Skip to content

Skip to table of contents

ਕੀ ਬਾਈਬਲ ਦੇ ਨੈਤਿਕ ਗੁਣ ਸਭ ਤੋਂ ਉੱਤਮ ਹਨ?

ਕੀ ਬਾਈਬਲ ਦੇ ਨੈਤਿਕ ਗੁਣ ਸਭ ਤੋਂ ਉੱਤਮ ਹਨ?

ਕੀ ਬਾਈਬਲ ਦੇ ਨੈਤਿਕ ਗੁਣ ਸਭ ਤੋਂ ਉੱਤਮ ਹਨ?

ਜਰਮਨੀ ਦੇ ਇਕ ਤਜਰਬੇਕਾਰ ਲੇਖਕ ਅਤੇ ਟੈਲੀਵਿਯਨ ਪ੍ਰਸਾਰਕ ਨੇ ਕਿਹਾ: “ਸਮਾਜ ਨੂੰ ਅਜਿਹੇ ਨੈਤਿਕ ਨਿਯਮਾਂ ਦੀ ਲੋੜ ਹੈ ਜੋ ਲੋਕਾਂ ਦੀ ਰੱਖਿਆ ਤੇ ਰਹਿਨੁਮਾਈ ਕਰ ਸਕਣ।” ਇਹ ਗੱਲ ਉਸ ਦੀ ਸੋਲਾਂ ਆਨੇ ਸੱਚ ਸੀ। ਮਨੁੱਖੀ ਸਮਾਜ ਨੂੰ ਮਜ਼ਬੂਤ ਅਤੇ ਖ਼ੁਸ਼ਹਾਲ ਬਣਾਉਣ ਲਈ ਲੋਕਾਂ ਕੋਲ ਪੱਕੇ ਅਸੂਲ ਹੋਣੇ ਚਾਹੀਦੇ ਹਨ ਜਿਨ੍ਹਾਂ ਤੋਂ ਸਹੀ-ਗ਼ਲਤ ਜਾਂ ਭਲੇ-ਬੁਰੇ ਦਾ ਪਤਾ ਲੱਗ ਸਕੇ। ਪਰ ਸਵਾਲ ਇਹ ਉੱਠਦਾ ਹੈ: ਸਮਾਜ ਅਤੇ ਇਸ ਦੇ ਲੋਕਾਂ ਲਈ ਕਿਹੜੇ ਅਸੂਲ ਸਭ ਤੋਂ ਉੱਤਮ ਹਨ?

ਜੇ ਲੋਕ ਬਾਈਬਲ ਵਿਚਲੇ ਨੈਤਿਕ ਗੁਣਾਂ ਨੂੰ ਅਸੂਲ ਮੰਨ ਕੇ ਚੱਲਣ, ਤਾਂ ਹਰ ਇਨਸਾਨ ਦੀ ਜ਼ਿੰਦਗੀ ਬਿਹਤਰ ਅਤੇ ਖ਼ੁਸ਼ਹਾਲ ਬਣ ਸਕਦੀ ਹੈ। ਜਦੋਂ ਸਮਾਜ ਦੇ ਸਾਰੇ ਲੋਕ ਇਨ੍ਹਾਂ ਅਸੂਲਾਂ ਉੱਤੇ ਚੱਲਣਗੇ, ਤਾਂ ਉਨ੍ਹਾਂ ਦਾ ਸਮਾਜ ਵੀ ਬਿਹਤਰ ਅਤੇ ਖ਼ੁਸ਼ਹਾਲ ਹੋਵੇਗਾ। ਕੀ ਇੰਜ ਹੋ ਸਕਦਾ ਹੈ? ਆਓ ਦੇਖੀਏ ਕਿ ਬਾਈਬਲ ਇਨ੍ਹਾਂ ਦੋ ਵਿਸ਼ਿਆਂ ਬਾਰੇ ਕੀ ਕਹਿੰਦੀ ਹੈ: ਵਿਆਹੁਤਾ ਸਾਥੀਆਂ ਪ੍ਰਤੀ ਵਫ਼ਾਦਾਰੀ ਅਤੇ ਰੋਜ਼-ਮੱਰਾ ਦੀ ਜ਼ਿੰਦਗੀ ਵਿਚ ਈਮਾਨਦਾਰੀ।

ਆਪਣੇ ਜੀਵਨ-ਸਾਥੀ ਨਾਲ ਮਿਲੇ ਰਹੋ

ਸਾਡੇ ਸ੍ਰਿਸ਼ਟੀਕਰਤਾ ਨੇ ਪਹਿਲਾਂ ਆਦਮ ਨੂੰ ਬਣਾਇਆ ਤੇ ਫਿਰ ਉਸ ਦੀ ਸਾਥਣ ਹੱਵਾਹ ਨੂੰ ਬਣਾਇਆ। ਉਨ੍ਹਾਂ ਦਾ ਵਿਆਹ ਇਤਿਹਾਸ ਦਾ ਪਹਿਲਾ ਵਿਆਹ ਸੀ ਅਤੇ ਉਨ੍ਹਾਂ ਨੇ ਇਹ ਬੰਧਨ ਹਮੇਸ਼ਾ-ਹਮੇਸ਼ਾ ਲਈ ਕਾਇਮ ਰੱਖਣਾ ਸੀ। ਪਰਮੇਸ਼ੁਰ ਨੇ ਕਿਹਾ ਸੀ: “ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ।” ਕੁਝ 4,000 ਸਾਲਾਂ ਬਾਅਦ, ਯਿਸੂ ਮਸੀਹ ਨੇ ਵੀ ਆਪਣੇ ਸਾਰੇ ਚੇਲਿਆਂ ਨਾਲ ਵਿਆਹ ਦੇ ਇਸ ਅਸੂਲ ਨੂੰ ਦੁਹਰਾਇਆ। ਇਸ ਤੋਂ ਇਲਾਵਾ, ਉਸ ਨੇ ਵਿਆਹ ਤੋਂ ਬਾਹਰ ਲਿੰਗੀ ਸੰਬੰਧ ਰੱਖਣ ਦੀ ਘੋਰ ਨਿੰਦਿਆ ਕੀਤੀ।—ਉਤਪਤ 1:27, 28; 2:24; ਮੱਤੀ 5:27-30; 19:5.

