Skip to content

Skip to table of contents

ਕਾਮਯਾਬੀ ਦਾ ਕੀ ਮਤਲਬ ਹੈ?

ਕਾਮਯਾਬੀ ਦਾ ਕੀ ਮਤਲਬ ਹੈ?

ਕਾਮਯਾਬੀ ਦਾ ਕੀ ਮਤਲਬ ਹੈ?

ਇਕ ਡਿਕਿਸ਼ਨਰੀ ਮੁਤਾਬਕ ਕਾਮਯਾਬੀ ਦੀ ਪਰਿਭਾਸ਼ਾ ਇਹ ਹੈ: “ਧਨ-ਦੌਲਤ ਤੇ ਸ਼ੁਹਰਤ ਕਮਾਉਣੀ ਜਾਂ ਲੋਕਾਂ ਵਿਚ ਹਰਮਨ-ਪਿਆਰਾ ਬਣਨਾ।” ਕੀ ਕਾਮਯਾਬੀ ਦਾ ਮਤਲਬ ਸਿਰਫ਼ ਇਹੀ ਹੈ? ਕੀ ਧਨ-ਦੌਲਤ, ਸ਼ੁਹਰਤ ਕਮਾਉਣ ਜਾਂ ਹਰਮਨ-ਪਿਆਰਾ ਬਣਨ ਨੂੰ ਹੀ ਕਾਮਯਾਬੀ ਕਹਿੰਦੇ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਜ਼ਰਾ ਇਨ੍ਹਾਂ ਗੱਲਾਂ ਤੇ ਗੌਰ ਕਰੋ: ਆਪਣੀ ਪੂਰੀ ਜ਼ਿੰਦਗੀ ਦੌਰਾਨ ਯਿਸੂ ਨੇ ਕੋਈ ਧਨ-ਦੌਲਤ ਨਹੀਂ ਕਮਾਈ। ਨਾ ਹੀ ਜ਼ਿਆਦਾਤਰ ਲੋਕ ਉਸ ਨੂੰ ਪਸੰਦ ਕਰਦੇ ਸਨ ਤੇ ਨਾ ਹੀ ਉਸ ਸਮੇਂ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੇ ਉਸ ਨੂੰ ਕੋਈ ਮਾਣ ਬਖ਼ਸ਼ਿਆ। ਪਰ ਫਿਰ ਵੀ ਯਿਸੂ ਇਕ ਕਾਮਯਾਬ ਇਨਸਾਨ ਸੀ। ਭਲਾ ਕਿਉਂ?

ਯਿਸੂ ਧਰਤੀ ਤੇ ਰਹਿੰਦੇ ਸਮੇਂ “ਪਰਮੇਸ਼ੁਰ ਦੇ ਅੱਗੇ ਧਨਵਾਨ” ਸੀ। (ਲੂਕਾ 12:21) ਉਸ ਦੇ ਮੁੜ ਜੀਉਂਦਾ ਹੋਣ ਤੋਂ ਬਾਅਦ ਪਰਮੇਸ਼ੁਰ ਨੇ ਉਸ ਨੂੰ ਇਨਾਮ ਵਜੋਂ “ਪਰਤਾਪ ਅਤੇ ਮਾਣ” ਦਾ ਮੁਕਟ ਪਹਿਨਾਇਆ। ਨਾਲੇ ਯਹੋਵਾਹ ਨੇ ਆਪਣੇ ਪੁੱਤਰ ਨੂੰ “ਅੱਤ ਉੱਚਿਆਂ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ।” (ਇਬਰਾਨੀਆਂ 2:9; ਫ਼ਿਲਿੱਪੀਆਂ 2:9) ਜਿਸ ਤਰੀਕੇ ਨਾਲ ਯਿਸੂ ਨੇ ਆਪਣੀ ਜ਼ਿੰਦਗੀ ਬਿਤਾਈ, ਉਸ ਨਾਲ ਯਹੋਵਾਹ ਦੇ ਦਿਲ ਨੂੰ ਬੜੀ ਖ਼ੁਸ਼ੀ ਮਿਲੀ। (ਕਹਾਉਤਾਂ 27:11) ਧਰਤੀ ਉੱਤੇ ਯਿਸੂ ਦੀ ਜ਼ਿੰਦਗੀ ਕਾਮਯਾਬ ਹੋਈ ਕਿਉਂਕਿ ਉਸ ਨੇ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਪੂਰਾ ਕੀਤਾ। ਯਿਸੂ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ ਅਤੇ ਉਸ ਦੇ ਨਾਂ ਦੀ ਮਹਿਮਾ ਕੀਤੀ। ਇਸ ਦੇ ਬਦਲੇ, ਪਰਮੇਸ਼ੁਰ ਨੇ ਯਿਸੂ ਨੂੰ ਉਹ ਧਨ-ਦੌਲਤ, ਸ਼ੁਹਰਤ ਅਤੇ ਮਾਣ ਬਖ਼ਸ਼ਿਆ ਜੋ ਦੁਨੀਆਂ ਦਾ ਕੋਈ ਵੀ ਗਿਆਨਵਾਨ ਵਿਅਕਤੀ, ਮੰਨਿਆ-ਪ੍ਰਮੰਨਿਆ ਨੇਤਾ ਜਾਂ ਖਿਡਾਰੀ ਕਦੇ ਨਹੀਂ ਪਾ ਸਕਦਾ। ਯਿਸੂ ਸੱਚ-ਮੁੱਚ ਧਰਤੀ ਉੱਤੇ ਸਾਰੇ ਇਨਸਾਨਾਂ ਤੋਂ ਕਿਤੇ ਵੱਧ ਕਾਮਯਾਬ ਇਨਸਾਨ ਸੀ।

ਮਸੀਹੀ ਮਾਪੇ ਮੰਨਦੇ ਹਨ ਕਿ ਜੇ ਉਨ੍ਹਾਂ ਦੇ ਬੱਚੇ ਮਸੀਹ ਦੇ ਨਕਸ਼ੇ-ਕਦਮਾਂ ਤੇ ਚੱਲਣ ਅਤੇ ਯਿਸੂ ਵਾਂਗ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਨੀ ਬਣਨ, ਤਾਂ ਨਾ ਸਿਰਫ਼ ਹੁਣ ਉਨ੍ਹਾਂ ਨੂੰ ਭਰਪੂਰ ਬਰਕਤਾਂ ਮਿਲਣਗੀਆਂ, ਸਗੋਂ ਨਵੇਂ ਸੰਸਾਰ ਵਿਚ ਉਨ੍ਹਾਂ ਨੂੰ ਅਜਿਹੇ ਇਨਾਮ ਮਿਲਣਗੇ ਜਿਨ੍ਹਾਂ ਬਾਰੇ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। ਇਸ ਲਈ, ਨੌਜਵਾਨਾਂ ਲਈ ਮਸੀਹ ਦੇ ਨਕਸ਼ੇ-ਕਦਮਾਂ ਤੇ ਚੱਲਣ ਦਾ ਸਭ ਤੋਂ ਵਧੀਆ ਤਰੀਕਾ ਹੈ ਪੂਰੇ ਸਮੇਂ ਦੀ ਸੇਵਕਾਈ ਕਰਨੀ।

