Skip to content

Skip to table of contents

ਪਰਮੇਸ਼ੁਰ ਨਾਲ ਗੂੜ੍ਹਾ ਸੰਬੰਧ ਜੋੜਨਾ

ਪਰਮੇਸ਼ੁਰ ਨਾਲ ਗੂੜ੍ਹਾ ਸੰਬੰਧ ਜੋੜਨਾ

ਪਰਮੇਸ਼ੁਰ ਨਾਲ ਗੂੜ੍ਹਾ ਸੰਬੰਧ ਜੋੜਨਾ

ਯਾਕੂਬ ਨੇ ਕਿਹਾ ਸੀ ਕਿ “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਇਹ ਦਿਖਾਉਣ ਲਈ ਕਿ ਉਹ ਮਨੁੱਖਾਂ ਨਾਲ ਇਕ ਗੂੜ੍ਹਾ ਸੰਬੰਧ ਜੋੜਨਾ ਚਾਹੁੰਦਾ ਹੈ, ਯਹੋਵਾਹ ਪਰਮੇਸ਼ੁਰ ਨੇ ਸਾਡੇ ਲਈ ਆਪਣਾ ਪੁੱਤਰ ਬਖ਼ਸ਼ ਦਿੱਤਾ।

ਇਸ ਪ੍ਰੇਮਮਈ ਕੁਰਬਾਨੀ ਲਈ ਕਦਰ ਦਿਖਾਉਂਦੇ ਹੋਏ ਯੂਹੰਨਾ ਰਸੂਲ ਨੇ ਲਿਖਿਆ: ‘ਅਸੀਂ ਪਰਮੇਸ਼ੁਰ ਨਾਲ ਪ੍ਰੇਮ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ।’ (1 ਯੂਹੰਨਾ 4:19) ਪਰ ਪਰਮੇਸ਼ੁਰ ਦੇ ਨਜ਼ਦੀਕ ਹੋਣ ਲਈ ਸਾਨੂੰ ਕੁਝ ਕਦਮ ਚੁੱਕਣੇ ਪੈਣਗੇ। ਇਹ ਕਦਮ ਉਨ੍ਹਾਂ ਗੱਲਾਂ ਨਾਲ ਮਿਲਦੇ-ਜੁਲਦੇ ਹਨ ਜੋ ਮਨੁੱਖਾਂ ਨਾਲ ਚੰਗਾ ਰਿਸ਼ਤਾ ਕਾਇਮ ਕਰਨ ਲਈ ਪਿਛਲੇ ਲੇਖ ਵਿਚ ਦੱਸੀਆਂ ਗਈਆਂ ਸਨ। ਆਓ ਆਪਾਂ ਇਨ੍ਹਾਂ ਦੀ ਜਾਂਚ ਕਰੀਏ।

ਪਰਮੇਸ਼ੁਰ ਦੇ ਅਦਭੁਤ ਗੁਣ ਪਛਾਣੋ

ਪਰਮੇਸ਼ੁਰ ਦੇ ਬਹੁਤ ਹੀ ਅਦਭੁਤ ਗੁਣ ਹਨ, ਜਿਨ੍ਹਾਂ ਵਿਚ ਪ੍ਰੇਮ, ਬੁੱਧ, ਨਿਆਂ, ਅਤੇ ਸ਼ਕਤੀ ਖ਼ਾਸ ਕਰ ਕੇ ਅਨੋਖੇ ਹਨ। ਉਸ ਦੀ ਬੁੱਧ ਅਤੇ ਸ਼ਕਤੀ ਬ੍ਰਹਿਮੰਡ ਅਤੇ ਸਾਡੇ ਆਲੇ-ਦੁਆਲੇ ਦੀਆਂ ਚੀਜ਼ਾਂ ਤੋਂ ਦੇਖੀ ਜਾਂਦੀ ਹੈ, ਭਾਵੇਂ ਇਹ ਮਹਾਨ ਗਲੈਕਸੀਆਂ ਹੋਣ ਜਾਂ ਫਿਰ ਛੋਟੇ ਜਿਹੇ ਐਟਮ ਹੋਣ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ।”—ਜ਼ਬੂਰ 19:1; ਰੋਮੀਆਂ 1:20.

ਸ੍ਰਿਸ਼ਟੀ ਤੋਂ ਪਰਮੇਸ਼ੁਰ ਦਾ ਪ੍ਰੇਮ ਵੀ ਦੇਖਿਆ ਜਾਂਦਾ ਹੈ। ਉਦਾਹਰਣ ਲਈ, ਜਿਸ ਤਰ੍ਹਾਂ ਅਸੀਂ ਬਣਾਏ ਗਏ ਹਾਂ ਉਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਦਾ ਆਨੰਦ ਮਾਣੀਏ। ਅਸੀਂ ਰੰਗ ਦੇਖ ਸਕਦੇ ਹਾਂ, ਸੁਆਦ ਲੈ ਸਕਦੇ ਹਾਂ, ਸੁੰਘ ਸਕਦੇ ਹਾਂ, ਸੰਗੀਤ ਦਾ ਆਨੰਦ ਮਾਣ ਸਕਦੇ ਹਾਂ, ਹੱਸ ਸਕਦੇ ਹਾਂ, ਸੁੰਦਰ ਚੀਜ਼ਾਂ ਦੇਖ ਕੇ ਖ਼ੁਸ਼ੀ ਮਹਿਸੂਸ ਕਰ ਸਕਦੇ ਹਾਂ, ਵਗੈਰਾ-ਵਗੈਰਾ। ਇਨ੍ਹਾਂ ਯੋਗਤਾਵਾਂ ਤੋਂ ਬਿਨਾਂ ਵੀ ਅਸੀਂ ਜੀਉਂਦੇ ਰਹਿ ਸਕਦੇ ਹਾਂ। ਪਰ ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਿਆਲੂ, ਕਿਰਪਾਲੂ, ਅਤੇ ਪ੍ਰੇਮ ਕਰਨ ਵਾਲਾ ਹੈ। ਅਜਿਹੇ ਗੁਣਾਂ ਕਰਕੇ ਹੀ ਉਸ ਨੂੰ “ਪਰਮਧੰਨ ਪਰਮੇਸ਼ੁਰ” ਸੱਦਿਆ ਜਾਂਦਾ ਹੈ।—1 ਤਿਮੋਥਿਉਸ 1:11; ਰਸੂਲਾਂ ਦੇ ਕਰਤੱਬ 20:35.

