Skip to content

Skip to table of contents

ਦੂਸਰੇ ਧਰਮ—ਕੀ ਇਨ੍ਹਾਂ ਦੀ ਛਾਣ-ਬੀਣ ਕਰਨੀ ਚਾਹੀਦੀ ਹੈ?

ਦੂਸਰੇ ਧਰਮ—ਕੀ ਇਨ੍ਹਾਂ ਦੀ ਛਾਣ-ਬੀਣ ਕਰਨੀ ਚਾਹੀਦੀ ਹੈ?

ਦੂਸਰੇ ਧਰਮ—ਕੀ ਇਨ੍ਹਾਂ ਦੀ ਛਾਣ-ਬੀਣ ਕਰਨੀ ਚਾਹੀਦੀ ਹੈ?

ਦੱਖਣੀ ਅਮਰੀਕਾ ਵਿਚ ਰਹਿਣ ਵਾਲੇ ਮੀਗੇਲ ਨਾਂ ਦੇ ਯਹੋਵਾਹ ਦੇ ਇਕ ਗਵਾਹ ਨੇ ਦੱਸਿਆ: “ਮੈਨੂੰ ਮਸੀਹੀ ਸਭਾਵਾਂ ਤੇ ਜਾਂਦਿਆਂ ਤਕਰੀਬਨ ਇਕ ਸਾਲ ਹੋ ਚੁੱਕਾ ਸੀ। ਮੈਂ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨਾ ਵੀ ਪਸੰਦ ਕਰਦਾ ਸੀ। ਫਿਰ ਮੈਂ ਰੇਡੀਓ ਤੇ ਪੇਸ਼ ਕੀਤੇ ਜਾਣ ਵਾਲੇ ਧਾਰਮਿਕ ਪ੍ਰੋਗ੍ਰਾਮ ਸੁਣਨ ਲੱਗ ਪਿਆ ਅਤੇ ਟੈਲੀਵਿਯਨ ਤੇ ਪ੍ਰਚਾਰਕਾਂ ਨੂੰ ਭਾਸ਼ਣ ਦਿੰਦੇ ਦੇਖਣ ਲੱਗ ਪਿਆ। ਮੈਂ ਸੋਚਿਆ ਕਿ ਅਜਿਹੇ ਪ੍ਰੋਗ੍ਰਾਮ ਦੂਜਿਆਂ ਧਰਮਾਂ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਮੇਰੀ ਮਦਦ ਕਰਨਗੇ। ਪਰ ਮੈਨੂੰ ਪਤਾ ਚੱਲਿਆ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਬਾਈਬਲ ਤੋਂ ਨਹੀਂ ਸਨ। ਫਿਰ ਵੀ ਮੈਂ ਉਨ੍ਹਾਂ ਬਾਰੇ ਹੋਰ ਪਤਾ ਕਰਨਾ ਚਾਹੁੰਦਾ ਸੀ।”

ਉਸੇ ਦੇਸ਼ ਵਿਚ ਜੌਰਜ ਨਾਂ ਦਾ ਇਕ ਬੰਦਾ ਦੂਜਿਆਂ ਨੂੰ ਬੜੇ ਜੋਸ਼ ਨਾਲ ਸੱਚੀ ਉਪਾਸਨਾ ਬਾਰੇ ਸਿੱਖਿਆ ਦਿੰਦਾ ਸੀ। ਪਰ ਉਹ ਵੀ ਰੇਡੀਓ ਅਤੇ ਟੈਲੀਵਿਯਨ ਤੇ ਧਾਰਮਿਕ ਪ੍ਰੋਗ੍ਰਾਮ ਸੁਣਨ ਲੱਗ ਪਿਆ। ਉਹ ਕਹਿਣ ਲੱਗਾ ਕਿ “ਸਾਨੂੰ ਜਾਣਨਾ ਚਾਹੀਦਾ ਹੈ ਕਿ ਦੂਜੇ ਲੋਕ ਕੀ ਸੋਚਦੇ ਹਨ।” ਜਦੋਂ ਉਸ ਨੂੰ ਝੂਠੀਆਂ ਸਿੱਖਿਆਵਾਂ ਵਾਲੇ ਪ੍ਰੋਗ੍ਰਾਮ ਸੁਣਨ ਦੇ ਖ਼ਤਰਿਆਂ ਬਾਰੇ ਪੁੱਛਿਆ ਗਿਆ, ਤਾਂ ਉਸ ਨੇ ਕਿਹਾ ਕਿ “ਬਾਈਬਲ ਦੀਆਂ ਸੱਚਾਈਆਂ ਜਾਣਨ ਵਾਲੇ ਵਿਅਕਤੀ ਦੀ ਨਿਹਚਾ ਨੂੰ ਕੁਝ ਵੀ ਨਹੀਂ ਵਿਗਾੜ ਸਕਦਾ।” ਇਨ੍ਹਾਂ ਦੋ ਤਜਰਬਿਆਂ ਤੋਂ ਇਕ ਮਹੱਤਵਪੂਰਣ ਸਵਾਲ ਖੜ੍ਹਾ ਹੁੰਦਾ ਹੈ: ਕੀ ਦੂਜਿਆਂ ਦੇ ਧਰਮਾਂ ਬਾਰੇ ਗੱਲਾਂ ਸੁਣਨੀਆਂ ਅਕਲਮੰਦੀ ਦੀ ਗੱਲ ਹੈ?