ਪਰ ਕਈ ਸਮਾਜਾਂ ਵਿਚ ਜ਼ਿਆਦਾਤਰ ਨੌਜਵਾਨ ਪੂਰੇ ਸਮੇਂ ਦੀ ਸੇਵਕਾਈ ਨਹੀਂ ਕਰਦੇ। ਜਦੋਂ ਇਕ ਨੌਜਵਾਨ ਆਪਣੀ ਪੜ੍ਹਾਈ ਖ਼ਤਮ ਕਰ ਲੈਂਦਾ ਹੈ, ਤਾਂ ਉਸ ਕੋਲੋਂ ਨੌਕਰੀ ਕਰਨ ਅਤੇ ਵਿਆਹ ਕਰ ਕੇ ਆਪਣਾ ਘਰ ਵਸਾਉਣ ਦੀ ਉਮੀਦ ਕੀਤੀ ਜਾਂਦੀ ਹੈ। ਕਈ ਵਾਰੀ ਅਜਿਹੇ ਪਿਛੋਕੜ ਦੇ ਨੌਜਵਾਨ ਪੂਰੇ ਸਮੇਂ ਦੀ ਸੇਵਕਾਈ ਨਾ ਕਰਨ ਦੀ ਚੋਣ ਕਰਦੇ ਹਨ। (ਕਹਾਉਤਾਂ 3:27) ਕਿਉਂ? ਕਿਉਂਕਿ ਉਨ੍ਹਾਂ ਉੱਤੇ ਇਹ ਦਬਾਅ ਪਾਇਆ ਜਾਂਦਾ ਹੈ ਕਿ ਉਹ ਆਪਣੇ ਸਮਾਜ ਦੇ ਨਕਸ਼ੇ-ਕਦਮਾਂ ਤੇ ਚੱਲਣ। ਰੌਬਰਟ ਦੇ ਨਾਲ ਇਵੇਂ ਹੀ ਹੋਇਆ। *

ਜਦੋਂ ਸਭਿਆਚਾਰ ਅਤੇ ਜ਼ਮੀਰ ਆਪਸ ਵਿਚ ਟਕਰਾਉਂਦੇ ਹਨ

ਰੌਬਰਟ ਦਾ ਪਾਲਣ-ਪੋਸਣ ਯਹੋਵਾਹ ਦੇ ਗਵਾਹਾਂ ਦੇ ਪਰਿਵਾਰ ਵਿਚ ਹੋਇਆ। ਅੱਲੜ੍ਹ ਉਮਰ ਵਿਚ ਉਸ ਦਾ ਚਾਲ-ਚਲਣ ਵਿਗੜ ਗਿਆ ਅਤੇ ਉਸ ਦੇ ਸੰਗੀ-ਸਾਥੀ ਵੀ ਚੰਗੇ ਨਹੀਂ ਸਨ। ਉਸ ਦੀ ਮੰਮੀ ਨੂੰ ਦਿਨ-ਰਾਤ ਉਸ ਦੀ ਚਿੰਤਾ ਸਤਾਉਣ ਲੱਗੀ। ਇਸ ਲਈ, ਉਸ ਨੇ ਇਕ ਪਾਇਨੀਅਰ ਯਾਨੀ ਯਹੋਵਾਹ ਦੇ ਗਵਾਹਾਂ ਦੇ ਇਕ ਪੂਰੇ ਸਮੇਂ ਦੇ ਸੇਵਕ ਨੂੰ ਕਿਹਾ ਕਿ ਉਹ ਰੌਬਰਟ ਨੂੰ ਥੋੜ੍ਹੀ ਹੱਲਾ-ਸ਼ੇਰੀ ਦੇਵੇ। ਹੁਣ ਰੌਬਰਟ ਖ਼ੁਦ ਆਪਣੀ ਕਹਾਣੀ ਦੱਸਦਾ ਹੈ:

“ਮੈਂ ਉਸ ਪਾਇਨੀਅਰ ਭਰਾ ਦੀ ਦਿਲੋਂ ਕਦਰ ਕਰਦਾ ਹਾਂ ਜਿਸ ਨੇ ਮੇਰੇ ਵਿਚ ਐਨੀ ਦਿਲਚਸਪੀ ਦਿਖਾਈ। ਉਸ ਦੀ ਚੰਗੀ ਮਿਸਾਲ ਦਾ ਮੇਰੇ ਤੇ ਬੜਾ ਅਸਰ ਹੋਇਆ ਜਿਸ ਸਦਕਾ ਮੈਂ ਪੜ੍ਹਾਈ ਖ਼ਤਮ ਕਰਨ ਤੋਂ ਫ਼ੌਰਨ ਬਾਅਦ ਪਾਇਨੀਅਰੀ ਨੂੰ ਆਪਣਾ ਕੈਰੀਅਰ ਬਣਾਉਣਾ ਚਾਹਿਆ। ਪਰ ਇਕ ਵਾਰ ਫਿਰ ਮੇਰੀ ਮੰਮੀ ਨੂੰ ਚਿੰਤਾ ਸਤਾਉਣ ਲੱਗੀ। ਪਰ ਇਸ ਵਾਰ ਚਿੰਤਾ ਦਾ ਕਾਰਨ ਵੱਖਰਾ ਸੀ। ਸਾਡੇ ਸਭਿਆਚਾਰ ਵਿਚ ਕੁੜੀ ਲਈ ਤਾਂ ਇਹ ਠੀਕ ਹੈ ਕਿ ਉਹ ਪੜ੍ਹਾਈ ਖ਼ਤਮ ਕਰਨ ਤੋਂ ਫ਼ੌਰਨ ਬਾਅਦ ਪਾਇਨੀਅਰੀ ਕਰ ਸਕਦੀ ਹੈ। ਪਰ ਮੁੰਡੇ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਪਹਿਲਾਂ ਉਹ ਆਪਣੇ ਪੈਰਾਂ ਤੇ ਖੜ੍ਹਾ ਹੋ ਜਾਵੇ ਤੇ ਬਾਅਦ ਵਿਚ ਉਹ ਪਾਇਨੀਅਰੀ ਕਰਨ ਬਾਰੇ ਸੋਚੇ।”