ਯਹੋਵਾਹ ਕੋਲ ਰਾਜ ਕਰਨ ਦਾ ਹੱਕ ਹੈ ਅਤੇ ਉਹ ਆਪਣਾ ਅਧਿਕਾਰ ਪ੍ਰੇਮ ਨਾਲ ਚਲਾਉਂਦਾ ਹੈ। ਉਹ ਇਸ ਗੱਲ ਵਿਚ ਬਹੁਤ ਖ਼ੁਸ਼ ਹੁੰਦਾ ਹੈ ਕਿ ਦੂਤ ਅਤੇ ਮਨੁੱਖ ਉਸ ਨਾਲ ਪ੍ਰੇਮ ਕਰਦੇ ਹਨ ਅਤੇ ਇਸ ਲਈ ਉਸ ਦਾ ਰਾਜ ਕਬੂਲ ਕਰਦੇ ਹਨ। (1 ਯੂਹੰਨਾ 4:8) ਇਹ ਸੱਚ ਹੈ ਕਿ ਯਹੋਵਾਹ ਵਿਸ਼ਵ ਦਾ ਸਰਬਸ਼ਕਤੀਮਾਨ ਹੈ, ਪਰ ਫਿਰ ਵੀ ਉਹ ਇਨਸਾਨਾਂ ਨਾਲ, ਖ਼ਾਸ ਕਰ ਕੇ ਆਪਣੇ ਵਫ਼ਾਦਾਰ ਸੇਵਕਾਂ ਨਾਲ, ਉਸ ਤਰ੍ਹਾਂ ਪੇਸ਼ ਆਉਂਦਾ ਹੈ ਜਿਵੇਂ ਇਕ ਪਿਤਾ ਆਪਣੇ ਬੱਚਿਆਂ ਨਾਲ। (ਮੱਤੀ 5:45) ਉਹ ਉਨ੍ਹਾਂ ਦੀ ਭਲਾਈ ਲਈ ਉਨ੍ਹਾਂ ਨੂੰ ਹਰ ਚੀਜ਼ ਦਿੰਦਾ ਹੈ। (ਰੋਮੀਆਂ 8:38, 39) ਜਿਵੇਂ ਪਹਿਲਾਂ ਦੱਸਿਆ ਗਿਆ ਸੀ ਸਾਡੇ ਲਈ ਉਹ ਨੇ ਆਪਣਾ ਇਕਲੌਤਾ ਪੁੱਤਰ ਵੀ ਬਖ਼ਸ਼ ਦਿੱਤਾ ਸੀ। ਜੀ ਹਾਂ, ਅਸੀਂ ਪਰਮੇਸ਼ੁਰ ਦੇ ਪ੍ਰੇਮ ਦੇ ਕਾਰਨ ਹੀ ਜੀਉਂਦੇ ਹਾਂ ਅਤੇ ਸਿਰਫ਼ ਇਸ ਹੀ ਪ੍ਰੇਮ ਕਰਕੇ ਸਦਾ ਲਈ ਜੀਉਣ ਦੀ ਉਮੀਦ ਰੱਖਦੇ ਹਾਂ।—ਯੂਹੰਨਾ 3:16.

ਯਿਸੂ ਨੇ ਪਰਮੇਸ਼ੁਰ ਦੀ ਨਕਲ ਪੂਰੀ ਤਰ੍ਹਾਂ ਕੀਤੀ, ਇਸ ਲਈ ਉਸ ਤੋਂ ਅਸੀਂ ਯਹੋਵਾਹ ਬਾਰੇ ਚੰਗੀ ਤਰ੍ਹਾਂ ਜਾਣ ਸਕਦੇ ਹਾਂ। (ਯੂਹੰਨਾ 14:9-11) ਯਿਸੂ ਜ਼ਰਾ ਵੀ ਸੁਆਰਥੀ ਨਹੀਂ ਸੀ, ਸਗੋਂ ਉਹ ਲੋਕਾਂ ਦੀ ਪਰਵਾਹ ਕਰਦਾ ਸੀ ਅਤੇ ਉਨ੍ਹਾਂ ਦਾ ਧਿਆਨ ਰੱਖਦਾ ਸੀ। ਇਕ ਵਾਰ, ਯਿਸੂ ਦੇ ਕੋਲ ਇਕ ਬੋਲ਼ਾ ਅਤੇ ਥਥਲਾ ਬੰਦਾ ਲਿਆਂਦਾ ਗਿਆ। ਅਸੀਂ ਸਮਝ ਸਕਦੇ ਹਾਂ ਕਿ ਇਸ ਬੰਦੇ ਨੂੰ ਇਕ ਵੱਡੀ ਭੀੜ ਵਿਚ ਕਿੰਨੀ ਘਬਰਾਹਟ ਮਹਿਸੂਸ ਹੁੰਦੀ ਹੋਣੀ ਸੀ। ਪਰ ਦਿਲਚਸਪੀ ਦੀ ਗੱਲ ਹੈ ਕਿ ਯਿਸੂ ਨੇ ਉਸ ਆਦਮੀ ਨੂੰ ਭੀੜ ਤੋਂ ਅਲੱਗ ਲੈ ਜਾ ਕੇ ਠੀਕ ਕੀਤਾ। (ਮਰਕੁਸ 7:32-35) ਕੀ ਤੁਸੀਂ ਉਨ੍ਹਾਂ ਲੋਕਾਂ ਦੀ ਕਦਰ ਨਹੀਂ ਕਰਦੇ ਜੋ ਤੁਹਾਡੇ ਜਜ਼ਬਾਤਾਂ ਦਾ ਖ਼ਿਆਲ ਰੱਖਦੇ ਹਨ ਅਤੇ ਤੁਹਾਡੀ ਇੱਜ਼ਤ ਕਰਦੇ ਹਨ? ਯਹੋਵਾਹ ਅਤੇ ਯਿਸੂ ਇਸ ਤਰ੍ਹਾਂ ਦੇ ਹਨ ਅਤੇ ਜੇਕਰ ਤੁਸੀਂ ਉਨ੍ਹਾਂ ਬਾਰੇ ਹੋਰ ਸਿੱਖੋਗੇ ਤਾਂ ਤੁਸੀਂ ਉਨ੍ਹਾਂ ਵੱਲ ਖਿੱਚੇ ਜਾਓਗੇ।

