Skip to content

Skip to table of contents

ਤੁਸੀਂ ਨੈਤਿਕ ਤੌਰ ਤੇ ਸ਼ੁੱਧ ਰਹਿ ਸਕਦੇ ਹੋ

ਤੁਸੀਂ ਨੈਤਿਕ ਤੌਰ ਤੇ ਸ਼ੁੱਧ ਰਹਿ ਸਕਦੇ ਹੋ

ਤੁਸੀਂ ਨੈਤਿਕ ਤੌਰ ਤੇ ਸ਼ੁੱਧ ਰਹਿ ਸਕਦੇ ਹੋ

“ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।”—1 ਯੂਹੰਨਾ 5:3.

1. ਅੱਜ ਲੋਕਾਂ ਦੇ ਚਾਲ-ਚਲਣ ਵਿਚ ਕਿਹੜਾ ਵੱਡਾ ਫ਼ਰਕ ਦੇਖਿਆ ਜਾ ਸਕਦਾ ਹੈ?

ਬਹੁਤ ਸਮਾਂ ਪਹਿਲਾਂ ਮਲਾਕੀ ਨਬੀ ਨੂੰ ਉਸ ਸਮੇਂ ਬਾਰੇ ਭਵਿੱਖਬਾਣੀ ਕਰਨ ਲਈ ਪ੍ਰੇਰਿਆ ਗਿਆ ਸੀ ਜਦੋਂ ਪਰਮੇਸ਼ੁਰ ਦੇ ਲੋਕਾਂ ਅਤੇ ਪਰਮੇਸ਼ੁਰ ਨੂੰ ਨਾ ਮੰਨਣ ਵਾਲੇ ਲੋਕਾਂ ਦੇ ਚਾਲ-ਚਲਣ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਦੇਖਿਆ ਜਾਵੇਗਾ। ਮਲਾਕੀ ਨੇ ਲਿਖਿਆ ਸੀ: “ਤੁਸੀਂ . . . ਧਰਮੀ ਅਰ ਦੁਸ਼ਟ ਵਿੱਚ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹ ਦੇ ਵਿੱਚ ਪਰਖ ਕਰੋਗੇ।” (ਮਲਾਕੀ 3:18) ਅੱਜ ਇਹ ਭਵਿੱਖਬਾਣੀ ਪੂਰੀ ਹੋ ਰਹੀ ਹੈ। ਪਰਮੇਸ਼ੁਰ ਦੇ ਨਿਯਮਾਂ ਉੱਤੇ ਚੱਲਣਾ, ਖ਼ਾਸ ਕਰਕੇ ਨੈਤਿਕ ਤੌਰ ਤੇ ਸ਼ੁੱਧ ਰਹਿਣ ਦੇ ਨਿਯਮਾਂ ਉੱਤੇ ਚੱਲਣਾ ਸਮਝਦਾਰੀ ਦੀ ਗੱਲ ਹੈ ਅਤੇ ਜ਼ਿੰਦਗੀ ਦਾ ਸਹੀ ਰਾਹ ਹੈ। ਪਰ ਇਸ ਰਾਹ ਤੇ ਚੱਲਣਾ ਹਮੇਸ਼ਾ ਸੌਖਾ ਨਹੀਂ ਹੁੰਦਾ। ਇਸੇ ਕਰਕੇ ਯਿਸੂ ਨੇ ਕਿਹਾ ਸੀ ਕਿ ਮਸੀਹੀਆਂ ਨੂੰ ਮੁਕਤੀ ਪ੍ਰਾਪਤ ਕਰਨ ਲਈ ਵੱਡਾ ਜਤਨ ਕਰਨਾ ਚਾਹੀਦਾ ਹੈ।—ਲੂਕਾ 13:23, 24.

2. ਕਿਹੜੇ ਬਾਹਰੀ ਦਬਾਵਾਂ ਕਰਕੇ ਲੋਕਾਂ ਲਈ ਨੈਤਿਕ ਤੌਰ ਤੇ ਸ਼ੁੱਧ ਰਹਿਣਾ ਮੁਸ਼ਕਲ ਹੁੰਦਾ ਹੈ?

2 ਨੈਤਿਕ ਤੌਰ ਤੇ ਸ਼ੁੱਧ ਰਹਿਣਾ ਐਨਾ ਮੁਸ਼ਕਲ ਕਿਉਂ ਹੈ? ਇਸ ਦਾ ਇਕ ਕਾਰਨ ਹੈ ਦੁਨਿਆਵੀ ਦਬਾਅ। ਮਨੋਰੰਜਨ ਦੀ ਦੁਨੀਆਂ ਦਿਖਾਉਂਦੀ ਹੈ ਕਿ ਨਾਜਾਇਜ਼ ਜਿਨਸੀ ਸੰਬੰਧ ਮਨਮੋਹਕ ਤੇ ਆਨੰਦਦਾਇਕ ਹੁੰਦੇ ਹਨ ਅਤੇ ਜਿਨਸੀ ਸੰਬੰਧ ਕਾਇਮ ਕਰਨ ਨਾਲ ਪਤਾ ਚੱਲਦਾ ਹੈ ਕਿ ਤੁਸੀਂ ਹੁਣ ਬੱਚੇ ਨਹੀਂ ਹੋ। ਇਸ ਤਰ੍ਹਾਂ, ਨਾਜਾਇਜ਼ ਸੰਬੰਧ ਰੱਖਣ ਦੇ ਬੁਰੇ ਨਤੀਜਿਆਂ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। (ਅਫ਼ਸੀਆਂ 4:17-19) ਜਿਨ੍ਹਾਂ ਜੋੜਿਆਂ ਵਿਚ ਨਜ਼ਦੀਕੀ ਸੰਬੰਧ ਦਿਖਾਏ ਜਾਂਦੇ ਹਨ, ਉਹ ਪਤੀ-ਪਤਨੀ ਨਹੀਂ ਹੁੰਦੇ। ਫ਼ਿਲਮਾਂ ਅਤੇ ਟੈਲੀਵਿਯਨ ਦੇ ਪ੍ਰੋਗ੍ਰਾਮਾਂ ਵਿਚ ਜਿਨਸੀ ਸੰਬੰਧਾਂ ਨੂੰ ਅਕਸਰ ਮਾਮੂਲੀ ਗੱਲ ਦਿਖਾਇਆ ਜਾਂਦਾ ਹੈ। ਇਨ੍ਹਾਂ ਸੰਬੰਧਾਂ ਵਿਚ ਪਿਆਰ ਤੇ ਇਕ-ਦੂਜੇ ਲਈ ਇੱਜ਼ਤ ਦੀ ਘਾਟ ਹੁੰਦੀ ਹੈ। ਬਹੁਤ ਸਾਰੇ ਲੋਕ ਬਚਪਨ ਤੋਂ ਹੀ ਇਸ ਤਰ੍ਹਾਂ ਦੇ ਪ੍ਰੋਗ੍ਰਾਮ ਦੇਖਦੇ ਆਏ ਹਨ। ਅੱਜ ਲੋਕ ਦੂਜਿਆਂ ਉੱਤੇ ਆਜ਼ਾਦ ਨੈਤਿਕ ਮਾਹੌਲ ਵਿਚ ਘੁੱਲਣ-ਮਿਲਣ ਲਈ ਬਹੁਤ ਜ਼ਿਆਦਾ ਦਬਾਅ ਪਾਉਂਦੇ ਹਨ ਅਤੇ ਜਿਹੜੇ ਵਿਅਕਤੀ ਇਸ ਤਰ੍ਹਾਂ ਨਹੀਂ ਕਰਦੇ, ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਜਾਂ ਉਨ੍ਹਾਂ ਨੂੰ ਬੁਰਾ-ਭਲਾ ਕਿਹਾ ਜਾਂਦਾ ਹੈ।—1 ਪਤਰਸ 4:4.

3. ਕਿਹੜੇ ਕੁਝ ਕਾਰਨਾਂ ਕਰਕੇ ਦੁਨੀਆਂ ਵਿਚ ਬਹੁਤ ਸਾਰੇ ਲੋਕ ਅਨੈਤਿਕ ਕੰਮ ਕਰਦੇ ਹਨ?

