Skip to content

Skip to table of contents

ਖੁੱਲ੍ਹੇ ਦਿਲੋਂ ਦਾਨ ਦੇਣ ਨਾਲ ਖ਼ੁਸ਼ੀ ਮਿਲਦੀ ਹੈ

ਖੁੱਲ੍ਹੇ ਦਿਲੋਂ ਦਾਨ ਦੇਣ ਨਾਲ ਖ਼ੁਸ਼ੀ ਮਿਲਦੀ ਹੈ

ਖੁੱਲ੍ਹੇ ਦਿਲੋਂ ਦਾਨ ਦੇਣ ਨਾਲ ਖ਼ੁਸ਼ੀ ਮਿਲਦੀ ਹੈ

ਇਕ ਪ੍ਰੇਮਮਈ ਮਸੀਹੀ ਨਿਗਾਹਬਾਨ ਹੋਣ ਦੇ ਨਾਤੇ ਪੌਲੁਸ ਰਸੂਲ ਆਪਣੇ ਸੰਗੀ ਮਸੀਹੀਆਂ ਦੀ ਦਿਲੋਂ ਚਿੰਤਾ ਕਰਦਾ ਸੀ। (2 ਕੁਰਿੰਥੀਆਂ 11:28) ਤਕਰੀਬਨ ਸਾ.ਯੁ. 55 ਵਿਚ ਜਦੋਂ ਉਸ ਨੇ ਯਹੂਦਿਯਾ ਵਿਚ ਲੋੜਵੰਦ ਮਸੀਹੀਆਂ ਦੀ ਮਾਲੀ ਤੌਰ ਤੇ ਮਦਦ ਕਰਨ ਲਈ ਚੰਦਾ ਇਕੱਠਾ ਕਰਨ ਦਾ ਇੰਤਜ਼ਾਮ ਕੀਤਾ, ਤਾਂ ਉਸ ਨੇ ਇਸ ਮੌਕੇ ਤੇ ਉਦਾਰਤਾ ਦਿਖਾਉਣ ਦਾ ਇਕ ਬਹੁਮੁੱਲਾ ਸਬਕ ਸਿਖਾਇਆ। ਪੌਲੁਸ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਕੋਈ ਖ਼ੁਸ਼ੀ ਨਾਲ ਦਿੰਦਾ ਹੈ, ਤਾਂ ਯਹੋਵਾਹ ਉਸ ਦੀ ਬੜੀ ਕਦਰ ਕਰਦਾ ਹੈ: “ਹਰੇਕ ਜਿਵੇਂ ਉਹ ਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ, ਰੰਜ ਨਾਲ ਅਥਵਾ ਲਚਾਰੀ ਨਾਲ ਨਹੀਂ ਕਿਉਂ ਜੋ ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।”—2 ਕੁਰਿੰਥੀਆਂ 9:7.

ਘੋਰ ਗ਼ਰੀਬੀ ਪਰ ਖੁੱਲ੍ਹ-ਦਿਲੀ

ਪਹਿਲੀ ਸਦੀ ਦੇ ਜ਼ਿਆਦਾਤਰ ਮਸੀਹੀ ਸਮਾਜ ਦੇ ਕੋਈ ਮੰਨੇ-ਦੰਨੇ ਲੋਕ ਨਹੀਂ ਸਨ। ਪੌਲੁਸ ਨੇ ਲਿਖਿਆ ਕਿ ਉਨ੍ਹਾਂ ਵਿੱਚੋਂ “ਬਾਹਲੇ ਬਲਵਾਨ” ਨਹੀਂ ਸਨ। ਉਹ ‘ਸੰਸਾਰ ਦੇ ਨਿਰਬਲ’ ਅਤੇ ‘ਸੰਸਾਰ ਦੇ ਅਦਨੇ’ ਲੋਕ ਸਨ। (1 ਕੁਰਿੰਥੀਆਂ 1:26-28) ਮਿਸਾਲ ਵਜੋਂ, ਮਕਦੂਨਿਯਾ ਦੇ ਮਸੀਹੀ “ਡਾਢੀ ਗਰੀਬੀ” ਅਤੇ “ਵੱਡੇ ਪਰਤਾਵੇ” ਵਿਚ ਜ਼ਿੰਦਗੀ ਬਸਰ ਕਰ ਰਹੇ ਸਨ। ਫਿਰ ਵੀ, ਮਕਦੂਨਿਯਾ ਦੇ ਭੈਣ-ਭਰਾਵਾਂ ਨੇ “ਉਸ ਸੇਵਾ ਵਿੱਚ ਜਿਹੜੀ ਸੰਤਾਂ ਦੇ ਲਈ ਹੈ” ਮਾਲੀ ਤੌਰ ਤੇ ਆਪਣਾ ਯੋਗਦਾਨ ਪਾਉਣ ਲਈ ਬੜੀਆਂ ਮਿੰਨਤਾਂ ਕੀਤੀਆਂ ਤੇ ਪੌਲੁਸ ਨੇ ਦੱਸਿਆ ਕਿ ਜੋ ਚੰਦਾ ਉਨ੍ਹਾਂ ਨੇ ਦਿੱਤਾ, ਉਹ ਉਨ੍ਹਾਂ ਦੇ “ਵਿਤੋਂ ਬਾਹਰ” ਸੀ।—2 ਕੁਰਿੰਥੀਆਂ 8:1-4.

ਫਿਰ ਵੀ, ਉਸ ਵੇਲੇ ਚੰਦੇ ਦੀ ਮਾਤਰਾ ਨਹੀਂ, ਸਗੋਂ ਦੇਣ ਦੀ ਦਿਲੀ ਇੱਛਾ ਦੇਖੀ ਗਈ। ਇਸੇ ਲਈ ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਸਲਾਹ ਦਿੱਤੀ ਕਿ ਚੰਦਾ ਆਪਣੀ ਇੱਛਾ ਨਾਲ ਦਿੱਤਾ ਜਾਂਦਾ ਹੈ। ਉਸ ਨੇ ਕਿਹਾ: “ਕਿਉਂ ਜੋ ਮੈਂ ਤੁਹਾਡੀ ਤਿਆਰੀ ਨੂੰ ਜਾਣਦਾ ਹਾਂ ਜਿਹ ਦੇ ਲਈ ਮੈਂ ਮਕਦੂਨਿਯਾ ਦੇ ਵਾਸੀਆਂ ਅੱਗੇ ਤੁਹਾਡੇ ਵਿਖੇ ਅਭਮਾਨ ਕਰਦਾ ਹਾਂ। . . . ਅਤੇ ਤੁਹਾਡੇ ਡਾਢੇ ਉੱਦਮ ਨੇ ਬਹੁਤਿਆਂ ਨੂੰ ਉਕਸਾਇਆ।” ਉਦਾਰਤਾ ਦਿਖਾਉਣ ਲਈ ਉਨ੍ਹਾਂ ਨੇ “ਦਿਲ ਵਿੱਚ ਧਾਰਿਆ” ਹੋਇਆ ਸੀ।—2 ਕੁਰਿੰਥੀਆਂ 9:2, 7.

