Skip to content

Skip to table of contents

“ਕਾਸ਼ ਅਜਿਹੀ ਨਿਹਚਾ ਹੁੰਦੀ ਜੋ ਕਦੇ ਘਟੇ ਨਾ”!

“ਕਾਸ਼ ਅਜਿਹੀ ਨਿਹਚਾ ਹੁੰਦੀ ਜੋ ਕਦੇ ਘਟੇ ਨਾ”!

ਜੀਵਨੀ

“ਕਾਸ਼ ਅਜਿਹੀ ਨਿਹਚਾ ਹੁੰਦੀ ਜੋ ਕਦੇ ਘਟੇ ਨਾ”!

ਹਰਬਰਟ ਮੁੱਲਰ ਦੀ ਜ਼ਬਾਨੀ

ਹਿਟਲਰ ਦੀ ਫ਼ੌਜ ਦੇ ਨੀਦਰਲੈਂਡਜ਼ ਉੱਤੇ ਹਮਲਾ ਕਰਨ ਤੋਂ ਕੁਝ ਹੀ ਮਹੀਨਿਆਂ ਬਾਅਦ, ਯਹੋਵਾਹ ਦੇ ਗਵਾਹਾਂ ਉੱਤੇ ਪਾਬੰਦੀ ਲਾ ਦਿੱਤੀ ਗਈ। ਥੋੜ੍ਹੇ ਹੀ ਸਮੇਂ ਬਾਅਦ ਮੇਰਾ ਨਾਂ ਉਸ ਲਿਸਟ ਵਿਚ ਆਇਆ ਜਿਨ੍ਹਾਂ ਦੀ ਨਾਜ਼ੀਆਂ ਨੂੰ ਜ਼ੋਰਾਂ-ਸ਼ੋਰਾਂ ਨਾਲ ਤਲਾਸ਼ ਸੀ। ਉਹ ਭੁੱਖੇ ਭੇੜੀਏ ਵਾਂਗ ਮੈਨੂੰ ਲੱਭ ਰਹੇ ਸੀ।

ਨਾਜ਼ੀ ਫ਼ੌਜੀਆਂ ਕੋਲੋਂ ਬਚਣ ਦੀਆਂ ਕੋਸ਼ਿਸ਼ਾਂ ਕਰ-ਕਰ ਕੇ ਮੈਂ ਇੰਨਾ ਥੱਕ ਗਿਆ ਕਿ ਇਕ ਦਿਨ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਇਸ ਨਾਲੋਂ ਤਾਂ ਚੰਗਾ ਹੋਵੇਗਾ ਕਿ ਮੈਂ ਆਪਣੇ ਆਪ ਨੂੰ ਉਨ੍ਹਾਂ ਦੇ ਹਵਾਲੇ ਕਰ ਦੇਵਾਂ ਤਾਂਕਿ ਇਸ ਨੱਠ-ਭੱਜ ਤੋਂ ਹਮੇਸ਼ਾ ਲਈ ਛੁਟਕਾਰਾ ਮਿਲੇ। ਪਰ, ਮੈਨੂੰ ਉਸੇ ਵੇਲੇ ਇਕ ਗੀਤ ਦੇ ਇਹ ਲਫ਼ਜ਼ ਯਾਦ ਆਏ: “ਵੈਰੀਆਂ ਦੇ ਲੱਖ ਸਤਾਉਣ ਦੇ ਬਾਵਜੂਦ ਕਾਸ਼ ਅਜਿਹੀ ਨਿਹਚਾ ਹੁੰਦੀ ਜੋ ਕਦੇ ਘਟੇ ਨਾ।” * ਜਦੋਂ ਮੈਂ ਇਸ ਗੀਤ ਦੇ ਲਫ਼ਜ਼ਾਂ ਉੱਤੇ ਗੌਰ ਕੀਤਾ ਤਾਂ ਮੇਰਾ ਹੌਸਲਾ ਵਧਿਆ ਅਤੇ ਮੈਨੂੰ ਆਪਣੇ ਮਾਪਿਆਂ ਦੀ ਅਤੇ ਉਸ ਦਿਨ ਦੀ ਯਾਦ ਆ ਗਈ ਜਦੋਂ ਮੇਰੇ ਦੋਸਤਾਂ ਨੇ ਜਰਮਨੀ ਵਿਚ ਮੈਨੂੰ ਵਿਦਾਈ ਪਾਰਟੀ ਦੇਣ ਸਮੇਂ ਇਹ ਗੀਤ ਗਾਇਆ ਸੀ। ਮੈਂ ਆਪਣੀਆਂ ਕੁਝ ਯਾਦਾਂ ਤੁਹਾਨੂੰ ਦੱਸਣੀਆਂ ਚਾਹੁੰਦਾ ਹਾਂ।

ਮੇਰੇ ਮਾਪਿਆਂ ਦੀ ਮਿਸਾਲ

ਮੇਰਾ ਜਨਮ ਜਰਮਨੀ ਦੇ ਕੋਪਿਟਜ਼ ਸ਼ਹਿਰ ਵਿਖੇ ਸੰਨ 1913 ਵਿਚ ਹੋਇਆ ਸੀ। ਉਸ ਸਮੇਂ ਮੇਰੇ ਮਾਪੇ ਇਵੈਂਜਲੀਕਲ ਚਰਚ ਦੇ ਮੈਂਬਰ ਸਨ। * ਸੱਤਾਂ ਸਾਲਾਂ ਬਾਅਦ 1920 ਵਿਚ ਪਿਤਾ ਜੀ ਨੇ ਚਰਚ ਛੱਡ ਦਿੱਤਾ। ਛੇ ਅਪ੍ਰੈਲ ਨੂੰ ਉਨ੍ਹਾਂ ਨੇ ਚਰਚ ਤੋਂ ਅਸਤੀਫ਼ਾ ਪੱਤਰ ਮੰਗਿਆ। ਸ਼ਹਿਰ ਦੇ ਸਿਵਲ ਰਜਿਸਟਰੇਸ਼ਨ ਅਫ਼ਸਰ ਨੇ ਫ਼ਾਰਮ ਭਰ ਦਿੱਤਾ। ਪਰ, ਇਕ ਹਫ਼ਤੇ ਬਾਅਦ, ਪਿਤਾ ਜੀ ਨੂੰ ਇਸ ਦਫ਼ਤਰ ਵਾਪਸ ਜਾਣਾ ਪਿਆ ਕਿਉਂਕਿ ਫ਼ਾਰਮ ਵਿਚ ਉਨ੍ਹਾਂ ਦੀ ਕੁੜੀ ਦਾ ਨਾਂ ਨਹੀਂ ਲਿਖਿਆ ਗਿਆ ਸੀ। ਅਫ਼ਸਰ ਨੇ ਫਿਰ ਇਕ ਦੂਜਾ ਫ਼ਾਰਮ ਭਰ ਦਿੱਤਾ ਜਿਸ ਵਿਚ ਮਾਰਥਾ ਮਾਰਗਾਰੇਟਾ ਮੁੱਲਰ ਦਾ ਨਾਂ ਵੀ ਲਿਖਿਆ ਹੋਇਆ ਸੀ। ਮੇਰੀ ਇਹ ਭੈਣ ਉਸ ਵੇਲੇ ਮਸਾਂ ਡੇਢ ਕੁ ਸਾਲਾਂ ਦੀ ਸੀ। ਯਹੋਵਾਹ ਦੀ ਸੇਵਾ ਕਰਨ ਦੇ ਮਾਮਲੇ ਵਿਚ ਪਿਤਾ ਜੀ ਰਤਾ ਵੀ ਸਮਝੌਤਾ ਨਹੀਂ ਕਰਦੇ ਸਨ!

ਉਸੇ ਸਾਲ, ਮੇਰੇ ਮਾਪਿਆਂ ਨੇ ਬਾਈਬਲ ਸਟੂਡੈਂਟਸ ਨਾਲ ਅਧਿਐਨ ਕਰਨ ਤੋਂ ਬਾਅਦ ਬਪਤਿਸਮਾ ਲਿਆ। ਸਾਡੇ ਪਿਤਾ ਜੀ ਅਨੁਸ਼ਾਸਨ ਦੇਣ ਦੇ ਮਾਮਲੇ ਵਿਚ ਬਹੁਤ ਸਖ਼ਤ ਸਨ, ਪਰ ਯਹੋਵਾਹ ਲਈ ਉਨ੍ਹਾਂ ਦੀ ਵਫ਼ਾਦਾਰੀ ਕਰਕੇ ਅਸੀਂ ਉਨ੍ਹਾਂ ਦੀ ਸਲਾਹ ਮੰਨਣ ਲਈ ਰਾਜ਼ੀ ਸਾਂ। ਯਹੋਵਾਹ ਪ੍ਰਤੀ ਵਫ਼ਾਦਾਰੀ ਕਰਕੇ ਮੇਰੇ ਮਾਪਿਆਂ ਨੇ ਆਪਣੀ ਜ਼ਿੰਦਗੀ ਵਿਚ ਕਈ ਤਬਦੀਲੀਆਂ ਕੀਤੀਆਂ। ਮਿਸਾਲ ਵਜੋਂ, ਸਾਨੂੰ ਐਤਵਾਰ ਦੇ ਦਿਨ ਤੇ ਘਰੋਂ ਬਾਹਰ ਖੇਡਣ ਦੀ ਇਜਾਜ਼ਤ ਨਹੀਂ ਸੀ। ਪਰ ਸੰਨ 1925 ਦੇ ਇਕ ਐਤਵਾਰ ਨੂੰ ਸਾਡੇ ਮਾਪਿਆਂ ਨੇ ਸਾਨੂੰ ਕਿਹਾ ਕਿ ਅੱਜ ਅਸੀਂ ਸਾਰੇ ਘੁਮੰਣ ਲਈ ਜਾਵਾਂਗੇ। ਅਸੀਂ ਕੁਝ ਹਲਕਾ-ਫੁਲਕਾ ਖਾਣਾ ਵੀ ਨਾਲ ਲੈ ਗਏ ਤੇ ਸਾਰਾ ਦਿਨ ਮਜ਼ਾ ਕੀਤਾ। ਸਾਰਾ ਦਿਨ ਘਰ ਵਿਚ ਬੰਦ ਰਹਿਣ ਦੀ ਬਜਾਇ ਇਹ ਕਿੰਨਾ ਚੰਗਾ ਸੀ! ਪਿਤਾ ਜੀ ਨੇ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ ਦੇ ਸੰਮੇਲਨ ਵਿੱਚੋਂ ਕੁਝ ਖ਼ਾਸ ਗੱਲਾਂ ਸਿੱਖੀਆਂ ਸਨ ਤੇ ਇਸੇ ਕਰਕੇ ਉਨ੍ਹਾਂ ਨੇ ਐਤਵਾਰ ਦੀਆਂ ਸਰਗਰਮੀਆਂ ਬਾਰੇ ਆਪਣੇ ਵਿਚਾਰ ਬਦਲ ਦਿੱਤੇ। ਹੋਰ ਕਈਆਂ ਮਾਮਲਿਆਂ ਵਿਚ ਵੀ ਪਿਤਾ ਜੀ ਤਬਦੀਲੀਆਂ ਕਰਨ ਲਈ ਤਿਆਰ ਸਨ।