ਪਰਮੇਸ਼ੁਰ ਦੇ ਗੁਣਾਂ ਬਾਰੇ ਸੋਚੋ

ਇਕ ਵਿਅਕਤੀ ਦੇ ਗੁਣ ਭਾਵੇਂ ਚੰਗੇ ਹੋਣ, ਪਰ ਉਸ ਵਿਅਕਤੀ ਵੱਲ ਖਿੱਚੇ ਜਾਣ ਲਈ ਸਾਨੂੰ ਉਸ ਬਾਰੇ ਸੋਚਣ ਦੀ ਲੋੜ ਹੈ। ਇਹ ਯਹੋਵਾਹ ਬਾਰੇ ਵੀ ਬਿਲਕੁਲ ਸਹੀ ਹੈ। ਉਸ ਦੇ ਨਜ਼ਦੀਕ ਹੋਣ ਲਈ ਦੂਜਾ ਬਹੁਤ ਹੀ ਜ਼ਰੂਰੀ ਕਦਮ ਹੈ ਉਸ ਦੇ ਗੁਣਾਂ ਉੱਤੇ ਮਨਨ ਕਰਨਾ ਜਾਂ ਉਨ੍ਹਾਂ ਬਾਰੇ ਸੋਚਣਾ। ਰਾਜਾ ਦਾਊਦ ਸੱਚੇ ਦਿਲ ਨਾਲ ਯਹੋਵਾਹ ਨੂੰ ਪ੍ਰੇਮ ਕਰਦਾ ਸੀ ਅਤੇ ਪਰਮੇਸ਼ੁਰ ਲਈ ਉਹ “ਮਨ ਭਾਉਂਦਾ” ਸੀ। (ਰਸੂਲਾਂ ਦੇ ਕਰਤੱਬ 13:22) ਦਾਊਦ ਨੇ ਕਿਹਾ: “ਮੈਂ ਪੁਰਾਣਿਆਂ ਸਮਿਆਂ ਨੂੰ ਯਾਦ ਕਰਦਾ ਹਾਂ, ਮੈਂ ਤੇਰੀਆਂ ਸਾਰੀਆਂ ਕਰਨੀਆਂ ਦਾ ਵਿਚਾਰ ਕਰਦਾ ਹਾਂ, ਮੈਂ ਤੇਰੇ ਹੱਥਾਂ ਦੇ ਕੰਮਾਂ ਦਾ ਧਿਆਨ ਕਰਦਾ ਹਾਂ।”—ਜ਼ਬੂਰ 143:5.

ਜਦੋਂ ਤੁਸੀਂ ਸ੍ਰਿਸ਼ਟੀ ਦੇ ਅਚੰਭਿਆਂ ਵੱਲ ਦੇਖਦੇ ਹੋ ਜਾਂ ਪਰਮੇਸ਼ੁਰ ਦਾ ਬਚਨ ਬਾਈਬਲ ਪੜ੍ਹਦੇ ਹੋ, ਤਾਂ ਕੀ ਤੁਸੀਂ ਦਾਊਦ ਵਾਂਗ ਇਨ੍ਹਾਂ ਚੀਜ਼ਾਂ ਬਾਰੇ ਸੋਚ-ਵਿਚਾਰ ਕਰਦੇ ਹੋ? ਇਕ ਲੜਕੇ ਦੀ ਕਲਪਨਾ ਕਰੋ ਜੋ ਆਪਣੇ ਪਿਤਾ ਨਾਲ ਗਹਿਰਾ ਪਿਆਰ ਕਰਦਾ ਹੈ। ਉਸ ਨੂੰ ਆਪਣੇ ਪਿਤਾ ਤੋਂ ਇਕ ਚਿੱਠੀ ਆਉਂਦੀ ਹੈ। ਉਹ ਉਸ ਚਿੱਠੀ ਨਾਲ ਕੀ ਕਰੇਗਾ? ਕੀ ਉਹ ਉਸ ਨੂੰ ਛੇਤੀ-ਛੇਤੀ ਪੜ੍ਹ ਕੇ ਇਕ ਪਾਸੇ ਰੱਖ ਦੇਵੇਗਾ? ਬਿਲਕੁਲ ਨਹੀਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਉਸ ਨੂੰ ਚੰਗੀ ਤਰ੍ਹਾਂ ਪੜ੍ਹੇਗਾ ਅਤੇ ਉਸ ਦੀਆਂ ਸਾਰੀਆਂ ਗੱਲਾਂ ਵੱਲ ਧਿਆਨ ਦੇਵੇਗਾ। ਪਰਮੇਸ਼ੁਰ ਦਾ ਬਚਨ ਸਾਡੇ ਲਈ ਇਕ ਚਿੱਠੀ ਵਾਂਗ ਬਹੁਮੁੱਲਾ ਹੋਣਾ ਚਾਹੀਦਾ ਹੈ ਜਿਵੇਂ ਉਹ ਜ਼ਬੂਰਾਂ ਦੇ ਲਿਖਾਰੀ ਲਈ ਸੀ, ਜਿਸ ਨੇ ਗਾਇਆ: “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!”—ਜ਼ਬੂਰ 119:97.

ਚੰਗਾ ਸੰਚਾਰ ਚਾਲੂ ਰੱਖੋ

ਕਿਸੇ ਵੀ ਰਿਸ਼ਤੇ ਨੂੰ ਠੀਕ ਰੱਖਣ ਲਈ ਚੰਗੀ ਤਰ੍ਹਾਂ ਗੱਲ-ਬਾਤ ਕਰਨ ਦੀ ਲੋੜ ਹੈ। ਇਸ ਵਿਚ ਸਿਰਫ਼ ਗੱਲ ਕਰਨੀ ਹੀ ਨਹੀਂ ਪਰ ਮੰਨ ਅਤੇ ਦਿਲ ਲਾ ਕੇ ਸੁਣਨਾ ਵੀ ਸ਼ਾਮਲ ਹੈ। ਅਸੀਂ ਆਪਣੇ ਸ੍ਰਿਸ਼ਟੀਕਰਤਾ ਨਾਲ ਆਦਰ ਭਰੀ ਪ੍ਰਾਰਥਨਾ ਰਾਹੀਂ ਗੱਲ-ਬਾਤ ਕਰਦੇ ਹਾਂ। ਯਹੋਵਾਹ ਉਨ੍ਹਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣ ਕੇ ਖ਼ੁਸ਼ ਹੁੰਦਾ ਹੈ ਜਿਹੜੇ ਲੋਕ ਪ੍ਰੇਮ ਨਾਲ ਉਸ ਦੀ ਸੇਵਾ ਕਰਦੇ ਹਨ ਅਤੇ ਯਿਸੂ ਨੂੰ ਉਸ ਦੇ ਮੁੱਖ ਸੰਦੇਸ਼ਵਾਹਕ ਵਜੋਂ ਸਵੀਕਾਰ ਕਰਦੇ ਹਨ।—ਜ਼ਬੂਰ 65:2; ਯੂਹੰਨਾ 14:6, 14.

ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਇਨਸਾਨਾਂ ਨਾਲ ਦ੍ਰਿਸ਼ਟਾਂਤਾਂ, ਸੁਪਨਿਆਂ, ਅਤੇ ਦੂਤਾਂ ਰਾਹੀਂ ਗੱਲ ਕੀਤੀ ਸੀ। ਲੇਕਿਨ ਅੱਜ-ਕੱਲ੍ਹ ਉਹ ਪਵਿੱਤਰ ਬਾਈਬਲ ਯਾਨੀ ਆਪਣੇ ਬਚਨ ਰਾਹੀਂ ਗੱਲ ਕਰਦਾ ਹੈ। (2 ਤਿਮੋਥਿਉਸ 3:16) ਇਸ ਲਿਖੇ ਗਏ ਬਚਨ ਦੇ ਕਈ ਲਾਭ ਹਨ। ਇਸ ਦੀ ਸਲਾਹ ਜਦੋਂ ਮਰਜ਼ੀ ਪੜ੍ਹੀ ਜਾਂ ਸਕਦੀ ਹੈ। ਇਕ ਚਿੱਠੀ ਵਾਂਗ ਇਸ ਨੂੰ ਵਾਰ-ਵਾਰ ਪੜ੍ਹਿਆ ਜਾ ਸਕਦਾ ਹੈ। ਮੂੰਹਜ਼ਬਾਨੀ ਕਹੀਆਂ ਗਈਆਂ ਗੱਲਾਂ ਅਕਸਰ ਤੋੜੀਆਂ-ਮਰੋੜੀਆਂ ਜਾ ਸਕਦੀਆਂ ਹਨ, ਪਰ ਲਿਖੇ ਗਏ ਸ਼ਬਦਾਂ ਨਾਲ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ ਬਾਈਬਲ ਨੂੰ ਆਪਣੇ ਪਿਆਰੇ ਸਵਰਗੀ ਪਿਤਾ ਤੋਂ ਆਈਆਂ ਚਿੱਠੀਆਂ ਵਾਂਗ ਸਮਝੋ, ਅਤੇ ਇਨ੍ਹਾਂ ਚਿੱਠੀਆਂ ਰਾਹੀਂ ਉਸ ਨੂੰ ਹਰ ਦਿਨ ਆਪਣੇ ਨਾਲ ਗੱਲ-ਬਾਤ ਕਰਨ ਦਿਓ।—ਮੱਤੀ 4:4.

ਉਦਾਹਰਣ ਲਈ, ਬਾਈਬਲ ਦੱਸਦੀ ਹੈ ਕਿ ਯਹੋਵਾਹ ਦੀ ਨਜ਼ਰ ਵਿਚ ਕੀ ਗ਼ਲਤ ਹੈ ਅਤੇ ਕੀ ਸਹੀ। ਬਾਈਬਲ ਪੜ੍ਹ ਕੇ ਇਨਸਾਨਾਂ ਅਤੇ ਧਰਤੀ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਪਤਾ ਚੱਲਦਾ ਹੈ। ਅਤੇ ਇਸ ਵਿਚ ਦੱਸਿਆ ਜਾਂਦਾ ਹੈ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨਾਲ ਅਤੇ ਆਪਣੇ ਕਠੋਰ ਵੈਰੀਆਂ ਨਾਲ ਕਿਸ ਤਰ੍ਹਾਂ ਪੇਸ਼ ਆਇਆ ਸੀ। ਆਪਣੇ ਕੰਮਾਂ ਨੂੰ ਇਸ ਤਰ੍ਹਾਂ ਲਿਖਵਾ ਕੇ, ਯਹੋਵਾਹ ਨੇ ਸਾਨੂੰ ਆਪਣੇ ਬਾਰੇ ਬਹੁਤ ਕੁਝ ਦੱਸਿਆ ਹੈ। ਉਹ ਆਪਣੇ ਪ੍ਰੇਮ, ਖ਼ੁਸ਼ੀ, ਦੁੱਖ, ਨਿਰਾਸ਼ਾ, ਗੁੱਸੇ, ਦਇਆ, ਅਤੇ ਆਪਣੀਆਂ ਚਿੰਤਾਵਾਂ ਨੂੰ ਉਸ ਤਰ੍ਹਾਂ ਜ਼ਾਹਰ ਕਰਦਾ ਹੈ ਜਿਸ ਤਰ੍ਹਾਂ ਇਨਸਾਨ ਸਮਝ ਸਕਣ। ਹਾਂ ਯਹੋਵਾਹ ਆਪਣੇ ਸਾਰੇ ਸੋਚ-ਵਿਚਾਰਾਂ ਅਤੇ ਜਜ਼ਬਾਤਾਂ ਨੂੰ ਨਾ ਸਿਰਫ਼ ਜ਼ਾਹਰ ਕਰਦਾ ਹੈ ਪਰ ਇਨ੍ਹਾਂ ਦਾ ਕਾਰਨ ਵੀ ਦਿੰਦਾ ਹੈ।—ਜ਼ਬੂਰ 78:3-7.

ਬਾਈਬਲ ਦਾ ਕੋਈ ਹਿੱਸਾ ਪੜ੍ਹਨ ਤੋਂ ਬਾਅਦ, ਤੁਸੀਂ ਉਸ ਤੋਂ ਕਿਵੇਂ ਲਾਭ ਹਾਸਲ ਕਰ ਸਕਦੇ ਹੋ? ਅਤੇ ਇਸ ਤੋਂ ਵੀ ਵੱਧ, ਤੁਸੀਂ ਪਰਮੇਸ਼ੁਰ ਦੇ ਹੋਰ ਨਜ਼ਦੀਕ ਕਿਸ ਤਰ੍ਹਾਂ ਜਾ ਸਕਦੇ ਹੋ? ਪਹਿਲਾਂ, ਆਪਣੇ ਆਪ ਤੋਂ ਪੁੱਛੋ ਕਿ ਜੋ ਤੁਸੀਂ ਪੜ੍ਹਿਆ ਹੈ ਉਸ ਤੋਂ ਤੁਸੀਂ ਪਰਮੇਸ਼ੁਰ ਬਾਰੇ ਕੀ ਸਿੱਖਿਆ ਹੈ, ਤਾਂ ਇਨ੍ਹਾਂ ਗੱਲਾਂ ਨੂੰ ਆਪਣੇ ਦਿਲ ਉੱਤੇ ਅਸਰ ਪਾਉਣ ਦਿਓ। ਫਿਰ ਦਿਲੋਂ ਪ੍ਰਾਰਥਨਾ ਕਰ ਕੇ ਯਹੋਵਾਹ ਨੂੰ ਦੱਸੋ ਕਿ ਤੁਸੀਂ ਇਨ੍ਹਾਂ ਗੱਲਾਂ ਬਾਰੇ ਕੀ ਸੋਚਦੇ ਹੋ। ਇਸ ਦੇ ਨਾਲ-ਨਾਲ ਯਹੋਵਾਹ ਨੂੰ ਇਹ ਵੀ ਦੱਸੋ ਕਿ ਤੁਸੀਂ ਇਨ੍ਹਾਂ ਗੱਲਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਿਸ ਤਰ੍ਹਾਂ ਕਰੋਗੇ। ਇਸ ਤਰ੍ਹਾਂ ਅਸੀਂ ਪਰਮੇਸ਼ੁਰ ਨਾਲ ਗੱਲ-ਬਾਤ ਕਰ ਸਕਦੇ ਹਾਂ। ਨਿਸ਼ਚੇ ਹੀ, ਜੇਕਰ ਤੁਸੀਂ ਦਿਲ ਦੀਆਂ ਹੋਰ ਗੱਲਾਂ ਕਰਨੀਆਂ ਹਨ ਤਾਂ ਇਹ ਵੀ ਪ੍ਰਾਰਥਨਾ ਵਿਚ ਕੀਤੀਆਂ ਜਾ ਸਕਦੀਆਂ ਹਨ।

