Skip to content

Skip to table of contents

ਪਰਮੇਸ਼ੁਰ ਦਾ ਰਾਜ—ਧਰਤੀ ਦੀ ਨਵੀਂ ਹਕੂਮਤ

ਪਰਮੇਸ਼ੁਰ ਦਾ ਰਾਜ—ਧਰਤੀ ਦੀ ਨਵੀਂ ਹਕੂਮਤ

ਪਰਮੇਸ਼ੁਰ ਦਾ ਰਾਜ—ਧਰਤੀ ਦੀ ਨਵੀਂ ਹਕੂਮਤ

‘ਪਰਮੇਸ਼ੁਰ ਦਾ ਰਾਜ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।’—ਦਾਨੀਏਲ 2:44.

1. ਬਾਈਬਲ ਬਾਰੇ ਅਸੀਂ ਕੀ ਭਰੋਸਾ ਰੱਖ ਸਕਦੇ ਹਾਂ?

ਬਾਈਬਲ ਵਿਚ ਇਨਸਾਨਾਂ ਲਈ ਪਰਮੇਸ਼ੁਰ ਦਾ ਸੰਦੇਸ਼ ਹੈ। ਪੌਲੁਸ ਰਸੂਲ ਨੇ ਲਿਖਿਆ: “ਜਦ ਤੁਹਾਨੂੰ ਪਰਮੇਸ਼ੁਰ ਦਾ ਸੁਣਿਆ ਹੋਇਆ ਬਚਨ ਸਾਥੋਂ ਮਿਲਿਆ ਤਾਂ [ਤੁਸੀਂ] ਉਹ ਨੂੰ ਮਨੁੱਖਾਂ ਦਾ ਬਚਨ ਕਰਕੇ ਨਹੀਂ ਸਗੋਂ ਜਿਵੇਂ ਉਹ ਸੱਚੀਂ ਮੁੱਚੀਂ ਹੈ ਪਰਮੇਸ਼ੁਰ ਦਾ ਬਚਨ ਕਰਕੇ ਕਬੂਲ ਕੀਤਾ।” (1 ਥੱਸਲੁਨੀਕੀਆਂ 2:13) ਬਾਈਬਲ ਵਿਚ ਉਹ ਸਾਰੀਆਂ ਗੱਲਾਂ ਦੱਸੀਆਂ ਗਈਆਂ ਹਨ ਜੋ ਪਰਮੇਸ਼ੁਰ ਨੂੰ ਜਾਣਨ ਲਈ ਜ਼ਰੂਰੀ ਹਨ। ਇਸ ਵਿਚ ਉਸ ਦੇ ਸੁਭਾਅ, ਉਸ ਦੇ ਮਕਸਦਾਂ, ਅਤੇ ਸਾਡੇ ਲਈ ਉਸ ਦੀਆਂ ਮੰਗਾਂ ਬਾਰੇ ਜਾਣਕਾਰੀ ਪਾਈ ਜਾਂਦੀ ਹੈ। ਇਸ ਵਿਚ ਪਰਿਵਾਰਕ ਜੀਵਨ ਅਤੇ ਸਾਡੇ ਚਾਲ-ਚੱਲਣ ਬਾਰੇ ਸਭ ਤੋਂ ਵਧੀਆ ਸਲਾਹ ਹੈ। ਇਸ ਵਿਚ ਭਵਿੱਖਬਾਣੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਕੁਝ ਪੂਰੀਆਂ ਹੋ ਚੁੱਕੀਆਂ ਹਨ, ਕੁਝ ਹੁਣ ਪੂਰੀਆਂ ਹੋ ਰਹੀਆਂ ਹਨ, ਅਤੇ ਕੁਝ ਭਵਿੱਖ ਵਿਚ ਪੂਰੀਆਂ ਹੋਣਗੀਆਂ। ਜੀ ਹਾਂ, “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ। ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।”—2 ਤਿਮੋਥਿਉਸ 3:16, 17.

2. ਯਿਸੂ ਨੇ ਬਾਈਬਲ ਦੇ ਵਿਸ਼ੇ ਉੱਤੇ ਕਿਸ ਤਰ੍ਹਾਂ ਜ਼ੋਰ ਪਾਇਆ ਸੀ?

2 ਬਾਈਬਲ ਵਿਚ ਸਭ ਤੋਂ ਮਹੱਤਵਪੂਰਣ ਚੀਜ਼ ਉਸ ਦਾ ਵਿਸ਼ਾ ਹੈ: ਪਰਮੇਸ਼ੁਰ ਦੇ ਸਵਰਗੀ ਰਾਜ ਰਾਹੀਂ ਉਸ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਸਾਬਤ ਕਰਨਾ। ਯਿਸੂ ਨੇ ਆਪਣੀ ਸੇਵਕਾਈ ਵਿਚ ਇਸ ਗੱਲ ਉੱਤੇ ਜ਼ੋਰ ਪਾਇਆ ਸੀ। ਬਾਈਬਲ ਦੱਸਦੀ ਹੈ ਕਿ “ਯਿਸੂ ਪਰਚਾਰ ਕਰਨ ਅਤੇ ਕਹਿਣ ਲੱਗਾ ਭਈ ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ।” (ਮੱਤੀ 4:17) ਯਿਸੂ ਨੇ ਕਿਹਾ ਕਿ “ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ,” ਅਤੇ ਇਸ ਤਰ੍ਹਾਂ ਉਸ ਨੇ ਦਿਖਾਇਆ ਕਿ ਇਹ ਰਾਜ ਸਾਡੀ ਜ਼ਿੰਦਗੀ ਵਿਚ ਕਿੰਨਾ ਜ਼ਰੂਰੀ ਹੋਣਾ ਚਾਹੀਦਾ ਹੈ। (ਮੱਤੀ 6:33) ਉਸ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਉਂਦੇ ਹੋਏ ਵੀ ਦਿਖਾਇਆ ਸੀ ਕਿ ਪਰਮੇਸ਼ੁਰ ਦਾ ਰਾਜ ਕਿੰਨਾ ਮਹੱਤਵਪੂਰਣ ਹੈ। ਉਸ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਸਿਖਾਈ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।”—ਮੱਤੀ 6:10.

ਧਰਤੀ ਦੀ ਨਵੀਂ ਹਕੂਮਤ

3. ਪਰਮੇਸ਼ੁਰ ਦਾ ਰਾਜ ਸਾਡੇ ਲਈ ਇੰਨਾ ਮਹੱਤਵਪੂਰਣ ਕਿਉਂ ਹੈ?

3 ਇਨਸਾਨਾਂ ਲਈ ਪਰਮੇਸ਼ੁਰ ਦਾ ਰਾਜ ਇੰਨਾ ਮਹੱਤਵਪੂਰਣ ਕਿਉਂ ਹੈ? ਕਿਉਂਕਿ ਬਹੁਤ ਜਲਦੀ ਉਹ ਅਜਿਹੀ ਕਾਰਵਾਈ ਕਰੇਗਾ ਜੋ ਹਮੇਸ਼ਾ-ਹਮੇਸ਼ਾ ਲਈ ਧਰਤੀ ਦੀ ਹਕੂਮਤ ਨੂੰ ਬਦਲ ਦੇਵੇਗੀ। ਦਾਨੀਏਲ 2:44 ਵਿਚ ਦਰਜ ਭਵਿੱਖਬਾਣੀ ਕਹਿੰਦੀ ਹੈ: “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ [ਜੋ ਹੁਣ ਧਰਤੀ ਉੱਤੇ ਰਾਜ ਕਰ ਰਹੇ ਹਨ] ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ [ਇਕ ਸਵਰਗੀ ਰਾਜ] ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ [ਧਰਤੀ ਦੀਆਂ ਸਰਕਾਰਾਂ] ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” ਜਦੋਂ ਪਰਮੇਸ਼ੁਰ ਦਾ ਸਵਰਗੀ ਰਾਜ ਪੂਰੀ ਤਰ੍ਹਾਂ ਸ਼ਾਸਨ ਕਰਨ ਲੱਗੇਗਾ ਤਾਂ ਇਨਸਾਨ ਫਿਰ ਕਦੀ ਵੀ ਧਰਤੀ ਉੱਤੇ ਇਖ਼ਤਿਆਰ ਨਹੀਂ ਚਲਾਉਣਗੇ। ਫੁੱਟਾਂ ਪਾਉਣ ਵਾਲੀਆਂ ਬੁਰੀਆਂ ਮਨੁੱਖੀ ਸਰਕਾਰਾਂ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕੀਤੀਆਂ ਜਾਣਗੀਆਂ।