ਹਾਲਾਂਕਿ ਮੇਰੇ ਮਾਪਿਆਂ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ ਪਰ ਉਨ੍ਹਾਂ ਨੇ ਪ੍ਰਚਾਰ ਦੇ ਕੰਮ ਵਿਚ ਜਾਣਾ ਨਹੀਂ ਛੱਡਿਆ। ਮਿਸਾਲ ਲਈ ਜਦੋਂ ਪਾਦਰੀਆਂ ਦਾ ਪਰਦਾ-ਫ਼ਾਸ਼ ਕਰਨ ਵਾਲਾ ਇਕ ਟ੍ਰੈਕਟ ਵੰਡਿਆ ਗਿਆ ਸੀ, ਤਾਂ ਅਸੀਂ ਬਾਕੀ ਦੀ ਕਲੀਸਿਯਾ ਨਾਲ ਇਕ ਸ਼ਾਮ ਨੂੰ ਡਰੇਜ਼ਡਨ ਸ਼ਹਿਰ ਤੋਂ ਤਕਰੀਬਨ 300 ਕਿਲੋਮੀਟਰ ਦੂਰ ਗੱਡੀ ਰਾਹੀਂ ਰੈਗਨਸਬਰਗ ਸ਼ਹਿਰ ਨੂੰ ਗਏ। ਅਗਲੇ ਦਿਨ ਅਸੀਂ ਪੂਰੇ ਸ਼ਹਿਰ ਵਿਚ ਇਹ ਟ੍ਰੈਕਟ ਵੰਡਿਆ। ਵੰਡਾਈ ਦਾ ਕੰਮ ਪੂਰਾ ਹੋਣ ਤੋਂ ਬਾਅਦ ਅਸੀਂ ਗੱਡੀ ਵਿਚ ਘਰ ਪਰਤ ਆਏ। ਅਸੀਂ ਤਕਰੀਬਨ 24 ਘੰਟੇ ਘਰੋਂ ਬਾਹਰ ਰਹੇ।

ਘਰ ਛੱਡਣਾ

ਸਾਡੀ ਕਲੀਸਿਯਾ ਵਿਚ ਨੌਜਵਾਨਾਂ ਨੇ ਵੀ ਅਧਿਆਤਮਿਕ ਤੌਰ ਤੇ ਮਜ਼ਬੂਤ ਬਣਨ ਵਿਚ ਮੇਰੀ ਮਦਦ ਕੀਤੀ। ਹਰ ਹਫ਼ਤੇ 14 ਸਾਲਾਂ ਤੋਂ ਜ਼ਿਆਦਾ ਉਮਰ ਦੇ ਨੌਜਵਾਨ ਇਕ ਗਰੁੱਪ ਵਿਚ ਇਕੱਠੇ ਹੋ ਕੇ ਕਲੀਸਿਯਾ ਦੇ ਕੁਝ ਬਜ਼ੁਰਗ ਭਰਾਵਾਂ ਨਾਲ ਮਿਲਦੇ ਸਨ। ਅਸੀਂ ਖੇਡਦੇ, ਸੰਗੀਤ ਦੇ ਸਾਜ਼ ਵਜਾਉਂਦੇ, ਬਾਈਬਲ ਅਧਿਐਨ ਕਰਦੇ, ਤੇ ਸਾਇੰਸ ਅਤੇ ਸ੍ਰਿਸ਼ਟੀ ਬਾਰੇ ਗੱਲਾਂ ਕਰਦੇ ਹੁੰਦੇ ਸਾਂ। ਪਰ 1932 ਵਿਚ ਜਦੋਂ ਮੇਰੀ ਉਮਰ 19 ਸਾਲਾਂ ਦੀ ਸੀ ਤਾਂ ਇਸ ਗਰੁੱਪ ਨਾਲ ਮੇਰਾ ਮੇਲ-ਜੋਲ ਬੰਦ ਹੋ ਗਿਆ।

ਇਸੇ ਸਾਲ ਦੇ ਅਪ੍ਰੈਲ ਮਹੀਨੇ ਵਿਚ, ਪਿਤਾ ਜੀ ਨੂੰ ਮੈਗਡੇਬਰਗ ਵਿਚ ਵਾਚ ਟਾਵਰ ਸੋਸਾਇਟੀ ਦੇ ਦਫ਼ਤਰ ਤੋਂ ਇਕ ਖਤ ਮਿਲਿਆ। ਸੋਸਾਇਟੀ ਨੂੰ ਇਕ ਅਜਿਹੇ ਭਰਾ ਦੀ ਭਾਲ ਸੀ ਜੋ ਪਾਇਨੀਅਰੀ ਕਰਨੀ ਚਾਹੁੰਦਾ ਸੀ ਅਤੇ ਜੋ ਕਾਰ ਵੀ ਚਲਾ ਸਕੇ। ਮੈਨੂੰ ਪਤਾ ਸੀ ਕਿ ਮੇਰੇ ਮਾਪਿਆਂ ਦੀ ਇੱਛਾ ਸੀ ਕਿ ਮੈਂ ਪਾਇਨੀਅਰੀ ਕਰਾਂ, ਪਰ ਮੈਨੂੰ ਲੱਗਦਾ ਸੀ ਕਿ ਇਹ ਮੈਥੋਂ ਨਹੀਂ ਹੋਣੀ ਸੀ। ਮੇਰੇ ਮਾਪੇ ਗ਼ਰੀਬ ਸਨ, ਮੈਂ 14 ਸਾਲਾਂ ਦੀ ਉਮਰ ਵਿਚ ਹੀ ਸਾਈਕਲਾਂ, ਸਿਲਾਈ ਮਸ਼ੀਨਾਂ, ਟਾਈਪ-ਮਸ਼ੀਨਾਂ, ਅਤੇ ਹੋਰ ਕਈ ਚੀਜ਼ਾਂ ਦੀ ਮੁਰੰਮਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਮੇਰੇ ਪਰਿਵਾਰ ਨੂੰ ਮੇਰੀ ਲੋੜ ਸੀ, ਮੈਂ ਉਨ੍ਹਾਂ ਨੂੰ ਛੱਡ ਕੇ ਕਿੱਦਾਂ ਜਾ ਸਕਦਾ ਸੀ? ਇਸ ਤੋਂ ਇਲਾਵਾ, ਮੈਂ ਤਾਂ ਅਜੇ ਬਪਤਿਸਮਾ ਵੀ ਨਹੀਂ ਲਿਆ ਸੀ। ਇਕ ਦਿਨ ਪਿਤਾ ਜੀ ਨੇ ਮੈਨੂੰ ਬਿਠਾ ਕੇ ਮੇਰੇ ਕੋਲੋਂ ਕੁਝ ਸਵਾਲ ਪੁੱਛੇ ਤਾਂਕਿ ਉਹ ਦੇਖ ਸਕਣ ਕਿ ਮੈਂ ਬਪਤਿਸਮਾ ਲੈਣ ਦਾ ਮਤਲਬ ਸਮਝਦਾ ਸੀ ਕਿ ਨਹੀਂ। ਮੇਰੇ ਜਵਾਬਾਂ ਤੋਂ ਜਦੋਂ ਉਨ੍ਹਾਂ ਨੂੰ ਇਹ ਤਸੱਲੀ ਹੋਈ ਕਿ ਮੈਂ ਬਪਤਿਸਮੇ ਲਈ ਲੋੜੀਂਦੀ ਅਧਿਆਤਮਿਕ ਤਰੱਕੀ ਕਰ ਲਈ ਹੈ, ਤਾਂ ਉਨ੍ਹਾਂ ਨੇ ਕਿਹਾ: “ਤੈਨੂੰ ਇਸ ਕੰਮ ਲਈ ਆਪਣੇ ਆਪ ਨੂੰ ਪੇਸ਼ ਕਰਨਾ ਚਾਹੀਦਾ ਹੈ।” ਮੈਂ ਜਾਣ ਦਾ ਫ਼ੈਸਲਾ ਕਰ ਲਿਆ।

ਇਕ ਹਫ਼ਤੇ ਬਾਅਦ ਮੈਨੂੰ ਮੈਗਡੇਬਰਗ ਜਾਣ ਦਾ ਸੱਦਾ ਮਿਲਿਆ। ਜਦੋਂ ਮੈਂ ਜਵਾਨਾਂ ਦੇ ਗਰੁੱਪ ਦੇ ਆਪਣੇ ਦੋਸਤਾਂ ਨੂੰ ਦੱਸਿਆ ਤਾਂ ਉਹ ਖ਼ੁਸ਼ੀ ਭਰੇ ਗੀਤ ਨਾਲ ਮੈਨੂੰ ਅਲਵਿਦਾ ਕਹਿਣਾ ਚਾਹੁੰਦੇ ਸਨ। ਪਰ, ਜਿਹੜਾ ਗੀਤ ਮੈਂ ਚੁਣਿਆ ਉਸ ਤੋਂ ਸਾਰੇ ਬਹੁਤ ਹੈਰਾਨ ਹੋਏ ਕਿਉਂਕਿ ਇਹ ਥੋੜ੍ਹਾ ਜਿਹਾ ਗੰਭੀਰ ਕਿਸਮ ਦਾ ਗੀਤ ਸੀ। ਫਿਰ ਵੀ, ਕਈਆਂ ਨੇ ਆਪਣੀ-ਆਪਣੀ ਗਿਟਾਰ ਅਤੇ ਵਾਇਲਨ ਚੁੱਕ ਕੇ ਵਜਾਉਣੀ ਸ਼ੁਰੂ ਕਰ ਦਿੱਤੀ ਤੇ ਸਾਰਿਆਂ ਨੇ ਗਾਣਾ ਸ਼ੁਰੂ ਕਰ ਦਿੱਤਾ: “ਵੈਰੀਆਂ ਦੇ ਲੱਖ ਸਤਾਉਣ ਦੇ ਬਾਵਜੂਦ ਕਾਸ਼ ਅਜਿਹੀ ਨਿਹਚਾ ਹੁੰਦੀ ਜੋ ਕਦੇ ਘਟੇ ਨਾ; ਜੋ ਕਿਸੇ ਵੀ ਮੁਸੀਬਤ ਵਿਚ ਕਦੇ ਡਾਂਵਾਡੋਲ ਹੋਵੇ ਨਾ।” ਉਸ ਦਿਨ ਮੈਨੂੰ ਬਿਲਕੁਲ ਨਹੀਂ ਸੀ ਪਤਾ ਕਿ ਇਸ ਗੀਤ ਦੇ ਲਫ਼ਜ਼ ਮੈਨੂੰ ਆਉਣ ਵਾਲੇ ਕਈਆਂ ਸਾਲਾਂ ਦੌਰਾਨ ਮਜ਼ਬੂਤ ਕਰਦੇ ਰਹਿਣਗੇ।