‘ਉਨ੍ਹਾਂ ਦੇ ਆਤਮਾਂ ਨੇ ਉਨ੍ਹਾਂ ਦੀ ਭਾਉਣੀ ਕੀਤੀ’

ਪੌਲੁਸ ਰਸੂਲ ਨੂੰ ਉਦਾਰਤਾ ਬਾਰੇ ਸ਼ਾਇਦ 15 ਸਦੀਆਂ ਪਹਿਲਾਂ ਜੰਗਲ ਵਿਚ ਵਾਪਰੀ ਇਕ ਘਟਨਾ ਯਾਦ ਸੀ। ਇਸਰਾਏਲ ਦੇ 12 ਗੋਤ ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਚੁੱਕੇ ਸਨ। ਹੁਣ ਉਹ ਸੀਨਈ ਪਹਾੜ ਕੋਲ ਸਨ। ਯਹੋਵਾਹ ਨੇ ਉਨ੍ਹਾਂ ਨੂੰ ਭਗਤੀ ਲਈ ਡੇਹਰਾ ਅਤੇ ਇਸ ਨਾਲ ਸੰਬੰਧਿਤ ਹੋਰ ਕਈ ਤਰ੍ਹਾਂ ਦਾ ਸਾਜ-ਸਮਾਨ ਬਣਾਉਣ ਲਈ ਕਿਹਾ ਸੀ। ਇਸ ਦੇ ਲਈ ਕਾਫ਼ੀ ਚੀਜ਼ਾਂ ਦੀ ਲੋੜ ਸੀ ਜਿਸ ਕਰਕੇ ਕੌਮ ਨੂੰ ਚੰਦਾ ਦੇਣ ਲਈ ਕਿਹਾ ਗਿਆ।

ਇਸਰਾਏਲੀਆਂ ਨੇ ਕਿੱਦਾਂ ਦਾ ਰਵੱਈਆ ਦਿਖਾਇਆ? “ਸਾਰੇ ਮਨੁੱਖ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਆਏ ਅਤੇ ਜਿਨ੍ਹਾਂ ਦੇ ਆਤਮਾਂ ਨੇ ਉਸ ਦੀ ਭਾਉਣੀ ਕੀਤੀ ਓਹ ਯਹੋਵਾਹ ਲਈ ਭੇਟਾਂ ਮੰਡਲੀ ਦੇ ਤੰਬੂ ਦੇ ਬਣਾਉਣ ਲਈ” ਲੈ ਕੇ ਆਏ। (ਕੂਚ 35:21) ਕੀ ਇਸ ਕੌਮ ਨੇ ਦਿਲ ਖੋਲ੍ਹ ਕੇ ਚੰਦਾ ਦਿੱਤਾ? ਬਿਲਕੁਲ ਦਿੱਤਾ! ਮੂਸਾ ਨੂੰ ਦੱਸਿਆ ਗਿਆ: “ਲੋਕ ਉਪਾਸਨਾ ਦੇ ਕੰਮ ਦੀ ਲੋੜ ਤੋਂ ਜਿਹ ਦਾ ਯਹੋਵਾਹ ਨੇ ਬਣਾਉਣ ਦਾ ਹੁਕਮ ਦਿੱਤਾ ਹੈ ਵਾਫਰ ਲਿਆਉਂਦੇ ਹਨ।”—ਕੂਚ 36:5.

ਉਸ ਵੇਲੇ ਇਸਰਾਏਲੀਆਂ ਦੀ ਮਾਲੀ ਹਾਲਤ ਕਿੱਦਾਂ ਦੀ ਸੀ? ਕੁਝ ਸਮਾਂ ਪਹਿਲਾਂ ਉਹ ਗ਼ੁਲਾਮੀ ਦੀ ਤਰਸਯੋਗ ਜ਼ਿੰਦਗੀ ਬਿਤਾ ਰਹੇ ਸਨ। ਉਹ ਉੱਥੇ ਭਾਰ ਢੋਹੰਦੇ ਤੇ ਦੁੱਖਾਂ ਭਰੀ ਜ਼ਿੰਦਗੀ ਜੀਉਂਦੇ ਸਨ। (ਕੂਚ 1:11, 14; 3:7; 5:10-18) ਇਸ ਲਈ ਅਮੀਰ ਹੋਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ ਸੀ। ਇਹ ਸੱਚ ਹੈ ਕਿ ਇਸਰਾਏਲੀ ਮਿਸਰ ਤੋਂ ਆਪਣੇ ਨਾਲ ਵੱਗ ਤੇ ਇੱਜੜ ਲੈ ਕੇ ਆਏ ਸਨ। (ਕੂਚ 12:32) ਪਰ, ਇਹ ਸਭ ਕੁਝ ਉਨ੍ਹਾਂ ਲਈ ਕਾਫ਼ੀ ਨਹੀਂ ਸੀ ਕਿਉਂਕਿ ਮਿਸਰ ਛੱਡਣ ਤੋਂ ਜਲਦੀ ਬਾਅਦ ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਕੋਲ ਖਾਣ ਨੂੰ ਮਾਸ ਅਤੇ ਰੋਟੀ ਨਹੀਂ ਸੀ।—ਕੂਚ 16:3.

ਫਿਰ ਇਸਰਾਏਲੀਆਂ ਕੋਲ ਡੇਹਰਾ ਬਣਾਉਣ ਲਈ ਇੰਨੀਆਂ ਕੀਮਤੀ ਚੀਜ਼ਾਂ ਕਿੱਥੋਂ ਆਈਆਂ? ਉਨ੍ਹਾਂ ਦੇ ਪੁਰਾਣੇ ਮਾਲਕ ਮਿਸਰੀਆਂ ਕੋਲੋਂ। ਬਾਈਬਲ ਕਹਿੰਦੀ ਹੈ: “ਇਸਰਾਏਲੀਆਂ ਨੇ . . . ਮਿਸਰੀਆਂ ਤੋਂ ਚਾਂਦੀ ਦੇ ਗਹਿਣੇ ਅਤੇ ਸੋਨੇ ਦੇ ਗਹਿਣੇ ਅਤੇ ਲੀੜੇ . . . ਮੰਗ ਲਏ। . . . ਸੋ ਉਨ੍ਹਾਂ ਨੇ ਜੋ ਮੰਗਿਆ[ਮਿਸਰੀਆਂ] ਨੇ ਦੇ ਦਿੱਤਾ।” ਮਿਸਰੀਆਂ ਨੇ ਜੋ ਵੀ ਉਨ੍ਹਾਂ ਨੂੰ ਦਿੱਤਾ ਸੀ, ਉਹ ਯਹੋਵਾਹ ਵੱਲੋਂ ਇਕ ਬਰਕਤ ਸੀ ਨਾ ਕਿ ਫ਼ਿਰਊਨ ਦੀ ਮਿਹਰਬਾਨੀ। ਬਾਈਬਲ ਕਹਿੰਦੀ ਹੈ: “ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਮਿਸਰੀਆਂ ਦੀ ਨਿਗਾਹ ਵਿੱਚ ਆਦਰ ਮਾਨ ਦਿੱਤਾ ਸੋ ਉਨ੍ਹਾਂ ਨੇ ਜੋ ਮੰਗਿਆ ਉਨ੍ਹਾਂ ਨੇ ਦੇ ਦਿੱਤਾ।”—ਕੂਚ 12:35, 36.