4, 5. (ੳ) ਰਾਜ ਦਾ ਰਾਜਾ ਬਣਨ ਲਈ ਯਿਸੂ ਸਭ ਤੋਂ ਕਾਬਲ ਕਿਉਂ ਹੈ? (ਅ) ਭਵਿੱਖ ਵਿਚ ਯਿਸੂ ਨੇ ਕਿਹੜੀ ਵੱਡੀ ਜ਼ਿੰਮੇਵਾਰੀ ਪੂਰੀ ਕਰਨੀ ਹੈ?

4 ਖ਼ੁਦ ਯਹੋਵਾਹ ਦੇ ਨਿਰਦੇਸ਼ਨ ਅਧੀਨ ਸਵਰਗੀ ਰਾਜ ਦਾ ਮੁੱਖ ਸ਼ਾਸਕ ਮਸੀਹ ਯਿਸੂ ਹੈ ਜੋ ਕਿ ਇਸ ਕੰਮ ਲਈ ਸਭ ਤੋਂ ਕਾਬਲ ਹੈ। ਪਰਮੇਸ਼ੁਰ ਨੇ ਹੋਰ ਸਾਰੀਆਂ ਚੀਜ਼ਾਂ ਬਣਾਉਣ ਤੋਂ ਪਹਿਲਾਂ ਯਿਸੂ ਨੂੰ ਸ੍ਰਿਸ਼ਟ ਕੀਤਾ ਸੀ। ਧਰਤੀ ਉੱਤੇ ਆਉਣ ਤੋਂ ਪਹਿਲਾਂ, ਯਿਸੂ ਪਰਮੇਸ਼ੁਰ ਦਾ “ਰਾਜ ਮਿਸਤਰੀ” ਸੀ। (ਕਹਾਉਤਾਂ 8:22-31) “ਉਹ ਅਲੱਖ ਪਰਮੇਸ਼ੁਰ ਦਾ ਰੂਪ ਅਤੇ ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ। ਕਿਉਂ ਜੋ ਅਕਾਸ਼ ਅਤੇ ਧਰਤੀ ਉਤਲੀਆਂ ਸਾਰੀਆਂ ਵਸਤਾਂ ਉਸੇ ਤੋਂ ਉਤਪਤ ਹੋਈਆਂ।” (ਕੁਲੁੱਸੀਆਂ 1:15, 16) ਅਤੇ ਜਦੋਂ ਪਰਮੇਸ਼ੁਰ ਨੇ ਯਿਸੂ ਨੂੰ ਧਰਤੀ ਤੇ ਭੇਜਿਆ ਸੀ, ਉਸ ਨੇ ਹਰ ਵਕਤ ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ ਸੀ। ਉਹ ਸਭ ਤੋਂ ਔਖੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਕੇ ਮੌਤ ਤਕ ਆਪਣੇ ਪਿਤਾ ਪ੍ਰਤੀ ਵਫ਼ਾਦਾਰ ਰਿਹਾ ਸੀ।—ਯੂਹੰਨਾ 4:34; 15:10.

5 ਮੌਤ ਤਕ ਵਫ਼ਾਦਾਰ ਰਹਿਣ ਲਈ ਯਿਸੂ ਨੂੰ ਇਨਾਮ ਮਿਲਿਆ ਸੀ। ਪਰਮੇਸ਼ੁਰ ਨੇ ਸਵਰਗੀ ਜੀਵਨ ਲਈ ਉਸ ਨੂੰ ਜੀ ਉਠਾਇਆ ਅਤੇ ਉਸ ਨੂੰ ਰਾਜ ਦਾ ਰਾਜਾ ਬਣਨ ਦਾ ਹੱਕ ਦਿੱਤਾ। (ਰਸੂਲਾਂ ਦੇ ਕਰਤੱਬ 2:32-36) ਭਵਿੱਖ ਵਿਚ ਪਰਮੇਸ਼ੁਰ ਨੇ ਯਿਸੂ ਨੂੰ ਕਿਹੜੀ ਜ਼ਿੰਮੇਵਾਰੀ ਦੇਣੀ ਹੈ? ਉਸ ਨੇ ਰਾਜੇ ਵਜੋਂ ਧਰਤੀ ਤੋਂ ਮਨੁੱਖੀ ਸਰਕਾਰਾਂ ਅਤੇ ਹਰ ਤਰ੍ਹਾਂ ਦੀ ਦੁਸ਼ਟਤਾ ਨੂੰ ਮਿਟਾਉਣ ਵਿਚ ਅਣਗਿਣਤ ਸ਼ਕਤੀਸ਼ਾਲੀ ਆਤਮਿਕ ਪ੍ਰਾਣੀਆਂ ਦੀ ਅਗਵਾਈ ਕਰਨੀ ਹੈ। (ਕਹਾਉਤਾਂ 2:21, 22; 2 ਥੱਸਲੁਨੀਕੀਆਂ 1:6-9; ਪਰਕਾਸ਼ ਦੀ ਪੋਥੀ 19:11-21; 20:1-3) ਫਿਰ ਮਸੀਹ ਦੇ ਅਧੀਨ ਪਰਮੇਸ਼ੁਰ ਦਾ ਸਵਰਗੀ ਰਾਜ ਨਵੀਂ ਹਕੂਮਤ ਬਣੇਗਾ—ਸਾਰੀ ਧਰਤੀ ਉੱਤੇ ਇੱਕੋ-ਇਕ ਸਰਕਾਰ।—ਪਰਕਾਸ਼ ਦੀ ਪੋਥੀ 11:15.

6. ਯਿਸੂ ਦੀ ਹਕੂਮਤ ਕਿਸ ਤਰ੍ਹਾਂ ਦੀ ਹੋਵੇਗੀ?

6 ਧਰਤੀ ਦੇ ਨਵੇਂ ਸ਼ਾਸਕ ਬਾਰੇ ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ “ਪਾਤਸ਼ਾਹੀ ਅਰ ਪਰਤਾਪ ਅਰ ਰਾਜ ਉਹ ਨੂੰ ਦਿੱਤਾ ਗਿਆ, ਭਈ ਸੱਭੇ ਕੌਮਾਂ ਅਰ ਲੋਕ ਅਰ ਬੋਲੀਆਂ ਉਹ ਦੀ ਟਹਿਲ ਕਰਨ।” (ਦਾਨੀਏਲ 7:14) ਯਿਸੂ ਪਰਮੇਸ਼ੁਰ ਦੇ ਪ੍ਰੇਮ ਦੀ ਰੀਸ ਕਰੇਗਾ ਇਸ ਲਈ ਉਸ ਦੀ ਹਕੂਮਤ ਅਧੀਨ ਬਹੁਤ ਹੀ ਸੁਖ-ਸ਼ਾਂਤੀ ਹੋਵੇਗੀ। (ਮੱਤੀ 5:5; ਯੂਹੰਨਾ 3:16; 1 ਯੂਹੰਨਾ 4:7-10) ‘ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਉਹ ਨਿਆਉਂ ਤੇ ਧਰਮ ਨਾਲ ਉਸ ਨੂੰ ਸੰਭਾਲੇਗਾ।’ (ਯਸਾਯਾਹ 9:7) ਪ੍ਰੇਮ, ਨਿਆਉਂ, ਅਤੇ ਧਰਮ ਨਾਲ ਸ਼ਾਸਨ ਕਰ ਕੇ ਉਹ ਕਿੰਨੀਆਂ ਬਰਕਤਾਂ ਲਿਆਵੇਗਾ! ਇਸ ਲਈ 2 ਪਤਰਸ 3:13 ਵਿਚ ਦੱਸਿਆ ਗਿਆ ਹੈ ਕਿ “ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ [ਪਰਮੇਸ਼ੁਰ ਦੇ ਸਵਰਗੀ ਰਾਜ] ਅਤੇ ਨਵੀਂ ਧਰਤੀ [ਧਰਤੀ ਦੇ ਨਵੇਂ ਸਮਾਜ] ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।”

7. ਮੱਤੀ 24:14 ਦੀ ਭਵਿੱਖਬਾਣੀ ਅੱਜ ਕਿਸ ਤਰ੍ਹਾਂ ਪੂਰੀ ਹੋ ਰਹੀ ਹੈ?