ਬਾਈਬਲ ਮੁਤਾਬਕ, ਖ਼ੁਸ਼ੀਆਂ ਭਰੇ ਵਿਆਹੁਤਾ ਜੀਵਨ ਦੀਆਂ ਦੋ ਮਹੱਤਵਪੂਰਣ ਕੁੰਜੀਆਂ ਹਨ—ਪਤੀ-ਪਤਨੀ ਵੱਲੋਂ ਇਕ-ਦੂਜੇ ਲਈ ਪਿਆਰ ਤੇ ਆਦਰ ਦਿਖਾਉਣਾ। ਪਤੀ ਘਰ ਦਾ ਮੁਖੀ ਹੈ ਤੇ ਉਸ ਨੂੰ ਆਪਣੀ ਪਤਨੀ ਦੀ ਹਰ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਨਿਰਸੁਆਰਥ ਪਿਆਰ ਦਿਖਾਉਣਾ ਚਾਹੀਦਾ ਹੈ। ਉਸ ਨੂੰ ਆਪਣੀ ਪਤਨੀ ਨਾਲ “ਬੁੱਧ ਦੇ ਅਨੁਸਾਰ” ਰਹਿਣਾ ਚਾਹੀਦਾ ਹੈ ਅਤੇ ਉਸ ਨਾਲ “ਕੌੜੇ” ਨਹੀਂ ਹੋਣਾ ਚਾਹੀਦਾ। ਦੂਜੇ ਪਾਸੇ, ਪਤਨੀ ਨੂੰ ਵੀ ਆਪਣੇ ਪਤੀ ਦਾ ਦਿਲੋਂ “ਮਾਨ” ਕਰਨਾ ਚਾਹੀਦਾ ਹੈ। ਜੇ ਦੋਵੇਂ ਪਤੀ-ਪਤਨੀ ਇਨ੍ਹਾਂ ਅਸੂਲਾਂ ਤੇ ਚੱਲਣ, ਤਾਂ ਵਿਆਹੁਤਾ ਜੀਵਨ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਿਆ ਜਾਂ ਹੱਲ ਕੀਤਾ ਜਾ ਸਕਦਾ ਹੈ। ਇੰਜ ਇਨ੍ਹਾਂ ਸਲਾਹਾਂ ਤੇ ਚੱਲ ਕੇ ਪਤੀ-ਪਤਨੀ ਇਕ-ਦੂਜੇ ਨਾਲ ਮਿਲੇ ਰਹਿਣਗੇ।—1 ਪਤਰਸ 3:1-7; ਕੁਲੁੱਸੀਆਂ 3:18, 19; ਅਫ਼ਸੀਆਂ 5:22-23.

ਕੀ ਆਪਣੇ ਜੀਵਨ-ਸਾਥੀ ਪ੍ਰਤੀ ਵਫ਼ਾਦਾਰ ਰਹਿਣ ਦੇ ਬਾਈਬਲ ਅਸੂਲ ਤੇ ਚੱਲਣ ਨਾਲ ਵਿਆਹੁਤਾ ਜੀਵਨ ਸੁਖੀ ਹੋ ਸਕਦਾ ਹੈ? ਜ਼ਰਾ ਜਰਮਨੀ ਵਿਚ ਕੀਤੇ ਸਰਵੇਖਣ ਦੇ ਨਤੀਜਿਆਂ ਤੇ ਗੌਰ ਕਰੋ। ਉੱਥੇ ਲੋਕਾਂ ਕੋਲੋਂ ਪੁੱਛਿਆ ਗਿਆ ਕਿ ਸੁਖੀ ਵਿਆਹੁਤਾ ਜੀਵਨ ਲਈ ਕਿਹੜੀਆਂ ਗੱਲਾਂ ਲਾਜ਼ਮੀ ਹਨ। ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਸਭ ਤੋਂ ਜ਼ਰੂਰੀ ਗੱਲ ਹੈ ਕਿ ਪਤੀ-ਪਤਨੀ ਇਕ-ਦੂਜੇ ਪ੍ਰਤੀ ਵਫ਼ਾਦਾਰ ਰਹਿਣ। ਜਦੋਂ ਪਤੀ-ਪਤਨੀ ਦੋਵਾਂ ਨੂੰ ਪਤਾ ਹੁੰਦਾ ਹੈ ਕਿ ਉਸ ਦਾ ਸਾਥੀ ਉਸ ਪ੍ਰਤੀ ਵਫ਼ਾਦਾਰ ਹੈ, ਤਾਂ ਉਨ੍ਹਾਂ ਦੇ ਜੀਵਨ ਵਿਚ ਬਹੁਤ ਖ਼ੁਸ਼ੀਆਂ ਹੁੰਦੀਆਂ ਹਨ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ?

ਸਮੱਸਿਆਵਾਂ ਉੱਠਣ ਤੇ ਕੀ ਕਰੀਏ?

ਪਰ ਉਦੋਂ ਕੀ ਜਦੋਂ ਪਤੀ-ਪਤਨੀ ਦੀ ਆਪਸ ਵਿਚ ਨਹੀਂ ਬਣਦੀ? ਉਦੋਂ ਕੀ ਕੀਤਾ ਜਾਣਾ ਚਾਹੀਦਾ ਹੈ ਜਦੋਂ ਪਤੀ-ਪਤਨੀ ਦਾ ਆਪਸੀ ਪਿਆਰ ਠੰਢਾ ਪੈ ਜਾਂਦਾ ਹੈ? ਕੀ ਅਜਿਹੇ ਹਾਲਾਤ ਪੈਦਾ ਹੋਣ ਤੇ ਆਪਣੇ ਵਿਆਹੁਤਾ ਜੀਵਨ ਨੂੰ ਇੱਥੇ ਹੀ ਖ਼ਤਮ ਕਰਨਾ ਚੰਗੀ ਗੱਲ ਨਹੀਂ ਹੈ? ਜਾਂ ਕੀ ਅਜੇ ਵੀ ਆਪਣੇ ਜੀਵਨ-ਸਾਥੀ ਪ੍ਰਤੀ ਵਫ਼ਾਦਾਰੀ ਨਿਭਾਉਣ ਸੰਬੰਧੀ ਬਾਈਬਲ ਅਸੂਲਾਂ ਦੀ ਕੋਈ ਅਹਿਮੀਅਤ ਹੈ?

