ਬਾਈਬਲ—ਕਿਉਂ ਅਤੇ ਕਿਵੇਂ ਪੜ੍ਹੀਏ
ਬਾਈਬਲ—ਕਿਉਂ ਅਤੇ ਕਿਵੇਂ ਪੜ੍ਹੀਏ
‘ਤੂੰ ਦਿਨ ਰਾਤ ਉਸ ਨੂੰ ਪੜ੍ਹੀਂ।’—ਯਹੋਸ਼ੁਆ 1:8, ਨਿ ਵ.
1. ਆਮ ਕਿਤਾਬਾਂ ਪੜ੍ਹਨ ਅਤੇ ਖ਼ਾਸ ਕਰਕੇ ਬਾਈਬਲ ਪੜ੍ਹਨ ਦੇ ਕਿਹੜੇ ਕੁਝ ਫ਼ਾਇਦੇ ਹੁੰਦੇ ਹਨ?
ਚੰਗੀਆਂ ਕਿਤਾਬਾਂ ਪੜ੍ਹਨ ਦਾ ਬਹੁਤ ਫ਼ਾਇਦਾ ਹੁੰਦਾ ਹੈ। ਫ਼ਰਾਂਸ ਦੇ ਰਾਜਨੀਤਿਕ ਫ਼ਿਲਾਸਫ਼ਰ ਮਾਨਟੈਸਕਿਉ (ਚਾਰਲਜ਼-ਲੂਈ ਡੇ ਸਕਨਡਾਟ) ਨੇ ਲਿਖਿਆ ਸੀ: “ਮੇਰੇ ਲਈ, ਜ਼ਿੰਦਗੀ ਦੀ ਥਕਾਵਟ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਇਲਾਜ ਪੜ੍ਹਨਾ ਹੈ। ਮੇਰੇ ਉੱਤੇ ਕਦੀ ਇਸ ਤਰ੍ਹਾਂ ਦਾ ਦੁੱਖ ਨਹੀਂ ਆਇਆ ਜਿਹੜਾ ਕਿ ਪੜ੍ਹਨ ਨਾਲ ਦੂਰ ਨਾ ਹੋਇਆ ਹੋਵੇ।” ਬਾਈਬਲ ਪੜ੍ਹਨ ਦੇ ਮਾਮਲੇ ਵਿਚ ਇਹ ਗੱਲ ਬਿਲਕੁਲ ਸੱਚ ਹੈ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ: “ਯਹੋਵਾਹ ਦੀ ਬਿਵਸਥਾ ਪੂਰੀ ਪੂਰੀ ਹੈ, ਉਹ ਜਾਨ ਨੂੰ ਬਹਾਲ ਕਰਦੀ ਹੈ, ਯਹੋਵਾਹ ਦੀ ਸਾਖੀ ਸੱਚੀ ਹੈ, ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ। ਯਹੋਵਾਹ ਦੇ ਫ਼ਰਮਾਨ ਸਿੱਧੇ ਹਨ, ਓਹ ਦਿਲ ਨੂੰ ਅਨੰਦ ਕਰਦੇ ਹਨ।”—ਜ਼ਬੂਰ 19:7, 8.
2. ਯਹੋਵਾਹ ਨੇ ਸਦੀਆਂ ਦੌਰਾਨ ਬਾਈਬਲ ਨੂੰ ਕਿਉਂ ਬਚਾ ਕੇ ਰੱਖਿਆ ਹੈ ਅਤੇ ਉਹ ਆਪਣੇ ਲੋਕਾਂ ਤੋਂ ਕੀ ਚਾਹੁੰਦਾ ਹੈ?
2 ਯਹੋਵਾਹ ਪਰਮੇਸ਼ੁਰ ਨੇ ਹੀ ਬਾਈਬਲ ਲਿਖਵਾਈ ਹੈ, ਇਸ ਲਈ ਉਸ ਨੇ ਧਾਰਮਿਕ ਅਤੇ ਗ਼ੈਰ-ਧਾਰਮਿਕ ਦੁਸ਼ਮਣਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਵੀ ਇਸ ਨੂੰ ਸਦੀਆਂ ਦੌਰਾਨ ਬਚਾ ਕੇ ਰੱਖਿਆ ਹੈ। ਉਹ ਚਾਹੁੰਦਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ,” ਇਸ ਲਈ ਉਸ ਨੇ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਉਸ ਦਾ ਬਚਨ ਸਾਰੇ ਲੋਕਾਂ ਤਕ ਪਹੁੰਚੇ। (1 ਤਿਮੋਥਿਉਸ 2:4) ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਦੁਨੀਆਂ ਦੇ 80 ਪ੍ਰਤਿਸ਼ਤ ਲੋਕਾਂ ਨਾਲ 100 ਭਾਸ਼ਾਵਾਂ ਵਿਚ ਗੱਲ ਕੀਤੀ ਜਾ ਸਕਦੀ ਹੈ। ਅੱਜ ਪੂਰੀ ਬਾਈਬਲ 370 ਭਾਸ਼ਾਵਾਂ ਵਿਚ ਮਿਲ ਸਕਦੀ ਹੈ ਅਤੇ ਬਾਈਬਲ ਦੇ ਕੁਝ ਹਿੱਸੇ 1,860 ਭਾਸ਼ਾਵਾਂ ਤੇ ਉਪ-ਭਾਸ਼ਾਵਾਂ ਵਿਚ ਮਿਲ ਸਕਦੇ ਹਨ। ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਲੋਕ ਬਾਈਬਲ ਪੜ੍ਹਨ। ਉਹ ਆਪਣੇ ਉਨ੍ਹਾਂ ਸੇਵਕਾਂ ਨੂੰ ਬਰਕਤਾਂ ਦਿੰਦਾ ਹੈ ਜਿਹੜੇ ਉਸ ਦੇ ਬਚਨ ਵੱਲ ਧਿਆਨ ਦਿੰਦੇ ਹਨ ਤੇ ਉਸ ਨੂੰ ਰੋਜ਼ ਪੜ੍ਹਦੇ ਹਨ।—ਜ਼ਬੂਰ 1:1, 2.
ਨਿਗਾਹਬਾਨਾਂ ਲਈ ਬਾਈਬਲ ਪੜ੍ਹਨੀ ਜ਼ਰੂਰੀ ਹੈ
3, 4. ਯਹੋਵਾਹ ਇਸਰਾਏਲ ਦੇ ਰਾਜਿਆਂ ਤੋਂ ਕੀ ਮੰਗ ਕਰਦਾ ਸੀ ਅਤੇ ਕਿਹੜੇ ਕਾਰਨਾਂ ਕਰਕੇ ਅੱਜ ਮਸੀਹ ਬਜ਼ੁਰਗਾਂ ਨੂੰ ਵੀ ਬਾਈਬਲ ਰੋਜ਼ ਪੜ੍ਹਨੀ ਚਾਹੀਦੀ ਹੈ?
3 ਉਸ ਸਮੇਂ ਬਾਰੇ ਗੱਲ ਕਰਦੇ ਹੋਏ ਜਦੋਂ ਇਸਰਾਏਲੀਆਂ ਦਾ ਕੋਈ ਇਨਸਾਨੀ ਰਾਜਾ ਨਿਯੁਕਤ ਕੀਤਾ ਜਾਣਾ ਸੀ, ਯਹੋਵਾਹ ਨੇ ਕਿਹਾ: “ਐਉਂ ਹੋਵੇ ਕਿ ਜਦ ਉਹ ਆਪਣੀ ਰਾਜ ਗੱਦੀ ਉੱਤੇ ਬੈਠੇ ਤਾਂ ਉਹ ਆਪਣੇ ਲਈ ਏਸ ਬਿਵਸਥਾ ਦੀ ਨਕਲ ਉਸ ਪੋਥੀ ਵਿੱਚੋਂ ਜਿਹੜੀ ਲੇਵੀ ਜਾਜਕਾਂ ਦੇ ਕੋਲ ਹੈ ਲਿਖ ਲਵੇ। ਉਹ ਉਸ ਦੇ ਕੋਲ ਰਹੇਗੀ। ਉਹ ਜੀਵਨ ਦੇ ਸਾਰੇ ਦਿਨ ਉਸ ਨੂੰ ਪੜ੍ਹੇ ਤਾਂ ਜੋ ਯਹੋਵਾਹ ਆਪਣੇ ਪਰਮੇਸ਼ੁਰ ਦਾ ਡਰ ਰੱਖਣਾ ਸਿੱਖੇ ਅਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰੇ ਅਤੇ ਇਨ੍ਹਾਂ ਬਿਧੀਆਂ ਨੂੰ ਪੂਰਾ ਕਰੇ। ਤਾਂ ਜੋ ਉਸ ਦਾ ਮਨ ਉਸ ਦੇ ਭਰਾਵਾਂ ਉੱਤੇ ਹੰਕਾਰ ਵਿੱਚ ਨਾ ਆ ਜਾਵੇ, ਨਾਲੇ ਉਹ ਏਸ ਹੁਕਮਨਾਮੇ ਤੋਂ ਸੱਜੇ ਖੱਬੇ ਨਾ ਮੁੜੇ।”—ਬਿਵਸਥਾ ਸਾਰ 17:18-20.
