Skip to content

Skip to table of contents

ਅੱਜ ਪਰਮੇਸ਼ੁਰ ਦੇ ਸੇਵਕ ਕੌਣ ਹਨ?

ਅੱਜ ਪਰਮੇਸ਼ੁਰ ਦੇ ਸੇਵਕ ਕੌਣ ਹਨ?

ਅੱਜ ਪਰਮੇਸ਼ੁਰ ਦੇ ਸੇਵਕ ਕੌਣ ਹਨ?

“ਸਾਡੀ ਜੋਗਤਾ ਪਰਮੇਸ਼ੁਰ ਵੱਲੋਂ ਹੈ। ਜਿਹ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਜੋਗ ਵੀ ਬਣਾਇਆ।”—2 ਕੁਰਿੰਥੀਆਂ 3:5, 6.

1, 2. ਪਹਿਲੀ ਸਦੀ ਦੇ ਸਾਰੇ ਮਸੀਹੀ ਕਿਹੜੀ ਜ਼ਿੰਮੇਵਾਰੀ ਨਿਭਾਉਂਦੇ ਸਨ, ਪਰ ਹਾਲਾਤ ਕਿਸ ਤਰ੍ਹਾਂ ਬਦਲ ਗਏ ਸਨ?

ਪਹਿਲੀ ਸਦੀ ਵਿਚ ਸਾਰਿਆਂ ਮਸੀਹੀਆਂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਇਕ ਮਹੱਤਵਪੂਰਣ ਜ਼ਿੰਮੇਵਾਰੀ ਨਿਭਾਈ ਸੀ। ਉਹ ਸਾਰੇ ਮਸਹ ਕੀਤੇ ਹੋਏ ਮਸੀਹੀ ਅਤੇ ਨਵੇਂ ਨੇਮ ਦੇ ਸੇਵਕ ਸਨ। ਕਈਆਂ ਕੋਲ ਕਲੀਸਿਯਾ ਵਿਚ ਸਿਖਲਾਈ ਦੇਣ ਵਰਗੀਆਂ ਹੋਰ ਵੀ ਜ਼ਿੰਮੇਵਾਰੀਆਂ ਸਨ। (1 ਕੁਰਿੰਥੀਆਂ 12:27-29; ਅਫ਼ਸੀਆਂ 4:11) ਮਾਪਿਆਂ ਕੋਲ ਵੀ ਪਰਿਵਾਰ ਵਿਚ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਸਨ। (ਕੁਲੁੱਸੀਆਂ 3:18-21) ਪਰ ਸਾਰਿਆਂ ਨੇ ਪ੍ਰਚਾਰ ਕਰਨ ਦੇ ਮਹੱਤਵਪੂਰਣ ਕੰਮ ਵਿਚ ਹਿੱਸਾ ਲਿਆ ਸੀ। ਬਾਈਬਲ ਦੇ ਯੂਨਾਨੀ ਸ਼ਾਸਤਰ ਵਿਚ ਇਸ ਜ਼ਿੰਮੇਵਾਰੀ ਨੂੰ ਡਿਆਕੋਨਿਆ ਜਾਂ ਇਕ ਸੇਵਾ ਸੱਦਿਆ ਗਿਆ ਹੈ।—ਕੁਲੁੱਸੀਆਂ 4:17.

2 ਸਮੇਂ ਦੇ ਬੀਤਣ ਨਾਲ ਹਾਲਾਤ ਬਦਲ ਗਏ। ਪਾਦਰੀਆਂ ਦਾ ਇਕ ਅਜਿਹਾ ਵਰਗ ਪ੍ਰਗਟ ਹੋਇਆ ਜੋ ਸਮਝਦਾ ਸੀ ਕਿ ਪ੍ਰਚਾਰ ਕਰਨ ਦਾ ਸਨਮਾਨ ਸਿਰਫ਼ ਉਸ ਲਈ ਹੀ ਸੀ। (ਰਸੂਲਾਂ ਦੇ ਕਰਤੱਬ 20:30) ਮਸੀਹੀਆਂ ਦਰਮਿਆਨ ਪਾਦਰੀਆਂ ਦਾ ਇਹ ਸਮੂਹ ਛੋਟਾ ਜਿਹਾ ਸੀ। ਅਤੇ ਬਾਕੀ ਦੇ ਮਸੀਹੀ ਆਮ ਜਨਤਾ ਵਜੋਂ ਜਾਣੇ ਜਾਂਦੇ ਸਨ। ਆਮ ਜਨਤਾ ਨੂੰ ਸਿਖਾਇਆ ਗਿਆ ਸੀ ਕਿ ਉਨ੍ਹਾਂ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਸਨ, ਜਿਨ੍ਹਾਂ ਵਿਚ ਪਾਦਰੀਆਂ ਦੇ ਖ਼ਰਚ ਲਈ ਚੰਦਾ ਦੇਣਾ ਵੀ ਸ਼ਾਮਲ ਸੀ। ਪਰ ਇਨ੍ਹਾਂ ਵਿੱਚੋਂ ਬਹੁਤੇ ਪ੍ਰਚਾਰ ਕਰਨ ਦੀ ਬਜਾਇ ਸੁਣਨ ਵਾਲੇ ਹੀ ਬਣ ਗਏ ਹਨ।

3, 4. (ੳ) ਈਸਾਈ-ਜਗਤ ਵਿਚ ਲੋਕ ਮਨਿਸਟਰ ਜਾਂ ਸੇਵਕ ਕਿਸ ਤਰ੍ਹਾਂ ਬਣਦੇ ਹਨ? (ਅ) ਈਸਾਈ-ਜਗਤ ਵਿਚ ਮਨਿਸਟਰ ਜਾਂ ਸੇਵਕ ਕਿਸ ਨੂੰ ਸਮਝਿਆ ਜਾਂਦਾ ਹੈ, ਅਤੇ ਯਹੋਵਾਹ ਦੇ ਗਵਾਹਾਂ ਵਿਚ ਇਸ ਤਰ੍ਹਾਂ ਕਿਉਂ ਨਹੀਂ ਹੈ?

3 ਪਾਦਰੀ ਆਪਣੇ ਆਪ ਨੂੰ ਮਨਿਸਟਰ ਸੱਦਦੇ ਹਨ (ਡਿਆਕੋਨੋਸ ਦਾ ਇਕ ਲਾਤੀਨੀ ਤਰਜਮਾ ਮਨਿਸਟਰ, ਯਾਨੀ ਸੇਵਕ ਹੈ)। ਉਹ ਸੈਮਨੇਰੀਆਂ ਤੋਂ ਡਿਗਰੀਆਂ ਹਾਸਲ ਕਰਨ ਤੋਂ ਬਾਅਦ ਪਾਦਰੀਆਂ ਵਜੋਂ ਨਿਯੁਕਤ ਕੀਤੇ ਜਾਂਦੇ ਹਨ। ਬਾਈਬਲ ਦਾ ਇਕ ਕੋਸ਼ ਕਹਿੰਦਾ ਹੈ ਕਿ “‘ਨਿਯੁਕਤ ਕਰਨ’ ਦਾ ਮਤਲਬ ਆਮ ਤੌਰ ਤੇ ਕਿਸੇ ਮਨਿਸਟਰ ਜਾਂ ਪਾਦਰੀ ਨੂੰ ਚਰਚ ਵਿਚ ਕੋਈ ਖ਼ਾਸ ਕੰਮ ਕਰਨ ਲਈ ਥਾਪਿਆ ਜਾਣਾ ਹੈ। ਉਸ ਨੂੰ ਖ਼ਾਸ ਕਰਕੇ ਪਰਮੇਸ਼ੁਰ ਦੇ ਬਚਨ ਬਾਰੇ ਦੱਸਣ ਅਤੇ ਸਮਾਰਕ ਦੇ ਪਵਿੱਤਰ ਪ੍ਰਤੀਕ ਦੇਣ ਦਾ ਅਧਿਕਾਰ ਦਿੱਤਾ ਜਾਂਦਾ ਹੈ।” ਇਨ੍ਹਾਂ ਸੇਵਕਾਂ ਨੂੰ ਕੌਣ ਨਿਯੁਕਤ ਕਰਦਾ ਹੈ? ਇਕ ਹੋਰ ਕੋਸ਼ ਕਹਿੰਦਾ ਹੈ: “ਜਿਨ੍ਹਾਂ ਚਰਚਾਂ ਵਿਚ ਪਦਵੀਆਂ ਜਾਂ ਦਰਜੇ ਹੁੰਦੇ ਹਨ, ਬਿਸ਼ਪ ਹਮੇਸ਼ਾ ਨਿਯੁਕਤੀ ਕਰਦਾ ਹੁੰਦਾ ਹੈ। ਪ੍ਰੈਸਬੀਟਰੀ ਚਰਚਾਂ ਵਿਚ, ਪਾਦਰੀ-ਸੰਘ ਦੇ ਸੇਵਕ ਇਕੱਠੇ ਹੋ ਕੇ ਨਿਯੁਕਤੀ ਬਾਰੇ ਸਲਾਹ ਕਰਦੇ ਹਨ।”

