Skip to content

Skip to table of contents

ਕੀ ਪ੍ਰਾਰਥਨਾ ਕਰਨ ਨਾਲ ਕੋਈ ਫ਼ਾਇਦਾ ਹੁੰਦਾ ਹੈ?

ਕੀ ਪ੍ਰਾਰਥਨਾ ਕਰਨ ਨਾਲ ਕੋਈ ਫ਼ਾਇਦਾ ਹੁੰਦਾ ਹੈ?

ਕੀ ਪ੍ਰਾਰਥਨਾ ਕਰਨ ਨਾਲ ਕੋਈ ਫ਼ਾਇਦਾ ਹੁੰਦਾ ਹੈ?

ਕਿਸੇ-ਨ-ਕਿਸੇ ਸਮੇਂ ਤੇ ਤਕਰੀਬਨ ਹਰ ਇਨਸਾਨ ਪ੍ਰਾਰਥਨਾ ਕਰਨ ਦੀ ਲੋੜ ਮਹਿਸੂਸ ਕਰਦਾ ਹੈ। ਬਹੁਤ ਸਾਰੇ ਧਰਮਾਂ ਵਿਚ ਲੋਕ ਮਨ ਲਾ ਕੇ ਪ੍ਰਾਰਥਨਾ ਕਰਦੇ ਰਹਿੰਦੇ ਹਨ। ਮਿਸਾਲ ਲਈ, ਬੋਧੀ ਲੋਕ ਦਿਨ ਦੇ ਵਿਚ ਹਜ਼ਾਰੋਂ ਵਾਰ ਪ੍ਰਾਰਥਨਾ ਕਰਦੇ ਹਨ ਕਿ “ਮੈਂ ਆਮੀਦਾ ਬੁੱਧ ਵਿਚ ਵਿਸ਼ਵਾਸ ਰੱਖਦਾ ਹਾਂ।”

ਪਰ ਇਸ ਮੁਸ਼ਕਲਾਂ ਭਰੀ ਦੁਨੀਆਂ ਵੱਲ ਦੇਖ ਕੇ ਇਹ ਪੁੱਛਣਾ ਜਾਇਜ਼ ਹੈ: ਲੋਕ ਪ੍ਰਾਰਥਨਾ ਕਰਨ ਨਾਲ ਕੀ ਹਾਸਲ ਕਰਨਾ ਚਾਹੁੰਦੇ ਹਨ? ਕੀ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਕੋਈ ਫ਼ਾਇਦਾ ਹੁੰਦਾ ਹੈ?

ਲੋਕ ਪ੍ਰਾਰਥਨਾ ਕਿਉਂ ਕਰਦੇ ਹਨ?

ਬਹੁਤ ਸਾਰੇ ਪੂਰਬੀ ਲੋਕ ਆਪਣੇ ਦਾਦਿਆਂ-ਪੜਦਾਦਿਆਂ ਨੂੰ ਅਤੇ ਸ਼ਿੰਤੋ ਜਾਂ ਤਾਓ ਦੇ ਦੇਵਤਿਆਂ ਨੂੰ ਪ੍ਰਾਰਥਨਾ ਕਰਦੇ ਹਨ। ਉਹ ਪ੍ਰਾਰਥਨਾ ਕਿਉਂ ਕਰਦੇ ਹਨ? ਕਿਉਂਕਿ ਉਹ ਇਮਤਿਹਾਨ ਪਾਸ ਕਰਨਾ ਚਾਹੁੰਦੇ ਹਨ, ਚੰਗੀਆਂ ਫ਼ਸਲਾਂ ਚਾਹੁੰਦੇ ਹਨ, ਜਾਂ ਬੀਮਾਰੀਆਂ ਤੋਂ ਬਚਾਅ ਚਾਹੁੰਦੇ ਹਨ। ਬੋਧੀ ਲੋਕ ਪ੍ਰਾਰਥਨਾ ਕਰ ਕੇ ਬੁੱਧ ਪ੍ਰਾਪਤ ਕਰਨੀ ਚਾਹੁੰਦੇ ਹਨ। ਹਿੰਦੂ ਲੋਕ ਸਮਝ, ਧਨ-ਦੌਲਤ, ਅਤੇ ਸੁਰੱਖਿਆ ਲਈ ਆਪੋ-ਆਪਣੇ ਦੇਵੀ-ਦੇਵਤੀਆਂ ਅਗੇ ਅਰਦਾਸਾਂ ਕਰਦੇ ਹਨ।