ਪਰਮੇਸ਼ੁਰ ਦੇ ਨਾਲ ਕੰਮ ਕਰੋ

ਪੁਰਾਣੇ ਜ਼ਮਾਨੇ ਦੇ ਕੁਝ ਵਫ਼ਾਦਾਰ ਇਨਸਾਨਾਂ ਬਾਰੇ ਬਾਈਬਲ ਕਹਿੰਦੀ ਹੈ ਕਿ ਉਹ ਪਰਮੇਸ਼ੁਰ ਦੇ ਨਾਲ-ਨਾਲ ਜਾਂ ਉਸ ਦੇ ਸਨਮੁਖ ਚਲੇ। (ਉਤਪਤ 6:9; 1 ਰਾਜਿਆਂ 8:25) ਇਸ ਦਾ ਕੀ ਮਤਲਬ ਹੈ? ਅਸਲ ਵਿਚ ਉਨ੍ਹਾਂ ਨੇ ਹਰ ਦਿਨ ਇਸ ਤਰ੍ਹਾਂ ਜ਼ਿੰਦਗੀ ਗੁਜ਼ਾਰੀ ਜਿਵੇਂ ਪਰਮੇਸ਼ੁਰ ਖ਼ੁਦ ਉਨ੍ਹਾਂ ਦੇ ਨਾਲ ਸੀ। ਇਹ ਸੱਚ ਹੈ ਕਿ ਉਹ ਪਾਪੀ ਸਨ ਅਤੇ ਗ਼ਲਤੀਆਂ ਕਰਦੇ ਸਨ, ਪਰ ਉਹ ਯਹੋਵਾਹ ਦੇ ਨਿਯਮਾਂ ਅਤੇ ਸਿਧਾਂਤਾਂ ਦੀ ਕਦਰ ਕਰਦੇ ਸਨ ਅਤੇ ਪਰਮੇਸ਼ੁਰ ਦੇ ਮਕਸਦ ਅਨੁਸਾਰ ਚੱਲਦੇ ਸਨ। ਯਹੋਵਾਹ ਇਸ ਤਰ੍ਹਾਂ ਦੇ ਲੋਕਾਂ ਨੂੰ ਪਸੰਦ ਕਰਦਾ ਹੈ ਅਤੇ ਉਨ੍ਹਾਂ ਦੀ ਰੱਖਿਆ ਕਰਦਾ ਹੈ, ਜਿਵੇਂ ਜ਼ਬੂਰ 32:8 ਦਿਖਾਉਂਦਾ ਹੈ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।”

ਯਹੋਵਾਹ ਤੁਹਾਡਾ ਵੀ ਜਿਗਰੀ ਦੋਸਤ ਬਣ ਸਕਦਾ ਹੈ। ਇਕ ਅਜਿਹਾ ਦੋਸਤ ਜਿਹੜਾ ਤੁਹਾਡੇ ਨਾਲ ਚੱਲਦਾ, ਤੁਹਾਡੇ ਉੱਤੇ ਨਿਗਾਹ ਰੱਖਦਾ, ਅਤੇ ਇਕ ਪਿਤਾ ਵਾਂਗ ਤੁਹਾਨੂੰ ਸਲਾਹ ਦਿੰਦਾ ਹੈ। ਯਸਾਯਾਹ ਨਬੀ ਨੇ ਯਹੋਵਾਹ ਦਾ ਇਸ ਤਰ੍ਹਾਂ ਵਰਣਨ ਕੀਤਾ: ‘ਉਹ ਜਿਹੜਾ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹੈ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।’ (ਯਸਾਯਾਹ 48:17) ਜਿਉਂ-ਜਿਉਂ ਸਾਨੂੰ ਇਹ ਲਾਭ ਮਿਲਦੇ ਹਨ, ਅਸੀਂ ਦਾਊਦ ਵਾਂਗ ਯਹੋਵਾਹ ਨੂੰ ਆਪਣੇ ਨਾਲ ਚੱਲਦੇ ਹੋਏ ਮਹਿਸੂਸ ਕਰਦੇ ਹਾਂ, ਜਿਵੇਂ ‘ਉਹ ਸਾਡੇ ਸੱਜੇ ਪਾਸੇ’ ਹੈ।—ਜ਼ਬੂਰ 16:8.

ਪਰਮੇਸ਼ੁਰ ਦੇ ਗੁਣ ਉਸ ਦੇ ਨਾਂ ਵਿਚ ਦੇਖੇ ਜਾਂਦੇ ਹਨ

ਕਈਆਂ ਧਰਮਾਂ ਅਤੇ ਬਾਈਬਲਾਂ ਵਿਚ ਪਰਮੇਸ਼ੁਰ ਦਾ ਨਿੱਜੀ ਨਾਂ ਨਹੀਂ ਲਿਆ ਜਾਂਦਾ। (ਜ਼ਬੂਰ 83:18) ਲੇਕਿਨ, ਮੁਢਲੀਆਂ ਇਬਰਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ, ਯਹੋਵਾਹ, ਕੁਝ 7,000 ਵਾਰ ਆਉਂਦਾ ਹੈ! (ਬਾਈਬਲ ਦੇ ਬਹੁਤ ਸਾਰੇ ਅਨੁਵਾਦਕਾਂ ਨੇ ਇਸ ਪਵਿੱਤਰ ਨਾਂ ਨੂੰ ਬਾਈਬਲਾਂ ਵਿੱਚੋਂ ਤਾਂ ਕੱਟਿਆ ਹੈ, ਪਰ ਮੁਢਲੀਆਂ ਲਿਖਤਾਂ ਵਿਚ ਪਾਏ ਗਏ ਝੂਠੇ ਦੇਵਤਿਆਂ ਦੇ ਨਾਂ ਨਹੀਂ ਕੱਟੇ, ਜਿਵੇਂ ਕਿ ਬਾਅਲ, ਬੈੱਲ, ਮਰੋਦਾਕ, ਅਤੇ ਸ਼ਤਾਨ!)