ਸੋਚੋ ਕਿ ਇਸਰਾਏਲੀਆਂ ਨੇ ਕਿੱਦਾਂ ਮਹਿਸੂਸ ਕੀਤਾ ਹੋਵੇਗਾ। ਕਈ ਪੀੜ੍ਹੀਆਂ ਤੋਂ ਉਨ੍ਹਾਂ ਨੇ ਗ਼ੁਲਾਮੀ ਅਤੇ ਤੰਗਹਾਲੀ ਦੀ ਬਦਤਰ ਜ਼ਿੰਦਗੀ ਬਿਤਾਈ ਸੀ। ਪਰ ਹੁਣ ਉਹ ਆਜ਼ਾਦ ਸਨ ਤੇ ਉਨ੍ਹਾਂ ਕੋਲ ਚੋਖਾ ਮਾਲ-ਧਨ ਸੀ। ਉਸ ਮਾਲ-ਧਨ ਦਾ ਕੁਝ ਹਿੱਸਾ ਕਿਸੇ ਨੂੰ ਦੇਣ ਲੱਗਿਆਂ ਉਨ੍ਹਾਂ ਨੂੰ ਕਿੱਦਾਂ ਦਾ ਲੱਗ ਸਕਦਾ ਸੀ? ਉਹ ਸੋਚ ਸਕਦੇ ਸੀ ਕਿ ਇਹ ਮਾਲ-ਧਨ ਉਨ੍ਹਾਂ ਨੇ ਕਮਾਇਆ ਸੀ ਤੇ ਇਸ ਨੂੰ ਆਪਣੇ ਕੋਲ ਰੱਖਣ ਦਾ ਉਨ੍ਹਾਂ ਨੂੰ ਅਧਿਕਾਰ ਸੀ। ਪਰ, ਜਦੋਂ ਉਨ੍ਹਾਂ ਨੂੰ ਸੱਚੀ ਭਗਤੀ ਲਈ ਚੰਦਾ ਦੇਣ ਨੂੰ ਕਿਹਾ ਗਿਆ, ਤਾਂ ਉਹ ਨਾ ਤਾਂ ਹਿਚਕਿਚਾਏ ਤੇ ਨਾ ਹੀ ਉਨ੍ਹਾਂ ਨੇ ਕੰਜੂਸੀ ਦਿਖਾਈ! ਉਹ ਇਹ ਗੱਲ ਨਹੀਂ ਭੁੱਲੇ ਕਿ ਯਹੋਵਾਹ ਦੀ ਮਿਹਰ ਨਾਲ ਹੀ ਉਨ੍ਹਾਂ ਨੂੰ ਇਹ ਸਭ ਚੀਜ਼ਾਂ ਮਿਲੀਆਂ ਸਨ। ਇਸ ਲਈ, ਉਨ੍ਹਾਂ ਨੇ ਸੋਨਾ, ਚਾਂਦੀ ਅਤੇ ਆਪਣੇ ਇੱਜੜ ਦਿਲ ਖੋਲ੍ਹ ਕੇ ਦਿੱਤੇ। ਉਨ੍ਹਾਂ ਨੇ “ਮਨ ਦੀ ਭਾਉਣੀ” ਮੁਤਾਬਕ ਦਿੱਤਾ। ਉਨ੍ਹਾਂ ਦੇ “ਮਨਾਂ ਨੇ” ਉਨ੍ਹਾਂ ਨੂੰ ਦੇਣ ਲਈ ਉਕਸਾਇਆ। ਸੱਚੀਂ ਉਹ “ਯਹੋਵਾਹ ਲਈ ਖ਼ੁਸ਼ੀ ਦੀਆਂ ਭੇਟਾਂ ਲਿਆਏ।”—ਕੂਚ 25:1-9; 35:2-9; 35:18-29; 36:1-7.

ਦੇਣ ਲਈ ਤਿਆਰ

ਇਕ ਵਿਅਕਤੀ ਵੱਲੋਂ ਦਿੱਤੇ ਚੰਦੇ ਦੀ ਮਾਤਰਾ ਤੋਂ ਉਸ ਦੀ ਉਦਾਰਤਾ ਦਾ ਪਤਾ ਨਹੀਂ ਲੱਗਦਾ। ਇਕ ਵਾਰ ਯਿਸੂ ਮਸੀਹ ਨੇ ਹੈਕਲ ਦੇ ਖ਼ਜ਼ਾਨੇ ਵਿਚ ਕਈ ਲੋਕਾਂ ਨੂੰ ਚੰਦਾ ਪਾਉਂਦੇ ਦੇਖਿਆ। ਅਮੀਰਾਂ ਨੇ ਕਾਫ਼ੀ ਸਿੱਕੇ ਪਾਏ, ਪਰ ਜਦੋਂ ਉਸ ਨੇ ਇਕ ਗ਼ਰੀਬ ਵਿਧਵਾ ਨੂੰ ਖ਼ਜ਼ਾਨੇ ਵਿਚ ਸਿਰਫ਼ ਦੋ ਦਮੜੀਆਂ ਪਾਉਂਦੇ ਦੇਖਿਆ, ਤਾਂ ਉਹ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਕਿਹਾ: “ਇਸ ਕੰਗਾਲ ਵਿਧਵਾ ਨੇ ਉਨ੍ਹਾਂ ਸਭਨਾਂ ਨਾਲੋਂ ਬਹੁਤਾ ਪਾ ਦਿੱਤਾ ਹੈ। . . . ਇਹ ਨੇ ਆਪਣੀ ਥੁੜ ਵਿੱਚੋਂ ਸਾਰੀ ਪੂੰਜੀ ਜੋ ਇਹ ਦੀ ਸੀ ਪਾ ਦਿੱਤੀ।”—ਲੂਕਾ 21:1-4; ਮਰਕੁਸ 12:39-44.

ਪੌਲੁਸ ਨੇ ਕੁਰਿੰਥੀਆਂ ਨੂੰ ਜੋ ਕਿਹਾ ਉਹ ਯਿਸੂ ਦੀ ਇਸ ਗੱਲ ਨਾਲ ਮਿਲਦਾ-ਜੁਲਦਾ ਸੀ। ਜਦੋਂ ਲੋੜਵੰਦ ਸੰਗੀ ਮਸੀਹੀਆਂ ਦੀ ਮਦਦ ਕਰਨ ਲਈ ਚੰਦਾ ਦੇਣ ਦੀ ਵਾਰੀ ਆਈ, ਤਾਂ ਪੌਲੁਸ ਨੇ ਕਿਹਾ: “ਜੇ ਮਨ ਦੀ ਤਿਆਰੀ ਅੱਗੇ ਹੋਵੇ ਤਾਂ ਉਹ ਉਸ ਦੇ ਅਨੁਸਾਰ ਜੋ ਕਿਸੇ ਕੋਲ ਹੈ ਪਰਵਾਨ ਹੁੰਦੀ ਹੈ ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ।” (2 ਕੁਰਿੰਥੀਆਂ 8:12) ਜੀ ਹਾਂ, ਚੰਦਾ ਦੇਣ ਵਿਚ ਮੁਕਾਬਲੇਬਾਜ਼ੀ ਨਹੀਂ ਹੋਣੀ ਚਾਹੀਦੀ। ਇਕ ਵਿਅਕਤੀ ਆਪਣੀ ਹੈਸੀਅਤ ਮੁਤਾਬਕ ਜੋ ਵੀ ਦਿੰਦਾ ਹੈ, ਉਸ ਤੋਂ ਯਹੋਵਾਹ ਬਹੁਤ ਖ਼ੁਸ਼ ਹੁੰਦਾ ਹੈ।