ਸੱਚੀ ਮਸੀਹੀਅਤ ਦੀ ਪਛਾਣ ਕਰਨੀ

ਰਸੂਲਾਂ ਦੀ ਮੌਤ ਤੋਂ ਬਾਅਦ, ਸੱਚੀ ਉਪਾਸਨਾ ਹੌਲੀ-ਹੌਲੀ ਵਿਗੜ ਗਈ ਅਤੇ ਮਸੀਹੀਅਤ ਦੇ ਕਈ ਨਕਲੀ ਰੂਪ ਬਣ ਗਏ। ਯਿਸੂ ਪਹਿਲਾਂ ਹੀ ਜਾਣਦਾ ਸੀ ਕਿ ਇਸ ਤਰ੍ਹਾਂ ਜ਼ਰੂਰ ਹੋਵੇਗਾ। ਇਸ ਕਰਕੇ ਉਸ ਨੇ ਦੱਸਿਆ ਸੀ ਕਿ ਲੋਕ ਨਕਲੀ ਮਸੀਹੀਅਤ ਤੋਂ ਅਸਲੀ ਮਸੀਹੀਅਤ ਨੂੰ ਕਿਸ ਤਰ੍ਹਾਂ ਪਛਾਣ ਸਕਣਗੇ। ਪਹਿਲਾਂ ਉਸ ਨੇ ਚੇਤਾਵਨੀ ਦਿੱਤੀ ਕਿ “ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਓਹ ਪਾੜਨ ਵਾਲੇ ਬਘਿਆੜ ਹਨ।” ਅੱਗੇ ਉਸ ਨੇ ਦੱਸਿਆ ਕਿ “ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ।” (ਮੱਤੀ 7:15-23) ਯਿਸੂ ਦੇ ਸੱਚੇ ਚੇਲੇ ਉਸ ਦੀਆਂ ਸਿੱਖਿਆਵਾਂ ਤੇ ਚੱਲਦੇ ਹਨ ਅਤੇ ਆਪਣੇ ਚੰਗਿਆਂ ਫਲਾਂ ਤੋਂ ਸੌਖਿਆਂ ਹੀ ਪਛਾਣੇ ਜਾਂਦੇ ਹਨ। ਉਹ ਯਿਸੂ ਵਾਂਗ ਬਾਈਬਲ ਤੋਂ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਲਈ ਲੋਕਾਂ ਕੋਲ ਜਾਂਦੇ ਹਨ। ਉਸ ਦੀ ਮਿਸਾਲ ਅਨੁਸਾਰ, ਉਹ ਸੰਸਾਰ ਦੇ ਰਾਜਨੀਤਿਕ ਅਤੇ ਸਮਾਜਕ ਮਾਮਲਿਆਂ ਵਿਚ ਦਖ਼ਲ ਨਹੀਂ ਦਿੰਦੇ। ਉਹ ਬਾਈਬਲ ਨੂੰ ਪਰਮੇਸ਼ੁਰ ਦੇ ਬਚਨ ਵਜੋਂ ਕਬੂਲ ਕਰਦੇ ਹਨ ਅਤੇ ਉਸ ਨੂੰ ਸੱਚ ਸਮਝਦੇ ਹਨ। ਉਹ ਲੋਕਾਂ ਨੂੰ ਪਰਮੇਸ਼ੁਰ ਦਾ ਨਾਂ ਦੱਸਦੇ ਹਨ। ਉਹ ਲੜਾਈਆਂ ਨਹੀਂ ਲੜਦੇ ਕਿਉਂਕਿ ਉਹ ਲੋਕਾਂ ਨਾਲ ਉਹੀ ਪ੍ਰੇਮ ਕਰਦੇ ਹਨ ਜੋ ਪਰਮੇਸ਼ੁਰ ਸਿਖਾਉਂਦਾ ਹੈ। ਦੂਜਿਆਂ ਨਾਲ ਲੜਨ ਦੀ ਬਜਾਇ, ਉਹ ਉਨ੍ਹਾਂ ਨੂੰ ਭਰਾ ਸਮਝਦੇ ਹਨ।—ਲੂਕਾ 4:43; 10:1-9; ਯੂਹੰਨਾ 13:34, 35; 17:16, 17, 26.