ਕੁਝ ਕੈਥੋਲਿਕ ਲੋਕ ਮੱਠਵਾਸੀਆਂ ਜਾਂ ਨਨਾਂ ਵਜੋਂ ਆਪਣੀ ਜ਼ਿੰਦਗੀ ਆਸ਼ਰਮਾਂ ਵਿਚ ਗੁਜ਼ਾਰ ਕੇ ਇਹ ਆਸ ਰੱਖਦੇ ਹਨ ਕਿ ਦੂਜਿਆਂ ਲੋਕਾਂ ਨੂੰ ਇਸ ਤੋਂ ਫ਼ਾਇਦਾ ਹੋਵੇਗਾ। ਉੱਥੇ ਰਹਿ ਕੇ ਉਹ ਹਮੇਸ਼ਾ ਪ੍ਰਾਰਥਨਾ ਕਰਦੇ ਰਹਿੰਦੇ ਹਨ। ਲੱਖਾਂ ਹੀ ਕੈਥੋਲਿਕ ਲੋਕ ਮਰਿਯਮ ਮਾਤਾ ਤੋਂ ਬਰਕਤਾਂ ਲੈਣ ਲਈ ਮਾਲਾ ਫੇਰ ਕੇ ਜਪਦੇ ਹਨ। ਪੂਰਬੀ ਦੇਸ਼ਾਂ ਵਿਚ ਕਈ ਲੋਕ ਪ੍ਰਾਰਥਨਾ ਚੱਕਰ ਵਰਤਦੇ ਹਨ। ਪ੍ਰੋਟੈਸਟੈਂਟ ਲੋਕ ਪ੍ਰਭੂ ਦੀ ਪ੍ਰਾਰਥਨਾ ਦੁਹਰਾਉਂਦੇ ਹਨ, ਪਰ ਕਦੇ-ਕਦੇ ਉਹ ਆਪਣੇ ਮਨੋ ਵੀ ਪ੍ਰਾਰਥਨਾ ਕਰਦੇ ਹਨ। ਬਹੁਤ ਸਾਰੇ ਯਹੂਦੀ ਲੋਕ ਯਰੂਸ਼ਲਮ ਵਿਚ ਪੱਛਮੀ ਕੰਧ ਸਾਮ੍ਹਣੇ ਪ੍ਰਾਰਥਨਾ ਕਰਨ ਲਈ ਦੂਰੋਂ-ਦੂਰੋਂ ਆਉਂਦੇ ਹਨ। ਉਹ ਇਹ ਆਸ ਰੱਖਦੇ ਹਨ ਕਿ ਹੈਕਲ ਦੀ ਮੁਰੰਮਤ ਕੀਤੀ ਜਾਵੇਗੀ ਅਤੇ ਸੁਖ-ਸਾਂਦ ਦਾ ਯੁਗ ਆਵੇਗਾ।

ਲੱਖਾਂ ਹੀ ਲੋਕਾਂ ਦੀਆਂ ਇੰਨੀਆਂ ਸਾਰੀਆਂ ਪ੍ਰਾਰਥਨਾਵਾਂ ਦੇ ਬਾਵਜੂਦ ਦੁਨੀਆਂ ਵਿਚ ਗ਼ਰੀਬੀ, ਡ੍ਰੱਗਜ਼ ਅਤੇ ਸ਼ਰਾਬ ਦਾ ਅਮਲ, ਟੁੱਟੇ ਹੋਏ ਪਰਿਵਾਰ, ਅਪਰਾਧ, ਅਤੇ ਯੁੱਧ ਵਰਗੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਕੀ ਇਹ ਹੋ ਸਕਦਾ ਹੈ ਕਿ ਇਹ ਸਾਰੇ ਲੋਕ ਸਹੀ ਤਰ੍ਹਾਂ ਨਹੀਂ ਪ੍ਰਾਰਥਨਾ ਕਰ ਰਹੇ? ਅਸਲ ਵਿਚ ਕੀ ਕੋਈ ਪ੍ਰਾਰਥਨਾਵਾਂ ਸੁਣਦਾ ਵੀ ਹੈ?

ਕੀ ਪ੍ਰਾਰਥਨਾਵਾਂ ਨੂੰ ਸੁਣਨ ਵਾਲਾ ਕੋਈ ਹੈ?