4 ਇਸ ਲਈ, ਈਸਾਈ-ਜਗਤ ਦਿਆਂ ਚਰਚਾਂ ਵਿਚ ਮਨਿਸਟਰ ਜਾਂ ਸੇਵਕ ਬਣਨ ਦਾ ਸਨਮਾਨ ਸਿਰਫ਼ ਕੁਝ ਹੀ ਖ਼ਾਸ ਵਿਅਕਤੀਆਂ ਨੂੰ ਮਿਲਦਾ ਹੈ। ਪਰ, ਯਹੋਵਾਹ ਦੇ ਗਵਾਹਾਂ ਵਿਚਕਾਰ ਇਸ ਤਰ੍ਹਾਂ ਨਹੀਂ ਹੈ, ਕਿਉਂਕਿ ਪਹਿਲੀ-ਸਦੀ ਦੀ ਮਸੀਹੀ ਕਲੀਸਿਯਾ ਵਿਚ ਇਸ ਤਰ੍ਹਾਂ ਨਹੀਂ ਸੀ।

ਪਰਮੇਸ਼ੁਰ ਦੇ ਅਸਲੀ ਸੇਵਕ ਕੌਣ ਹਨ?

5. ਬਾਈਬਲ ਅਨੁਸਾਰ, ਕੌਣ ਸੇਵਕਾਂ ਵਜੋਂ ਸੇਵਾ ਕਰਦੇ ਹਨ?

5 ਬਾਈਬਲ ਦੇ ਅਨੁਸਾਰ ਯਹੋਵਾਹ ਦੇ ਸਾਰੇ ਉਪਾਸਕ ਸੇਵਕ ਹਨ, ਚਾਹੇ ਉਹ ਸਵਰਗ ਵਿਚ ਜਾਂ ਧਰਤੀ ਉੱਤੇ ਹਨ। ਦੂਤਾਂ ਨੇ ਯਿਸੂ ਦੀ ਟਹਿਲ ਜਾਂ ਸੇਵਾ ਕੀਤੀ ਸੀ। (ਮੱਤੀ 4:11; 26:53; ਲੂਕਾ 22:43) ਦੂਤ ‘ਮੁਕਤੀ ਦਾ ਵਿਰਸਾ ਪਾਉਣ ਵਾਲਿਆਂ ਦੀ ਵੀ ਸੇਵਾ’ ਕਰਦੇ ਹਨ। (ਇਬਰਾਨੀਆਂ 1:13; ਮੱਤੀ 18:10) ਯਿਸੂ ਖ਼ੁਦ ਇਕ ਸੇਵਕ ਸੀ। ਉਸ ਨੇ ਕਿਹਾ: ‘ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਆਇਆ’ ਸੀ। (ਮੱਤੀ 20:28; ਰੋਮੀਆਂ 15:8) ਇਸ ਲਈ, ਕਿਉਂਕਿ ਯਿਸੂ ਦੇ ਚੇਲਿਆਂ ਨੇ ‘ਉਹ ਦੀ ਪੈੜ ਉੱਤੇ ਤੁਰਨਾ’ ਸੀ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਨ੍ਹਾਂ ਨੇ ਵੀ ਸੇਵਕ ਬਣਨਾ ਸੀ।—1 ਪਤਰਸ 2:21.

6. ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਸ ਦੇ ਚੇਲੇ ਸੇਵਕ ਹੋਣਗੇ?

6 ਸਵਰਗ ਨੂੰ ਚੜ੍ਹਨ ਤੋਂ ਥੋੜ੍ਹਾ ਚਿਰ ਪਹਿਲਾਂ, ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਯਿਸੂ ਦੇ ਚੇਲਿਆਂ ਨੇ ਚੇਲੇ ਬਣਾਉਣ ਵਾਲੇ ਸੇਵਕ ਬਣਨਾ ਸੀ। ਨਵੇਂ ਚੇਲਿਆਂ ਨੇ ਵੀ ਯਿਸੂ ਦੇ ਸਾਰਿਆਂ ਹੁਕਮਾਂ ਦੀ ਪਾਲਨਾ ਕਰਨੀ ਸਿੱਖਣੀ ਸੀ, ਜਿਸ ਵਿਚ ਚੇਲੇ ਬਣਾਉਣ ਦਾ ਕੰਮ ਵੀ ਸ਼ਾਮਲ ਸੀ। ਯਿਸੂ ਮਸੀਹ ਦਾ ਸੱਚਾ ਚੇਲਾ, ਚਾਹੇ ਆਦਮੀ ਹੋਵੇ ਜਾਂ ਔਰਤ, ਸਿਆਣਾ ਜਾਂ ਬੱਚਾ, ਇਕ ਸੇਵਕ ਹੁੰਦਾ ਹੈ।—ਯੋਏਲ 2:28, 29.

7, 8. (ੳ) ਬਾਈਬਲ ਦੀਆਂ ਕਿਹੜੀਆਂ ਆਇਤਾਂ ਦਿਖਾਉਂਦੀਆਂ ਹਨ ਕਿ ਸਾਰੇ ਸੱਚੇ ਮਸੀਹੀ ਸੇਵਕ ਹਨ? (ਅ) ਨਿਯੁਕਤ ਕੀਤੇ ਜਾਣ ਬਾਰੇ ਕਿਹੜੇ ਸਵਾਲ ਉੱਠਦੇ ਹਨ?

7 ਇਸ ਦੀ ਇਕਸੁਰਤਾ ਵਿਚ, 33 ਸਾ.ਯੁ. ਵਿਚ ਪੰਤੇਕੁਸਤ ਦੇ ਦਿਨ ਤੇ ਯਿਸੂ ਦੇ ਸਾਰਿਆਂ ਚੇਲਿਆਂ, ਆਦਮੀਆਂ ਅਤੇ ਔਰਤਾਂ ਨੇ, “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਬਾਰੇ ਦੱਸਣ ਵਿਚ ਹਿੱਸਾ ਲਿਆ। (ਰਸੂਲਾਂ ਦੇ ਕਰਤੱਬ 2:1-11) ਫਿਰ, ਪੌਲੁਸ ਰਸੂਲ ਨੇ ਇਹ ਵੀ ਲਿਖਿਆ ਕਿ “ਧਰਮ ਲਈ ਤਾਂ ਹਿਰਦੇ ਨਾਲ ਨਿਹਚਾ ਕਰੀਦੀ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕਰੀਦਾ ਹੈ।” (ਰੋਮੀਆਂ 10:10) ਪੌਲੁਸ ਨੇ ਇਹ ਸ਼ਬਦ, ਪਾਦਰੀਆਂ ਦੇ ਕਿਸੇ ਵਰਗ ਨੂੰ ਨਹੀਂ ਲਿਖੇ ਸਨ, ਪਰ “ਓਹਨਾਂ ਸਭਨਾਂ ਨੂੰ ਜਿਹੜੇ ਰੋਮ ਵਿੱਚ ਪਰਮੇਸ਼ੁਰ ਦੇ ਪਿਆਰੇ” ਸਨ। (ਰੋਮੀਆਂ 1:1, 7) ਸਾਰਿਆਂ ‘ਸੰਤਾਂ ਨੂੰ ਜਿਹੜੇ ਅਫ਼ਸੁਸ ਵਿੱਚ ਵੱਸਦੇ ਸਨ ਅਤੇ ਮਸੀਹ ਯਿਸੂ ਵਿੱਚ ਨਿਹਚਾਵਾਨ ਸਨ,’ ਇਸੇ ਤਰ੍ਹਾਂ ‘ਮਿਲਾਪ ਦੀ ਖੁਸ਼ ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀਂ ਪਾਉਣੀ’ ਚਾਹੀਦੀ ਸੀ। (ਅਫ਼ਸੀਆਂ 1:1; 6:15) ਇਬਰਾਨੀਆਂ ਨੂੰ ਲਿਖੀ ਗਈ ਇਸ ਚਿੱਠੀ ਨੂੰ ਜਿਨ੍ਹਾਂ ਨੇ ਵੀ ਸੁਣਿਆ ਉਨ੍ਹਾਂ ਨੂੰ ‘ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰੱਖਣਾ’ ਚਾਹੀਦਾ ਸੀ।—ਇਬਰਾਨੀਆਂ 10:23.