4 ਧਿਆਨ ਦਿਓ ਕਿ ਯਹੋਵਾਹ ਇਸਰਾਏਲ ਦੇ ਭਾਵੀ ਰਾਜੇ ਤੋਂ ਕਿਉਂ ਇਹ ਮੰਗ ਕਰਦਾ ਸੀ ਕਿ ਉਹ ਪਰਮੇਸ਼ੁਰੀ ਬਿਵਸਥਾ ਦੀ ਕਿਤਾਬ ਰੋਜ਼ ਪੜ੍ਹਨ: (1) “ਤਾਂ ਜੋ [ਉਹ] ਯਹੋਵਾਹ ਆਪਣੇ ਪਰਮੇਸ਼ੁਰ ਦਾ ਡਰ ਰੱਖਣਾ ਸਿੱਖੇ ਅਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰੇ ਅਤੇ ਇਨ੍ਹਾਂ ਬਿਧੀਆਂ ਨੂੰ ਪੂਰਾ ਕਰੇ”; (2) “ਤਾਂ ਜੋ ਉਸ ਦਾ ਮਨ ਉਸ ਦੇ ਭਰਾਵਾਂ ਉੱਤੇ ਹੰਕਾਰ ਵਿੱਚ ਨਾ ਆ ਜਾਵੇ”; (3) ਤਾਂ ਜੋ “ਉਹ ਏਸ ਹੁਕਮਨਾਮੇ ਤੋਂ ਸੱਜੇ ਖੱਬੇ ਨਾ ਮੁੜੇ।” ਕੀ ਅੱਜ ਮਸੀਹੀ ਨਿਗਾਹਬਾਨਾਂ ਨੂੰ ਯਹੋਵਾਹ ਤੋਂ ਡਰਨ ਅਤੇ ਉਸ ਦੇ ਕਾਨੂੰਨਾਂ ਦੀ ਪਾਲਣਾ ਕਰਨ ਦੀ ਲੋੜ ਨਹੀਂ ਹੈ? ਜਾਂ ਕੀ ਉਨ੍ਹਾਂ ਨੂੰ ਆਪਣੇ ਆਪ ਨੂੰ ਆਪਣੇ ਭਰਾਵਾਂ ਤੋਂ ਉੱਚਾ ਕਰਨ, ਅਤੇ ਯਹੋਵਾਹ ਦੇ ਹੁਕਮਾਂ ਨੂੰ ਤੋੜਨ ਤੋਂ ਬਚਣ ਦੀ ਲੋੜ
ਨਹੀਂ ਹੈ? ਜਿਵੇਂ ਇਸਰਾਏਲ ਦੇ ਰਾਜਿਆਂ ਲਈ ਬਾਈਬਲ ਪੜ੍ਹਨੀ ਬਹੁਤ ਜ਼ਰੂਰੀ ਸੀ, ਉਸੇ ਤਰ੍ਹਾਂ ਅੱਜ ਮਸੀਹੀ ਨਿਗਾਹਬਾਨਾਂ ਲਈ ਵੀ ਬਾਈਬਲ ਪੜ੍ਹਨੀ ਬਹੁਤ ਜ਼ਰੂਰੀ ਹੈ।5. ਬਾਈਬਲ ਪੜ੍ਹਨ ਦੇ ਸੰਬੰਧ ਵਿਚ ਪ੍ਰਬੰਧਕ ਸਭਾ ਨੇ ਹਾਲ ਹੀ ਵਿਚ ਸ਼ਾਖਾ ਕਮੇਟੀਆਂ ਦੇ ਮੈਂਬਰਾਂ ਨੂੰ ਕੀ ਲਿਖਿਆ ਸੀ ਅਤੇ ਸਾਰਿਆਂ ਮਸੀਹੀ ਬਜ਼ੁਰਗਾਂ ਨੂੰ ਵੀ ਇਸ ਸਲਾਹ ਉੱਤੇ ਕਿਉਂ ਚੱਲਣਾ ਚਾਹੀਦਾ ਹੈ?
5 ਅੱਜ ਮਸੀਹੀ ਬਜ਼ੁਰਗਾਂ ਕੋਲ ਬਹੁਤਾ ਸਮਾਂ ਨਹੀਂ ਹੈ, ਇਸ ਕਰਕੇ ਉਨ੍ਹਾਂ ਲਈ ਰੋਜ਼ ਬਾਈਬਲ ਪੜ੍ਹਨੀ ਮੁਸ਼ਕਲ ਹੁੰਦੀ ਹੈ। ਉਦਾਹਰਣ ਲਈ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਅਤੇ ਦੁਨੀਆਂ ਭਰ ਵਿਚ ਸ਼ਾਖਾ ਕਮੇਟੀਆਂ ਦੇ ਮੈਂਬਰ ਬਹੁਤ ਕੰਮ ਕਰਦੇ ਹਨ। ਪਰ ਪ੍ਰਬੰਧਕ ਸਭਾ ਨੇ ਹਾਲ ਹੀ ਵਿਚ ਇਨ੍ਹਾਂ ਕਮੇਟੀਆਂ ਨੂੰ ਇਕ ਚਿੱਠੀ ਲਿਖੀ ਜਿਸ ਵਿਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਸੀ ਕਿ ਉਹ ਹਰ ਰੋਜ਼ ਬਾਈਬਲ ਪੜ੍ਹਨ ਅਤੇ ਨਿੱਜੀ ਅਧਿਐਨ ਕਰਨ। ਇਸ ਚਿੱਠੀ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਇਸ ਨਾਲ ਯਹੋਵਾਹ ਅਤੇ ਸੱਚਾਈ ਨਾਲ ਸਾਡਾ ਪਿਆਰ ਵਧੇਗਾ ਅਤੇ ਇਹ “ਆਪਣੀ ਵਫ਼ਾਦਾਰੀ, ਖ਼ੁਸ਼ੀ ਅਤੇ ਨਿਹਚਾ ਨੂੰ ਤਦ ਤਕ ਬਣਾਈ ਰੱਖਣ ਵਿਚ ਮਦਦ ਕਰੇਗਾ ਜਦ ਤਕ ਅਸੀਂ ਆਪਣੀ ਸ਼ਾਨਦਾਰ ਮੰਜ਼ਲ ਤੇ ਨਹੀਂ ਪਹੁੰਚ ਜਾਂਦੇ।” ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਦੇ ਸਾਰੇ ਬਜ਼ੁਰਗ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ। ਹਰ ਰੋਜ਼ ਬਾਈਬਲ ਪੜ੍ਹ ਕੇ ਉਹ ਸਮਝਦਾਰੀ ਨਾਲ ਕੰਮ ਕਰਨਗੇ। ਖ਼ਾਸ ਕਰਕੇ ਉਨ੍ਹਾਂ ਲਈ ਬਾਈਬਲ ਪੜ੍ਹਨੀ “ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ।”—2 ਤਿਮੋਥਿਉਸ 3:16.
