Skip to content

Skip to table of contents

ਮੈਨੂੰ ਇਕ ਖ਼ਾਸ ਵਿਰਾਸਤ ਮਿਲੀ

ਮੈਨੂੰ ਇਕ ਖ਼ਾਸ ਵਿਰਾਸਤ ਮਿਲੀ

ਜੀਵਨੀ

ਮੈਨੂੰ ਇਕ ਖ਼ਾਸ ਵਿਰਾਸਤ ਮਿਲੀ

ਕੈਰੋਲ ਐਲਨ ਦੀ ਜ਼ਬਾਨੀ

ਮੈਂ ਆਪਣੇ ਹੱਥਾਂ ਵਿਚ ਘੁੱਟ ਕੇ ਆਪਣੀ ਨਵੀਂ ਕਿਤਾਬ ਫੜੀ ਹੋਈ ਸੀ। ਮੈਂ ਇਕੱਲੀ ਖੜ੍ਹੀ ਸੀ ਤੇ ਡਰ ਨਾਲ ਮੇਰੀਆਂ ਅੱਖਾਂ ਵਿੱਚੋਂ ਅੱਥਰੂ ਨਿਕਲ ਰਹੇ ਸਨ। ਮੇਰੀ ਉਮਰ ਵੀ ਤਾਂ ਸਿਰਫ਼ ਸੱਤਾਂ ਸਾਲਾਂ ਦੀ ਸੀ ਨਾਲੇ ਮੈਂ ਇਕ ਓਪਰੇ ਸ਼ਹਿਰ ਵਿਚ ਹਜ਼ਾਰਾਂ ਅਜਨਬੀਆਂ ਵਿਚ ਇਕੱਲੀ ਖੜ੍ਹੀ ਸੀ!

ਹਾਲ ਹੀ ਵਿਚ, ਤਕਰੀਬਨ 60 ਸਾਲ ਬਾਅਦ, ਜਦੋਂ ਮੈਂ ਆਪਣੇ ਪਤੀ ਨਾਲ ਪੈਟਰਸਨ, ਨਿਊਯਾਰਕ, ਵਿਚ ਵਾਚਟਾਵਰ ਸਿੱਖਿਆ ਕੇਂਦਰ ਗਈ ਤਾਂ ਬਚਪਨ ਦੀਆਂ ਪੁਰਾਣੀਆਂ ਯਾਦਾਂ ਮੁੜ ਤਾਜ਼ਾ ਹੋ ਗਈਆਂ। ਉੱਥੇ ਮੇਰੇ ਪਤੀ ਨੂੰ ਯਹੋਵਾਹ ਦੇ ਗਵਾਹਾਂ ਦੇ ਸਫ਼ਰੀ ਨਿਗਾਹਬਾਨਾਂ ਦੇ ਸਕੂਲ ਦੀ ਦੂਜੀ ਕਲਾਸ ਲਈ ਬੁਲਾਇਆ ਗਿਆ ਸੀ।

ਜਦੋਂ ਅਸੀਂ ਉੱਥੇ ਦੀ ਡਿਓੜ੍ਹੀ ਦੇ ਆਲੇ-ਦੁਆਲੇ ਝਾਤੀ ਮਾਰ ਰਹੇ ਸਾਂ ਤਾਂ ਮੇਰੀ ਨਜ਼ਰ ਇਕ ਬੋਰਡ ਤੇ ਪਈ ਜਿੱਥੇ ਲਿਖਿਆ ਸੀ — “ਸੰਮੇਲਨ।” ਗੱਬੇ ਮੈਂ ਬੱਚਿਆਂ ਦੀ ਇਕ ਫੋਟੋ ਦੇਖੀ ਜਿਸ ਵਿਚ ਉਹ ਬੜੇ ਜੋਸ਼ ਨਾਲ ਆਪਣੀਆਂ ਕਿਤਾਬਾਂ ਦਿਖਾ ਰਹੇ ਸਨ। ਇਹ ਉਹੀ ਕਿਤਾਬ ਸੀ ਜੋ ਮੈਨੂੰ ਬਚਪਨ ਵਿਚ ਮਿਲੀ ਸੀ! ਮੈਂ ਫਟਾਫਟ ਫੋਟੋ ਦਾ ਸਿਰਲੇਖ ਪੜ੍ਹਿਆ: “1941—ਸੈਂਟ ਲੂਈਸ, ਮਿਸੂਰੀ ਵਿਚ, ਜਦੋਂ ਸਵੇਰ ਦਾ ਸੈਸ਼ਨ ਸ਼ੁਰੂ ਹੋਇਆ ਤਾਂ 5 ਤੋਂ 18 ਸਾਲ ਦੀ ਉਮਰ ਦੇ 15,000 ਬੱਚੇ ਸਟੇਜ ਦੇ ਸਾਮ੍ਹਣੇ ਇਕੱਠੇ ਹੋਏ। . . . ਭਰਾ ਰਦਰਫ਼ਰਡ ਨੇ ਅੰਗ੍ਰੇਜ਼ੀ ਵਿਚ “ਬੱਚੇ” ਨਾਮਕ ਇਕ ਕਿਤਾਬ ਰਿਲੀਸ ਕੀਤੀ।”

ਹਰ ਬੱਚੇ ਨੂੰ ਇਕ-ਇਕ ਕਿਤਾਬ ਦਿੱਤੀ ਗਈ। ਇਸ ਤੋਂ ਬਾਅਦ, ਸਾਰੇ ਬੱਚੇ ਆਪਣੇ-ਆਪਣੇ ਮਾਪਿਆਂ ਕੋਲ ਵਾਪਸ ਜਾ ਕੇ ਬੈਠ ਗਏ ਪਰ ਮੈਂ ਇਕੱਲੀ ਖੜ੍ਹੀ ਰਹੀ। ਕਿਉਂ? ਕਿਉਂਕਿ ਭੀੜ ਵਿਚ ਮੈਨੂੰ ਆਪਣੇ ਮਾਪੇ ਨਹੀਂ ਦਿੱਸ ਰਹੇ ਸਨ! ਇਕ ਭਰਾ ਨੇ ਮੈਨੂੰ ਚੁੱਕ ਕੇ ਇਕ ਵੱਡੀ ਚੰਦੇ ਦੀ ਪੇਟੀ ਉੱਤੇ ਖੜ੍ਹਾ ਕਰ ਦਿੱਤਾ ਤੇ ਮੈਨੂੰ ਆਪਣੇ ਮਾਂ-ਬਾਪ ਜਾਂ ਕਿਸੇ ਜਾਣ-ਪਛਾਣ ਵਾਲੇ ਨੂੰ ਲੱਭਣ ਦੀ ਕੋਸ਼ਿਸ਼ ਕਰਨ ਲਈ ਕਿਹਾ। ਮੈਂ ਪੌੜੀਆਂ ਤੋਂ ਉਤਰਦੀ ਭੀੜ ਉੱਤੇ ਨਜ਼ਰ ਲਾਈ ਰੱਖੀ ਤਾਂਕਿ ਕੋਈ-ਨ-ਕੋਈ ਦਿੱਸ ਪਵੇ। ਫਿਰ ਅਚਾਨਕ, ਮੈਨੂੰ ਇਕ ਜਾਣਿਆ-ਪਛਾਣਿਆ ਚਿਹਰਾ ਦਿੱਸ ਪਿਆ! “ਬਾੱਬ ਚਾਚਾ!” ਮੇਰੇ ਹੰਝੂ ਓੱਥੇ ਹੀ ਥੰਮ ਗਏ! ਬਾੱਬ ਰੇਨਰ, ਮੇਰੇ ਚਾਚੇ ਨੇ ਆ ਕੇ ਮੈਨੂੰ ਚੁੱਕਿਆ ਤੇ ਮੇਰੇ ਮਾਪਿਆਂ ਕੋਲ ਪਹੁੰਚਾ ਦਿੱਤਾ ਜਿਨ੍ਹਾਂ ਦਾ ਫ਼ਿਕਰ ਨਾਲ ਸਾਹ ਸੁੱਕਿਆ ਜਾ ਰਿਹਾ ਸੀ।

ਮੇਰੀ ਜ਼ਿੰਦਗੀ ਨੂੰ ਮਕਸਦ ਦੇਣ ਵਾਲੀਆਂ ਬਚਪਨ ਦੀਆਂ ਘਟਨਾਵਾਂ

ਉਸ ਬੋਰਡ ਨੂੰ ਦੇਖ ਕੇ ਮੈਨੂੰ ਇਕ-ਇਕ ਕਰਕੇ ਉਹ ਸਾਰੀਆਂ ਗੱਲਾਂ ਚੇਤੇ ਆਉਣ ਲੱਗੀਆਂ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ ਸੀ ਤੇ ਜਿਸ ਦੇ ਸਦਕਾ ਅਸੀਂ ਅੱਜ ਪੈਟਰਸਨ ਵਿਚ ਵੀ ਖੜ੍ਹੇ ਸੀ। ਤਕਰੀਬਨ 100 ਸਾਲ ਪਹਿਲਾਂ ਦੀਆਂ ਉਹ ਗੱਲਾਂ ਮੁੜ ਤਾਜ਼ਾ ਹੋ ਗਈਆਂ ਜੋ ਖ਼ਾਸ ਤੌਰ ਤੇ ਮੈਂ ਆਪਣੇ ਦਾਦਾ-ਦਾਦੀ ਤੇ ਮਾਪਿਆਂ ਕੋਲੋਂ ਸੁਣੀਆਂ ਸਨ।