ਹਾਲਾਂਕਿ ਯਹੋਵਾਹ ਨੂੰ ਕੋਈ ਅਮੀਰ ਨਹੀਂ ਬਣਾ ਸਕਦਾ ਕਿਉਂਕਿ ਸਾਰੀਆਂ ਚੀਜ਼ਾਂ ਦਾ ਮਾਲਕ ਉਹੀ ਹੈ, ਪਰ ਚੰਦਾ ਦੇਣਾ ਇਕ ਵਿਸ਼ੇਸ਼-ਸਨਮਾਨ ਹੈ ਜਿਹੜਾ ਉਸ ਦੇ ਭਗਤਾਂ ਨੂੰ ਇਹ ਦਿਖਾਉਣ ਦਾ ਮੌਕਾ ਦਿੰਦਾ ਹੈ ਕਿ ਉਹ ਉਸ ਨੂੰ ਕਿੰਨਾ ਪਿਆਰ ਕਰਦੇ ਹਨ। (1 ਇਤਹਾਸ 29:14-17) ਸੱਚੀ ਭਗਤੀ ਦੇ ਵਾਧੇ ਲਈ ਜੋ ਚੰਦੇ ਦਿਖਾਵੇ ਜਾਂ ਕਿਸੇ ਸੁਆਰਥ ਦੀ ਬਜਾਇ, ਚੰਗੀ ਮਨੋਬਿਰਤੀ ਨਾਲ ਦਿੱਤੇ ਜਾਣ, ਤਾਂ ਖ਼ੁਸ਼ੀਆਂ ਦੇ ਨਾਲ-ਨਾਲ ਪਰਮੇਸ਼ੁਰ ਦੀਆਂ ਬਰਕਤਾਂ ਵੀ ਮਿਲਦੀਆਂ ਹਨ। (ਮੱਤੀ 6:1-4) ਯਿਸੂ ਨੇ ਕਿਹਾ ਸੀ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਜੇ ਅਸੀਂ ਯਹੋਵਾਹ ਦੀ ਸੇਵਾ ਕਰਨ ਵਿਚ ਆਪਣੀ ਤਾਕਤ ਲਾਈਏ ਤੇ ਸੱਚੀ ਭਗਤੀ ਦੇ ਵਾਧੇ ਲਈ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਜੇ ਕੁਝ ਰੁਪਇਆ-ਪੈਸਾ ਵੱਖ ਰੱਖੀਏ, ਤਾਂ ਸਾਨੂੰ ਵੀ ਇਹ ਖ਼ੁਸ਼ੀ ਮਿਲ ਸਕਦੀ ਹੈ।—1 ਕੁਰਿੰਥੀਆਂ 16:1, 2.

ਅੱਜ ਦੇਣ ਲਈ ਤਿਆਰ

ਅੱਜ “ਰਾਜ ਦੀ ਇਸ ਖ਼ੁਸ਼ ਖ਼ਬਰੀ” ਨੂੰ ਪੂਰੀ ਦੁਨੀਆਂ ਵਿਚ ਫੈਲਦਾ ਹੋਇਆ ਦੇਖ ਕੇ ਯਹੋਵਾਹ ਦੇ ਗਵਾਹ ਬਹੁਤ ਖ਼ੁਸ਼ ਹੁੰਦੇ ਹਨ। (ਮੱਤੀ 24:14) 20ਵੀਂ ਸਦੀ ਦੇ ਅਖ਼ੀਰਲੇ ਦਹਾਕੇ ਵਿਚ 30,00,000 ਤੋਂ ਜ਼ਿਆਦਾ ਲੋਕਾਂ ਨੇ ਬਪਤਿਸਮਾ ਲਿਆ ਤੇ ਤਕਰੀਬਨ 30,000 ਨਵੀਆਂ ਕਲੀਸਿਯਾਵਾਂ ਬਣੀਆਂ ਸਨ। ਜੀ ਹਾਂ, ਯਹੋਵਾਹ ਦੇ ਗਵਾਹਾਂ ਦੀਆਂ ਜਿੰਨੀਆਂ ਕਲੀਸਿਯਾਵਾਂ ਅੱਜ ਹਨ, ਉਨ੍ਹਾਂ ਵਿੱਚੋਂ ਇਕ ਤਿਹਾਈ ਪਿਛਲੇ ਦਸਾਂ ਸਾਲਾਂ ਵਿਚ ਬਣੀਆਂ ਹਨ! ਜ਼ਿਆਦਾ ਕਰਕੇ ਇਹ ਵਾਧਾ ਵਫ਼ਾਦਾਰ ਮਸੀਹੀ ਭੈਣ-ਭਰਾਵਾਂ ਦੀ ਸਖ਼ਤ ਮਿਹਨਤ ਸਦਕਾ ਹੋ ਸਕਿਆ ਜੋ ਆਪਣੇ ਗੁਆਂਢੀਆਂ ਨੂੰ ਯਹੋਵਾਹ ਦਾ ਮਕਸਦ ਦੱਸਣ ਲਈ ਆਪਣਾ ਸਮਾਂ ਅਤੇ ਤਾਕਤ ਲਾਉਂਦੇ ਹਨ। ਕੁਝ ਵਾਧਾ ਮਿਸ਼ਨਰੀਆਂ ਦੀ ਸਖ਼ਤ ਮਿਹਨਤ ਕਰਕੇ ਹੋਇਆ ਹੈ ਜੋ ਆਪਣੇ ਘਰ-ਬਾਰ ਛੱਡ ਕੇ ਦੂਰ-ਦੁਰੇਡੇ ਇਲਾਕਿਆਂ ਵਿਚ ਰਾਜ ਪ੍ਰਚਾਰ ਦੇ ਕੰਮ ਵਿਚ ਮਦਦ ਦਿੰਦੇ ਹਨ। ਇਸ ਵਾਧੇ ਕਰਕੇ ਕਈ ਨਵੇਂ ਸਰਕਟ ਬਣਾਏ ਗਏ ਹਨ ਜਿਸ ਕਰਕੇ ਸਰਕਟ ਨਿਗਾਹਬਾਨ ਨਿਯੁਕਤ ਕਰਨ ਦੀ ਲੋੜ ਪਈ ਹੈ। ਇਸ ਤੋਂ ਇਲਾਵਾ, ਪ੍ਰਚਾਰ ਅਤੇ ਨਿੱਜੀ ਅਧਿਐਨ ਲਈ ਜ਼ਿਆਦਾ ਬਾਈਬਲਾਂ ਦੀ ਲੋੜ ਪਈ ਹੈ। ਰਸਾਲੇ ਅਤੇ ਹੋਰ ਕਿਤਾਬਾਂ ਵਗੈਰਾ ਦੀ ਵੀ ਲੋੜ ਪਈ ਹੈ। ਇਸੇ ਕਰਕੇ, ਕਈ ਦੇਸ਼ਾਂ ਦੇ ਸ਼ਾਖ਼ਾ ਦਫ਼ਤਰ ਵੱਡੇ ਕਰਨ ਜਾਂ ਬਦਲਣ ਦੀ ਲੋੜ ਪਈ ਹੈ। ਇਨ੍ਹਾਂ ਸਾਰੀਆਂ ਲੋੜਾਂ ਨੂੰ ਯਹੋਵਾਹ ਦੇ ਲੋਕਾਂ ਵੱਲੋਂ ਦਿੱਤੇ ਚੰਦੇ ਨਾਲ ਪੂਰਾ ਕੀਤਾ ਜਾਂਦਾ ਹੈ।