ਕਈ ਸੋਚਦੇ ਹਨ ਕਿ ਪਰਮੇਸ਼ੁਰ ਦਾ ਨਾਂ ਕੱਟਣਾ ਕੋਈ ਵੱਡੀ ਗੱਲ ਨਹੀਂ ਹੈ। ਪਰ ਜ਼ਰਾ ਸੋਚੋ: ਜੇਕਰ ਤੁਸੀਂ ਇਕ ਵਿਅਕਤੀ ਦਾ ਨਾਂ ਨਹੀਂ ਜਾਣਦੇ, ਤਾਂ ਕੀ ਤੁਹਾਡੇ ਲਈ ਉਸ ਨਾਲ ਚੰਗੀ ਦੋਸਤੀ ਕਰਨੀ ਸੌਖੀ ਹੋਵੇਗੀ? ਇਹ ਸੱਚ ਹੈ ਕਿ ਅਸੀਂ ਯਹੋਵਾਹ ਨੂੰ, ਪਰਮੇਸ਼ੁਰ ਜਾਂ ਪ੍ਰਭੂ ਕਹਿ ਸਕਦੇ ਹਾਂ ਅਤੇ ਇਸ ਤਰ੍ਹਾਂ ਉਸ ਦੀ ਸ਼ਕਤੀ, ਪਦਵੀ, ਅਤੇ ਉਸ ਦੇ ਅਧਿਕਾਰ ਨੂੰ ਜ਼ਾਹਰ ਕਰ ਸਕਦੇ ਹਾਂ, ਪਰ ਇਹ ਖ਼ਿਤਾਬ ਤਾਂ ਝੂਠੇ ਦੇਵਤਿਆਂ ਨੂੰ ਵੀ ਦਿੱਤੇ ਜਾਂਦੇ ਹਨ। ਅਸਲ ਵਿਚ ਉਹ ਸਿਰਫ਼ ਆਪਣੇ ਨਿੱਜੀ ਨਾਂ ਤੋਂ ਹੀ ਸਪੱਸ਼ਟ ਤੌਰ ਤੇ ਪਛਾਣਿਆ ਜਾ ਸਕਦਾ ਹੈ। (ਕੂਚ 3:15; 1 ਕੁਰਿੰਥੀਆਂ 8:5, 6) ਸੱਚੇ ਪਰਮੇਸ਼ੁਰ ਦੇ ਨਿੱਜੀ ਨਾਂ ਤੋਂ ਉਸ ਬਾਰੇ ਪਤਾ ਲੱਗਦਾ ਹੈ। ਇਕ ਧਰਮ-ਸ਼ਾਸਤਰੀ ਨੇ ਸਹੀ-ਸਹੀ ਕਿਹਾ ਕਿ “ਜਿਹੜਾ ਵਿਅਕਤੀ ਪਰਮੇਸ਼ੁਰ ਦੇ ਨਾਂ ਨੂੰ ਨਹੀਂ ਜਾਣਦਾ ਉਹ ਉਸ ਨੂੰ ਨਿੱਜੀ ਤੌਰ ਤੇ ਨਹੀਂ ਜਾਣਦਾ।”

ਮਰਿਯਾ ਨਾਂ ਦੀ ਇਕ ਪੱਕੀ ਕੈਥੋਲਿਕ ਔਰਤ ਦੀ ਮਿਸਾਲ ਵੱਲ ਧਿਆਨ ਦਿਓ। ਉਹ ਆਸਟ੍ਰੇਲੀਆ ਵਿਚ ਰਹਿੰਦੀ ਹੈ। ਜਦੋਂ ਉਸ ਨੂੰ ਪਹਿਲੀ ਵਾਰ ਯਹੋਵਾਹ ਦੇ ਗਵਾਹ ਮਿਲੇ ਤਾਂ ਉਨ੍ਹਾਂ ਨੇ ਉਸ ਨੂੰ ਬਾਈਬਲ ਵਿੱਚੋਂ ਪਰਮੇਸ਼ੁਰ ਦਾ ਨਾਂ ਵਿਖਾਇਆ। ਇਹ ਦੇਖ ਕੇ ਉਸ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ? ਉਹ ਦੱਸਦੀ ਹੈ: “ਜਦੋਂ ਮੈਂ ਬਾਈਬਲ ਵਿਚ ਪਹਿਲੀ ਵਾਰ ਪਰਮੇਸ਼ੁਰ ਦਾ ਨਾਂ ਦੇਖਿਆ ਤਾਂ ਮੈਂ ਬਹੁਤ ਰੋਈ। ਮੈਂ ਇਹ ਜਾਣ ਕੇ ਬਹੁਤ ਹੀ ਖ਼ੁਸ਼ ਹੋਈ ਕਿ ਮੈਂ ਖ਼ੁਦ ਪਰਮੇਸ਼ੁਰ ਦਾ ਨਿੱਜੀ ਨਾਂ ਲੈ ਕੇ ਉਸ ਨੂੰ ਪੁਕਾਰ ਸਕਦੀ ਸੀ।” ਮਰਿਯਾ ਨੇ ਆਪਣੀ ਬਾਈਬਲ ਸਟੱਡੀ ਜਾਰੀ ਰੱਖੀ ਅਤੇ ਪਹਿਲੀ ਵਾਰ ਆਪਣੀ ਜ਼ਿੰਦਗੀ ਵਿਚ ਉਹ ਯਹੋਵਾਹ ਨੂੰ ਨਿੱਜੀ ਤੌਰ ਤੇ ਜਾਣ ਸਕੀ ਅਤੇ ਉਸ ਨਾਲ ਗੂੜ੍ਹਾ ਸੰਬੰਧ ਜੋੜ ਸਕੀ।

ਜੀ ਹਾਂ, ਅਸੀਂ ਪਰਮੇਸ਼ੁਰ ਨੂੰ ਦੇਖ ਨਹੀਂ ਸਕਦੇ ਪਰ ‘ਉਸ ਦੇ ਨੇੜੇ ਜਾ’ ਸਕਦੇ ਹਾਂ। ਅਸੀਂ ਉਸ ਦੇ ਅਦਭੁਤ ਗੁਣਾਂ ਨੂੰ ਆਪਣੇ ਮੰਨ ਅਤੇ ਦਿਲ ਦੀਆਂ ਅੱਖਾਂ ਨਾਲ ਦੇਖ ਸਕਦੇ ਹਾਂ, ਜਿਸ ਦੁਆਰਾ ਸਾਡਾ ਉਸ ਲਈ ਪ੍ਰੇਮ ਵਧਦਾ ਹੈ। ਅਜਿਹਾ ਪਿਆਰ ਏਕਤਾ ਵਧਾਉਂਦਾ ਹੈ।—ਕੁਲੁੱਸੀਆਂ 3:14.