ਦਸੰਬਰ 1894 ਵਿਚ ਮੇਰੇ ਦਾਦਾ ਜੀ ਕਲੇਟਨ ਜੇ. ਵੁਡਵਰਥ ਦੀ ਗੱਲਬਾਤ ਯਹੋਵਾਹ ਦੇ ਇਕ ਪੂਰਣ-ਕਾਲੀ ਗਵਾਹ ਨਾਲ ਹੋਈ। ਦਾਦਾ ਜੀ ਦਾ ਉਸ ਵੇਲੇ ਨਵਾਂ-ਨਵਾਂ ਵਿਆਹ ਹੋਇਆ ਸੀ ਤੇ ਉਹ ਉਸ ਵੇਲੇ ਸਕਰੈਨਟਨ ਯੂ. ਐੱਸ. ਏ. ਪੈਨਸਿਲਵੇਨੀਆ ਵਿਚ ਰਹਿੰਦੇ ਸਨ। ਦਾਦਾ ਜੀ ਨੇ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੇ ਪ੍ਰਧਾਨ ਚਾਰਲਸ ਟੇਜ਼ ਰਸਲ ਨੂੰ ਇਕ ਖ਼ਤ ਲਿਖਿਆ ਜੋ ਅੰਗ੍ਰੇਜ਼ੀ ਵਿਚ 15 ਜੂਨ 1895 ਦੇ ਪਹਿਰਾਬੁਰਜ ਵਿਚ ਛਪਿਆ। ਉਸ ਦੀਆਂ ਕੁਝ ਲਾਈਨਾਂ ਇਹ ਹਨ:

“ਅਸੀਂ ਨੌਜਵਾਨ ਪਤੀ-ਪਤਨੀ ਤਕਰੀਬਨ ਦਸਾਂ ਸਾਲਾਂ ਤੋਂ ਇਕ ਚਰਚ ਦੇ ਮੈਂਬਰ ਹਾਂ। ਪਰ ਹੁਣ ਸਾਨੂੰ ਪੂਰਾ ਵਿਸ਼ਵਾਸ ਹੋ ਗਿਆ ਹੈ ਕਿ ਅਸੀਂ ਇਸ ਦੇ ਹਨੇਰੇ ਤੋਂ ਨਵੇਂ ਦਿਨ ਦੀ ਰੋਸ਼ਨੀ ਵੱਲ ਜਾ ਰਹੇ ਹਾਂ ਜਿਹੜਾ ਹੁਣ ਅੱਤ-ਮਹਾਨ ਦੇ ਪਵਿੱਤਰ ਬੱਚਿਆਂ ਲਈ ਚੜ੍ਹ ਰਿਹਾ ਹੈ। . . . ਇਕ ਦੂਜੇ ਨੂੰ ਮਿਲਣ ਤੋਂ ਬਹੁਤ ਚਿਰ ਪਹਿਲਾਂ ਸਾਡੀ ਦੋਹਾਂ ਦੀ ਦਿਲੀ ਇੱਛਾ ਸੀ ਕਿ ਜੇ ਪ੍ਰਭੂ ਦੀ ਇੱਛਾ ਹੋਵੇ ਤਾਂ ਅਸੀਂ ਮਿਸ਼ਨਰੀਆਂ ਵਜੋਂ ਦੂਜੇ ਦੇਸ਼ਾਂ ਵਿਚ ਜਾ ਕੇ ਉਸ ਦੀ ਸੇਵਾ ਕਰ ਸਕੀਏ।”

ਬਾਅਦ ਵਿਚ 1903 ਵਿਚ ਵਾਚ ਟਾਵਰ ਸੋਸਾਇਟੀ ਵੱਲੋਂ ਦੋ ਆਦਮੀਆਂ ਨੇ ਮੇਰੇ ਪੜਨਾਨਾ ਅਤੇ ਪੜਨਾਨੀ ਸਬੇਸਚਿਅਨ ਅਤੇ ਕੈਥਰੀਨ ਕ੍ਰੇਜ਼ਗੀ ਨਾਲ ਬਾਈਬਲ ਬਾਰੇ ਚਰਚਾ ਕੀਤੀ ਤੇ ਨਤੀਜੇ ਵਜੋਂ ਦੋਹਾਂ ਨੇ ਸੱਚਾਈ ਖ਼ੁਸ਼ੀ-ਖ਼ੁਸ਼ੀ ਗਲ ਲਾ ਲਈ। ਉਸ ਵੇਲੇ ਇਹ ਦੋਵੇਂ ਪੈਨਸਿਲਵੇਨੀਆ ਦੀਆਂ ਸੋਹਣੀਆਂ ਪਕੋਨੋ ਪਹਾੜੀਆਂ ਵਿਚ ਇਕ ਫਾਰਮ ਵਿਚ ਰਹਿੰਦੇ ਸਨ। ਉਨ੍ਹਾਂ ਦੀਆਂ ਦੋਵੇਂ ਧੀਆਂ ਕੋਰਾ ਅਤੇ ਮੈਰੀ ਵੀ ਆਪਣੇ ਪਤੀਆਂ ਵਾਸ਼ਿੰਗਟਨ ਅਤੇ ਐਡਮੰਡ ਹਾਵੇਲ ਨਾਲ ਉੱਥੇ ਹੀ ਰਹਿੰਦੀਆਂ ਸਨ। ਵਾਚ ਟਾਵਰ ਤੋਂ ਆਏ ਕਾਰਲ ਹੈਮਰਲੀ ਅਤੇ ਰੇ ਰੈਟਕਲਿਫ਼ ਉਨ੍ਹਾਂ ਨਾਲ ਰਹਿ ਕੇ ਪੂਰੇ ਹਫ਼ਤੇ ਲਈ ਬਾਈਬਲ ਬਾਰੇ ਗੱਲਬਾਤ ਕਰਦੇ ਰਹੇ। ਪੂਰੇ ਪਰਿਵਾਰ ਨੇ ਚੰਗੀ ਤਰ੍ਹਾਂ ਸੁਣਿਆ, ਸਟੱਡੀ ਕੀਤੀ, ਅਤੇ ਛੇਤੀ ਹੀ ਜੋਸ਼ੀਲੇ ਬਾਈਬਲ ਵਿਦਿਆਰਥੀ ਬਣ ਗਏ।

ਉਸ ਸਾਲ, 1903 ਵਿਚ ਕੋਰਾ ਅਤੇ ਵਾਸ਼ਿੰਗਟਨ ਹਾਵੇਲ ਦੇ ਘਰ ਇਕ ਕੁੜੀ ਨੇ ਜਨਮ ਲਿਆ। ਉਨ੍ਹਾਂ ਨੇ ਉਸ ਦਾ ਨਾਂ ਕੈਥਰੀਨ ਰੱਖਿਆ। ਉਸ ਦਾ ਵਿਆਹ ਮੇਰੇ ਪਿਤਾ ਜੀ ਕਲੇਟਨ ਜੇ. ਵੁਡੁਵਰਥ ਨਾਲ ਕਿਵੇਂ ਹੋਇਆ, ਇਹ ਇਕ ਦਿਲਚਸਪ ਕਹਾਣੀ ਹੈ। ਇਸ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਮੇਰੇ ਦਾਦਾ ਜੀ ਕਲੇਟਨ ਜੇ. ਵੁਡਵਰਥ ਆਪਣੇ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਤੇ ਉਨ੍ਹਾਂ ਦੇ ਭਵਿੱਖ ਲਈ ਦੂਰ ਦੀ ਸੋਚਦੇ ਸਨ।

ਮੇਰੇ ਪਿਤਾ ਜੀ ਨੂੰ ਪ੍ਰੇਮਮਈ ਮਦਦ ਮਿਲੀ

ਮੇਰੇ ਪਿਤਾ ਜੀ, ਕਲੇਟਨ ਜੂਨੀਅਰ 1906 ਵਿਚ ਸਕਰੈਨਟਨ ਵਿਚ ਪੈਦਾ ਹੋਏ ਜੋ ਕਿ ਹਾਵੇਲ ਪਰਿਵਾਰ ਦੇ ਫਾਰਮ ਤੋਂ 50 ਕੁ ਮੀਲ ਦੂਰ ਸੀ। ਉਸ ਸਮੇਂ ਤਕ ਦਾਦਾ ਜੀ ਦੀ ਹਾਵੇਲ ਪਰਿਵਾਰ ਨਾਲ ਚੰਗੀ ਦੋਸਤੀ ਹੋ ਚੁੱਕੀ ਸੀ, ਅਤੇ ਅਕਸਰ ਉਨ੍ਹਾਂ ਦੇ ਘਰ ਖਾਣ-ਪੀਣ ਲਈ ਜਾਂਦੇ ਹੁੰਦੇ ਸਨ। ਦਾਦਾ ਜੀ ਨੇ ਉਸ ਇਲਾਕੇ ਦੇ ਬਾਈਬਲ ਵਿਦਿਆਰਥੀਆਂ ਦੀ ਕਾਫ਼ੀ ਮਦਦ ਕੀਤੀ। ਹਾਵਲ ਮੁੰਡਿਆਂ ਦੇ ਵੱਡੇ ਹੋਣ ਤੇ ਦਾਦਾ ਜੀ ਨੂੰ ਉਨ੍ਹਾਂ ਦੇ ਵਿਆਹਾਂ ਦੇ ਭਾਸ਼ਣ ਦੇਣ ਲਈ ਕਿਹਾ ਗਿਆ। ਦਾਦਾ ਜੀ ਆਪਣੇ ਮੁੰਡੇ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਨੂੰ ਵੀ ਹਰ ਵਿਆਹ ਵਿਚ ਨਾਲ ਲੈ ਕੇ ਗਏ।