ਕਿੰਗਡਮ ਹਾਲਾਂ ਦੀ ਲੋੜ

ਯਹੋਵਾਹ ਦੇ ਗਵਾਹਾਂ ਦੀ ਗਿਣਤੀ ਵਧਣ ਨਾਲ ਇਕ ਚੀਜ਼ ਦੀ ਵੱਡੀ ਲੋੜ ਸਾਮ੍ਹਣੇ ਆਈ ਹੈ, ਉਹ ਹੈ ਕਿੰਗਡਮ ਹਾਲ। ਸਾਲ 2,000 ਦੇ ਸ਼ੁਰੂ ਵਿਚ ਕੀਤੇ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੇਸ਼ਾਂ ਵਿਚ ਜਿੱਥੇ ਪੈਸੇ ਦੀ ਘਾਟ ਹੈ, ਉੱਥੇ 11,000 ਤੋਂ ਜ਼ਿਆਦਾ ਕਿੰਗਡਮ ਹਾਲ ਚਾਹੀਦੇ ਹਨ। ਅੰਗੋਲਾ ਵੱਲ ਗੌਰ ਕਰੋ। ਕਈ ਸਾਲਾਂ ਤਕ ਚੱਲੇ ਘਰੇਲੂ ਯੁੱਧ ਦੇ ਬਾਵਜੂਦ, ਇੱਥੇ ਹਰ ਸਾਲ ਪ੍ਰਕਾਸ਼ਕਾਂ ਦੀ ਗਿਣਤੀ ਵਿਚ 10 ਫੀ ਸਦੀ ਵਾਧਾ ਹੋ ਰਿਹਾ ਹੈ। ਪਰ ਇਸ ਵੱਡੇ ਅਫ਼ਰੀਕੀ ਦੇਸ਼ ਵਿਚ 675 ਕਲੀਸਿਯਾਵਾਂ ਵਿੱਚੋਂ ਜ਼ਿਆਦਾਤਰ ਕਲੀਸਿਯਾਵਾਂ ਖੁੱਲ੍ਹੇ ਦਲਾਨਾਂ ਵਿਚ ਸਭਾਵਾਂ ਕਰਦੀਆਂ ਹਨ। ਇਸ ਦੇਸ਼ ਵਿਚ ਸਿਰਫ਼ 22 ਕਿੰਗਡਮ ਹਾਲ ਹਨ ਜਿਨ੍ਹਾਂ ਵਿੱਚੋਂ ਸਿਰਫ਼ 12 ਦੀਆਂ ਹੀ ਛੱਤਾਂ ਹਨ।

ਕਾਂਗੋ ਲੋਕਤੰਤਰੀ ਗਣਰਾਜ ਦੀ ਹਾਲਤ ਵੀ ਇਸੇ ਤਰ੍ਹਾਂ ਦੀ ਹੈ। ਬੇਸ਼ੱਕ ਇਸ ਦੀ ਰਾਜਧਾਨੀ ਕਿੰਨਸ਼ਾਸਾ ਵਿਚ ਲਗਭਗ 300 ਕਲੀਸਿਯਾਵਾਂ ਹਨ, ਪਰ ਇੱਥੇ ਸਿਰਫ਼ 10 ਕਿੰਗਡਮ ਹਾਲ ਹਨ। ਇਸ ਦੇਸ਼ ਨੂੰ 1500 ਤੋਂ ਜ਼ਿਆਦਾ ਕਿੰਗਡਮ ਹਾਲਾਂ ਦੀ ਸਖ਼ਤ ਲੋੜ ਹੈ। ਪੂਰਬੀ ਯੂਰਪੀਅਨ ਦੇਸ਼ਾਂ ਵਿਚ ਪ੍ਰਕਾਸ਼ਕਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ਕਰਕੇ, ਰੂਸ ਅਤੇ ਯੂਕਰੇਨ ਵਿਚ ਕਈ ਸੌ ਕਿੰਗਡਮ ਹਾਲਾਂ ਦੀ ਲੋੜ ਹੈ। ਲਾਤੀਨੀ ਅਮਰੀਕਾ ਵਿਚ ਹੋਈ ਤਰੱਕੀ ਕਰਕੇ ਬ੍ਰਾਜ਼ੀਲ ਵਿਚ ਜਿੱਥੇ ਪੰਜ ਲੱਖ ਤੋਂ ਵੀ ਜ਼ਿਆਦਾ ਪ੍ਰਕਾਸ਼ਕ ਹਨ ਕਿੰਗਡਮ ਹਾਲਾਂ ਦੀ ਸਖ਼ਤ ਲੋੜ ਹੈ।

ਅਜਿਹੇ ਦੇਸ਼ਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ, ਯਹੋਵਾਹ ਦੇ ਗਵਾਹਾਂ ਨੇ ਕਿੰਗਡਮ ਹਾਲ ਉਸਾਰੀ ਪ੍ਰੋਗ੍ਰਾਮ ਉੱਤੇ ਤੇਜ਼ੀ ਨਾਲ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰੋਗ੍ਰਾਮ ਦਾ ਫ਼ੰਡ ਵੀ ਭੈਣ-ਭਰਾਵਾਂ ਵੱਲੋਂ ਦਿੱਤੇ ਚੰਦੇ ਤੋਂ ਆਉਂਦਾ ਹੈ ਤਾਂਕਿ ਗ਼ਰੀਬ ਤੋਂ ਵੀ ਗ਼ਰੀਬ ਕਲੀਸਿਯਾ ਕੋਲ ਭਗਤੀ ਲਈ ਘੱਟ ਤੋਂ ਘੱਟ ਸਹੀ ਢੰਗ ਦਾ ਕਿੰਗਡਮ ਹਾਲ ਹੋਵੇ।

ਜਿਵੇਂ ਇਸਰਾਏਲੀਆਂ ਦੇ ਸਮੇਂ ਹੋਇਆ ਸੀ, ਉਸੇ ਤਰ੍ਹਾਂ ਅੱਜ ਵੀ ਇਹ ਕੰਮ ਸਿਰੇ ਚਾੜ੍ਹਿਆ ਜਾ ਸਕਦਾ ਹੈ ਕਿਉਂਕਿ ਵਫ਼ਾਦਾਰ ਮਸੀਹੀ ‘ਆਪਣੇ ਕੀਮਤੀ ਮਾਲ ਨਾਲ . . . ਯਹੋਵਾਹ ਦੀ ਮਹਿਮਾ’ ਕਰਦੇ ਹਨ। (ਕਹਾਉਤਾਂ 3:9, 10) ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਦੇ ਦਿਲਾਂ ਨੇ ਉਨ੍ਹਾਂ ਨੂੰ ਚੰਦਾ ਦੇਣ ਲਈ ਪ੍ਰੇਰਿਆ ਹੈ। ਸਾਨੂੰ ਪੂਰਾ ਯਕੀਨ ਹੈ ਕਿ ਰਾਜ ਦੇ ਕੰਮਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਯਹੋਵਾਹ ਦੀ ਪਵਿੱਤਰ ਆਤਮਾ ਉਸ ਦੇ ਲੋਕਾਂ ਦੇ ਦਿਲਾਂ ਨੂੰ ਉਕਸਾਉਂਦੀ ਰਹੇਗੀ।

ਜਿਉਂ-ਜਿਉਂ ਸੰਸਾਰ ਭਰ ਵਿਚ ਪ੍ਰਚਾਰ ਦਾ ਕੰਮ ਫੈਲਦਾ ਜਾਂਦਾ ਹੈ, ਆਓ ਅਸੀਂ ਆਪਣੀ ਤਾਕਤ, ਆਪਣਾ ਸਮਾਂ ਅਤੇ ਹੋਰ ਚੀਜ਼ਾਂ ਦੇਣ ਦੇ ਮੌਕੇ ਭਾਲ ਕੇ ਆਪਣੀ ਖ਼ੁਸ਼ੀ ਅਤੇ ਇੱਛਾ ਦਿਖਾਈਏ। ਨਾਲੇ ਦੇਣ ਨਾਲ ਜੋ ਖ਼ੁਸ਼ੀ ਮਿਲਦੀ ਹੈ, ਆਓ ਆਪਾਂ ਉਸ ਸੱਚੀ ਖ਼ੁਸ਼ੀ ਦਾ ਆਨੰਦ ਮਾਣੀਏ।

[ਸਫ਼ੇ 29 ਉੱਤੇ ਡੱਬੀ]

“ਇਸ ਨੂੰ ਅਕਲਮੰਦੀ ਨਾਲ ਵਰਤਣਾ!”