“ਮੈਂ ਪਹਿਲਾਂ ਕੰਮ-ਧੰਦਾ ਸਿੱਖਿਆ ਤੇ ਫਿਰ ਆਪਣਾ ਬਿਜ਼ਨਿਸ ਸ਼ੁਰੂ ਕਰ ਲਿਆ। ਜਲਦੀ ਹੀ ਮੈਂ ਬਿਜ਼ਨਿਸ ਵਿਚ ਇੰਨਾ ਰੁੱਝ ਗਿਆ ਕਿ ਸਭਾਵਾਂ ਵਿਚ ਅਤੇ ਪ੍ਰਚਾਰ ਤੇ ਜਾਣਾ ਮੇਰੀ ਇਕ ਰੁਟੀਨ ਜਿਹੀ ਬਣ ਗਈ। ਮੇਰਾ ਜ਼ਮੀਰ ਮੈਨੂੰ ਸਤਾਉਣ ਲੱਗਾ ਕਿਉਂਕਿ ਮੈਂ ਜਾਣਦਾ ਸੀ ਕਿ ਮੈਂ ਯਹੋਵਾਹ ਦੀ ਸੇਵਾ ਹੋਰ ਚੰਗੇ ਤਰੀਕੇ ਨਾਲ ਕਰ ਸਕਦਾ ਸੀ। ਪਰ ਦੂਜੇ ਮੇਰੇ ਤੋਂ ਜੋ ਚਾਹੁੰਦੇ ਸੀ, ਉਨ੍ਹਾਂ ਤੋਂ ਪਿੱਛਾ ਛੁਡਾਉਣਾ ਬੜਾ ਮੁਸ਼ਕਲ ਸੀ। ਪਰ ਮੈਂ ਬਹੁਤ ਖ਼ੁਸ਼ ਹਾਂ ਕਿ ਮੈਂ ਉਨ੍ਹਾਂ ਤੋਂ ਪਿੱਛਾ ਛੁਡਾ ਲਿਆ। ਮੇਰਾ ਹੁਣ ਵਿਆਹ ਹੋ ਚੁੱਕਾ ਹੈ ਅਤੇ ਮੈਂ ਤੇ ਮੇਰੀ ਪਤਨੀ ਦੋਵੇਂ ਪਿਛਲੇ ਦੋ ਸਾਲਾਂ ਤੋਂ ਪਾਇਨੀਅਰੀ ਕਰ ਰਹੇ ਹਾਂ। ਹਾਲ ਹੀ ਵਿਚ ਮੈਨੂੰ ਕਲੀਸਿਯਾ ਵਿਚ ਸਹਾਇਕ ਸੇਵਕ ਨਿਯੁਕਤ ਕੀਤਾ ਗਿਆ ਹੈ। ਹੁਣ ਮੈਂ ਈਮਾਨਦਾਰੀ ਨਾਲ ਕਹਿ ਸਕਦਾ ਹਾਂ ਕਿ ਮੈਨੂੰ ਹੁਣ ਯਹੋਵਾਹ ਦੀ ਆਪਣੇ ਪੂਰੇ ਦਿਲ ਨਾਲ ਤੇ ਪੂਰੀ ਵਾਹ ਲਾ ਕੇ ਸੇਵਾ ਕਰਨ ਨਾਲ ਸੱਚੀ ਸੰਤੁਸ਼ਟੀ ਮਿਲਦੀ ਹੈ।”

ਇਸ ਰਸਾਲੇ ਨੇ ਵਾਰ-ਵਾਰ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਹੈ ਕਿ ਉਹ ਕੋਈ ਕਿੱਤਾ ਜਾਂ ਕੁਝ ਫ਼ਾਇਦੇਮੰਦ ਹੁਨਰ ਸਿੱਖਣ—ਜੇ ਹੋ ਸਕੇ, ਤਾਂ ਸਕੂਲ ਵਿਚ ਪੜ੍ਹਦੇ ਸਮੇਂ ਹੀ। ਪਰ ਕਿਸ ਮਕਸਦ ਲਈ? ਅਮੀਰ ਬਣਨ ਲਈ? ਨਹੀਂ। ਇਸ ਦਾ ਮੁੱਖ ਮਕਸਦ ਹੈ ਕਿ ਉਹ ਵੱਡੇ ਹੋ ਕੇ ਸਹੀ ਤਰੀਕੇ ਨਾਲ ਆਪਣਾ ਗੁਜ਼ਾਰਾ ਤੋਰ ਸਕਣ ਅਤੇ ਚੰਗੀ ਤਰ੍ਹਾਂ ਯਹੋਵਾਹ ਦੀ ਸੇਵਾ ਕਰ ਸਕਣ, ਖ਼ਾਸ ਕਰਕੇ ਜੇ ਉਹ ਪਾਇਨੀਅਰੀ ਕਰਨੀ ਚਾਹੁੰਦੇ ਹਨ। ਪਰ ਅਕਸਰ ਦੇਖਿਆ ਗਿਆ ਹੈ ਕਿ ਜਵਾਨ ਮੁੰਡੇ-ਕੁੜੀਆਂ ਆਪਣੀਆਂ ਨੌਕਰੀਆਂ ਵਿਚ ਇੰਨਾ ਰੁੱਝ ਜਾਂਦੇ ਹਨ ਕਿ ਉਨ੍ਹਾਂ ਲਈ ਸੇਵਕਾਈ ਦੀ ਕੋਈ ਅਹਿਮੀਅਤ ਨਹੀਂ ਰਹਿੰਦੀ। ਕੁਝ ਨੌਜਵਾਨ ਪੂਰੇ ਸਮੇਂ ਦੀ ਸੇਵਕਾਈ ਕਰਨ ਬਾਰੇ ਸੋਚਦੇ ਹੀ ਨਹੀਂ। ਕਿਉਂ?

ਰੌਬਰਟ ਦੀਆਂ ਗੱਲਾਂ ਇਸ ਵਿਸ਼ੇ ਉੱਤੇ ਕੁਝ ਚਾਨਣਾ ਪਾਉਂਦੀਆਂ ਹਨ। ਉਸ ਨੇ ਕੰਮ ਸਿੱਖਣ ਤੋਂ ਬਾਅਦ ਆਪਣਾ ਬਿਜ਼ਨਿਸ ਸ਼ੁਰੂ ਕਰ ਦਿੱਤਾ। ਉਹ ਦਿਨ-ਰਾਤ ਆਪਣੇ ਕੰਮ ਵਿਚ ਚੱਕੀ ਵਾਂਗ ਪਿਸਣ ਲੱਗਾ ਜਿਸ ਦਾ ਕੋਈ ਫ਼ਾਇਦਾ ਨਹੀਂ ਸੀ ਹੋਣਾ। ਉਸ ਦਾ ਮਕਸਦ ਸੀ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣਾ ਤਾਂਕਿ ਬਾਅਦ ਵਿਚ ਕੋਈ ਮੁਸ਼ਕਲ ਨਾ ਆਏ। ਪਰ ਕੀ ਕੋਈ ਮਸੀਹੀ ਕਲੀਸਿਯਾ ਦਾ ਭੈਣ-ਭਰਾ ਜਾਂ ਬਾਹਰਲੇ ਲੋਕ ਇਸ ਟੀਚੇ ਨੂੰ ਪੂਰੀ ਤਰ੍ਹਾਂ ਹਾਸਲ ਕਰਨ ਵਿਚ ਕਾਮਯਾਬ ਹੋਏ ਹਨ? ਇਹ ਤਾਂ ਠੀਕ ਹੈ ਕਿ ਮਸੀਹੀਆਂ ਨੂੰ ਆਪਣਾ ਗੁਜ਼ਾਰਾ ਤੋਰਨ ਦੇ ਯੋਗ ਹੋਣਾ ਚਾਹੀਦਾ ਹੈ ਤੇ ਆਪਣੇ ਪੈਰਾਂ ਤੇ ਖੜ੍ਹੇ ਹੋਣ ਲਈ ਮਿਹਨਤ ਕਰਨੀ ਚਾਹੀਦੀ ਹੈ। ਪਰ ਉਨ੍ਹਾਂ ਨੂੰ ਇਹ ਵੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਅੱਜ ਇਨ੍ਹਾਂ ਬਦਲਦੇ ਹਾਲਾਤਾਂ ਵਿਚ ਮੁਸ਼ਕਲ ਨਾਲ ਹੀ ਕੁਝ ਲੋਕ ਉਸ ਮੰਜ਼ਲ ਤਕ ਪਹੁੰਚ ਪਾਉਂਦੇ ਹਨ ਜਦੋਂ ਉਹ ਧਨ-ਦੌਲਤ ਦੀ ਤਾਕਤ ਤੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਇਸੇ ਕਰਕੇ ਮੱਤੀ 6:33 ਵਿਚ ਦਰਜ ਯਿਸੂ ਦਾ ਵਾਅਦਾ ਮਸੀਹੀਆਂ ਨੂੰ ਬੜੀ ਤਸੱਲੀ ਦਿੰਦਾ ਹੈ।

ਰੌਬਰਟ ਖ਼ੁਸ਼ ਹੈ ਕਿ ਉਸ ਨੇ ਸਮਾਜ ਦੇ ਨਕਸ਼ੇ-ਕਦਮਾਂ ਤੇ ਚੱਲਣ ਦੀ ਬਜਾਇ ਆਪਣੇ ਦਿਲ ਦੀ ਗੱਲ ਮੰਨੀ। ਅੱਜ ਉਹ ਪੂਰੇ ਸਮੇਂ ਦੀ ਸੇਵਾ ਨੂੰ ਆਪਣਾ ਕੈਰੀਅਰ ਬਣਾ ਕੇ ਬੜਾ ਆਨੰਦ ਮਾਣ ਰਿਹਾ ਹੈ। ਜੀ ਹਾਂ, ਪੂਰੇ ਸਮੇਂ ਦੀ ਸੇਵਕਾਈ ਇਕ ਬਹੁਤ ਆਦਰ ਭਰਿਆ ਕੈਰੀਅਰ ਹੈ। ਹੁਣ ਰੌਬਰਟ ਨੂੰ ਬਹੁਤ ਤਸੱਲੀ ਮਿਲਦੀ ਹੈ ਕਿਉਂਕਿ ਉਹ ਕਹਿੰਦਾ ਹੈ ਕਿ ਉਹ ‘ਆਪਣੀ ਪੂਰੀ ਵਾਹ ਲਾ ਕੇ’ ਯਹੋਵਾਹ ਦੀ ਸੇਵਾ ਕਰ ਰਿਹਾ ਹੈ।

ਆਪਣੀਆਂ ਯੋਗਤਾਵਾਂ ਦਾ ਪੂਰਾ ਇਸਤੇਮਾਲ ਕਰੋ

ਯਹੋਵਾਹ ਦੇ ਗਵਾਹਾਂ ਵਿਚ ਬਹੁਤ ਸਾਰੇ ਭੈਣ-ਭਰਾ ਕਿਸੇ ਨਾ ਕਿਸੇ ਕੰਮ ਵਿਚ ਮਾਹਰ ਹਨ। ਕੁਝ ਭੈਣ-ਭਰਾਵਾਂ ਕੋਲ ਬਹੁਤ ਦਿਮਾਗ਼ੀ ਯੋਗਤਾਵਾਂ ਹਨ; ਕੁਝ ਭੈਣ-ਭਰਾ ਬਹੁਤ ਵਧੀਆ ਕਾਰੀਗਰ ਹਨ। ਇਹ ਸਾਰੀਆਂ ਦਾਤਾਂ ਦੇਣ ਵਾਲਾ ਯਹੋਵਾਹ ਹੈ ਜੋ “ਸਭਨਾਂ ਨੂੰ ਜੀਉਣ, ਸਵਾਸ ਅਤੇ ਸੱਭੋ ਕੁਝ ਦਿੰਦਾ ਹੈ।” (ਰਸੂਲਾਂ ਦੇ ਕਰਤੱਬ 17:25) ਜੇ ਯਹੋਵਾਹ ਜ਼ਿੰਦਗੀ ਨਾ ਦੇਵੇ, ਤਾਂ ਇਨ੍ਹਾਂ ਦਾਤਾਂ ਦੀ ਕੋਈ ਅਹਿਮੀਅਤ ਨਹੀਂ ਹੋਵੇਗੀ।

ਤਾਂ ਫਿਰ ਸਾਡੇ ਲਈ ਇਹ ਬਹੁਤ ਚੰਗੀ ਗੱਲ ਹੈ ਕਿ ਅਸੀਂ ਆਪਣੀਆਂ ਸਮਰਪਿਤ ਜ਼ਿੰਦਗੀਆਂ ਨੂੰ ਯਹੋਵਾਹ ਦੀ ਸੇਵਾ ਕਰਨ ਲਈ ਵਰਤੀਏ। ਇਕ ਮਾਹਰ ਨੌਜਵਾਨ ਨੇ ਇੰਜ ਹੀ ਕਰਨ ਦਾ ਫ਼ੈਸਲਾ ਕੀਤਾ ਸੀ। ਉਹ ਪਹਿਲੀ ਸਦੀ ਸਾ.ਯੁ. ਵਿਚ ਰਹਿੰਦਾ ਸੀ। ਉਹ ਇਕ ਮੰਨੇ-ਪ੍ਰਮੰਨੇ ਪਰਿਵਾਰ ਵਿੱਚੋਂ ਸੀ, ਉਸ ਨੇ ਆਪਣੀ ਜਵਾਨੀ ਦੇ ਦਿਨ ਕਿਲਿਕਿਯਾ ਦੇ ਮਸ਼ਹੂਰ ਸ਼ਹਿਰ ਤਰਸੁਸ ਵਿਚ ਗੁਜ਼ਾਰੇ ਸਨ। ਭਾਵੇਂ ਉਹ ਜਨਮ ਤੋਂ ਯਹੂਦੀ ਸੀ, ਪਰ ਉਸ ਨੂੰ ਆਪਣੇ ਪਿਤਾ ਤੋਂ ਰੋਮੀ ਨਾਗਰਿਕਤਾ ਵਿਰਾਸਤ ਵਿਚ ਮਿਲੀ ਸੀ। ਇਸ ਲਈ ਉਸ ਨੂੰ ਕਈ ਅਧਿਕਾਰ ਤੇ ਵਿਸ਼ੇਸ਼-ਸਨਮਾਨ ਮਿਲੇ ਸਨ। ਵੱਡਾ ਹੋਣ ਤੇ ਉਸ ਨੇ ਆਪਣੇ ਸਮੇਂ ਦੇ ਸਭ ਤੋਂ ਅੱਵਲ ਦਰਜੇ ਦੇ “ਪ੍ਰੋਫ਼ੈਸਰ” ਗਮਲੀਏਲ ਕੋਲੋਂ ਇਸਰਾਏਲ ਕੌਮ ਦੇ ਕਾਨੂੰਨ ਦੀ ਸਿੱਖਿਆ ਲਈ। ਇਸ ਸਿੱਖਿਆ ਕਾਰਨ ਬਹੁਤ ਜਲਦੀ ‘ਧਨ-ਦੌਲਤ, ਸ਼ੁਹਰਤ ਅਤੇ ਪ੍ਰਸਿੱਧੀ ਉਸ ਦੇ ਕਦਮਾਂ ਵਿਚ ਹੋਣੀ ਸੀ।’—ਰਸੂਲਾਂ ਦੇ ਕਰਤੱਬ 21:39; 22:3, 27, 28.