8 ਪਰ, ਇਕ ਇਨਸਾਨ ਸੇਵਕ ਕਦੋਂ ਬਣਦਾ ਹੈ? ਯਾਨੀ, ਉਹ ਕਦੋਂ ਨਿਯੁਕਤ ਕੀਤਾ ਜਾਂਦਾ ਹੈ? ਅਤੇ ਉਸ ਨੂੰ ਕੌਣ ਨਿਯੁਕਤ ਕਰਦਾ ਹੈ?

ਇਕ ਸੇਵਕ ਵਜੋਂ ਨਿਯੁਕਤੀ ਕਦੋਂ ਕੀਤੀ ਜਾਂਦੀ ਹੈ?

9. ਯਿਸੂ ਕਦੋਂ ਅਤੇ ਕਿਸ ਦੁਆਰਾ ਨਿਯੁਕਤ ਕੀਤਾ ਗਿਆ ਸੀ?

9 ਇਹ ਪਤਾ ਕਰਨ ਲਈ ਕਿ ਇਕ ਇਨਸਾਨ ਕਦੋਂ ਨਿਯੁਕਤ ਕੀਤਾ ਜਾਂਦਾ ਹੈ ਅਤੇ ਉਸ ਨੂੰ ਕੌਣ ਨਿਯੁਕਤ ਕਰਦਾ ਹੈ, ਯਿਸੂ ਮਸੀਹ ਦੀ ਮਿਸਾਲ ਵੱਲ ਧਿਆਨ ਦਿਓ। ਉਸ ਕੋਲ ਆਪਣੀ ਨਿਯੁਕਤੀ ਦਾ ਕੋਈ ਪੱਤਰ ਨਹੀਂ ਸੀ ਅਤੇ ਨਾ ਹੀ ਉਸ ਨੂੰ ਇਕ ਸੇਵਕ ਵਜੋਂ ਕਿਸੇ ਸੈਮਨੇਰੀ ਤੋਂ ਕੋਈ ਡਿਗਰੀ ਮਿਲੀ ਸੀ। ਉਸ ਦੀ ਨਿਯੁਕਤੀ ਕਿਸੇ ਆਦਮੀ ਨੇ ਨਹੀਂ ਕੀਤੀ ਸੀ। ਤਾਂ ਫਿਰ, ਅਸੀਂ ਕਿਉਂ ਕਹਿ ਸਕਦੇ ਹਾਂ ਕਿ ਉਹ ਸੱਚ-ਮੁੱਚ ਇਕ ਸੇਵਕ ਸੀ? ਕਿਉਂਕਿ ਯਸਾਯਾਹ ਦੀ ਭਵਿੱਖਬਾਣੀ ਉਸ ਵਿਚ ਪੂਰੀ ਹੋਈ ਸੀ: ‘ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਹ ਨੇ ਮੈਨੂੰ ਮਸਹ ਕੀਤਾ ਭਈ ਮੈਂ ਖੁਸ਼ ਖਬਰੀ ਸੁਣਾਵਾਂ।’ (ਲੂਕਾ 4:17-19; ਯਸਾਯਾਹ 61:1) ਤਾਂ ਫਿਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਯਿਸੂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਗਿਆ ਸੀ। ਪਰ ਉਸ ਨੂੰ ਇਹ ਹੁਕਮ ਕਿਸ ਨੇ ਦਿੱਤਾ ਸੀ? ਉਸ ਨੂੰ ਯਹੋਵਾਹ ਦੀ ਆਤਮਾ ਨੇ ਇਸ ਕੰਮ ਲਈ ਮਸਹ ਕੀਤਾ ਸੀ, ਤਾਂ ਫਿਰ ਸਪੱਸ਼ਟ ਹੈ ਕਿ ਯਿਸੂ ਨੂੰ ਯਹੋਵਾਹ ਨੇ ਨਿਯੁਕਤ ਕੀਤਾ ਸੀ। ਇਹ ਨਿਯੁਕਤੀ ਕਦੋਂ ਹੋਈ ਸੀ? ਯਿਸੂ ਦੇ ਬਪਤਿਸਮੇ ਦੇ ਵੇਲੇ ਯਹੋਵਾਹ ਦੀ ਆਤਮਾ ਉਸ ਉੱਤੇ ਆਈ ਸੀ। (ਲੂਕਾ 3:21, 22) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਉਹ ਆਪਣੇ ਬਪਤਿਸਮੇ ਦੇ ਸਮੇਂ ਨਿਯੁਕਤ ਕੀਤਾ ਗਿਆ ਸੀ।

10. ਇਕ ਮਸੀਹੀ ਨੂੰ ਸੇਵਕ ਵਜੋਂ “ਜੋਗਤਾ” ਕਿਸ ਤੋਂ ਮਿਲਦੀ ਹੈ?

10 ਯਿਸੂ ਦੇ ਪਹਿਲੀ-ਸਦੀ ਦੇ ਚੇਲਿਆਂ ਬਾਰੇ ਕੀ? ਉਨ੍ਹਾਂ ਨੂੰ ਵੀ ਯਹੋਵਾਹ ਨੇ ਹੀ ਸੇਵਕਾਂ ਵਜੋਂ ਨਿਯੁਕਤ ਕੀਤਾ ਸੀ। ਪੌਲੁਸ ਨੇ ਕਿਹਾ: “ਸਾਡੀ ਜੋਗਤਾ ਪਰਮੇਸ਼ੁਰ ਵੱਲੋਂ ਹੈ। ਜਿਹ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਜੋਗ ਵੀ ਬਣਾਇਆ।” (2 ਕੁਰਿੰਥੀਆਂ 3:5, 6) ਯਹੋਵਾਹ ਆਪਣੇ ਉਪਾਸਕਾਂ ਨੂੰ ਸੇਵਕ ਹੋਣ ਦੇ ਯੋਗ ਕਿਸ ਤਰ੍ਹਾਂ ਬਣਾਉਂਦਾ ਹੈ? ਤਿਮੋਥਿਉਸ ਦੀ ਮਿਸਾਲ ਵੱਲ ਧਿਆਨ ਦਿਓ ਜਿਸ ਨੂੰ ਪੌਲੁਸ ਨੇ “ਮਸੀਹ ਦੀ ਖੁਸ਼ ਖਬਰੀ ਦੇ ਕੰਮ ਵਿੱਚ ਪਰਮੇਸ਼ੁਰ ਦਾ ਸੇਵਕ” ਸੱਦਿਆ ਸੀ।—1 ਥੱਸਲੁਨੀਕੀਆਂ 3:2.

11, 12. ਤਿਮੋਥਿਉਸ ਨੇ ਸੇਵਕ ਬਣਨ ਲਈ ਤਰੱਕੀ ਕਿਸ ਤਰ੍ਹਾਂ ਕੀਤੀ ਸੀ?

