆਨ ਨਾਲ ਅਧਿਐਨ ਕਰਨ ਦੀਆਂ ਚੰਗੀਆਂ ਆਦਤਾਂ ਪਾਈਆਂ ਹੋਈਆਂ ਹਨ? ਜਾਂ ਕੀ ਤੁਸੀਂ ਅਧਿਐਨ ਕੀਤੀ ਜਾਣ ਵਾਲੀ ਸਾਮੱਗਰੀ ਉੱਤੇ ਕਾਹਲੀ-ਕਾਹਲੀ ਨਾਲ ਸਰਸਰੀ ਨਜ਼ਰ ਮਾਰਦੇ ਹੋ ਜੋ ਤੁਹਾਡੇ ਫ਼ਾਇਦੇ ਲਈ ਬਹੁਤ ਧਿਆਨ ਨਾਲ ਤਿਆਰ ਕੀਤੀ ਗਈ ਹੈ? ਜਾਂ ਕੀ ਤੁਸੀਂ ਕਦੀ-ਕਦੀ ਅਧਿਐਨ ਕਰਦੇ ਹੀ ਨਹੀਂ ਹੋ? ਅਧਿਆਤਮਿਕ ਭੋਜਨ ਨਾ ਖਾਣ ਦੀਆਂ ਮਾੜੀਆਂ ਆਦਤਾਂ ਹੋਣ ਕਰਕੇ ਕੁਝ ਭੈਣਾਂ-ਭਰਾਵਾਂ ਦੀ ਨਿਹਚਾ ਕਮਜ਼ੋਰ ਪੈ ਗਈ ਹੈ ਤੇ ਉਨ੍ਹਾਂ ਨੇ ਸੱਚਾਈ ਉੱਤੇ ਚੱਲਣਾ ਹੀ ਛੱਡ ਦਿੱਤਾ।—1 ਤਿਮੋਥਿਉਸ 1:19; 4:15, 16.

14. ਜਿਸ ਵਿਸ਼ੇ ਬਾਰੇ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਉਸ ਨੂੰ ਧਿਆਨ ਨਾਲ ਦੁਬਾਰਾ ਪੜ੍ਹਨਾ ਕਿਉਂ ਜ਼ਰੂਰੀ ਹੈ?

14 ਕੁਝ ਮਸੀਹੀ ਸੋਚਦੇ ਹਨ ਕਿ ਉਹ ਬੁਨਿਆਦੀ ਸਿੱਖਿਆਵਾਂ ਜਾਣਦੇ ਹਨ ਅਤੇ ਹਰ ਲੇਖ ਵਿਚ ਕੋਈ ਨਵੀਂ ਜਾਣਕਾਰੀ ਨਹੀਂ ਦਿੱਤੀ ਜਾਂਦੀ। ਇਸ ਲਈ ਚੰਗੀ ਤਰ੍ਹਾਂ ਅਧਿਐਨ ਕਰਨਾ ਅਤੇ ਸਭਾਵਾਂ ਵਿਚ ਲਗਾਤਾਰ ਆਉਣਾ ਜ਼ਰੂਰੀ ਨਹੀਂ ਹੈ। ਪਰ ਬਾਈਬਲ ਦਿਖਾਉਂਦੀ ਹੈ ਕਿ ਜਿਹੜੀਆਂ ਗੱਲਾਂ ਅਸੀਂ ਸਿੱਖੀਆਂ ਹਨ, ਉਨ੍ਹਾਂ ਨੂੰ ਯਾਦ ਕਰਾਏ ਜਾਣ ਦੀ ਲੋੜ ਪੈਂਦੀ ਹੈ। (ਜ਼ਬੂਰ 119:95, 99; 2 ਪਤਰਸ 3:1; ਯਹੂਦਾਹ 5) ਜਿਵੇਂ ਇਕ ਚੰਗਾ ਲਾਂਗਰੀ ਇੱਕੋ ਜਿਹੇ ਮਸਾਲਿਆਂ ਤੇ ਚੀਜ਼ਾਂ ਨਾਲ ਵੱਖਰੇ-ਵੱਖਰੇ ਸੁਆਦੀ ਭੋਜਨ ਬਣਾਉਂਦਾ ਹੈ, ਉਸੇ ਤਰ੍ਹਾਂ ਨੌਕਰ ਵਰਗ ਵੀ ਵੱਖਰੇ-ਵੱਖਰੇ ਤਰੀਕਿਆਂ ਨਾਲ ਸਾਡੇ ਲਈ ਪੌਸ਼ਟਿਕ ਅਧਿਆਤਮਿਕ ਭੋਜਨ ਤਿਆਰ ਕਰਦਾ ਹੈ। ਕਈ ਲੇਖ, ਜਿਨ੍ਹਾਂ ਦੇ ਵਿਸ਼ਿਆਂ ਉੱਤੇ ਪਹਿਲਾਂ ਵੀ ਕਈ ਵਾਰ ਲੇਖ ਛੱਪ ਚੁੱਕੇ ਹਨ, ਉਨ੍ਹਾਂ ਵਿਚ ਵੀ ਬਹੁਤ ਵਧੀਆ ਗੱਲਾਂ ਦੱਸੀਆਂ ਗਈਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਜ਼ਰੂਰ ਪੜ੍ਹਨਾ ਚਾਹਾਂਗੇ। ਅਸਲ ਵਿਚ ਅਸੀਂ ਕਿਸੇ ਲੇਖ ਤੋਂ ਉੱਨਾ ਹੀ ਸਿੱਖਾਂਗੇ ਜਿੰਨਾ ਅਸੀਂ ਉਸ ਨੂੰ ਪੜ੍ਹਨ ਅਤੇ ਉਸ ਦਾ ਅਧਿਐਨ ਕਰਨ ਵਿਚ ਸਮਾਂ ਅਤੇ ਧਿਆਨ ਲਗਾਉਂਦੇ ਹਾਂ।