3 ਅੰਦਰੂਨੀ ਦਬਾਅ ਕਰਕੇ ਵੀ ਨੈਤਿਕ ਤੌਰ ਤੇ ਸ਼ੁੱਧ ਰਹਿਣਾ ਮੁਸ਼ਕਲ ਹੁੰਦਾ ਹੈ। ਯਹੋਵਾਹ ਨੇ ਇਨਸਾਨ ਵਿਚ ਜਿਨਸੀ ਸੰਬੰਧ ਕਾਇਮ ਕਰਨ ਦੀ ਇੱਛਾ ਪਾਈ ਹੈ ਤੇ ਇਹ ਇੱਛਾ ਬਹੁਤ ਮਜ਼ਬੂਤ ਹੁੰਦੀ ਹੈ। ਅਸੀਂ ਕੀ ਸੋਚਦੇ ਹਾਂ, ਉਸ ਉੱਤੇ ਸਾਡੀ ਇਸ ਇੱਛਾ ਦਾ ਬਹੁਤ ਅਸਰ ਪੈਂਦਾ ਹੈ। ਜਿਹੜੇ ਸੋਚ-ਵਿਚਾਰ ਪਰਮੇਸ਼ੁਰ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦੇ, ਉਹ ਸਾਨੂੰ ਅਨੈਤਿਕ ਕੰਮ ਕਰਨ ਲਈ ਮਜਬੂਰ ਕਰ ਸਕਦੇ ਹਨ। (ਯਾਕੂਬ 1:14, 15) ਉਦਾਹਰਣ ਲਈ ਹਾਲ ਹੀ ਵਿਚ ਕੀਤੇ ਗਏ ਇਕ ਸਰਵੇਖਣ ਦੀ ਬ੍ਰਿਟਿਸ਼ ਮੈਡੀਕਲ ਜਨਰਲ ਵਿਚ ਰਿਪੋਰਟ ਛਾਪੀ ਗਈ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਜਿਨ੍ਹਾਂ ਬਹੁਤ ਸਾਰੇ ਨੌਜਵਾਨਾਂ ਨੇ ਪਹਿਲੀ ਵਾਰ ਦੂਜਿਆਂ ਨਾਲ ਜਿਨਸੀ ਸੰਬੰਧ ਕਾਇਮ ਕੀਤੇ ਸਨ, ਉਹ ਸਿਰਫ਼ ਇਹੀ ਦੇਖਣਾ ਚਾਹੁੰਦੇ ਸਨ ਕਿ ਇਸ ਵਿਚ ਕੀ ਮਜ਼ਾ ਆਉਂਦਾ ਹੈ। ਕਈ ਨੌਜਵਾਨ ਇਹ ਵਿਸ਼ਵਾਸ ਕਰਦੇ ਸਨ ਕਿ ਉਹ ਵੱਡੇ ਹੋ ਗਏ ਸਨ ਇਸ ਲਈ ਉਹ ਆਪਣੇ ਕੁਆਰੇਪਣ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਅਤੇ ਕਈਆਂ ਨੇ ਦੱਸਿਆ ਕਿ ਉਹ ਜਜ਼ਬਾਤੀ ਹੋ ਗਏ ਸਨ ਜਾਂ “ਉਸ ਸਮੇਂ ਉਨ੍ਹਾਂ ਨੇ ਥੋੜ੍ਹੀ ਪੀਤੀ ਹੋਈ ਸੀ।” ਜੇ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ। ਆਪਣੇ ਆਪ ਨੂੰ ਨੈਤਿਕ ਤੌਰ ਤੇ ਸ਼ੁੱਧ ਰੱਖਣ ਲਈ ਕਿਹੜੀ ਸੋਚ ਸਾਡੀ ਮਦਦ ਕਰੇਗੀ?

ਆਪਣੇ ਵਿਚ ਮਜ਼ਬੂਤ ਵਿਸ਼ਵਾਸ ਪੈਦਾ ਕਰੋ

4. ਨੈਤਿਕ ਤੌਰ ਤੇ ਸ਼ੁੱਧ ਰਹਿਣ ਲਈ ਸਾਨੂੰ ਕੀ ਕਰਨਾ ਪਵੇਗਾ?

4ਨੈਤਿਕ ਤੌਰ ਤੇ ਸ਼ੁੱਧ ਰਹਿਣ ਲਈ ਸਾਨੂੰ ਇਹ ਵਿਸ਼ਵਾਸ ਕਰਨਾ ਪਵੇਗਾ ਕਿ ਸਾਫ਼-ਸੁਥਰਾ ਜੀਵਨ ਜੀਉਣ ਨਾਲ ਫ਼ਾਇਦਾ ਹੁੰਦਾ ਹੈ। ਇਹ ਪੌਲੁਸ ਦੁਆਰਾ ਰੋਮ ਵਿਚ ਰਹਿੰਦੇ ਕੁਰਿੰਥੀਆਂ ਨੂੰ ਲਿਖੀ ਗੱਲ ਦੇ ਅਨੁਸਾਰ ਹੈ: “ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” (ਰੋਮੀਆਂ 12:2) ਨੈਤਿਕ ਤੌਰ ਤੇ ਸ਼ੁੱਧ ਰਹਿਣ ਲਈ ਸਿਰਫ਼ ਇਹ ਵਿਸ਼ਵਾਸ ਕਰਨਾ ਹੀ ਕਾਫ਼ੀ ਨਹੀਂ ਹੈ ਕਿ ਪਰਮੇਸ਼ੁਰ ਦੇ ਬਚਨ ਵਿਚ ਅਨੈਤਿਕਤਾ ਨੂੰ ਨਿੰਦਿਆ ਗਿਆ ਹੈ। ਸਗੋਂ ਸਾਨੂੰ ਉਨ੍ਹਾਂ ਕਾਰਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਬਾਈਬਲ ਵਿਚ ਅਨੈਤਿਕਤਾ ਨੂੰ ਕਿਉਂ ਨਿੰਦਿਆ ਗਿਆ ਹੈ ਅਤੇ ਇਸ ਤੋਂ ਬਚੇ ਰਹਿਣ ਨਾਲ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ। ਕੁਝ ਕਾਰਨਾਂ ਉੱਤੇ ਪਿਛਲੇ ਲੇਖ ਵਿਚ ਚਰਚਾ ਕੀਤੀ ਗਈ ਸੀ।

5. ਮਸੀਹੀਆਂ ਨੂੰ ਕਿਸ ਅਹਿਮ ਕਾਰਨ ਕਰਕੇ ਨੈਤਿਕ ਤੌਰ ਤੇ ਸ਼ੁੱਧ ਰਹਿਣਾ ਚਾਹੀਦਾ ਹੈ?

5 ਮਸੀਹੀਆਂ ਲਈ ਨਾਜਾਇਜ਼ ਜਿਨਸੀ ਸੰਬੰਧ ਕਾਇਮ ਕਰਨ ਤੋਂ ਬਚੇ ਰਹਿਣ ਦਾ ਸਭ ਤੋਂ ਜ਼ਰੂਰੀ ਕਾਰਨ ਹੈ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ। ਉਹ ਜਾਣਦਾ ਹੈ ਕਿ ਕਿਹੜੀ ਗੱਲ ਵਿਚ ਸਾਡੀ ਭਲਾਈ ਹੈ। ਜੇ ਅਸੀਂ ਉਸ ਨਾਲ ਪਿਆਰ ਕਰਦੇ ਹਾਂ, ਤਾਂ ਅਸੀਂ ਬੁਰੇ ਕੰਮਾਂ ਨਾਲ ਨਫ਼ਰਤ ਕਰਾਂਗੇ। (ਜ਼ਬੂਰ 97:10) ਪਰਮੇਸ਼ੁਰ ਹੀ “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ” ਦਿੰਦਾ ਹੈ। (ਯਾਕੂਬ 1:17) ਉਹ ਸਾਨੂੰ ਪਿਆਰ ਕਰਦਾ ਹੈ। ਉਸ ਦੀ ਆਗਿਆ ਮੰਨਣ ਨਾਲ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਜੋ ਵੀ ਉਸ ਨੇ ਸਾਡੇ ਲਈ ਕੀਤਾ ਹੈ, ਉਸ ਦੀ ਅਸੀਂ ਕਦਰ ਕਰਦੇ ਹਾਂ। (1 ਯੂਹੰਨਾ 5:3) ਅਸੀਂ ਯਹੋਵਾਹ ਦੇ ਹੁਕਮਾਂ ਨੂੰ ਤੋੜ ਕੇ ਕਦੀ ਉਸ ਨੂੰ ਨਿਰਾਸ਼ ਜਾਂ ਦੁਖੀ ਨਹੀਂ ਕਰਨਾ ਚਾਹੁੰਦੇ। (ਜ਼ਬੂਰ 78:41) ਅਸੀਂ ਕਦੀ ਵੀ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੁੰਦੇ ਜਿਸ ਕਰਕੇ ਲੋਕ ਉਸ ਦੀ ਪਵਿੱਤਰ ਭਗਤੀ ਦੇ ਖ਼ਿਲਾਫ਼ ਬੋਲਣ। (ਤੀਤੁਸ 2:5; 2 ਪਤਰਸ 2:2) ਨੈਤਿਕ ਤੌਰ ਤੇ ਸ਼ੁੱਧ ਰਹਿਣ ਦੁਆਰਾ ਅਸੀਂ ਅੱਤ ਮਹਾਨ ਨੂੰ ਖ਼ੁਸ਼ ਕਰਦੇ ਹਾਂ।—ਕਹਾਉਤਾਂ 27:11.