7 ਸੱਚ-ਮੁੱਚ, ਪਰਮੇਸ਼ੁਰ ਦੇ ਰਾਜ ਦੀ ਖ਼ਬਰ ਉਨ੍ਹਾਂ ਸਾਰਿਆਂ ਲਈ ਸਭ ਤੋਂ ਵਧੀਆ ਖ਼ਬਰ ਹੈ ਜੋ ਸਹੀ ਕੰਮ ਕਰਨੇ ਚਾਹੁੰਦੇ ਹਨ। ਇਸੇ ਲਈ, ਇਸ ਦੁਸ਼ਟ ਸੰਸਾਰ ਦੇ “ਅੰਤ ਦਿਆਂ ਦਿਨਾਂ” ਦੇ ਇਕ ਨਿਸ਼ਾਨ ਵਜੋਂ ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ “ਰਾਜ ਦੀ . . . ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (2 ਤਿਮੋਥਿਉਸ 3:1-5; ਮੱਤੀ 24:14) ਇਹ ਭਵਿੱਖਬਾਣੀ ਹੁਣ ਪੂਰੀ ਹੋ ਰਹੀ ਹੈ। ਯਹੋਵਾਹ ਦੇ ਕੁਝ ਸੱਠ ਲੱਖ ਗਵਾਹ 234 ਦੇਸ਼ਾਂ ਵਿਚ ਪਰਮੇਸ਼ੁਰ ਦੇ ਰਾਜ ਬਾਰੇ ਦੂਸਰਿਆਂ ਨੂੰ ਦੱਸਣ ਵਿਚ ਹਰ ਸਾਲ ਇਕ ਅਰਬ ਤੋਂ ਜ਼ਿਆਦਾ ਘੰਟੇ ਲਾਉਂਦੇ ਹਨ। ਸੰਸਾਰ ਭਰ ਵਿਚ ਗਵਾਹਾਂ ਦੀਆਂ ਲਗਭਗ 90,000 ਕਲੀਸਿਯਾਵਾਂ ਹਨ। ਅਤੇ ਉਚਿਤ ਹੈ ਕਿ ਜਿਨ੍ਹਾਂ ਥਾਵਾਂ ਤੇ ਉਹ ਇਕੱਠੇ ਹੁੰਦੇ ਹਨ ਉਨ੍ਹਾਂ ਨੂੰ ਰਾਜ ਗ੍ਰਹਿ ਜਾਂ ਕਿੰਗਡਮ ਹਾਲ ਸੱਦਿਆ ਜਾਂਦਾ ਹੈ। ਉੱਥੇ ਲੋਕ ਇਸ ਆਉਣ ਵਾਲੀ ਨਵੀਂ ਸਰਕਾਰ ਬਾਰੇ ਸਿੱਖਣ ਆਉਂਦੇ ਹਨ।

ਸੰਗੀ ਸ਼ਾਸਕ

8, 9. (ੳ) ਮਸੀਹ ਦੇ ਸੰਗੀ ਸ਼ਾਸਕ ਕਿੱਥੋਂ ਹਨ? (ਅ) ਰਾਜੇ ਅਤੇ ਉਸ ਦੇ ਸੰਗੀ ਸ਼ਾਸਕਾਂ ਦੇ ਰਾਜ ਬਾਰੇ ਅਸੀਂ ਕੀ ਭਰੋਸਾ ਰੱਖ ਸਕਦੇ ਹਾਂ?

8 ਪਰਮੇਸ਼ੁਰ ਦੇ ਸਵਰਗੀ ਰਾਜ ਵਿਚ ਯਿਸੂ ਮਸੀਹ ਦੇ ਸੰਗੀ ਸ਼ਾਸਕ ਵੀ ਹੋਣਗੇ। ਪਰਕਾਸ਼ ਦੀ ਪੋਥੀ 14:1-4 ਵਿਚ ਪਹਿਲਾਂ ਹੀ ਦੱਸਿਆ ਗਿਆ ਹੈ ਕਿ 1,44,000 ਵਿਅਕਤੀਆਂ ਨੂੰ ‘ਮਨੁੱਖਾਂ ਵਿੱਚੋਂ ਮੁੱਲ ਲੈ ਕੇ’ ਸਵਰਗੀ ਜੀਵਨ ਲਈ ਜੀ ਉਠਾਇਆ ਜਾਣਾ ਸੀ। ਇਨ੍ਹਾਂ ਵਿਅਕਤੀਆਂ ਵਿਚ ਉਹ ਆਦਮੀ ਅਤੇ ਔਰਤਾਂ ਹਨ ਜਿਨ੍ਹਾਂ ਨੇ ਆਪਣੀ ਸੇਵਾ ਕਰਵਾਉਣ ਦੀ ਬਜਾਇ ਪਰਮੇਸ਼ੁਰ ਅਤੇ ਦੂਸਰਿਆਂ ਇਨਸਾਨਾਂ ਦੀ ਸੇਵਾ ਕੀਤੀ ਹੈ। “ਓਹ ਪਰਮੇਸ਼ੁਰ ਅਤੇ ਮਸੀਹ ਦੇ ਜਾਜਕ ਹੋਣਗੇ ਅਤੇ ਉਹ ਦੇ ਨਾਲ ਹਜ਼ਾਰ ਵਰ੍ਹੇ ਰਾਜ ਕਰਨਗੇ।” (ਪਰਕਾਸ਼ ਦੀ ਪੋਥੀ 20:6) ਉਨ੍ਹਾਂ ਦੀ ਗਿਣਤੀ ਵੱਡੀ ਭੀੜ ਦੀ ਗਿਣਤੀ ਨਾਲੋਂ ਬਹੁਤ ਘੱਟ ਹੈ ਕਿਉਂਕਿ ਦੱਸਿਆ ਗਿਆ ਹੈ ਕਿ ‘ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇਸ ਵੱਡੀ ਭੀੜ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ।’ ਇਹ ਲੋਕ ਵੀ ‘ਰਾਤ ਦਿਨ ਪਰਮੇਸ਼ੁਰ ਦੀ ਉਪਾਸਨਾ ਕਰਦੇ ਹਨ’ ਅਤੇ ਇਸ ਰੀਤੀ-ਵਿਵਸਥਾ ਤੋਂ ਬਚ ਨਿਕਲਣਗੇ, ਪਰ ਇਨ੍ਹਾਂ ਕੋਲ ਸਵਰਗ ਨੂੰ ਜਾਣ ਦੀ ਉਮੀਦ ਨਹੀਂ ਹੈ। (ਪਰਕਾਸ਼ ਦੀ ਪੋਥੀ 7:9, 15) ਇਹ ਪਰਮੇਸ਼ੁਰ ਦੇ ਸਵਰਗੀ ਰਾਜ ਦੇ ਅਧੀਨ ਨਵੀਂ ਧਰਤੀ ਵਿਚ ਪਰਜਾ ਬਣਨਗੇ।—ਜ਼ਬੂਰ 37:29; ਯੂਹੰਨਾ 10:16.