“ਮੇਰੀ ਉਮਰ ਦਸ ਸਾਲ ਹੈ। ਮੈਂ ਤੁਹਾਨੂੰ ਇਹ ਪੈਸੇ ਇਸ ਲਈ ਭੇਜ ਰਹੀ ਹਾਂ ਤਾਂਕਿ ਤੁਸੀਂ ਕਿਤਾਬਾਂ ਬਣਾਉਣ ਲਈ ਕਾਗਜ਼ ਜਾਂ ਕੁਝ ਹੋਰ ਚੀਜ਼ਾਂ ਖ਼ਰੀਦ ਸਕੋ।”—ਸਿੰਡੀ।

“ਸਾਡੇ ਲਈ ਹੋਰ ਵੀ ਜ਼ਿਆਦਾ ਕਿਤਾਬਾਂ ਛਾਪਣ ਲਈ ਇਹ ਪੈਸਾ ਭੇਜਦੇ ਹੋਏ ਮੈਨੂੰ ਸੱਚੀਂ ਬੜੀ ਖ਼ੁਸ਼ੀ ਹੋ ਰਹੀ ਹੈ। ਡੈਡੀ ਜੀ ਦੀ ਮਦਦ ਕਰਾਉਣ ਤੇ ਜੋ ਪੈਸੇ ਮੈਨੂੰ ਮਿਲੇ ਸਨ, ਉਹ ਮੈਂ ਬਚਾ ਲਏ ਸਨ। ਇਸ ਲਈ ਇਸ ਨੂੰ ਅਕਲਮੰਦੀ ਨਾਲ ਵਰਤਣਾ!”—ਪੈਮ, ਉਮਰ ਸੱਤ ਸਾਲ।

“ਤੂਫ਼ਾਨ ਬਾਰੇ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਮੈਨੂੰ ਉਮੀਦ ਹੈ ਕਿ ਤੁਸੀਂ ਠੀਕ-ਠਾਕ ਹੋਵੋਗੇ। ਮੇਰੇ ਬੈਂਕ ਦੇ ਖਾਤੇ ਵਿਚ ਸਿਰਫ਼ [ਦੋ ਹੀ ਡਾਲਰ] ਸਨ ਜੋ ਮੈਂ ਤੁਹਾਨੂੰ ਭੇਜ ਰਿਹਾ ਹਾਂ।”—ਐਲੀਸਨ, ਉਮਰ ਚਾਰ ਸਾਲ।

“ਮੇਰਾ ਨਾਂ ਰੂਡੀ ਹੈ ਤੇ ਮੈਂ 11 ਸਾਲਾਂ ਦੀ ਹਾਂ। ਮੇਰਾ ਭਰਾ ਰਾਲਫ਼ ਛੇ ਸਾਲਾਂ ਦਾ ਹੈ। ਮੇਰੀ ਭੈਣ ਜੂਡਿੱਥ ਢਾਈਆਂ ਸਾਲਾਂ ਦੀ ਹੈ। [ਲੜਾਈ ਵਾਲੇ ਇਲਾਕਿਆਂ ਵਿਚ ਰਹਿੰਦੇ] ਭੈਣ-ਭਰਾਵਾਂ ਦੀ ਮਦਦ ਕਰਨ ਲਈ ਅਸੀਂ ਤਿੰਨ ਮਹੀਨਿਆਂ ਤੋਂ ਆਪਣੇ ਜੇਬ-ਖ਼ਰਚ ਵਿੱਚੋਂ ਕੁਝ ਪੈਸੇ ਬਚਾ ਰਹੇ ਹਾਂ। ਅਸੀਂ ਕੁੱਲ 20 ਡਾਲਰ ਬਚਾਏ ਹਨ ਤੇ ਉਹੀ ਤੁਹਾਨੂੰ ਭੇਜ ਰਹੀ ਹਾਂ।”

“[ਤੂਫ਼ਾਨ ਵਿਚ ਨੁਕਸਾਨ ਸਹਿਣ ਵਾਲੇ] ਭਰਾਵਾਂ ਨਾਲ ਮੈਨੂੰ ਪੂਰੀ ਹਮਦਰਦੀ ਹੈ। ਆਪਣੇ ਡੈਡੀ ਜੀ ਨਾਲ ਕੰਮ ਕਰ ਕੇ ਮੈਂ 17 ਡਾਲਰ ਇਕੱਠੇ ਕੀਤੇ ਹਨ। ਮੈਂ ਕਿਸੇ ਖ਼ਾਸ ਕੰਮ ਲਈ ਇਹ ਪੈਸੇ ਨਹੀਂ ਭੇਜ ਰਿਹਾ ਸਗੋਂ ਤੁਸੀਂ ਖ਼ੁਦ ਫ਼ੈਸਲਾ ਕਰਿਓ ਕਿ ਇਹ ਕਿਸ ਕੰਮ ਲਈ ਖ਼ਰਚਣੇ ਹਨ।”—ਮੈਕਲੀਨ, ਉਮਰ ਅੱਠ।

[ਸਫ਼ੇ 31 ਉੱਤੇ ਡੱਬੀ]

ਕੁਝ ਲੋਕ ਇਨ੍ਹਾਂ ਤਰੀਕਿਆਂ ਨਾਲ

ਵਿਸ਼ਵ-ਵਿਆਪੀ ਕੰਮ ਲਈ ਚੰਦਾ ਦੇਣਾ ਪਸੰਦ ਕਰਦੇ ਹਨ

ਕਈ ਲੋਕ ਬਜਟ ਬਣਾ ਕੇ ਕੁਝ ਪੈਸਾ ਵੱਖਰਾ ਰੱਖਦੇ ਹਨ ਜੋ ਕਿ ਉਹ ਉਨ੍ਹਾਂ ਚੰਦੇ ਦੇ ਡੱਬਿਆਂ ਵਿਚ ਪਾਉਂਦੇ ਹਨ ਜਿਨ੍ਹਾਂ ਉੱਤੇ ਲਿਖਿਆ ਹੁੰਦਾ ਹੈ: “ਸੋਸਾਇਟੀ ਦੇ ਵਿਸ਼ਵ-ਵਿਆਪੀ ਕੰਮ ਲਈ ਚੰਦੇ—ਮੱਤੀ 24:14.” ਹਰ ਮਹੀਨੇ ਕਲੀਸਿਯਾਵਾਂ ਇਹ ਚੰਦਾ ਸੋਸਾਇਟੀ ਨੂੰ ਭੇਜ ਦਿੰਦੀਆਂ ਹਨ।