6. ਦੂਸਰਿਆਂ ਨੂੰ ਆਪਣੇ ਨੈਤਿਕ ਮਿਆਰਾਂ ਬਾਰੇ ਦੱਸਣ ਨਾਲ ਸਾਨੂੰ ਕਿਹੜੇ-ਕਿਹੜੇ ਫ਼ਾਇਦੇ ਹੁੰਦੇ ਹਨ?

6ਇਕ ਵਾਰ ਜਦੋਂ ਅਸੀਂ ਨੈਤਿਕ ਤੌਰ ਤੇ ਸ਼ੁੱਧ ਰਹਿਣ ਦਾ ਇਰਾਦਾ ਕਰ ਲੈਂਦੇ ਹਾਂ, ਤਾਂ ਦੂਸਰਿਆਂ ਨੂੰ ਇਸ ਬਾਰੇ ਦੱਸਣਾ ਚੰਗੀ ਗੱਲ ਹੈ। ਲੋਕਾਂ ਨੂੰ ਦੱਸੋ ਕਿ ਤੁਸੀਂ ਯਹੋਵਾਹ ਪਰਮੇਸ਼ੁਰ ਦੇ ਸੇਵਕ ਹੋ ਅਤੇ ਤੁਸੀਂ ਉਸ ਦੇ ਉੱਚੇ ਮਿਆਰਾਂ ਉੱਤੇ ਚੱਲਣ ਦਾ ਪੱਕਾ ਇਰਾਦਾ ਕੀਤਾ ਹੈ। ਇਹ ਤੁਹਾਡੀ ਜ਼ਿੰਦਗੀ ਹੈ, ਤੁਹਾਡਾ ਸਰੀਰ ਹੈ ਤੇ ਤੁਸੀਂ ਆਪ ਫ਼ੈਸਲਾ ਕਰਨਾ ਹੈ। ਕਿਹੜੀ ਚੀਜ਼ ਦਾਅ ਤੇ ਲੱਗੀ ਹੋਈ ਹੈ? ਉਹ ਹੈ ਆਪਣੇ ਸਵਰਗੀ ਪਿਤਾ ਨਾਲ ਤੁਹਾਡਾ ਅਨਮੋਲ ਰਿਸ਼ਤਾ। ਸੋ ਦੂਜਿਆਂ ਨੂੰ ਸਾਫ਼-ਸਾਫ਼ ਦੱਸ ਦਿਓ ਕਿ ਤੁਸੀਂ ਆਪਣੀ ਖਰਿਆਈ ਨਹੀਂ ਤੋੜ ਸਕਦੇ। ਇਸ ਗੱਲ ਤੇ ਮਾਣ ਕਰੋ ਕਿ ਤੁਸੀਂ ਪਰਮੇਸ਼ੁਰ ਦੇ ਉੱਚੇ ਸਿਧਾਂਤਾਂ ਤੇ ਚੱਲਦੇ ਹੋ। (ਜ਼ਬੂਰ 64:10) ਦੂਸਰਿਆਂ ਨਾਲ ਆਪਣੇ ਨੈਤਿਕ ਸਿਧਾਂਤਾਂ ਦੀ ਚਰਚਾ ਕਰਨ ਵਿਚ ਕਦੀ ਸ਼ਰਮਿੰਦਗੀ ਮਹਿਸੂਸ ਨਾ ਕਰੋ। ਇਸ ਬਾਰੇ ਸਾਫ਼-ਸਾਫ਼ ਗੱਲ ਕਰਨ ਨਾਲ ਤੁਹਾਡਾ ਇਰਾਦਾ ਹੋਰ ਮਜ਼ਬੂਤ ਹੋਵੇਗਾ, ਤੁਹਾਡੀ ਰਾਖੀ ਹੋਵੇਗੀ ਅਤੇ ਤੁਹਾਡੀ ਮਿਸਾਲ ਉੱਤੇ ਚੱਲਣ ਲਈ ਦੂਸਰਿਆਂ ਨੂੰ ਹੌਸਲਾ ਮਿਲੇਗਾ।—1 ਤਿਮੋਥਿਉਸ 4:12.

7. ਨੈਤਿਕ ਤੌਰ ਤੇ ਸ਼ੁੱਧ ਰਹਿਣ ਦੇ ਆਪਣੇ ਇਰਾਦੇ ਨੂੰ ਅਸੀਂ ਕਿਵੇਂ ਮਜ਼ਬੂਤ ਰੱਖ ਸਕਦੇ ਹਾਂ?

7ਅਗਲਾ ਕਦਮ, ਆਪਣੇ ਇਰਾਦੇ ਬਾਰੇ ਦੂਸਰਿਆਂ ਨੂੰ ਦੱਸਣ ਤੋਂ ਬਾਅਦ, ਸਾਨੂੰ ਆਪਣੇ ਇਰਾਦੇ ਉੱਤੇ ਡਟੇ ਰਹਿਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਹੈ ਦੋਸਤ ਬਣਾਉਣ ਵੇਲੇ ਸਾਵਧਾਨ ਰਹਿਣਾ। ਬਾਈਬਲ ਕਹਿੰਦੀ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ।” ਉਨ੍ਹਾਂ ਲੋਕਾਂ ਨਾਲ ਦੋਸਤੀ ਕਰੋ ਜਿਹੜੇ ਤੁਹਾਡੇ ਵਾਂਗ ਉੱਚੇ ਨੈਤਿਕ ਮਿਆਰਾਂ ਤੇ ਚੱਲਦੇ ਹਨ। ਉਹ ਤੁਹਾਨੂੰ ਤੁਹਾਡੇ ਇਰਾਦੇ ਉੱਤੇ ਡਟੇ ਰਹਿਣ ਲਈ ਮਜ਼ਬੂਤ ਕਰਨਗੇ। ਇਹ ਆਇਤ ਅੱਗੇ ਕਹਿੰਦੀ ਹੈ: “ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾਉਤਾਂ 13:20) ਜਿੰਨਾ ਹੋ ਸਕੇ, ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜਿਹੜੇ ਤੁਹਾਡੇ ਇਰਾਦੇ ਨੂੰ ਕਮਜ਼ੋਰ ਕਰ ਸਕਦੇ ਹਨ।—1 ਕੁਰਿੰਥੀਆਂ 15:33.

8. (ੳ) ਸਾਨੂੰ ਆਪਣੇ ਮਨਾਂ ਨੂੰ ਚੰਗੀਆਂ ਗੱਲਾਂ ਨਾਲ ਕਿਉਂ ਭਰਨਾ ਚਾਹੀਦਾ ਹੈ? (ਅ) ਸਾਨੂੰ ਕਿਹੜੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ?

8 ਇਸ ਤੋਂ ਇਲਾਵਾ, ਸਾਨੂੰ ਆਪਣੇ ਮਨਾਂ ਵਿਚ ਉਹ ਗੱਲਾਂ ਭਰਨੀਆਂ ਚਾਹੀਦੀਆਂ ਹਨ ਜਿਹੜੀਆਂ ਸੱਚੀਆਂ, ਆਦਰਯੋਗ, ਧਾਰਮਿਕ, ਸ਼ੁੱਧ, ਸੁਹਾਉਣੀਆਂ ਅਤੇ ਨੇਕ ਨਾਮੀ ਦੀਆਂ ਹਨ। (ਫ਼ਿਲਿੱਪੀਆਂ 4:8) ਇਸ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਹੜੇ ਪ੍ਰੋਗ੍ਰਾਮ ਦੇਖਦੇ ਹਾਂ, ਕਿਹੜੀਆਂ ਕਿਤਾਬਾਂ ਪੜ੍ਹਦੇ ਹਾਂ ਅਤੇ ਕਿਹੜਾ ਸੰਗੀਤ ਸੁਣਦੇ ਹਾਂ। ਇਹ ਕਹਿਣਾ ਕਿ ਅਸ਼ਲੀਲ ਕਿਤਾਬਾਂ ਦਾ ਸਾਡੇ ਉੱਤੇ ਕੋਈ ਬੁਰਾ ਅਸਰ ਨਹੀਂ ਪੈਂਦਾ, ਇਹ ਕਹਿਣ ਦੇ ਬਰਾਬਰ ਹੈ ਕਿ ਚੰਗੀਆਂ ਕਿਤਾਬਾਂ ਦਾ ਸਾਡੇ ਉੱਤੇ ਕੋਈ ਚੰਗਾ ਅਸਰ ਨਹੀਂ ਪੈਂਦਾ ਹੈ। ਯਾਦ ਰੱਖੋ ਕਿ ਨਾਮੁਕੰਮਲ ਇਨਸਾਨ ਆਸਾਨੀ ਨਾਲ ਅਨੈਤਿਕਤਾ ਦੇ ਫੰਦੇ ਵਿਚ ਫਸ ਸਕਦੇ ਹਨ। ਇਸ ਲਈ ਜਿਹੜੀਆਂ ਕਿਤਾਬਾਂ, ਰਸਾਲੇ, ਸੰਗੀਤ ਅਤੇ ਫਿਲਮਾਂ ਕਾਮ ਭਾਵਨਾਵਾਂ ਨੂੰ ਭੜਕਾਉਂਦੀਆਂ ਹਨ, ਉਹ ਸਾਡੇ ਵਿਚ ਗ਼ਲਤ ਇੱਛਾਵਾਂ ਪੈਦਾ ਕਰਦੀਆਂ ਹਨ ਜਿਸ ਕਰਕੇ ਅਸੀਂ ਪਾਪ ਕਰ ਸਕਦੇ ਹਾਂ। ਨੈਤਿਕ ਤੌਰ ਤੇ ਸ਼ੁੱਧ ਰਹਿਣ ਲਈ ਸਾਨੂੰ ਆਪਣੇ ਮਨਾਂ ਨੂੰ ਪਰਮੇਸ਼ੁਰੀ ਬੁੱਧੀ ਨਾਲ ਭਰਨ ਦੀ ਲੋੜ ਹੈ।—ਯਾਕੂਬ 3:17.