9 ਮਸੀਹ ਨਾਲ ਰਾਜ ਕਰਨ ਲਈ ਯਹੋਵਾਹ ਨੇ ਅਜਿਹੇ ਵਫ਼ਾਦਾਰ ਵਿਅਕਤੀ ਚੁਣੇ ਜਿਨ੍ਹਾਂ ਨੂੰ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਤਜਰਬਾ ਹੈ। ਅਜਿਹੀ ਕੋਈ ਸਮੱਸਿਆ ਨਹੀਂ ਜਿਸ ਦਾ ਇਨ੍ਹਾਂ ਰਾਜਿਆਂ ਅਤੇ ਜਾਜਕਾਂ ਨੇ ਸਾਮ੍ਹਣਾ ਨਾ ਕੀਤਾ ਹੋਵੇ। ਇਸ ਲਈ ਧਰਤੀ ਉੱਤੇ ਆਪਣੀ ਜ਼ਿੰਦਗੀ ਦੇ ਤਜਰਬੇ ਕਾਰਨ ਇਹ ਇਨਸਾਨਾਂ ਉੱਤੇ ਰਾਜ ਕਰਨ ਲਈ ਸਭ ਤੋਂ ਕਾਬਲ ਹਨ। ਯਿਸੂ ਨੇ ਖ਼ੁਦ ‘ਦੁਖ ਭੋਗ ਕੇ ਇਸ ਤੋਂ ਆਗਿਆਕਾਰੀ ਸਿੱਖੀ।’ (ਇਬਰਾਨੀਆਂ 5:8) ਪੌਲੁਸ ਰਸੂਲ ਨੇ ਯਿਸੂ ਬਾਰੇ ਕਿਹਾ ਕਿ “ਸਾਡਾ ਪਰਧਾਨ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ [ਕਮਜ਼ੋਰੀਆਂ] ਵਿੱਚ ਸਾਡਾ ਦਰਦੀ ਨਾ ਹੋ ਸੱਕੇ ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਙੁ ਪਰਤਾਇਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ।” (ਇਬਰਾਨੀਆਂ 4:15) ਇਹ ਜਾਣ ਕੇ ਕਿੰਨੀ ਤਸੱਲੀ ਮਿਲਦੀ ਹੈ ਕਿ ਪਰਮੇਸ਼ੁਰ ਦੇ ਨਵੇਂ ਧਰਮੀ ਸੰਸਾਰ ਵਿਚ ਪ੍ਰੇਮਪੂਰਣ, ਹਮਦਰਦ ਰਾਜੇ ਅਤੇ ਜਾਜਕ, ਇਨਸਾਨਾਂ ਉੱਤੇ ਸ਼ਾਸਨ ਕਰਨਗੇ!

ਕੀ ਇਹ ਰਾਜ ਪਰਮੇਸ਼ੁਰ ਦੇ ਮਕਸਦ ਦਾ ਹਿੱਸਾ ਸੀ?

10. ਸਵਰਗ ਦਾ ਰਾਜ ਪਰਮੇਸ਼ੁਰ ਦੇ ਮੁਢਲੇ ਮਕਸਦ ਵਿਚ ਸ਼ਾਮਲ ਕਿਉਂ ਨਹੀਂ ਸੀ?

10 ਜਦੋਂ ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨੂੰ ਸ੍ਰਿਸ਼ਟ ਕੀਤਾ ਸੀ ਤਾਂ ਕੀ ਇਹ ਸਵਰਗੀ ਰਾਜ ਉਸ ਦੇ ਮੁਢਲੇ ਮਕਸਦ ਦਾ ਹਿੱਸਾ ਸੀ? ਉਤਪਤ ਵਿਚ ਸ੍ਰਿਸ਼ਟੀ ਦੇ ਬਿਰਤਾਂਤ ਵਿਚ ਕਿਸੇ ਰਾਜ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਜੋ ਮਨੁੱਖਜਾਤੀ ਉੱਤੇ ਸ਼ਾਸਨ ਕਰੇਗਾ। ਯਹੋਵਾਹ ਖ਼ੁਦ ਉਨ੍ਹਾਂ ਦਾ ਸ਼ਾਸਕ ਸੀ, ਅਤੇ ਜਿੰਨਾ ਚਿਰ ਉਹ ਉਸ ਦੀ ਆਗਿਆ ਮੰਨਦੇ ਰਹਿੰਦੇ ਉੱਨਾ ਚਿਰ ਕਿਸੇ ਹੋਰ ਹਕੂਮਤ ਦੀ ਜ਼ਰੂਰਤ ਨਹੀਂ ਸੀ। ਉਤਪਤ ਦੇ ਬਿਰਤਾਂਤ ਵਿਚ ਅਜਿਹੇ ਸ਼ਬਦ ਵਰਤੇ ਗਏ ਹਨ ਕਿ “ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ,” ਅਤੇ “ਪਰਮੇਸ਼ੁਰ ਨੇ ਆਖਿਆ।” (ਉਤਪਤ 1:28, 29) ਉਤਪਤ ਦਾ ਪਹਿਲਾ ਅਧਿਆਇ ਦਿਖਾਉਂਦਾ ਹੈ ਕਿ ਯਹੋਵਾਹ ਨੇ ਆਦਮ ਅਤੇ ਹੱਵਾਹ ਨਾਲ ਗੱਲਬਾਤ ਕੀਤੀ ਸੀ। ਹੋ ਸਕਦਾ ਹੈ ਕਿ ਉਸ ਨੇ ਆਪਣੇ ਜੇਠੇ ਸਵਰਗੀ ਪੁੱਤਰ ਰਾਹੀਂ ਉਨ੍ਹਾਂ ਨਾਲ ਗੱਲ ਕੀਤੀ ਸੀ।—ਯੂਹੰਨਾ 1:1.

11. ਮਨੁੱਖਾਂ ਦਾ ਜੀਵਨ ਸ਼ੁਰੂ ਵਿਚ ਕਿਸ ਤਰ੍ਹਾਂ ਦਾ ਸੀ?

11 ਬਾਈਬਲ ਕਹਿੰਦੀ ਹੈ ਕਿ “ਪਰਮੇਸ਼ੁਰ ਨੇ ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ।” (ਉਤਪਤ 1:31) ਅਦਨ ਦੇ ਬਾਗ਼ ਵਿਚ ਸਭ ਕੁਝ ਬਿਲਕੁਲ ਸੰਪੂਰਣ ਸੀ। ਆਦਮ ਅਤੇ ਹੱਵਾਹ ਫਿਰਦੌਸ ਵਿਚ ਰਹਿੰਦੇ ਸਨ। ਉਨ੍ਹਾਂ ਦੇ ਮਨ ਅਤੇ ਸਰੀਰ ਵੀ ਸੰਪੂਰਣ ਸਨ। ਉਹ ਆਪਣੇ ਸ੍ਰਿਸ਼ਟੀਕਰਤਾ ਨਾਲ ਗੱਲਬਾਤ ਕਰ ਸਕਦੇ ਸਨ ਅਤੇ ਉਹ ਉਨ੍ਹਾਂ ਨਾਲ ਗੱਲਬਾਤ ਕਰ ਸਕਦਾ ਸੀ। ਅਤੇ ਵਫ਼ਾਦਾਰ ਰਹਿਣ ਦੁਆਰਾ ਉਹ ਸੰਪੂਰਣ ਬੱਚੇ ਵੀ ਪੈਦਾ ਕਰ ਸਕਦੇ ਸਨ। ਕਿਸੇ ਨਵੀਂ ਸਵਰਗੀ ਸਰਕਾਰ ਦੀ ਕੋਈ ਲੋੜ ਨਹੀਂ ਸੀ।

12, 13. ਜਿਉਂ-ਜਿਉਂ ਮਨੁੱਖੀ ਪਰਿਵਾਰ ਵਧਦਾ ਗਿਆ, ਪਰਮੇਸ਼ੁਰ ਸਾਰਿਆਂ ਨਾਲ ਕਿਉਂ ਸੰਚਾਰ ਕਰ ਸਕਦਾ ਸੀ?