ਮੁਸ਼ਕਲਾਂ ਭਰੀ ਸ਼ੁਰੂਆਤ

ਮੈਗਡੇਬਰਗ ਪਹੁੰਚਣ ਤੇ ਭਰਾਵਾਂ ਨੇ ਕਾਰ ਚਲਾਉਣ ਦੀ ਮੇਰੀ ਯੋਗਤਾ ਪਰਖੀ। ਜਦ ਉਨ੍ਹਾਂ ਨੂੰ ਤਸੱਲੀ ਹੋ ਗਈ ਤਾਂ ਮੈਨੂੰ ਅਤੇ ਚਾਰ ਹੋਰ ਪਾਇਨੀਅਰਾਂ ਨੂੰ ਬੈਲਜੀਅਮ ਦੇ ਨੇੜੇ ਸ਼ਨਾਈਫ਼ਲ ਇਲਾਕੇ ਨੂੰ ਭੇਜਿਆ ਗਿਆ। ਸਾਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਕਾਰ ਸਾਡੇ ਲਈ ਬਹੁਤ ਜ਼ਰੂਰੀ ਸੀ। ਇਸ ਇਲਾਕੇ ਦੇ ਕੈਥੋਲਿਕ ਚਰਚ ਦੇ ਪਾਦਰੀਆਂ ਨੂੰ ਸਾਡੇ ਇੱਥੇ ਆਉਣ ਤੇ ਬਹੁਤ ਗੁੱਸਾ ਚੜ੍ਹਦਾ ਸੀ। ਇਸ ਲਈ ਪਾਦਰੀਆਂ ਦੀ ਸ਼ਹਿ ਤੇ ਕਈ ਵਾਰ ਉੱਥੇ ਦੇ ਲੋਕ ਸਾਨੂੰ ਸ਼ਹਿਰੋਂ ਭਜਾਉਣ ਲਈ ਤਿਆਰ ਹੁੰਦੇ ਸਨ। ਕਈ ਵਾਰ, ਕਾਰ ਦੀ ਮਦਦ ਨਾਲ ਹੀ ਅਸੀਂ ਉਨ੍ਹਾਂ ਦੇ ਹਮਲਿਆਂ ਤੋਂ ਬਚ ਸਕੇ।

ਸੰਨ 1933 ਦੇ ਸਮਾਰਕ ਤੋਂ ਬਾਅਦ, ਇਲਾਕੇ ਦੇ ਨਿਗਾਹਬਾਨ ਪੌਲ ਗ੍ਰੌਸਮਨ ਨੇ ਸਾਨੂੰ ਦੱਸਿਆ ਕਿ ਜਰਮਨੀ ਵਿਚ ਸਰਕਾਰ ਨੇ ਸੋਸਾਇਟੀ ਦੇ ਕੰਮਾਂ ਤੇ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਛੇਤੀ ਹੀ ਬਾਅਦ, ਸ਼ਾਖਾ ਦਫ਼ਤਰ ਨੇ ਮੈਨੂੰ ਕਾਰ ਲੈ ਕੇ ਮੈਗਡੇਬਰਗ ਵਾਪਸ ਆਉਣ ਲਈ ਕਿਹਾ। ਮੈਨੂੰ ਹਿਦਾਇਤ ਦਿੱਤੀ ਗਈ ਕਿ ਮੈਂ ਉੱਥੋਂ ਸਾਹਿੱਤ ਲੈ ਕੇ ਸੈਕਸਨੀ ਰਾਜ ਵਿਚ ਲੈ ਜਾਵਾਂ, ਜੋ ਕਿ ਮੈਗਡੇਬਰਗ ਤੋਂ ਤਕਰੀਬਨ 100 ਕਿਲੋਮੀਟਰ ਦੂਰ ਸੀ। ਪਰ ਜਦੋਂ ਮੈਂ ਮੈਗਡੇਬਰਗ ਪਹੁੰਚਿਆ ਤਾਂ ਨਾਜ਼ੀ ਪੁਲਸ ਸੋਸਾਇਟੀ ਦਾ ਦਫ਼ਤਰ ਪਹਿਲਾਂ ਹੀ ਬੰਦ ਕਰ ਚੁੱਕੀ ਸੀ। ਮੈਂ ਲਾਈਪਜ਼ਿਗ ਸ਼ਹਿਰ ਵਿਚ ਆਪਣੀ ਕਾਰ ਇਕ ਭਰਾ ਦੇ ਕੋਲ ਛੱਡ ਕੇ ਘਰ ਵਾਪਸ ਆ ਗਿਆ—ਪਰ ਸਿਰਫ਼ ਥੋੜ੍ਹੀ ਦੇਰ ਲਈ।

ਸਵਿਟਜ਼ਰਲੈਂਡ ਵਿਚ ਸੋਸਾਇਟੀ ਦੇ ਦਫ਼ਤਰ ਨੇ ਮੈਨੂੰ ਨੀਦਰਲੈਂਡਜ਼ ਵਿਚ ਪਾਇਨੀਅਰੀ ਕਰਨ ਲਈ ਸੱਦਾ ਦਿੱਤਾ। ਮੈਂ ਸੋਚਿਆ ਕਿ ਮੈਂ ਇਕ-ਦੋ ਹਫ਼ਤਿਆਂ ਵਿਚ ਚਲਾ ਜਾਵਾਂਗਾ। ਪਰ, ਪਿਤਾ ਜੀ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਫ਼ੌਰਨ ਹੀ ਉੱਥੇ ਚਲੇ ਜਾਵਾਂ। ਉਨ੍ਹਾਂ ਦੀ ਸਲਾਹ ਮੰਨ ਕੇ ਕੁਝ ਹੀ ਘੰਟਿਆਂ ਵਿਚ ਮੈਂ ਘਰੋਂ ਚਲਾ ਗਿਆ। ਅਗਲੇ ਦਿਨ, ਮੈਨੂੰ ਫ਼ਰਾਰ ਹੋਣ ਦੇ ਦੋਸ਼ ਵਿਚ ਫੜਨ ਲਈ ਪੁਲਸ ਮੇਰੇ ਘਰ ਆਈ। ਪਰ, ਪੁਲਸ ਨੂੰ ਖਾਲੀ ਹੱਥ ਜਾਣਾ ਪਿਆ।

ਨੀਦਰਲੈਂਡਜ਼ ਵਿਚ ਸ਼ੁਰੂਆਤ

ਮੈਂ 15 ਅਗਸਤ 1933 ਨੂੰ ਹੈਮਸਟੇਈਡੇ ਸ਼ਹਿਰ ਦੇ ਪਾਇਨੀਅਰ ਘਰ ਵਿਚ ਪਹੁੰਚ ਗਿਆ। ਇਹ ਸ਼ਹਿਰ ਅਮਸਟਰਡਮ ਸ਼ਹਿਰ ਤੋਂ 25 ਕਿਲੋਮੀਟਰ ਦੂਰ ਹੈ। ਬੇਸ਼ੱਕ ਉੱਥੇ ਦੀ ਡੱਚ ਭਾਸ਼ਾ ਦਾ ਮੈਨੂੰ ਇਕ ਅੱਖਰ ਵੀ ਨਹੀਂ ਆਉਂਦਾ ਸੀ, ਮੈਂ ਫਿਰ ਵੀ ਅਗਲੇ ਦਿਨ ਇਕ ਗਵਾਹੀ ਕਾਰਡ ਲੈ ਕੇ ਪ੍ਰਚਾਰ ਸ਼ੁਰੂ ਕਰ ਦਿੱਤਾ। ਇਸ ਕਾਰਡ ਉੱਤੇ ਡੱਚ ਭਾਸ਼ਾ ਵਿਚ ਖ਼ੁਸ਼ ਖ਼ਬਰੀ ਦਾ ਛੋਟਾ ਜਿਹਾ ਸੰਦੇਸ਼ ਸੀ। ਪ੍ਰਚਾਰ ਦੌਰਾਨ ਮੈਨੂੰ ਕਿੰਨੀ ਖ਼ੁਸ਼ੀ ਹੋਈ ਜਦੋਂ ਇਕ ਕੈਥੋਲਿਕ ਤੀਵੀਂ ਨੇ ਮੇਰੇ ਕੋਲੋਂ ਮੇਲ-ਮਿਲਾਪ (ਅੰਗ੍ਰੇਜ਼ੀ) ਨਾਮਕ ਕਿਤਾਬ ਲਈ! ਇਸ ਤੋਂ ਇਲਾਵਾ, ਮੈਂ ਉਸੇ ਹੀ ਦਿਨ 27 ਛੋਟੀਆਂ ਕਿਤਾਬਾਂ ਵੀ ਵੰਡੀਆਂ। ਪਹਿਲੇ ਦਿਨ ਦੇ ਖ਼ਤਮ ਹੋਣ ਤੇ ਮੇਰੀ ਖ਼ੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਕਿਉਂਕਿ ਹੁਣ ਇਕ ਵਾਰ ਫੇਰ ਮੈਂ ਆਜ਼ਾਦੀ ਨਾਲ ਪ੍ਰਚਾਰ ਕਰ ਸਕਦਾ ਸੀ।