ਬਾਈਬਲ ਦੇ ਲਿਖਾਰੀਆਂ ਨੂੰ ਪਤਾ ਸੀ ਕਿ ਇਨਸਾਨੀ ਨਾਮੁਕੰਮਲਤਾ ਕਾਰਨ ਪਤੀ-ਪਤਨੀ ਵਿਚਕਾਰ ਸਮੱਸਿਆਵਾਂ ਉੱਠਣਗੀਆਂ। (1 ਕੁਰਿੰਥੀਆਂ 7:28) ਪਰ ਜੋ ਪਤੀ-ਪਤਨੀ ਬਾਈਬਲ ਦੇ ਨੈਤਿਕ ਅਸੂਲਾਂ ਤੇ ਚੱਲਦੇ ਹਨ, ਉਹ ਸਮੱਸਿਆਵਾਂ ਉੱਠਣ ਤੇ ਇਕ-ਦੂਜੇ ਨੂੰ ਮਾਫ਼ ਕਰਨ ਅਤੇ ਇਕੱਠੇ ਮੁਸ਼ਕਲਾਂ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਬੇਸ਼ੱਕ, ਕੁਝ ਹਾਲਾਤਾਂ ਵਿਚ ਜਿਵੇਂ ਵਿਭਚਾਰ ਕਰਨ ਜਾਂ ਮਾਰ-ਕੁਟਾਈ ਹੋਣ ਤੇ ਇਕ ਮਸੀਹੀ ਆਪਣੇ ਸਾਥੀ ਤੋਂ ਤਲਾਕ ਲੈਣ ਜਾਂ ਵੱਖਰੇ ਹੋਣ ਬਾਰੇ ਸੋਚ ਸਕਦਾ ਹੈ। (ਮੱਤੀ 5:32; 19:9) ਪਰ ਬਹੁਤ ਹੀ ਜ਼ਿਆਦਾ ਗੰਭੀਰ ਕਾਰਨ ਨਾ ਹੋਣ ਤੇ ਜਾਂ ਦੂਜਾ ਵਿਆਹ ਕਰਨ ਦੇ ਆਪਣੇ ਸੁਆਰਥ ਦੀ ਖ਼ਾਤਰ ਜੇ ਕੋਈ ਆਪਣੇ ਪਹਿਲੇ ਵਿਆਹ ਨੂੰ ਤੋੜਨ ਵਿਚ ਜਲਦਬਾਜ਼ੀ ਕਰਦਾ ਹੈ, ਤਾਂ ਉਹ ਦੂਜਿਆਂ ਪ੍ਰਤਿ ਲਾਪਰਵਾਹੀ ਦਿਖਾਉਂਦਾ ਹੈ। ਇਵੇਂ ਕਰਨ ਤੇ ਉਸ ਦੀ ਜ਼ਿੰਦਗੀ ਬਿਹਤਰ ਜਾਂ ਖ਼ੁਸ਼ਹਾਲ ਨਹੀਂ ਹੋਵੇਗੀ। ਆਓ ਇਕ ਉਦਾਹਰਣ ਤੇ ਗੌਰ ਕਰੀਏ।

ਪੀਟਰ ਨੇ ਮਹਿਸੂਸ ਕੀਤਾ ਕਿ ਉਸ ਦਾ ਆਪਣੀ ਪਤਨੀ ਨਾਲ ਪਹਿਲਾਂ ਵਰਗਾ ਪਿਆਰ ਨਹੀਂ ਰਿਹਾ। * ਇਸ ਲਈ ਉਸ ਨੇ ਆਪਣੀ ਪਤਨੀ ਨੂੰ ਛੱਡ ਦਿੱਤਾ ਤੇ ਮੋਨਿਕਾ ਨਾਂ ਦੀ ਤੀਵੀਂ ਨਾਲ ਰਹਿਣ ਲੱਗ ਪਿਆ ਜਿਸ ਨੇ ਆਪਣੇ ਪਤੀ ਨੂੰ ਛੱਡ ਦਿੱਤਾ ਸੀ। ਕੀ ਉਨ੍ਹਾਂ ਦੋਵਾਂ ਦੀ ਜ਼ਿੰਦਗੀ ਸੁਧਰ ਗਈ? ਪੀਟਰ ਕਹਿੰਦਾ ਹੈ ਕਿ ਕੁਝ ਹੀ ਮਹੀਨਿਆਂ ਵਿਚ ਮੈਨੂੰ ਪਤਾ ਲੱਗ ਗਿਆ ਕਿ ਮੋਨਿਕਾ ਨਾਲ ਰਹਿਣਾ “ਐਨਾ ਸੌਖਾ ਨਹੀਂ ਸੀ ਜਿੰਨਾ ਕਿ ਮੈਂ ਸੋਚਿਆ ਸੀ।” ਕਿਉਂ? ਉਸ ਦੇ ਨਵੇਂ ਸਾਥੀ ਵਿਚ ਵੀ ਉਹੀ ਕਮੀਆਂ ਸਨ ਜੋ ਉਸ ਦੀ ਪਹਿਲੀ ਪਤਨੀ ਵਿਚ ਸਨ। ਉਸ ਨੇ ਜਲਦਬਾਜ਼ੀ ਵਿਚ ਅਤੇ ਆਪਣੇ ਸੁਆਰਥ ਦੀ ਖ਼ਾਤਰ ਗ਼ਲਤ ਫ਼ੈਸਲਾ ਕੀਤਾ ਜਿਸ ਕਰਕੇ ਉਸ ਦੇ ਹਾਲਾਤ ਹੋਰ ਵੀ ਬਦਤਰ ਹੋ ਗਏ ਤੇ ਉਹ ਰੁਪਏ-ਪੈਸੇ ਦੀਆਂ ਗੰਭੀਰ ਮੁਸ਼ਕਲਾਂ ਵਿਚ ਫਸ ਗਿਆ। ਇਸ ਤੋਂ ਇਲਾਵਾ, ਆਪਣੇ ਪਰਿਵਾਰ ਵਿਚ ਆਈਆਂ ਵੱਡੀਆਂ ਤਬਦੀਲੀਆਂ ਦੇਖ ਕੇ ਮੋਨਿਕਾ ਦੇ ਬੱਚਿਆਂ ਦੇ ਜਜ਼ਬਾਤਾਂ ਨੂੰ ਬੜੀ ਠੇਸ ਪਹੁੰਚੀ।