ਬਾਈਬਲ ਦੇ ਅਨੁਸਾਰ ‘ਧਰਮੀ ਅਰ ਦੁਸ਼ਟ ਵਿੱਚ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹ ਦੇ ਵਿੱਚ ਪਰਖ ਕੀਤੀ’ ਜਾ ਸਕਦੀ ਹੈ। (ਮਲਾਕੀ 3:18) ਪਹਿਲੀ ਸਦੀ ਦੇ ਮਸੀਹੀਆਂ ਵਾਂਗ, ਅੱਜ ਵੀ ਸੱਚੇ ਉਪਾਸਕਾਂ ਦੇ ਆਪਸੀ ਸੋਚ-ਵਿਚਾਰਾਂ ਵਿਚ ਕੋਈ ਅਣਮੇਲ ਨਹੀਂ ਹੈ। (ਅਫ਼ਸੀਆਂ 4:4-6) ਜੇ ਤੁਸੀਂ ਸੱਚੇ ਮਸੀਹੀਆਂ ਦੇ ਸਮੂਹ ਨੂੰ ਪਛਾਣ ਲਿਆ ਹੈ, ਤਾਂ ਤੁਸੀਂ ਦੂਜਿਆਂ ਦੇ ਵਿਚਾਰਾਂ ਬਾਰੇ ਪਤਾ ਕਰਕੇ ਕੀ ਲੈਣਾ ਹੈ?

ਝੂਠੇ ਪ੍ਰਚਾਰਕਾਂ ਤੋਂ ਸਾਵਧਾਨ ਰਹੋ

ਬਾਈਬਲ ਇਹ ਵੀ ਦੱਸਦੀ ਹੈ ਕਿ ਸੱਚਾਈ ਸਿੱਖਣ ਤੋਂ ਬਾਅਦ ਵੀ ਝੂਠੀਆਂ ਸਿੱਖਿਆਵਾਂ ਕਰਕੇ ਰੂਹਾਨੀ ਖ਼ਤਰਾ ਹੁੰਦਾ ਹੈ। ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ ਸੀ ਕਿ “ਵੇਖਣਾ ਕਿਤੇ ਕੋਈ ਆਪਣੀ ਫ਼ੈਲਸੂਫ਼ੀ ਅਤੇ ਲਾਗ ਲਪੇਟ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ।” (ਕੁਲੁੱਸੀਆਂ 2:8) ਕਿਸੇ ਦੇ ਲਾਗ ਲਪੇਟ ਵਿਚ ਆ ਕੇ ਲੁੱਟੇ ਜਾਣਾ ਕਿੰਨਾ ਬੁਰਾ ਹੈ! ਉਨ੍ਹਾਂ ਠੱਗਾਂ ਵਾਂਗ ਜੋ ਤੁਹਾਨੂੰ ਆਪਣੀ ਲਾਗ ਲਪੇਟ ਵਿਚ ਲੈ ਕੇ ਲੁੱਟ ਸਕਦੇ ਹਨ, ਝੂਠੇ ਪ੍ਰਚਾਰਕ ਅਸਲੀ ਖ਼ਤਰਾ ਪੇਸ਼ ਕਰਦੇ ਹਨ।