11 ਤਿਮੋਥਿਉਸ ਨੂੰ ਲਿਖੇ ਗਏ ਅਗਲੇ ਸ਼ਬਦ ਸਾਨੂੰ ਇਹ ਸਮਝਣ ਵਿਚ ਮਦਦ ਦਿੰਦੇ ਹਨ ਕਿ ਉਹ ਇਕ ਸੇਵਕ ਕਿਸ ਤਰ੍ਹਾਂ ਬਣਿਆ ਸੀ: “ਪਰ ਤੂੰ ਉਨ੍ਹਾਂ ਗੱਲਾਂ ਉੱਤੇ ਜਿਹੜੀਆਂ ਤੈਂ ਸਿੱਖੀਆਂ ਅਤੇ ਸਤ ਮੰਨੀਆਂ ਟਿਕਿਆ ਰਹੁ ਕਿਉਂ ਜੋ ਤੂੰ ਜਾਣਦਾ ਹੈਂ ਭਈ ਕਿਨ੍ਹਾਂ ਕੋਲੋਂ ਸਿੱਖੀਆਂ ਸਨ। ਅਤੇ ਇਹ ਜੋ ਤੂੰ ਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ ਦਾ ਮਹਿਰਮ ਹੈਂ ਜਿਹੜੀਆਂ ਉਸ ਨਿਹਚਾ ਦੇ ਰਾਹੀਂ ਜੋ ਮਸੀਹ ਯਿਸੂ ਉੱਤੇ ਹੈ ਤੈਨੂੰ ਮੁਕਤੀ ਦਾ ਗਿਆਨ ਦੇ ਸੱਕਦੀਆਂ ਹਨ।” (2 ਤਿਮੋਥਿਉਸ 3:14, 15) ਤਿਮੋਥਿਉਸ ਦੀ ਨਿਹਚਾ ਦੀ ਬੁਨਿਆਦ ਪਵਿੱਤਰ ਲਿਖਤਾਂ ਤੋਂ ਸੀ, ਅਤੇ ਇਸ ਗਿਆਨ ਕਾਰਨ ਉਹ ਖ਼ੁਸ਼ ਖ਼ਬਰੀ ਸੁਣਾਉਣ ਲਈ ਪ੍ਰਭਾਵਿਤ ਹੋਇਆ। ਕੀ ਇਸ ਤਰ੍ਹਾਂ ਕਰਨ ਲਈ ਸਿਰਫ਼ ਨਿੱਜੀ ਪੜ੍ਹਾਈ ਦੀ ਲੋੜ ਸੀ? ਜੀ ਨਹੀਂ। ਨਿੱਜੀ ਪੜ੍ਹਾਈ ਤੋਂ ਇਲਾਵਾ ਤਿਮੋਥਿਉਸ ਨੂੰ ਸਹੀ ਗਿਆਨ ਅਤੇ ਰੂਹਾਨੀ ਸਮਝ ਹਾਸਲ ਕਰਨ ਲਈ ਮਦਦ ਦੀ ਜ਼ਰੂਰਤ ਸੀ। (ਕੁਲੁੱਸੀਆਂ 1:9) ਇਸ ਤਰ੍ਹਾਂ, ਤਿਮੋਥਿਉਸ ਵਿਸ਼ਵਾਸ ਕਰਨ ਲਈ ਕਾਇਲ ਕੀਤਾ ਗਿਆ ਸੀ। ਉਸ ਨੂੰ “ਬਾਲ ਅਵਸਥਾ” ਤੋਂ ਲਿਖਤਾਂ ਬਾਰੇ ਪਤਾ ਸੀ, ਕਿਉਂਕਿ ਉਸ ਦੀ ਮਾਤਾ ਅਤੇ ਨਾਨੀ ਉਸ ਨੂੰ ਸਿਖਾਉਂਦੀਆਂ ਹੁੰਦੀਆਂ ਸਨ। ਜ਼ਾਹਰ ਹੈ ਕਿ ਉਸ ਦਾ ਪਿਤਾ ਯਹੋਵਾਹ ਦਾ ਉਪਾਸਕ ਨਹੀਂ ਸੀ।—2 ਤਿਮੋਥਿਉਸ 1:5.

12 ਇਕ ਸੇਵਕ ਬਣਨ ਲਈ ਹੋਰ ਗੱਲਾਂ ਨੇ ਵੀ ਤਿਮੋਥਿਉਸ ਦੀ ਮਦਦ ਕੀਤੀ ਸੀ। ਇਕ ਗੱਲ ਇਹ ਸੀ ਕਿ ਆਲੇ-ਦੁਆਲੇ ਦੀਆਂ ਕਲੀਸਿਯਾਵਾਂ ਦੇ ਮਸੀਹੀਆਂ ਨਾਲ ਸੰਗਤ ਕਰਨ ਦੁਆਰਾ ਉਸ ਦੀ ਨਿਹਚਾ ਮਜ਼ਬੂਤ ਹੋਈ ਸੀ। ਅਸੀਂ ਇਹ ਕਿਸ ਤਰ੍ਹਾਂ ਜਾਣਦੇ ਹਾਂ? ਕਿਉਂਕਿ ਜਦੋਂ ਪੌਲੁਸ ਤਿਮੋਥਿਉਸ ਨੂੰ ਪਹਿਲੀ ਵਾਰ ਮਿਲਿਆ ਸੀ ਤਾਂ “ਉਹ ਲੁਸਤ੍ਰਾ ਅਤੇ ਇਕੋਨਿਯੁਮ ਦੇ ਰਹਿਣ ਵਾਲੇ ਭਾਈਆਂ ਵਿੱਚ ਨੇਕਨਾਮ ਸੀ।” (ਰਸੂਲਾਂ ਦੇ ਕਰਤੱਬ 16:2) ਇਸ ਦੇ ਨਾਲ-ਨਾਲ, ਉਨ੍ਹਾਂ ਦਿਨਾਂ ਵਿਚ ਕਲੀਸਿਯਾਵਾਂ ਨੂੰ ਹੌਸਲਾ ਦੇਣ ਲਈ ਕਈ ਭਰਾ ਉਨ੍ਹਾਂ ਨੂੰ ਚਿੱਠੀਆਂ ਘੱਲਦੇ ਸਨ ਅਤੇ ਸਫ਼ਰੀ ਨਿਗਾਹਬਾਨ ਉਨ੍ਹਾਂ ਨਾਲ ਮੁਲਾਕਾਤ ਕਰਨ ਆਉਂਦੇ ਸਨ। ਅਜਿਹੇ ਪ੍ਰਬੰਧਾਂ ਨੇ ਤਿਮੋਥਿਉਸ ਵਰਗੇ ਮਸੀਹੀਆਂ ਨੂੰ ਰੂਹਾਨੀ ਤੌਰ ਤੇ ਤਰੱਕੀ ਕਰਨ ਵਿਚ ਮਦਦ ਦਿੱਤੀ ਸੀ।—ਰਸੂਲਾਂ ਦੇ ਕਰਤੱਬ 15:22-32; 1 ਪਤਰਸ 1:1.

13. ਤਿਮੋਥਿਉਸ ਸੇਵਕ ਵਜੋਂ ਕਦੋਂ ਨਿਯੁਕਤ ਕੀਤਾ ਗਿਆ ਸੀ, ਅਤੇ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਉਸ ਦੀ ਰੂਹਾਨੀ ਤਰੱਕੀ ਉਦੋਂ ਸ਼ੁਰੂ ਹੀ ਹੋਈ ਸੀ?

13ਮੱਤੀ 28:19, 20 ਵਿਚ ਦਰਜ ਯਿਸੂ ਦੇ ਹੁਕਮ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਕਿਸੇ-ਨ-ਕਿਸੇ ਸਮੇਂ ਤੇ ਤਿਮੋਥਿਉਸ ਨੇ ਵੀ ਯਿਸੂ ਦਾ ਹੁਕਮ ਮੰਨ ਕੇ ਬਪਤਿਸਮਾ ਲਿਆ ਹੋਣਾ। (ਮੱਤੀ 3:15-17; ਇਬਰਾਨੀਆਂ 10:5-9) ਇਹ ਇਕ ਨਿਸ਼ਾਨ ਸੀ ਕਿ ਤਿਮੋਥਿਉਸ ਨੇ ਪਰਮੇਸ਼ੁਰ ਨੂੰ ਆਪਣਾ ਪੂਰਾ ਜੀਵਨ ਦੇ ਦਿੱਤਾ ਸੀ। ਆਪਣੇ ਬਪਤਿਸਮੇ ਦੇ ਵੇਲੇ ਤਿਮੋਥਿਉਸ ਇਕ ਸੇਵਕ ਬਣ ਗਿਆ। ਉਸ ਸਮੇਂ ਤੋਂ ਲੈ ਕੇ ਉਸ ਦਾ ਜੀਵਨ, ਉਸ ਦਾ ਬਲ, ਅਤੇ ਜੋ ਵੀ ਉਸ ਕੋਲ ਸੀ ਪਰਮੇਸ਼ੁਰ ਦਾ ਬਣ ਗਿਆ। ਉਸ ਦੀ ਸੇਵਕਾਈ ਉਸ ਦੀ “ਉਪਾਸਨਾ” ਦਾ ਮੁੱਖ ਪਹਿਲੂ ਸੀ। ਪਰ, ਤਿਮੋਥਿਉਸ ਸਿਰਫ਼ ਸੇਵਕ ਕਹਿਲਾਏ ਜਾਣ ਦੇ ਸਨਮਾਨ ਨਾਲ ਹੀ ਖ਼ੁਸ਼ ਨਹੀਂ ਸੀ। ਉਹ ਰੂਹਾਨੀ ਤੌਰ ਤੇ ਤਰੱਕੀ ਕਰਦਾ ਰਿਹਾ ਅਤੇ ਇਕ ਸਮਝਦਾਰ ਮਸੀਹੀ ਸੇਵਕ ਬਣਿਆ। ਉਹ ਅਜਿਹਾ ਸੇਵਕ ਇਸ ਲਈ ਬਣਿਆ ਕਿਉਂਕਿ ਉਸ ਨੇ ਪੌਲੁਸ ਵਰਗੇ ਸਿਆਣੇ ਮਸੀਹੀਆਂ ਨਾਲ ਸੰਗਤ ਰੱਖੀ, ਨਿੱਜੀ ਅਧਿਐਨ ਕੀਤਾ, ਅਤੇ ਉਹ ਪ੍ਰਚਾਰ ਸੇਵਾ ਵਿਚ ਜੋਸ਼ੀਲਾ ਰਿਹਾ।—1 ਤਿਮੋਥਿਉਸ 4:14; 2 ਤਿਮੋਥਿਉਸ 2:2; ਇਬਰਾਨੀਆਂ 6:1.

