ਖ਼ਤਮ ਹੁੰਦੇ ਜਾ ਰਹੇ ਨੈਤਿਕ ਗੁਣ
ਖ਼ਤਮ ਹੁੰਦੇ ਜਾ ਰਹੇ ਨੈਤਿਕ ਗੁਣ
ਜਰਮਨੀ ਦੇ ਇਕ ਸਾਬਕਾ ਚਾਂਸਲਰ ਹਲਮੂਤ ਸ਼ਮਿਤ ਨੇ ਕਿਹਾ “ਇੱਦਾਂ ਪਹਿਲਾਂ ਕਦੇ ਨਹੀਂ ਹੋਇਆ”। ਹਾਲ ਹੀ ਵਿਚ ਉਹ ਸਰਕਾਰੀ ਅਧਿਕਾਰੀਆਂ ਵੱਲੋਂ ਕੀਤੇ ਬੇਈਮਾਨੀ ਦੇ ਵੱਡੇ-ਵੱਡੇ ਕਾਰਨਾਮਿਆਂ ਉੱਤੇ ਦੁੱਖ ਪ੍ਰਗਟਾ ਰਿਹਾ ਸੀ ਜੋ ਅਖ਼ਬਾਰ ਦੀਆਂ ਸੁਰਖ਼ੀਆਂ ਬਣੇ ਸਨ। ਉਸ ਨੇ ਕਿਹਾ: “ਲਾਲਚ ਨੈਤਿਕ ਅਸੂਲਾਂ ਨੂੰ ਨਿਗਲਦਾ ਜਾ ਰਿਹਾ ਹੈ।”
ਜ਼ਿਆਦਾਤਰ ਲੋਕ ਉਸ ਦੀ ਇਸ ਗੱਲ ਨਾਲ ਸਹਿਮਤ ਹੋਣਗੇ। ਪਰਮੇਸ਼ੁਰ ਦੇ ਬਚਨ, ਬਾਈਬਲ ਵਿਚ ਅਜਿਹੇ ਨੈਤਿਕ ਗੁਣ ਪਾਏ ਜਾਂਦੇ ਹਨ ਜੋ ਦੱਸਦੇ ਹਨ ਕਿ ਕੀ ਸਹੀ ਹੈ ਤੇ ਕੀ ਗ਼ਲਤ। ਲੰਮੇ ਸਮੇਂ ਤੋਂ ਬਹੁਤੇ ਲੋਕ ਇਨ੍ਹਾਂ ਗੁਣਾਂ ਨੂੰ ਅਪਣਾਉਂਦੇ ਆ ਰਹੇ ਹਨ। ਪਰ ਅੱਜ ਲੋਕਾਂ ਨੇ ਇਨ੍ਹਾਂ ਗੁਣਾਂ ਨੂੰ ਛਿੱਕੇ ਤੇ ਟੰਗਿਆ ਹੋਇਆ ਹੈ। ਇੱਥੋਂ ਤਕ ਕਿ ਮਸੀਹੀ ਧਰਮ ਤੇ ਚੱਲਣ ਦਾ ਦਾਅਵਾ ਕਰਨ ਵਾਲੇ ਦੇਸ਼ਾਂ ਵਿਚ ਵੀ ਇਨ੍ਹਾਂ ਗੁਣਾਂ ਦੀ ਕੋਈ ਅਹਿਮੀਅਤ ਨਹੀਂ।
ਕੀ ਬਾਈਬਲ ਦੇ ਨੈਤਿਕ ਗੁਣ ਫ਼ਾਇਦੇਮੰਦ ਹਨ?