ਇਹ ਸੱਚ ਹੈ ਕਿ ਪੌਲੁਸ ਲੋਕਾਂ ਦੇ ਧਰਮਾਂ ਦੀਆਂ ਗੱਲਾਂ ਉੱਤੇ ਧਿਆਨ ਰੱਖਦਾ ਸੀ। ਇਕ ਵਾਰ ਉਸ ਨੇ ਆਪਣਾ ਭਾਸ਼ਣ ਇਸ ਤਰ੍ਹਾਂ ਸ਼ੁਰੂ ਕੀਤਾ: “ਹੇ ਅਥੇਨੀਓ, ਮੈਂ ਤੁਹਾਨੂੰ ਹਰ ਤਰਾਂ ਨਾਲ ਵੱਡੇ ਪੂਜਣ ਵਾਲੇ ਵੇਖਦਾ ਹਾਂ। ਕਿਉਂ ਜੋ ਮੈਂ ਤੁਰਦੇ ਫਿਰਦੇ ਅਤੇ ਤੁਹਾਡੇ ਠਾਕਰਾਂ ਉੱਤੇ ਨਿਗਾਹ ਮਾਰਦਿਆਂ ਇੱਕ ਵੇਦੀ ਭੀ ਵੇਖੀ ਜਿਹ ਦੇ ਉੱਤੇ ਇਹ ਲਿਖਿਆ ਹੋਇਆ ਸੀ ‘ਅਣਜਾਤੇ ਦੇਵ ਲਈ।’” (ਰਸੂਲਾਂ ਦੇ ਕਰਤੱਬ 17:22, 23) ਪਰ ਪੌਲੁਸ ਯੂਨਾਨੀ ਭਾਸ਼ਣਕਾਰਾਂ ਦੇ ਫ਼ਲਸਫ਼ਿਆਂ ਨਾਲ ਬਾਕਾਇਦਾ ਆਪਣਾ ਦਿਮਾਗ਼ ਨਹੀਂ ਸੀ ਭਰਦਾ।

ਇਹ ਪਤਾ ਕਰਨਾ ਕਿ ਝੂਠੇ ਧਰਮ ਕਿੱਥੋਂ ਸ਼ੁਰੂ ਹੋਏ ਸਨ ਜਾਂ ਉਨ੍ਹਾਂ ਵਿਚ ਕੀ-ਕੀ ਮੰਨਿਆ ਜਾਂਦਾ ਹੈ ਇਕ ਗੱਲ ਹੈ, ਪਰ ਆਪਣੇ ਦਿਮਾਗ਼ ਨੂੰ ਉਨ੍ਹਾਂ ਦੀਆਂ ਗੱਲਾਂ ਨਾਲ ਭਰਨਾ ਬਿਲਕੁਲ ਹੋਰ ਗੱਲ ਹੈ। * ਯਹੋਵਾਹ ਨੇ ਆਪਣੇ ਬਚਨ ਤੋਂ ਸਿੱਖਿਆ ਦੇਣ ਲਈ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਠਹਿਰਾਇਆ ਹੈ। (ਮੱਤੀ 4:4; 24:45) ਪੌਲੁਸ ਨੇ ਖ਼ੁਦ ਲਿਖਿਆ: “ਤੁਸੀਂ ਪ੍ਰਭੁ ਦੀ ਮੇਜ਼, ਨਾਲੇ ਭੂਤਾਂ ਦੀ ਮੇਜ਼ ਦੋਹਾਂ ਦੇ ਸਾਂਝੀ ਨਹੀਂ ਹੋ ਸੱਕਦੇ। ਅਥਵਾ ਕੀ ਅਸੀਂ ਪ੍ਰਭੁ ਨੂੰ ਅਣਖ ਦੁਆਉਂਦੇ ਹਾਂ?”—1 ਕੁਰਿੰਥੀਆਂ 10:20-22.

ਹੋ ਸਕਦਾ ਹੈ ਕਿ ਕੁਝ ਝੂਠੇ ਪ੍ਰਚਾਰਕ ਪਹਿਲਾਂ ਸੱਚੇ ਮਸੀਹੀ ਸਨ, ਪਰ ਉਹ ਹੁਣ ਸੱਚਾਈ ਨੂੰ ਛੱਡ ਕੇ ਗ਼ਲਤ ਰਾਹ ਪੈ ਗਏ ਹਨ। (ਯਹੂਦਾਹ 4, 11) ਇਸ ਤੋਂ ਸਾਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। “ਮਾਤਬਰ ਅਤੇ ਬੁੱਧਵਾਨ ਨੌਕਰ” ਬਾਰੇ ਗੱਲ ਕਰਨ ਤੋਂ ਬਾਅਦ ਜੋ ਮਸਹ ਕੀਤੇ ਹੋਏ ਮਸੀਹੀਆਂ ਨੂੰ ਦਰਸਾਉਂਦਾ ਹੈ, ਯਿਸੂ ਨੇ “ਦੁਸ਼ਟ ਨੌਕਰ” ਦਾ ਵੀ ਜ਼ਿਕਰ ਕੀਤਾ ਸੀ, ਯਾਨੀ ਉਹ ਸਮੂਹ ਜੋ ਸ਼ਿਕਾਇਤ ਕਰਦਾ ਸੀ ਕਿ “ਮੇਰਾ ਮਾਲਕ ਚਿਰ ਲਾਉਂਦਾ ਹੈ” ਅਤੇ ਉਹ ਆਪਣੇ ਨਾਲ ਦੇ ਨੌਕਰਾਂ ਨੂੰ ਮਾਰਨ ਲੱਗਦਾ ਸੀ। (ਮੱਤੀ 24:48, 49) ਅਕਸਰ ਅਜਿਹੇ ਪ੍ਰਚਾਰਕ ਅਤੇ ਉਨ੍ਹਾਂ ਦੇ ਚੇਲੇ ਕੋਈ ਖ਼ਾਸ ਸਿੱਖਿਆ ਨਹੀਂ ਦਿੰਦੇ; ਉਹ ਸਿਰਫ਼ ਦੂਜਿਆਂ ਦੀ ਨਿਹਚਾ ਤੋੜਣੀ ਚਾਹੁੰਦੇ ਹਨ। ਉਨ੍ਹਾਂ ਬਾਰੇ ਯੂਹੰਨਾ ਨੇ ਲਿਖਿਆ ਕਿ “ਜੇ ਕੋਈ ਤੁਹਾਡੇ ਕੋਲ ਆਵੇ ਅਤੇ ਇਹ ਸਿੱਖਿਆ ਨਾ ਲਿਆਵੇ ਤਾਂ ਉਸ ਨੂੰ ਘਰ ਵਿੱਚ ਨਾ ਉਤਾਰੋ, ਨਾ ਉਸ ਦੀ ਸੁਖ ਮਨਾਓ।”—2 ਯੂਹੰਨਾ 10; 2 ਕੁਰਿੰਥੀਆਂ 11:3, 4, 13-15.