ਇਹ ਨੌਜਵਾਨ ਕੌਣ ਸੀ? ਉਸ ਦਾ ਨਾਂ ਸੌਲੁਸ ਸੀ। ਪਰ ਸੌਲੁਸ ਮਸੀਹੀ ਬਣ ਗਿਆ ਤੇ ਬਾਅਦ ਵਿਚ ਉਹ ਪੌਲੁਸ ਰਸੂਲ ਨਾਂ ਨਾਲ ਜਾਣਿਆ ਜਾਣ ਲੱਗਾ। ਉਸ ਨੇ ਆਪਣੀਆਂ ਪਹਿਲੀਆਂ ਖ਼ਾਹਸ਼ਾਂ ਨੂੰ ਛੱਡ ਦਿੱਤਾ ਤੇ ਇਕ ਮਸੀਹੀ ਹੋਣ ਦੇ ਨਾਤੇ ਆਪਣੀ ਪੂਰੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਲਗਾ ਦਿੱਤੀ। ਬਾਅਦ ਵਿਚ ਪੌਲੁਸ ਇਕ ਮੰਨੇ-ਪ੍ਰਮੰਨੇ ਵਕੀਲ ਵਜੋਂ ਨਹੀਂ, ਸਗੋਂ ਖ਼ੁਸ਼ ਖ਼ਬਰੀ ਦੇ ਇਕ ਜੋਸ਼ੀਲੇ ਪ੍ਰਚਾਰਕ ਵਜੋਂ ਮਸ਼ਹੂਰ ਹੋ ਗਿਆ। ਪੌਲੁਸ ਨੇ ਇਕ ਮਿਸ਼ਨਰੀ ਵਜੋਂ ਲਗਭਗ 30 ਸਾਲ ਸੇਵਾ ਕਰਨ ਤੋਂ ਬਾਅਦ, ਫ਼ਿਲਿੱਪੈ ਦੇ ਆਪਣੇ ਦੋਸਤਾਂ ਨੂੰ ਇਕ ਚਿੱਠੀ ਲਿਖੀ। ਇਸ ਚਿੱਠੀ ਵਿਚ ਉਸ ਨੇ ਮਸੀਹੀ ਬਣਨ ਤੋਂ ਪਹਿਲਾਂ ਦੀਆਂ ਆਪਣੀਆਂ ਕੁਝ ਕਾਮਯਾਬੀਆਂ ਦਾ ਜ਼ਿਕਰ ਕੀਤਾ ਤੇ ਇਸ ਤੋਂ ਬਾਅਦ ਉਸ ਨੇ ਕਿਹਾ: “[ਯਿਸੂ ਮਸੀਹ] ਦੀ ਖਾਤਰ ਮੈਂ ਇਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਭਈ ਮੈਂ ਮਸੀਹ ਨੂੰ ਖੱਟ ਲਵਾਂ।” (ਫ਼ਿਲਿੱਪੀਆਂ 3:8) ਇਸ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਆਪਣੀ ਜ਼ਿੰਦਗੀ ਲਗਾਉਣ ਦਾ ਕੋਈ ਅਫ਼ਸੋਸ ਨਹੀਂ ਸੀ।

ਪਰ ਪੌਲੁਸ ਨੇ ਗਮਲੀਏਲ ਤੋਂ ਜਿਹੜੀ ਸਿੱਖਿਆ ਲਈ ਸੀ, ਕੀ ਉਸ ਦਾ ਉਸ ਨੂੰ ਕਦੇ ਕੋਈ ਫ਼ਾਇਦਾ ਹੋਇਆ? ਜੀ ਹਾਂ! ਕਈ ਮੌਕਿਆਂ ਤੇ ਉਸ ਨੇ “ਖੁਸ਼ ਖਬਰੀ ਦੇ ਨਮਿੱਤ ਉੱਤਰ ਅਤੇ ਪਰਮਾਣ ਦੇਣ ਵਿੱਚ” ਇਸੇ ਸਿੱਖਿਆ ਨੂੰ ਵਰਤਿਆ। ਪਰ ਪੌਲੁਸ ਦਾ ਮੁੱਖ ਕੰਮ ਸੀ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਵਜੋਂ ਪ੍ਰਚਾਰ ਕਰਨਾ। ਇਕ ਅਜਿਹਾ ਕੰਮ ਜਿਸ ਨੂੰ ਉਸ ਦੀ ਪਹਿਲੀ ਪੜ੍ਹਾਈ ਕਦੇ ਨਹੀਂ ਸਿਖਾ ਸਕਦੀ ਸੀ।—ਫ਼ਿਲਿੱਪੀਆਂ 1:7; ਰਸੂਲਾਂ ਦੇ ਕਰਤੱਬ 26:24, 25.