12 ਜਿਉਂ-ਜਿਉਂ ਮਨੁੱਖੀ ਪਰਿਵਾਰ ਵਧਦਾ ਗਿਆ, ਪਰਮੇਸ਼ੁਰ ਇਨ੍ਹਾਂ ਸਾਰਿਆਂ ਨਾਲ ਕਿਸ ਤਰ੍ਹਾਂ ਗੱਲਬਾਤ ਕਰ ਸਕਦਾ ਸੀ? ਜ਼ਰਾ ਅਕਾਸ਼ ਦਿਆਂ ਤਾਰਿਆਂ ਬਾਰੇ ਸੋਚੋ। ਇਹ ਗਲੈਕਸੀਆਂ ਵਿਚ ਇਕੱਠੇ ਕੀਤੇ ਹੋਏ ਹਨ। ਕੁਝ ਗਲੈਕਸੀਆਂ ਵਿਚ ਇਕ ਅਰਬ ਤਾਰੇ ਹਨ। ਹੋਰਨਾਂ ਵਿਚ ਇਕ ਲੱਖ ਕਰੋੜ ਕੁ ਤਾਰੇ ਹਨ। ਅਤੇ ਵਿਗਿਆਨੀ ਅੰਦਾਜ਼ਾ ਲਗਾਉਂਦੇ ਹਨ ਕਿ ਬ੍ਰਹਿਮੰਡ ਵਿਚ ਕੁਝ 10,000 ਕਰੋੜ ਗਲੈਕਸੀਆਂ ਹਨ ਜੋ ਦੇਖੀਆਂ ਜਾ ਸਕਦੀਆਂ ਹਨ! ਲੇਕਿਨ, ਸ੍ਰਿਸ਼ਟੀਕਰਤਾ ਕਹਿੰਦਾ ਹੈ ਕਿ “ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ ਭਈ ਕਿਹਨੇ ਏਹਨਾਂ ਨੂੰ ਸਾਜਿਆ, ਜਿਹੜਾ ਏਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਏਹਨਾਂ ਸਾਰਿਆਂ ਨੂੰ ਨਾਉਂ ਲੈ ਲੈ ਕੇ ਪੁਕਾਰਦਾ ਹੈ, ਉਹ ਦੀ ਵੱਡੀ ਸ਼ਕਤੀ ਨਾਲ, ਅਤੇ ਉਹ ਦੇ ਡਾਢੇ ਬਲ ਦੇ ਕਾਰਨ, ਇੱਕ ਦੀ ਵੀ ਕਮੀ ਨਹੀਂ ਹੁੰਦੀ।”—ਯਸਾਯਾਹ 40:26.

13 ਜਦ ਪਰਮੇਸ਼ੁਰ ਇਨ੍ਹਾਂ ਆਕਾਸ਼ੀ ਚੀਜ਼ਾਂ ਬਾਰੇ ਸਭ ਕੁਝ ਜਾਣ ਸਕਦਾ ਹੈ ਤਾਂ ਉਸ ਲਈ ਥੋੜ੍ਹੇ ਜਿਹੇ ਇਨਸਾਨਾਂ ਬਾਰੇ ਜਾਣਨਾ ਕੋਈ ਵੱਡੀ ਗੱਲ ਨਹੀਂ। ਹੁਣ ਵੀ, ਉਸ ਦੇ ਲੱਖਾਂ ਸੇਵਕ ਉਸ ਨੂੰ ਹਰ ਰੋਜ਼ ਪ੍ਰਾਰਥਨਾ ਕਰਦੇ ਹਨ। ਪਰਮੇਸ਼ੁਰ ਇਨ੍ਹਾਂ ਪ੍ਰਾਰਥਨਾਵਾਂ ਨੂੰ ਇਕਦਮ ਸੁਣਦਾ ਹੈ। ਤਾਂ ਫਿਰ ਸਾਰਿਆਂ ਸੰਪੂਰਣ ਇਨਸਾਨਾਂ ਨਾਲ ਗੱਲਬਾਤ ਕਰਨੀ ਉਸ ਲਈ ਕੋਈ ਮੁਸ਼ਕਲ ਕੰਮ ਨਹੀਂ ਹੋਣਾ ਸੀ। ਉਸ ਨੂੰ ਉਨ੍ਹਾਂ ਲੋਕਾਂ ਦਾ ਧਿਆਨ ਰੱਖਣ ਲਈ ਸਵਰਗੀ ਰਾਜ ਦੀ ਜ਼ਰੂਰਤ ਨਹੀਂ ਪੈਣੀ ਸੀ। ਕਿੰਨਾ ਵਧੀਆ ਪ੍ਰਬੰਧ—ਯਹੋਵਾਹ ਨੇ ਸ਼ਾਸਕ ਹੋਣਾ ਸੀ, ਉਸ ਨਾਲ ਗੱਲਬਾਤ ਕੀਤੀ ਜਾ ਸਕਦੀ ਸੀ, ਅਤੇ ਧਰਤੀ ਉੱਤੇ ਸਦਾ ਲਈ ਫਿਰਦੌਸ ਵਿਚ ਜੀਉਣ ਦੀ ਉਮੀਦ ਹੋਣੀ ਸੀ!

“ਏਹ ਮਨੁੱਖ ਦੇ ਵੱਸ ਨਹੀਂ”

14. ਇਨਸਾਨ ਨੂੰ ਹਮੇਸ਼ਾ ਯਹੋਵਾਹ ਦੇ ਸ਼ਾਸਨ ਦੀ ਜ਼ਰੂਰਤ ਕਿਉਂ ਹੋਵੇਗੀ?

14 ਲੇਕਿਨ ਇਨਸਾਨਾਂ ਨੂੰ ਯਹੋਵਾਹ ਦੇ ਸ਼ਾਸਨ ਦੀ ਹਮੇਸ਼ਾ ਜ਼ਰੂਰਤ ਹੋਵੇਗੀ ਭਾਵੇਂ ਉਹ ਸੰਪੂਰਣ ਹੋਣ ਜਾਂ ਨਾ ਹੋਣ। ਕਿਉਂ? ਕਿਉਂਕਿ ਯਹੋਵਾਹ ਨੇ ਇਨਸਾਨਾਂ ਨੂੰ ਉਸ ਦੇ ਸ਼ਾਸਨ ਤੋਂ ਆਜ਼ਾਦ ਹੋ ਕੇ ਸਫ਼ਲਤਾ ਨਾਲ ਜੀਉਣ ਦੀ ਯੋਗਤਾ ਨਾਲ ਨਹੀਂ ਬਣਾਇਆ ਹੈ। ਇਹ ਕੁਦਰਤੀ ਗੱਲ ਹੈ, ਜਿਵੇਂ ਯਿਰਮਿਯਾਹ ਨਬੀ ਨੇ ਸਵੀਕਾਰ ਕੀਤਾ ਸੀ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ। ਹੇ ਯਹੋਵਾਹ, ਮੇਰਾ ਸੁਧਾਰ ਕਰ।” (ਯਿਰਮਿਯਾਹ 10:23, 24) ਇਨਸਾਨਾਂ ਲਈ ਇਹ ਸੋਚਣਾ ਮੂਰਖਤਾ ਹੈ ਕਿ ਉਹ ਯਹੋਵਾਹ ਦੇ ਸ਼ਾਸਨ ਤੋਂ ਬਗੈਰ ਸਮਾਜ ਨੂੰ ਆਪਣੇ ਨਿਯਮਾਂ ਅਨੁਸਾਰ ਸਫ਼ਲਤਾ ਨਾਲ ਚਲਾ ਸਕਦੇ ਹਨ। ਇਨਸਾਨ ਇਸ ਤਰ੍ਹਾਂ ਕਰਨ ਲਈ ਨਹੀਂ ਬਣਾਏ ਗਏ ਸਨ। ਯਹੋਵਾਹ ਦੀ ਹਕੂਮਤ ਤੋਂ ਆਜ਼ਾਦ ਹੋਣ ਦਾ ਨਤੀਜਾ ਖ਼ੁਦਗਰਜ਼ੀ, ਨਫ਼ਰਤ, ਜ਼ੁਲਮ, ਹਿੰਸਾ, ਯੁੱਧ, ਅਤੇ ਮੌਤ ਹੈ। ‘ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।’—ਉਪਦੇਸ਼ਕ ਦੀ ਪੋਥੀ 8:9.