ਸੱਚਾਈ ਭਾਲਣ ਵਾਲੇ ਸੁਹਿਰਦ ਲੋਕਾਂ ਦਾ ਭਲਾ ਹੋਵੇਗਾ ਜੇ ਉਹ ਵੱਖੋ-ਵੱਖਰੇ ਧਰਮਾਂ ਦੀਆਂ ਗੱਲਾਂ ਸਾਵਧਾਨੀ ਨਾਲ ਸੁਣਨ। ਪਰਮੇਸ਼ੁਰ ਸਮੇਂ ਸਿਰ ਉਨ੍ਹਾਂ ਦੇ ਜਤਨਾਂ ਉੱਤੇ ਬਰਕਤ ਪਾਵੇਗਾ। ਬਾਈਬਲ ਈਸ਼ਵਰੀ ਬੁੱਧ ਬਾਰੇ ਕਹਿੰਦੀ ਹੈ ਕਿ “ਜੇ ਤੂੰ ਚਾਂਦੀ ਵਾਂਙੁ ਉਹ ਦੀ ਭਾਲ ਕਰੇਂ, ਅਤੇ ਗੁਪਤ ਧਨ ਵਾਂਙੁ ਉਹ ਦੀ ਖੋਜ ਕਰੇਂ, ਤਾਂ ਤੂੰ . . . ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ।” (ਕਹਾਉਤਾਂ 2:4, 5) ਬਾਈਬਲ ਅਤੇ ਮਸੀਹੀ ਕਲੀਸਿਯਾ ਦੁਆਰਾ ਪਰਮੇਸ਼ੁਰ ਦਾ ਗਿਆਨ ਪਾਉਣ ਤੋਂ ਬਾਅਦ ਅਤੇ ਇਹ ਦੇਖਣ ਤੋਂ ਬਾਅਦ ਕਿ ਯਹੋਵਾਹ ਉਨ੍ਹਾਂ ਨੂੰ ਬਰਕਤ ਦਿੰਦਾ ਹੈ ਜੋ ਉਸ ਦੇ ਗਿਆਨ ਅਨੁਸਾਰ ਚੱਲਦੇ ਹਨ, ਸੱਚੇ ਮਸੀਹੀ ਝੂਠੀਆਂ ਧਾਰਮਿਕ ਸਿੱਖਿਆਵਾਂ ਵੱਲ ਧਿਆਨ ਦੇਣਾ ਛੱਡ ਦਿੰਦੇ ਹਨ।—2 ਤਿਮੋਥਿਉਸ 3:14.

[ਫੁਟਨੋਟ]

^ ਪੈਰਾ 10 ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ (ਅੰਗ੍ਰੇਜ਼ੀ) ਪੁਸਤਕ ਸੰਸਾਰ ਦੇ ਅਨੇਕ ਧਰਮਾਂ ਦੀਆਂ ਸਿੱਖਿਆਵਾਂ ਅਤੇ ਪਿਛੋਕੜਾਂ ਬਾਰੇ ਮੂਲ ਜਾਣਕਾਰੀ ਪੇਸ਼ ਕਰਦੀ ਹੈ।