[ਸਫ਼ੇ 6 ਉੱਤੇ ਡੱਬੀ/​ਤਸਵੀਰ]

ਪਰਮੇਸ਼ੁਰ ਸਾਡੇ ਪਿਆਰ ਦੀ ਕਦਰ ਕਰਦਾ ਹੈ

ਦੋ-ਦਿਸ਼ਾ ਹੁੰਦਾ ਹੈ। ਜਿਉਂ-ਜਿਉਂ ਅਸੀਂ ਪਰਮੇਸ਼ੁਰ ਦੇ ਨੇੜੇ ਜਾਂਦੇ ਹਾਂ, ਉਹ ਸਾਡੇ ਨੇੜੇ ਆਉਂਦਾ ਹੈ। ਧਿਆਨ ਦਿਓ ਕਿ ਯਹੋਵਾਹ ਦਾ ਬਿਰਧ ਸਿਮਓਨ ਅਤੇ ਆੱਨਾ ਬਾਰੇ ਕੀ ਵਿਚਾਰ ਸਨ। ਬਾਈਬਲ ਵਿਚ ਇਨ੍ਹਾਂ ਦੋਹਾਂ ਦਾ ਖ਼ਾਸ ਜ਼ਿਕਰ ਕੀਤਾ ਗਿਆ ਹੈ। ਇੰਜੀਲ ਦੇ ਲਿਖਾਰੀ ਲੂਕਾ ਨੇ ਲਿਖਿਆ ਕਿ “ਧਰਮੀ ਅਤੇ ਭਗਤ” ਸਿਮਓਨ ਮਸੀਹਾ ਦੀ ਉਡੀਕ ਵਿਚ ਸੀ। ਯਹੋਵਾਹ ਨੇ ਸਿਮਓਨ ਦੇ ਚੰਗੇ ਗੁਣ ਦੇਖੇ ਸਨ ਅਤੇ ਉਸ ਨੂੰ ਕਿਹਾ ਕਿ “ਜਦ ਤੀਕਰ ਤੂੰ ਪ੍ਰਭੁ ਦੇ ਮਸੀਹ ਨੂੰ ਨਾ ਵੇਖੇਂ ਤੂੰ ਨਾ ਮਰੇਂਗਾ।” ਇਸ ਤਰ੍ਹਾਂ ਉਸ ਨੇ ਉਸ ਨਾਲ ਪ੍ਰੇਮ ਕੀਤਾ। ਯਹੋਵਾਹ ਨੇ ਆਪਣਾ ਵਾਅਦਾ ਪੂਰਾ ਕੀਤਾ, ਕਿਉਂਕਿ ਜਦ ਯਿਸੂ ਦੇ ਮਾਪਿਆਂ ਨੇ ਯਿਸੂ ਨੂੰ ਯਰੂਸ਼ਲਮ ਦੀ ਹੈਕਲ ਵਿਚ ਲਿਆਂਦਾ ਸੀ, ਤਾਂ ਯਹੋਵਾਹ ਨੇ ਸਿਮਓਨ ਨੂੰ ਦਿਖਾਇਆ ਕਿ ਇਹ ਬੱਚਾ ਯਿਸੂ ਹੈ। ਇਸ ਗੱਲ ਦੀ ਬਹੁਤ ਕਦਰ ਕਰਦੇ ਹੋਏ ਸਿਮਓਨ ਨੇ ਖ਼ੁਸ਼ੀ ਵਿਚ ਬੱਚੇ ਨੂੰ ਚੁੱਕ ਕੇ ਪ੍ਰਾਰਥਨਾ ਕੀਤੀ: “ਹੇ ਮਾਲਕ, ਹੁਣ ਤੂੰ ਆਪਣੇ ਦਾਸ ਨੂੰ ਆਪਣੇ ਬਚਨ ਅਨੁਸਾਰ ਸ਼ਾਂਤੀ ਨਾਲ ਵਿਦਿਆ ਕਰਦਾ ਹੈਂ, ਕਿਉਂਕਿ ਮੇਰੀਆਂ ਅੱਖਾਂ ਨੇ ਤੇਰੀ ਮੁਕਤੀ ਡਿੱਠੀ।”—ਲੂਕਾ 2:25-35.

“ਉਸੇ ਘੜੀ” 84 ਸਾਲਾਂ ਦੀ ਆੱਨਾ ਨੇ ਵੀ ਯਿਸੂ ਦੇ ਦਰਸ਼ਨ ਕੀਤੇ ਅਤੇ ਇਸ ਨਾਲ ਯਹੋਵਾਹ ਨੇ ਉਸ ਲਈ ਵੀ ਆਪਣਾ ਪ੍ਰੇਮ ਸਾਬਤ ਕੀਤਾ। ਬਾਈਬਲ ਦੱਸਦੀ ਹੈ ਕਿ ਇਹ ਪਿਆਰੀ ਵਿਧਵਾ ਦਿਨ ਰਾਤ ਹੈਕਲ ਵਿਚ ਯਹੋਵਾਹ ਦੀ “ਬੰਦਗੀ ਕਰਦੀ ਰਹਿੰਦੀ ਸੀ।” ਸਿਮਓਨ ਵਾਂਗ ਇਸ ਵਿਧਵਾ ਨੇ ਵੀ ਯਹੋਵਾਹ ਦੀ ਦਇਆ ਦੀ ਕਦਰ ਕੀਤੀ ਅਤੇ ਉਸ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਉਸ ਨੇ ਬੱਚੇ ਬਾਰੇ “ਉਨ੍ਹਾਂ ਸਭਨਾਂ ਨਾਲ” ਗੱਲ ਕੀਤੀ “ਜਿਹੜੇ ਯਰੂਸ਼ਲਮ ਦੇ ਨਿਸਤਾਰੇ ਦੀ ਉਡੀਕ ਵਿੱਚ ਸਨ।”—ਲੂਕਾ 2:36-38.