ਉਸ ਵੇਲੇ ਮੇਰੇ ਪਿਤਾ ਜੀ ਪ੍ਰਚਾਰ ਦੇ ਕੰਮ ਵਿਚ ਨਹੀਂ ਜਾਂਦੇ ਸਨ। ਇਹ ਸਹੀ ਹੈ ਕਿ ਉਹ ਦਾਦਾ ਜੀ ਨੂੰ ਪ੍ਰਚਾਰ ਕਰਨ ਲਈ ਗੱਡੀ ਵਿਚ ਛੱਡਣ ਜਾਂਦੇ ਹੁੰਦੇ ਸਨ, ਪਰ ਦਾਦਾ ਜੀ ਵੱਲੋਂ ਕਈ ਵਾਰ ਉਤਸ਼ਾਹਿਤ ਕਰਨ ਤੇ ਵੀ ਉਨ੍ਹਾਂ ਨੇ ਪ੍ਰਚਾਰ ਵਿਚ ਹਿੱਸਾ ਨਹੀਂ ਲਿਆ। ਉਸ ਸਮੇਂ ਪਿਤਾ ਜੀ ਦਾ ਧਿਆਨ ਸਿਰਫ਼ ਸੰਗੀਤ ਵੱਲ ਹੀ ਸੀ ਤੇ ਉਹ ਸੰਗੀਤ ਨੂੰ ਪੇਸ਼ੇ ਦੇ ਤੌਰ ਤੇ ਅਪਣਾਉਣਾ ਚਾਹੁੰਦੇ ਸਨ।

ਕੋਰਾ ਅਤੇ ਵਾਸ਼ਿੰਗਟਨ ਹਾਵੇਲ ਦੀ ਧੀ ਕੈਥਰੀਨ ਵੀ ਸੰਗੀਤ ਵਿਚ ਕਾਫ਼ੀ ਮਾਹਰ ਸੀ। ਉਹ ਪਿਆਨੋ ਵਜਾਉਂਦੀ ਤੇ ਸਿਖਾਉਂਦੀ ਵੀ ਸੀ। ਪਰ ਜਦੋਂ ਸੰਗੀਤ ਦੀ ਦੁਨੀਆਂ ਵਿਚ ਇਕ ਸ਼ਾਨਦਾਰ ਭਵਿੱਖ ਉਸ ਦੇ ਸਾਮ੍ਹਣੇ ਆਇਆ, ਉਸ ਨੂੰ ਠੁਕਰਾ ਕੇ ਉਹ ਪੂਰਣ-ਕਾਲੀ ਸੇਵਕਾਈ ਕਰਨ ਲੱਗ ਪਈ। ਦਾਦਾ ਜੀ ਨੇ ਸੋਚਿਆ ਕਿ ਉਨ੍ਹਾਂ ਦੇ ਪੁੱਤਰ ਲਈ ਕੈਥਰੀਨ ਤੋਂ ਵਧੀਆ ਜੀਵਨ-ਸਾਥੀ ਨਹੀਂ ਲੱਭ ਸਕਦਾ। ਇਸ ਲਈ ਜੂਨ 1931 ਵਿਚ ਪਿਤਾ ਜੀ ਦੇ ਬਪਤਿਸਮਾ ਹੋਣ ਤੋਂ ਛੇ ਮਹੀਨਿਆਂ ਬਾਅਦ ਉਨ੍ਹਾਂ ਦੋਹਾਂ ਦਾ ਵਿਆਹ ਹੋ ਗਿਆ।

ਦਾਦਾ ਜੀ ਨੂੰ ਆਪਣੇ ਮੁੰਡੇ ਦੀ ਸੰਗੀਤਕ ਯੋਗਤਾ ਤੇ ਬੜਾ ਮਾਣ ਸੀ। ਉਹ ਉਦੋਂ ਹੱਦੋਂ ਵੱਧ ਖ਼ੁਸ਼ ਹੋਏ ਜਦੋਂ ਪਿਤਾ ਜੀ ਨੂੰ 1946 ਵਿਚ ਕਲੀਵਲੈਂਡ, ਓਹੀਓ ਵਿਚ ਹੋਣ ਵਾਲੇ ਵੱਡੇ ਸੰਮੇਲਨ ਵਿਚ ਆਰਕੈਸਟਰਾ ਦੀ ਟ੍ਰੇਨਿੰਗ ਦੇਣ ਲਈ ਕਿਹਾ ਗਿਆ। ਅਗਲੇ ਸਾਲਾਂ ਵਿਚ ਪਿਤਾ ਜੀ ਨੇ ਹੋਰ ਕਈ ਸੰਮੇਲਨਾਂ ਵਿਚ ਆਰਕੈਸਟਰਾ ਦਾ ਸੰਚਾਲਨ ਕੀਤਾ।

ਦਾਦਾ ਜੀ ਦੀ ਅਜ਼ਮਾਇਸ਼ ਅਤੇ ਜੇਲ੍ਹ ਦੀ ਜ਼ਿੰਦਗੀ

ਪੈਟਰਸਨ ਦੀ ਡਿਓੜ੍ਹੀ ਵਿਚ ਮੈਂ ਅਤੇ ਪੌਲ ਨੇ ਉਹ ਤਸਵੀਰ ਵੀ ਦੇਖੀ ਜੋ ਅਗਲੇ ਸਫ਼ੇ ਤੇ ਦਿੱਤੀ ਗਈ ਹੈ। ਮੈਂ ਝੱਟ ਫੋਟੋ ਪਛਾਣ ਲਈ ਕਿਉਂਕਿ ਇਸ ਫੋਟੋ ਦੀ ਇਕ ਕਾਪੀ ਦਾਦਾ ਜੀ ਨੇ 50 ਸਾਲ ਪਹਿਲਾਂ ਮੈਨੂੰ ਭੇਜੀ ਸੀ। ਫੋਟੋ ਵਿਚ ਉਹ ਦੂਰ ਸੱਜੇ ਪਾਸੇ ਖੜ੍ਹੇ ਹਨ।

ਪਹਿਲੇ ਵਿਸ਼ਵ ਯੁੱਧ ਦੌਰਾਨ ਜਦੋਂ ਚਾਰੇ ਪਾਸੇ ਦੇਸ਼ਭਗਤੀ ਦਾ ਬੋਲਬਾਲਾ ਸੀ, ਇਨ੍ਹਾਂ ਅੱਠ ਬਾਈਬਲ ਵਿਦਿਆਰਥੀਆਂ ਨੂੰ ਨਾਜਾਇਜ਼ ਢੰਗ ਨਾਲ ਕੈਦ ਕਰ ਲਿਆ ਗਿਆ। ਇਨ੍ਹਾਂ ਵਿਚ ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ ਭਰਾ ਰਦਰਫ਼ਰਡ (ਗੱਬੇ ਬੈਠੇ) ਵੀ ਸਨ। ਇਨ੍ਹਾਂ ਭਰਾਵਾਂ ਦੀ ਜ਼ਮਾਨਤ ਕਰਨ ਤੋਂ ਵੀ ਨਾ ਕਰ ਦਿੱਤੀ ਗਈ। ਉਨ੍ਹਾਂ ਨੂੰ ਸਜ਼ਾ ਇਸ ਲਈ ਮਿਲੀ ਕਿਉਂਕਿ ਉਨ੍ਹਾਂ ਵੱਲੋਂ ਛਾਪੇ ਸ਼ਾਸਤਰ ਦਾ ਅਧਿਐਨ (ਅੰਗ੍ਰੇਜ਼ੀ) ਦੇ ਸਤਵੇਂ ਖੰਡ ਵਿਚ ਲਿਖੀਆਂ ਗੱਲਾਂ ਦਾ ਗ਼ਲਤ ਮਤਲਬ ਸਮਝਿਆ ਗਿਆ। ਇਸ ਦਾ ਸਿਰਲੇਖ ਸੀ—ਸਮਾਪਤ ਰਹੱਸ (ਅੰਗ੍ਰੇਜ਼ੀ)। ਗ਼ਲਤੀ ਨਾਲ ਇਹ ਸਮਝਿਆ ਗਿਆ ਕਿ ਇਸ ਕਿਤਾਬ ਵਿਚ ਪਹਿਲੇ ਵਿਸ਼ਵ ਯੁੱਧ ਵਿਚ ਹਿੱਸਾ ਨਾ ਲੈਣ ਲਈ ਲੋਕਾਂ ਨੂੰ ਵਰਗਲਾਇਆ ਗਿਆ ਸੀ।

ਕਈ ਸਾਲਾਂ ਤਕ ਭਰਾ ਚਾਰਲਸ ਟੇਜ਼ ਰਸਲ ਨੇ ਸ਼ਾਸਤਰ ਦਾ ਅਧਿਐਨ ਦੇ ਪਹਿਲੇ ਛੇ ਖੰਡ ਲਿਖੇ, ਪਰ ਸੱਤਵਾਂ ਲਿਖਣ ਤੋਂ ਪਹਿਲਾਂ ਹੀ ਉਹ ਗੁਜ਼ਰ ਗਏ। ਇਸ ਲਈ ਉਨ੍ਹਾਂ ਦੇ ਨੋਟ ਦਾਦਾ ਜੀ ਅਤੇ ਇਕ ਹੋਰ ਬਾਈਬਲ ਵਿਦਿਆਰਥੀ ਨੂੰ ਦਿੱਤੇ ਗਏ ਸਨ ਤੇ ਇਨ੍ਹਾਂ ਨੇ ਰਲ ਕੇ ਸੱਤਵਾਂ ਖੰਡ ਲਿਖਿਆ। ਇਸ ਨੂੰ ਪਹਿਲੇ ਵਿਸ਼ਵ ਯੁੱਧ ਦੇ ਖ਼ਤਮ ਹੋਣ ਤੋਂ ਪਹਿਲਾਂ 1917 ਵਿਚ ਰਿਲੀਸ ਕੀਤਾ ਗਿਆ। ਮੁਕੱਦਮੇ ਤੇ ਦਾਦਾ ਜੀ ਤੇ ਹੋਰਨਾਂ ਨੂੰ ਵੀ 80-80 ਸਾਲਾਂ ਦੀ ਸਜ਼ਾ ਸੁਣਾਈ ਗਈ।