ਨਿਆਣਿਆਂ-ਸਿਆਣਿਆਂ ਦੋਵਾਂ ਲਈ ਜ਼ਰੂਰੀ
6. ਯਹੋਸ਼ੁਆ ਨੇ ਇਸਰਾਏਲ ਦੇ ਸਾਰੇ ਗੋਤਾਂ ਅਤੇ ਪਰਦੇਸੀਆਂ ਸਾਮ੍ਹਣੇ ਯਹੋਵਾਹ ਦੀ ਸਾਰੀ ਬਿਵਸਥਾ ਉੱਚੀ ਆਵਾਜ਼ ਵਿਚ ਪੜ੍ਹ ਕੇ ਕਿਉਂ ਸੁਣਾਈ ਸੀ?
6 ਪੁਰਾਣੇ ਜ਼ਮਾਨੇ ਵਿਚ ਸਾਰਿਆਂ ਕੋਲ ਆਪਣੀ-ਆਪਣੀ ਬਾਈਬਲ ਨਹੀਂ ਹੁੰਦੀ ਸੀ, ਇਸ ਲਈ ਸਾਰਿਆਂ ਲੋਕਾਂ ਨੂੰ ਇਕੱਠਾ ਕਰ ਕੇ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਸੁਣਾਇਆ ਜਾਂਦਾ ਸੀ। ਮਿਸਾਲ ਲਈ, ਯਹੋਵਾਹ ਦੀ ਮਦਦ ਨਾਲ ਅਈ ਸ਼ਹਿਰ ਨੂੰ ਫਤਹਿ ਕਰਨ ਤੋਂ ਬਾਅਦ ਯਹੋਸ਼ੁਆ ਨੇ ਇਸਰਾਏਲ ਦੇ ਸਾਰਿਆਂ ਗੋਤਾਂ ਨੂੰ ਏਬਾਲ ਪਹਾੜ ਅਤੇ ਗਰਿੱਜ਼ੀਮ ਪਹਾੜ ਦੇ ਸਾਮ੍ਹਣੇ ਇਕੱਠਾ ਕੀਤਾ। ਇਸ ਬਾਰੇ ਬਾਈਬਲ ਸਾਨੂੰ ਦੱਸਦੀ ਹੈ: “ਉਸ ਨੇ ਬਿਵਸਥਾ ਦੀਆਂ ਸਾਰੀਆਂ ਗੱਲਾਂ ਪੜ੍ਹ ਕੇ ਬਰਕਤਾਂ ਅਤੇ ਸਰਾਪ ਦੋਵੇਂ ਸੁਣਾਏ ਜਿਵੇਂ ਬਿਵਸਥਾ ਦੀ ਪੋਥੀ ਵਿੱਚ ਲਿਖੇ ਹੋਏ ਸਨ। ਜੋ ਕੁਝ ਮੂਸਾ ਨੇ ਹੁਕਮ ਦਿੱਤਾ ਸੀ ਉਹ ਦੀ ਇੱਕ ਗੱਲ ਵੀ ਅਜੇਹੀ ਨਹੀਂ ਸੀ ਜਿਹ ਨੂੰ ਯਹੋਸ਼ੁਆ ਨੇ ਇਸਰਾਏਲੀਆਂ ਦੀ ਸਾਰੀ ਸਭਾ ਨਾਲੇ ਤੀਵੀਆਂ ਅਤੇ ਨਿਆਣਿਆਂ ਅਤੇ ਉਨ੍ਹਾਂ ਪਰਦੇਸੀਆਂ ਦੇ ਸਾਹਮਣੇ ਜਿਹੜੇ ਉਨ੍ਹਾਂ ਵਿੱਚ ਵੱਸਦੇ ਸਨ ਨਾ ਸੁਣਾਇਆ ਹੋਵੇ।” (ਯਹੋਸ਼ੁਆ 8:34, 35) ਨਿਆਣਿਆਂ-ਸਿਆਣਿਆਂ, ਵਾਸੀਆਂ ਤੇ ਪਰਦੇਸੀਆਂ, ਸਾਰਿਆਂ ਦੇ ਦਿਲਾਂ-ਦਿਮਾਗ਼ਾਂ ਵਿਚ ਇਹ ਗੱਲ ਬਿਠਾਉਣੀ ਬੜੀ ਜ਼ਰੂਰੀ ਸੀ ਕਿ ਕਿਹੜੀਆਂ ਗੱਲਾਂ ਕਰਕੇ ਯਹੋਵਾਹ ਬਰਕਤ ਦੇਵੇਗਾ ਅਤੇ ਕਿਹੜੀਆਂ ਗੱਲਾਂ ਕਰਕੇ ਉਹ ਨਾਰਾਜ਼ ਹੁੰਦਾ ਹੈ। ਨਿਯਮਿਤ ਤੌਰ ਤੇ ਬਾਈਬਲ ਪੜ੍ਹਨ ਨਾਲ ਸਾਨੂੰ ਵੀ ਇਹ ਗੱਲਾਂ ਜਾਣਨ ਵਿਚ ਮਦਦ ਮਿਲੇਗੀ।
7, 8. (ੳ) ਅੱਜ ਕਿਹੜੇ ਲੋਕ ‘ਪਰਦੇਸੀਆਂ’ ਵਰਗੇ ਹਨ ਅਤੇ ਉਨ੍ਹਾਂ ਨੂੰ ਹਰ ਰੋਜ਼ ਬਾਈਬਲ ਪੜ੍ਹਨ ਦੀ ਕਿਉਂ ਲੋੜ ਹੈ? (ਅ) ਯਹੋਵਾਹ ਦੇ ਲੋਕਾਂ ਵਿਚ ‘ਨਿਆਣੇ’ ਯਿਸੂ ਦੀ ਉਦਾਹਰਣ ਉੱਤੇ ਕਿਵੇਂ ਚੱਲ ਸਕਦੇ ਹਨ?
7 ਅੱਜ ਯਹੋਵਾਹ ਦੇ ਲੱਖਾਂ ਸੇਵਕ ਅਧਿਆਤਮਿਕ ਅਰਥ ਵਿਚ ‘ਪਰਦੇਸੀ’ ਹਨ। ਪਹਿਲਾਂ ਉਹ ਦੁਨੀਆਂ ਦੀ ਚਾਲ-ਢਾਲ ਤੇ ਚੱਲਦੇ ਸਨ, ਪਰ ਹੁਣ ਉਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਨੂੰ ਬਦਲ ਲਿਆ ਹੈ। (ਅਫ਼ਸੀਆਂ 4:22-24; ਕੁਲੁੱਸੀਆਂ 3:7, 8) ਉਨ੍ਹਾਂ ਨੂੰ ਭਲੇ-ਬੁਰੇ ਸੰਬੰਧੀ ਯਹੋਵਾਹ ਦੇ ਮਿਆਰਾਂ ਨੂੰ ਵਾਰ-ਵਾਰ ਯਾਦ ਕਰਨ ਦੀ ਲੋੜ ਹੈ। (ਆਮੋਸ 5:14, 15) ਪਰਮੇਸ਼ੁਰ ਦੇ ਬਚਨ ਨੂੰ ਰੋਜ਼ ਪੜ੍ਹਨ ਨਾਲ ਉਨ੍ਹਾਂ ਨੂੰ ਇਹ ਸਭ ਯਾਦ ਕਰਨ ਵਿਚ ਮਦਦ ਮਿਲੇਗੀ।—ਇਬਰਾਨੀਆਂ 4:12; ਯਾਕੂਬ 1:25.