ਇਵੇਂ ਅੱਜ ਵੀ ਕੁਝ ਭੈਣ-ਭਰਾ ਆਪਣੇ ਹੁਨਰ, ਯੋਗਤਾਵਾਂ ਅਤੇ ਆਪਣੀ ਸਿੱਖਿਆ ਨੂੰ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣ ਲਈ ਵਰਤਦੇ ਹਨ। ਮਿਸਾਲ ਵਜੋਂ, ਐਮੀ ਨੇ ਯੂਨੀਵਰਸਿਟੀ ਤੋਂ ਕਾਮਰਸ ਅਤੇ ਵਕਾਲਤ ਦੀਆਂ ਡਿਗਰੀਆਂ ਲਈਆਂ ਹਨ। ਪਹਿਲਾਂ ਉਹ ਇਕ ਲਾਅ ਫ਼ਰਮ ਵਿਚ ਨੌਕਰੀ ਕਰਦੀ ਸੀ ਜਿਸ ਤੋਂ ਉਸ ਨੂੰ ਚੰਗੀ-ਖ਼ਾਸੀ ਤਨਖ਼ਾਹ ਮਿਲਦੀ ਸੀ, ਪਰ ਅੱਜ ਉਹ ਵਾਚ ਟਾਵਰ ਸੋਸਾਇਟੀ ਦੇ ਇਕ ਸ਼ਾਖ਼ਾ ਦਫ਼ਤਰ ਵਿਚ ਬਿਨਾਂ ਕੋਈ ਤਨਖ਼ਾਹ ਲਏ ਸਵੈ-ਸੇਵਕ ਦੇ ਤੌਰ ਤੇ ਸੇਵਾ ਕਰਦੀ ਹੈ। ਹੁਣ ਐਮੀ ਆਪਣੀ ਜ਼ਿੰਦਗੀ ਬਾਰੇ ਇੰਜ ਕਹਿੰਦੀ ਹੈ: “ਮੈਨੂੰ ਵਿਸ਼ਵਾਸ ਹੈ ਕਿ ਮੈਂ ਆਪਣੀ ਜ਼ਿੰਦਗੀ ਵਿਚ ਸਭ ਤੋਂ ਵਧੀਆ ਫ਼ੈਸਲਾ ਕੀਤਾ ਹੈ। . . . ਮੈਨੂੰ ਆਪਣੀ ਯੂਨੀਵਰਸਿਟੀ ਦੇ ਦੋਸਤਾਂ ਵਾਂਗ ਉੱਚੇ-ਉੱਚੇ ਅਹੁਦੇ ਨਹੀਂ ਚਾਹੀਦੇ। ਮੈਨੂੰ ਮਾਣ ਹੈ ਕਿ ਮੈਂ ਸਹੀ ਰਾਹ ਚੁਣਿਆ ਹੈ। ਹੁਣ ਮੇਰੇ ਕੋਲ ਉਹ ਸਭ ਕੁਝ ਹੈ ਜਿਸ ਦੀ ਮੈਨੂੰ ਲੋੜ ਸੀ ਤੇ ਜੋ ਮੈਂ ਚਾਹੁੰਦੀ ਸੀ—ਸੰਤੁਸ਼ਟੀ, ਖ਼ੁਸ਼ੀਆਂ ਭਰੀ ਜ਼ਿੰਦਗੀ, ਅਤੇ ਇਕ ਅਜਿਹਾ ਕੰਮ ਜਿਸ ਨੂੰ ਕਰ ਕੇ ਮੈਨੂੰ ਬੜੀ ਤਸੱਲੀ ਮਿਲਦੀ ਹੈ।”

ਐਮੀ ਨੇ ਅਜਿਹਾ ਰਾਹ ਚੁਣਿਆ ਹੈ ਜਿਸ ਨਾਲ ਉਸ ਨੂੰ ਮਨ ਦੀ ਸ਼ਾਂਤੀ, ਸੰਤੁਸ਼ਟੀ, ਅਤੇ ਯਹੋਵਾਹ ਦੀਆਂ ਬਰਕਤਾਂ ਮਿਲੀਆਂ ਹਨ। ਯਕੀਨਨ, ਮਸੀਹੀ ਮਾਪੇ ਆਪਣੇ ਬੱਚਿਆਂ ਲਈ ਇਹੀ ਸਭ ਕੁਝ ਚਾਹੁੰਦੇ ਹਨ!

ਮਸੀਹੀ ਸੇਵਕਾਈ ਵਿਚ ਕਾਮਯਾਬੀ

ਯਕੀਨਨ, ਮਸੀਹੀ ਸੇਵਕਾਈ ਵਿਚ ਕਾਮਯਾਬੀ ਹਾਸਲ ਕਰਨ ਲਈ ਸੇਵਕਾਈ ਪ੍ਰਤੀ ਸਹੀ ਨਜ਼ਰੀਆ ਰੱਖਣਾ ਬੜਾ ਲਾਜ਼ਮੀ ਹੈ। ਅਸੀਂ ਉਦੋਂ ਆਪਣੇ ਆਪ ਨੂੰ ਕਾਮਯਾਬ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਪ੍ਰਚਾਰ ਵਿਚ ਵਧੀਆ ਸਮਾਂ ਬਿਤਾਉਂਦੇ ਹਾਂ, ਕਿਤਾਬਾਂ-ਰਸਾਲੇ ਵੰਡਦੇ ਹਾਂ, ਜਾਂ ਬਾਈਬਲ ਬਾਰੇ ਗੱਲਬਾਤ ਕਰਨ ਲਈ ਲੋਕਾਂ ਦੀ ਦਿਲਚਸਪੀ ਜਗਾਉਂਦੇ ਹਾਂ। ਪਰ ਜਦੋਂ ਲੋਕ ਸਾਡੀ ਗੱਲ ਨਹੀਂ ਸੁਣਦੇ, ਤਾਂ ਅਸੀਂ ਸ਼ਾਇਦ ਸੋਚਣ ਲੱਗ ਪਈਏ ਕਿ ਅਸੀਂ ਆਪਣਾ ਸਮਾਂ ਬਰਬਾਦ ਕਰ ਰਹੇ ਹਾਂ। ਪਰ ਯਾਦ ਰੱਖੋ ਕਿ ਕਾਮਯਾਬੀ ਦੀ ਇਕ ਪਰਿਭਾਸ਼ਾ ਹੈ ‘ਹਰਮਨ-ਪਿਆਰਾ ਬਣਨਾ।’ ਅਸੀਂ ਕਿਸ ਦੇ ਪਿਆਰੇ ਬਣਨਾ ਚਾਹੁੰਦੇ ਹਾਂ? ਬੇਸ਼ੱਕ, ਯਹੋਵਾਹ ਦੇ। ਭਾਵੇਂ ਲੋਕ ਸਾਡੇ ਸੁਨੇਹੇ ਨੂੰ ਸੁਣਨ ਜਾਂ ਨਾ ਸੁਣਨ, ਪਰ ਅਸੀਂ ਯਹੋਵਾਹ ਦੇ ਪਿਆਰੇ ਬਣ ਸਕਦੇ ਹਾਂ। ਇਸ ਬਾਰੇ ਯਿਸੂ ਨੇ ਆਪਣੇ ਚੇਲਿਆਂ ਨੂੰ ਇਕ ਪ੍ਰਭਾਵਸ਼ਾਲੀ ਸਬਕ ਸਿਖਾਇਆ।