ਪੜ੍ਹਨ ਅਤੇ ਅਧਿਐਨ ਕਰਨ ਤੋਂ ਅਧਿਆਤਮਿਕ ਲਾਭ

15. ਬਾਈਬਲ ਪੜ੍ਹਨ ਅਤੇ ਉਸ ਦਾ ਅਧਿਐਨ ਕਰਨ ਨਾਲ ਅਸੀਂ ਪਰਮੇਸ਼ੁਰ ਦੇ ਬਚਨ ਦੇ ਚੰਗੇ ਪ੍ਰਚਾਰਕ ਕਿਵੇਂ ਬਣਾਂਗੇ?

15 ਬਾਈਬਲ ਪੜ੍ਹਨ ਅਤੇ ਉਸ ਦਾ ਅਧਿਐਨ ਕਰਨ ਤੋਂ ਅਸੀਂ ਬਹੁਤ ਸਾਰੇ ਲਾਭ ਪ੍ਰਾਪਤ ਕਰਦੇ ਹਾਂ। ਬਾਈਬਲ ਸਾਨੂੰ ਆਪਣੀਆਂ ਬੁਨਿਆਦੀ ਮਸੀਹੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਯੋਗ ਬਣਾਉਂਦੀ ਹੈ ਯਾਨੀ ਕਿ ਅਸੀਂ ਨਿੱਜੀ ਤੌਰ ਤੇ ‘ਅਜਿਹੇ ਕਾਰੀਗਰ ਠਹਿਰਦੇ ਹਾਂ ਜਿਹ ਨੂੰ ਲੱਜਿਆਵਾਨ ਨਹੀਂ ਹੋਣਾ ਪੈਂਦਾ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਦਾ ਹੈ।’ (2 ਤਿਮੋਥਿਉਸ 2:15) ਅਸੀਂ ਜਿੰਨਾ ਜ਼ਿਆਦਾ ਬਾਈਬਲ ਨੂੰ ਪੜ੍ਹਾਂਗੇ ਤੇ ਇਸ ਦਾ ਅਧਿਐਨ ਕਰਾਂਗੇ, ਸਾਡੇ ਮਨਾਂ ਵਿਚ ਪਰਮੇਸ਼ੁਰ ਦੇ ਉੱਨੇ ਹੀ ਜ਼ਿਆਦਾ ਵਿਚਾਰ ਹੋਣਗੇ। ਫਿਰ ਪੌਲੁਸ ਵਾਂਗ ਅਸੀਂ ਵੀ ‘ਲਿਖਤਾਂ ਵਿੱਚੋਂ ਲੋਕਾਂ ਨੂੰ ਬਚਨ ਸੁਣਾ ਕੇ’ ਅਤੇ ਯਹੋਵਾਹ ਦੇ ਮਕਸਦਾਂ ਬਾਰੇ ਸੱਚਾਈ ਦੇ ‘ਅਰਥ ਖੋਲ੍ਹਣ’ ਦੇ ਯੋਗ ਬਣਾਂਗੇ। (ਰਸੂਲਾਂ ਦੇ ਕਰਤੱਬ 17:2, 3) ਅਸੀਂ ਬਾਈਬਲ ਦੇ ਚੰਗੇ ਅਧਿਆਪਕ ਬਣਾਂਗੇ ਅਤੇ ਆਪਣੇ ਭਾਸ਼ਣਾਂ ਦੁਆਰਾ ਜਾਂ ਆਪਣੀ ਗੱਲਬਾਤ ਅਤੇ ਸਲਾਹ ਰਾਹੀਂ ਦੂਜਿਆਂ ਨੂੰ ਅਧਿਆਤਮਿਕ ਤੌਰ ਤੇ ਜ਼ਿਆਦਾ ਉਤਸ਼ਾਹਿਤ ਕਰਨ ਦੇ ਯੋਗ ਹੋਵਾਂਗੇ।—ਕਹਾਉਤਾਂ 1:5.