ਅਨੈਤਿਕਤਾ ਵੱਲ ਲੈ ਜਾਣ ਵਾਲੇ ਕਦਮ

9-11. ਸੁਲੇਮਾਨ ਨੇ ਜਿਵੇਂ ਦੱਸਿਆ, ਕਿਹੜੇ ਕੁਝ ਕਦਮ ਨੌਜਵਾਨ ਨੂੰ ਹੌਲੀ-ਹੌਲੀ ਅਨੈਤਿਕਤਾ ਵੱਲ ਲੈ ਗਏ?

9 ਅਕਸਰ ਅਸੀਂ ਇਹ ਦੇਖ ਸਕਦੇ ਹਾਂ ਕਿ ਕਿਹੜੇ ਕਦਮ ਸਾਨੂੰ ਅਨੈਤਿਕਤਾ ਵੱਲ ਲੈ ਜਾਂਦੇ ਹਨ। ਅੱਗੇ ਵਧਿਆ ਹਰ ਕਦਮ ਸਾਡੇ ਲਈ ਪਿੱਛੇ ਮੁੜਨਾ ਔਖਾ ਬਣਾ ਦਿੰਦਾ ਹੈ। ਧਿਆਨ ਦਿਓ ਕਿ ਇਸ ਨੂੰ ਕਹਾਉਤਾਂ 7:6-23 ਵਿਚ ਕਿਵੇਂ ਸਮਝਾਇਆ ਗਿਆ ਹੈ। ਸੁਲੇਮਾਨ “ਇੱਕ ਜੁਆਨ ਨਿਰਬੁੱਧ” ਮੁੰਡੇ ਨੂੰ ਦੇਖਦਾ ਹੈ ਜਿਸ ਦੇ ਇਰਾਦੇ ਨੇਕ ਨਹੀਂ ਹਨ। ਇਹ ਨੌਜਵਾਨ “[ਵੇਸਵਾ] ਤੀਵੀਂ ਦੀ ਨੁੱਕਰ ਦੇ ਲਾਗੇ ਦੀ ਗਲੀ ਵਿੱਚੋਂ ਦੀ ਲੰਘਿਆ ਜਾਂਦਾ” ਹੈ “ਅਤੇ ਉਸ ਨੇ ਉਹ ਦੇ ਘਰ ਦਾ ਰਾਹ ਫੜਿਆ, ਦਿਨ ਢਲੇ, ਸੰਝ ਦੇ ਵੇਲੇ, ਤੇ ਕਾਲੀ ਰਾਤ ਦੇ ਅਨ੍ਹੇਰੇ ਵਿੱਚ।” ਇਹ ਉਸ ਦੀ ਪਹਿਲੀ ਗ਼ਲਤੀ ਹੈ। ਹਨੇਰੇ ਵਿਚ ਉਸ ਦਾ ਦਿਲ ਉਸ ਨੂੰ ਕਿਸੇ ਆਮ ਗਲੀ ਵਿਚ ਨਹੀਂ ਲੈ ਕੇ ਗਿਆ, ਸਗੋਂ ਉਸ ਗਲੀ ਵਿਚ ਲੈ ਕੇ ਗਿਆ ਜਿੱਥੇ ਉਹ ਜਾਣਦਾ ਹੈ ਕਿ ਵੇਸਵਾ ਖੜ੍ਹੀ ਹੁੰਦੀ ਹੈ।

10 ਫਿਰ ਅੱਗੇ ਆਪਾਂ ਪੜ੍ਹਦੇ ਹਾਂ: “ਵੇਖੋ ਇੱਕ ਤੀਵੀਂ ਕੰਜਰੀ ਦਾ ਭੇਸ ਪਹਿਨੀ, ਅਤੇ ਮਨ ਮੋਹਣੀ ਉਹ ਨੂੰ ਆ ਮਿਲੀ।” ਹੁਣ ਉਹ ਉਸ ਨੂੰ ਦੇਖਦਾ ਹੈ! ਜੇ ਉਹ ਚਾਹੇ ਤਾਂ ਪਿੱਛੇ ਮੁੜ ਕੇ ਆਪਣੇ ਘਰ ਜਾ ਸਕਦਾ ਹੈ। ਪਰ ਉਹ ਨੈਤਿਕ ਤੌਰ ਤੇ ਕਮਜ਼ੋਰ ਹੈ ਜਿਸ ਕਰਕੇ ਹੁਣ ਉਸ ਲਈ ਪਿੱਛੇ ਮੁੜਨਾ ਹੋਰ ਵੀ ਜ਼ਿਆਦਾ ਔਖਾ ਹੋ ਗਿਆ ਹੈ। ਵੇਸਵਾ ਉਸ ਨੂੰ ਫੜ ਕੇ ਚੁੰਮਦੀ ਹੈ। ਚੁੰਮੀ ਦੇਣ ਤੋਂ ਬਾਅਦ ਹੁਣ ਉਹ ਉਸ ਦੀਆਂ ਲੁਭਾਉਣੀਆਂ ਗੱਲਾਂ ਸੁਣਦਾ ਹੈ: “ਮੇਲ ਦੀਆਂ ਭੇਟਾਂ ਮੈਂ ਚੜ੍ਹਾਉਣੀਆਂ ਸਨ, ਅਤੇ ਅੱਜ ਮੈਂ ਆਪਣੀਆਂ ਸੁੱਖਾਂ ਭਰ ਦਿੱਤੀਆਂ।” ਮੇਲ ਦੀਆਂ ਭੇਟਾਂ ਵਿਚ ਮੀਟ, ਆਟਾ, ਤੇਲ ਅਤੇ ਸ਼ਰਾਬ ਸ਼ਾਮਲ ਹੁੰਦੀ ਸੀ। (ਲੇਵੀਆਂ 19:5, 6; ਲੇਵੀਆਂ 22:21; ਗਿਣਤੀ 15:8-10) ਇਨ੍ਹਾਂ ਚੀਜ਼ਾਂ ਦਾ ਜ਼ਿਕਰ ਕਰ ਕੇ ਉਹ ਸ਼ਾਇਦ ਇਹ ਦੱਸ ਰਹੀ ਸੀ ਕਿ ਉਹ ਇਕ ਧਾਰਮਿਕ ਤੀਵੀਂ ਸੀ ਅਤੇ ਉਸ ਦੇ ਘਰ ਵਿਚ ਖਾਣ-ਪੀਣ ਦੀਆਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਸਨ। “ਆ,” ਉਹ ਬੇਨਤੀ ਕਰਦੀ ਹੈ, “ਅਸੀਂ ਸਵੇਰ ਤਾਂਈ ਪ੍ਰੇਮ ਨਾਲ ਰੱਤੇ ਜਾਈਏ, ਲਾਡ ਪਿਆਰ ਨਾਲ ਅਸੀਂ ਜੀ ਬਹਿਲਾਈਏ।”