ਪੈਟਰਸਨ ਦੀ ਡਿਓੜ੍ਹੀ ਵਿਚ ਇਸ ਤਸਵੀਰ ਹੇਠਾਂ ਇਹ ਲਿਖਿਆ ਸੀ: “ਭਰਾ ਰਦਰਫ਼ਰਡ ਅਤੇ ਉਸ ਦੇ ਸਾਥੀਆਂ ਨੇ ਜੇਲ੍ਹ ਵਿਚ ਨੌਂ ਮਹੀਨੇ ਕੱਟੇ, ਤੇ ਲੜਾਈ ਵੀ ਖ਼ਤਮ ਹੋ ਚੁੱਕੀ ਸੀ। ਫਿਰ 21 ਮਾਰਚ 1919 ਨੂੰ ਅਪੀਲ ਕੋਰਟ ਨੇ ਇਨ੍ਹਾਂ ਅੱਠਾਂ ਦੋਸ਼ੀਆਂ ਲਈ ਜ਼ਮਾਨਤ ਮਨਜ਼ੂਰ ਕਰਨ ਦਾ ਹੁਕਮ ਸੁਣਾਇਆ ਤੇ ਅਖ਼ੀਰ ਉਨ੍ਹਾਂ ਨੂੰ ਮਾਰਚ 26 ਨੂੰ ਰਿਹਾ ਕਰ ਦਿੱਤਾ ਗਿਆ। ਹਰੇਕ ਲਈ 10,000 ਡਾਲਰ ਦੀ ਜ਼ਮਾਨਤ ਦਿੱਤੀ ਗਈ। ਫਿਰ 5 ਮਈ 1920 ਨੂੰ ਉਨ੍ਹਾਂ ਤੇ ਲਾਏ ਗਏ ਸਾਰੇ ਦੋਸ਼ ਵਾਪਸ ਲੈ ਲਏ ਗਏ।”

ਇਨ੍ਹਾਂ ਅੱਠਾਂ ਆਦਮੀਆਂ ਨੂੰ ਸਜ਼ਾ ਸੁਣਾਉਣ ਤੋਂ ਬਾਅਦ, ਪਰ ਐਟਲਾਂਟਾ, ਜਾਰਜੀਆ ਦੀ ਫੈਡਰਲ ਜੇਲ੍ਹ ਵਿਚ ਭੇਜਣ ਤੋਂ ਪਹਿਲਾਂ, ਕੁਝ ਦਿਨਾਂ ਲਈ, ਬਰੁਕਲਿਨ, ਨਿਊਯਾਰਕ ਦੀ ਰੇਮੰਡ ਸਟ੍ਰੀਟ ਜੇਲ੍ਹ ਨੂੰ ਭੇਜਿਆ ਗਿਆ। ਉੱਥੋਂ ਦਾਦਾ ਜੀ ਨੇ ਇਕ ਚਿੱਠੀ ਵਿਚ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਭੀੜੀ ਅਤੇ ਗੰਦੀ-ਮੰਦੀ ਕੋਠਰੀ ਵਿਚ ਰੱਖਿਆ ਗਿਆ ਸੀ। ਉਨ੍ਹਾਂ ਨੇ ਲਿਖਿਆ: “ਸਾਡੇ ਕੋਲ ਇੱਥੇ ਸਿਰਫ਼ ਥੋੜ੍ਹੇ ਜਿਹੇ ਅਖ਼ਬਾਰਾਂ ਦੇ ਕਾਗਜ਼ ਹੀ ਹਨ। ਸ਼ੁਰੂ ਵਿਚ ਤਾਂ ਸਾਨੂੰ ਲੱਗਦਾ ਸੀ ਕਿ ਇਨ੍ਹਾਂ ਨਾਲ ਅਸੀਂ ਕੁਝ ਨਹੀਂ ਕਰ ਸਕਦੇ, ਪਰ ਜਲਦੀ ਹੀ ਸਾਨੂੰ ਅਹਿਸਾਸ ਹੋ ਗਿਆ ਕਿ ਅਖ਼ਬਾਰਾਂ, ਸਾਬਣ, ਅਤੇ ਛੋਟੇ ਜਿਹੇ ਕੱਪੜੇ ਨਾਲ ਹੀ ਅਸੀਂ ਆਪਣੀ ਸਫ਼ਾਈ ਰੱਖ ਕੇ ਥੋੜ੍ਹਾ ਬਹੁਤਾ ਮਾਣ ਵੀ ਰੱਖ ਸਕਦੇ ਸੀ।”

ਜੀ ਹਾਂ, ਦਾਦਾ ਜੀ ਬਹੁਤ ਮਖੌਲੀਏ ਸਨ ਤੇ ਜੇਲ੍ਹ ਵਿਚ ਵੀ ਉਨ੍ਹਾਂ ਨੇ ਆਪਣੀ ਇਹ ਆਦਤ ਨਾ ਛੱਡੀ। ਉਹ ਮਜ਼ਾਕ ਨਾਲ ਜੇਲ੍ਹ ਨੂੰ ਇਕ ਹੋਟਲ ਕਹਿੰਦੇ ਸਨ। ਉਨ੍ਹਾਂ ਨੇ ਲਿਖਿਆ: “ਜਦੋਂ ਮੇਰਾ ਕਿਰਾਇਆ ਖ਼ਤਮ ਹੋ ਜਾਵੇਗਾ ਉਦੋਂ ਮੈਂ ਕਮਰਾ ਖ਼ਾਲੀ ਕਰ ਦਿਆਂਗਾ।” ਜੇਲ੍ਹ ਦੇ ਵਿਹੜੇ ਦੀ ਸੈਰ ਬਾਰੇ ਵੀ ਉਨ੍ਹਾਂ ਨੇ ਲਿਖਿਆ। ਉਨ੍ਹਾਂ ਨੇ ਦੱਸਿਆ ਕਿ ਇਕ ਵਾਰ ਉਹ ਕੰਘੀ ਕਰਨ ਲਈ ਥੋੜ੍ਹੀ ਦੇਰ ਰੁਕੇ ਤਾਂ ਇਕ ਜੇਬਕਤਰੇ ਨੇ ਉਨ੍ਹਾਂ ਦੀ ਜੇਬ ਵਿੱਚੋਂ ਘੜੀ ਉੜਾ ਲਈ। “ਪਰ ਘੜੀ ਦੀ ਚੇਨ ਟੁੱਟ ਜਾਣ ਕਰਕੇ ਉਹ ਖ਼ਾਲੀ ਹੱਥ ਚਲਾ ਗਿਆ।” ਉਨ੍ਹਾਂ ਨੇ ਲਿਖਿਆ ਕਿ ਜਦੋਂ ਉਹ 1958 ਵਿਚ ਬਰੁਕਲਿਨ ਬੈਥਲ ਵਿਚ ਗਏ ਤਾਂ ਗ੍ਰਾਂਟ ਸੂਟਰ, ਜੋ ਉਸ ਵੇਲੇ ਸੋਸਾਇਟੀ ਦੇ ਸਕੱਤਰ ਸਨ, ਨੇ ਮੈਨੂੰ ਆਫ਼ਿਸ ਵਿਚ ਬੁਲਾ ਕੇ ਇਹ ਘੜੀ ਦਿੱਤੀ ਸੀ। ਇਹ ਘੜੀ ਅਜੇ ਵੀ ਮੇਰੇ ਕੋਲ ਹੈ।

ਪਿਤਾ ਜੀ ਉੱਤੇ ਅਸਰ

ਜਦੋਂ ਦਾਦਾ ਜੀ ਨੂੰ 1918 ਵਿਚ ਨਾਜਾਇਜ਼ ਜੇਲ੍ਹ ਹੋਈ ਤਾਂ ਮੇਰੇ ਪਿਤਾ ਜੀ ਸਿਰਫ਼ 12 ਸਾਲਾਂ ਦੇ ਸਨ। ਦਾਦੀ ਜੀ ਨੇ ਘਰ ਨੂੰ ਜਿੰਦਾ ਲਾਇਆ ਤੇ ਪਿਤਾ ਜੀ ਨੂੰ ਨਾਲ ਲੈ ਕੇ ਆਪਣੀ ਮਾਤਾ ਜੀ ਅਤੇ ਉਸ ਦੀਆਂ ਤਿੰਨ ਭੈਣਾਂ ਦੇ ਨਾਲ ਰਹਿਣ ਚਲੀ ਗਈ। ਦਾਦੀ ਜੀ ਦਾ ਗੋਤ ਆਰਥਰ ਸੀ। ਉਨ੍ਹਾਂ ਦਾ ਪਰਿਵਾਰ ਬੜੇ ਮਾਣ ਨਾਲ ਦਾਅਵਾ ਕਰਦਾ ਸੀ ਕਿ ਉਨ੍ਹਾਂ ਦਾ ਇਕ ਰਿਸ਼ਤੇਦਾਰ, ਜਿਸ ਦਾ ਨਾ ਚੈਸਟਰ ਐਲਨ ਆਰਥਰ ਸੀ, ਅਮਰੀਕਾ ਦਾ 21ਵਾਂ ਰਾਸ਼ਟਰਪਤੀ ਸੀ।

ਜਦੋਂ ਦਾਦਾ ਜੀ ਉੱਤੇ ਦੇਸ਼ਧਰੋਹ ਦਾ ਦੋਸ਼ ਲਾਇਆ ਗਿਆ ਤਾਂ ਆਰਥਰ ਪਰਿਵਾਰ ਨੂੰ ਲੱਗਾ ਕਿ ਦਾਦਾ ਜੀ ਨੇ ਉਨ੍ਹਾਂ ਦੇ ਪਰਿਵਾਰ ਦੇ ਨਾਂ ਤੇ ਕਲੰਕ ਲਾ ਦਿੱਤਾ ਸੀ। ਪਿਤਾ ਜੀ ਲਈ ਇਹ ਸਮਾਂ ਬਹੁਤ ਦੁੱਖਦਾਈ ਸੀ। ਸ਼ਾਇਦ ਇਸੇ ਲਈ ਸ਼ੁਰੂ-ਸ਼ੁਰੂ ਵਿਚ ਉਹ ਪ੍ਰਚਾਰ ਕਰਨ ਤੋਂ ਝਿਜਕਦੇ ਸਨ।