ਸਵੈ-ਇੱਛੁਕ ਚੰਦੇ ਸਿੱਧੇ Watch Tower Bible and Tract Society of Pennsylvania, 25 Columbia Heights, Brooklyn, New York 11201-2483, ਜਾਂ ਤੁਹਾਡੇ ਦੇਸ਼ ਵਿਚਲੇ ਸੋਸਾਇਟੀ ਦੇ ਦਫ਼ਤਰ ਭੇਜੇ ਜਾ ਸਕਦੇ ਹਨ। ਗਹਿਣੇ ਜਾਂ ਹੋਰ ਕੀਮਤੀ ਵਸਤਾਂ ਵੀ ਦਾਨ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਚੀਜ਼ਾਂ ਦੇ ਨਾਲ-ਨਾਲ ਇਕ ਛੋਟੀ ਜਿਹੀ ਚਿੱਠੀ ਹੋਣੀ ਚਾਹੀਦੀ ਹੈ ਜੋ ਇਹ ਦੱਸੇ ਕਿ ਇਹ ਇਕ ਸ਼ਰਤ-ਰਹਿਤ ਤੋਹਫ਼ਾ ਹੈ।

ਸ਼ਰਤੀ-ਦਾਨ ਪ੍ਰਬੰਧ

ਵਾਚ ਟਾਵਰ ਸੋਸਾਇਟੀ ਨੂੰ ਪੈਸਾ ਇਸ ਖ਼ਾਸ ਪ੍ਰਬੰਧ ਅਧੀਨ ਦਿੱਤਾ ਜਾ ਸਕਦਾ ਹੈ ਕਿ ਜੇਕਰ ਨਿੱਜੀ ਜ਼ਰੂਰਤ ਪਈ ਤਾਂ ਇਹ ਪੈਸਾ, ਦਾਨ ਦੇਣ ਵਾਲੇ ਨੂੰ ਵਾਪਸ ਦੇ ਦਿੱਤਾ ਜਾਵੇਗਾ। ਹੋਰ ਜਾਣਕਾਰੀ ਲਈ, ਕਿਰਪਾ ਕਰ ਕੇ ਉੱਪਰ ਦਿੱਤੇ ਪਤੇ ਤੇ Treasurer’s Office ਨਾਲ ਸੰਪਰਕ ਕਰੋ।

ਯੋਜਨਾਬੱਧ ਦਾਨ

ਇੱਛਾ ਨਾਲ ਦਿੱਤੇ ਰੁਪਏ-ਪੈਸੇ ਦੇ ਤੋਹਫ਼ਿਆਂ ਅਤੇ ਸ਼ਰਤੀ-ਦਾਨ ਤੋਂ ਇਲਾਵਾ, ਵਿਸ਼ਵ-ਵਿਆਪੀ ਰਾਜ ਸੇਵਾ ਲਈ ਦਾਨ ਕਰਨ ਦੇ ਹੋਰ ਵੀ ਕਈ ਤਰੀਕੇ ਹਨ। ਇਨ੍ਹਾਂ ਵਿਚ ਹੇਠ ਲਿਖੇ ਤਰੀਕੇ ਸ਼ਾਮਲ ਹਨ:

ਬੀਮਾ: ਜੀਵਨ ਬੀਮਾ ਪਾਲਿਸੀ ਦਾ ਲਾਭ-ਪਾਤਰ Watch Tower Society ਨੂੰ ਬਣਾਇਆ ਜਾ ਸਕਦਾ ਹੈ।

ਬੈਂਕ-ਖਾਤੇ: ਸਥਾਨਕ ਬੈਂਕ ਦੇ ਨਿਯਮਾਂ ਮੁਤਾਬਕ ਬੈਂਕ ਖਾਤੇ, ਜਮ੍ਹਾ ਰਕਮ ਦੇ ਸਰਟੀਫਿਕੇਟ ਜਾਂ ਨਿੱਜੀ ਰੀਟਾਇਰਮੈਂਟ ਖਾਤੇ Watch Tower Society ਲਈ ਟ੍ਰਸਟ ਵਿਚ ਰੱਖੇ ਜਾ ਸਕਦੇ ਹਨ ਜਾਂ ਵਿਅਕਤੀ ਦੀ ਮੌਤ ਹੋਣ ਤੇ ਸੋਸਾਇਟੀ ਨੂੰ ਭੁਗਤਾਨਯੋਗ ਕੀਤੇ ਜਾ ਸਕਦੇ ਹਨ।

ਸਟਾਕ ਅਤੇ ਬਾਂਡ: ਸਟਾਕ ਅਤੇ ਬਾਂਡ Watch Tower Society ਨੂੰ ਸ਼ਰਤ-ਰਹਿਤ ਤੋਹਫ਼ੇ ਵਜੋਂ ਦਾਨ ਕੀਤੇ ਜਾ ਸਕਦੇ ਹਨ।

ਜ਼ਮੀਨ-ਜਾਇਦਾਦ: ਵਿਕਾਊ ਜ਼ਮੀਨ-ਜਾਇਦਾਦ Watch Tower Society ਨੂੰ ਜਾਂ ਤਾਂ ਸ਼ਰਤ-ਰਹਿਤ ਤੋਹਫ਼ੇ ਵਜੋਂ ਦਾਨ ਕੀਤੀ ਜਾ ਸਕਦੀ ਹੈ ਜਾਂ ਫਿਰ ਦਾਨ ਦੇਣ ਵਾਲੇ ਦੇ ਜੀਵਨ-ਕਾਲ ਲਈ ਰਾਖਵੀਂ ਰੱਖੀ ਜਾ ਸਕਦੀ ਹੈ ਅਤੇ ਉਹ ਆਪਣੇ ਜੀਉਂਦੇ ਜੀ ਉੱਥੇ ਰਹਿ ਸਕਦਾ ਹੈ। ਜ਼ਮੀਨ-ਜਾਇਦਾਦ ਨੂੰ ਸੋਸਾਇਟੀ ਦੇ ਨਾਂ ਲਿਖਵਾਉਣ ਤੋਂ ਪਹਿਲਾਂ ਸੋਸਾਇਟੀ ਕੋਲੋਂ ਸਲਾਹ ਲੈਣੀ ਚਾਹੀਦੀ ਹੈ।

ਵਸੀਅਤ ਅਤੇ ਟ੍ਰਸਟ: ਜ਼ਮੀਨ-ਜਾਇਦਾਦ ਜਾਂ ਪੈਸੇ ਇਕ ਕਾਨੂੰਨੀ ਵਸੀਅਤ ਰਾਹੀਂ Watch Tower Society ਦੇ ਨਾਂ ਤੇ ਲਿਖਵਾਏ ਜਾ ਸਕਦੇ ਹਨ ਜਾਂ ਟ੍ਰਸਟ ਦੇ ਇਕਰਾਰਨਾਮੇ ਦੇ ਲਾਭ-ਪਾਤਰ ਵਜੋਂ ਸੋਸਾਇਟੀ ਦਾ ਨਾਂ ਦਿੱਤਾ ਜਾ ਸਕਦਾ ਹੈ। ਕਿਸੇ ਧਾਰਮਿਕ ਸੰਗਠਨ ਨੂੰ ਲਾਭ ­ਪਹੁੰਚਾਉਣ ਵਾਲੇ ਟ੍ਰਸਟ ਨੂੰ ਖ਼ਾਸ ਟੈਕਸ ਦੇ ਲਾਭ ਮਿਲ ਸਕਦੇ ਹਨ।