14. ਅੱਜ, ‘ਸਦੀਪਕ ਜੀਉਣ ਲਈ ਠਹਿਰਾਇਆ ਗਿਆ’ ਇਨਸਾਨ ਸੇਵਕ ਬਣਨ ਲਈ ਤਰੱਕੀ ਕਿਸ ਤਰ੍ਹਾਂ ਕਰਦਾ ਹੈ?

14 ਅੱਜ, ਲੋਕਾਂ ਨੂੰ ਮਸੀਹੀ ਸੇਵਾ ਲਈ ਇਸੇ ਤਰ੍ਹਾਂ ਨਿਯੁਕਤ ਕੀਤਾ ਜਾਂਦਾ ਹੈ। ਜਿਹੜਾ ਇਨਸਾਨ ‘ਸਦੀਪਕ ਜੀਉਣ ਲਈ ਠਹਿਰਾਇਆ ਗਿਆ’ ਹੈ ਉਸ ਨੂੰ ਬਾਈਬਲ ਸਟੱਡੀ ਰਾਹੀਂ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਸਿੱਖਣ ਵਿਚ ਮਦਦ ਦਿੱਤੀ ਜਾਂਦੀ ਹੈ। (ਰਸੂਲਾਂ ਦੇ ਕਰਤੱਬ 13:48) ਉਹ ਇਨਸਾਨ ਬਾਈਬਲ ਦੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਸਿੱਖਦਾ ਹੈ ਅਤੇ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕਰਨੀ ਸਿੱਖਦਾ ਹੈ। (ਜ਼ਬੂਰ 1:1-3; ਕਹਾਉਤਾਂ 2:1-9; 1 ਥੱਸਲੁਨੀਕੀਆਂ 5:17, 18) ਉਹ ਦੂਸਰਿਆਂ ਵਿਸ਼ਵਾਸੀਆਂ ਨਾਲ ਸੰਗਤ ਰੱਖ ਕੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਕੀਤੇ ਗਏ ਪ੍ਰਬੰਧਾਂ ਦਾ ਫ਼ਾਇਦਾ ਉਠਾਉਂਦਾ ਹੈ। (ਮੱਤੀ 24:45-47; ਕਹਾਉਤਾਂ 13:20; ਇਬਰਾਨੀਆਂ 10:23-25) ਇਸ ਤਰ੍ਹਾਂ, ਉਹ ਸਿਖਲਾਈ ਦੇ ਇੰਤਜ਼ਾਮ ਰਾਹੀਂ ਤਰੱਕੀ ਕਰਦਾ ਹੈ।

15. ਜਦੋਂ ਕੋਈ ਇਨਸਾਨ ਬਪਤਿਸਮਾ ਲੈਂਦਾ ਹੈ ਤਾਂ ਕੀ ਹੁੰਦਾ ਹੈ? (ਫੁਟਨੋਟ ਵੀ ਦੇਖੋ।)

15 ਯਹੋਵਾਹ ਪਰਮੇਸ਼ੁਰ ਲਈ ਪਿਆਰ ਅਤੇ ਯਿਸੂ ਦੇ ਬਲੀਦਾਨ ਵਿਚ ਪੱਕੀ ਨਿਹਚਾ ਵਿਕਸਿਤ ਕਰਨ ਤੋਂ ਬਾਅਦ, ਬਾਈਬਲ ਦਾ ਸਿੱਖਿਆਰਥੀ ਆਪਣੀ ਜ਼ਿੰਦਗੀ ਆਪਣੇ ਸਵਰਗੀ ਪਿਤਾ ਨੂੰ ਸੌਂਪਣ ਲਈ ਤਿਆਰ ਹੁੰਦਾ ਹੈ। (ਯੂਹੰਨਾ 14:1) ਉਹ ਨਿੱਜੀ ਪ੍ਰਾਰਥਨਾ ਰਾਹੀਂ ਇਸ ਤਰ੍ਹਾਂ ਕਰਦਾ ਹੈ ਅਤੇ ਫਿਰ ਬਪਤਿਸਮਾ ਲੈਣ ਰਾਹੀਂ ਇਸ ਗੱਲ ਦਾ ਸਾਰਿਆਂ ਦੇ ਸਾਮ੍ਹਣੇ ਸਬੂਤ ਦਿੰਦਾ ਹੈ। ਉਸ ਦਾ ਬਪਤਿਸਮਾ ਨਿਯੁਕਤੀ ਦੀ ਰਸਮ ਹੈ ਕਿਉਂਕਿ ਉਦੋਂ ਉਸ ਨੂੰ ਪਰਮੇਸ਼ੁਰ ਦੇ ਸੇਵਕ ਜਾਂ ਡਿਆਕੋਨੋਸ ਵਜੋਂ ਪਛਾਣਿਆ ਜਾਂਦਾ ਹੈ। ਹੁਣ ਉਸ ਨੂੰ ਜਗਤ ਤੋਂ ਵੱਖਰਾ ਰਹਿਣਾ ਚਾਹੀਦਾ ਹੈ। (ਯੂਹੰਨਾ 17:16; ਯਾਕੂਬ 4:4) ਉਸ ਨੇ ਬਿਨਾਂ ਕਿਸੇ ਸ਼ਰਤ ਆਪਣੇ ਆਪ ਨੂੰ ਇਕ ‘ਜੀਉਂਦੇ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦੇ ਬਲੀਦਾਨ’ ਵਜੋਂ ਪੇਸ਼ ਕੀਤਾ ਹੈ। (ਰੋਮੀਆਂ 12:1) * ਉਹ ਮਸੀਹ ਵਾਂਗ ਪਰਮੇਸ਼ੁਰ ਦਾ ਇਕ ਸੇਵਕ ਹੈ।

ਮਸੀਹੀ ਸੇਵਕਾਈ ਕੀ ਹੈ?

16. ਇਕ ਸੇਵਕ ਵਜੋਂ ਤਿਮੋਥਿਉਸ ਦੀਆਂ ਕਿਹੜੀਆਂ ਜ਼ਿੰਮੇਵਾਰੀ ਸਨ?

16 ਤਿਮੋਥਿਉਸ ਦੀ ਸੇਵਕਾਈ ਵਿਚ ਕੀ-ਕੀ ਸ਼ਾਮਲ ਸੀ? ਪੌਲੁਸ ਦਾ ਹਮਸਫ਼ਰ ਹੋਣ ਕਰਕੇ ਤਿਮੋਥਿਉਸ ਦੀਆਂ ਕੁਝ ਖ਼ਾਸ ਜ਼ਿੰਮੇਵਾਰੀਆਂ ਸਨ। ਅਤੇ ਜਦੋਂ ਉਹ ਕਲੀਸਿਯਾ ਦਾ ਇਕ ਬਜ਼ੁਰਗ ਬਣਿਆ ਤਾਂ ਉਸ ਨੇ ਮਿਹਨਤ ਕਰ ਕੇ ਆਪਣੇ ਸੰਗੀ ਮਸੀਹੀਆਂ ਨੂੰ ਸਿੱਖਿਆ ਦਿੱਤੀ ਅਤੇ ਉਨ੍ਹਾਂ ਨੂੰ ਹੌਸਲਾ ਦਿੱਤਾ। ਪਰ ਯਿਸੂ ਅਤੇ ਪੌਲੁਸ ਵਾਂਗ ਉਸ ਦੀ ਸੇਵਕਾਈ ਦਾ ਮੁੱਖ ਭਾਗ ਪ੍ਰਚਾਰ ਕਰਨਾ ਅਤੇ ਚੇਲੇ ਬਣਾਉਣਾ ਸੀ। (ਮੱਤੀ 4:23; 1 ਕੁਰਿੰਥੀਆਂ 3:5) ਪੌਲੁਸ ਨੇ ਤਿਮੋਥਿਉਸ ਨੂੰ ਕਿਹਾ: “ਪਰ ਤੂੰ ਸਭਨੀਂ ਗੱਲੀਂ ਸੁਚੇਤ ਰਹੀਂ, ਦੁਖ ਝੱਲੀਂ, ਪਰਚਾਰਕ ਦਾ ਕੰਮ ਕਰੀਂ, ਆਪਣੀ ਸੇਵਕਾਈ ਨੂੰ ਪੂਰਿਆਂ ਕਰੀਂ।” (ਟੇਢੇ ਟਾਇਪ ਸਾਡੇ)—2 ਤਿਮੋਥਿਉਸ 4:5.