ਪ੍ਰਾਰਥਨਾ ਦਾ ਅਸਲ ਫ਼ਾਇਦਾ ਉਦੋਂ ਹੁੰਦਾ ਹੈ ਜਦ ਉਹ ਸੁਣੀ ਜਾਂਦੀ ਹੈ। ਜਦ ਕੋਈ ਜਣਾ ਪ੍ਰਾਰਥਨਾ ਕਰਦਾ ਹੈ ਤਾਂ ਉਹ ਜ਼ਰੂਰ ਵਿਸ਼ਵਾਸ ਕਰਦਾ ਹੈ ਕਿ ਕੋਈ ਆਤਮਿਕ ਜੀਵ ਉਸ ਦੀ ਗੱਲ ਸੁਣ ਰਿਹਾ ਹੈ। ਪਰ ਪ੍ਰਾਰਥਨਾ ਸਿਰਫ਼ ਬੋਲ ਕੇ ਹੀ ਨਹੀਂ ਪਰ ਦਿਲ ਵਿਚ ਵੀ ਕੀਤੀ ਜਾ ਸਕਦੀ ਹੈ। ਇਸ ਲਈ ਬਹੁਤ ਸਾਰੇ ਲੋਕ ਵਿਸ਼ਵਾਸ ਕਰਦੇ ਹਨ ਕਿ ਪ੍ਰਾਰਥਨਾ ਸੁਣਨ ਵਾਲਾ ਇਨਸਾਨ ਦਾ ਦਿਲ ਪੜ੍ਹ ਸਕਦਾ ਹੈ। ਇਹ ਸੁਣਨ ਵਾਲਾ ਕੌਣ ਹੈ?

ਵਿਗਿਆਨੀ ਇਹ ਨਹੀਂ ਜਾਣਦੇ ਕਿ ਸਾਡੇ ਦਿਮਾਗ਼ਾਂ ਵਿਚ ਖ਼ਿਆਲ ਕਿਸ ਤਰ੍ਹਾਂ ਪੈਦਾ ਹੁੰਦੇ ਹਨ। ਲੇਕਿਨ ਇਹ ਗੱਲ ਵਾਜਬ ਹੈ ਕਿ ਜਿਸ ਨੇ ਦਿਮਾਗ਼ ਨੂੰ ਬਣਾਇਆ ਉਹ ਸਾਡੇ ਖ਼ਿਆਲਾਂ ਨੂੰ ਵੀ ਜਾਣ ਸਕਦਾ ਹੈ। ਇਹ ਕੌਣ ਹੈ? ਇਹ ਸਾਡਾ ਸ੍ਰਿਸ਼ਟੀਕਰਤਾ, ਯਹੋਵਾਹ ਪਰਮੇਸ਼ੁਰ ਹੈ। (ਜ਼ਬੂਰ 83:18; ਪਰਕਾਸ਼ ਦੀ ਪੋਥੀ 4:11) ਉਸ ਨੂੰ ਹੀ ਪ੍ਰਾਰਥਨਾ ਕੀਤੀ ਜਾਣੀ ਚਾਹੀਦੀ ਹੈ। ਪਰ ਕੀ ਯਹੋਵਾਹ ਅਜਿਹੀਆਂ ਸਾਰੀਆਂ ਪ੍ਰਾਰਥਨਾਵਾਂ ਸੁਣਦਾ ਹੈ?

ਕੀ ਸਾਰੀਆਂ ਪ੍ਰਾਰਥਨਾਵਾਂ ਸੁਣੀਆਂ ਜਾਂਦੀਆਂ ਹਨ?

ਪੁਰਾਣੇ ਇਸਰਾਏਲ ਦਾ ਰਾਜਾ ਦਾਊਦ ਪ੍ਰਾਰਥਨਾ ਵਿਚ ਮਗਨ ਰਹਿੰਦਾ ਸੀ। ਪਰਮੇਸ਼ੁਰ ਤੋਂ ਪ੍ਰੇਰਿਤ ਹੋ ਕੇ ਉਸ ਨੇ ਜ਼ਬੂਰਾਂ ਦੀ ਪੋਥੀ ਵਿਚ ਕਿਹਾ: “ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਸਾਰੇ ਬਸ਼ਰ ਤੇਰੇ ਕੋਲ ਆਉਣਗੇ।” (ਜ਼ਬੂਰ 65:2) ਪ੍ਰਾਰਥਨਾ ਜਿਹੜੀ ਮਰਜ਼ੀ ਭਾਸ਼ਾ ਵਿਚ ਕੀਤੀ ਜਾਵੇ ਯਹੋਵਾਹ ਉਸ ਨੂੰ ਸਮਝ ਸਕਦਾ ਹੈ। ਇਨਸਾਨ ਲਈ ਤਾਂ ਇਸ ਤਰ੍ਹਾਂ ਕਰਨਾ ਮੁਮਕਿਨ ਨਹੀਂ ਪਰ ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਇਸ ਤਰ੍ਹਾਂ ਨਹੀਂ ਕਰ ਸਕਦਾ। ਅਸਲ ਵਿਚ ਉਹ ਉਨ੍ਹਾਂ ਸਾਰਿਆਂ ਨੂੰ ਸੁਣਦਾ ਹੈ ਜੋ ਸਹੀ ਤਰ੍ਹਾਂ ਪ੍ਰਾਰਥਾਨਾ ਕਰਦੇ ਹਨ।