ਬਾਈਬਲ ਦੀਆਂ ਸਿੱਖਿਆਵਾਂ ਉੱਤੇ ਆਧਾਰਿਤ ਨੈਤਿਕ ਗੁਣਾਂ ਵਿਚ ਈਮਾਨਦਾਰੀ ਅਤੇ ਖਰਿਆਈ ਵੀ ਸ਼ਾਮਲ ਹਨ। ਪਰ ਅਸੀਂ ਦੇਖਦੇ ਹਾਂ ਕਿ ਅੱਜ ਹਰ ਪਾਸੇ ਧੋਖਾ, ਭ੍ਰਿਸ਼ਟਾਚਾਰ ਅਤੇ ਠੱਗੀ ਸ਼ਰੇਆਮ ਹੋ ਰਹੀ ਹੈ। ਇਸ ਬਾਰੇ ਲੰਡਨ ਦੀ ਟਾਈਮਜ਼ ਅਖ਼ਬਾਰ ਰਿਪੋਰਟ ਕਰਦੀ ਹੈ ਕਿ ਕੁਝ ਜਾਸੂਸਾਂ ਤੇ “ਇਹ ਦੋਸ਼ ਲਾਇਆ ਗਿਆ ਹੈ ਕਿ ਉਹ ਪੁਲਸ ਵੱਲੋਂ ਜ਼ਬਤ ਕੀਤੀਆਂ ਨਸ਼ੀਲੀਆਂ ਦਵਾਈਆਂ ਲੈ ਕੇ ਦੁਬਾਰਾ ਅਪਰਾਧੀਆਂ ਨੂੰ ਦਿੰਦੇ ਹਨ ਜਾਂ ਵੱਡੇ-ਵੱਡੇ ਅਪਰਾਧੀਆਂ ਖ਼ਿਲਾਫ਼ ਇਕੱਠੇ ਕੀਤੇ ਸਬੂਤਾਂ ਨੂੰ ਮਿਟਾਉਣ ਲਈ ਹਰ ਵਾਰੀ ਇਕ-ਇਕ ਲੱਖ ਪੌਂਡ ਰਿਸ਼ਵਤ ਲੈਂਦੇ ਹਨ।” ਆਸਟ੍ਰੀਆ ਵਿਚ ਵੀ ਬੀਮੇ ਦੇ ਪੈਸਿਆਂ ਵਿਚ ਧੋਖੇਬਾਜ਼ੀ ਕਰਨੀ ਆਮ ਜਿਹੀ ਗੱਲ ਹੈ। ਜਰਮਨੀ ਦੇ ਵਿਗਿਆਨੀ ਉਦੋਂ ਹੱਕੇ-ਬੱਕੇ ਰਹਿ ਗਏ ਜਦੋਂ ਖੋਜਕਾਰਾਂ ਨੇ ਹਾਲ ਹੀ ਵਿਚ “ਜਰਮਨ
ਵਿਗਿਆਨ ਵਿਚ ਧੋਖੇਬਾਜ਼ੀ ਦੇ ਇਕ ਸਭ ਤੋਂ ਸਨਸਨੀਖੇਜ਼ ਕੇਸ” ਦਾ ਪਰਦਾ ਫ਼ਾਸ਼ ਕੀਤਾ। “ਜਰਮਨੀ ਦੇ ਜੈਨੇਟਿਕ ਵਿਗਿਆਨੀਆਂ ਵਿਚ ਇਕ ਮੰਨੇ-ਪ੍ਰਮੰਨੇ” ਪ੍ਰੋਫ਼ੈਸਰ ਉੱਤੇ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਵੱਡੇ ਪੱਧਰ ਤੇ ਗ਼ਲਤ ਜਾਂ ਮਨ-ਘੜਤ ਜਾਣਕਾਰੀ ਦਿੱਤੀ ਹੈ।ਬਾਈਬਲ-ਆਧਾਰਿਤ ਨੈਤਿਕ ਗੁਣਾਂ ਵਿਚ ਜੀਵਨ-ਸਾਥੀਆਂ ਪ੍ਰਤੀ ਵਫ਼ਾਦਾਰੀ ਵੀ ਸ਼ਾਮਲ ਹੈ ਕਿਉਂਕਿ ਇਹ ਇਕ ਮਜ਼ਬੂਤ ਰਿਸ਼ਤੇ ਦਾ ਆਧਾਰ ਹੈ। ਪਰ ਦੁੱਖ ਦੀ ਗੱਲ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਵਿਆਹੁਤਾ ਜੋੜਿਆਂ ਵਿਚ ਤਲਾਕ ਦੀ ਦਰ ਵੱਧਦੀ ਜਾ ਰਹੀ ਹੈ। ਕੈਥੋਲਿਕ ਅਖ਼ਬਾਰ ਕਰਿਸਟ ਇਨ ਡੇ ਗੇਗਨਵੋਰਟ (ਸਮਕਾਲੀ ਮਸੀਹੀ) ਰਿਪੋਰਟ ਦਿੰਦੀ ਹੈ ਕਿ “‘ਪਰੰਪਰਾਵਾਦੀ’ ਸਵਿਟਜ਼ਰਲੈਂਡ ਵਿਚ ਵੀ ਵੱਡੀ ਗਿਣਤੀ ਵਿਚ ਵਿਆਹ ਟੁੱਟ ਰਹੇ ਹਨ।” ਨੀਦਰਲੈਂਡ ਵਿਚ 33 ਪ੍ਰਤਿਸ਼ਤ ਵਿਆਹ ਤਲਾਕ ਨਾਲ ਟੁੱਟ ਜਾਂਦੇ ਹਨ। ਜਰਮਨੀ ਵਿਚ ਪਿਛਲੇ ਕੁਝ ਸਾਲਾਂ ਤੋਂ ਹੋਈਆਂ ਸਮਾਜਕ ਤਬਦੀਲੀਆਂ ਬਾਰੇ ਆਪਣੀ ਚਿੰਤਾ ਜ਼ਾਹਰ ਕਰਦੇ ਹੋਏ ਇਕ ਤੀਵੀਂ ਨੇ ਲਿਖਿਆ: “ਵਿਆਹ ਨੂੰ ਹੁਣ ਪੁਰਾਣੇ ਜ਼ਮਾਨੇ ਦਾ ਰਿਵਾਜ ਸਮਝਿਆ ਜਾਂਦਾ ਹੈ। ਲੋਕ ਉਮਰ ਭਰ ਇੱਕੋ ਹੀ ਜੀਵਨ-ਸਾਥੀ ਨਾਲ ਰਹਿਣ ਲਈ ਵਿਆਹ ਨਹੀਂ ਕਰਦੇ।”
ਦੂਜੇ ਪਾਸੇ, ਬਾਈਬਲ ਵਿਚ ਦੱਸੇ ਨੈਤਿਕ ਅਸੂਲਾਂ ਨੂੰ ਲੱਖਾਂ ਹੀ ਲੋਕ ਸਾਡੀ ਅੱਜ ਦੀ ਜ਼ਿੰਦਗੀ ਲਈ ਭਰੋਸੇਯੋਗ ਅਤੇ ਫ਼ਾਇਦੇਮੰਦ ਸਮਝਦੇ ਹਨ। ਸਵਿਸ-ਜਰਮਨ ਸਰਹੱਦ ਉੱਤੇ ਰਹਿੰਦੇ ਇਕ ਵਿਆਹੁਤਾ ਜੋੜੇ ਨੇ ਪਾਇਆ ਕਿ ਬਾਈਬਲ ਅਸੂਲਾਂ ਮੁਤਾਬਕ ਚੱਲ ਕੇ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖ਼ੁਸ਼ ਹੈ। ਦੋਵੇਂ ਪਤੀ-ਪਤਨੀ ਕਹਿੰਦੇ ਹਨ ਕਿ “ਜ਼ਿੰਦਗੀ ਦੇ ਹਰੇਕ ਪਹਿਲੂ ਵਿਚ ਇੱਕੋ ਚੀਜ਼ ਸਾਨੂੰ ਸੇਧ ਦਿੰਦੀ ਹੈ ਤੇ ਉਹ ਹੈ ਬਾਈਬਲ।”
ਇਸ ਬਾਰੇ ਤੁਹਾਡਾ ਕੀ ਖ਼ਿਆਲ ਹੈ? ਕੀ ਬਾਈਬਲ ਸਹੀ ਸੇਧ ਦੇ ਸਕਦੀ ਹੈ? ਕੀ ਬਾਈਬਲ ਵਿਚ ਦਿੱਤੇ ਨੈਤਿਕ ਗੁਣ ਅੱਜ ਦੇ ਜ਼ਮਾਨੇ ਵਿਚ ਢੁਕਵੇਂ ਹਨ?