11 ਇਸ ਤੋਂ ਬਾਅਦ ਜੋ ਹੁੰਦਾ ਹੈ, ਉਹ ਸਭ ਨੂੰ ਪਤਾ ਹੈ। “ਆਪਣੇ ਬੁੱਲ੍ਹਾਂ ਦੇ ਲੱਲੋ ਪੱਤੋ ਨਾਲ ਧੱਕੋ ਧੱਕੀ ਉਹ ਨੂੰ ਲੈ ਗਈ।” ਉਹ ਉਸ ਦੇ ਪਿੱਛੇ-ਪਿੱਛੇ ਉਸ ਦੇ ਘਰ ਜਾਂਦਾ ਹੈ “ਜਿਵੇਂ ਬਲਦ ਕੱਟਣ ਲਈ,” ਅਤੇ “ਪੰਛੀ ਫਾਹੇ ਨੂੰ ਛੇਤੀ ਕਰੇ।” ਸੁਲੇਮਾਨ ਬਹੁਤ ਹੀ ਗੰਭੀਰ ਸ਼ਬਦਾਂ ਨਾਲ ਆਪਣੀ ਗੱਲ ਖ਼ਤਮ ਕਰਦਾ ਹੈ: “[ਉਹ] ਨਹੀਂ ਜਾਣਦਾ ਭਈ ਉਹ ਉਸ ਦੀ ਜਾਨ ਲਈ ਹੈ।” ਉਸ ਦੀ ਜਾਨ ਜਾਂ ਜ਼ਿੰਦਗੀ ਖ਼ਤਰੇ ਵਿਚ ਹੈ ਕਿਉਂਕਿ “ਪਰਮੇਸ਼ੁਰ ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਉਂ ਕਰੇਗਾ।” (ਇਬਰਾਨੀਆਂ 13:4) ਆਦਮੀਆਂ-ਤੀਵੀਆਂ ਦੋਵਾਂ ਲਈ ਕਿੰਨਾ ਅਸਰਦਾਰ ਸਬਕ! ਸਾਨੂੰ ਉਸ ਰਾਹ ਉੱਤੇ ਚੱਲਣ ਬਾਰੇ ਸੋਚਣਾ ਵੀ ਨਹੀਂ ਚਾਹੀਦਾ ਜਿਸ ਕਰਕੇ ਪਰਮੇਸ਼ੁਰ ਸਾਡੇ ਨਾਲ ਨਾਰਾਜ਼ ਹੋ ਜਾਵੇ।

12. (ੳ) “ਨਿਰਬੁੱਧ” ਸ਼ਬਦ ਦਾ ਇੱਥੇ ਮਤਲਬ ਕੀ ਹੈ? (ਅ) ਅਸੀਂ ਨੈਤਿਕ ਤੌਰ ਤੇ ਕਿਵੇਂ ਮਜ਼ਬੂਤ ਹੋ ਸਕਦੇ ਹਾਂ?

12 ਧਿਆਨ ਦਿਓ ਕਿ ਇਸ ਕਹਾਣੀ ਵਿਚ ਨੌਜਵਾਨ “ਨਿਰਬੁੱਧ” ਸੀ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਦੇ ਵਿਚਾਰ, ਇੱਛਾਵਾਂ, ਰੁਚੀਆਂ, ਭਾਵਨਾਵਾਂ ਅਤੇ ਜ਼ਿੰਦਗੀ ਦੇ ਮਕਸਦ ਪਰਮੇਸ਼ੁਰ ਦੀ ਇੱਛਾ ਮੁਤਾਬਕ ਨਹੀਂ ਸਨ। ਉਸ ਦੀ ਨੈਤਿਕ ਕਮਜ਼ੋਰੀ ਉਸ ਨੂੰ ਤਬਾਹੀ ਵੱਲ ਲੈ ਗਈ। ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਨੈਤਿਕ ਤੌਰ ਤੇ ਮਜ਼ਬੂਤ ਹੋਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। (2 ਤਿਮੋਥਿਉਸ 3:1) ਯਹੋਵਾਹ ਨੇ ਸਾਡੀ ਮਦਦ ਕਰਨ ਲਈ ਕਈ ਪ੍ਰਬੰਧ ਕੀਤੇ ਹਨ। ਉਸ ਨੇ ਮਸੀਹੀ ਕਲੀਸਿਯਾ ਵਿਚ ਸਭਾਵਾਂ ਦਾ ਇੰਤਜ਼ਾਮ ਕੀਤਾ ਹੈ ਤਾਂਕਿ ਸਾਨੂੰ ਸਿੱਧੇ ਰਾਹ ਉੱਤੇ ਚੱਲਣ ਦੀ ਹੱਲਾਸ਼ੇਰੀ ਮਿਲੇ ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਵੀ ਮਿਲੀਏ ਜਿਨ੍ਹਾਂ ਦਾ ਮਕਸਦ ਵੀ ਸਿੱਧੇ ਰਾਹ ਉੱਤੇ ਚੱਲਣਾ ਹੈ। (ਇਬਰਾਨੀਆਂ 10:24, 25) ਕਲੀਸਿਯਾ ਦੇ ਬਜ਼ੁਰਗ ਵੀ ਸਾਡੀ ਰਾਖੀ ਕਰਦੇ ਹਨ ਅਤੇ ਸਾਨੂੰ ਧਾਰਮਿਕਤਾ ਦੇ ਰਾਹ ਸਿਖਾਉਂਦੇ ਹਨ। (ਅਫ਼ਸੀਆਂ 4:11, 12) ਸਾਡੇ ਕੋਲ ਪਰਮੇਸ਼ੁਰ ਦਾ ਬਚਨ, ਬਾਈਬਲ ਹੈ ਜੋ ਸਾਨੂੰ ਰਾਹ ਦਿਖਾਉਂਦਾ ਹੈ ਅਤੇ ਸਾਡੀ ਅਗਵਾਈ ਕਰਦਾ ਹੈ। (2 ਤਿਮੋਥਿਉਸ 3:16) ਅਤੇ ਅਸੀਂ ਪਵਿੱਤਰ ਆਤਮਾ ਦੀ ਮਦਦ ਲਈ ਕਿਸੇ ਵੀ ਸਮੇਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਸਕਦੇ ਹਾਂ।—ਮੱਤੀ 26:41.

ਦਾਊਦ ਦੇ ਪਾਪਾਂ ਤੋਂ ਸਿੱਖਣਾ

13, 14. ਦਾਊਦ ਨੇ ਕਿਵੇਂ ਇਕ ਗੰਭੀਰ ਪਾਪ ਕੀਤਾ ਸੀ?

13 ਪਰ ਦੁੱਖ ਦੀ ਗੱਲ ਹੈ ਕਿ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੇ ਵੀ ਅਨੈਤਿਕ ਕੰਮ ਕੀਤੇ। ਇਕ ਸੇਵਕ ਸੀ ਰਾਜਾ ਦਾਊਦ, ਜਿਸ ਨੇ ਕਈ ਦਹਾਕਿਆਂ ਤਕ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਸੀ। ਪਰ ਇਕ ਵਾਰ ਉਸ ਨੇ ਬਹੁਤ ਹੀ ਗੰਭੀਰ ਪਾਪ ਕੀਤਾ। ਜਿਵੇਂ ਸੁਲੇਮਾਨ ਦੀ ਕਹਾਣੀ ਦੇ ਨੌਜਵਾਨ ਨਾਲ ਹੋਇਆ ਸੀ, ਉਵੇਂ ਹੀ ਦਾਊਦ ਨੇ ਜਦੋਂ ਇਕ ਵਾਰ ਗ਼ਲਤੀ ਕੀਤੀ, ਤਾਂ ਉਹ ਫਿਰ ਇਕ ਤੋਂ ਬਾਅਦ ਇਕ ਗ਼ਲਤੀ ਕਰਦਾ ਹੀ ਗਿਆ।