ਜਦੋਂ ਦਾਦਾ ਜੀ ਰਿਹਾ ਹੋ ਗਏ ਤਾਂ ਉਹ ਆਪਣੇ ਪਰਿਵਾਰ ਨੂੰ ਕਵਿੰਸੀ ਸਟ੍ਰੀਟ ਵਿਚ ਇਕ ਸ਼ਾਨਦਾਰ ਘਰ ਵਿਚ ਰਹਿਣ ਲਈ ਸਕਰੈਨਟਨ ਸ਼ਹਿਰ ਲੈ ਗਏ ਸਨ। ਇਹ ਬਹੁਤ ਵਧੀਆ ਘਰ ਸੀ, ਖ਼ਾਸ ਕਰਕੇ ਮੈਨੂੰ ਦਾਦੀ ਜੀ ਦੇ ਚੀਨੀ ਮਿੱਟੀ ਦੇ ਖੂਬਸੂਰਤ ਭਾਂਡੇ ਯਾਦ ਹਨ। ਅਸੀਂ ਉਨ੍ਹਾਂ ਨੂੰ ਪਵਿੱਤਰ ਭਾਂਡੇ ਕਹਿੰਦੇ ਸਾਂ ਕਿਉਂਕਿ ਦਾਦੀ ਜੀ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਧੋਣ ਦਾ ਹੁਕਮ ਨਹੀਂ ਸੀ। ਜਦੋਂ 1943 ਵਿਚ ਦਾਦੀ ਜੀ ਦੀ ਮੌਤ ਹੋ ਗਈ ਤਾਂ ਮੇਰੇ ਮਾਤਾ ਜੀ ਨੇ ਪਰਾਹੁਣਿਆਂ ਦੀ ਦੇਖ-ਰੇਖ ਕਰਦੇ ਹੋਏ ਉਨ੍ਹਾਂ ਭਾਂਡਿਆਂ ਨੂੰ ਕਈ ਵਾਰ ਵਰਤਿਆ ਸੀ।

ਪ੍ਰਚਾਰ ਦੇ ਕੰਮ ਵਿਚ ਜੁਟੱਣਾ

ਪੈਟਰਸਨ ਵਿਚ ਮੈਂ ਭਰਾ ਰਦਰਫ਼ਰਡ ਦੀ ਸੀਡਰ ਪਾਇੰਟ, ਓਹੀਓ ਦੇ ਸੰਮੇਲਨ ਵਿਖੇ ਭਾਸ਼ਣ ਦਿੰਦਿਆਂ ਇਕ ਹੋਰ ਫੋਟੋ ਦੇਖੀ। ਉਸ ਸੰਮੇਲਨ ਵਿਚ ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਜੋਸ਼ ਨਾਲ ਕਰਨ ਲਈ ਸਾਰਿਆਂ ਨੂੰ ਹੱਲਾ-ਸ਼ੇਰੀ ਦਿੱਤੀ ਤੇ ਨਾਲੇ ਇਸੇ ਸੰਮੇਲਨ ਵਿਚ ਰਿਲੀਸ ਕੀਤਾ ਨਵਾਂ ਰਸਾਲਾ, ਸੁਨਿਹਰਾ ਯੁਗ (ਅੰਗ੍ਰੇਜ਼ੀ), ਪ੍ਰਚਾਰ ਵਿਚ ਵਰਤਣ ਲਈ ਕਿਹਾ। ਦਾਦਾ ਜੀ ਇਸ ਰਸਾਲੇ ਦੇ ਸੰਪਾਦਕ ਚੁਣੇ ਗਏ। ਆਪਣੀ ਮੌਤ ਤਕ ਉਹ ਇਸ ਦੇ ਲੇਖ ਲਿਖਦੇ ਰਹੇ। ਸੰਨ 1937 ਵਿਚ ਇਸ ਰਸਾਲੇ ਦਾ ਨਾਂ ਦਿਲਾਸਾ (ਅੰਗ੍ਰੇਜ਼ੀ) ਅਤੇ 1946 ਵਿਚ ਜਾਗਰੂਕ ਬਣੋ! ਬਦਲ ਕੇ ਰੱਖ ਦਿੱਤਾ ਗਿਆ!

ਦਾਦਾ ਜੀ ਘਰ ਕੰਮ ਕਰਨ ਤੋਂ ਇਲਾਵਾ ਵਾਚ ਟਾਵਰ ਦੇ ਹੈੱਡ-ਕੁਆਰਟਰਾਂ ਤੇ ਵੀ ਕੰਮ ਕਰਦੇ ਹੁੰਦੇ ਸਨ। ਹੈੱਡ-ਕੁਆਰਟਰਾਂ ਘਰ ਤੋਂ 150 ਮੀਲ ਦੂਰ, ਬਰੁਕਲਿਨ ਵਿਚ ਸਨ। ਇਸ ਕੰਮ ਲਈ ਦਾਦਾ ਜੀ ਦੋ ਹਫ਼ਤੇ ਘਰ ਅਤੇ ਦੋ ਹਫ਼ਤੇ ਹੈੱਡ-ਕੁਆਰਟਰਾਂ ਵਿਚ ਰਹਿੰਦੇ ਸਨ। ਪਿਤਾ ਜੀ ਸਾਨੂੰ ਦੱਸਦੇ ਹੁੰਦੇ ਸਨ ਕਿ ਦਾਦਾ ਜੀ ਦੀ ਟਾਈਪ-ਮਸ਼ੀਨ ਦੀ ਆਵਾਜ਼ ਕਦੇ-ਕਦੇ ਤੜਕੇ ਪੰਜ ਵਜੇ ਸੁਣਾਈ ਦਿੰਦੀ ਸੀ। ਇਸ ਦੇ ਬਾਵਜੂਦ, ਉਨ੍ਹਾਂ ਨੇ ਪ੍ਰਚਾਰ ਦਾ ਕੰਮ ਬੜੀ ਗੰਭੀਰਤਾ ਨਾਲ ਲਿਆ। ਦਰਅਸਲ, ਉਨ੍ਹਾਂ ਨੇ ਭਰਾਵਾਂ ਲਈ ਇਕ ਅਜਿਹੀ ਵਾਸਕਟ ਦਾ ਡਿਜ਼ਾਈਨ ਤਿਆਰ ਕੀਤਾ ਜਿਸ ਦੇ ਅੰਦਰਲੇ ਪਾਸੇ ਕਿਤਾਬਾਂ ਤੇ ਰਸਾਲੇ ਰੱਖਣ ਲਈ ਵੱਡੀਆਂ-ਵੱਡੀਆਂ ਜੇਬਾਂ ਸਨ। ਆਂਟੀ ਨਾਓਮੀ, ਜਿਨ੍ਹਾਂ ਦੀ ਉਮਰ 94 ਸਾਲ ਹੋ ਗਈ ਹੈ, ਕੋਲ ਅਜੇ ਵੀ ਅਜਿਹੀ ਵਾਸਕਟ ਪਈ ਹੈ। ਦਾਦਾ ਜੀ ਨੇ ਭੈਣਾਂ ਲਈ ਵੀ ਇਕ ਬੈਗ ਤਿਆਰ ਕੀਤਾ।

ਇਕ ਦਿਨ ਇਕ ਜੋਸ਼ੀਲੀ ਬਾਈਬਲ ਚਰਚਾ ਤੋਂ ਬਾਅਦ, ਦਾਦਾ ਜੀ ਦੇ ਨਾਲ ਦੇ ਇਕ ਪ੍ਰਕਾਸ਼ਕ ਨੇ ਕਿਹਾ: “ਸੀ. ਜੇ., ਤੂੰ ਇਕ ਗ਼ਲਤੀ ਕੀਤੀ ਹੈ।”

ਦਾਦਾ ਜੀ ਨੇ ਕਿਹਾ “ਕਿਹੜੀ ਗ਼ਲਤੀ?” ਉਸ ਨੇ ਉਨ੍ਹਾਂ ਦੀ ਵਾਸਕਟ ਚੈੱਕ ਕੀਤੀ। ਦੋਵੇਂ ਜੇਬਾਂ ਖ਼ਾਲੀ ਸਨ।

“ਤੂੰ ਉਸ ਆਦਮੀ ਨੂੰ ਸੁਨਿਹਰਾ ਯੁਗ ਦੀ ਸਬਸਕ੍ਰਿਪਸ਼ਨ ਦੇਣੀ ਭੁੱਲ ਗਿਆ।” ਸੰਪਾਦਕ ਹੀ ਰਸਾਲਾ ਦੇਣਾ ਭੁੱਲ ਗਿਆ, ਇਸ ਗੱਲ ਕਰਕੇ ਦੋਵੇਂ ਕਿੰਨਾ ਚਿਰ ਖਿੜਖਿੜਾ ਕੇ ਹੱਸਦੇ ਰਹੇ।