ਉਨ੍ਹਾਂ ਦਿਨਾਂ ਵਿਚ, ਪਾਇਨੀਅਰਾਂ ਨੂੰ ਪ੍ਰਚਾਰ ਵਿਚ ਦਿੱਤੀਆਂ ਕਿਤਾਬਾਂ ਜਾਂ ਰਸਾਲਿਆਂ ਤੋਂ ਮਿਲਣ ਵਾਲੇ ਚੰਦੇ ਨਾਲ ਹੀ ਆਪਣਾ ਰੋਟੀ-ਪਾਣੀ ਤੇ ਹੋਰ ਜ਼ਰੂਰੀ ਚੀਜ਼ਾਂ ਦਾ ਖ਼ਰਚਾ ਤੋਰਨਾ ਪੈਂਦਾ ਸੀ। ਜੇ ਮਹੀਨੇ ਦੇ ਅਖ਼ੀਰ ਵਿਚ ਥੋੜ੍ਹੇ-ਬਹੁਤੇ ਪੈਸੇ ਬਚ ਜਾਂਦੇ ਤਾਂ ਉਹ ਨਿੱਜੀ ਖ਼ਰਚੇ ਤੋਰਨ ਲਈ ਪਾਇਨੀਅਰਾਂ ਵਿਚ ਵੰਡੇ ਜਾਂਦੇ ਸਨ। ਸਾਡੇ ਕੋਲ ਬਹੁਤੀ ਧਨ-ਦੌਲਤ ਤਾਂ ਨਹੀਂ ਸੀ, ਪਰ ਯਹੋਵਾਹ ਨੇ ਸਾਡੀ ਇੰਨੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਕਿ ਮੈਂ 1934 ਵਿਚ ਸਵਿਟਜ਼ਰਲੈਂਡ ਵਿਖੇ ਹੋਏ ਸੰਮੇਲਨ ਵਿਚ ਹਾਜ਼ਰ ਹੋ ਸਕਿਆ।

ਇਕ ਵਫ਼ਾਦਾਰ ਸਾਥੀ

ਸੰਮੇਲਨ ਵਿਚ ਮੈਂ 18 ਸਾਲਾਂ ਦੀ ਮੁਟਿਆਰ ਏਰੀਕਾ ਫਿੰਕੇ ਨੂੰ ਮਿਲਿਆ। ਮੈਂ ਉਸ ਨੂੰ ਪਹਿਲਾਂ ਤੋਂ ਜਾਣਦਾ ਸੀ, ਕਿਉਂਕਿ ਉਹ ਮੇਰੀ ਭੈਣ ਦੀ ਸਹੇਲੀ ਸੀ। ਸੱਚਾਈ ਵਿਚ ਬਹੁਤ ਮਜ਼ਬੂਤ ਹੋਣ ਕਰਕੇ ਮੈਂ ਹਮੇਸ਼ਾ ਉਸ ਦੀ ਸ਼ਲਾਘਾ ਕਰਦਾ ਹੁੰਦਾ ਸੀ। ਸੰਨ 1932 ਵਿਚ ਉਸ ਦੇ ਬਪਤਿਸਮਾ ਲੈਣ ਤੋਂ ਕੁਝ ਹੀ ਸਮੇਂ ਬਾਅਦ ਕਿਸੇ ਨੇ ਨਾਜ਼ੀ ਪੁਲਸ ਨੂੰ ਜਾ ਕੇ ਦੱਸ ਦਿੱਤਾ ਕਿ ਏਰੀਕਾ ਨੇ “ਹਾਈਲ ਹਿਟਲਰ!” ਕਹਿਣ ਤੋਂ ਨਾ ਕਰ ਦਿੱਤੀ ਹੈ। ਪੁਲਸ ਉਸ ਨੂੰ ਇਸ ਬਾਰੇ ਪੁੱਛ-ਗਿੱਛ ਕਰਨ ਲਈ ਥਾਣੇ ਲੈ ਗਈ। ਥਾਣੇ ਵਿਚ ਏਰੀਕਾ ਨੇ ਅਫ਼ਸਰ ਦੇ ਸਾਮ੍ਹਣੇ ਬਾਈਬਲ ਖੋਲ੍ਹ ਕੇ ਰਸੂਲਾਂ ਦੇ ਕਰਤੱਬ 17:3 ਪੜ੍ਹ ਕੇ ਸਮਝਾਇਆ ਕਿ ਸਾਡੇ ਲਈ ਪਰਮੇਸ਼ੁਰ ਨੇ ਇੱਕੋ ਹੀ ਮੁਕਤੀਦਾਤਾ ਥਾਪਿਆ ਹੈ ਤੇ ਉਸ ਦਾ ਨਾਂ ਹੈ ਯਿਸੂ ਮਸੀਹ। “ਕੀ ਤੇਰੇ ਵਾਂਗ ਸੋਚਣ ਵਾਲੇ ਹੋਰ ਵੀ ਹਨ?” ਅਫ਼ਸਰ ਨੇ ਪੁੱਛਿਆ। ਏਰੀਕਾ ਨੇ ਕਿਸੇ ਦਾ ਵੀ ਨਾਂ ਦੱਸਣ ਤੋਂ ਨਾਂਹ ਕਰ ਦਿੱਤੀ। ਜਦੋਂ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈਣ ਦੀ ਧਮਕੀ ਦਿੱਤੀ ਤਾਂ ਵੀ ਉਹ ਬੋਲੀ ਕਿ ਕਿਸੇ ਦਾ ਨਾਂ ਦੱਸਣ ਦੀ ਬਜਾਇ ਉਹ ਮਰ ਜਾਣਾ ਜ਼ਿਆਦਾ ਪਸੰਦ ਕਰੇਗੀ। ਅਫ਼ਸਰ ਅੱਖਾਂ ਪਾੜ-ਪਾੜ ਕੇ ਉਸ ਵੱਲ ਦੇਖਣ ਲੱਗ ਪਿਆ ਤੇ ਚੀਕ ਕੇ ਬੋਲਿਆ: “ਨਿਕਲ ਜਾ ਇੱਥੋਂ। ਆਪਣੇ ਘਰ ਨੂੰ ਚਲੀ ਜਾ। ਹਾਈਲ ਹਿਟਲਰ!”

ਸੰਮੇਲਨ ਤੋਂ ਬਾਅਦ, ਮੈਂ ਨੀਦਰਲੈਂਡਜ਼ ਵਾਪਸ ਚਲਾ ਗਿਆ ਤੇ ਏਰੀਕਾ ਸਵਿਟਜ਼ਰਲੈਂਡ ਰਹਿ ਪਈ। ਅਸੀਂ ਦੋਹਾਂ ਨੇ ਮਹਿਸੂਸ ਕੀਤਾ ਕਿ ਸਾਡੀ ਦੋਸਤੀ ਵੱਧ ਗਈ ਸੀ। ਸਵਿਟਜ਼ਰਲੈਂਡ ਵਿਚ ਏਰੀਕਾ ਨੇ ਕਿਸੇ ਕੋਲੋਂ ਸੁਣਿਆ ਕਿ ਜਰਮਨੀ ਵਿਚ ਪੁਲਸ ਦੁਬਾਰਾ ਉਸ ਦੀ ਤਲਾਸ਼ ਵਿਚ ਸੀ, ਇਸ ਲਈ ਉਸ ਨੇ ਸਵਿਟਜ਼ਰਲੈਂਡ ਵਿਚ ਹੀ ਰੁਕਣ ਅਤੇ ਉੱਥੇ ਹੀ ਪਾਇਨੀਅਰੀ ਕਰਨ ਦਾ ਫ਼ੈਸਲਾ ਕੀਤਾ। ਕੁਝ ਮਹੀਨਿਆਂ ਬਾਅਦ ਸੋਸਾਇਟੀ ਨੇ ਉਸ ਨੂੰ ਸਪੇਨ ਜਾਣ ਲਈ ਕਿਹਾ। ਉਸ ਨੇ ਪਹਿਲਾਂ ਮੈਡਰਿਡ, ਫਿਰ ਬਿਲਬੋ ਅਤੇ ਬਾਅਦ ਵਿਚ ਸੈਨ ਸਿਬੈਸਚਨ ਵਿਚ ਪਾਇਨੀਅਰੀ ਕੀਤੀ। ਸੈਨ ਸਿਬੈਸਚਨ ਵਿਚ ਏਰੀਕਾ ਅਤੇ ਉਸ ਦੀ ਪਾਇਨੀਅਰ ਸਾਥਣ ਦਾ ਵਿਰੋਧ ਕੀਤਾ ਗਿਆ ਤੇ ਅਖ਼ੀਰ ਵਿਚ ਉਨ੍ਹਾਂ ਨੂੰ ਕੈਦ ਕੀਤਾ ਗਿਆ। ਇਹ ਸਭ ਪਾਦਰੀਆਂ ਨੇ ਉਕਸਾਇਆ ਸੀ। ਸੰਨ 1935 ਵਿਚ ਉਨ੍ਹਾਂ ਨੂੰ ਸਪੇਨ ਛੱਡ ਕੇ ਜਾਣ ਦਾ ਹੁਕਮ ਦਿੱਤਾ ਗਿਆ। ਏਰੀਕਾ ਨੀਦਰਲੈਂਡਜ਼ ਨੂੰ ਆਈ ਅਤੇ ਉਸੇ ਸਾਲ ਅਸੀਂ ਵਿਆਹ ਕੀਤਾ।