ਯਿਸੂ ਵੀ ਪ੍ਰਾਰਥਨਾ ਵਿਚ ਮਗਨ ਰਹਿੰਦਾ ਸੀ ਪਰ ਉਸ ਨੇ ਦੱਸਿਆ ਕਿ ਸਾਰੀਆਂ ਪ੍ਰਾਰਥਨਾਵਾਂ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰਦੀਆਂ। ਜਦੋਂ ਯਿਸੂ ਧਰਤੀ ਤੇ ਸੀ ਤਾਂ ਕਈ ਲੋਕ ਦਿਲੋਂ ਨਹੀਂ ਪਰ ਰੱਟੀਆਂ ਹੋਈਆਂ ਪ੍ਰਾਰਥਨਾਵਾਂ ਕਰਦੇ ਸਨ। ਧਿਆਨ ਦਿਓ ਕਿ ਉਸ ਨੇ ਇਸ ਬਾਰੇ ਕੀ ਕਿਹਾ ਸੀ: “ਤੁਸੀਂ ਪ੍ਰਾਰਥਨਾ ਕਰਦਿਆਂ ਹੋਇਆਂ ਪਰਾਈਆਂ ਕੌਮਾਂ ਦੇ ਲੋਕਾਂ ਵਾਂਗਰ ਬਕ ਬਕ ਨਾ ਕਰੋ ਕਿਉਂ ਜੋ ਓਹ ਸਮਝਦੇ ਹਨ ਭਈ ਸਾਡੇ ਬਹੁਤ ਬੋਲਣ ਕਰਕੇ ਸਾਡੀ ਸੁਣੀ ਜਾਵੇਗੀ।” (ਮੱਤੀ 6:7) ਹਾਂ, ਯਹੋਵਾਹ ਸਿਰਫ਼ ਉਨ੍ਹਾਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ ਜੋ ਸੱਚੇ ਦਿਲੋਂ ਕੀਤੀਆਂ ਜਾਂਦੀਆਂ ਹਨ।

ਬਾਈਬਲ ਦੀ ਇਕ ਕਹਾਵਤ ਸਮਝਾਉਂਦੀ ਹੈ ਕਿ ਪਰਮੇਸ਼ੁਰ ਸਾਰੀਆਂ ਪ੍ਰਾਰਥਨਾਵਾਂ ਨੂੰ ਕਿਉਂ ਨਹੀਂ ਮਨਜ਼ੂਰ ਕਰਦਾ: “ਜਿਹੜਾ ਬਿਵਸਥਾ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ, ਉਹ ਦੀ ਪ੍ਰਾਰਥਨਾ ਵੀ ਘਿਣਾਉਣੀ ਹੁੰਦੀ ਹੈ।” (ਕਹਾਉਤਾਂ 28:9) ਇਕ ਹੋਰ ਕਹਾਵਤ ਕਹਿੰਦੀ ਹੈ ਕਿ “ਦੁਸ਼ਟਾਂ ਕੋਲੋਂ ਯਹੋਵਾਹ ਦੂਰ ਹੈ, ਪਰ ਉਹ ਧਰਮੀਆਂ ਦੀ ਪ੍ਰਾਰਥਨਾ ਸੁਣਦਾ ਹੈ।” (ਕਹਾਉਤਾਂ 15:29) ਜਦੋਂ ਪੁਰਾਣੇ ਯਹੂਦਾਹ ਦੇ ਆਗੂ ਬਹੁਤ ਹੀ ਦੋਸ਼ੀ ਸਨ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਸੀ ਕਿ “ਜਦ ਤੁਸੀਂ ਆਪਣੇ ਹੱਥ ਅੱਡੋਗੇ, ਤਾਂ ਮੈਂ ਤੁਹਾਥੋਂ ਆਪਣੀ ਅੱਖ ਮੀਚ ਲਵਾਂਗਾ, ਨਾਲੇ ਭਾਵੇਂ ਤੁਸੀਂ ਕਿੰਨੀ ਪ੍ਰਾਰਥਨਾ ਕਰੋ, ਮੈਂ ਨਹੀਂ ਸੁਣਾਂਗਾ, ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ।”—ਯਸਾਯਾਹ 1:1, 15.