ਜਿਵੇਂ ਇਸ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਜਦੋਂ ਵਿਆਹੁਤਾ ਜੀਵਨ ਵਿਚ ਮੁਸ਼ਕਲਾਂ ਉੱਠਦੀਆਂ ਹਨ, ਤਾਂ ਇਕ-ਦੂਜੇ ਤੋਂ ਵੱਖਰੇ ਹੋਣ ਜਾਂ ਤਲਾਕ ਦੇਣ ਨਾਲ ਸਮੱਸਿਆ ਦਾ ਕੋਈ ਹੱਲ ਨਹੀਂ ਹੁੰਦਾ। ਦੂਜੇ ਪਾਸੇ, ਪਰਮੇਸ਼ੁਰ ਦੇ ਬਚਨ, ਬਾਈਬਲ ਵਿਚਲੇ ਨੈਤਿਕ ਗੁਣਾਂ ਤੇ ਚੱਲ ਕੇ ਤੂਫ਼ਾਨ ਵਰਗੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਇਵੇਂ ਵਿਆਹੁਤਾ ਜੀਵਨ ਸਹੀ-ਸਲਾਮਤ ਅਤੇ ਸੁੱਖ-ਸ਼ਾਂਤੀ ਨਾਲ ਚੱਲਦਾ ਰਹਿ ਸਕਦਾ ਹੈ। ਇਸ ਬਾਰੇ ਅਸੀਂ ਟੋਮਸ ਅਤੇ ਡੋਰਿਸ ਦੀ ਜ਼ਿੰਦਗੀ ਤੋਂ ਦੇਖ ਸਕਦੇ ਹਾਂ।

ਟੋਮਸ ਤੇ ਡੋਰਿਸ ਨੂੰ ਵਿਆਹੇ ਹੋਏ ਉਦੋਂ 30 ਸਾਲ ਹੋ ਗਏ ਸਨ, ਜਦੋਂ ਟੋਮਸ ਨੇ ਬਹੁਤ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਡੋਰਿਸ ਨਿਰਾਸ਼ ਤੇ ਉਦਾਸ ਰਹਿਣ ਲੱਗ ਪਈ। ਫਿਰ ਪਤੀ-ਪਤਨੀ ਦੋਹਾਂ ਨੇ ਤਲਾਕ ਲੈਣ ਦੀ ਸੋਚੀ। ਡੋਰਿਸ ਨੇ ਇਸ ਬਾਰੇ ਯਹੋਵਾਹ ਦੀ ਇਕ ਗਵਾਹ ਨਾਲ ਗੱਲ ਕੀਤੀ। ਉਸ ਗਵਾਹ ਨੇ ਡੋਰਿਸ ਨੂੰ ਦੱਸਿਆ ਕਿ ਬਾਈਬਲ ਵਿਆਹ ਬਾਰੇ ਕੀ ਦੱਸਦੀ ਹੈ। ਉਸ ਨੇ ਡੋਰਿਸ ਨੂੰ ਹੌਸਲਾ ਦਿੱਤਾ ਕਿ ਉਹ ਤਲਾਕ ਲੈਣ ਵਿਚ ਜਲਦਬਾਜ਼ੀ ਨਾ ਕਰੇ, ਸਗੋਂ ਪਹਿਲਾਂ ਆਪਣੇ ਪਤੀ ਨਾਲ ਗੱਲ ਕਰ ਕੇ ਇਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੇ। ਡੋਰਿਸ ਨੇ ਇੰਜ ਹੀ ਕੀਤਾ। ਕੁਝ ਮਹੀਨਿਆਂ ਬਾਅਦ, ਉਨ੍ਹਾਂ ਨੇ ਫਿਰ ਕਦੇ ਤਲਾਕ ਦੀ ਗੱਲ ਨਹੀਂ ਕੀਤੀ। ਇਹ ਤਾਂ ਹੀ ਹੋ ਸਕਿਆ ਕਿਉਂਕਿ ਟੋਮਸ ਤੇ ਡੋਰਿਸ ਦੋਵੇਂ ਮਿਲ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭ ਰਹੇ ਸਨ। ਬਾਈਬਲ ਦੀ ਸਲਾਹ ਤੇ ਚੱਲਣ ਨਾਲ ਉਨ੍ਹਾਂ ਦਾ ਵਿਆਹੁਤਾ ਬੰਧਨ ਪੱਕਾ ਹੋ ਗਿਆ ਤੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਸੁਲਝਾਉਣ ਲਈ ਸਮਾਂ ਮਿਲਿਆ।