ਯੁੱਧ ਦੇ ਕਾਲੇ ਬੱਦਲ

ਵਿਆਹ ਤੋਂ ਬਾਅਦ, ਪਹਿਲਾਂ ਅਸੀਂ ਹੈਮਸਟੇਈਡੇ ਵਿਚ ਪਾਇਨੀਅਰੀ ਕੀਤੀ ਤੇ ਉਸ ਤੋਂ ਬਾਅਦ ਅਸੀਂ ਰੋਟਰਡਮ ਸ਼ਹਿਰ ਜਾ ਕੇ ਵੱਸ ਗਏ। ਉੱਥੇ 1937 ਵਿਚ ਸਾਡੇ ਇਕ ਮੁੰਡਾ ਹੋਇਆ ਜਿਸ ਦਾ ਨਾਂ ਅਸੀਂ ਵੁਲਫ਼ਗਾਂਗ ਰੱਖਿਆ। ਇਕ ਸਾਲ ਬਾਅਦ ਅਸੀਂ ਨੀਦਰਲੈਂਡਜ਼ ਦੇ ਉੱਤਰ ਵਿਚ ਗਰੁਨਿੰਗਐਨ ਸ਼ਹਿਰ ਵਿਚ ਰਹਿਣ ਲਈ ਚਲੇ ਗਏ। ਉੱਥੇ ਅਸੀਂ ਜਰਮਨ ਪਾਇਨੀਅਰਾਂ, ਫ਼ੇਰਡੀਨਾਂਡ ਤੇ ਹੈਲਗਾ ਹੋਲਟੋਰਫ਼, ਅਤੇ ਉਨ੍ਹਾਂ ਦੀ ਧੀ ਨਾਲ ਇੱਕੋ ਘਰ ਵਿਚ ਰਹਿਣ ਲੱਗੇ। ਜੁਲਾਈ 1938 ਵਿਚ ਸੋਸਾਇਟੀ ਨੇ ਸਾਨੂੰ ਸੂਚਨਾ ਦਿੱਤੀ ਕਿ ਡੱਚ ਸਰਕਾਰ ਨੇ ਹੁਕਮ ਜਾਰੀ ਕੀਤਾ ਹੈ ਕਿ ਜਰਮਨੀ ਤੋਂ ਆਏ ਗਵਾਹ ਹੁਣ ਇੱਥੇ ਪ੍ਰਚਾਰ ਨਹੀਂ ਕਰ ਸਕਦੇ। ਤਕਰੀਬਨ ਉਸੇ ਸਮੇਂ ਮੈਨੂੰ ਸਰਕਟ ਨਿਗਾਹਬਾਨ ਬਣਾਇਆ ਗਿਆ ਤੇ ਸਾਡਾ ਪਰਿਵਾਰ ਚਾਨਣਮੁਨਾਰਾ ਨਾਂ ਦੀ ਵੱਡੀ ਕਿਸ਼ਤੀ ਤੇ ਰਹਿਣ ਲਈ ਚਲਾ ਗਿਆ। ਇਹ ਸੋਸਾਇਟੀ ਦੀ ਕਿਸ਼ਤੀ ਸੀ ਜਿਸ ਵਿਚ ਨੀਦਰਲੈਂਡਜ਼ ਦੇ ਉੱਤਰੀ ਹਿੱਸੇ ਵਿਚ ਪ੍ਰਚਾਰ ਕਰਨ ਵਾਲੇ ਪਾਇਨੀਅਰ ਰਹਿੰਦੇ ਸਨ। ਜ਼ਿਆਦਾਤਰ ਮੈਨੂੰ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪੈਂਦਾ ਸੀ ਕਿਉਂਕਿ ਮੈਂ ਭਰਾਵਾਂ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਇਕ ਕਲੀਸਿਯਾ ਤੋਂ ਦੂਜੀ ਕਲੀਸਿਯਾ ਤਕ ਸਾਈਕਲ ਤੇ ਜਾਂਦਾ ਸੀ। ਭਰਾਵਾਂ ਨੇ ਪ੍ਰਚਾਰ ਬਾਰੇ ਮੇਰੀ ਸਲਾਹ ਮੰਨੀ ਅਤੇ ਕਈਆਂ ਨੇ ਪ੍ਰਚਾਰ ਕੰਮ ਵਿਚ ਆਪਣਾ ਜੋਸ਼ ਹੋਰ ਵੀ ਵਧਾਇਆ। ਭਰਾ ਵਿਮ ਕਾਟਾਲਾਰੇ ਇਸ ਦੀ ਇਕ ਮੂੰਹ ਬੋਲਦੀ ਮਿਸਾਲ ਸੀ।

ਜਦੋਂ ਮੈਂ ਵਿਮ ਨੂੰ ਪਹਿਲੀ ਵਾਰ ਮਿਲਿਆ ਤਾਂ ਉਹ ਇਕ ਜਵਾਨ ਆਦਮੀ ਸੀ ਜਿਸ ਨੇ ਸੱਚਾਈ ਦਾ ਮੁੱਲ ਤਾਂ ਪਛਾਣਿਆ ਪਰ ਉਹ ਫ਼ਾਰਮ ਵਿਚ ਕੰਮ ਕਰਦਾ ਸੀ ਤੇ ਉਸ ਕੋਲ ਸਮਾਂ ਨਹੀਂ ਸੀ। ਮੈਂ ਉਸ ਨੂੰ ਕਿਹਾ: “ਜੇ ਤੂੰ ਯਹੋਵਾਹ ਦੀ ਸੇਵਾ ਕਰਨ ਲਈ ਸਮਾਂ ਚਾਹੁੰਦਾ ਹੈ ਤਾਂ ਤੈਨੂੰ ਕੋਈ ਹੋਰ ਕੰਮ ਲੱਭਣਾ ਚਾਹੀਦਾ ਹੈ।” ਉਸ ਨੇ ਇੰਜ ਹੀ ਕੀਤਾ। ਬਾਅਦ ਵਿਚ ਜਦੋਂ ਅਸੀਂ ਦੁਬਾਰਾ ਮਿਲੇ ਤਾਂ ਮੈਂ ਉਸ ਨੂੰ ਪਾਇਨੀਅਰੀ ਕਰਨ ਲਈ ਹੌਸਲਾ ਦਿੱਤਾ। ਉਸ ਨੇ ਕਿਹਾ: “ਪਰ, ਜੇ ਮੈਂ ਕੰਮ ਨਹੀਂ ਕਰਾਂਗਾ ਤਾਂ ਮੈਂ ਰੋਟੀ ਕਿੱਥੋਂ ਖਾਵਾਂਗਾ?” ਮੈਂ ਉਸ ਨੂੰ ਜਵਾਬ ਦਿੱਤਾ: “ਤੂੰ ਭੁੱਖਾ ਨਹੀਂ ਰਹੇਂਗਾ। ਯਹੋਵਾਹ ਤੇਰੀ ਦੇਖ-ਭਾਲ ਕਰੇਗਾ।” ਇਸੇ ਯਕੀਨ ਨਾਲ ਵਿਮ ਨੇ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ਵਿਚ ਦੂਜੇ ਵਿਸ਼ਵ-ਯੁੱਧ ਦੌਰਾਨ ਉਸ ਨੇ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕੀਤੀ। ਅੱਜ ਇਸ ਭਰਾ ਦੀ ਉਮਰ 80 ਸਾਲਾਂ ਤੋਂ ਵੀ ਉੱਪਰ ਹੈ ਪਰ ਅਜੇ ਵੀ ਉਹ ਬੜੇ ਜੋਸ਼ ਨਾਲ ਪ੍ਰਚਾਰ ਕਰਦਾ ਹੈ। ਸੱਚੀਂ, ਯਹੋਵਾਹ ਨੇ ਉਸ ਦੀ ਪੂਰੀ ਦੇਖ-ਭਾਲ ਕੀਤੀ ਹੈ।

ਪਾਬੰਦੀ ਲੱਗਣ ਤੇ ਮੇਰੀ ਤਲਾਸ਼ੀ ਸ਼ੁਰੂ ਹੋਈ

ਮਈ 1940 ਵਿਚ ਸਾਡੇ ਘਰ ਰਾਈਨਾ ਨੇ ਜਨਮ ਲਿਆ। ਇਸ ਵੇਲੇ ਤਕ ਡੱਚ ਫ਼ੌਜਾਂ ਨੇ ਹਾਰ ਮੰਨ ਲਈ ਸੀ ਤੇ ਨਾਜ਼ੀ ਫ਼ੌਜਾਂ ਨੇ ਨੀਦਰਲੈਂਡਜ਼ ਤੇ ਕਬਜ਼ਾ ਕਰ ਲਿਆ ਸੀ। ਜੁਲਾਈ ਵਿਚ ਨਾਜ਼ੀ ਫ਼ੌਜਾਂ ਨੇ ਸੋਸਾਇਟੀ ਦੇ ਦਫ਼ਤਰ ਅਤੇ ਛਾਪੇਖ਼ਾਨੇ ਤੇ ਕਬਜ਼ਾ ਕਰ ਲਿਆ। ਅਗਲੇ ਸਾਲ, ਗਵਾਹਾਂ ਦੀਆਂ ਗਿਰਫ਼ਤਾਰੀਆਂ ਧੜਾਧੜ ਹੋਣ ਲੱਗੀਆਂ ਤੇ ਮੈਨੂੰ ਵੀ ਫੜ ਲਿਆ ਗਿਆ। ਮੈਂ ਇਕ ਗਵਾਹ ਸੀ ਤੇ ਨਾਲੇ ਮੇਰਾ ਨਾਂ ਜਬਰੀ ਮਿਲਟਰੀ ਸੇਵਾ ਕਰਨ ਵਾਲਿਆਂ ਦੀ ਲਿਸਟ ਵਿਚ ਸੀ, ਇਸ ਲਈ ਮੈਂ ਜਾਣਦਾ ਸੀ ਕਿ ਨਾਜ਼ੀ ਪੁਲਸ ਮੇਰੇ ਨਾਲ ਕੀ ਸਲੂਕ ਕਰੇਗੀ। ਇਸ ਲਈ, ਮੈਂ ਆਪਣੇ ਮਨ ਵਿਚ ਇਹ ਗੱਲ ਪੱਕੀ ਕਰ ਲਈ ਕਿ ਹੁਣ ਮੈਂ ਕਦੇ ਵੀ ਆਪਣੇ ਪਰਿਵਾਰ ਨੂੰ ਨਹੀਂ ਦੇਖਾਂਗਾ।

ਫਿਰ ਮਈ 1941 ਵਿਚ ਪੁਲਸ ਨੇ ਮੈਨੂੰ ਰਿਹਾ ਕਰ ਦਿੱਤਾ ਤੇ ਮੈਨੂੰ ਹੁਕਮ ਦਿੱਤਾ ਗਿਆ ਕਿ ਮੈਂ ਜਾ ਕੇ ਮਿਲਟਰੀ ਸੇਵਾ ਲਈ ਰਿਪੋਰਟ ਕਰਾਂ। ਮੈਨੂੰ ਯਕੀਨ ਨਾ ਹੋਇਆ। ਉਸੇ ਦਿਨ ਤੋਂ ਮੈਂ ਲੁਕ ਗਿਆ ਤੇ ਉਸੇ ਮਹੀਨੇ ਮੈਂ ਸਰਕਟ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ। ਨਾਜ਼ੀ ਪੁਲਸ ਨੇ ਬੜੇ ਜ਼ੋਰ-ਸ਼ੋਰ ਨਾਲ ਮੇਰੀ ਤਲਾਸ਼ ਕਰਨੀ ਸ਼ੁਰੂ ਕੀਤੀ।