8 ਯਹੋਵਾਹ ਦੇ ਲੋਕਾਂ ਵਿਚ ਬਹੁਤ ਸਾਰੇ ‘ਨਿਆਣੇ’ ਵੀ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਂ-ਬਾਪ ਯਹੋਵਾਹ ਦੇ ਮਿਆਰਾਂ ਬਾਰੇ ਸਿਖਾਉਂਦੇ ਹਨ, ਪਰ ਉਨ੍ਹਾਂ ਨੂੰ ਆਪ ਇਹਸਾਸ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੀ ਇੱਛਾ ਪੂਰਨੀ ਕਰਨੀ ਫ਼ਾਇਦੇਮੰਦ ਹੈ। (ਰੋਮੀਆਂ 12:1, 2) ਉਹ ਇਹ ਕਿਸ ਤਰ੍ਹਾਂ ਸਿੱਖ ਸਕਦੇ ਹਨ? ਇਸਰਾਏਲ ਵਿਚ ਜਾਜਕਾਂ ਤੇ ਬਜ਼ੁਰਗਾਂ ਨੂੰ ਹਿਦਾਇਤ ਦਿੱਤੀ ਗਈ ਸੀ: “ਤੁਸੀਂ ਸਾਰੇ ਇਸਰਾਏਲ ਦੇ ਸੁਣਦਿਆਂ ਤੇ ਉਨ੍ਹਾਂ ਦੇ ਅੱਗੇ ਏਸ ਬਿਵਸਥਾ ਨੂੰ ਪੜ੍ਹੋ। ਪਰਜਾ ਨੂੰ ਇਕੱਠਾ ਕਰੋ, ਮਨੁੱਖਾਂ, ਤੀਵੀਆਂ ਅਤੇ ਨਿਆਣਿਆਂ ਨੂੰ ਅਤੇ ਆਪਣੇ ਪਰਦੇਸੀ ਨੂੰ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ ਤਾਂ ਜੋ ਓਹ ਸੁਣਨ ਅਤੇ ਸਿੱਖਣ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨ ਅਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ। ਅਤੇ ਉਨ੍ਹਾਂ ਦੇ ਨਿਆਣੇ ਬੱਚੇ ਸੁਣਨ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨਾ ਸਿੱਖਣ।” (ਬਿਵਸਥਾ ਸਾਰ 31:11-13) ਬਿਵਸਥਾ ਦੇ ਹੇਠ ਹੁੰਦੇ ਹੋਏ, ਯਿਸੂ ਨੇ 12 ਸਾਲ ਦੀ ਛੋਟੀ ਉਮਰ ਵਿਚ ਆਪਣੇ ਪਿਤਾ ਦੇ ਨਿਯਮਾਂ ਨੂੰ ਸਮਝਣ ਵਿਚ ਡੂੰਘੀ ਦਿਲਚਸਪੀ ਦਿਖਾਈ ਸੀ। (ਲੂਕਾ 2:41-49) ਉਸ ਦੀ ਆਦਤ ਸੀ ਕਿ ਉਹ ਯਹੂਦੀ ਸਭਾ ਘਰ ਵਿਚ ਜਾ ਕੇ ਬਾਈਬਲ ਸੁਣੇ ਅਤੇ ਪੜ੍ਹੇ। (ਲੂਕਾ 4:16; ਰਸੂਲਾਂ ਦੇ ਕਰਤੱਬ 15:21) ਬੱਚਿਆਂ ਨੂੰ ਵੀ ਹਰ ਰੋਜ਼ ਬਾਈਬਲ ਪੜ੍ਹਨ ਅਤੇ ਸਭਾਵਾਂ ਵਿਚ, ਜਿੱਥੇ ਬਾਈਬਲ ਪੜ੍ਹੀ ਜਾਂਦੀ ਹੈ, ਨਿਯਮਿਤ ਤੌਰ ਤੇ ਜਾਣ ਦੁਆਰਾ ਯਿਸੂ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ।
ਬਾਈਬਲ ਪੜ੍ਹਨ ਨੂੰ ਪਹਿਲ ਦਿਓ
9. (ੳ) ਸਾਨੂੰ ਕਿਤਾਬਾਂ ਦੀ ਚੋਣ ਕਿਉਂ ਕਰਨੀ ਚਾਹੀਦੀ ਹੈ? (ਅ) ਬਾਈਬਲ ਨੂੰ ਸਮਝਾਉਣ ਵਾਲੀਆਂ ਕਿਤਾਬਾਂ ਦੇ ਸੰਬੰਧ ਵਿਚ ਇਸ ਰਸਾਲੇ ਦੇ ਪਹਿਲੇ ਸੰਪਾਦਕ ਨੇ ਕੀ ਕਿਹਾ ਸੀ?
9 ਬੁੱਧੀਮਾਨ ਰਾਜਾ ਸੁਲੇਮਾਨ ਨੇ ਲਿਖਿਆ ਸੀ: “ਏਹਨਾਂ ਤੋਂ ਹੁਸ਼ਿਆਰੀ ਸਿੱਖ,—ਬਹੁਤ ਪੋਥੀਆਂ ਦੇ ਰਚਣ ਦਾ ਅੰਤ ਨਹੀਂ ਅਤੇ ਬਹੁਤ ਪੜ੍ਹਨਾ ਸਰੀਰ ਨੂੰ ਥਕਾਉਂਦਾ ਹੈ।” (ਉਪਦੇਸ਼ਕ ਦੀ ਪੋਥੀ 12:12) ਤੁਸੀਂ ਸ਼ਾਇਦ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਅੱਜ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੂੰ ਪੜ੍ਹਨ ਨਾਲ ਨਾ ਸਿਰਫ਼ ਸਰੀਰਕ ਤੌਰ ਤੇ ਥਕਾਵਟ ਹੁੰਦੀ ਹੈ, ਬਲਕਿ ਇਸ ਦਾ ਦਿਮਾਗ਼ ਉੱਤੇ ਵੀ ਬੁਰਾ ਅਸਰ ਪੈਂਦਾ ਹੈ। ਇਸ ਕਰਕੇ ਪੜ੍ਹਨ ਲਈ ਕਿਤਾਬਾਂ ਦੀ ਚੰਗੀ ਤਰ੍ਹਾਂ ਚੋਣ ਕਰਨੀ ਬਹੁਤ ਜ਼ਰੂਰੀ ਹੈ। ਬਾਈਬਲ ਨੂੰ ਸਮਝਾਉਣ ਵਾਲੀਆਂ ਕਿਤਾਬਾਂ ਨੂੰ ਪੜ੍ਹਨ ਤੋਂ ਇਲਾਵਾ ਬਾਈਬਲ ਪੜ੍ਹਨੀ ਵੀ ਜ਼ਰੂਰੀ ਹੈ। ਇਸ ਰਸਾਲੇ ਦੇ ਪਹਿਲੇ ਸੰਪਾਦਕ ਨੇ ਪਾਠਕਾਂ ਨੂੰ ਲਿਖਿਆ ਸੀ: “ਇਹ ਗੱਲ ਕਦੀ ਨਾ ਭੁੱਲਿਓ ਕਿ ਬਾਈਬਲ ਹੀ ਸਾਡੀ ਮੁੱਖ ਕਿਤਾਬ ਹੈ ਅਤੇ ਚਾਹੇ ਪਰਮੇਸ਼ੁਰ ਨੇ ਸਾਨੂੰ ਹੋਰ ਬਹੁਤ ਸਾਰੀਆਂ ਕਿਤਾਬਾਂ ਦਿੱਤੀਆਂ ਹਨ, ਇਹ ਕਦੀ ਵੀ ਬਾਈਬਲ ਦੀ ਜਗ੍ਹਾ ਨਹੀਂ ਲੈ ਸਕਦੀਆਂ।” * ਇਸ ਲਈ ਬਾਈਬਲ ਨੂੰ ਸਮਝਾਉਣ ਵਾਲੀਆਂ ਕਿਤਾਬਾਂ ਪੜ੍ਹਨ ਦੇ ਨਾਲ-ਨਾਲ ਬਾਈਬਲ ਵੀ ਪੜ੍ਹਨੀ ਬਹੁਤ ਜ਼ਰੂਰੀ ਹੈ।
10. “ਮਾਤਬਰ ਅਤੇ ਬੁੱਧਵਾਨ ਨੌਕਰ” ਬਾਈਬਲ ਪੜ੍ਹਨ ਦੀ ਅਹਿਮੀਅਤ ਉੱਤੇ ਕਿਵੇਂ ਜ਼ੋਰ ਦਿੰਦਾ ਹੈ?