ਸਾਰੀਆਂ ਗੱਲਾਂ ਵਿਚ ਈਮਾਨਦਾਰੀ ਦਿਖਾਓ

ਆਪਣੇ ਜੀਵਨ-ਸਾਥੀ ਪ੍ਰਤੀ ਵਫ਼ਾਦਾਰ ਰਹਿਣ ਲਈ ਨੈਤਿਕ ਤੌਰ ਤੇ ਸ਼ੁੱਧ ਰਹਿਣ ਅਤੇ ਪਿਆਰ ਦੇ ਅਸੂਲ ਤੇ ਚੱਲਣ ਦੀ ਲੋੜ ਹੈ। ਇਸ ਬੇਈਮਾਨ ਦੁਨੀਆਂ ਵਿਚ ਈਮਾਨਦਾਰ ਰਹਿਣ ਲਈ ਵੀ ਸਾਨੂੰ ਇਨ੍ਹਾਂ ਗੁਣਾਂ ਤੇ ਚੱਲਣ ਦੀ ਲੋੜ ਹੈ। ਈਮਾਨਦਾਰ ਰਹਿਣ ਲਈ ਬਾਈਬਲ ਵਿਚ ਬਹੁਤ ਸਾਰੀਆਂ ਗੱਲਾਂ ਦੱਸੀਆਂ ਗਈਆਂ ਹਨ। ਪਹਿਲੀ ਸਦੀ ਵਿਚ ਪੌਲੁਸ ਰਸੂਲ ਨੇ ਯਹੂਦਿਯਾ ਦੇ ਮਸੀਹੀਆਂ ਨੂੰ ਲਿਖਿਆ: “ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ [“ਈਮਾਨਦਾਰੀ,” ਨਿ ਵ] ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।” (ਇਬਰਾਨੀਆਂ 13:18) ਇਸ ਦਾ ਕੀ ਮਤਲਬ ਹੈ?

ਇਕ ਈਮਾਨਦਾਰ ਆਦਮੀ ਸੱਚਾ ਹੁੰਦਾ ਹੈ ਤੇ ਉਹ ਧੋਖੇਬਾਜ਼ੀ ਕਰਨ ਤੋਂ ਦੂਰ ਰਹਿੰਦਾ ਹੈ। ਉਹ ਦੂਜਿਆਂ ਨਾਲ ਈਮਾਨਦਾਰੀ ਨਾਲ ਪੇਸ਼ ਆਉਂਦਾ ਹੈ, ਖਰੀ ਗੱਲ ਕਰਦਾ ਹੈ ਤੇ ਆਦਰ ਦਿਖਾਉਂਦਾ ਹੈ। ਉਹ ਕਿਸੇ ਨੂੰ ਧੋਖਾ ਨਹੀਂ ਦਿੰਦਾ ਜਾਂ ਕਿਸੇ ਨੂੰ ਗੁਮਰਾਹ ਨਹੀਂ ਕਰਦਾ। ਇਸ ਤੋਂ ਇਲਾਵਾ, ਈਮਾਨਦਾਰ ਆਦਮੀ ਉਹ ਹੁੰਦਾ ਹੈ ਜੋ ਸਾਰਿਆਂ ਪ੍ਰਤੀ ਵਫ਼ਾਦਾਰ ਰਹਿੰਦਾ ਹੈ ਤੇ ਦੂਜਿਆਂ ਨਾਲ ਹੇਰਾ-ਫੇਰੀ ਨਹੀਂ ਕਰਦਾ। ਈਮਾਨਦਾਰ ਲੋਕ ਭਰੋਸੇ ਅਤੇ ਵਿਸ਼ਵਾਸ ਦਾ ਮਾਹੌਲ ਪੈਦਾ ਕਰਨ ਵਿਚ ਯੋਗਦਾਨ ਪਾਉਂਦੇ ਹਨ ਜਿਸ ਵਿਚ ਉਹ ਇਕ-ਦੂਜੇ ਨਾਲ ਚੰਗਾ ਸਲੂਕ ਕਰਦੇ ਹਨ ਤੇ ਆਪਣੇ ਇਨਸਾਨੀ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦੇ ਹਨ।

ਕੀ ਈਮਾਨਦਾਰ ਲੋਕ ਖ਼ੁਸ਼ ਹਨ? ਜੀ ਹਾਂ, ਉਨ੍ਹਾਂ ਕੋਲ ਖ਼ੁਸ਼ ਹੋਣ ਦਾ ਕਾਰਨ ਹੈ। ਅੱਜ ਲੋਕਾਂ ਵਿਚ ਐਨਾ ਭ੍ਰਿਸ਼ਟਾਚਾਰ ਅਤੇ ਐਨੀ ਬੇਈਮਾਨੀ ਫੈਲੀ ਹੋਣ ਦੇ ਬਾਵਜੂਦ, ਲੋਕ ਈਮਾਨਦਾਰੀ ਦਿਖਾਉਣ ਵਾਲੇ ਲੋਕਾਂ ਦੀ ਬੜੀ ਤਾਰੀਫ਼ ਕਰਦੇ ਹਨ। ਨੌਜਵਾਨਾਂ ਵਿਚ ਕੀਤੇ ਇਕ ਸਰਵੇਖਣ ਮੁਤਾਬਕ ਈਮਾਨਦਾਰੀ ਇਕ ਅਜਿਹਾ ਗੁਣ ਹੈ ਜਿਸ ਦੀ 70 ਪ੍ਰਤਿਸ਼ਤ ਨੌਜਵਾਨ ਕਦਰ ਕਰਦੇ ਹਨ। ਇਸ ਤੋਂ ਇਲਾਵਾ, ਭਾਵੇਂ ਅਸੀਂ ਕਿਸੇ ਵੀ ਉਮਰ ਦੇ ਕਿਉਂ ਨਾ ਹੋਈਏ, ਅਸੀਂ ਚਾਹੁੰਦੇ ਹਾਂ ਕਿ ਸਾਡੇ ਦੋਸਤ ਈਮਾਨਦਾਰ ਹੋਣ।