16. ਸਾਨੂੰ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਅਤੇ ਉਸ ਦਾ ਅਧਿਐਨ ਕਰਨ ਤੋਂ ਨਿੱਜੀ ਤੌਰ ਤੇ ਕਿਵੇਂ ਲਾਭ ਹੁੰਦਾ ਹੈ?

16 ਇਸ ਤੋਂ ਇਲਾਵਾ, ਜੇ ਅਸੀਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਵਿਚ ਜ਼ਿਆਦਾ ਸਮਾਂ ਲਗਾਵਾਂਗੇ, ਤਾਂ ਅਸੀਂ ਯਹੋਵਾਹ ਦੇ ਸਿਧਾਂਤਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਜੀ ਪਾਵਾਂਗੇ। (ਜ਼ਬੂਰ 25:4; 119:9, 10; ਕਹਾਉਤਾਂ 6:20-23) ਇਸ ਨਾਲ ਸਾਡੇ ਵਿਚ ਅਧਿਆਤਮਿਕ ਗੁਣ ਪੈਦਾ ਹੋਣਗੇ ਜਿਵੇਂ ਕਿ ਨਿਮਰਤਾ, ਵਫ਼ਾਦਾਰੀ, ਅਤੇ ਖ਼ੁਸ਼ੀ। (ਬਿਵਸਥਾ ਸਾਰ 17:19, 20; ਪਰਕਾਸ਼ ਦੀ ਪੋਥੀ 1:3) ਜਦੋਂ ਅਸੀਂ ਬਾਈਬਲ ਤੋਂ ਮਿਲੇ ਗਿਆਨ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਹਾਂ, ਤਾਂ ਅਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਆਤਮਾ ਦੀ ਮਦਦ ਪਾਵਾਂਗੇ ਜਿਸ ਨਾਲ ਸਾਡੇ ਵਿਚ ਆਤਮਾ ਦੇ ਹੋਰ ਜ਼ਿਆਦਾ ਫਲ ਪੈਦਾ ਹੋਣਗੇ।—ਗਲਾਤੀਆਂ 5:22, 23.

17. ਅਸੀਂ ਬਾਈਬਲ ਪੜ੍ਹਨ ਵਿਚ ਜਿੰਨਾ ਜ਼ਿਆਦਾ ਸਮਾਂ ਅਤੇ ਧਿਆਨ ਲਾਉਂਦੇ ਹਾਂ ਉਸ ਦਾ ਯਹੋਵਾਹ ਨਾਲ ਸਾਡੇ ਰਿਸ਼ਤੇ ਉੱਤੇ ਕੀ ਅਸਰ ਪੈਂਦਾ ਹੈ?