10 ਇਸ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਕਈਆਂ ਸਾਲਾਂ ਤੋਂ ਦੈਵ-ਸ਼ਾਸਕੀ ਸਕੂਲ ਵਿਚ ਮੱਤੀ 24:45) ਇਸ ਪ੍ਰਬੰਧ ਅਨੁਸਾਰ ਪੂਰੀ ਬਾਈਬਲ ਸੱਤਾਂ ਸਾਲਾਂ ਵਿਚ ਪੜ੍ਹੀ ਜਾਂਦੀ ਹੈ। ਇਹ ਪ੍ਰਬੰਧ ਸਾਰਿਆਂ ਲਈ ਫ਼ਾਇਦੇਮੰਦ ਹੈ ਪਰ ਖ਼ਾਸ ਕਰਕੇ ਨਵੇਂ ਲੋਕਾਂ ਲਈ ਜਿਨ੍ਹਾਂ ਨੇ ਪੂਰੀ ਬਾਈਬਲ ਕਦੀ ਨਹੀਂ ਪੜ੍ਹੀ। ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੇ ਮਿਸ਼ਨਰੀਆਂ ਅਤੇ ਸੇਵਕਾਈ ਸਿਖਲਾਈ ਸਕੂਲ ਦੇ ਵਿਦਿਆਰਥੀਆਂ ਨੂੰ ਅਤੇ ਬੈਥਲ ਪਰਿਵਾਰ ਦੇ ਨਵੇਂ ਮੈਂਬਰਾਂ ਨੂੰ ਪੂਰੀ ਬਾਈਬਲ ਇਕ ਸਾਲ ਵਿਚ ਪੜ੍ਹਨੀ ਪੈਂਦੀ ਹੈ। ਤੁਸੀਂ ਚਾਹੇ ਜਿਸ ਤਰ੍ਹਾਂ ਵੀ ਬਾਈਬਲ ਪੜ੍ਹੋ, ਇਕੱਲੇ ਜਾਂ ਆਪਣੇ ਪਰਿਵਾਰ ਨਾਲ ਮਿਲ ਕੇ, ਪਰ ਬਾਈਬਲ ਪੜ੍ਹਨ ਨੂੰ ਹਮੇਸ਼ਾ ਪਹਿਲ ਦਿਓ।
ਬਾਈਬਲ ਪੜ੍ਹਨ ਦਾ ਪ੍ਰਬੰਧ ਕੀਤਾ ਹੈ। (ਤੁਹਾਡੀਆਂ ਪੜ੍ਹਨ ਦੀਆਂ ਆਦਤਾਂ ਤੋਂ ਕੀ ਪਤਾ ਚੱਲਦਾ ਹੈ?
11. ਸਾਨੂੰ ਯਹੋਵਾਹ ਦੇ ਵਾਕ ਹਰ ਦਿਨ ਕਿਉਂ ਪੜ੍ਹਨੇ ਚਾਹੀਦੇ ਹਨ?
11 ਜੇ ਤੁਸੀਂ ਬਾਈਬਲ ਪੜ੍ਹਨ ਦੀ ਆਪਣੀ ਸਮਾਂ-ਸਾਰਨੀ ਮੁਤਾਬਕ ਨਹੀਂ ਚੱਲ ਸਕਦੇ, ਤਾਂ ਤੁਹਾਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ: ‘ਜੇ ਮੈਂ ਦੂਜੀਆਂ ਕਿਤਾਬਾਂ ਪੜ੍ਹਦਾ ਜਾਂ ਟੀ.ਵੀ. ਦੇਖਦਾ ਹਾਂ ਤਾਂ ਇਸ ਦਾ ਮੇਰੀ ਬਾਈਬਲ ਪੜ੍ਹਨ ਦੀ ਆਦਤ ਉੱਤੇ ਕੀ ਅਸਰ ਪੈਂਦਾ ਹੈ?’ ਸਾਨੂੰ ਮੂਸਾ ਅਤੇ ਯਿਸੂ ਦੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਮੱਤੀ 4:4; ਬਿਵਸਥਾ ਸਾਰ 8:3) ਜਿਵੇਂ ਸਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਹਰ ਰੋਜ਼ ਕੁਝ ਖਾਣਾ ਪੈਂਦਾ ਹੈ, ਉਸੇ ਤਰ੍ਹਾਂ ਸਾਨੂੰ ਆਪਣੀ ਅਧਿਆਤਮਿਕ ਸਿਹਤ ਬਣਾਈ ਰੱਖਣ ਲਈ ਯਹੋਵਾਹ ਦੇ ਵਿਚਾਰਾਂ ਨੂੰ ਆਪਣੇ ਦਿਲਾਂ-ਦਿਮਾਗ਼ਾਂ ਵਿਚ ਬਿਠਾਉਣ ਦੀ ਲੋੜ ਹੈ। ਅਸੀਂ ਪਰਮੇਸ਼ੁਰ ਦੇ ਵਿਚਾਰਾਂ ਨੂੰ ਕਿਸ ਤਰ੍ਹਾਂ ਜਾਣ ਸਕਦੇ ਹਾਂ? ਹਰ ਰੋਜ਼ ਬਾਈਬਲ ਪੜ੍ਹ ਕੇ।
12, 13. (ੳ) ਪਰਮੇਸ਼ੁਰ ਦੇ ਬਚਨ ਦੀ ਲੋਚ ਪੈਦਾ ਕਰਨ ਸੰਬੰਧੀ ਪਤਰਸ ਰਸੂਲ ਨੇ ਕਿਹੜੀ ਉਦਾਹਰਣ ਦਿੱਤੀ ਸੀ? (ਅ) ਪੌਲੁਸ ਨੇ ਦੁੱਧ ਦੀ ਉਦਾਹਰਣ ਨੂੰ ਪਤਰਸ ਨਾਲੋਂ ਵੱਖਰੇ ਤਰੀਕੇ ਨਾਲ ਕਿਵੇਂ ਇਸਤੇਮਾਲ ਕੀਤਾ ਸੀ?