ਕ੍ਰਿਸਟੀਨ ਨੂੰ 12 ਸਾਲ ਦੀ ਉਮਰ ਤੋਂ ਹੀ ਚੋਰੀ ਕਰਨੀ ਸਿਖਾਈ ਗਈ ਸੀ। ਸਮੇਂ ਦੇ ਗੁਜ਼ਰਨ ਨਾਲ ਉਹ ਇਕ ਮਾਹਰ ਜ਼ੇਬਕਤਰੀ ਬਣ ਗਈ। ਉਹ ਦੱਸਦੀ ਹੈ: “ਕਦੀ-ਕਦੀ ਮੈਂ 5,000 ਮਾਰਕ [2,200 ਅਮਰੀਕੀ ਡਾਲਰ] ਲੈ ਕੇ ਘਰ ਆਉਂਦੀ ਹੁੰਦੀ ਸੀ।” ਪਰ ਕ੍ਰਿਸਟੀਨ ਨੂੰ ਕਈ ਵਾਰ ਗਿਰਫ਼ਤਾਰ ਕੀਤਾ ਗਿਆ ਅਤੇ ਉਸ ਨੂੰ ਹਮੇਸ਼ਾ ਜੇਲ੍ਹ ਭੇਜੇ ਜਾਣ ਦਾ ਡਰ ਰਹਿੰਦਾ ਸੀ। ਜਦੋਂ ਯਹੋਵਾਹ ਦੇ ਗਵਾਹਾਂ ਨੇ ਉਸ ਨੂੰ ਦੱਸਿਆ ਕਿ ਬਾਈਬਲ ਈਮਾਨਦਾਰੀ ਬਾਰੇ ਕੀ ਕਹਿੰਦੀ ਹੈ, ਤਾਂ ਕ੍ਰਿਸਟੀਨ ਬਾਈਬਲ ਦੇ ਨੈਤਿਕ ਅਸੂਲਾਂ ਵੱਲ ਖਿੱਚੀ ਗਈ। ਉਸ ਨੇ ਇਸ ਨਸੀਹਤ ਨੂੰ ਮੰਨਣਾ ਸਿੱਖਿਆ: “ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ।”—ਅਫ਼ਸੀਆਂ 4:28.

ਉਦੋਂ ਤੋਂ ਕ੍ਰਿਸਟੀਨ ਨੇ ਚੋਰੀ ਕਰਨੀ ਛੱਡ ਕੇ ਇਕ ਯਹੋਵਾਹ ਦੀ ਗਵਾਹ ਵਜੋਂ ਬਪਤਿਸਮਾ ਲਿਆ। ਉਸ ਨੇ ਸਾਰੀਆਂ ਗੱਲਾਂ ਵਿਚ ਈਮਾਨਦਾਰੀ ਨਾਲ ਚੱਲਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਗਵਾਹ ਈਮਾਨਦਾਰੀ ਉੱਤੇ ਅਤੇ ਹੋਰ ਮਸੀਹੀ ਗੁਣਾਂ ਉੱਤੇ ਬਹੁਤ ਜ਼ੋਰ ਦਿੰਦੇ ਹਨ। ਲਾਓਜਿਤਸ ਰੁਨਤਸ਼ਾਓ ਅਖ਼ਬਾਰ ਰਿਪੋਰਟ ਕਰਦੀ ਹੈ: “ਗਵਾਹਾਂ ਦੀ ਨਿਹਚਾ ਵਿਚ ਈਮਾਨਦਾਰੀ, ਸੰਜਮ ਅਤੇ ਗੁਆਂਢੀ ਲਈ ਪਿਆਰ ਵਰਗੇ ਨੈਤਿਕ ਸ਼ਬਦਾਂ ਦੀ ਬੜੀ ਕਦਰ ਕੀਤੀ ਜਾਂਦੀ ਹੈ।” ਕ੍ਰਿਸਟੀਨ ਆਪਣੀ ਜ਼ਿੰਦਗੀ ਵਿਚ ਆਈ ਤਬਦੀਲੀ ਬਾਰੇ ਕਿਵੇਂ ਮਹਿਸੂਸ ਕਰਦੀ ਹੈ? “ਮੈਂ ਹੁਣ ਬੜੀ ਖ਼ੁਸ਼ ਹਾਂ ਕਿ ਮੈਂ ਚੋਰੀ ਕਰਨੀ ਛੱਡ ਦਿੱਤੀ ਹੈ। ਹੁਣ ਮੈਂ ਮਹਿਸੂਸ ਕਰਦੀ ਹਾਂ ਕਿ ਮੈਂ ਸਮਾਜ ਦੀ ਇਕ ਇੱਜ਼ਤਦਾਰ ਮੈਂਬਰ ਹਾਂ।”