ਵੱਡੀ ਹੋਣ ਦੀਆਂ ਯਾਦਾਂ

ਮੈਨੂੰ ਅਜੇ ਵੀ ਯਾਦ ਹੈ ਕਿ ਮੈਂ ਨਿੱਕੀ ਹੁੰਦੀ ਦਾਦਾ ਜੀ ਦੀ ਗੋਦੀ ਵਿਚ ਬੈਠਦੀ ਹੁੰਦੀ ਸੀ। ਦਾਦਾ ਜੀ ਮੇਰਾ ਹੱਥ ਫੜ ਕੇ ਮੈਨੂੰ “ਉਂਗਲੀਆਂ ਦੀ ਕਹਾਣੀ” ਸੁਣਾਉਂਦੇ ਹੁੰਦੇ ਸਨ। ਉਹ ਮੇਰੇ ਅੰਗੂਠੇ ਨੂੰ “ਟੌਮੀ” ਤੇ ਇਸ ਦੇ ਨਾਲ ਦੀ ਪਹਿਲੀ ਉਂਗਲੀ ਨੂੰ “ਪੀਟਰ” ਦਾ ਨਾਂ ਦਿੰਦੇ ਹੁੰਦੇ ਸਨ। ਉਹ ਹਰ ਉਂਗਲੀ ਦੀ ਮੈਨੂੰ ਅਹਿਮੀਅਤ ਸਮਝਾਉਂਦੇ ਹੁੰਦੇ ਸਨ। ਉਸ ਤੋਂ ਬਾਅਦ ਉਹ ਪਿਆਰ ਨਾਲ ਮੇਰੀ ਮੁੱਠੀ ਬੰਦ ਕਰਕੇ ਇਹ ਸਿੱਖਿਆ ਦਿੰਦੇ ਹੁੰਦੇ ਸਨ: “ਏਕਤਾ ਵਿਚ ਬੱਲ ਹੈ।”

ਜਦੋਂ ਮੇਰੇ ਮਾਂ-ਬਾਪ ਦਾ ਵਿਆਹ ਹੋ ਗਿਆ, ਤਾਂ ਉਹ ਉਹੀਓ ਦੇ ਕਲੀਵਲੈਂਡ ਸ਼ਹਿਰ ਵਿਚ ਚਲੇ ਗਏ ਜਿੱਥੇ ਉਨ੍ਹਾਂ ਦੀ ਐੱਡ ਅਤੇ ਮੈਰੀ ਹੂਪਰ ਨਾਲ ਗਹਿਰੀ ਦੋਸਤੀ ਹੋ ਗਈ। ਉਨ੍ਹਾਂ ਦੇ ਪਰਿਵਾਰ 20ਵੀਂ ਸਦੀ ਦੇ ਸ਼ੁਰੂ ਤੋਂ ਹੀ ਬਾਈਬਲ ਵਿਦਿਆਰਥੀ ਬਣ ਚੁੱਕੇ ਸਨ। ਮੇਰੇ ਮਾਤਾ-ਪਿਤਾ, ਅੰਕਲ ਐੱਡ ਅਤੇ ਆਂਟੀ ਮੈਰੀ ਦਾ ਆਪਸ ਵਿਚ ਇੰਨਾ ਪਿਆਰ ਸੀ ਕਿ ਉਹ ਇਕ ਦੂਜੇ ਤੋਂ ਵੱਖ ਨਹੀਂ ਰਹਿ ਸਕਦੇ ਸਨ। ਹੂਪਰ ਪਰਿਵਾਰ ਵਿਚ ਇਕ ਕੁੜੀ ਜੰਮੀ ਸੀ ਪਰ ਉਹ ਗੁਜ਼ਰ ਗਈ। ਇਸੇ ਲਈ ਜਦੋਂ ਮੈਂ 1934 ਵਿਚ ਪੈਦਾ ਹੋਈ ਤਾਂ ਮੈਂ ਉਨ੍ਹਾਂ ਦੀ “ਲਾਡਲੀ ਧੀ” ਬਣ ਗਈ। ਦੋਵੇਂ ਪਰਿਵਾਰ ਅਧਿਆਤਮਿਕ ਤੌਰ ਤੇ ਬਹੁਤ ਮਜ਼ਬੂਤ ਸਨ ਤੇ ਇਸ ਦਾ ਅਸਰ ਮੇਰੇ ਤੇ ਇਹ ਹੋਇਆ ਕਿ ਮੈਂ ਆਪਣੀ ਅੱਠਵੀਂ ਵਰ੍ਹੇ-ਗੰਢ ਤੋਂ ਪਹਿਲਾਂ ਹੀ ਬਪਤਿਸਮਾ ਲੈ ਲਿਆ।

ਿਨੱਕੇ ਹੁੰਦਿਆਂ ਹੀ ਮੈਂ ਰੋਜ਼ ਬਾਈਬਲ ਪੜ੍ਹਦੀ ਹੁੰਦੀ ਸੀ। ਯਸਾਯਾਹ 11:6-9 ਮੇਰੀਆਂ ਮਨਪਸੰਦ ਆਇਤਾਂ ਸਨ ਜਿਨ੍ਹਾਂ ਵਿਚ ਨਵੇਂ ਸੰਸਾਰ ਬਾਰੇ ਦੱਸਿਆ ਗਿਆ ਹੈ। ਸੰਨ 1944 ਵਿਚ ਬਫ਼ਲੋ, ਨਿਊਯਾਰਕ ਵਿਚ ਹੋਏ ਇਕ ਸੰਮੇਲਨ ਵਿਚ ਬਾਈਬਲ ਦੀ ਅਮੈਰੀਕਨ ਸਟੈਂਡਡ ਵਰਯਨ ਰਿਲੀਸ ਕੀਤੀ ਗਈ। ਉਸੇ ਸਾਲ ਜਦੋਂ ਮੈਨੂੰ ਇਸ ਦੀ ਇਕ ਕਾਪੀ ਮਿਲੀ ਮੈਂ ਪਹਿਲੀ ਵਾਰ ਪੂਰੀ ਬਾਈਬਲ ਪੜ੍ਹਨ ਦੀ ਕੋਸ਼ਿਸ਼ ਕੀਤੀ। ਇਸ ਨੂੰ ਪੜ੍ਹ ਕੇ ਮੈਨੂੰ ਕਿੰਨੀ ਖ਼ੁਸ਼ੀ ਹੋਈ ਸੀ ਕਿਉਂਕਿ ਇਸ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ “ਪੁਰਾਣੇ ਨੇਮ” ਵਿਚ ਹੀ ਤਕਰੀਬਨ 7,000 ਵਾਰ ਦਿੱਤਾ ਗਿਆ ਸੀ!

ਹਰ ਸ਼ਨੀਵਾਰ ਤੇ ਐਤਵਾਰ ਸਾਨੂੰ ਬਹੁਤ ਮਜ਼ਾ ਆਉਂਦਾ ਹੁੰਦਾ ਸੀ। ਮੇਰੇ ਮਾਪੇ ਅਤੇ ਹੂਪਰ ਪਰਿਵਾਰ ਮੈਨੂੰ ਪੇਂਡੂ ਇਲਾਕਿਆਂ ਵਿਚ ਪ੍ਰਚਾਰ ਕਰਨ ਲਈ ਨਾਲ ਲਿਜਾਂਦੇ ਹੁੰਦੇ ਸਨ। ਅਸੀਂ ਦੁਪਿਹਰ ਦਾ ਖਾਣਾ ਨਾਲ ਲਿਜਾ ਕੇ ਨਹਿਰ ਦੇ ਕੰਢੇ ਪਿਕਨਿਕ ਮਨਾਉਂਦੇ ਸਨ। ਉਸ ਤੋਂ ਬਾਅਦ ਅਸੀਂ ਬਾਈਬਲ ਬਾਰੇ ਗੱਲਬਾਤ ਕਰਨ ਲਈ ਕਿਸੇ ਦੇ ਫਾਰਮ ਤੇ ਜਾਂਦੇ ਸਨ। ਅਸੀਂ ਆਂਢੀਆਂ-ਗੁਆਂਢੀਆਂ ਨੂੰ ਵੀ ਬੁਲਾਉਂਦੇ ਸਨ। ਜ਼ਿੰਦਗੀ ਬੜੀ ਸਿੱਧੀ-ਸਾਦੀ ਸੀ। ਅਸੀਂ ਪਰਿਵਾਰਾਂ ਵਜੋਂ ਇਕੱਠੇ ਮਿਲ ਕੇ ਖ਼ੁਸ਼ੀ ਪਾਉਂਦੇ ਸੀ। ਇਨ੍ਹਾਂ ਦੋਸਤਾਨਾ ਪਰਿਵਾਰਾਂ ਵਿੱਚੋਂ ਕਈ ਜਣੇ ਬਾਅਦ ਵਿਚ ਸਫ਼ਰੀ ਨਿਗਾਹਬਾਨ ਬਣੇ, ਜਿਨ੍ਹਾਂ ਵਿਚ ਐੱਡ ਹੂਪਰ, ਬਾੱਬ ਰੇਨਰ, ਅਤੇ ਉਸ ਦੇ ਦੋ ਮੁੰਡੇ ਵੀ ਸ਼ਾਮਲ ਸਨ। ਰਿਚਰਡ ਰੇਨਰ ਆਪਣੀ ਪਤਨੀ ਲਿੰਡਾ ਨਾਲ ਅਜੇ ਵੀ ਸਫ਼ਰੀ ਕੰਮ ਕਰਦੇ ਹਨ।