15. ਸਾਡੇ ਪਹਿਲੇ ਮਾਪਿਆਂ ਦੇ ਗ਼ਲਤ ਫ਼ੈਸਲੇ ਦੇ ਕੀ ਨਤੀਜੇ ਨਿਕਲੇ ਸਨ?

15 ਅਫ਼ਸੋਸ ਦੀ ਗੱਲ ਹੈ ਕਿ ਸਾਡੇ ਪਹਿਲੇ ਮਾਪਿਆਂ ਨੇ ਇਹ ਫ਼ੈਸਲਾ ਕੀਤਾ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੇ ਸ਼ਾਸਨ ਦੀ ਜ਼ਰੂਰਤ ਨਹੀਂ ਸੀ ਅਤੇ ਉਨ੍ਹਾਂ ਨੇ ਉਸ ਤੋਂ ਆਜ਼ਾਦ ਹੋ ਕੇ ਜੀਉਣਾ ਚੁਣਿਆ। ਨਤੀਜੇ ਵਜੋਂ ਉਹ ਸੰਪੂਰਣ ਨਹੀਂ ਰਹੇ। ਉਹ ਹੁਣ ਇਕ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਵਰਗੇ ਸਨ ਜੋ ਬਿਜਲੀ ਬੰਦ ਹੋਣ ਤੋਂ ਬਾਅਦ ਹੌਲੀ-ਹੌਲੀ ਰੁਕ ਜਾਂਦੀ ਹੈ। ਸਮੇਂ ਦੇ ਬੀਤਣ ਨਾਲ, ਆਦਮ ਅਤੇ ਹੱਵਾਹ ਹੌਲੀ-ਹੌਲੀ ਮਰਨ ਲੱਗ ਪਏ। ਉਹ ਪਾਪੀ ਬਣ ਗਏ ਅਤੇ ਉਹ ਆਪਣੀ ਸੰਤਾਨ ਨੂੰ ਪਾਪ ਦੇ ਸਿਵਾਇ ਹੋਰ ਕੁਝ ਨਹੀਂ ਦੇ ਸਕੇ। (ਰੋਮੀਆਂ 5:12) “[ਯਹੋਵਾਹ] ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। . . . ਓਹ ਵਿਗੜ ਗਏ ਹਨ, ਓਹ ਉਸ ਦੇ ਪੁੱਤ੍ਰ ਨਹੀਂ ਸਗੋਂ ਕਲੰਕੀ ਹਨ।” (ਬਿਵਸਥਾ ਸਾਰ 32:4, 5) ਇਹ ਗੱਲ ਸੱਚ ਹੈ ਕਿ ਆਦਮ ਅਤੇ ਹੱਵਾਹ ਦੁਸ਼ਟ ਆਤਮਿਕ ਪ੍ਰਾਣੀ, ਯਾਨੀ ਸ਼ਤਾਨ, ਦੁਆਰਾ ਭਰਮਾਏ ਗਏ ਸਨ, ਪਰ ਉਨ੍ਹਾਂ ਕੋਲ ਸੰਪੂਰਣ ਮਨ ਸਨ ਅਤੇ ਉਹ ਉਸ ਦੀ ਗ਼ਲਤ ਸਲਾਹ ਨੂੰ ਠੁਕਰਾ ਵੀ ਸਕਦੇ ਸਨ।—ਉਤਪਤ 3:1-19; ਯਾਕੂਬ 4:7.

16. ਇਤਿਹਾਸ ਵਿਚ ਪਰਮੇਸ਼ੁਰ ਤੋਂ ਆਜ਼ਾਦ ਹੋਣ ਦੇ ਕੀ ਨਤੀਜੇ ਦੇਖੇ ਜਾ ਸਕਦੇ ਹਨ?

16 ਇਤਿਹਾਸ ਸਾਫ਼-ਸਾਫ਼ ਦਿਖਾਉਂਦਾ ਹੈ ਕਿ ਪਰਮੇਸ਼ੁਰ ਤੋਂ ਆਜ਼ਾਦ ਹੋਣ ਦੇ ਕੀ ਨਤੀਜੇ ਨਿਕਲੇ ਹਨ। ਹਜ਼ਾਰਾਂ ਸਾਲਾਂ ਤੋਂ ਲੋਕਾਂ ਨੇ ਹਰੇਕ ਤਰ੍ਹਾਂ ਦੀ ਸਰਕਾਰ, ਅਤੇ ਹਰੇਕ ਤਰ੍ਹਾਂ ਦੀ ਆਰਥਿਕ ਅਤੇ ਸਮਾਜਕ ਵਿਵਸਥਾ ਅਜ਼ਮਾਈ ਹੈ। ਲੇਕਿਨ, ਦੁਸ਼ਟਤਾ ਹਾਲੇ ਵੀ ਜਾਰੀ ਹੈ ਅਤੇ ਹਾਲਾਤ “ਬੁਰੇ ਤੋਂ ਬੁਰੇ ਹੁੰਦੇ” ਜਾ ਰਹੇ ਹਨ। (2 ਤਿਮੋਥਿਉਸ 3:13) ਵੀਹਵੀਂ ਸਦੀ ਨੇ ਇਹ ਗੱਲ ਸਾਬਤ ਕੀਤੀ ਹੈ। ਇਤਿਹਾਸ ਵਿਚ ਕਿਸੇ ਹੋਰ ਸਦੀ ਨਾਲੋਂ ਇਸ ਸਦੀ ਵਿਚ ਸਭ ਤੋਂ ਜ਼ਿਆਦਾ ਨਫ਼ਰਤ, ਹਿੰਸਾ, ਯੁੱਧ, ਭੁੱਖ, ਗ਼ਰੀਬੀ, ਅਤੇ ਦੁੱਖ-ਤਕਲੀਫ਼ ਸਨ। ਅਤੇ ਭਾਵੇਂ ਜਿੰਨੀ ਮਰਜ਼ੀ ਡਾਕਟਰੀ ਤਰੱਕੀ ਕੀਤੀ ਗਈ ਹੈ, ਕਿਸੇ-ਨ-ਕਿਸੇ ਸਮੇਂ ਤੇ ਸਾਰਿਆਂ ਨੂੰ ਮਰਨਾ ਪੈਂਦਾ ਹੈ। (ਉਪਦੇਸ਼ਕ ਦੀ ਪੋਥੀ 9:5, 10) ਆਪਣਿਆਂ ਕਦਮਾਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਵਿਚ, ਇਨਸਾਨ ਸ਼ਤਾਨ ਅਤੇ ਉਸ ਦਿਆਂ ਦੂਤਾਂ ਦੇ ਸ਼ਿਕਾਰ ਬਣ ਗਏ ਹਨ। ਇਸੇ ਲਈ ਬਾਈਬਲ ਸ਼ਤਾਨ ਨੂੰ ‘ਜੁੱਗ ਦਾ ਈਸ਼ੁਰ’ ਸੱਦਦੀ ਹੈ।—2 ਕੁਰਿੰਥੀਆਂ 4:4.

