Skip to content

Skip to table of contents

ਕੀ ਅਸੀਂ ਪਰਮੇਸ਼ੁਰ ਨੂੰ ਦੇਖੇ ਬਿਨਾਂ ਜਾਣ ਸਕਦੇ ਹਾਂ?

ਕੀ ਅਸੀਂ ਪਰਮੇਸ਼ੁਰ ਨੂੰ ਦੇਖੇ ਬਿਨਾਂ ਜਾਣ ਸਕਦੇ ਹਾਂ?

ਕੀ ਅਸੀਂ ਪਰਮੇਸ਼ੁਰ ਨੂੰ ਦੇਖੇ ਬਿਨਾਂ ਜਾਣ ਸਕਦੇ ਹਾਂ?

ਤੁਸੀਂ ਸ਼ਾਇਦ ਪੁੱਛੋ ਕਿ ‘ਜਿਸ ਨੂੰ ਮੈਂ ਦੇਖ ਨਹੀਂ ਸਕਦਾ ਉਸ ਨੂੰ ਮੈਂ ਕਿੱਦਾਂ ਜਾਣ ਸਕਦਾ ਹਾਂ?’ ਇਹ ਸਵਾਲ ਸ਼ਾਇਦ ਜਾਇਜ਼ ਲੱਗੇ, ਪਰ ਜ਼ਰਾ ਇਸ ਗੱਲ ਬਾਰੇ ਸੋਚੋ:

ਕੀ ਪ੍ਰੇਮ-ਭਰੇ ਅਤੇ ਮਜ਼ਬੂਤ ਰਿਸ਼ਤੇ ਸਥਾਪਿਤ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਇਨਸਾਨ ਨੂੰ ਦੇਖੀਏ? ਕੀ ਉਹ ਗੱਲਾਂ ਜ਼ਿਆਦਾ ਮਹੱਤਵਪੂਰਣ ਨਹੀਂ ਹਨ ਜੋ ਅਸੀਂ ਦੇਖ ਨਹੀਂ ਸਕਦੇ? ਹਾਂ ਬਿਲਕੁਲ! ਇਸੇ ਕਾਰਨ ਕਈਆਂ ਨੇ ਹੋਰਨਾਂ ਨਾਲ ਚਿੱਠੀ-ਪੱਤਰ ਰਾਹੀਂ ਇਕ ਚੰਗੀ ਦੋਸਤੀ ਸਥਾਪਿਤ ਕੀਤੀ ਹੈ। ਚਿੱਠੀਆਂ ਵਿਚ ਉਹ ਆਪਣੇ ਬਾਰੇ ਸਾਰੀਆਂ ਗੱਲਾਂ ਲਿਖਦੇ ਹਨ, ਜਿਸ ਤੋਂ ਉਨ੍ਹਾਂ ਦੀਆਂ ਪਸੰਦਾਂ, ਨਾ-ਪਸੰਦਾਂ, ਦਿਲਚਸਪੀਆਂ, ਉਨ੍ਹਾਂ ਦੇ ਟੀਚੇ, ਸਲੂਕ, ਮਿਜ਼ਾਜ, ਅਤੇ ਹੋਰ ਕਈਆਂ ਗੁਣਾਂ ਬਾਰੇ ਪਤਾ ਲੱਗਦਾ ਹੈ।

ਅੰਨ੍ਹੇ ਲੋਕ ਵੀ ਇਹ ਗੱਲ ਸਾਬਤ ਕਰਦੇ ਹਨ ਕਿ ਕਿਸੇ ਇਨਸਾਨ ਨਾਲ ਨਿੱਜੀ ਸੰਬੰਧ ਜੋੜਨ ਲਈ ਨਜ਼ਰ ਦੀ ਲੋੜ ਨਹੀਂ ਹੁੰਦੀ। ਐਡਵਰਡ ਅਤੇ ਗਵੇਨ ਦੀ ਉਦਾਹਰਣ ਬਾਰੇ ਸੋਚੋ। ਉਹ ਦੋਵੇਂ ਇਕ ਦੂਜੇ ਨਾਲ ਵਿਆਹੇ ਹੋਏ ਹਨ ਅਤੇ ਅੰਨ੍ਹੇ ਹਨ। * ਐਡਵਰਡ ਅਤੇ ਗਵੇਨ ਦੀ ਮੁਲਾਕਾਤ ਇਕ ਅਜਿਹੇ ਸਕੂਲ ਵਿਚ ਹੋਈ ਜਿੱਥੇ ਅੰਨ੍ਹੇ ਲੋਕ ਜਾਂਦੇ ਸਨ। ਐਡਵਰਡ ਨੇ ਗਵੇਨ ਨੂੰ ਇਸ ਲਈ ਪਸੰਦ ਕੀਤਾ ਕਿਉਂਕਿ ਉਹ ਆਪਣੇ ਬੋਲਚਾਲ ਵਿਚ ਇਮਾਨਦਾਰ ਸੀ ਅਤੇ ਬਹੁਤ ਮਿਹਨਤੀ ਵੀ ਸੀ। ਗਵੇਨ ਨੇ ਐਡਵਰਡ ਨੂੰ ਕਿਉਂ ਪਸੰਦ ਕੀਤਾ? ਉਹ ਦੱਸਦੀ ਹੈ ਕਿ ‘ਉਸ ਵਿਚ ਮੈਂ ਉਹ ਗੁਣ ਪਾਏ ਜੋ ਮੈਨੂੰ ਪਤਾ ਸੀ ਕਿ ਮਹੱਤਵਪੂਰਣ ਹਨ।’ ਮਿਲਣ ਤੋਂ ਤਿੰਨ ਸਾਲ ਬਾਅਦ ਐਡਵਰਡ ਅਤੇ ਗਵੇਨ ਦਾ ਵਿਆਹ ਹੋਇਆ।