ਪੂਰੇ ਸਮਾਜ ਨੂੰ ਫ਼ਾਇਦਾ ਹੁੰਦਾ ਹੈ

ਜੋ ਲੋਕ ਆਪਣੇ ਜੀਵਨ-ਸਾਥੀ ਪ੍ਰਤੀ ਵਫ਼ਾਦਾਰ ਰਹਿੰਦੇ ਹਨ ਅਤੇ ਜਿਹੜੇ ਈਮਾਨਦਾਰ ਹਨ, ਉਹ ਨਾ ਸਿਰਫ਼ ਆਪ ਖ਼ੁਸ਼ ਰਹਿੰਦੇ ਹਨ, ਸਗੋਂ ਪੂਰੇ ਸਮਾਜ ਨੂੰ ਵੀ ਉਨ੍ਹਾਂ ਤੋਂ ਬੜਾ ਫ਼ਾਇਦਾ ਹੁੰਦਾ ਹੈ। ਮਾਲਕ ਵੀ ਈਮਾਨਦਾਰ ਲੋਕਾਂ ਨੂੰ ਕੰਮ ਤੇ ਰੱਖਣਾ ਪਸੰਦ ਕਰਦੇ ਹਨ। ਆਪਾਂ ਸਾਰੇ ਹੀ ਭਰੋਸੇਯੋਗ ਗੁਆਂਢੀਆਂ ਨੂੰ ਪਸੰਦ ਕਰਦੇ ਹਾਂ ਤੇ ਈਮਾਨਦਾਰ ਦੁਕਾਨਦਾਰਾਂ ਦੀਆਂ ਦੁਕਾਨਾਂ ਤੋਂ ਚੀਜ਼ਾਂ ਖ਼ਰੀਦਣੀਆਂ ਪਸੰਦ ਕਰਦੇ ਹਾਂ। ਕੀ ਅਸੀਂ ਉਨ੍ਹਾਂ ਈਮਾਨਦਾਰ ਸਿਆਸਤਦਾਨਾਂ, ਪੁਲਸੀਆਂ ਅਤੇ ਜੱਜਾਂ ਦਾ ਆਦਰ ਨਹੀਂ ਕਰਦੇ ਜੋ ਭ੍ਰਿਸ਼ਟਾਚਾਰ ਤੋਂ ਦੂਰ ਰਹਿੰਦੇ ਹਨ? ਸਮਾਜ ਨੂੰ ਉਦੋਂ ਬੜਾ ਫ਼ਾਇਦਾ ਹੁੰਦਾ ਹੈ ਜਦੋਂ ਲੋਕ ਈਮਾਨਦਾਰੀ ਦੇ ਅਸੂਲ ਉੱਤੇ ਹਮੇਸ਼ਾ ਚੱਲਦੇ ਹਨ, ਨਾ ਕਿ ਸਿਰਫ਼ ਉਦੋਂ ਜਦੋਂ ਉਨ੍ਹਾਂ ਨੂੰ ਈਮਾਨਦਾਰ ਰਹਿਣ ਨਾਲ ਕੋਈ ਫ਼ਾਇਦਾ ਹੁੰਦਾ ਹੈ।

ਇਸ ਤੋਂ ਇਲਾਵਾ, ਜਿਹੜੇ ਪਤੀ-ਪਤਨੀ ਇਕ-ਦੂਜੇ ਪ੍ਰਤੀ ਵਫ਼ਾਦਾਰ ਰਹਿੰਦੇ ਹਨ, ਉਹ ਮਜ਼ਬੂਤ ਪਰਿਵਾਰਾਂ ਦਾ ਆਧਾਰ ਬਣਦੇ ਹਨ। ਜ਼ਿਆਦਾਤਰ ਲੋਕ ਯੂਰਪ ਦੇ ਇਕ ਨੇਤਾ ਦੀ ਇਸ ਗੱਲ ਨਾਲ ਸਹਿਮਤ ਹੋਣਗੇ: “ਅੱਜ ਵੀ [ਰਵਾਇਤੀ] ਪਰਿਵਾਰ ਅਜਿਹੀ ਪਨਾਹ ਹਨ ਜਿਸ ਵਿਚ ਪਰਿਵਾਰ ਦੇ ਮੈਂਬਰਾਂ ਨੂੰ ਸੁਰੱਖਿਆ ਮਿਲਦੀ ਹੈ ਤੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਇਕ ਮਕਸਦ ਮਿਲਦਾ ਹੈ।” ਇਕ ਸ਼ਾਂਤੀਪੂਰਣ ਪਰਿਵਾਰ ਵਿਚ ਹੀ ਵੱਡੇ ਅਤੇ ਛੋਟੇ ਮੈਂਬਰ ਭਾਵਾਤਮਕ ਤੌਰ ਤੇ ਸੁਰੱਖਿਅਤ ਮਹਿਸੂਸ ਕਰ ਸਕਦੇ ਹਨ। ਇਕ-ਦੂਜੇ ਪ੍ਰਤੀ ਵਫ਼ਾਦਾਰ ਰਹਿਣ ਵਾਲੇ ਪਤੀ-ਪਤਨੀ ਹੀ ਸਮਾਜ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦੇ ਹਨ।

ਜ਼ਰਾ ਸੋਚੋ, ਸਾਰੇ ਲੋਕਾਂ ਨੂੰ ਕਿੰਨਾ ਫ਼ਾਇਦਾ ਹੋਵੇਗਾ ਜੇ ਕੋਈ ਪਤੀ ਜਾਂ ਪਤਨੀ ਇਕ-ਦੂਜੇ ਨੂੰ ਤਲਾਕ ਨਾ ਦੇਵੇ ਜਾਂ ਤਲਾਕ ਤੋਂ ਬਾਅਦ ਬੱਚਿਆਂ ਦੀ ਦੇਖ-ਭਾਲ ਬਾਰੇ ਪਤੀ-ਪਤਨੀ ਵਿਚਕਾਰ ਕੋਈ ਝਗੜਾ ਨਾ ਹੋਵੇ। ਅਤੇ ਕਿੰਨਾ ਚੰਗਾ ਹੋਵੇਗਾ ਜਦੋਂ ਨਾ ਜ਼ੇਬਕਤਰੇ, ਨਾ ਦੁਕਾਨਾਂ ਤੋਂ ਚੀਜ਼ਾਂ ਚੋਰੀ ਕਰਨ ਵਾਲੇ, ਨਾ ਘੋਟਾਲਾ ਕਰਨ ਵਾਲੇ, ਨਾ ਭ੍ਰਿਸ਼ਟ ਅਧਿਕਾਰੀ ਜਾਂ ਧੋਖੇਬਾਜ਼ ਵਿਗਿਆਨੀ ਹੋਣਗੇ? ਕੀ ਇਹ ਗੱਲਾਂ ਤੁਹਾਨੂੰ ਇਕ ਸੁਪਨਾ ਲੱਗਦੀਆਂ ਹਨ? ਇਹ ਗੱਲਾਂ ਉਨ੍ਹਾਂ ਲੋਕਾਂ ਨੂੰ ਸੁਪਨਾ ਨਹੀਂ ਲੱਗਦੀਆਂ ਜੋ ਬਾਈਬਲ ਅਤੇ ਬਾਈਬਲ ਵਿਚ ਭਵਿੱਖ ਬਾਰੇ ਦੱਸੀਆਂ ਗੱਲਾਂ ਵਿਚ ਡੂੰਘੀ ਦਿਲਚਸਪੀ ਰੱਖਦੇ ਹਨ। ਪਰਮੇਸ਼ੁਰ ਦਾ ਬਚਨ ਵਾਅਦਾ ਕਰਦਾ ਹੈ ਕਿ ਯਹੋਵਾਹ ਦਾ ਮਸੀਹਾਈ ਰਾਜ ਜਲਦੀ ਹੀ ਧਰਤੀ ਦੇ ਸਾਰੇ ਲੋਕਾਂ ਉੱਤੇ ਰਾਜ ਕਰੇਗਾ। ਉਸ ਰਾਜ ਅਧੀਨ ਸਾਰੇ ਲੋਕਾਂ ਨੂੰ ਬਾਈਬਲ ਦੇ ਨੈਤਿਕ ਗੁਣਾਂ ਮੁਤਾਬਕ ਜੀਉਣਾ ਸਿਖਾਇਆ ਜਾਵੇਗਾ। ਉਸ ਸਮੇਂ “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰ 37:29.