ਖ਼ੁਦ ਫ਼ੈਸਲੇ ਕਰਨ ਦੀ ਯੋਗਤਾ

17. ਖ਼ੁਦ ਫ਼ੈਸਲੇ ਕਰਨ ਦੀ ਯੋਗਤਾ ਨੂੰ ਕਿਸ ਤਰ੍ਹਾਂ ਵਰਤਣਾ ਚਾਹੀਦਾ ਹੈ?

17 ਪਰਮੇਸ਼ੁਰ ਨੇ ਇਨਸਾਨਾਂ ਨੂੰ ਆਪਣੀ ਮਰਜ਼ੀ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਸੀ? ਕਿਉਂਕਿ ਉਸ ਨੇ ਉਨ੍ਹਾਂ ਨੂੰ ਖ਼ੁਦ ਫ਼ੈਸਲੇ ਕਰਨ ਦੀ ਯੋਗਤਾ ਨਾਲ ਬਣਾਇਆ ਸੀ, ਉਸ ਨੇ ਉਨ੍ਹਾਂ ਨੂੰ ਆਜ਼ਾਦੀ ਦਾ ਵਧੀਆ ਤੋਹਫ਼ਾ ਦਿੱਤਾ ਸੀ। ਪੌਲੁਸ ਰਸੂਲ ਨੇ ਕਿਹਾ ਕਿ “ਜਿੱਥੇ ਕਿਤੇ ਪ੍ਰਭੁ ਦਾ ਆਤਮਾ ਹੈ ਉੱਥੇ ਹੀ ਅਜ਼ਾਦੀ ਹੈ।” (2 ਕੁਰਿੰਥੀਆਂ 3:17) ਕੋਈ ਵੀ ਨਹੀਂ ਚਾਹੁੰਦਾ ਕਿ ਇਕ ਰੋਬੋਟ ਜਾਂ ਮਸ਼ੀਨ ਵਾਂਗ ਦੂਸਰੇ ਉਨ੍ਹਾਂ ਨੂੰ ਕੰਟ੍ਰੋਲ ਕਰਨ, ਯਾਨੀ ਉਨ੍ਹਾਂ ਲਈ ਫ਼ੈਸਲਾ ਕਰਨ ਕਿ ਉਨ੍ਹਾਂ ਨੂੰ ਕੀ ਕਹਿਣਾ ਅਤੇ ਕੀ ਕਰਨਾ ਚਾਹੀਦਾ ਹੈ। ਪਰ ਯਹੋਵਾਹ ਇਨਸਾਨਾਂ ਤੋਂ ਮੰਗ ਕਰਦਾ ਹੈ ਕਿ ਉਹ ਫ਼ੈਸਲੇ ਕਰਨ ਦੀ ਆਪਣੀ ਯੋਗਤਾ ਨੂੰ ਚੰਗੀ ਤਰ੍ਹਾਂ ਵਰਤਣ, ਅਤੇ ਇਸ ਤਰ੍ਹਾਂ ਕਰ ਕੇ ਇਹ ਦੇਖਣ ਕਿ ਉਸ ਦੀ ਇੱਛਾ ਪੂਰੀ ਕਰਨ ਵਿਚ ਅਤੇ ਉਸ ਦੇ ਅਧੀਨ ਰਹਿਣ ਵਿਚ ਹੀ ਬੁੱਧੀਮਤਾ ਹੈ। (ਗਲਾਤੀਆਂ 5:13) ਤਾਂ ਫਿਰ ਇਸ ਆਜ਼ਾਦੀ ਦਾ ਮਤਲਬ ਪੂਰੀ ਆਜ਼ਾਦੀ ਨਹੀਂ ਸੀ ਜਿਸ ਦਾ ਨਤੀਜਾ ਬੁਰਾ ਹੋਣਾ ਸੀ। ਇਸ ਆਜ਼ਾਦੀ ਨੂੰ ਪਰਮੇਸ਼ੁਰ ਦੇ ਦਿਆਲੂ ਨਿਯਮਾਂ ਦੀਆਂ ਹੱਦਾਂ ਵਿਚ ਰਹਿ ਕੇ ਵਰਤਣ ਦੀ ਲੋੜ ਸੀ।

18. ਮਨੁੱਖਾਂ ਨੂੰ ਆਪਣੀ ਮਰਜ਼ੀ ਕਰਨ ਦੀ ਇਜਾਜ਼ਤ ਦੇਣ ਦੁਆਰਾ ਪਰਮੇਸ਼ੁਰ ਨੇ ਕੀ ਦਿਖਾਇਆ ਹੈ?

18 ਮਨੁੱਖੀ ਪਰਿਵਾਰ ਨੂੰ ਆਪਣੀ ਮਰਜ਼ੀ ਕਰਨ ਦੀ ਇਜਾਜ਼ਤ ਦੇਣ ਦੁਆਰਾ ਪਰਮੇਸ਼ੁਰ ਨੇ ਦਿਖਾਇਆ ਹੈ ਕਿ ਸਾਨੂੰ ਉਸ ਦੇ ਸ਼ਾਸਨ ਦੀ ਜ਼ਰੂਰਤ ਹੈ। ਸ਼ਾਸਨ ਕਰਨ ਦਾ ਉਸ ਦਾ ਤਰੀਕਾ ਜਾਂ ਉਸ ਦੇ ਅਧਿਕਾਰ ਅਧੀਨ ਰਹਿਣਾ ਹੀ ਸਹੀ ਰਾਹ ਹੈ। ਇਸੇ ਤਰ੍ਹਾਂ ਇਨਸਾਨਾਂ ਨੂੰ ਸਭ ਤੋਂ ਵੱਡੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲੇਗੀ। ਇਸ ਦਾ ਕਾਰਨ ਹੈ ਕਿ ਯਹੋਵਾਹ ਨੇ ਸਾਡੇ ਮਨ ਅਤੇ ਸਰੀਰ ਉਸ ਦੇ ਨਿਯਮਾਂ ਅਨੁਸਾਰ ਚੱਲਣ ਲਈ ਬਣਾਏ ਸਨ। “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।” (ਯਸਾਯਾਹ 48:17) ਪਰਮੇਸ਼ੁਰ ਦੇ ਨਿਯਮਾਂ ਦੀਆਂ ਹੱਦਾਂ ਵਿਚ ਰਹਿ ਕੇ ਖ਼ੁਦ ਫ਼ੈਸਲੇ ਕਰਨੇ ਸਾਡੇ ਲਈ ਬੋਝ ਨਹੀਂ ਬਲਕਿ ਬਹੁਤ ਹੀ ਖ਼ੁਸ਼ੀ ਦੀ ਗੱਲ ਹੋਣੀ ਸੀ। ਇਸ ਦੇ ਨਤੀਜੇ ਇਹ ਹੋਣੇ ਸਨ ਕਿ ਅਸੀਂ ਵੱਖਰੇ-ਵੱਖਰੇ ਵਧੀਆ ਖਾਣਿਆਂ, ਘਰਾਂ, ਕਲਾ, ਅਤੇ ਸੰਗੀਤ ਦਾ ਆਨੰਦ ਮਾਣ ਸਕਦੇ ਸਨ। ਜੇ ਖ਼ੁਦ ਫ਼ੈਸਲੇ ਕਰਨ ਦੀ ਇਹ ਯੋਗਤਾ ਚੰਗੀ ਤਰ੍ਹਾਂ ਵਰਤੀ ਜਾਂਦੀ ਤਾਂ ਫਿਰਦੌਸ ਧਰਤੀ ਉੱਤੇ ਜ਼ਿੰਦਗੀ ਵਧੀਆ ਅਤੇ ਹਮੇਸ਼ਾ ਦਿਲਚਸਪ ਹੋਣੀ ਸੀ।

19. ਇਨਸਾਨਾਂ ਨਾਲ ਸੁਲ੍ਹਾ ਕਰਨ ਵਾਸਤੇ ਯਹੋਵਾਹ ਨੇ ਕਿਹੜਾ ਪ੍ਰਬੰਧ ਕੀਤਾ ਹੈ?