“ਯੋਜਨਾਬੱਧ ਦਾਨ” ਸ਼ਬਦਾਂ ਦਾ ਅਰਥ ਹੀ ਇਹ ਹੈ ਕਿ ਇਸ ਤਰ੍ਹਾਂ ਦੇ ਦਾਨ ਕਰਨ ਲਈ ਇਕ ਵਿਅਕਤੀ ਨੂੰ ਸੋਚ-ਸਮਝ ਕੇ ਯੋਜਨਾ ਬਣਾਉਣੀ ਪਵੇਗੀ। ਜਿਹੜੇ ਵਿਅਕਤੀ ਕਿਸੇ ਯੋਜਨਾਬੱਧ ਦਾਨ ਰਾਹੀਂ ਸੋਸਾਇਟੀ ਦੀ ਮਦਦ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਸੋਸਾਇਟੀ ਨੇ ਅੰਗ੍ਰੇਜ਼ੀ ਅਤੇ ਸਪੇਨੀ ਭਾਸ਼ਾਵਾਂ ਵਿਚ ਵਿਸ਼ਵ-ਵਿਆਪੀ ਰਾਜ ਸੇਵਾ ਲਈ ਯੋਜਨਾਬੱਧ ਦਾਨ ਨਾਮਕ ਬਰੋਸ਼ਰ ਤਿਆਰ ਕੀਤਾ ਹੈ। ਇਹ ਬਰੋਸ਼ਰ ਇਸ ਲਈ ਤਿਆਰ ਕੀਤਾ ਗਿਆ ਸੀ ਕਿਉਂਕਿ ਬਹੁਤ ਸਾਰੇ ਲੋਕ ਤੋਹਫ਼ੇ, ਵਸੀਅਤ ਅਤੇ ਟ੍ਰਸਟ ਵਗੈਰਾ ਦਾਨ ਕਰਨ ਸੰਬੰਧੀ ਸੋਸਾਇਟੀ ਕੋਲੋਂ ਕਈ ਤਰ੍ਹਾਂ ਦੀ ਜਾਣਕਾਰੀ ਮੰਗਦੇ ਹਨ। ਇਸ ਬਰੋਸ਼ਰ ਵਿਚ ਜ਼ਮੀਨ-ਜਾਇਦਾਦ, ਰੁਪਏ-ਪੈਸੇ ਅਤੇ ਟੈਕਸ ਸੰਬੰਧੀ ਯੋਜਨਾ ਬਣਾਉਣ ਬਾਰੇ ਵੀ ਹੋਰ ਜ਼ਿਆਦਾ ਫ਼ਾਇਦੇਮੰਦ ਜਾਣਕਾਰੀ ਦਿੱਤੀ ਗਈ ਹੈ। ਅਤੇ ਇਹ ਬਰੋਸ਼ਰ ਸੰਯੁਕਤ ਰਾਜ ਅਮਰੀਕਾ ਦੇ ਲੋਕਾਂ ਦੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਹੜੇ ਸੋਸਾਇਟੀ ਨੂੰ ਖ਼ਾਸ ਤੋਹਫ਼ੇ ਦੇਣ ਬਾਰੇ ਹੁਣ ਯੋਜਨਾ ਬਣਾ ਰਹੇ ਹਨ ਜਾਂ ਆਪਣੀ ਵਸੀਅਤ ਵਿਚ ਸੋਸਾਇਟੀ ਦੇ ਨਾਂ ਕੁਝ ਜਾਇਦਾਦ ਜਾਂ ਪੈਸਾ ਲਗਾਉਣਾ ਚਾਹੁੰਦੇ ਹਨ। ਇਹ ਬਰੋਸ਼ਰ ਉਨ੍ਹਾਂ ਦੀ ਮਦਦ ਕਰੇਗਾ ਕਿ ਉਹ ਆਪਣੇ ਪਰਿਵਾਰ ਅਤੇ ਨਿੱਜੀ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਵਸੀਅਤ ਬਣਾਉਣ ਦਾ ਸਭ ਤੋਂ ਫ਼ਾਇਦੇਮੰਦ ਅਤੇ ਵਧੀਆ ਤਰੀਕਾ ਚੁਣਨ। ਇਸ ਬਰੋਸ਼ਰ ਦੀ ਇਕ ਕਾਪੀ Charitable Planning Office ਕੋਲੋਂ ਸਿੱਧੇ ਤੌਰ ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਸ ਬਰੋਸ਼ਰ ਨੂੰ ਪੜ੍ਹਨ ਅਤੇ Charitable Planning Office ਨਾਲ ਗੱਲਬਾਤ ਕਰਨ ਤੋਂ ਬਾਅਦ ਬਹੁਤ ਸਾਰੇ ਲੋਕ ਸੋਸਾਇਟੀ ਦੀ ਮਦਦ ਕਰ ਸਕੇ ਹਨ ਤੇ ਨਾਲੋਂ-ਨਾਲ ਟੈਕਸ ਸੰਬੰਧੀ ਬਹੁਤ ਸਾਰੇ ਫ਼ਾਇਦੇ ਵੀ ਲੈ ਸਕੇ ਹਨ। ਜੇਕਰ ਤੁਸੀਂ ਉੱਪਰ ਦੱਸੇ ਗਏ ਤਰੀਕਿਆਂ ਵਿੱਚੋਂ ਕਿਸੇ ਵੀ ਤਰੀਕੇ ਨਾਲ ਦਾਨ ਕਰਨਾ ਚਾਹੁੰਦੇ ਹੋ, ਤਾਂ Charitable Planning Office ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ ਅਤੇ ਦਾਨ ਕਰਨ ਦੇ ਹਰੇਕ ਤਰੀਕੇ ਨਾਲ ਸੰਬੰਧਿਤ ਲੋੜੀਂਦੇ ਕਾਗ਼ਜ਼ਾਤ ਦੀ ਇਕ-ਇਕ ਕਾਪੀ ਇਸ ਆਫ਼ਿਸ ਨੂੰ ਭੇਜਣੀ ਚਾਹੀਦੀ ਹੈ। ਜੇਕਰ ਤੁਸੀਂ ਉੱਪਰ ਦੱਸੇ ਗਏ ਤਰੀਕਿਆਂ ਵਿੱਚੋਂ ਕਿਸੇ ਤਰੀਕੇ ਨਾਲ ਦਾਨ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ Charitable Planning Office ਨਾਲ ਸੰਪਰਕ ਕਰਨਾ ਚਾਹੀਦਾ ਹੈ। ਤੁਸੀਂ ਹੇਠਾਂ ਦਿੱਤੇ ਗਏ ਪਤੇ ਤੇ ਜਾਂ ਤੁਹਾਡੇ ਦੇਸ਼ ਦੀ ਸੋਸਾਇਟੀ ਦੀ ਸ਼ਾਖ਼ਾ ਦੇ ਪਤੇ ਤੇ ਲਿਖ ਕੇ ਜਾਂ ਟੈਲੀਫ਼ੋਨ ਰਾਹੀਂ ਸੰਪਰਕ ਕਰ ਸਕਦੇ ਹੋ।

CHARITABLE PLANNING OFFICE

Watch Tower Bible and Tract Society of Pennsylvania

100 Watchtower Drive, Patterson, New York 12563-9204

Telephone: (845) 306-0707