ਤੁਹਾਨੂੰ ਯਾਦ ਹੋਵੇਗਾ ਕਿ ਯਿਸੂ ਨੇ ਆਪਣੇ 70 ਚੇਲਿਆਂ ਨੂੰ “ਹਰ ਨਗਰ ਅਤੇ ਹਰ ਥਾਂ ਜਿੱਥੇ ਆਪ ਜਾਣ ਵਾਲਾ ਸੀ” ਰਾਜ ਦਾ ਪ੍ਰਚਾਰ ਕਰਨ ਲਈ ਭੇਜਿਆ। (ਲੂਕਾ 10:1) ਇਸ ਵਾਰ ਉਨ੍ਹਾਂ ਨੇ ਯਿਸੂ ਤੋਂ ਬਿਨਾਂ ਹੀ ਸ਼ਹਿਰਾਂ ਤੇ ਪਿੰਡਾਂ ਵਿਚ ਪ੍ਰਚਾਰ ਕਰਨਾ ਸੀ। ਇਹ ਉਨ੍ਹਾਂ ਲਈ ਬਿਲਕੁਲ ਨਵਾਂ ਤਜਰਬਾ ਸੀ। ਯਿਸੂ ਨੇ ਉਨ੍ਹਾਂ ਨੂੰ ਭੇਜਣ ਤੋਂ ਪਹਿਲਾਂ ਬਹੁਤ ਸਾਰੀਆਂ ਹਿਦਾਇਤਾਂ ਦਿੱਤੀਆਂ। ਜਦੋਂ ਉਹ ‘ਸ਼ਾਂਤੀ ਦੇ ਪੁੱਤਰ’ ਨੂੰ ਮਿਲਣ, ਤਾਂ ਉਸ ਨੂੰ ਰਾਜ ਦੀ ਚੰਗੀ ਤਰ੍ਹਾਂ ਗਵਾਹੀ ਦੇਣ। ਪਰ ਜੇ ਕੋਈ ਉਨ੍ਹਾਂ ਦੇ ਸੁਨੇਹੇ ਨੂੰ ਨਾ ਸੁਣੇ, ਤਾਂ ਉਨ੍ਹਾਂ ਨੇ ਬਿਨਾਂ ਕੋਈ ਚਿੰਤਾ ਕੀਤੇ ਆਪਣੇ ਰਾਹ ਚਲੇ ਜਾਣਾ ਸੀ। ਯਿਸੂ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਸੀ ਕਿ ਜੇ ਕੋਈ ਉਨ੍ਹਾਂ ਦੀ ਗੱਲ ਸੁਣਨ ਤੋਂ ਇਨਕਾਰ ਕਰੇ, ਤਾਂ ਅਸਲ ਵਿਚ ਉਹ ਯਹੋਵਾਹ ਦੀ ਗੱਲ ਸੁਣਨ ਤੋਂ ਇਨਕਾਰ ਕਰਨਾ ਸੀ।—ਲੂਕਾ 10:4-7, 16.

ਜਦੋਂ 70 ਚੇਲੇ ਪ੍ਰਚਾਰ ਕਰ ਕੇ ਵਾਪਸ ਆਏ, ਤਾਂ ਉਨ੍ਹਾਂ ਨੇ “ਅਨੰਦ ਨਾਲ” ਯਿਸੂ ਨੂੰ ਦੱਸਿਆ: “ਪ੍ਰਭੁ ਜੀ ਤੇਰੇ ਨਾਮ ਕਰਕੇ ਭੂਤ ਭੀ ਸਾਡੇ ਵੱਸ ਵਿੱਚ ਹਨ!” (ਲੂਕਾ 10:17) ਸ਼ਕਤੀਸ਼ਾਲੀ ਆਤਮਿਕ ਪ੍ਰਾਣੀਆਂ ਨੂੰ ਕੱਢਣ ਨਾਲ ਉਨ੍ਹਾਂ ਨਾਮੁਕੰਮਲ ਇਨਸਾਨਾਂ ਦੇ ਹੌਸਲੇ ਕਿੰਨੇ ਬੁਲੰਦ ਹੋਏ ਹੋਣਗੇ! ਪਰ ਫਿਰ ਵੀ ਯਿਸੂ ਨੇ ਆਪਣੇ ਇਨ੍ਹਾਂ ਹੌਸਲਾ-ਬੁਲੰਦ ਚੇਲਿਆਂ ਨੂੰ ਖ਼ਬਰਦਾਰ ਕੀਤਾ: “ਇਸ ਤੋਂ ਅਨੰਦ ਨਾ ਹੋਵੋ ਕਿ ਰੂਹਾਂ ਤੁਹਾਡੇ ਵੱਸ ਵਿੱਚ ਹਨ ਪਰ ਇਸ ਤੋਂ ਅਨੰਦ ਹੋਵੋ ਭਈ ਤੁਹਾਡੇ ਨਾਉਂ ਸੁਰਗ ਵਿੱਚ ਲਿਖੇ ਹੋਏ ਹਨ।” (ਲੂਕਾ 10:20) ਉਨ੍ਹਾਂ 70 ਚੇਲਿਆਂ ਕੋਲ ਹਮੇਸ਼ਾ ਹੀ ਭੂਤ ਕੱਢਣ ਦੀ ਤਾਕਤ ਨਹੀਂ ਰਹਿਣੀ ਸੀ ਤੇ ਨਾ ਹੀ ਉਨ੍ਹਾਂ ਨੂੰ ਪ੍ਰਚਾਰ ਕਰਨ ਨਾਲ ਹਮੇਸ਼ਾ ਚੰਗੇ ਨਤੀਜੇ ਮਿਲਣੇ ਸਨ। ਪਰ ਜੇ ਉਹ ਵਫ਼ਾਦਾਰ ਰਹਿੰਦੇ, ਤਾਂ ਉਨ੍ਹਾਂ ਉੱਤੇ ਹਮੇਸ਼ਾ ਯਹੋਵਾਹ ਦੀ ਮਿਹਰ ਰਹਿਣੀ ਸੀ।

ਕੀ ਤੁਸੀਂ ਪੂਰੇ ਸਮੇਂ ਦੀ ਸੇਵਾ ਕਰਨ ਵਾਲਿਆਂ ਦੀ ਕਦਰ ਕਰਦੇ ਹੋ?