17, 18. (ੳ) ਮਸੀਹੀ ਕਿਸ ਤਰ੍ਹਾਂ ਦੀ ਸੇਵਕਾਈ ਵਿਚ ਹਿੱਸਾ ਲੈਂਦੇ ਹਨ? (ਅ) ਮਸੀਹੀ ਸੇਵਕਾਂ ਲਈ ਪ੍ਰਚਾਰ ਕਰਨ ਦਾ ਕੰਮ ਕਿੰਨਾ ਕੁ ਮਹੱਤਵਪੂਰਣ ਹੈ?

17 ਅੱਜ ਮਸੀਹੀ ਸੇਵਕ ਵੀ ਇਸ ਤਰ੍ਹਾਂ ਕਰਦੇ ਹਨ। ਉਹ ਪ੍ਰਚਾਰ ਦੀ ਸੇਵਕਾਈ ਵਿਚ ਹਿੱਸਾ ਲੈ ਕੇ ਲੋਕਾਂ ਨੂੰ ਯਿਸੂ ਦੇ ਬਲੀਦਾਨ ਉੱਤੇ ਆਧਾਰਿਤ ਮੁਕਤੀ ਬਾਰੇ ਦੱਸਦੇ ਹਨ ਅਤੇ ਨਿਮਰ ਲੋਕਾਂ ਨੂੰ ਯਹੋਵਾਹ ਦਾ ਨਾਂ ਲੈਣਾ ਸਿਖਾਉਂਦੇ ਹਨ। (ਰਸੂਲਾਂ ਦੇ ਕਰਤੱਬ 2:21; 4:10-12; ਰੋਮੀਆਂ 10:13) ਉਹ ਬਾਈਬਲ ਤੋਂ ਸਾਬਤ ਕਰਦੇ ਹਨ ਕਿ ਦੁਖੀ ਮਨੁੱਖਜਾਤੀ ਲਈ ਇੱਕੋ-ਇਕ ਉਮੀਦ ਪਰਮੇਸ਼ੁਰ ਦਾ ਰਾਜ ਹੈ ਅਤੇ ਪਰਮੇਸ਼ੁਰ ਦੇ ਸਿਧਾਂਤਾਂ ਅਨੁਸਾਰ ਜ਼ਿੰਦਗੀ ਜੀ ਕੇ ਸਾਨੂੰ ਹੁਣ ਵੀ ਲਾਭ ਮਿਲ ਸਕਦੇ ਹਨ। (ਜ਼ਬੂਰ 15:1-5; ਮਰਕੁਸ 13:10) ਪਰ ਮਸੀਹੀ ਸੇਵਕ ਸਮਾਜਕ ਸਮੱਸਿਆਵਾਂ ਨੂੰ ਸੁਲਝਾਉਣ ਬਾਰੇ ਪ੍ਰਚਾਰ ਨਹੀਂ ਕਰਦੇ। ਇਸ ਦੀ ਬਜਾਇ, ਉਹ ਦੱਸਦੇ ਹਨ ਕਿ ‘ਭਗਤੀ ਨਾਲ ਹੁਣ ਦੇ ਅਤੇ ਆਉਣ ਵਾਲੇ ਜੀਵਨ’ ਵਿਚ ਲਾਭ ਮਿਲਦੇ ਹਨ।—1 ਤਿਮੋਥਿਉਸ 4:8.

18 ਇਹ ਸੱਚ ਹੈ ਕਿ ਹਰੇਕ ਸੇਵਕ ਕੋਲ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ। ਕਈਆਂ ਕੋਲ ਪਰਿਵਾਰਕ ਜ਼ਿੰਮੇਵਾਰੀਆਂ ਹੁੰਦੀਆਂ ਹਨ। (ਅਫ਼ਸੀਆਂ 5:21–6:4) ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਕੋਲ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਹੁੰਦੀਆਂ ਹਨ। (1 ਤਿਮੋਥਿਉਸ 3:1, 12, 13; ਤੀਤੁਸ 1:5; ਇਬਰਾਨੀਆਂ 13:7) ਕਈ ਮਸੀਹੀ ਕਿੰਗਡਮ ਹਾਲ ਬਣਾਉਣ ਦਾ ਕੰਮ ਕਰਦੇ ਹਨ। ਕਈ ਬੈਥਲ ਵਿਚ ਸੇਵਾ ਕਰਦੇ ਹਨ, ਅਤੇ ਇਹ ਉਨ੍ਹਾਂ ਲਈ ਇਕ ਵੱਡਾ ਸਨਮਾਨ ਹੈ। ਲੇਕਿਨ ਇਕ ਮਸੀਹੀ ਜਿੱਥੇ ਮਰਜ਼ੀ ਸੇਵਾ ਕਰੇ, ਉਹ ਇਕ ਸੇਵਕ ਵਜੋਂ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਹਿੱਸਾ ਲੈਂਦਾ ਹੈ। ਕੋਈ ਵੀ ਇਸ ਕੰਮ ਨੂੰ ਅਣਡਿੱਠ ਨਹੀਂ ਕਰ ਸਕਦਾ। ਇਸ ਕੰਮ ਵਿਚ ਹਿੱਸਾ ਲੈਣ ਦੁਆਰਾ ਹੀ ਅਸੀਂ ਸੱਚੇ ਮਸੀਹੀ ਸੇਵਕਾਂ ਵਜੋਂ ਪਛਾਣੇ ਜਾਂਦੇ ਹਾਂ।

ਮਸੀਹੀ ਸੇਵਕ ਦਾ ਰਵੱਈਆ

19, 20. ਮਸੀਹੀ ਸੇਵਕਾਂ ਨੂੰ ਕਿਹੜਾ ਰਵੱਈਆ ਦਿਖਾਉਣਾ ਚਾਹੀਦਾ ਹੈ?

19 ਈਸਾਈ-ਜਗਤ ਦੇ ਬਹੁਤ ਸਾਰੇ ਮਨਿਸਟਰ ਸਮਝਦੇ ਹਨ ਕਿ ਉਨ੍ਹਾਂ ਦਾ ਖ਼ਾਸ ਆਦਰ ਕੀਤਾ ਜਾਣਾ ਚਾਹੀਦਾ ਹੈ ਅਤੇ ਉਹ “ਪਾਦਰੀ” ਅਤੇ “ਫ਼ਾਦਰ” ਵਰਗੇ ਨਾਂਵਾਂ ਤੋਂ ਸੱਦੇ ਜਾਣਾ ਪਸੰਦ ਕਰਦੇ ਹਨ। ਲੇਕਿਨ, ਮਸੀਹੀ ਸੇਵਕ ਜਾਣਦੇ ਹਨ ਕਿ ਸਿਰਫ਼ ਯਹੋਵਾਹ ਹੀ ਇਸ ਤਰ੍ਹਾਂ ਦੀ ਭਗਤੀ ਅਤੇ ਆਦਰ ਦੇ ਯੋਗ ਹੈ। (1 ਤਿਮੋਥਿਉਸ 2:9, 10) ਕੋਈ ਵੀ ਮਸੀਹੀ ਸੇਵਕ ਇਸ ਤਰ੍ਹਾਂ ਦਾ ਆਦਰ ਸਵੀਕਾਰ ਨਹੀਂ ਕਰੇਗਾ ਅਤੇ ਨਾ ਹੀ ਅਜਿਹੇ ਉੱਚੇ ਖ਼ਿਤਾਬ ਅਪਣਾਵੇਗਾ। (ਮੱਤੀ 23:8-12) ਉਹ ਜਾਣਦਾ ਹੈ ਕਿ ਡਿਆਕੋਨਿਆ ਦਾ ਮੂਲ ਅਰਥ “ਸੇਵਾ” ਹੈ। ਇਸ ਸ਼ਬਦ ਦੀ ਸੰਬੰਧਿਤ ਕ੍ਰਿਆ ਬਾਈਬਲ ਵਿਚ ਕਦੀ-ਕਦੀ ਨਿੱਜੀ ਸੇਵਾ ਦੇ ਸੰਬੰਧ ਵਿਚ ਵਰਤੀ ਜਾਂਦੀ ਹੈ, ਜਿਵੇਂ ਕਿ ਟਹਿਲ ਕਰਨ ਜਾਂ ਖਾਣਾ ਪਰੋਸਣ ਬਾਰੇ ਗੱਲ ਕਰਦੇ ਹੋਏ। (ਲੂਕਾ 4:39; 17:8; ਯੂਹੰਨਾ 2:5) ਭਾਵੇਂ ਕਿ ਮਸੀਹੀ ਸੇਵਕਾਈ ਦਾ ਕੰਮ ਜ਼ਿਆਦਾ ਆਦਰ ਵਾਲਾ ਹੈ, ਇਕ ਡਿਆਕੋਨੋਸ ਫਿਰ ਵੀ ਇਕ ਸੇਵਕ ਹੈ।