12 ਜੇ ਅਸੀਂ ਬਾਈਬਲ ਨੂੰ ‘ਮਨੁੱਖਾਂ ਦਾ ਬਚਨ ਕਰਕੇ ਨਹੀਂ ਸਗੋਂ ਜਿਵੇਂ ਉਹ ਸੱਚੀਂ ਮੁੱਚੀਂ ਹੈ ਪਰਮੇਸ਼ੁਰ ਦਾ ਬਚਨ’ ਕਰਕੇ ਸਵੀਕਾਰ ਕਰਦੇ ਹਾਂ, ਤਾਂ ਜਿਵੇਂ ਇਕ ਬੱਚਾ ਆਪਣੇ ਮਾਂ ਦੇ ਦੁੱਧ ਨੂੰ ਲੋਚਦਾ ਹੈ, ਉਸੇ ਤਰ੍ਹਾਂ ਅਸੀਂ ਵੀ ਬਾਈਬਲ ਪੜ੍ਹਨ ਬਾਰੇ ਮਹਿਸੂਸ ਕਰਾਂਗੇ। (1 ਥੱਸਲੁਨੀਕੀਆਂ 2:13) ਪਤਰਸ ਰਸੂਲ ਨੇ ਇਸੇ ਤਰ੍ਹਾਂ ਲਿਖਿਆ: “ਨਵਿਆਂ ਜੰਮਿਆਂ ਹੋਇਆਂ ਬੱਚਿਆਂ ਵਾਂਗਰ ਆਤਮਕ ਅਤੇ ਖਾਲਸ ਦੁੱਧ ਦੀ ਲੋਚ ਕਰੋ ਭਈ ਤੁਸੀਂ ਓਸ ਨਾਲ ਮੁਕਤੀ ਲਈ ਵਧਦੇ ਜਾਓ। ਜੇਕਰ ਤਾਂ ਤੁਸਾਂ ਸੁਆਦ ਚੱਖ ਕੇ ਵੇਖਿਆ ਭਈ ਪ੍ਰਭੁ ਕਿਰਪਾਲੂ ਹੈ।” (1 ਪਤਰਸ 2:2, 3) ਜੇ ਅਸੀਂ ਆਪਣੇ ਨਿੱਜੀ ਤਜਰਬੇ ਰਾਹੀਂ ਸੱਚ-ਮੁੱਚ ਦੇਖਿਆ ਹੈ ਕਿ “ਪ੍ਰਭੂ ਕਿਰਪਾਲੂ ਹੈ,” ਤਾਂ ਅਸੀਂ ਬਾਈਬਲ ਪੜ੍ਹਨ ਦੀ ਲੋਚ ਜਾਂ ਲਾਲਸਾ ਆਪਣੇ ਵਿਚ ਪੈਦਾ ਕਰਾਂਗੇ।
13 ਇਸ ਗੱਲ ਨੂੰ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ ਕਿ ਪਤਰਸ ਨੇ ਇਸ ਉਦਾਹਰਣ ਨੂੰ ਪੌਲੁਸ ਰਸੂਲ ਤੋਂ ਵੱਖਰੇ ਤਰੀਕੇ ਨਾਲ ਇਸਤੇਮਾਲ ਕੀਤਾ ਸੀ। ਦੁੱਧ ਨਵੇਂ ਜੰਮੇ ਬੱਚੇ ਦੀਆਂ ਸਾਰੀਆਂ ਪੌਸ਼ਟਿਕ ਲੋੜਾਂ ਪੂਰੀਆਂ ਕਰਦਾ ਹੈ। ਪਤਰਸ ਦੀ ਉਦਾਹਰਣ ਦਿਖਾਉਂਦੀ ਹੈ ਕਿ ਪਰਮੇਸ਼ੁਰ ਦੇ ਬਚਨ ਵਿਚ ਉਹ ਸਭ ਕੁਝ ਹੈ ਜੋ ਸਾਨੂੰ ‘ਮੁਕਤੀ ਲਈ ਵਧਦੇ ਜਾਣ’ ਵਾਸਤੇ ਚਾਹੀਦਾ ਹੈ। ਦੂਸਰੇ ਪਾਸੇ ਪੌਲੁਸ ਦੁੱਧ ਦੀ ਉਦਾਹਰਣ ਨੂੰ ਆਪਣੇ ਆਪ ਨੂੰ ਅਧਿਆਤਮਿਕ ਤੌਰ ਤੇ ਬਾਲਗ ਕਹਿਣ ਵਾਲੇ ਲੋਕਾਂ ਲਈ ਇਸਤੇਮਾਲ ਕਰਦਾ ਹੈ ਜਿਨ੍ਹਾਂ ਦੀਆਂ ਪੜ੍ਹਨ ਦੀਆਂ ਆਦਤਾਂ ਬਹੁਤ ਮਾੜੀਆਂ ਹਨ। ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਆਪਣੀ ਚਿੱਠੀ ਵਿਚ ਲਿਖਿਆ: “ਕਿਉਂ ਜੋ ਚਿਰ ਹੋਣ ਕਰਕੇ ਤੁਹਾਨੂੰ ਉਪਦੇਸ਼ਕ ਹੋਣਾ ਚਾਹੀਦਾ ਸੀ ਪਰ ਤੁਹਾਨੂੰ ਲੋੜ ਹੈ ਭਈ ਕੋਈ ਤੁਹਾਨੂੰ ਪਰਮੇਸ਼ੁਰ ਦੀ ਬਾਣੀ ਦੇ ਮੂਲ ਮੰਤਰਾਂ ਦਾ ਮੁੱਢ ਫੇਰ ਸਿਖਾਵੇ ਅਤੇ ਤੁਸੀਂ ਅਜੇਹੇ ਬਣ ਗਏ ਹੋ ਜੋ ਤੁਹਾਨੂੰ ਅੰਨ ਦੀ ਨਹੀਂ ਸਗੋਂ ਦੁੱਧ ਦੀ ਲੋੜ ਪਈ ਹੋਈ ਹੈ! ਹਰੇਕ ਜਿਹੜਾ ਦੁੱਧ ਹੀ ਵਰਤਦਾ ਹੈ ਉਹ ਧਰਮ ਦੇ ਬਚਨ ਤੋਂ ਅਣਜਾਣ ਹੈ ਇਸ ਲਈ ਕਿ ਨਿਆਣਾ ਹੈ। ਪਰ ਅੰਨ ਸਿਆਣਿਆਂ ਲਈ ਹੈ ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ।” (ਇਬਰਾਨੀਆਂ 5:12-14) ਧਿਆਨ ਨਾਲ ਬਾਈਬਲ ਪੜ੍ਹਨ ਤੇ ਸਾਡੀਆਂ ਗਿਆਨ ਇੰਦਰੀਆਂ ਸੁਧਰਨਗੀਆਂ ਅਤੇ ਅਧਿਆਤਮਿਕ ਭੋਜਨ ਲਈ ਸਾਡੀ ਭੁੱਖ ਵੱਧੇਗੀ।
ਬਾਈਬਲ ਕਿਵੇਂ ਪੜ੍ਹੀਏ
14, 15. (ੳ) ਬਾਈਬਲ ਦਾ ਲੇਖਕ ਸਾਨੂੰ ਕਿਹੜਾ ਵਿਸ਼ੇਸ਼ ਸਨਮਾਨ ਦੇ ਰਿਹਾ ਹੈ? (ਅ) ਅਸੀਂ ਪਰਮੇਸ਼ੁਰੀ ਬੁੱਧੀ ਤੋਂ ਲਾਭ ਕਿਵੇਂ ਪ੍ਰਾਪਤ ਕਰ ਸਕਦੇ ਹਾਂ? (ਉਦਾਹਰਣਾਂ ਦਿਓ।)