14 ਉਸ ਵੇਲੇ ਦਾਊਦ ਅੱਧਖੜ ਉਮਰ ਦਾ ਸੀ, ਸ਼ਾਇਦ 50-55 ਸਾਲ ਦਾ। ਉਸ ਨੇ ਆਪਣੇ ਮਹਿਲ ਦੀ ਛੱਤ ਤੋਂ ਸੋਹਣੀ-ਸੁਨੱਖੀ ਬਥ-ਸ਼ਬਾ ਨੂੰ ਨਹਾਉਂਦੇ ਹੋਏ ਦੇਖਿਆ। ਉਸ ਨੇ ਉਸ ਬਾਰੇ ਪੁੱਛ-ਗਿੱਛ ਕੀਤੀ। ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਊਰਿੱਯਾਹ ਅੰਮੋਨੀਆਂ ਦੇ ਸ਼ਹਿਰ ਰੱਬਾਹ ਨੂੰ ਫਤਹਿ ਕਰਨ ਗਿਆ ਹੋਇਆ ਸੀ। ਦਾਊਦ ਨੇ ਉਸ ਨੂੰ ਆਪਣੇ ਮਹਿਲ ਵਿਚ ਬੁਲਾਇਆ ਅਤੇ ਉਸ ਨਾਲ ਜਿਨਸੀ ਸੰਬੰਧ ਕਾਇਮ ਕੀਤੇ। ਜਦੋਂ ਬਥ-ਸ਼ਬਾ ਨੂੰ ਪਤਾ ਲੱਗਾ ਕਿ ਉਹ ਦਾਊਦ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ, ਤਾਂ ਇਹ ਮਾਮਲਾ ਬਹੁਤ ਗੰਭੀਰ ਹੋ ਗਿਆ। ਦਾਊਦ ਨੇ ਊਰਿੱਯਾਹ ਨੂੰ ਇਹ ਸੋਚ ਕੇ ਲੜਾਈ ਤੋਂ ਵਾਪਸ ਬੁਲਾਇਆ ਕਿ ਸ਼ਾਇਦ ਉਹ ਆਪਣੀ ਪਤਨੀ ਨਾਲ ਸੰਬੰਧ ਕਾਇਮ ਕਰੇਗਾ। ਇਸ ਤਰ੍ਹਾਂ ਸਾਰਿਆਂ ਨੇ ਊਰਿੱਯਾਹ ਨੂੰ ਬਥ-ਸ਼ਬਾ ਦੇ ਬੱਚੇ ਦਾ ਪਿਤਾ ਸਮਝਣਾ ਸੀ। ਪਰ ਊਰਿੱਯਾਹ ਆਪਣੇ ਘਰ ਨਹੀਂ ਗਿਆ। ਦਾਊਦ ਨੇ ਆਪਣਾ ਪਾਪ ਲੁਕਾਉਣ ਦੀ ਕੋਸ਼ਿਸ਼ ਵਿਚ ਫ਼ੌਜ ਦੇ ਸਰਦਾਰ ਨੂੰ ਊਰਿੱਯਾਹ ਦੇ ਹੱਥ ਇਕ ਚਿੱਠੀ ਘੱਲ ਕੇ ਉਸ ਨੂੰ ਰੱਬਾਹ ਵਾਪਸ ਘੱਲ ਦਿੱਤਾ। ਉਸ ਨੇ ਫ਼ੌਜ ਦੇ ਸਰਦਾਰ ਨੂੰ ਹਿਦਾਇਤ ਦਿੱਤੀ ਕਿ ਉਹ ਊਰਿੱਯਾਹ ਨੂੰ ਲੜਾਈ ਵਿਚ ਉਸ ਥਾਂ ਤੈਨਾਤ ਕਰੇ ਜਿੱਥੇ ਉਹ ਮਾਰਿਆ ਜਾਵੇ। ਇਸ ਤਰ੍ਹਾਂ ਊਰਿੱਯਾਹ ਮਾਰਿਆ ਗਿਆ। ਇਸ ਤੋਂ ਪਹਿਲਾਂ ਕਿ ਲੋਕਾਂ ਨੂੰ ਬਥ-ਸ਼ਬਾ ਦੇ ਗਰਭਵਤੀ ਹੋਣ ਦਾ ਪਤਾ ਲੱਗਦਾ, ਦਾਊਦ ਨੇ ਉਸ ਨਾਲ ਵਿਆਹ ਕਰਾ ਲਿਆ।—2 ਸਮੂਏਲ 11:1-27.

15. (ੳ) ਦਾਊਦ ਦੇ ਪਾਪ ਦਾ ਭੇਤ ਕਿੱਦਾਂ ਸਾਮ੍ਹਣੇ ਆਇਆ? (ਅ) ਜਦੋਂ ਨਾਥਾਨ ਨੇ ਸਮਝਦਾਰੀ ਨਾਲ ਦਾਊਦ ਨੂੰ ਡਾਂਟਿਆ-ਫਿਟਕਾਰਿਆ, ਤਾਂ ਦਾਊਦ ਨੇ ਕਿੱਦਾਂ ਦਾ ਰਵੱਈਆ ਦਿਖਾਇਆ ਸੀ?

15 ਇਹ ਲੱਗਦਾ ਸੀ ਕਿ ਦਾਊਦ ਦੀ ਆਪਣੇ ਪਾਪ ਨੂੰ ਲੁਕਾਉਣ ਦੀ ਸਕੀਮ ਕਾਮਯਾਬ ਹੋ ਗਈ ਸੀ। ਕਈ ਮਹੀਨੇ ਬੀਤ ਗਏ ਸਨ। ਇੱਕ ਪੁੱਤਰ ਪੈਦਾ ਹੋਇਆ। ਜ਼ਬੂਰ 32 ਲਿਖਣ ਵੇਲੇ ਜੇ ਦਾਊਦ ਦੇ ਮਨ ਵਿਚ ਇਹ ਘਟਨਾ ਸੀ, ਤਾਂ ਇਹ ਗੱਲ ਸਾਫ਼ ਪਤਾ ਚੱਲਦੀ ਹੈ ਕਿ ਉਸ ਦਾ ਅੰਤਹਕਰਣ ਉਸ ਨੂੰ ਸਤਾ ਰਿਹਾ ਸੀ। (ਜ਼ਬੂਰ 32:3-5) ਇਸ ਤੋਂ ਇਲਾਵਾ ਉਸ ਦਾ ਪਾਪ ਪਰਮੇਸ਼ੁਰ ਤੋਂ ਲੁਕਿਆ ਨਹੀਂ ਸੀ। ਬਾਈਬਲ ਦੱਸਦੀ ਹੈ: “ਉਹ ਕੰਮ ਜੋ ਦਾਊਦ ਨੇ ਕੀਤਾ ਸੋ ਯਹੋਵਾਹ ਨੂੰ ਬੁਰਾ ਲੱਗਾ।” (2 ਸਮੂਏਲ 11:27) ਯਹੋਵਾਹ ਨੇ ਨਾਥਾਨ ਨਬੀ ਨੂੰ ਘੱਲਿਆ ਜਿਸ ਨੇ ਦਾਊਦ ਨੂੰ ਬਹੁਤ ਹੀ ਸਮਝਦਾਰੀ ਨਾਲ ਦੱਸਿਆ ਕਿ ਉਸ ਨੇ ਕੀ ਗ਼ਲਤੀ ਕੀਤੀ ਸੀ। ਦਾਊਦ ਨੇ ਉਸੇ ਵੇਲੇ ਆਪਣੇ ਪਾਪ ਨੂੰ ਮੰਨ ਲਿਆ ਤੇ ਯਹੋਵਾਹ ਨੂੰ ਮਾਫ਼ੀ ਲਈ ਬੇਨਤੀ ਕੀਤੀ। ਉਸ ਨੇ ਦਿਲੋਂ ਪਛਤਾਵਾ ਕੀਤਾ ਜਿਸ ਕਰਕੇ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ। (2 ਸਮੂਏਲ 12:1-13) ਦਾਊਦ ਨੇ ਡਾਂਟ-ਫਿਟਕਾਰ ਦਾ ਬੁਰਾ ਨਹੀਂ ਮਨਾਇਆ। ਇਸ ਦੀ ਬਜਾਇ ਉਸ ਨੇ ਚੰਗਾ ਰਵੱਈਆ ਦਿਖਾਇਆ ਜੋ ਜ਼ਬੂਰ 141:5 ਵਿਚ ਦਰਜ ਹੈ: “ਧਰਮੀ ਮੈਨੂੰ ਮਾਰੇ, ਉਹ ਦੀ ਦਯਾ ਹੈ, ਉਹ ਮੈਨੂੰ ਦਬਕਾਵੇ, ਉਹ ਸਿਰ ਲਈ ਤੇਲ ਹੈ, ਮੇਰਾ ਸਿਰ ਉਸ ਤੋਂ ਇਨਕਾਰ ਨਾ ਕਰੇ।”

16. ਪਾਪ ਕਰਨ ਦੇ ਸੰਬੰਧ ਵਿਚ ਸੁਲੇਮਾਨ ਨੇ ਕਿਹੜੀ ਚੇਤਾਵਨੀ ਅਤੇ ਸਲਾਹ ਦਿੱਤੀ ਸੀ?