20 ਇਸ ਲਈ ਕਿਸੇ ਵੀ ਮਸੀਹੀ ਸੇਵਕ ਕੋਲ ਆਪਣੇ ਆਪ ਨੂੰ ਜ਼ਿਆਦਾ ਵੱਡਾ ਸਮਝਣ ਦਾ ਕੋਈ ਕਾਰਨ ਨਹੀਂ ਹੈ। ਅਸਲੀ ਮਸੀਹੀ ਸੇਵਕ ਖ਼ਾਸ ਜ਼ਿੰਮੇਵਾਰੀਆਂ ਦੇ ਬਾਵਜੂਦ ਨਿਮਰ ਦਾਸ ਹਨ। ਯਿਸੂ ਨੇ ਕਿਹਾ ਸੀ ਕਿ “ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਸੋ ਤੁਹਾਡਾ ਟਹਿਲੂਆ ਹੋਵੇ। ਅਤੇ ਜੋ ਕੋਈ ਤੁਹਾਡੇ ਵਿੱਚੋਂ ਸਰਦਾਰ ਬਣਿਆ ਚਾਹੇ ਸੋ ਤੁਹਾਡਾ ਕਾਮਾ ਹੋਵੇ।” (ਮੱਤੀ 20:26, 27) ਯਿਸੂ ਨੇ ਆਪਣੇ ਚੇਲਿਆਂ ਨੂੰ ਨਿਮਰਤਾ ਸਿਖਾਉਣ ਲਈ ਉਨ੍ਹਾਂ ਦੇ ਪੈਰ ਧੋਤੇ ਸਨ, ਜੋ ਕਿ ਇਕ ਨੌਕਰ ਦਾ ਕੰਮ ਸੀ। (ਯੂਹੰਨਾ 13:1-15) ਇਹ ਮਸੀਹੀਆਂ ਲਈ ਕਿੰਨੀ ਚੰਗੀ ਮਿਸਾਲ ਹੈ! ਇਸ ਲਈ, ਮਸੀਹੀ ਸੇਵਕ ਨਿਮਰਤਾ ਨਾਲ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੀ ਸੇਵਾ ਕਰਦੇ ਹਨ। (2 ਕੁਰਿੰਥੀਆਂ 6:4; 11:23) ਉਹ ਇਕ ਦੂਸਰੇ ਦੀ ਸੇਵਾ ਕਰਦੇ ਹੋਏ ਨਿਮਰਤਾ ਦਿਖਾਉਂਦੇ ਹਨ। ਅਤੇ ਜਦੋਂ ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ ਤਾਂ ਉਹ ਖ਼ੁਸ਼ੀ ਨਾਲ ਆਪਣੇ ਅਵਿਸ਼ਵਾਸੀ ਗੁਆਂਢੀਆਂ ਦੀ ਸੇਵਾ ਕਰਦੇ ਹਨ।—ਰੋਮੀਆਂ 1:14, 15; ਅਫ਼ਸੀਆਂ 3:1-7.

ਸੇਵਕਾਈ ਵਿਚ ਧੀਰਜ ਰੱਖੋ

21. ਧੀਰਜ ਰੱਖਣ ਲਈ ਪੌਲੁਸ ਨੂੰ ਕਿਹੜਾ ਇਨਾਮ ਮਿਲਿਆ ਸੀ?

21 ਨਵੇਂ ਸੇਵਕ ਬਣਾਉਣ ਲਈ ਪੌਲੁਸ ਨੂੰ ਧੀਰਜ ਰੱਖਣ ਦੀ ਲੋੜ ਸੀ। ਉਸ ਨੇ ਕੁਲੁੱਸੀਆਂ ਨੂੰ ਲਿਖਿਆ ਕਿ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਉਸ ਨੂੰ ਬਹੁਤ ਦੁੱਖ ਝੱਲਣੇ ਪਏ ਸਨ। (ਕੁਲੁੱਸੀਆਂ 1:24, 25) ਪਰ, ਉਸ ਦੇ ਧੀਰਜ ਰੱਖਣ ਕਰਕੇ ਕਈ ਖ਼ੁਸ਼ ਖ਼ਬਰੀ ਕਬੂਲ ਕਰ ਕੇ ਸੇਵਕ ਬਣ ਗਏ ਸਨ। ਅਤੇ ਉਹ ਪਰਮੇਸ਼ੁਰ ਦੇ ਅਧਿਆਤਮਿਕ ਪੁੱਤਰ ਅਤੇ ਯਿਸੂ ਮਸੀਹ ਦੇ ਭਰਾ ਬਣ ਗਏ ਸਨ। ਉਨ੍ਹਾਂ ਨੂੰ ਸਵਰਗ ਵਿਚ ਯਿਸੂ ਦੇ ਨਾਲ ਆਤਮਿਕ ਪ੍ਰਾਣੀਆਂ ਵਜੋਂ ਸੇਵਾ ਕਰਨ ਦੀ ਉਮੀਦ ਮਿਲੀ ਹੈ। ਧੀਰਜ ਰੱਖਣ ਦਾ ਇਹ ਕਿੰਨਾ ਵੱਡਾ ਇਨਾਮ!

22, 23. (ੳ) ਅੱਜ ਮਸੀਹੀ ਸੇਵਕਾਂ ਨੂੰ ਧੀਰਜ ਦੀ ਕਿਉਂ ਲੋੜ ਹੈ? (ਅ) ਮਸੀਹੀ ਧੀਰਜ ਦੀਆਂ ਬਰਕਤਾਂ ਕੀ ਹਨ?

22 ਅੱਜ ਵੀ ਪਰਮੇਸ਼ੁਰ ਦੇ ਅਸਲੀ ਸੇਵਕਾਂ ਨੂੰ ਧੀਰਜ ਰੱਖਣ ਦੀ ਲੋੜ ਹੈ। ਕਈ ਮਸੀਹੀ ਹਰ ਰੋਜ਼ ਬੀਮਾਰੀਆਂ ਜਾਂ ਬੁੱਢਾਪੇ ਦੇ ਦੁੱਖ ਸਹਿ ਰਹੇ ਹਨ। ਮਾਪੇ ਆਪਣੇ ਬੱਚਿਆਂ ਨੂੰ ਪਾਲਣ ਵਿਚ ਬਹੁਤ ਮਿਹਨਤ ਕਰਦੇ ਹਨ, ਅਤੇ ਕਈ ਇਹ ਕੰਮ ਆਪਣਿਆਂ ਸਾਥੀਆਂ ਤੋਂ ਬਗੈਰ ਕਰਦੇ ਹਨ। ਬਹਾਦਰੀ ਨਾਲ, ਬੱਚੇ ਸਕੂਲ ਵਿਚ ਆਪਣੇ ਆਲੇ-ਦੁਆਲੇ ਦੇ ਬੁਰੇ ਪ੍ਰਭਾਵਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਕਈ ਮਸੀਹੀ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਹਨ। ਅਤੇ ਕਈ ਅੱਜ ਦੇ ‘ਭੈੜਿਆਂ ਸਮਿਆਂ’ ਕਾਰਨ ਅਤਿਆਚਾਰ ਜਾਂ ਤੰਗੀਆਂ ਸਹਿ ਰਹੇ ਹਨ। (2 ਤਿਮੋਥਿਉਸ 3:1) ਜੀ ਹਾਂ, ਅੱਜ ਯਹੋਵਾਹ ਦੇ ਸੱਠ ਕੁ ਲੱਖ ਸੇਵਕ ਪੌਲੁਸ ਰਸੂਲ ਦੀ ਗੱਲ ਦੁਹਰਾ ਸਕਦੇ ਹਨ ਕਿ ਧੀਰਜ ਰੱਖਣ ਕਰਕੇ ‘ਅਸੀਂ ਪਰਮੇਸ਼ੁਰ ਦੇ ਸੇਵਕਾਂ ਦੇ ਜੋਗ ਹਾਂ ਅਤੇ ਹਰ ਇੱਕ ਗੱਲ ਤੋਂ ਆਪਣੇ ਲਈ ਪਰਮਾਣ ਦਿੰਦੇ ਹਾਂ।’ (2 ਕੁਰਿੰਥੀਆਂ 6:4) ਮਸੀਹੀ ਸੇਵਕਾਂ ਨੂੰ ਹਾਰ ਨਹੀਂ ਮੰਨਣੀ ਚਾਹੀਦੀ। ਉਨ੍ਹਾਂ ਦੇ ਧੀਰਜ ਲਈ ਉਨ੍ਹਾਂ ਦੀ ਸੱਚ-ਮੁੱਚ ਤਾਰੀਫ਼ ਕੀਤੀ ਜਾ ਸਕਦੀ ਹੈ।