17 ਦੂਸਰਿਆਂ ਗ਼ੈਰ-ਜ਼ਰੂਰੀ ਕੰਮਾਂ ਵਿੱਚੋਂ ਸਮਾਂ ਕੱਢ ਕੇ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਅਤੇ ਉਸ ਦਾ ਅਧਿਐਨ ਕਰਨ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੋਵੇਗਾ ਕਿ ਪਰਮੇਸ਼ੁਰ ਦੇ ਨਾਲ ਸਾਡਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ। ਪੌਲੁਸ ਨੇ ਪ੍ਰਾਰਥਨਾ ਕੀਤੀ ਕਿ ਉਸ ਦੇ ਨਾਲ ਦੇ ਮਸੀਹੀ ‘ਹਰ ਪਰਕਾਰ ਦੇ ਆਤਮਕ ਗਿਆਨ ਅਤੇ ਸਮਝ ਨਾਲ ਉਹ ਦੀ ਇੱਛਿਆ ਦੀ ਪਛਾਣ ਤੋਂ ਭਰਪੂਰ ਹੋ ਜਾਣ ਤਾਂ ਜੋ ਉਹ ਅਜਿਹੀ ਜੋਗ ਚਾਲ ਚੱਲਣ ਜਿਹੜੀ ਪ੍ਰਭੁ ਨੂੰ ਹਰ ਤਰਾਂ ਨਾਲ ਭਾਉਂਦੀ ਹੈ।’ (ਕੁਲੁੱਸੀਆਂ 1:9, 10) ਇਸੇ ਤਰ੍ਹਾਂ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਵੀ ‘ਅਜਿਹੀ ਯੋਗ ਚਾਲ ਚੱਲੀਏ ਜੋ ਪ੍ਰਭੁ ਨੂੰ ਭਾਉਂਦੀ ਹੈ,’ ਤਾਂ ਸਾਨੂੰ ਵੀ “ਹਰ ਪਰਕਾਰ ਦੇ ਆਤਮਕ ਗਿਆਨ ਅਤੇ ਸਮਝ ਨਾਲ ਉਹ ਦੀ ਇੱਛਿਆ ਦੀ ਪਛਾਣ ਤੋਂ ਭਰਪੂਰ” ਹੋਣਾ ਚਾਹੀਦਾ ਹੈ। ਸੋ ਇਹ ਗੱਲ ਬਿਲਕੁਲ ਸਾਫ਼ ਹੈ ਕਿ ਸਾਡੇ ਤੇ ਯਹੋਵਾਹ ਦੀ ਮਿਹਰ ਅਤੇ ਬਰਕਤਾਂ ਇਸ ਗੱਲ ਉੱਤੇ ਬਹੁਤ ਹੱਦ ਤਕ ਨਿਰਭਰ ਕਰਦੀਆਂ ਹਨ ਕਿ ਅਸੀਂ ਬਾਈਬਲ ਨੂੰ ਪੜ੍ਹਨ ਅਤੇ ਉਸ ਦਾ ਅਧਿਐਨ ਕਰਨ ਵਿਚ ਕਿੰਨਾ ਸਮਾਂ ਲਗਾਉਂਦੇ ਹਾਂ ਤੇ ਕਿੰਨੇ ਧਿਆਨ ਨਾਲ ਕਰਦੇ ਹਾਂ।

18. ਜੇ ਅਸੀਂ ਯੂਹੰਨਾ 17:3 ਵਿਚ ਦਰਜ ਯਿਸੂ ਦੀ ਸਲਾਹ ਅਨੁਸਾਰ ਚੱਲਾਂਗੇ, ਤਾਂ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

18 “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਯਹੋਵਾਹ ਦੇ ਗਵਾਹ ਦੂਸਰਿਆਂ ਨੂੰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਦੀ ਅਹਿਮੀਅਤ ਦੱਸਣ ਲਈ ਇਸ ਆਇਤ ਨੂੰ ਬਹੁਤ ਇਸਤੇਮਾਲ ਕਰਦੇ ਹਨ। ਸਾਡੇ ਲਈ ਵੀ ਨਿੱਜੀ ਤੌਰ ਤੇ ਅਧਿਐਨ ਕਰਨਾ ਘੱਟ ਜ਼ਰੂਰੀ ਨਹੀਂ ਹੈ। ਹਮੇਸ਼ਾ ਜੀਉਂਦੇ ਰਹਿਣ ਦੀ ਆਸ਼ਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਅਸੀਂ ਯਹੋਵਾਹ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦਾ ਜ਼ਿਆਦਾ ਤੋਂ ਜ਼ਿਆਦਾ ਗਿਆਨ ਲੈਂਦੇ ਰਹੀਏ। ਅਤੇ ਜ਼ਰਾ ਸੋਚੋ ਕਿ ਇਸ ਦਾ ਕੀ ਮਤਲਬ ਹੈ। ਇਸ ਦਾ ਮਤਲਬ ਹੈ ਕਿ ਯਹੋਵਾਹ ਬਾਰੇ ਗਿਆਨ ਲੈਣਾ ਕਦੀ ਖ਼ਤਮ ਨਹੀਂ ਹੋਵੇਗਾ ਅਤੇ ਸਾਡੇ ਕੋਲ ਅਨੰਤ ਜ਼ਿੰਦਗੀ ਹੋਵੇਗੀ ਜਿਸ ਦੌਰਾਨ ਅਸੀਂ ਉਸ ਦੇ ਬਾਰੇ ਸਿੱਖਦੇ ਰਹਾਂਗੇ।—ਉਪਦੇਸ਼ਕ ਦੀ ਪੋਥੀ 3:11; ਰੋਮੀਆਂ 11:33.