ਗਰਮੀਆਂ ਵਿਚ ਸਾਨੂੰ ਹੋਰ ਵੀ ਮਜ਼ਾ ਆਉਂਦਾ ਹੁੰਦਾ ਸੀ। ਮੈਂ ਆਪਣੇ ਨਾਨਕਿਆਂ ਦੇ ਫਾਰਮ ਉੱਤੇ ਆਪਣੀ ਮਾਸੀ ਦੀਆਂ ਦੋ ਕੁੜੀਆਂ ਨਾਲ ਰਹਿੰਦੀ ਹੁੰਦੀ ਸੀ। ਸੰਨ 1949 ਵਿਚ ਮੇਰੀ ਮਾਸੀ ਦੀ ਕੁੜੀ ਗ੍ਰੇਸ ਦਾ ਵਿਆਹ ਮੈਲਕਮ ਐਲਨ ਨਾਲ ਹੋ ਗਿਆ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਕਈ ਸਾਲ ਬਾਅਦ ਮੇਰਾ ਵਿਆਹ ਉਹ ਦੇ ਦਿਓਰ ਨਾਲ ਹੋ ਜਾਵੇਗਾ। ਮਾਸੀ ਦੀ ਛੋਟੀ ਕੁੜੀ ਮੈਰੀਅਨ ਉਰੂਗਵਾਏ ਵਿਚ ਮਿਸ਼ਨਰੀ ਸੀ। ਉਸ ਦਾ ਵਿਆਹ 1966 ਵਿਚ ਹਾਵਡ ਹਿਲਬੌਨ ਨਾਲ ਹੋਇਆ। ਕਈ ਸਾਲਾਂ ਤਕ ਇਨ੍ਹਾਂ ਦੋਹਾਂ ਨੇ ਆਪਣੇ ਪਤੀਆਂ ਨਾਲ ਮਿਲ ਕੇ ਬਰੁਕਲਿਨ ਬੈਥਲ ਵਿਚ ਸੇਵਾ ਕੀਤੀ।

ਦਾਦਾ ਜੀ ਤੇ ਮੇਰੀ ਗ੍ਰੈਜੂਏਸ਼ਨ

ਜਦੋਂ ਮੈਂ ਹਾਈ ਸਕੂਲ ਦੀ ਪੜ੍ਹਾਈ ਕਰਦੀ ਸੀ ਤਾਂ ਦਾਦਾ ਜੀ ਅਕਸਰ ਮੈਨੂੰ ਚਿੱਠੀਆਂ ਲਿਖਦੇ ਹੁੰਦੇ ਸਨ। ਉਹ ਮੈਨੂੰ ਪੁਰਾਣੀਆਂ ਪਰਿਵਾਰਕ ਫੋਟੋਆਂ ਭੇਜਦੇ ਹੁੰਦੇ ਸਨ ਤੇ ਹਰ ਫੋਟੋ ਦੇ ਪਿੱਛੇ ਉਸ ਫੋਟੋ ਦਾ ਪੂਰਾ ਵੇਰਵਾ ਟਾਈਪ ਕਰਦੇ ਹੁੰਦੇ ਸਨ। ਉਨ੍ਹਾਂ ਅਤੇ ਉਨ੍ਹਾਂ ਦੇ ਨਾਲ ਜੇਲ੍ਹ ਜਾਣ ਵਾਲੇ ਸਾਥੀਆਂ ਦੀ ਫੋਟੋ ਵੀ ਮੈਨੂੰ ਇਸੇ ਤਰ੍ਹਾਂ ਹੀ ਮਿਲੀ ਸੀ।

ਸੰਨ 1951 ਦੇ ਅਖ਼ੀਰ ਵਿਚ ਗਲੇ ਦਾ ਕੈਂਸਰ ਹੋ ਜਾਣ ਕਰਕੇ ਦਾਦਾ ਜੀ ਦੀ ਆਵਾਜ਼ ਚਲੀ ਗਈ। ਇਸ ਦੇ ਬਾਵਜੂਦ ਉਨ੍ਹਾਂ ਦਾ ਦਿਮਾਗ਼ ਪਹਿਲਾਂ ਵਾਂਗ ਤੇਜ਼ ਸੀ, ਪਰ ਉਨ੍ਹਾਂ ਨੂੰ ਆਪਣੀਆਂ ਗੱਲਾਂ ਲਿਖ ਕੇ ਸਮਝਾਉਣੀਆਂ ਪੈਂਦੀਆਂ ਸਨ। ਇਸੇ ਲਈ ਲਿਖਣ ਲਈ ਇਕ ਕਾਪੀ ਉਹ ਹਮੇਸ਼ਾ ਆਪਣੇ ਨਾਲ ਰੱਖਦੇ ਸਨ। ਮੇਰੀ ਗ੍ਰੈਜੂਏਸ਼ਨ ਜਨਵਰੀ 1952 ਵਿਚ ਹੋਣੀ ਸੀ। ਇਸ ਲਈ ਦਸੰਬਰ ਦੇ ਸ਼ੁਰੂ ਵਿਚ ਮੈਂ ਗ੍ਰੇਜੂਏਸ਼ਨ ਦੀ ਰਸਮ ਤੇ ਜੋ ਭਾਸ਼ਣ ਦੇਣਾ ਸੀ ਉਸ ਦੀ ਨਕਲ ਲਿਖ ਕੇ ਦਾਦਾ ਜੀ ਨੂੰ ਡਾਕ ਰਾਹੀਂ ਭੇਜ ਦਿੱਤੀ। ਉਨ੍ਹਾਂ ਨੇ ਇਸ ਵਿਚ ਗ਼ਲਤੀਆਂ ਠੀਕ ਕਰ ਕੇ ਪਿਛਲੇ ਸਫ਼ੇ ਤੇ ਕੁਝ ਸ਼ਬਦ ਲਿਖ ਦਿੱਤੇ ਜਿਹੜੇ ਮੇਰੇ ਦਿਲ ਨੂੰ ਛੂ ਗਏ। ਉਨ੍ਹਾਂ ਨੇ ਲਿਖਿਆ: “ਦਾਦਾ ਜੀ ਖ਼ੁਸ਼ ਹੋਏ।” ਇਹ ਕਾਗ਼ਜ਼ ਅਜੇ ਵੀ ਮੈਂ ਸਾਂਭ ਕੇ ਰੱਖਿਆ ਹੋਇਆ ਹੈ। ਮੇਰੇ ਪਿਆਰੇ ਦਾਦਾ ਜੀ 81 ਸਾਲਾਂ ਦੀ ਉਮਰ ਵਿਚ 18 ਦਸੰਬਰ 1951 ਵਿਚ ਗੁਜ਼ਰ ਗਏ। *

ਗ੍ਰੈਜੂਏਸ਼ਨ ਤੋਂ ਇਕ ਦਮ ਬਾਅਦ ਮੈਂ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਸੰਨ 1958 ਵਿਚ ਮੈਨੂੰ ਨਿਊਯਾਰਕ ਸ਼ਹਿਰ ਦੇ ਯਾਂਕੀ ਸਟੇਡਿਅਮ ਤੇ ਅਪੋਲੋ ਗਰਾਉਂਡਸ ਵਿਚ ਇਕ ਵੱਡੇ ਸੰਮੇਲਨ ਵਿਚ ਜਾਣ ਦਾ ਮੌਕਾ ਮਿਲਿਆ। ਇਸ ਵਿਚ 2,53,922 ਲੋਕ ਕੁੱਲ 123 ਦੇਸ਼ਾਂ ਵਿੱਚੋਂ ਆਏ ਸਨ। ਉੱਥੇ ਇਕ ਦਿਨ ਮੈਂ ਅਫ਼ਰੀਕਾ ਤੋਂ ਆਏ ਇਕ ਭਰਾ ਨੂੰ ਮਿਲੀ ਜਿਸ ਨੇ ਇਕ ਬਿੱਲਾ ਲਾਇਆ ਹੋਇਆ ਸੀ ਜਿਸ ਉੱਤੇ ਲਿਖਿਆ ਸੀ: “ਵੁਡਵਰਥ ਮਿਲਜ਼।” ਕੁਝ ਤੀਹ-ਸਾਲ ਪਹਿਲਾਂ ਦਾਦਾ ਜੀ ਦੇ ਨਾਂ ਤੋਂ ਇਸ ਭਰਾ ਨੂੰ ਇਹ ਨਾਂ ਦਿੱਤਾ ਗਿਆ ਸੀ!

ਆਪਣੇ ਵਿਰਸੇ ਤੋਂ ਖ਼ੁਸ਼

ਜਦੋਂ ਮੈਂ 14 ਸਾਲਾਂ ਦੀ ਸੀ ਉਦੋਂ ਮੇਰੇ ਮਾਤਾ ਜੀ ਨੇ ਦੁਬਾਰਾ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਤਕਰੀਬਨ 40 ਸਾਲਾਂ ਬਾਅਦ 1988 ਵਿਚ ਜਦੋਂ ਉਨ੍ਹਾਂ ਦੀ ਮੌਤ ਹੋਈ ਤਾਂ ਉਹ ਅਜੇ ਵੀ ਪਾਇਨੀਅਰ ਸਨ! ਮੇਰੇ ਪਿਤਾ ਜੀ ਵੀ ਪਾਇਨੀਅਰੀ ਸੇਵਾ ਵਿਚ ਹਿੱਸਾ ਲੈਂਦੇ ਸਨ ਜਦੋਂ ਵੀ ਉਸ ਕੋਲ ਸਮਾਂ ਹੁੰਦਾ ਸੀ। ਉਹ ਮਾਤਾ ਜੀ ਤੋਂ ਨੌਂ ਮਹੀਨੇ ਪਹਿਲਾਂ ਗੁਜ਼ਰ ਗਏ। ਜਿਨ੍ਹਾਂ ਨਾਲ ਅਸੀਂ ਸਟੱਡੀ ਕਰਾਈ ਉਹ ਸਾਡੇ ਉਮਰ ਭਰ ਦੇ ਦੋਸਤ ਬਣ ਗਏ। ਕਈਆਂ ਦੇ ਮੁੰਡੇ ਬਰੁਕਲਿਨ ਦੇ ਹੈੱਡ-ਕੁਆਰਟਰਾਂ ਵਿਚ ਸੇਵਾ ਲਈ ਚੇਲੇ ਗਏ ਤੇ ਕਈ ਪਾਇਨੀਅਰੀ ਕਰਨ ਲੱਗ ਪਏ।