23 ਇਸ ਤੋਂ ਇਲਾਵਾ, ਧੀਰਜ ਰੱਖਣ ਦੁਆਰਾ ਵਧੀਆ ਬਰਕਤਾਂ ਮਿਲਦੀਆਂ ਹਨ, ਜਿਵੇਂ ਪੌਲੁਸ ਨੂੰ ਮਿਲੀਆਂ ਸਨ। ਧੀਰਜ ਰੱਖਣ ਦੁਆਰਾ ਅਸੀਂ ਯਹੋਵਾਹ ਨਾਲ ਇਕ ਚੰਗਾ ਰਿਸ਼ਤਾ ਕਾਇਮ ਰੱਖ ਸਕਾਂਗੇ ਅਤੇ ਉਸ ਦੇ ਦਿਲ ਨੂੰ ਖ਼ੁਸ਼ ਕਰ ਸਕਾਂਗੇ। (ਕਹਾਉਤਾਂ 27:11) ਧੀਰਜ ਰੱਖ ਕੇ ਅਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਕਰਦੇ ਹਾਂ ਅਤੇ ਚੇਲੇ ਬਣਾਉਂਦੇ ਹਾਂ, ਜਿਸ ਰਾਹੀਂ ਮਸੀਹੀ ਭਾਈਚਾਰੇ ਦੀ ਗਿਣਤੀ ਵਧਦੀ ਹੈ। (1 ਤਿਮੋਥਿਉਸ 4:16) ਯਹੋਵਾਹ ਨੇ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਆਪਣੇ ਸੇਵਕਾਂ ਨੂੰ ਤਾਕਤ ਦਿੱਤੀ ਹੈ ਅਤੇ ਉਨ੍ਹਾਂ ਦੀ ਸੇਵਕਾਈ ਉੱਤੇ ਬਰਕਤ ਪਾਈ ਹੈ। ਨਤੀਜੇ ਵਜੋਂ, 1,44,000 ਦਾ ਬਕੀਆ ਇਕੱਠਾ ਕੀਤਾ ਗਿਆ ਹੈ ਅਤੇ ਲੱਖਾਂ ਹੋਰਨਾਂ ਨੂੰ ਫਿਰਦੌਸ ਵਰਗੀ ਧਰਤੀ ਉੱਤੇ ਸਦਾ ਲਈ ਜੀਉਣ ਦੀ ਉਮੀਦ ਮਿਲੀ ਹੈ। (ਲੂਕਾ 23:43; ਪਰਕਾਸ਼ ਦੀ ਪੋਥੀ 14:1) ਸੱਚ-ਮੁੱਚ, ਮਸੀਹੀ ਸੇਵਕਾਈ ਯਹੋਵਾਹ ਦੀ ਦਇਆ ਦਾ ਪ੍ਰਗਟਾਵਾ ਹੈ। (2 ਕੁਰਿੰਥੀਆਂ 4:1) ਆਓ ਆਪਾਂ ਹਮੇਸ਼ਾ ਇਸ ਸੇਵਕਾਈ ਦੀ ਕਦਰ ਕਰੀਏ ਅਤੇ ਖ਼ੁਸ਼ ਹੋਈਏ ਕਿ ਇਸ ਦੀਆਂ ਬਰਕਤਾਂ ਸਦਾ ਲਈ ਰਹਿਣਗੀਆਂ।—1 ਯੂਹੰਨਾ 2:17.

[ਫੁਟਨੋਟ]

^ ਪੈਰਾ 15 ਭਾਵੇਂ ਕਿ ਰੋਮੀਆਂ 12:1 ਖ਼ਾਸ ਕਰਕੇ ਮਸਹ ਕੀਤੇ ਹੋਏ ਮਸੀਹੀਆਂ ਉੱਤੇ ਲਾਗੂ ਹੁੰਦਾ ਹੈ ਇਸ ਦਾ ਸਿਧਾਂਤ ‘ਹੋਰ ਭੇਡਾਂ’ ਉੱਤੇ ਵੀ ਲਾਗੂ ਕੀਤਾ ਜਾ ਸਕਦਾ ਹੈ। (ਯੂਹੰਨਾ 10:16) ਹੋਰ ਭੇਡਾਂ ਦੇ ਮੈਂਬਰ ‘ਆਪਣੇ ਆਪ ਨੂੰ ਯਹੋਵਾਹ ਦੇ ਮਗਰ ਲਾ ਲੈਂਦੇ ਹਨ, ਭਈ ਓਹ ਉਸ ਦੀ ਸੇਵਾ ਕਰਨ ਅਤੇ ਯਹੋਵਾਹ ਦੇ ਨਾਮ ਨਾਲ ਪ੍ਰੇਮ ਰੱਖਣ, ਅਤੇ ਉਸ ਦੇ ਦਾਸ ਹੋਣ।’—ਯਸਾਯਾਹ 56:6.

ਕੀ ਤੁਸੀਂ ਸਮਝਾ ਸਕਦੇ ਹੋ?

• ਪਹਿਲੀ-ਸਦੀ ਦੇ ਸਾਰਿਆਂ ਮਸੀਹੀਆਂ ਨੇ ਕਿਹੜੀ ਜ਼ਿੰਮੇਵਾਰੀ ਨਿਭਾਈ ਸੀ?

• ਮਸੀਹੀ ਸੇਵਕ ਕਦੋਂ ਅਤੇ ਕਿਸ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ?

• ਮਸੀਹੀ ਸੇਵਕਾਂ ਨੂੰ ਕਿਹੜਾ ਰਵੱਈਆ ਅਪਣਾਉਣਾ ਚਾਹੀਦਾ ਹੈ?

• ਮਸੀਹੀ ਸੇਵਕਾਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋਏ ਧੀਰਜ ਕਿਉਂ ਰੱਖਣਾ ਚਾਹੀਦਾ ਹੈ?

[ਸਵਾਲ]

[ਸਫ਼ੇ 16, 17 ਉੱਤੇ ਤਸਵੀਰਾਂ]

ਤਿਮੋਥਿਉਸ ਨੂੰ ਬਾਲ ਅਵਸਥਾ ਤੋਂ ਪਰਮੇਸ਼ੁਰ ਦਾ ਬਚਨ ਸਿਖਲਾਇਆ ਗਿਆ ਸੀ। ਜਦੋਂ ਉਸ ਨੇ ਬਪਤਿਸਮਾ ਲਿਆ ਉਹ ਇਕ ਸੇਵਕ ਵਜੋਂ ਨਿਯੁਕਤ ਕੀਤਾ ਗਿਆ ਸੀ

[ਸਫ਼ੇ 18 ਉੱਤੇ ਤਸਵੀਰ]

ਜਦੋਂ ਇਨਸਾਨ ਬਪਤਿਸਮਾ ਲੈਂਦਾ ਹੈ ਤਾਂ ਉਹ ਦਿਖਾਉਂਦਾ ਹੈ ਉਸ ਨੇ ਆਪਣਾ ਜੀਵਨ ਪਰਮੇਸ਼ੁਰ ਨੂੰ ਦੇ ਦਿੱਤਾ ਹੈ ਅਤੇ ਇਹ ਇਕ ਸੇਵਕ ਵਜੋਂ ਨਿਯੁਕਤ ਕੀਤੇ ਜਾਣ ਦਾ ਨਿਸ਼ਾਨ ਹੈ

[ਸਫ਼ੇ 20 ਉੱਤੇ ਤਸਵੀਰ]

ਮਸੀਹੀ ਸੇਵਕ ਸੇਵਾ ਕਰ ਕੇ ਖ਼ੁਸ਼ ਹੁੰਦੇ ਹਨ