ਪੌਲੁਸ ਰਸੂਲ ਨੇ ਇਕ ਹੋਰ ਚੀਜ਼ ਬਾਰੇ ਵੀ ਗੱਲ ਕੀਤੀ ਜੋ ਸਾਡੀਆਂ ਪ੍ਰਾਰਥਨਾਵਾਂ ਵਿਚ ਰੁਕਾਵਟ ਪਾ ਸਕਦੀ ਹੈ। ਉਸ ਨੇ ਲਿਖਿਆ: “ਇਸੇ ਤਰਾਂ ਹੇ ਪਤੀਓ, ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਵੱਸੋ ਅਤੇ ਇਸਤ੍ਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਅਤੇ ਇਹ ਭੀ ਭਈ ਤੁਸੀਂ ਦੋਵੇਂ ਜੀਵਨ ਦੀ ਬਖ਼ਸ਼ੀਸ਼ ਦੇ ਸਾਂਝੇ ਅਧਕਾਰੀ ਹੋ ਉਹ ਦਾ ਆਦਰ ਕਰੇ ਤਾਂ ਜੋ ਤੁਹਾਡੀਆਂ ਪ੍ਰਾਰਥਨਾਂ ਰੁਕ ਨਾ ਜਾਣ।” (1 ਪਤਰਸ 3:7) ਜੇ ਇਕ ਪਤੀ ਇਹ ਸਲਾਹ ਨਾ ਮੰਨੇ ਤਾਂ ਪਰਮੇਸ਼ੁਰ ਸ਼ਾਇਦ ਉਸ ਦੀ ਪ੍ਰਾਰਥਨਾ ਨਾ ਸੁਣੇ!

ਇਸ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਣ ਤਾਂ ਸਾਨੂੰ ਕੁਝ ਮੰਗਾਂ ਪੂਰੀਆਂ ਕਰਨੀਆਂ ਪੈਣਗੀਆਂ। ਪਰ ਬਹੁਤ ਸਾਰੇ ਲੋਕ ਜੋ ਪ੍ਰਾਰਥਨਾ ਕਰਦੇ ਹਨ ਪਰਮੇਸ਼ੁਰ ਦੀਆਂ ਮੰਗਾਂ ਪੂਰੀਆਂ ਕਰਨ ਵੱਲ ਕੋਈ ਧਿਆਨ ਨਹੀਂ ਦਿੰਦੇ, ਤਾਇਓਂ ਇੰਨੀਆਂ ਪ੍ਰਾਰਥਨਾਵਾਂ ਨੇ ਦੁਨੀਆਂ ਦੇ ਹਾਲਾਤਾਂ ਨੂੰ ਜ਼ਰਾ ਵੀ ਨਹੀਂ ਸੁਧਾਰਿਆ।

ਤਾਂ ਫਿਰ ਪ੍ਰਾਰਥਨਾ ਦੇ ਸੰਬੰਧ ਵਿਚ ਪਰਮੇਸ਼ੁਰ ਦੀਆਂ ਮੰਗਾਂ ਕੀ ਹਨ? ਇਸ ਦਾ ਜਵਾਬ ਸਾਡੇ ਪ੍ਰਾਰਥਨਾ ਕਰਨ ਦੇ ਕਾਰਨ ਵਿਚ ਹੈ। ਅਸਲ ਵਿਚ ਜੇਕਰ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਾਡੀਆਂ ਪ੍ਰਾਰਥਨਾਵਾਂ ਕੋਈ ਫ਼ਰਕ ਪਾਉਂਦੀਆਂ ਹਨ ਜਾਂ ਨਹੀਂ ਤਾਂ ਸਾਨੂੰ ਉਨ੍ਹਾਂ ਦਾ ਮਕਸਦ ਜਾਣਨਾ ਚਾਹੀਦਾ ਹੈ। ਯਹੋਵਾਹ ਨੇ ਪ੍ਰਾਰਥਨਾ ਕਰਨ ਦਾ ਪ੍ਰਬੰਧ ਕਿਉਂ ਕੀਤਾ ਹੈ?

[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

G.P.O., Jerusalem