ਮੇਰੇ ਪਰਿਵਾਰ ਨੇ ਕਿਵੇਂ ਸਹਿਣ ਕੀਤਾ

ਮੇਰੀ ਪਤਨੀ ਅਤੇ ਬੱਚੇ ਨੀਦਰਲੈਂਡਜ਼ ਦੇ ਫੋਰਡਨ ਪਿੰਡ ਵਿਚ ਰਹਿਣ ਲਈ ਆ ਚੁੱਕੇ ਸਨ, ਜੋ ਦੇਸ਼ ਦੇ ਪੂਰਬੀ ਹਿੱਸੇ ਵਿਚ ਸੀ। ਉਨ੍ਹਾਂ ਨੂੰ ਖ਼ਤਰੇ ਤੋਂ ਬਚਾਉਣ ਲਈ ਮੈਂ ਘਰ ਆਉਣਾ-ਜਾਣਾ ਘਟਾ ਦਿੱਤਾ। (ਮੱਤੀ 10:16) ਸਾਰਿਆਂ ਦੀ ਸੁਰੱਖਿਆ ਲਈ ਭਰਾ ਮੇਰਾ ਅਸਲੀ ਨਾਂ ਨਹੀਂ ਲੈਂਦੇ ਸਨ ਸਗੋਂ ਉਨ੍ਹਾਂ ਨੇ ਮੇਰਾ ਨਾਂ “ਜਰਮਨ ਜੌਨ” ਰੱਖਿਆ। ਇੱਥੋਂ ਤਕ ਕਿ ਮੇਰੇ ਚਾਰ ਸਾਲਾਂ ਦੇ ਮੁੰਡੇ ਨੂੰ “ਡੈਡੀ” ਕਹਿ ਕੇ ਗੱਲ ਕਰਨ ਦੀ ਵੀ ਇਜਾਜ਼ਤ ਨਹੀਂ ਸੀ ਸਗੋਂ ਉਸ ਨੂੰ ਵੀ “ਅੰਕਲ ਜੌਨ” ਕਹਿਣਾ ਪੈਂਦਾ ਸੀ। ਮੇਰੇ ਮੁੰਡੇ ਲਈ ਇਹ ਬਹੁਤ ਹੀ ਔਖਾ ਸੀ।

ਮੈਨੂੰ ਅਕਸਰ ਨਾਜ਼ੀ ਪੁਲਸ ਤੋਂ ਬਚਣ ਲਈ ਇਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਪੈਂਦਾ ਸੀ। ਇਸ ਦੌਰਾਨ ਏਰੀਕਾ ਨੇ ਬੱਚਿਆਂ ਦੀ ਦੇਖ-ਭਾਲ ਕੀਤੀ ਤੇ ਉਹ ਪ੍ਰਚਾਰ ਵਿਚ ਵੀ ਰੁੱਝੀ ਰਹੀ। ਜਦੋਂ ਰਾਈਨਾ ਸਿਰਫ਼ ਦੋ ਸਾਲਾਂ ਦੀ ਸੀ ਤਾਂ ਏਰੀਕਾ ਉਸ ਨੂੰ ਸਾਈਕਲ ਦੀ ਟੋਕਰੀ ਵਿਚ ਬਿਠਾ ਕੇ ਪੇਂਡੂ ਇਲਾਕਿਆਂ ਵਿਚ ਪ੍ਰਚਾਰ ਕਰਨ ਲਈ ਲੈ ਜਾਂਦੀ ਹੁੰਦੀ ਸੀ। ਬੇਸ਼ੱਕ ਖਾਣ-ਪੀਣ ਦੀ ਥੋੜ੍ਹੀ-ਬਹੁਤੀ ਕਮੀ ਤਾਂ ਜ਼ਰੂਰ ਰਹੀ ਪਰ ਏਰੀਕਾ ਅਤੇ ਬੱਚਿਆਂ ਨੂੰ ਕਦੇ ਭੁੱਖੇ ਨਹੀਂ ਸੌਣਾ ਪਿਆ। (ਮੱਤੀ 6:33) ਇਕ ਕੈਥੋਲਿਕ ਕਿਸਾਨ ਨੇ, ਜਿਸ ਦੀ ਪਹਿਲਾਂ ਮੈਂ ਸਿਲਾਈ ਮਸ਼ੀਨ ਠੀਕ ਕੀਤੀ ਸੀ, ਏਰੀਕਾ ਨੂੰ ਆਲੂ ਦਿੱਤੇ। ਉਸ ਨੇ ਮੇਰੀ ਵੱਲੋਂ ਏਰੀਕਾ ਨੂੰ ਸੁਨੇਹੇ ਵੀ ਭੇਜੇ। ਇਕ ਵਾਰ ਏਰੀਕਾ ਨੇ ਦਵਾਖ਼ਾਨੇ ਤੋਂ ਕੋਈ ਚੀਜ਼ ਖ਼ਰੀਦੀ। ਦੁਕਾਨ ਦੇ ਮਾਲਕ ਨੂੰ ਪਤਾ ਸੀ ਕਿ ਉਹ ਲੁਕ-ਛਿਪ ਕੇ ਰਹਿੰਦੀ ਸੀ ਤੇ ਉਸ ਨੂੰ ਰਾਸ਼ਨ ਕਾਰਡ ਨਹੀਂ ਮਿਲ ਸਕਦਾ ਸੀ। ਇਸ ਲਈ ਉਸ ਨੇ ਏਰੀਕਾ ਨੂੰ ਦਵਾਈ ਵੀ ਅਤੇ ਦੁਗਣੇ ਪੈਸੇ ਵੀ ਦਿੱਤੇ। ਇਸ ਤਰ੍ਹਾਂ ਦੀ ਮਦਦ ਦੇ ਸਦਕਾ ਹੀ ਏਰੀਕਾ ਜੀ ਸਕੀ।—ਇਬਰਾਨੀਆਂ 13:5.

ਜੋਸ਼ੀਲੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ

ਇਸ ਸਮੇਂ ਦੌਰਾਨ, ਮੈਂ ਕਲੀਸਿਯਾਵਾਂ ਵਿਚ ਜਾਣਾ ਜਾਰੀ ਰੱਖਿਆ। ਪਰ ਅਜੇ ਮੈਂ ਸਾਰਿਆਂ ਨੂੰ ਨਹੀਂ ਸਗੋਂ ਕੁਝ ਜ਼ਿੰਮੇਵਾਰ ਭਰਾਵਾਂ ਨੂੰ ਹੀ ਮਿਲ ਸਕਦਾ ਸੀ। ਨਾਜ਼ੀ ਪੁਲਸ ਮੇਰਾ ਪਿੱਛਾ ਕਰ ਰਹੀ ਸੀ, ਇਸ ਲਈ ਮੈਂ ਸਿਰਫ਼ ਕੁਝ ਘੰਟੇ ਹੀ ਇਕ ਥਾਂ ਤੇ ਟਿਕਦਾ ਹੁੰਦਾ ਸੀ। ਜ਼ਿਆਦਾਤਰ ਭੈਣਾਂ-ਭਰਾਵਾਂ ਨੂੰ ਮੈਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ। ਉਹ ਸਿਰਫ਼ ਉਨ੍ਹਾਂ ਭੈਣਾਂ-ਭਰਾਵਾਂ ਨੂੰ ਹੀ ਜਾਣਦੇ ਸਨ ਜਿਹੜੇ ਉਨ੍ਹਾਂ ਦੇ ਛੋਟੇ ਜਿਹੇ ਬਾਈਬਲ ਸਟੱਡੀ ਗਰੁੱਪ ਵਿਚ ਹੁੰਦੇ ਸਨ। ਨਤੀਜੇ ਵਜੋਂ, ਇੱਕੋ ਹੀ ਸ਼ਹਿਰ ਵਿਚ ਰਹਿੰਦੀਆਂ ਦੋ ਸਕੀਆਂ ਭੈਣਾਂ ਨੂੰ ਇਕ ਦੂਜੇ ਦੇ ਗਵਾਹ ਬਣਨ ਦਾ ਉਦੋਂ ਪਤਾ ਲੱਗਾ ਜਦੋਂ ਦੂਸਰਾ ਵਿਸ਼ਵ ਯੁੱਧ ਖ਼ਤਮ ਹੋ ਗਿਆ। ਇਹ ਭੈਣਾਂ ਯੁੱਧ ਦੌਰਾਨ ਸੱਚਾਈ ਵਿਚ ਆਈਆਂ ਸਨ।

ਸੋਸਾਇਟੀ ਦੇ ਸਾਹਿੱਤ ਨੂੰ ਲੁਕਾਉਣ ਦੀਆਂ ਸੁਰੱਖਿਅਤ ਥਾਵਾਂ ਲੱਭਣਾ ਵੀ ਮੇਰਾ ਕੰਮ ਸੀ। ਪਹਿਰਾਬੁਰਜ ਛਾਪਣ ਲਈ ਅਸੀਂ ਕਾਗਜ਼, ਸਟੈਂਸਿਲ ਅਤੇ ਟਾਈਪ ਮਸ਼ੀਨਾਂ ਲੁਕਾ ਕੇ ਰੱਖਦੇ ਸਾਂ ਤਾਂਕਿ ਲੋੜ ਪੈਣ ਤੇ ਇਨ੍ਹਾਂ ਨੂੰ ਵਰਤਿਆ ਜਾ ਸਕੇ। ਕਈ ਵਾਰ, ਸੋਸਾਇਟੀ ਦੁਆਰਾ ਛਾਪੀਆਂ ਕਿਤਾਬਾਂ ਸਾਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਲਿਜਾ ਕੇ ਲੁਕਾਉਣੀਆਂ ਪੈਂਦੀਆਂ ਸਨ। ਮੈਨੂੰ ਯਾਦ ਹੈ ਕਿ ਇਕ ਵਾਰ ਮੈਂ ਕਿਤਾਬਾਂ ਨਾਲ ਭਰੇ ਪੂਰੇ 30 ਬਕਸੇ ਇਕ ਥਾਂ ਤੋਂ ਦੂਜੀ ਤੇ ਲੁਕਾਉਣ ਲਈ ਲੈ ਕੇ ਗਿਆ ਸੀ। ਵਾਕਈ ਉਸ ਵੇਲੇ ਮੈਂ ਥੋੜ੍ਹਾ ਜਿਹਾ ਡਰ ਗਿਆ ਸੀ!