ਐਡਵਰਡ ਕਹਿੰਦਾ ਹੈ ਕਿ ‘ਜਦੋਂ ਤੁਸੀਂ ਇਕੱਠੇ ਹੁੰਦੇ ਹੋ ਤਾਂ ਇਕ ਦੂਜੇ ਨਾਲ ਦੋਸਤੀ ਕਰਨ ਵਿਚ ਨਜ਼ਰ ਹੋਣ ਜਾਂ ਨਾ ਹੋਣ ਦਾ ਕੋਈ ਫ਼ਰਕ ਨਹੀਂ ਪੈਂਦਾ। ਇਹ ਸੱਚ ਹੈ ਕਿ ਅਸੀਂ ਇਕ ਦੂਜੇ ਨੂੰ ਦੇਖ ਨਹੀਂ ਸਕਦੇ ਪਰ ਸਾਡੇ ਜਜ਼ਬਾਤ ਤਾਂ ਅੰਨ੍ਹੇ ਨਹੀਂ ਹਨ।’ ਕੁਝ 57 ਸਾਲਾਂ ਬਾਅਦ ਉਹ ਹਾਲੇ ਵੀ ਇਕ ਦੂਜੇ ਨੂੰ ਬਹੁਤ ਪ੍ਰੇਮ ਕਰਦੇ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਦਾ ਪਿਆਰ ਘੱਟੋ-ਘੱਟ ਚਾਰ ਚੀਜ਼ਾਂ ਤੇ ਨਿਰਭਰ ਹੈ: (1) ਦੂਸਰੇ ਦੇ ਸਦਗੁਣ ਪਛਾਣਨੇ, (2) ਉਨ੍ਹਾਂ ਗੁਣਾਂ ਬਾਰੇ ਸੋਚਣਾ ਅਤੇ ਉਨ੍ਹਾਂ ਕਰਕੇ ਉਸ ਵੱਲ ਖਿੱਚੇ ਜਾਣਾ, (3) ਚੰਗੀ ਤਰ੍ਹਾਂ ਗੱਲ-ਬਾਤ ਕਰਨੀ, ਅਤੇ (4) ਹਰ ਕੰਮ ਰਲ-ਮਿਲ ਕੇ ਕਰਨਾ।

ਇਕ ਚੰਗੇ ਰਿਸ਼ਤੇ ਲਈ ਇਹ ਚਾਰ ਗੱਲਾਂ ਬਹੁਤ ਹੀ ਜ਼ਰੂਰੀ ਹਨ, ਭਾਵੇਂ ਇਹ ਰਿਸ਼ਤਾ ਮਿੱਤਰਾਂ, ਵਿਆਹੁਤਾ ਜੋੜੇ, ਜਾਂ ਖ਼ਾਸ ਕਰਕੇ, ਪਰਮੇਸ਼ੁਰ ਅਤੇ ਮਨੁੱਖਾਂ ਵਿਚਕਾਰ ਹੋਵੇ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਇਨ੍ਹਾਂ ਚਾਰ ਗੱਲਾਂ ਨੂੰ ਲਾਗੂ ਕਰਨ ਨਾਲ ਅਸੀਂ ਪਰਮੇਸ਼ੁਰ ਦੇ ਨਜ਼ਦੀਕ ਕਿਵੇਂ ਜਾ ਸਕਦੇ ਹਾਂ, ਭਾਵੇਂ ਕਿ ਅਸੀਂ ਉਸ ਨੂੰ ਦੇਖ ਨਹੀਂ ਸਕਦੇ। *

[ਫੁਟਨੋਟ]

^ ਪੈਰਾ 4 ਨਾਂ ਬਦਲੇ ਗਏ ਹਨ।

^ ਪੈਰਾ 6 ਮਨੁੱਖੀ ਰਿਸ਼ਤਿਆਂ ਦੇ ਉਲਟ, ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਰੱਖਣ ਲਈ ਤੁਹਾਨੂੰ ਵਿਸ਼ਵਾਸ ਕਰਨ ਦੀ ਲੋੜ ਹੈ ਕਿ ਉਹ ਹੋਂਦ ਵਿਚ ਹੈ। (ਇਬਰਾਨੀਆਂ 11:6) ਪਰਮੇਸ਼ੁਰ ਵਿਚ ਦ੍ਰਿੜ੍ਹ ਵਿਸ਼ਵਾਸ ਰੱਖਣ ਬਾਰੇ ਹੋਰ ਜਾਣਕਾਰੀ ਲਈ, ਅੰਗ੍ਰੇਜ਼ੀ ਵਿਚ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? ਨਾਮਕ ਪੁਸਤਕ ਦੇਖੋ, ਜੋ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਰਾਹੀਂ ਛਾਪੀ ਗਈ ਹੈ।