[ਫੁਟਨੋਟ]

^ ਪੈਰਾ 9 ਇਹ ਪੁਸਤਿਕਾ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਛਾਪੀ ਗਈ ਹੈ।

^ ਪੈਰਾ 10 ਪਹਿਰਾਬੁਰਜ, 1 ਮਈ 1995, (ਅੰਗ੍ਰੇਜ਼ੀ) ਸਫ਼ੇ 20-1 ਉੱਤੇ “ਉਹ ਕਦੋਂ ਇਸ ਨੂੰ ਪੜ੍ਹਦੇ ਹਨ ਅਤੇ ਉਨ੍ਹਾਂ ਨੂੰ ਕੀ ਫ਼ਾਇਦਾ ਹੁੰਦਾ ਹੈ” ਨਾਮਕ ਲੇਖ ਪੜ੍ਹੋ।

ਵਿਚਾਰ ਕਰਨ ਲਈ ਸਵਾਲ

• ਜਿਸ ਤਰ੍ਹਾਂ ਅਸੀਂ ਆਪਣੇ ਸਮੇਂ ਨੂੰ ਵਰਤਦੇ ਹਾਂ, ਉਸ ਤੋਂ ਸਾਡੇ ਬਾਰੇ ਕੀ ਜ਼ਾਹਰ ਹੁੰਦਾ ਹੈ?

• ਕਿਨ੍ਹਾਂ ਕੰਮਾਂ ਵਿੱਚੋਂ ਬਾਈਬਲ ਪੜ੍ਹਨ ਅਤੇ ਉਸ ਦਾ ਅਧਿਐਨ ਕਰਨ ਲਈ ਸਮਾਂ ਕੱਢਿਆ ਜਾ ਸਕਦਾ ਹੈ?

• ਸਾਨੂੰ ਅਧਿਆਤਮਿਕ ਭੋਜਨ ਖਾਣ ਦੀਆਂ ਆਦਤਾਂ ਵੱਲ ਧਿਆਨ ਦੇਣ ਦੀ ਕਿਉਂ ਲੋੜ ਹੈ?

• ਬਾਈਬਲ ਪੜ੍ਹਨ ਅਤੇ ਉਸ ਦਾ ਅਧਿਐਨ ਕਰਨ ਤੋਂ ਕਿਹੜੇ ਫ਼ਾਇਦੇ ਹੁੰਦੇ ਹਨ?

[ਸਵਾਲ]

[ਸਫ਼ੇ 20, 21 ਉੱਤੇ ਤਸਵੀਰਾਂ]

ਜੇ ਅਸੀਂ ਬਾਈਬਲ ਨੂੰ ਨਿਯਮਿਤ ਤੌਰ ਤੇ ਪੜ੍ਹਾਂਗੇ ਤੇ ਇਸ ਦਾ ਅਧਿਐਨ ਕਰਾਂਗੇ, ਤਾਂ ਅਸੀਂ ‘ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ’ ਦੇ ਯੋਗ ਬਣਾਂਗੇ

[ਸਫ਼ੇ 23 ਉੱਤੇ ਤਸਵੀਰਾਂ]

ਜੇ ਅਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਦੂਸਰੇ ਕੰਮਾਂ ਦੇ ਨਾਲ-ਨਾਲ ਅਧਿਆਤਮਿਕ ਕੰਮ ਵੀ ਕਰਾਂਗੇ, ਤਾਂ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