ਇਸ ਤੋਂ ਇਲਾਵਾ, ਅਸੀਂ ਪਾਬੰਦੀ ਦੇ ਬਾਵਜੂਦ ਪੂਰਬੀ ਨੀਦਰਲੈਂਡਜ਼ ਵਿਚ ਫਾਰਮਾਂ ਤੋਂ ਪੱਛਮੀ ਨੀਦਰਲੈਂਡਜ਼ ਵਿਚ ਖਾਣ ਦੀਆਂ ਚੀਜ਼ਾਂ ਲੈ ਕੇ ਜਾਣ ਦਾ ਵੀ ਖ਼ਤਰਾ ਉਠਾਇਆ। ਅਸੀਂ ਭੋਜਨ ਟਾਂਗੇ ਤੇ ਲੱਦ ਕੇ ਜਾਂਦੇ ਸਨ। ਜਦੋਂ ਅਸੀਂ ਕਿਸੇ ਨਹਿਰ ਕੋਲ ਪਹੁੰਚੇ, ਤਾਂ ਅਸੀਂ ਪੁਲ ਉੱਪਰੋ ਲੰਘ ਨਹੀਂ ਸਕਦੇ ਸੀ ਕਿਉਂਕਿ ਉਨ੍ਹਾਂ ਤੇ ਪੁਲਸ ਦਾ ਪਹਿਰਾ ਹੁੰਦਾ ਸੀ। ਅਸੀਂ ਖਾਣ ਦੀਆਂ ਚੀਜ਼ਾਂ ਨੂੰ ਛੋਟੀਆਂ-ਛੋਟੀਆਂ ਕਿਸ਼ਤੀਆਂ ਵਿਚ ਪਾ ਕੇ ਨਹਿਰ ਪਾਰ ਪਹੁੰਚਾਉਂਦੇ ਸਨ। ਦੂਜੇ ਪਾਸੇ ਅਸੀਂ ਭੋਜਨ ਹੋਰ ਗੱਡੀ ਤੇ ਲੱਦ ਕੇ ਸ਼ਹਿਰ ਰਵਾਨਾ ਹੋ ਜਾਂਦੇ ਸਨ। ਸ਼ਹਿਰ ਵਿਚ ਪਹੁੰਚ ਕੇ ਅਸੀਂ ਅਨ੍ਹੇਰਾ ਪੈਣ ਤਕ ਉਡੀਕ ਕਰਦੇ ਸਨ। ਜਦੋਂ ਰਾਤ ਪੈ ਜਾਂਦੀ ਤਾਂ ਅਸੀਂ ਘੋੜਿਆਂ ਦੇ ਖੁਰਾਂ ਤੇ ਜੁਰਾਬਾਂ ਚਾੜ੍ਹ ਕੇ ਚੁੱਪ-ਚਾਪ ਕਲੀਸਿਯਾ ਦੇ ਸਟੋਰ ਵੱਲ ਖਿਸਕ ਜਾਂਦੇ ਜਿੱਥੇ ਖਾਣਾ ਲਕੋ ਕੇ ਰੱਖਿਆ ਜਾਂਦਾ ਸੀ। ਉੱਥੋਂ ਇਹ ਖਾਣਾ ਲੋੜਵੰਦ ਭਰਾਵਾਂ ਨੂੰ ਵੰਡਿਆ ਜਾਂਦਾ ਸੀ।

ਜੇ ਜਰਮਨ ਫ਼ੌਜ ਨੂੰ ਸਾਡੇ ਕਿਸੇ ਵੀ ਖਾਣੇ ਦੇ ਭੰਡਾਰ ਦਾ ਪਤਾ ਲੱਗ ਜਾਂਦਾ ਤਾਂ ਕਿਸੇ ਦੀ ਵੀ ਜਾਨ ਜਾ ਸਕਦੀ ਸੀ। ਫਿਰ ਵੀ ਬਹੁਤ ਸਾਰੇ ਭਰਾ ਮਦਦ ਕਰਨ ਲਈ ਤਿਆਰ ਸਨ। ਮਿਸਾਲ ਲਈ, ਅਮਰਸਫੋਰਟ ਸ਼ਹਿਰ ਵਿਚ ਰਹਿਣ ਵਾਲੇ ਬਲੂਮਿੰਕ ਪਰਿਵਾਰ ਨੇ ਆਪਣਾ ਇਕ ਕਮਰਾ ਅਨਾਜ ਦੇ ਸਟੋਰ ਵਜੋਂ ਵਰਤਣ ਲਈ ਦੇ ਦਿੱਤਾ ਸੀ ਭਾਵੇਂ ਉਨ੍ਹਾਂ ਦਾ ਘਰ ਜਰਮਨ ਛਾਉਣੀ ਦੇ ਬਿਲਕੁਲ ਨੇੜੇ ਸੀ! ਇਨ੍ਹਾਂ ਵਰਗੇ ਕਈ ਬਹਾਦਰ ਗਵਾਹਾਂ ਨੇ ਆਪਣੇ ਭਰਾਵਾਂ ਲਈ ਆਪਣੀਆਂ ਜਾਨਾਂ ਖ਼ਤਰੇ ਵਿਚ ਪਾਈਆਂ।

ਯਹੋਵਾਹ ਨੇ ਪਾਬੰਦੀਆਂ ਦੇ ਕਈਆਂ ਸਾਲਾਂ ਦੌਰਾਨ ਮੈਨੂੰ ਤੇ ਮੇਰੀ ਪਤਨੀ ਨੂੰ ਵਫ਼ਾਦਾਰ ਰਹਿਣ ਵਿਚ ਮਦਦ ਦਿੱਤੀ। ਮਈ 1945 ਵਿਚ ਜਰਮਨ ਫ਼ੈਜਾਂ ਹਾਰ ਗਈਆਂ ਅਤੇ ਅਖ਼ੀਰ ਮੇਰੀ ਨੱਠ-ਭੱਜ ਵਾਲੀ ਜ਼ਿੰਦਗੀ ਖ਼ਤਮ ਹੋ ਗਈ। ਸੋਸਾਇਟੀ ਨੇ ਮੈਨੂੰ ਕਿਹਾ ਕਿ ਜਦ ਤਕ ਹੋਰ ਭਰਾ ਨਹੀਂ ਮਿਲਦੇ ਤਦ ਤਕ ਮੈਂ ਸਰਕਟ ਨਿਗਾਹਬਾਨ ਦਾ ਕੰਮ ਜਾਰੀ ਰੱਖਾਂ। ਸੰਨ 1947 ਵਿਚ ਬੇਰਟਸ ਵੈਨ ਡ ਬੈਲ ਨੇ ਮੇਰਾ ਕੰਮ ਸੰਭਾਲ ਲਿਆ। * ਇਸ ਸਮੇਂ ਤਕ ਸਾਡੇ ਤੀਜਾ ਨਿਆਣਾ ਵੀ ਹੋ ਚੁੱਕਾ ਸੀ ਤੇ ਅਸੀਂ ਦੇਸ਼ ਦੇ ਪੂਰਬੀ ਹਿੱਸੇ ਵਿਚ ਵੱਸ ਗਏ।

ਖ਼ੁਸ਼ੀਆਂ ਤੇ ਗਮ

ਯੁੱਧ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਜਦੋਂ ਮੈਂ ਘਰ ਛੱਡ ਕੇ ਨੀਦਰਲੈਂਡਜ਼ ਆਇਆ ਸੀ ਤਾਂ ਇਕ ਸਾਲ ਬਾਅਦ ਹੀ ਪਿਤਾ ਜੀ ਨੂੰ ਜੇਲ੍ਹ ਹੋ ਗਈ ਸੀ। ਸਿਹਤ ਖ਼ਰਾਬ ਹੋਣ ਕਰਕੇ ਉਨ੍ਹਾਂ ਨੂੰ ਦੋ ਵਾਰ ਰਿਹਾ ਵੀ ਕੀਤਾ ਗਿਆ ਪਰ ਹਰ ਵਾਰ ਉਨ੍ਹਾਂ ਨੂੰ ਦੁਬਾਰਾ ਕੈਦ ਕਰ ਲਿਆ ਜਾਂਦਾ ਸੀ। ਫਰਵਰੀ 1938 ਵਿਚ ਉਨ੍ਹਾਂ ਨੂੰ ਬੁਖੈਂਵਾਲਡ ਨਜ਼ਰਬੰਦੀ-ਕੈਂਪ ਤੇ ਬਾਅਦ ਵਿਚ ਡਾਖਾਓ ਭੇਜ ਦਿੱਤਾ ਗਿਆ ਸੀ। ਉੱਥੇ 14 ਮਈ 1942 ਨੂੰ ਉਹ ਗੁਜ਼ਰ ਗਏ। ਉਹ ਅੰਤ ਤਕ ਸੱਚਾਈ ਲਈ ਮਜ਼ਬੂਤ ਅਤੇ ਵਫ਼ਾਦਾਰ ਰਹੇ।