ਇਕ ਵਾਰ ਇਕ ਨੌਜਵਾਨ ਨੇ ਇਕ ਮਸੀਹੀ ਬਜ਼ੁਰਗ ਨੂੰ ਕਿਹਾ: “ਜਦੋਂ ਮੈਂ ਹਾਈ ਸਕੂਲ ਤੋਂ ਆਪਣੀ ਪੜ੍ਹਾਈ ਪੂਰੀ ਕਰ ਲਵਾਂਗਾ, ਤਾਂ ਮੈਂ ਨੌਕਰੀ ਲੱਭਣ ਦੀ ਕੋਸ਼ਿਸ਼ ਕਰਾਂਗਾ। ਜੇ ਮੈਨੂੰ ਨੌਕਰੀ ਨਾ ਮਿਲੀ, ਤਾਂ ਫਿਰ ਮੈਂ ਕੋਈ ਪੂਰੇ ਸਮੇਂ ਦੀ ਸੇਵਕਾਈ ਕਰਨ ਬਾਰੇ ਸੋਚਾਂਗਾ।” ਪਰ ਪਾਇਨੀਅਰੀ ਕਰਨ ਵਾਲੇ ਜ਼ਿਆਦਾਤਰ ਭੈਣ-ਭਰਾਵਾਂ ਦਾ ਅਜਿਹਾ ਨਜ਼ਰੀਆ ਨਹੀਂ ਹੈ। ਕੁਝ ਭੈਣ-ਭਰਾਵਾਂ ਨੇ ਤਾਂ ਪਾਇਨੀਅਰੀ ਕਰਨ ਦੀ ਖ਼ਾਤਰ ਅਜਿਹੀਆਂ ਨੌਕਰੀਆਂ ਜਾਂ ਕੰਮਾਂ ਨੂੰ ਠੋਕਰ ਮਾਰੀ ਹੈ ਜਿਨ੍ਹਾਂ ਤੋਂ ਕਾਫ਼ੀ ਪੈਸਾ ਕਮਾਇਆ ਜਾ ਸਕਦਾ ਸੀ। ਕੁਝ ਨੇ ਉੱਚੀ ਸਿੱਖਿਆ ਪਾਉਣ ਦੇ ਮੌਕਿਆਂ ਨੂੰ ਠੁਕਰਾ ਦਿੱਤਾ। ਪੌਲੁਸ ਰਸੂਲ ਵਾਂਗ ਇਨ੍ਹਾਂ ਭੈਣ-ਭਰਾਵਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਹਨ। ਪਰ ਪੌਲੁਸ, ਰੌਬਰਟਸ, ਤੇ ਐਮੀ ਵਾਂਗ ਇਨ੍ਹਾਂ ਨੂੰ ਵੀ ਆਪਣੇ ਫ਼ੈਸਲਿਆਂ ਤੇ ਕੋਈ ਅਫ਼ਸੋਸ ਨਹੀਂ ਹੈ। ਉਹ ਬੜੇ ਖ਼ੁਸ਼ ਹਨ ਕਿ ਉਹ ਆਪਣੀਆਂ ਯੋਗਤਾਵਾਂ ਨੂੰ ਯਹੋਵਾਹ ਦੀ ਵਡਿਆਈ ਕਰਨ ਲਈ ਵਰਤ ਰਹੇ ਹਨ ਕਿਉਂਕਿ ਉਹੀ ਇਨ੍ਹਾਂ ਨੂੰ ਲੈਣ ਦੇ ਸਭ ਤੋਂ ਯੋਗ ਹੈ।

ਯਹੋਵਾਹ ਦੇ ਬਹੁਤ ਸਾਰੇ ਵਫ਼ਾਦਾਰ ਗਵਾਹ ਵੱਖੋ-ਵੱਖਰੇ ਕਾਰਨਾਂ ਕਰਕੇ ਪਾਇਨੀਅਰੀ ਨਹੀਂ ਕਰ ਸਕਦੇ। ਸ਼ਾਇਦ ਉਨ੍ਹਾਂ ਨੂੰ ਆਪਣੀਆਂ ਬਾਈਬਲ ਆਧਾਰਿਤ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਪੈਂਦਾ ਹੈ। ਪਰ ਫਿਰ ਵੀ ਜੇ ਉਹ ਆਪਣੇ ਪੂਰੇ ‘ਦਿਲ, ਜਾਨ ਅਤੇ ਬੁੱਧ ਨਾਲ’ ਪਰਮੇਸ਼ੁਰ ਦੀ ਸੇਵਾ ਕਰਦੇ ਹਨ, ਤਾਂ ਯਹੋਵਾਹ ਉਨ੍ਹਾਂ ਤੋਂ ਬੜਾ ਖ਼ੁਸ਼ ਹੁੰਦਾ ਹੈ। (ਮੱਤੀ 22:37) ਭਾਵੇਂ ਕਿ ਉਹ ਆਪ ਪਾਇਨੀਅਰੀ ਨਹੀਂ ਕਰਦੇ, ਪਰ ਉਹ ਪਾਇਨੀਅਰੀ ਕਰ ਰਹੇ ਦੂਜੇ ਭੈਣ-ਭਰਾਵਾਂ ਦੀ ਇਸ ਗੱਲੋਂ ਬੜੀ ਕਦਰ ਕਰਦੇ ਹਨ ਕਿ ਉਨ੍ਹਾਂ ਨੇ ਚੰਗਾ ਕੈਰੀਅਰ ਚੁਣਿਆ ਹੈ।

ਪੌਲੁਸ ਰਸੂਲ ਨੇ ਲਿਖਿਆ: “ਇਸ ਜੁੱਗ ਦੇ ਰੂਪ ਜੇਹੇ ਨਾ ਬਣੋ।” (ਰੋਮੀਆਂ 12:2) ਪੌਲੁਸ ਦੀ ਸਲਾਹ ਮੁਤਾਬਕ, ਸਾਨੂੰ ਇਸ ਦੁਨੀਆਂ ਦੇ ਸਭਿਆਚਾਰ ਜਾਂ ਰੰਗ-ਢੰਗ ਦੁਆਰਾ ਆਪਣੇ ਸੋਚਣ ਦੇ ਤਰੀਕੇ ਨੂੰ ਨਹੀਂ ਢਲ਼ਣ ਦੇਣਾ ਚਾਹੀਦਾ। ਭਾਵੇਂ ਤੁਸੀਂ ਪਾਇਨੀਅਰੀ ਕਰ ਸਕਦੇ ਹੋ ਜਾਂ ਨਹੀਂ, ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਮੁੱਖ ਮਕਸਦ ਬਣਾਓ। ਜਦੋਂ ਤਕ ਯਹੋਵਾਹ ਦੀ ਮਿਹਰ ਤੁਹਾਡੇ ਉੱਤੇ ਹੈ, ਤੁਸੀਂ ਕਾਮਯਾਬ ਹੁੰਦੇ ਜਾਓਗੇ।

[ਫੁਟਨੋਟ]

^ ਪੈਰਾ 5 ਨਾਂ ਬਦਲ ਦਿੱਤੇ ਗਏ ਹਨ।

[ਸਫ਼ੇ 19 ਉੱਤੇ ਤਸਵੀਰ]

ਆਪਣੇ ਕੰਮਾਂ-ਕਾਰਾਂ ਵਿਚ ਚੱਕੀ ਵਾਂਗ ਨਾ ਪਿਸੋ ਜਿਸ ਦਾ ਕੋਈ ਫ਼ਾਇਦਾ ਹੀ ਨਹੀਂ ਹੈ