16 ਦਾਊਦ ਅਤੇ ਬਥ-ਸ਼ਬਾ ਦੇ ਦੂਸਰੇ ਪੁੱਤਰ ਸੁਲੇਮਾਨ ਨੇ ਆਪਣੇ ਪਿਤਾ ਦੀ ਜ਼ਿੰਦਗੀ ਦੇ ਇਸ ਹਨੇਰੇ ਦੌਰ ਉੱਤੇ ਵਿਚਾਰ ਕੀਤਾ ਹੋਣਾ। ਉਸ ਨੇ ਬਾਅਦ ਵਿਚ ਲਿਖਿਆ: “ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜੋ ਓਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹ ਦੇ ਉੱਤੇ ਰਹਮ ਕੀਤਾ ਜਾਵੇਗਾ।” (ਕਹਾਉਤਾਂ 28:13) ਜੇ ਅਸੀਂ ਗੰਭੀਰ ਪਾਪ ਕਰ ਬੈਠਦੇ ਹਾਂ, ਤਾਂ ਸਾਨੂੰ ਪਰਮੇਸ਼ੁਰ ਦੀ ਇਸ ਸਲਾਹ ਉੱਤੇ ਚੱਲਣਾ ਚਾਹੀਦਾ ਹੈ ਜੋ ਕਿ ਚੇਤਾਵਨੀ ਵੀ ਹੈ ਅਤੇ ਇਕ ਨਸੀਹਤ ਵੀ ਹੈ। ਸਾਨੂੰ ਯਹੋਵਾਹ ਸਾਮ੍ਹਣੇ ਆਪਣੇ ਪਾਪ ਨੂੰ ਮੰਨਣਾ ਚਾਹੀਦਾ ਹੈ ਅਤੇ ਮਦਦ ਲਈ ਕਲੀਸਿਯਾ ਦੇ ਬਜ਼ੁਰਗਾਂ ਕੋਲ ਜਾਣਾ ਚਾਹੀਦਾ ਹੈ। ਬਜ਼ੁਰਗਾਂ ਦੀ ਇਕ ਮਹੱਤਵਪੂਰਣ ਜ਼ਿੰਮੇਵਾਰੀ ਇਹ ਹੈ ਕਿ ਉਹ ਗ਼ਲਤ ਕੰਮ ਕਰਨ ਵਾਲਿਆਂ ਨੂੰ ਸੁਧਾਰਨ।—ਯਾਕੂਬ 5:14, 15.

ਪਾਪ ਦੇ ਨਤੀਜਿਆਂ ਨੂੰ ਭੁਗਤਣਾ

17. ਭਾਵੇਂ ਯਹੋਵਾਹ ਪਾਪ ਮਾਫ਼ ਕਰ ਦਿੰਦਾ ਹੈ, ਪਰ ਉਹ ਕਿਸ ਚੀਜ਼ ਤੋਂ ਸਾਡੀ ਰੱਖਿਆ ਨਹੀਂ ਕਰਦਾ?

17 ਯਹੋਵਾਹ ਨੇ ਦਾਊਦ ਨੂੰ ਮਾਫ਼ ਕਰ ਦਿੱਤਾ ਸੀ। ਕਿਉਂ? ਕਿਉਂਕਿ ਦਾਊਦ ਇਕ ਧਰਮੀ ਬੰਦਾ ਸੀ, ਉਹ ਦੂਸਰਿਆਂ ਉੱਤੇ ਰਹਿਮ ਕਰਦਾ ਸੀ ਅਤੇ ਉਸ ਨੇ ਦਿਲੋਂ ਤੋਬਾ ਕੀਤੀ ਸੀ। ਪਰ ਪਰਮੇਸ਼ੁਰ ਨੇ ਦਾਊਦ ਨੂੰ ਉਸ ਦੇ ਪਾਪ ਦੇ ਭਿਆਨਕ ਨਤੀਜਿਆਂ ਤੋਂ ਨਹੀਂ ਬਚਾਇਆ। (2 ਸਮੂਏਲ 12:9-14) ਅੱਜ ਵੀ ਇਸੇ ਤਰ੍ਹਾਂ ਹੈ। ਚਾਹੇ ਕਿ ਯਹੋਵਾਹ ਤੋਬਾ ਕਰਨ ਵਾਲਿਆਂ ਤੇ ਬੁਰਾਈ ਨਹੀਂ ਲਿਆਉਂਦਾ, ਪਰ ਉਹ ਉਨ੍ਹਾਂ ਦੇ ਗ਼ਲਤ ਕੰਮਾਂ ਦੇ ਨਤੀਜਿਆਂ ਤੋਂ ਉਨ੍ਹਾਂ ਨੂੰ ਨਹੀਂ ਬਚਾਉਂਦਾ। (ਗਲਾਤੀਆਂ 6:7) ਅਨੈਤਿਕ ਕੰਮ ਕਰਨ ਕਰਕੇ ਕਿਸੇ ਦਾ ਤਲਾਕ ਹੋ ਸਕਦਾ ਹੈ, ਅਣਚਾਹਿਆ ਗਰਭ ਹੋ ਸਕਦਾ, ਲਿੰਗੀ ਬੀਮਾਰੀ ਲੱਗ ਸਕਦੀ ਜਾਂ ਉਹ ਦੂਸਰਿਆਂ ਦੀਆਂ ਨਜ਼ਰਾਂ ਵਿਚ ਡਿੱਗ ਸਕਦਾ ਹੈ।

18. (ੳ) ਘੋਰ ਅਨੈਤਿਕ ਚਾਲ-ਚਲਣ ਦੇ ਇਕ ਮਾਮਲੇ ਨੂੰ ਨਜਿੱਠਣ ਲਈ ਪੌਲੁਸ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਕੀ ਸਲਾਹ ਦਿੱਤੀ ਸੀ? (ਅ) ਯਹੋਵਾਹ ਪਾਪੀਆਂ ਲਈ ਪਿਆਰ ਅਤੇ ਰਹਿਮ ਕਿਸ ਤਰ੍ਹਾਂ ਦਿਖਾਉਂਦਾ ਹੈ?

18 ਜੇ ਅਸੀਂ ਇਹ ਗੰਭੀਰ ਪਾਪ ਕੀਤਾ ਹੈ, ਤਾਂ ਆਪਣੀਆਂ ਗ਼ਲਤੀਆਂ ਦੇ ਨਤੀਜਿਆਂ ਨੂੰ ਭੁਗਤਦੇ ਹੋਏ ਨਿਰਾਸ਼ ਮਹਿਸੂਸ ਕਰਨਾ ਸੁਭਾਵਕ ਹੈ। ਪਰ, ਸਾਨੂੰ ਤੋਬਾ ਕਰਨ ਅਤੇ ਪਰਮੇਸ਼ੁਰ ਤੋਂ ਮਾਫ਼ੀ ਮੰਗਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਪਹਿਲੀ ਸਦੀ ਵਿਚ ਪੌਲੁਸ ਨੇ ਕੁਰਿੰਥੀਆਂ ਨੂੰ ਲਿਖਿਆ ਸੀ ਕਿ ਉਸ ਆਦਮੀ ਨੂੰ ਕਲੀਸਿਯਾ ਵਿੱਚੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ ਜੋ ਆਪਣੇ ਰਿਸ਼ਤੇਦਾਰਾਂ ਨਾਲ ਹੀ ਹਰਾਮਕਾਰੀ ਕਰਦਾ ਸੀ। (1 ਕੁਰਿੰਥੀਆਂ 5:1, 13) ਉਸ ਆਦਮੀ ਦੁਆਰਾ ਦਿਲੋਂ ਤੋਬਾ ਕਰਨ ਤੋਂ ਬਾਅਦ, ਪੌਲੁਸ ਨੇ ਕਲੀਸਿਯਾ ਨੂੰ ਹਿਦਾਇਤ ਦਿੱਤੀ: “ਉਹ ਨੂੰ ਮਾਫ਼ ਕਰੋ ਅਤੇ ਦਿਲਾਸਾ ਦਿਓ।” (2 ਕੁਰਿੰਥੀਆਂ 2:5-8) ਇਸ ਪਰਮੇਸ਼ੁਰੀ ਸਲਾਹ ਵਿਚ ਅਸੀਂ ਤੋਬਾ ਕਰਨ ਵਾਲੇ ਪਾਪੀਆਂ ਲਈ ਯਹੋਵਾਹ ਦੇ ਪਿਆਰ ਅਤੇ ਰਹਿਮ ਨੂੰ ਦੇਖਦੇ ਹਾਂ। ਜਦੋਂ ਇਕ ਪਾਪੀ ਤੋਬਾ ਕਰਦਾ ਹੈ, ਤਾਂ ਸਵਰਗ ਵਿਚ ਦੂਤ ਵੀ ਖ਼ੁਸ਼ ਹੁੰਦੇ ਹਨ।—ਲੂਕਾ 15:10.

19. ਗ਼ਲਤ ਕੰਮ ਕਰਨ ਦਾ ਦਿਲੋਂ ਪਛਤਾਵਾ ਕਰਨ ਨਾਲ ਸਾਨੂੰ ਕਿਹੜੇ ਫ਼ਾਇਦੇ ਹੋ ਸਕਦੇ ਹਨ?