ਮਾਤਾ ਜੀ ਨੂੰ ਵੀ ਡਾਖਾਓ ਕੈਂਪ ਵਿਚ ਭੇਜ ਦਿੱਤਾ ਗਿਆ ਸੀ। ਉਹ ਉੱਥੇ 1945 ਤਕ ਰਹੇ। ਮੈਂ ਆਪਣੇ ਮਾਪਿਆਂ ਦੀ ਸੱਚਾਈ ਲਈ ਵਧੀਆ ਮਿਸਾਲ ਕਰਕੇ ਬਹੁਤ ਸਾਰੀਆਂ ਅਧਿਆਤਮਿਕ ਬਰਕਤਾਂ ਦਾ ਆਨੰਦ ਮਾਣਿਆ ਹੈ। ਇਸ ਲਈ 1954 ਵਿਚ ਜਦੋਂ ਮਾਤਾ ਜੀ ਸਾਡੇ ਨਾਲ ਰਹਿਣ ਆਏ ਤਾਂ ਮੈਨੂੰ ਬਹੁਤ ਖ਼ੁਸ਼ੀ ਹੋਈ। ਮੇਰੀ ਭੈਣ ਮਾਰਗਾਰੇਟਾ ਵੀ ਉਨ੍ਹਾਂ ਦੇ ਨਾਲ ਆਈ, ਉਹ ਸਾਮਵਾਦੀ ਪੂਰਬੀ ਜਰਮਨੀ ਵਿਚ 1945 ਤੋਂ ਪਾਇਨੀਅਰੀ ਕਰ ਰਹੀ ਸੀ। ਭਾਵੇਂ ਕਿ ਮਾਤਾ ਜੀ ਬੀਮਾਰ ਸਨ ਤੇ ਉਨ੍ਹਾਂ ਨੂੰ ਡੱਚ ਨਹੀਂ ਬੋਲਣੀ ਆਉਂਦੀ ਸੀ, ਉਹ ਫਿਰ ਵੀ ਪ੍ਰਚਾਰ ਦੇ ਕੰਮ ਵਿਚ ਜਾਂਦੇ ਰਹੇ। ਅਕਤੂਬਰ 1957 ਵਿਚ ਉਨ੍ਹਾਂ ਨੇ ਵਫ਼ਾਦਾਰੀ ਨਾਲ ਆਪਣੀ ਧਰਤੀ ਉਤਲੀ ਜ਼ਿੰਦਗੀ ਪੂਰੀ ਕੀਤੀ।

ਜਰਮਨੀ ਦੇ ਨਰਮਬਰਗ ਸ਼ਹਿਰ ਵਿਚ 1955 ਦਾ ਸੰਮੇਲਨ ਸਾਡੇ ਲਈ ਇਕ ਖ਼ਾਸ ਸੰਮੇਲਨ ਸੀ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਡਰੇਜ਼ਡਨ ਦੇ ਭਰਾਵਾਂ ਨੇ ਏਰੀਕਾ ਨੂੰ ਦੱਸਿਆ ਕਿ ਉਸ ਦੇ ਮਾਤਾ ਜੀ ਵੀ ਸੰਮੇਲਨ ਵਿਚ ਆਏ ਸਨ। ਕਿਉਂਕਿ ਡਰੇਜ਼ਡਨ ਉਸ ਵੇਲੇ ਪੂਰਬੀ ਜਰਮਨੀ ਦੇ ਕਬਜ਼ੇ ਵਿਚ ਸੀ, ਏਰੀਕਾ ਨੇ ਆਪਣੀ ਮਾਤਾ ਨੂੰ 21 ਸਾਲਾਂ ਤੋਂ ਨਹੀਂ ਦੇਖਿਆ ਸੀ। ਉਨ੍ਹਾਂ ਦੇ ਮਿਲਣ ਦਾ ਇੰਤਜ਼ਾਮ ਕੀਤਾ ਗਿਆ। ਇੰਨੇ ਸਾਲਾਂ ਬਾਅਦ ਮਾਂ-ਧੀ ਗਲੇ ਮਿਲ ਕੇ ਕਿੰਨੀਆਂ ਖ਼ੁਸ਼ ਹੋਈਆਂ ਸਨ!

ਸਮਾਂ ਬੀਤਣ ਤੇ ਸਾਡੇ ਅੱਠ ਨਿਆਣੇ ਹੋਏ। ਅਫ਼ਸੋਸ ਕਿ ਸਾਡਾ ਇਕ ਪੁੱਤਰ ਕਾਰ ਦੇ ਹਾਦਸੇ ਵਿਚ ਮਾਰਿਆ ਗਿਆ। ਪਰ, ਬਾਕੀ ਦੇ ਸਾਰੇ ਬੱਚਿਆਂ ਨੂੰ ਯਹੋਵਾਹ ਦੀ ਸੇਵਾ ਕਰਦੇ ਦੇਖ ਕੇ ਸਾਡਾ ਦਿਲ ਬਹੁਤ ਖ਼ੁਸ਼ ਹੁੰਦਾ ਹੈ। ਅਸੀਂ ਖ਼ੁਸ਼ ਹਾਂ ਕਿ ਸਾਡਾ ਪੁੱਤਰ ਵੁਲਫ਼ਗਾਂਗ ਤੇ ਉਸ ਦੀ ਪਤਨੀ ਅਤੇ ਉਨ੍ਹਾਂ ਦਾ ਪੁੱਤਰ ਵੀ ਹੁਣ ਸਫ਼ਰੀ ਨਿਗਾਹਬਾਨੀ ਦਾ ਕੰਮ ਕਰ ਰਹੇ ਹਨ।

ਮੈਂ ਨੀਦਰਲੈਂਡਜ਼ ਵਿਚ ਯਹੋਵਾਹ ਦੇ ਕੰਮ ਨੂੰ ਚਾਰ-ਚੰਨ ਲੱਗਦੇ ਦੇਖ ਸਕਿਆ ਹਾਂ। ਇਸ ਦੇ ਲਈ ਮੈਂ ਯਹੋਵਾਹ ਦਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਜਦੋਂ 1933 ਵਿਚ ਮੈਂ ਇੱਥੇ ਪਾਇਨੀਅਰੀ ਕਰਨੀ ਸ਼ੁਰੂ ਕੀਤੀ ਸੀ ਤਾਂ ਇੱਥੇ ਸਿਰਫ਼ ਇਕ ਸੌ ਕੁ ਗਵਾਹ ਸਨ। ਅੱਜ ਇਹ ਗਿਣਤੀ 30,000 ਤੋਂ ਵੀ ਜ਼ਿਆਦਾ ਹੋ ਚੁੱਕੀ ਹੈ। ਬੇੱਸ਼ਕ ਸਾਡੀ ਦੋਹਾਂ ਦੀ ਤਾਕਤ ਦਿਨ-ਬ-ਦਿਨ ਘੱਟਦੀ ਜਾ ਰਹੀ ਹੈ, ਫਿਰ ਵੀ ਅਸੀਂ ਦੋਵੇਂ ਅਜੇ ਵੀ ਉਸ ਗੀਤ ਦੇ ਇਨ੍ਹਾਂ ਬੋਲਾਂ ਮੁਤਾਬਕ ਜ਼ਿੰਦਗੀ ਬਿਤਾਉਣ ਲਈ ਦ੍ਰਿੜ੍ਹ ਹਾਂ ਜਿਹੜਾ ਅਸੀਂ ਬੀਤੇ ਸਮੇਂ ਵਿਚ ਗਾਇਆ ਸੀ: “ਕਾਸ਼ ਅਜਿਹੀ ਨਿਹਚਾ ਹੁੰਦੀ ਜੋ ਕਦੇ ਘਟੇ ਨਾ।”

[ਫੁਟਨੋਟ]

^ ਪੈਰਾ 5 ਗੀਤ 194—ਯਹੋਵਾਹ ਦੀ ਮਹਿਮਾ ਦੇ ਗੀਤ (1928, ਅੰਗ੍ਰੇਜ਼ੀ)

^ ਪੈਰਾ 7 ਕੋਪਿਟਜ਼ ਸ਼ਹਿਰ ਦਾ ਨਾਂ ਹੁਣ ਪਿਰਨਾ ਹੈ ਜੋ ਐਲਬੇ ਨਦੀ ਦੇ ਨਾਲ-ਨਾਲ ਹੈ। ਇਹ ਡਰੇਜ਼ਡਨ ਸ਼ਹਿਰ ਤੋਂ 18 ਕਿਲੋਮੀਟਰ ਦੂਰ ਹੈ।

^ ਪੈਰਾ 38 ਭਰਾ ਵੈਨ ਡ ਬੈਲ ਦੀ ਜੀਵਨੀ ਦੇਖਣ ਲਈ 1 ਜਨਵਰੀ, 1998 ਦਾ ਪਹਿਰਾਬੁਰਜ (ਅੰਗ੍ਰੇਜ਼ੀ) ਦੇਖੋ ਜਿਸ ਦਾ ਸਿਰਲੇਖ ਹੈ: “ਸੱਚਾਈ ਤੋਂ ਵਧੀਆ ਹੋਰ ਕੁਝ ਨਹੀਂ।”

[ਸਫ਼ੇ 23 ਉੱਤੇ ਤਸਵੀਰ]

ਪ੍ਰਚਾਰ ਤੋਂ ਬਾਅਦ ਜਵਾਨਾਂ ਦਾ ਗਰੁੱਪ

[ਸਫ਼ੇ 24 ਉੱਤੇ ਤਸਵੀਰ]

ਮੈਂ ਅਤੇ ਸੰਗੀ ਪਾਈਨੀਅਰਾਂ ਨੇ ਪੂਰੇ ਸ਼ਨਾਈਫਲ ਇਲਾਕੇ ਵਿਚ ਪਾਇਨੀਅਰੀ ਕੀਤੀ। ਉਸ ਵੇਲੇ ਮੈਂ 20 ਸਾਲਾਂ ਦਾ ਸੀ

[ਸਫ਼ੇ 25 ਉੱਤੇ ਤਸਵੀਰ]

ਸੰਨ 1940 ਵਿਚ ਏਰੀਕਾ ਅਤੇ ਵੁਲਫ਼ਗਾਂਗ ਨਾਲ

[ਸਫ਼ੇ 26 ਉੱਤੇ ਤਸਵੀਰ]

ਖੱਬੇ ਤੋਂ ਸੱਜੇ: ਮੇਰਾ ਪੋਤਾ ਯੋਨਾਥਨ ਅਤੇ ਉਸ ਦੀ ਪਤਨੀ ਮੀਰਿਅਮ; ਏਰੀਕਾ, ਮੈਂ, ਮੇਰਾ ਪੁੱਤਰ ਵੁਲਫ਼ਗਾਂਗ ਅਤੇ ਮੇਰੀ ਨੂੰਹ ਜੂਲੀਆ

[ਸਫ਼ੇ 26 ਉੱਤੇ ਤਸਵੀਰ]

ਜੇਲ੍ਹ ਵਿਚ ਇਕ ਭਰਾ ਨੇ 1941 ਵਿਚ ਮੇਰੇ ਪਿਤਾ ਜੀ ਦੀ ਇਹ ਤਸਵੀਰ ਬਣਾਈ