14 ਬਾਈਬਲ ਪੜ੍ਹਨ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਤਦ ਹੁੰਦਾ ਹੈ ਜਦ ਅਸੀਂ ਪੜ੍ਹਨ ਤੋਂ ਪਹਿਲਾਂ ਪ੍ਰਾਰਥਨਾ ਕਰਦੇ ਹਾਂ। ਪ੍ਰਾਰਥਨਾ ਇਕ ਬਹੁਤ ਹੀ ਵੱਡਾ ਸਨਮਾਨ ਹੈ। ਫ਼ਰਜ਼ ਕਰੋ ਕਿ ਤੁਸੀਂ ਕਿਸੇ ਔਖੇ ਵਿਸ਼ੇ ਉੱਤੇ ਕਿਤਾਬ ਪੜ੍ਹਨ ਵਾਲੇ ਹੋ ਤੇ ਤੁਸੀਂ ਇਸ ਨੂੰ ਪੜ੍ਹਨ ਤੋਂ ਪਹਿਲਾਂ ਕਿਤਾਬ ਦੇ ਲੇਖਕ ਤੋਂ ਮਦਦ ਮੰਗ ਸਕਦੇ ਹੋ। ਇਸ ਨਾਲ ਤੁਹਾਨੂੰ ਕਿੰਨਾ ਫ਼ਾਇਦਾ ਹੋਵੇਗਾ! ਯਹੋਵਾਹ ਨੇ ਬਾਈਬਲ ਲਿਖਵਾਈ ਹੈ ਅਤੇ ਉਹ ਸਾਨੂੰ ਇਹ ਵਿਸ਼ੇਸ਼ ਸਨਮਾਨ ਦੇ ਰਿਹਾ ਹੈ। ਪਹਿਲੀ ਸਦੀ ਦੀ ਪ੍ਰਬੰਧਕ ਸਭਾ ਦੇ ਇਕ ਮੈਂਬਰ ਨੇ ਆਪਣੇ ਭਰਾਵਾਂ ਨੂੰ ਲਿਖਿਆ: “ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ ਜਿਹੜਾ ਸਭਨਾਂ ਨੂੰ ਖੁਲ੍ਹੇ ਦਿਲ ਨਾਲ ਬਿਨਾ ਉਲਾਂਭੇ ਦੇ ਦਿੰਦਾ ਹੈ, ਤਾਂ ਉਹ ਨੂੰ ਯਾਕੂਬ 1:5, 6) ਅੱਜ ਵੀ ਪ੍ਰਬੰਧਕ ਸਭਾ ਵਾਰ-ਵਾਰ ਇਹੋ ਸਲਾਹ ਦਿੰਦੀ ਹੈ ਕਿ ਅਸੀਂ ਪ੍ਰਾਰਥਨਾ ਕਰ ਕੇ ਬਾਈਬਲ ਪੜ੍ਹੀਏ।
ਦਿੱਤੀ ਜਾਵੇਗੀ। ਪਰ ਨਿਹਚਾ ਨਾਲ ਮੰਗੇ ਅਤੇ ਕੁਝ ਭਰਮ ਨਾ ਕਰੇ।” (15 ਗਿਆਨ ਨੂੰ ਸਹੀ ਤਰੀਕੇ ਨਾਲ ਵਰਤਣ ਨੂੰ ਬੁੱਧੀ ਕਿਹਾ ਜਾਂਦਾ ਹੈ। ਇਸ ਲਈ ਆਪਣੀ ਬਾਈਬਲ ਖੋਲ੍ਹਣ ਤੋਂ ਪਹਿਲਾਂ, ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਉਨ੍ਹਾਂ ਗੱਲਾਂ ਨੂੰ ਸਮਝਣ ਵਿਚ ਮਦਦ ਦੇਵੇ ਜੋ ਤੁਹਾਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨੀਆਂ ਚਾਹੀਦੀਆਂ ਹਨ। ਤੁਸੀਂ ਜਿਹੜੀਆਂ ਵੀ ਨਵੀਆਂ ਗੱਲਾਂ ਸਿੱਖਦੇ ਹੋ, ਉਨ੍ਹਾਂ ਨੂੰ ਪੁਰਾਣੀਆਂ ਗੱਲਾਂ ਨਾਲ ਮਿਲਾ ਕੇ ਦੇਖੋ। ਉਨ੍ਹਾਂ ਨੂੰ “ਖਰੀਆਂ ਗੱਲਾਂ ਦੇ ਨਮੂਨੇ” ਵਿਚ ਫਿੱਟ ਕਰੋ। (2 ਤਿਮੋਥਿਉਸ 1:13) ਯਹੋਵਾਹ ਦੇ ਪੁਰਾਣੇ ਜ਼ਮਾਨੇ ਦੇ ਸੇਵਕਾਂ ਦੀਆਂ ਜ਼ਿੰਦਗੀਆਂ ਵਿਚ ਵਾਪਰੀਆਂ ਘਟਨਾਵਾਂ ਉੱਤੇ ਵਿਚਾਰ ਕਰੋ ਅਤੇ ਆਪਣੇ ਆਪ ਤੋਂ ਪੁੱਛੋ ਕਿ ਜੇ ਤੁਸੀਂ ਉਨ੍ਹਾਂ ਦੀ ਜਗ੍ਹਾ ਹੁੰਦੇ, ਤਾਂ ਤੁਹਾਡਾ ਰਵੱਈਆ ਕੀ ਹੁੰਦਾ।—ਉਤਪਤ 39:7-9; ਦਾਨੀਏਲ 3:3-6, 16-18; ਰਸੂਲਾਂ ਦੇ ਕਰਤੱਬ 4:18-20.
16. ਬਾਈਬਲ ਪੜ੍ਹਨ ਦਾ ਵੱਧ ਤੋਂ ਵੱਧ ਆਨੰਦ ਅਤੇ ਫ਼ਾਇਦਾ ਲੈਣ ਲਈ ਸਾਨੂੰ ਕਿਹੜੇ ਸੁਝਾਅ ਦਿੱਤੇ ਗਏ ਹਨ?
16 ਸਿਰਫ਼ ਸਫ਼ੇ ਪੂਰੇ ਕਰਨ ਲਈ ਹੀ ਬਾਈਬਲ ਨਾ ਪੜ੍ਹੋ। ਬਲਕਿ ਜੋ ਤੁਸੀਂ ਪੜ੍ਹਦੇ ਹੋ, ਉਸ ਨੂੰ ਸਮਝਣ ਲਈ ਸਮਾਂ ਲਗਾਓ। ਜੇ ਤੁਹਾਨੂੰ ਕੋਈ ਗੱਲ ਸਮਝ ਨਹੀਂ ਆਉਂਦੀ ਹੈ, ਤਾਂ ਜੇ ਤੁਹਾਡੀ ਬਾਈਬਲ ਦੇ ਹਾਸ਼ੀਏ ਵਿਚ ਹੋਰ ਆਇਤਾਂ ਦਿੱਤੀਆਂ ਗਈਆਂ ਹਨ, ਤਾਂ ਉਨ੍ਹਾਂ ਨੂੰ ਦੇਖੋ। ਜੇ ਤੁਹਾਨੂੰ ਗੱਲ ਫਿਰ ਵੀ ਸਮਝ ਨਹੀਂ ਆਉਂਦੀ ਹੈ, ਤਾਂ ਹੋਰ ਰਿਸਰਚ ਕਰਨ ਲਈ ਉਸ ਨੂੰ ਨੋਟ ਕਰ ਲਓ। ਪੜ੍ਹਦੇ ਸਮੇਂ ਉਨ੍ਹਾਂ ਆਇਤਾਂ ਤੇ ਨਿਸ਼ਾਨੀ ਲਾ ਲਓ ਜਿਨ੍ਹਾਂ ਨੂੰ ਤੁਸੀਂ ਯਾਦ ਰੱਖਣਾ ਚਾਹੁੰਦੇ ਹੋ। ਤੁਸੀਂ ਬਾਈਬਲ ਦੇ ਹਾਸ਼ੀਏ ਵਿਚ ਵੀ ਕੁਝ ਜਾਣਕਾਰੀ ਜਾਂ ਦੂਸਰੀਆਂ ਆਇਤਾਂ ਲਿਖ ਸਕਦੇ ਹੋ। ਜਿਨ੍ਹਾਂ ਆਇਤਾਂ ਨੂੰ ਤੁਸੀਂ ਸ਼ਾਇਦ ਪ੍ਰਚਾਰ ਕਰਨ ਜਾਂ ਸਿਖਾਉਣ ਦੌਰਾਨ ਇਸਤੇਮਾਲ ਕਰ ਸਕਦੇ ਹੋ, ਉਨ੍ਹਾਂ ਨੂੰ ਨੋਟ ਕਰ ਲਓ। *
ਬਾਈਬਲ ਪੜ੍ਹਨ ਤੋਂ ਆਨੰਦ ਲਓ
17. ਸਾਨੂੰ ਬਾਈਬਲ ਪੜ੍ਹਨ ਤੋਂ ਆਨੰਦ ਕਿਉਂ ਲੈਣਾ ਚਾਹੀਦਾ ਹੈ?