19 ਪਰ ਗ਼ਲਤ ਫ਼ੈਸਲੇ ਕਰਨ ਕਰਕੇ ਇਨਸਾਨਾਂ ਨੇ ਆਪਣੇ ਆਪ ਨੂੰ ਯਹੋਵਾਹ ਤੋਂ ਦੂਰ ਕਰ ਲਿਆ, ਪਾਪੀ ਬਣ ਗਏ, ਅਤੇ ਹੌਲੀ-ਹੌਲੀ ਕਮਜ਼ੋਰ ਹੋ ਕੇ ਮਰਨ ਲੱਗ ਪਏ। ਇਸ ਲਈ ਉਨ੍ਹਾਂ ਨੂੰ ਇਸ ਬੁਰੀ ਹਾਲਤ ਤੋਂ ਮੁਕਤ ਕਰਨ ਦੀ ਲੋੜ ਸੀ ਅਤੇ ਪੁੱਤਰ-ਧੀਆਂ ਵਜੋਂ ਪਰਮੇਸ਼ੁਰ ਨਾਲ ਇਕ ਚੰਗੇ ਰਿਸ਼ਤੇ ਵਿਚ ਲਿਆਉਣ ਦੀ ਲੋੜ ਸੀ। ਪਰਮੇਸ਼ੁਰ ਨੇ ਇਹ ਕੰਮ ਆਪਣੇ ਰਾਜ ਅਤੇ ਮੁਕਤੀਦਾਤਾ, ਯਿਸੂ ਮਸੀਹ ਦੇ ਜ਼ਰੀਏ ਕੀਤਾ ਸੀ। (ਯੂਹੰਨਾ 3:16) ਯਿਸੂ ਦੇ ਦ੍ਰਿਸ਼ਟਾਂਤ ਦੇ ਉਜਾੜੂ ਪੁੱਤਰ ਵਰਗੇ ਦਿੱਲੋਂ ਪਛਤਾਉਣ ਵਾਲੇ ਲੋਕ ਇਸ ਪ੍ਰਬੰਧ ਰਾਹੀਂ ਪਰਮੇਸ਼ੁਰ ਨਾਲ ਦੁਬਾਰਾ ਸੁਲ੍ਹਾ ਕਰ ਸਕਣਗੇ ਅਤੇ ਉਹ ਉਨ੍ਹਾਂ ਨੂੰ ਆਪਣੇ ਬੱਚਿਆਂ ਵਜੋਂ ਕਬੂਲ ਕਰੇਗਾ।—ਲੂਕਾ 15:11-24; ਰੋਮੀਆਂ 8:21; 2 ਕੁਰਿੰਥੀਆਂ 6:18.

20. ਰਾਜ ਰਾਹੀਂ ਪਰਮੇਸ਼ੁਰ ਦਾ ਮਕਸਦ ਕਿਸ ਤਰ੍ਹਾਂ ਪੂਰਾ ਹੋਵੇਗਾ?

20 ਯਹੋਵਾਹ ਦੀ ਇੱਛਾ ਧਰਤੀ ਉੱਤੇ ਜ਼ਰੂਰ ਪੂਰੀ ਹੋਵੇਗੀ। (ਯਸਾਯਾਹ 14:24, 27; 55:11) ਪਰਮੇਸ਼ੁਰ ਮਸੀਹ ਦੇ ਅਧੀਨ ਆਪਣੇ ਰਾਜ ਰਾਹੀਂ ਸਾਡੇ ਉੱਤੇ ਰਾਜ ਕਰਨ ਦੇ ਆਪਣੇ ਹੱਕ ਨੂੰ ਪੂਰੀ ਤਰ੍ਹਾਂ ਸਹੀ ਸਾਬਤ ਕਰੇਗਾ। ਪਰਮੇਸ਼ੁਰ ਦਾ ਇਹ ਰਾਜ ਧਰਤੀ ਉੱਤੇ ਮਨੁੱਖੀ ਅਤੇ ਦੁਸ਼ਟ ਦੂਤਾਂ ਦੇ ਸ਼ਾਸਨ ਨੂੰ ਖ਼ਤਮ ਕਰ ਦੇਵੇਗਾ ਅਤੇ ਇਹ ਇੱਕੋ-ਇਕ ਹਕੂਮਤ ਹਜ਼ਾਰ ਸਾਲਾਂ ਲਈ ਸਵਰਗੋਂ ਰਾਜ ਕਰੇਗੀ। (ਰੋਮੀਆਂ 16:20; ਪਰਕਾਸ਼ ਦੀ ਪੋਥੀ 20:1-6) ਪਰ, ਉਸ ਸਮੇਂ ਦੌਰਾਨ, ਪਰਮੇਸ਼ੁਰ ਦੇ ਸ਼ਾਸਨ ਦੀ ਉੱਤਮਤਾ ਕਿਸ ਤਰ੍ਹਾਂ ਦੇਖੀ ਜਾਵੇਗੀ? ਹਜ਼ਾਰ ਸਾਲਾਂ ਤੋਂ ਬਾਅਦ ਇਸ ਰਾਜ ਦਾ ਕੀ ਹੋਵੇਗਾ? ਅਗਲਾ ਲੇਖ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ।

ਵਿਚਾਰ ਕਰਨ ਲਈ ਨੁਕਤੇ

• ਬਾਈਬਲ ਦਾ ਵਿਸ਼ਾ ਕੀ ਹੈ?

• ਧਰਤੀ ਉੱਤੇ ਕੌਣ ਰਾਜ ਕਰਨਗੇ?

• ਪਰਮੇਸ਼ੁਰ ਤੋਂ ਆਜ਼ਾਦ ਮਨੁੱਖੀ ਸ਼ਾਸਨ ਕਦੀ ਸਫ਼ਲ ਕਿਉਂ ਨਹੀਂ ਹੋ ਸਕਦਾ?

• ਖ਼ੁਦ ਫ਼ੈਸਲੇ ਕਰਨ ਦੀ ਯੋਗਤਾ ਨੂੰ ਕਿਸ ਤਰ੍ਹਾਂ ਵਰਤਣਾ ਚਾਹੀਦਾ ਹੈ?

[ਸਵਾਲ]

[ਸਫ਼ੇ 10 ਉੱਤੇ ਤਸਵੀਰ]

ਯਿਸੂ ਦੀ ਸਿੱਖਿਆ ਨੇ ਰਾਜ ਰਾਹੀਂ ਪਰਮੇਸ਼ੁਰ ਦੇ ਸ਼ਾਸਨ ਉੱਤੇ ਜ਼ੋਰ ਪਾਇਆ ਸੀ

[ਸਫ਼ੇ 12 ਉੱਤੇ ਤਸਵੀਰਾਂ]

ਹਰ ਦੇਸ਼ ਵਿਚ ਯਹੋਵਾਹ ਦੇ ਗਵਾਹ ਰਾਜ ਬਾਰੇ ਸਿੱਖਿਆ ਦਿੰਦੇ ਹਨ

[ਸਫ਼ੇ 14 ਉੱਤੇ ਤਸਵੀਰਾਂ]

ਇਤਿਹਾਸ ਸਾਬਤ ਕਰਦਾ ਹੈ ਕਿ ਪਰਮੇਸ਼ੁਰ ਤੋਂ ਆਜ਼ਾਦ ਹੋਣ ਦੇ ਬੁਰੇ ਨਤੀਜੇ ਹੁੰਦੇ ਹਨ

[ਕ੍ਰੈਡਿਟ ਲਾਈਨਾਂ]

WWI soldiers: U.S. National Archives photo; concentration camp: Oświęcim Museum; child: UN PHOTO 186156/J. Isaac