ਬਾਈਬਲ ਦੇ ਨੈਤਿਕ ਗੁਣ ਹੀ ਸਭ ਤੋਂ ਵਧੀਆ ਗੁਣ ਹਨ

ਲੱਖਾਂ ਹੀ ਲੋਕਾਂ ਨੇ ਬਾਈਬਲ ਦੀ ਧਿਆਨ ਨਾਲ ਜਾਂਚ ਕੀਤੀ ਹੈ। ਉਹ ਇਸ ਗੱਲ ਦੀ ਕਦਰ ਕਰਦੇ ਹਨ ਕਿ ਬਾਈਬਲ ਦੀ ਸਲਾਹ ਪਰਮੇਸ਼ੁਰੀ ਬੁੱਧੀ ਉੱਤੇ ਆਧਾਰਿਤ ਹੈ ਜੋ ਇਨਸਾਨੀ ਸੋਚ-ਵਿਚਾਰ ਤੋਂ ਕਿਤੇ ਉੱਚੀ ਹੈ। ਅਜਿਹੇ ਲੋਕ ਮੰਨਦੇ ਹਨ ਕਿ ਬਾਈਬਲ ਭਰੋਸੇਯੋਗ ਹੈ ਅਤੇ ਸਾਡੀ ਅੱਜ ਦੀ ਜ਼ਿੰਦਗੀ ਲਈ ਫ਼ਾਇਦੇਮੰਦ ਹੈ। ਉਹ ਜਾਣਦੇ ਹਨ ਕਿ ਪਰਮੇਸ਼ੁਰ ਦੇ ਬਚਨ ਦੀ ਸਲਾਹ ਨੂੰ ਮੰਨਣ ਵਿਚ ਉਨ੍ਹਾਂ ਦੀ ਹੀ ਭਲਾਈ ਹੈ।

ਇਸ ਲਈ, ਅਜਿਹੇ ਲੋਕ ਬਾਈਬਲ ਦੀ ਇਸ ਸਲਾਹ ਤੇ ਧਿਆਨ ਦਿੰਦੇ ਹਨ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾਉਤਾਂ 3:5, 6) ਇਵੇਂ ਉਹ ਆਪਣੀਆਂ ਜ਼ਿੰਦਗੀਆਂ ਨੂੰ ਸੁਧਾਰਦੇ ਹਨ ਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਫ਼ਾਇਦਾ ਪਹੁੰਚਾਉਂਦੇ ਹਨ। ਉਹ ਉਸ “ਆਉਣ ਵਾਲੇ ਜੀਵਨ” ਵਿਚ ਆਪਣਾ ਦ੍ਰਿੜ੍ਹ ਵਿਸ਼ਵਾਸ ਪੈਦਾ ਕਰਦੇ ਹਨ ਜਦੋਂ ਸਾਰੇ ਇਨਸਾਨ ਬਾਈਬਲ ਦੇ ਨੈਤਿਕ ਗੁਣਾਂ ਉੱਤੇ ਚੱਲਣਗੇ।—1 ਤਿਮੋਥਿਉਸ 4:8.

[ਫੁਟਨੋਟ]

^ ਪੈਰਾ 11 ਇਸ ਲੇਖ ਵਿਚ ਨਾਂ ਬਦਲ ਦਿੱਤੇ ਗਏ ਹਨ।

[ਸਫ਼ੇ 5 ਉੱਤੇ ਸੁਰਖੀ]

ਬਾਈਬਲ ਦੇ ਨੈਤਿਕ ਗੁਣਾਂ ਤੇ ਚੱਲ ਕੇ ਵਿਆਹੁਤਾ ਜੀਵਨ ਵਿਚ ਆਈਆਂ ਤੂਫ਼ਾਨ ਵਰਗੀਆਂ ਮੁਸ਼ਕਲਾਂ ਹੱਲ ਕੀਤੀਆਂ ਜਾ ਸਕਦੀਆਂ ਹਨ ਜਿਸ ਨਾਲ ਇਹ ਸਹੀ-ਸਲਾਮਤ ਅਤੇ ਸੁੱਖ-ਸ਼ਾਂਤੀ ਨਾਲ ਚੱਲਦਾ ਰਹਿੰਦਾ ਹੈ

[ਸਫ਼ੇ 6 ਉੱਤੇ ਸੁਰਖੀ]

ਅੱਜ ਲੋਕਾਂ ਵਿਚ ਬਹੁਤ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ, ਪਰ ਇਸ ਦੇ ਬਾਵਜੂਦ ਵੀ ਲੋਕ ਈਮਾਨਦਾਰੀ ਦਿਖਾਉਣ ਵਾਲਿਆਂ ਦੀ ਬੜੀ ਤਾਰੀਫ਼ ਕਰਦੇ ਹਨ