17 ਜ਼ਬੂਰਾਂ ਦੇ ਲਿਖਾਰੀ ਨੇ ਉਸ ਆਦਮੀ ਨੂੰ ਧੰਨ ਕਿਹਾ ਜਿਹੜਾ “ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ।” (ਜ਼ਬੂਰ 1:2) ਬਾਈਬਲ ਪੜ੍ਹਨੀ ਸਾਡੇ ਲਈ ਇਕ ਤਰ੍ਹਾਂ ਦੀ ਰੁਟੀਨ ਨਹੀਂ ਹੋਣੀ ਚਾਹੀਦੀ ਬਲਕਿ ਇਸ ਤੋਂ ਸਾਨੂੰ ਸੱਚਾ ਆਨੰਦ ਮਿਲਣਾ ਚਾਹੀਦਾ ਹੈ। ਆਨੰਦ ਲੈਣ ਦਾ ਇਕ ਤਰੀਕਾ ਹੈ ਕਿ ਅਸੀਂ ਸਿੱਖੀਆਂ ਹੋਈਆਂ ਗੱਲਾਂ ਦੇ ਮਹੱਤਵ ਹਮੇਸ਼ਾ ਯਾਦ ਰੱਖੀਏ। ਬੁੱਧੀਮਾਨ ਰਾਜਾ ਸੁਲੇਮਾਨ ਨੇ ਲਿਖਿਆ ਸੀ: “ਧੰਨ ਹੈ ਉਹ ਆਦਮੀ ਜਿਹ ਨੂੰ ਬੁੱਧ ਲੱਭਦੀ ਹੈ . . . [ਬੁੱਧੀ] ਦੇ ਰਾਹ ਮਨ ਭਾਉਂਦੇ ਅਤੇ ਉਹ ਦੇ ਸਾਰੇ ਪਹੇ ਸ਼ਾਂਤੀ ਦੇ ਹਨ ਜਿਹੜੇ ਉਹ ਨੂੰ ਗ੍ਰਹਿਣ ਕਰਦੇ ਹਨ ਉਹ ਓਹਨਾਂ ਲਈ ਜੀਉਣ ਦਾ ਬਿਰਛ ਹੈ, ਅਤੇ ਜੋ ਕੋਈ ਉਹ ਨੂੰ ਫੜੀ ਰੱਖਦਾ ਹੈ ਉਹ ਖੁਸ਼ ਰਹਿੰਦਾ ਹੈ।” (ਕਹਾਉਤਾਂ 3:13, 17, 18) ਬੁੱਧੀ ਨੂੰ ਪ੍ਰਾਪਤ ਕਰਨ ਦੇ ਜਤਨਾਂ ਦਾ ਸੱਚ-ਮੁੱਚ ਫ਼ਾਇਦਾ ਹੁੰਦਾ ਹੈ ਕਿਉਂਕਿ ਇਸ ਦੇ ਰਾਹ ਮਨਭਾਉਂਦੇ ਹਨ ਜਿਸ ਤੋਂ ਸ਼ਾਂਤੀ, ਖ਼ੁਸ਼ੀ ਅਤੇ ਜ਼ਿੰਦਗੀ ਮਿਲਦੀ ਹੈ।
18. ਬਾਈਬਲ ਪੜ੍ਹਨ ਦੇ ਨਾਲ-ਨਾਲ ਸਾਨੂੰ ਹੋਰ ਕੀ ਕਰਨਾ ਚਾਹੀਦਾ ਹੈ ਅਤੇ ਅਸੀਂ ਅਗਲੇ ਲੇਖ ਵਿਚ ਕਿਸ ਗੱਲ ਤੇ ਵਿਚਾਰ ਕਰਾਂਗੇ?
18 ਜੀ ਹਾਂ, ਬਾਈਬਲ ਪੜ੍ਹਨ ਤੋਂ ਆਨੰਦ ਮਿਲਦਾ ਹੈ ਤੇ ਫ਼ਾਇਦਾ ਹੁੰਦਾ ਹੈ। ਪਰ ਕੀ ਇੰਨਾ ਹੀ ਕਾਫ਼ੀ ਹੈ? ਈਸਾਈ-ਜਗਤ ਦੇ ਗਿਰਜਿਆਂ ਵਿਚ ਸਦੀਆਂ ਤੋਂ ਬਾਈਬਲ ਪੜ੍ਹੀ ਗਈ ਹੈ, ਤੇ ਉਹ ‘ਸਦਾ ਸਿੱਖਦੇ ਤਾਂ ਰਹਿੰਦੇ ਹਨ ਪਰ ਸਤ ਦੇ ਗਿਆਨ ਨੂੰ ਕਦੇ ਅੱਪੜ ਨਹੀਂ ਸੱਕਦੇ।’ (2 ਤਿਮੋਥਿਉਸ 3:7) ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਬਾਈਬਲ ਪੜ੍ਹਨ ਤੋਂ ਫ਼ਾਇਦਾ ਹੋਵੇ, ਤਾਂ ਜੋ ਵੀ ਅਸੀਂ ਇਸ ਵਿੱਚੋਂ ਸਿੱਖਦੇ ਹਾਂ, ਉਸ ਨੂੰ ਸਾਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਚਾਹੀਦਾ ਹੈ ਅਤੇ ਪ੍ਰਚਾਰ ਕਰਨ ਅਤੇ ਸਿਖਾਉਣ ਦੇ ਕੰਮ ਵਿਚ ਇਸਤੇਮਾਲ ਕਰਨਾ ਚਾਹੀਦਾ ਹੈ। (ਮੱਤੀ 24:14; 28:19, 20) ਇਸ ਲਈ ਜਤਨ ਅਤੇ ਅਧਿਐਨ ਕਰਨ ਦੇ ਚੰਗੇ ਤਰੀਕੇ ਅਪਣਾਉਣ ਦੀ ਲੋੜ ਹੈ ਜਿਨ੍ਹਾਂ ਤੋਂ ਸਾਨੂੰ ਆਨੰਦ ਵੀ ਮਿਲੇ ਤੇ ਫ਼ਾਇਦਾ ਵੀ ਹੈ। ਇਸ ਬਾਰੇ ਆਪਾਂ ਅਗਲੇ ਲੇਖ ਵਿਚ ਪੜ੍ਹਾਂਗੇ।
[ਫੁਟਨੋਟ]
^ ਪੈਰਾ 9 ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਛਾਪੀ ਗਈ ਕਿਤਾਬ ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ), ਸਫ਼ਾ 241 ਦੇਖੋ।
^ ਪੈਰਾ 16 1 ਮਈ 1995 (ਅੰਗ੍ਰੇਜ਼ੀ) ਦੇ ਪਹਿਰਾਬੁਰਜ ਦੇ ਸਫ਼ੇ 16-17 ਉੱਤੇ “ਬਾਈਬਲ ਪੜ੍ਹਨ ਸੰਬੰਧੀ ਸੁਝਾਅ” ਦੇਖੋ।
ਵਿਚਾਰ ਕਰਨ ਲਈ ਸਵਾਲ
• ਇਸਰਾਏਲ ਦੇ ਰਾਜਿਆਂ ਨੂੰ ਕਿਹੜੀ ਸਲਾਹ ਦਿੱਤੀ ਗਈ ਸੀ ਜੋ ਅੱਜ ਦੇ ਨਿਗਾਹਬਾਨਾਂ ਨੂੰ ਵੀ ਸਵੀਕਾਰ ਕਰਨੀ ਚਾਹੀਦੀ ਹੈ ਅਤੇ ਕਿਉਂ?
• ਅੱਜ ਕਿਹੜੇ ਲੋਕ ‘ਪਰਦੇਸੀਆਂ’ ਅਤੇ “ਨਿਆਣਿਆਂ” ਵਰਗੇ ਹਨ ਅਤੇ ਉਨ੍ਹਾਂ ਨੂੰ ਰੋਜ਼ ਬਾਈਬਲ ਪੜ੍ਹਨ ਦੀ ਕਿਉਂ ਲੋੜ ਹੈ?
• “ਮਾਤਬਰ ਅਤੇ ਬੁੱਧਵਾਨ ਨੌਕਰ” ਕਿਨ੍ਹਾਂ ਤਰੀਕਿਆਂ ਵਿਚ ਨਿਯਮਿਤ ਤੌਰ ਤੇ ਬਾਈਬਲ ਪੜ੍ਹਨ ਵਿਚ ਸਾਡੀ ਮਦਦ ਕਰਦਾ ਹੈ?
• ਅਸੀਂ ਬਾਈਬਲ ਪੜ੍ਹਨ ਤੋਂ ਸੱਚਾ ਆਨੰਦ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਅਤੇ ਕਿਵੇਂ ਫ਼ਾਇਦਾ ਲੈ ਸਕਦੇ ਹਾਂ?
[ਸਵਾਲ]
[ਸਫ਼ੇ 9 ਉੱਤੇ ਤਸਵੀਰ]
ਖ਼ਾਸ ਕਰਕੇ ਬਜ਼ੁਰਗਾਂ ਨੂੰ ਰੋਜ਼ ਬਾਈਬਲ ਪੜ੍ਹਨ ਦੀ ਲੋੜ ਹੈ
[ਸਫ਼ੇ 10 ਉੱਤੇ ਤਸਵੀਰ]
ਯਿਸੂ ਯਹੂਦੀ ਸਭਾ ਘਰ ਵਿਚ ਸ਼ਾਸਤਰ ਪੜ੍ਹਦਾ ਸੀ