ਮੇਰੇ ਲਈ 1959 ਇਕ ਖ਼ਾਸ ਸਾਲ ਸੀ। ਇਸ ਸਾਲ ਮੇਰੀ ਮੁਲਾਕਾਤ ਪੌਲ ਐਲਨ ਨਾਲ ਹੋਈ ਸੀ। ਉਸ ਨੂੰ ਗਿਲਿਅਡ ਸਕੂਲ ਦੀ ਸੱਤਵੀਂ ਕਲਾਸ ਪੂਰੀ ਕਰਨ ਤੋਂ ਬਾਅਦ 1946 ਵਿਚ ਸਫ਼ਰੀ ਨਿਗਾਹਬਾਨ ਬਣਾਇਆ ਗਿਆ। ਗਿਲਿਅਡ ਯਹੋਵਾਹ ਦੇ ਗਵਾਹਾਂ ਦੇ ਮਿਸ਼ਨਰੀਆਂ ਨੂੰ ਟ੍ਰੇਨਿੰਗ ਦੇਣ ਦਾ ਸਕੂਲ ਹੈ। ਜਦੋਂ ਅਸੀਂ ਇਕ ਦੂਜੇ ਨੂੰ ਮਿਲੇ ਤਾਂ ਸਾਨੂੰ ਪਤਾ ਨਹੀਂ ਸੀ ਕਿ ਪੌਲ ਦੀ ਅਗਲੀ ਨਿਯੁਕਤੀ ਕਲੀਵਲੈਂਡ, ਉਹਾਓ, ਵਿਚ ਹੋਵੇਗੀ ਜਿੱਥੇ ਮੈਂ ਪਾਇਨੀਅਰੀ ਕਰ ਰਹੀ ਸੀ। ਮੇਰੇ ਮਾਤਾ-ਪਿਤਾ ਦੋਵੇਂ ਉਸ ਨੂੰ ਬਹੁਤ ਪਸੰਦ ਕਰਦੇ ਸਨ। ਜੁਲਾਈ 1963 ਵਿਚ ਮੇਰੇ ਨਾਨਕਿਆਂ ਦੇ ਫਾਰਮ ਤੇ ਸਾਡਾ ਵਿਆਹ ਹੋਇਆ। ਸਾਡੇ ਸਾਰੇ ਰਿਸ਼ਤੇਦਾਰ ਆਏ ਤੇ ਵਿਆਹ ਦਾ ਭਾਸ਼ਣ ਐੱਡ ਹੂਪਰ ਨੇ ਦਿੱਤਾ। ਇਹ ਇਕ ਸੁਪਨਾ ਸੀ ਜੋ ਉਸ ਦਿਨ ਸੱਚ ਹੋ ਗਿਆ।

ਪੌਲ ਕੋਲ ਆਪਣੀ ਕਾਰ ਨਹੀਂ ਸੀ। ਜਦੋਂ ਅਸੀਂ ਕਲੀਵਲੈਂਡ ਛੱਡ ਕੇ ਅਗਲੀ ਨਿਯੁਕਤੀ ਤੇ ਜਾਣਾ ਸੀ ਤਾਂ ਘਰ ਦਾ ਸਾਰਾ ਨਿੱਕਾ-ਵੱਡਾ ਸਾਮਾਨ ਮੇਰੀ ਨਿੱਕੀ ਜਿਹੀ ਗੱਡੀ ਵਿਚ ਠੀਕ ਤਰ੍ਹਾਂ ਆ ਗਿਆ। ਜਦੋਂ ਵੀ ਅਸੀਂ ਦੂਜੀ ਕਲੀਸਿਯਾ ਵਿਚ ਜਾਣਾ ਹੁੰਦਾ ਸੀ ਤਾਂ ਢੇਰ ਸਾਰੇ ਸਮਾਨ ਨੂੰ ਮੇਰੀ ਨਿੱਕੀ ਜਿਹੀ ਗੱਡੀ ਵਿਚ ਲੱਦਦੇ ਹੋਏ ਦੇਖਣ ਲਈ ਸੋਮਵਾਰ ਦੇ ਦਿਨ ਸਾਡੇ ਸਾਰੇ ਦੋਸਤ ਇਕੱਠੇ ਹੋ ਜਾਂਦੇ ਸਨ। ਛੋਟੇ-ਵੱਡੇ ਅਟੈਚੀ, ਫਾਈਲਾਂ ਦੇ ਬਕਸੇ, ਟਾਇਪ-ਮਸ਼ੀਨ, ਤੇ ਹੋਰ ਨਿੱਕ-ਸੁੱਕ ਕਿਵੇਂ ਗੱਡੀ ਵਿਚ ਫਿੱਟ ਕੀਤੇ ਜਾਂਦੇ ਸਨ, ਇਹ ਦੇਖਣਾ ਇਕ ਸਰਕਸ ਤੋਂ ਘੱਟ ਨਹੀਂ ਹੁੰਦਾ ਸੀ।

ਮੈਂ ਅਤੇ ਪੌਲ ਨੇ ਕਈ ਮੀਲਾਂ ਦਾ ਸਫ਼ਰ ਇਕੱਠੇ ਤੈਅ ਕੀਤਾ ਤੇ ਜ਼ਿੰਦਗੀ ਦੇ ਸੁੱਖ-ਦੁੱਖ ਵੀ ਖਿੜੇ ਮੱਥੇ ਝੱਲੇ ਹਨ। ਅਸੀਂ ਇਹ ਮਹਿਸੂਸ ਕੀਤਾ ਹੈ ਕਿ ਅਸੀਂ ਜੋ ਕੁਝ ਵੀ ਕੀਤਾ ਯਹੋਵਾਹ ਦੀ ਤਾਕਤ ਨਾਲ ਹੀ ਕੀਤਾ। ਸਾਡੀ ਜ਼ਿੰਦਗੀ ਦਾ ਬੀਤਿਆ ਹਰ ਪਲ ਯਹੋਵਾਹ ਦੇ ਪਿਆਰ, ਇਕ ਦੂਜੇ ਲਈ ਪਿਆਰ, ਤੇ ਨਵੇਂ-ਪੁਰਾਣੇ ਦੋਸਤਾਂ ਦੇ ਪਿਆਰ ਵਿਚ ਬੀਤਿਆ ਹੈ। ਪੈਟਰਸਨ ਵਿਚ ਪੌਲ ਦੀ ਟ੍ਰੇਨਿੰਗ ਲਈ ਬਿਤਾਏ ਦੋ ਮਹੀਨਿਆਂ ਦਾ ਸਮਾਂ ਸਾਡੀ ਜ਼ਿੰਦਗੀ ਦਾ ਸਭ ਤੋਂ ਖ਼ੁਸ਼ਨੁਮਾ ਸਮਾਂ ਸੀ। ਧਰਤੀ ਉੱਤੇ ਯਹੋਵਾਹ ਦੇ ਸੰਗਠਨ ਨੂੰ ਨੇੜਿਓਂ ਦੇਖਣ ਨਾਲ ਵਿਰਾਸਤ ਵਿਚ ਮਿਲੀ ਇਸ ਗੱਲ ਤੇ ਮੇਰਾ ਯਕੀਨ ਹੋਰ ਵੀ ਪੱਕਾ ਹੋ ਗਿਆ ਕਿ ਇਹ ਹੀ ਯਹੋਵਾਹ ਦਾ ਸੰਗਠਨ ਹੈ। ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਵੀ ਇਸ ਸੰਗਠਨ ਦਾ ਛੋਟਾ ਜਿਹਾ ਹਿੱਸਾ ਹਾਂ!

[ਫੁਟਨੋਟ]

^ ਪੈਰਾ 44 ਅੰਗ੍ਰੇਜ਼ੀ ਵਿਚ 15 ਫਰਵਰੀ 1952 ਦੇ ਪਹਿਰਾਬੁਰਜ ਦਾ ਸਫ਼ਾ 128 ਦੇਖੋ।

[ਸਫ਼ੇ 25 ਉੱਤੇ ਤਸਵੀਰ]

ਸੰਨ 1941 ਵਿਚ ਹੋਏ ਸੈਂਟ ਲੂਇਸ ਸੰਮੇਲਨ ਤੋਂ ਥੋੜ੍ਹੀ ਦੇਰ ਪਹਿਲਾਂ, ਜਿੱਥੇ ਮੈਨੂੰ “ਬੱਚੇ” ਨਾਮਕ ਕਿਤਾਬ ਮਿਲੀ

[ਸਫ਼ੇ 26 ਉੱਤੇ ਤਸਵੀਰ]

ਸੰਨ 1948 ਵਿਚ ਦਾਦਾ ਜੀ

[ਸਫ਼ੇ 26 ਉੱਤੇ ਤਸਵੀਰ]

ਹਾਵਲ ਪਰਿਵਾਰ ਦੇ ਫਾਰਮ ਤੇ ਜਦੋਂ ਮੇਰੇ ਮਾਤਾ-ਪਿਤਾ (ਗੱਬੇ) ਦਾ ਵਿਆਹ ਹੋਇਆ ਸੀ

[ਸਫ਼ੇ 27 ਉੱਤੇ ਤਸਵੀਰ]

ਅੱਠ ਬਾਈਬਲ ਵਿਦਿਆਰਥੀ ਜਿਨ੍ਹਾਂ ਨੂੰ 1918 ਵਿਚ ਨਾਜਾਇਜ਼ ਜੇਲ੍ਹ ਹੋ ਗਈ ਸੀ (ਦਾਦਾ ਜੀ ਸੱਜੇ ਪਾਸੇ ਦੂਰ ਖੜ੍ਹੇ ਹਨ)

[ਸਫ਼ੇ 29 ਉੱਤੇ ਤਸਵੀਰ]

ਸਾਡਾ ਸਾਰਾ ਸਮਾਨ ਸਾਡੀ ਨਿੱਕੀ ਜਿਹੀ ਗੱਡੀ ਵਿਚ ਫਿੱਟ ਕੀਤਾ ਗਿਆ

[ਸਫ਼ੇ 29 ਉੱਤੇ ਤਸਵੀਰ]

ਆਪਣੇ ਪਤੀ ਪੌਲ ਨਾਲ