ਜੀ ਹਾਂ, ਯਹੋਵਾਹ ਨੇ ਦੇਖਿਆ ਸੀ ਕਿ ਸਿਮਓਨ ਅਤੇ ਆੱਨਾ ਉਸ ਨਾਲ ਕਿੰਨਾ ਪ੍ਰੇਮ ਕਰਦੇ ਸਨ ਅਤੇ ਉਹ ਦਾ ਭੈ ਵੀ ਰੱਖਦੇ ਸਨ। ਇਸ ਦੇ ਨਾਲ-ਨਾਲ ਉਹ ਯਹੋਵਾਹ ਦੇ ਮਕਸਦਾਂ ਨੂੰ ਪੂਰੇ ਹੁੰਦੇ ਦੇਖਣ ਲਈ ਉਤਾਵਲੇ ਸਨ। ਕੀ ਇਸ ਤਰ੍ਹਾਂ ਦੇ ਬਾਈਬਲੀ ਬਿਰਤਾਂਤ ਤੁਹਾਨੂੰ ਯਹੋਵਾਹ ਵੱਲ ਨਹੀਂ ਖਿੱਚਦੇ?

ਆਪਣੇ ਪਿਤਾ ਵਾਂਗ, ਯਿਸੂ ਨੇ ਵੀ ਇਨਸਾਨ ਦੇ ਦਿਲ ਦੀ ਪਛਾਣ ਕੀਤੀ। ਜਦ ਉਹ ਹੈਕਲ ਵਿਚ ਸਿਖਾ ਰਿਹਾ ਸੀ, ਤਾਂ ਉਸ ਨੇ “ਇੱਕ ਕੰਗਾਲ ਵਿਧਵਾ ਨੂੰ ਦੋ ਦਮੜੀਆਂ ਉੱਥੇ ਪਾਉਂਦਿਆਂ ਵੇਖਿਆ।” ਬਾਕੀ ਦੇ ਲੋਕਾਂ ਲਈ ਇਸ ਵਿਧਵਾ ਦਾ ਦਾਨ ਤਾਂ ਬਹੁਤ ਹੀ ਮਾਮੂਲੀ ਸੀ, ਪਰ ਯਿਸੂ ਦੀਆਂ ਨਜ਼ਰਾਂ ਵਿਚ ਇਸ ਤਰ੍ਹਾਂ ਨਹੀਂ ਸੀ। ਉਸ ਨੇ ਇਸ ਔਰਤ ਦੀ ਤਾਰੀਫ਼ ਕੀਤੀ ਕਿਉਂਕਿ ਉਸ ਨੇ ਆਪਣਾ ਸਭ ਕੁਝ ਦਾਨ ਕਰ ਦਿੱਤਾ ਸੀ। (ਲੂਕਾ 21:1-4) ਇਸ ਲਈ, ਸਾਨੂੰ ਵੀ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਕਿ ਜਦੋਂ ਅਸੀਂ ਯਹੋਵਾਹ ਅਤੇ ਯਿਸੂ ਨੂੰ ਦਿਲੋਂ ਦਿੰਦੇ ਹਾਂ, ਭਾਵੇਂ ਸਾਡਾ ਦਾਨ ਵੱਡਾ ਜਾਂ ਛੋਟਾ ਹੋਵੇ, ਉਹ ਉਸ ਦੀ ਬਹੁਤ ਹੀ ਕਦਰ ਕਰਦੇ ਹਨ।

ਯਹੋਵਾਹ ਖ਼ੁਸ਼ ਹੁੰਦਾ ਹੈ ਜਦੋਂ ਲੋਕ ਉਸ ਨੂੰ ਪ੍ਰੇਮ ਕਰਦੇ ਹਨ। ਪਰ ਜਦੋਂ ਲੋਕ ਉਸ ਤੋਂ ਦੂਰ ਹੁੰਦੇ ਹਨ ਅਤੇ ਗ਼ਲਤ ਕੰਮਾਂ ਵਿਚ ਹਿੱਸਾ ਲੈਂਦੇ ਹਨ ਤਾਂ ਉਹ ਬਹੁਤ ਦੁਖੀ ਹੁੰਦਾ ਹੈ। ਉਤਪਤ 6:6 ਸਾਨੂੰ ਦੱਸਦਾ ਹੈ ਕਿ ਯਹੋਵਾਹ ਆਪਣੇ “ਮਨ ਵਿੱਚ ਦੁਖੀ ਹੋਇਆ,” ਕਿਉਂਕਿ ਨੂਹ ਦੇ ਦਿਨਾਂ ਵਿਚ ਜਲ-ਪਰਲੋ ਆਉਣ ਤੋਂ ਪਹਿਲਾਂ ਲੋਕਾਂ ਦੀ ਬੁਰਿਆਈ ਵੱਧ ਗਈ ਸੀ। ਬਾਅਦ ਵਿਚ ਇਸਰਾਏਲੀ ਲੋਕਾਂ ਨੇ ਵੀ ਪਰਮੇਸ਼ੁਰ ਦਾ ਦਿਲ ਦੁਖਾਇਆ ਸੀ। ਜ਼ਬੂਰ 78:41 ਸਾਨੂੰ ਦੱਸਦਾ ਹੈ ਕਿ ਉਨ੍ਹਾਂ ਨੇ ਵਾਰ-ਵਾਰ “ਪਰਮੇਸ਼ੁਰ ਨੂੰ ਪਰਤਾਇਆ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ­ਅਕਾਇਆ।” ਜੀ ਹਾਂ, ਯਹੋਵਾਹ ਪੱਥਰ ਦਿਲ ਨਹੀਂ ਹੈ। ਉਸ ਦੇ ਜਜ਼ਬਾਤ ਪਾਪੀ ਇਨਸਾਨਾਂ ਵਾਂਗ ਕਮਜ਼ੋਰ ਨਹੀਂ ਹਨ। ਉਹ ਇਕ ਵਿਅਕਤੀ ਹੈ ਜਿਸ ਨੂੰ ਅਸੀਂ ਖ਼ੁਸ਼ ਕਰ ਸਕਦੇ ਹਾਂ ਜਾਂ ਦੁੱਖ ਦੇ ਸਕਦੇ ਹਾਂ।

[ਸਫ਼ੇ 7 ਉੱਤੇ ਤਸਵੀਰ]

ਯਹੋਵਾਹ ਦੇ ਨਜ਼ਦੀਕ ਜਾਣ ਦਾ ਇਕ ਤਰੀਕਾ ਹੈ ਉਸ ਦੀ ਸ੍ਰਿਸ਼ਟੀ ਉੱਤੇ ਮਨਨ ਕਰਨਾ