19 ਭਾਵੇਂ ਕਿ ਅਸੀਂ ਆਪਣੇ ਗ਼ਲਤ ਕੰਮਾਂ ਕਰਕੇ ਦੁਖੀ ਹੁੰਦੇ ਹਾਂ, ਪਰ ਜਦੋਂ ਅਸੀਂ ਪਛਤਾਵਾ ਕਰਦੇ ਹਾਂ, ਤਾਂ ਇਹ ਪਛਤਾਵਾ ‘ਚੌਕਸ ਰਹਿਣ’ ਵਿਚ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ‘ਬੁਰਿਆਈ ਵੱਲ ਨਾ ਫਿਰੀਏ।’ (ਅੱਯੂਬ 36:21) ਅਸਲ ਵਿਚ ਪਾਪ ਦੇ ਭਿਆਨਕ ਨਤੀਜੇ ਭੁਗਤਣ ਤੋਂ ਬਾਅਦ ਸਾਨੂੰ ਦੁਬਾਰਾ ਗ਼ਲਤੀ ਨਾ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ। ਦਾਊਦ ਨੇ ਪਾਪ ਕਰਨ ਦੇ ਆਪਣੇ ਇਸ ਕੌੜੇ ਤਜਰਬੇ ਨੂੰ ਦੂਸਰਿਆਂ ਨੂੰ ਨਸੀਹਤ ਦੇਣ ਲਈ ਵਰਤਿਆ। ਉਸ ਨੇ ਕਿਹਾ: “ਮੈਂ ਅਪਰਾਧੀਆਂ ਨੂੰ ਤੇਰੇ ਰਾਹ ਸਿਖਾਵਾਂਗਾ, ਅਤੇ ਪਾਪੀ ਤੇਰੇ ਵੱਲ ਮੁੜਨਗੇ।”—ਜ਼ਬੂਰ 51:13.

ਯਹੋਵਾਹ ਦੀ ਸੇਵਾ ਕਰਨ ਨਾਲ ਖ਼ੁਸ਼ੀ ਮਿਲਦੀ ਹੈ

20. ਪਰਮੇਸ਼ੁਰ ਦੀਆਂ ਮੰਗਾਂ ਪੂਰੀਆਂ ਕਰਨ ਨਾਲ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?

20 ਯਿਸੂ ਨੇ ਕਿਹਾ ਸੀ: “ਧੰਨ ਹੋਣਗੇ ਓਹ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ।” (ਲੂਕਾ 11:28) ਪਰਮੇਸ਼ੁਰ ਦੀਆਂ ਮੰਗਾਂ ਪੂਰੀਆਂ ਕਰਨ ਨਾਲ ਹੁਣ ਅਤੇ ਆਉਣ ਵਾਲੇ ਅਨੰਤ ਭਵਿੱਖ ਵਿਚ ਖ਼ੁਸ਼ੀ ਮਿਲੇਗੀ। ਜੇ ਅਸੀਂ ਹੁਣ ਤਕ ਨੈਤਿਕ ਤੌਰ ਤੇ ਸ਼ੁੱਧ ਰਹੇ ਹਾਂ, ਤਾਂ ਆਓ ਆਪਾਂ ਉਨ੍ਹਾਂ ਸਾਰੇ ਪ੍ਰਬੰਧਾਂ ਦਾ ਫ਼ਾਇਦਾ ਲੈ ਕੇ ਹਮੇਸ਼ਾ ਸ਼ੁੱਧ ਰਹੀਏ ਜੋ ਪਰਮੇਸ਼ੁਰ ਦੁਆਰਾ ਸਾਡੀ ਮਦਦ ਲਈ ਕੀਤੇ ਹਨ। ਜੇ ਅਸੀਂ ਅਨੈਤਿਕ ਕੰਮ ਕਰ ਬੈਠੇ ਹਾਂ, ਤਾਂ ਆਓ ਇਸ ਗੱਲ ਕਰਕੇ ਹੌਸਲਾ ਰੱਖੀਏ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ ਜਿਹੜੇ ਦਿਲੋਂ ਤੋਬਾ ਕਰਦੇ ਹਨ। ਅਤੇ ਆਓ ਆਪਾਂ ਦੁਬਾਰਾ ਇਹ ਗ਼ਲਤੀ ਨਾ ਕਰਨ ਦਾ ਪੱਕਾ ਇਰਾਦਾ ਕਰੀਏ।—ਯਸਾਯਾਹ 55:7.

21. ਪਤਰਸ ਰਸੂਲ ਦੀ ਕਿਹੜੀ ਸਲਾਹ ਨੈਤਿਕ ਤੌਰ ਤੇ ਸ਼ੁੱਧ ਰਹਿਣ ਵਿਚ ਸਾਡੀ ਮਦਦ ਕਰਦੀ ਹੈ?

21 ਜਲਦੀ ਹੀ ਇਹ ਦੁਸ਼ਟ ਸੰਸਾਰ ਅਤੇ ਇਸ ਵਿਚ ਕੀਤੇ ਜਾਂਦੇ ਅਨੈਤਿਕ ਕੰਮ ਖ਼ਤਮ ਹੋ ਜਾਣਗੇ। ਨੈਤਿਕ ਤੌਰ ਤੇ ਸ਼ੁੱਧ ਰਹਿਣ ਨਾਲ ਸਾਨੂੰ ਹੁਣ ਅਤੇ ਭਵਿੱਖ ਵਿਚ ਹਮੇਸ਼ਾ-ਹਮੇਸ਼ਾ ਲਈ ਲਾਭ ਪ੍ਰਾਪਤ ਹੋਣਗੇ। ਪਤਰਸ ਰਸੂਲ ਨੇ ਲਿਖਿਆ ਸੀ: “ਇਸ ਲਈ ਹੇ ਪਿਆਰਿਓ, ਜਦੋਂ ਤੁਸੀਂ ਇਨ੍ਹਾਂ ਗੱਲਾਂ ਦੀ ਉਡੀਕ ਕਰਦੇ ਹੋ ਤਾਂ ਜਤਨ ਕਰੋ ਭਈ ਤੁਸੀਂ ਸ਼ਾਂਤੀ ਨਾਲ ਉਹ ਦੇ ਅੱਗੇ ਨਿਰਮਲ ਅਤੇ ਨਿਹਕਲੰਕ ਠਹਿਰੋ। . . . ਜਦੋਂ ਤੁਸੀਂ ਅੱਗੇ ਹੀ ਏਹ ਗੱਲਾਂ ਜਾਣਦੇ ਹੋ ਤਾਂ ਚੌਕਸ ਰਹੋ ਭਈ ਕਿਤੇ ਨਾ ਹੋਵੇ ਜੋ ਦੁਸ਼ਟਾਂ ਦੀ ਭੁੱਲ ਨਾਲ ਭਰਮ ਕੇ ਆਪਣੀ ਦ੍ਰਿੜ੍ਹਤਾ ਤੋਂ ਡਿੱਗ ਪਓ।”—2 ਪਤਰਸ 3:14, 17.

ਕੀ ਤੁਸੀਂ ਸਮਝਾ ਸਕਦੇ ਹੋ?

• ਨੈਤਿਕ ਤੌਰ ਤੇ ਸ਼ੁੱਧ ਰਹਿਣਾ ਐਨਾ ਔਖਾ ਕਿਉਂ ਹੈ?

• ਉੱਚੇ ਨੈਤਿਕ ਮਿਆਰਾਂ ਉੱਤੇ ਚੱਲਣ ਦੇ ਆਪਣੇ ਇਰਾਦੇ ਉੱਤੇ ਅਸੀਂ ਕਿਹੜੇ ਤਰੀਕਿਆਂ ਨਾਲ ਡਟੇ ਰਹਿ ਸਕਦੇ ਹਾਂ?

• ਸੁਲੇਮਾਨ ਦੀ ਕਹਾਣੀ ਵਿਚ ਨੌਜਵਾਨ ਦੇ ਪਾਪਾਂ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ?

• ਪਛਤਾਵਾ ਕਰਨ ਬਾਰੇ ਦਾਊਦ ਦੀ ਮਿਸਾਲ ਸਾਨੂੰ ਕੀ ਸਿਖਾਉਂਦੀ ਹੈ?

[ਸਵਾਲ]

[ਸਫ਼ੇ 13 ਉੱਤੇ ਤਸਵੀਰ]

ਨੈਤਿਕ ਤੌਰ ਤੇ ਸ਼ੁੱਧ ਰਹਿਣ ਦਾ ਆਪਣਾ ਇਰਾਦਾ ਦੂਜਿਆਂ ਨੂੰ ਦੱਸੋ, ਇਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ

[ਸਫ਼ੇ 16, 17 ਉੱਤੇ ਤਸਵੀਰਾਂ]

ਕਿਉਂਕਿ ਦਾਊਦ ਨੇ ਦਿਲੋਂ ਤੋਬਾ ਕੀਤੀ ਸੀ, ਇਸ ਲਈ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