Skip to content

Skip to table of contents

ਤੁਹਾਨੂੰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?

ਤੁਹਾਨੂੰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?

ਤੁਹਾਨੂੰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?

“ਤੁਸੀਂ ਮੰਗਦੇ ਹੋ ਪਰ ਲੱਭਦਾ ਨਹੀਂ ਕਿਉਂ ਜੋ ਬਦਨੀਤੀ ਨਾਲ ਮੰਗਦੇ ਹੋ . . . ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:3, 8) ਯਾਕੂਬ ਰਸੂਲ ਦੇ ਇਹ ਸ਼ਬਦ ਸ਼ਾਇਦ ਸਾਨੂੰ ਸੋਚਣ ਲਈ ਪ੍ਰੇਰਿਤ ਕਰਨ ਕਿ ਅਸੀਂ ਪ੍ਰਾਰਥਨਾ ਕਿਉਂ ਕਰਦੇ ਹਾਂ।

ਪ੍ਰਾਰਥਨਾ ਸਿਰਫ਼ ਪਰਮੇਸ਼ੁਰ ਨੂੰ ਆਪਣੀਆਂ ਲੋੜਾਂ ਦੱਸਣ ਦਾ ਜ਼ਰੀਆ ਨਹੀਂ ਹੈ। ਯਿਸੂ ਨੇ ਆਪਣੇ ਮਸ਼ਹੂਰ ਪਹਾੜੀ ਉਪਦੇਸ਼ ਵਿਚ ਕਿਹਾ ਸੀ: “ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਭਈ ਤੁਹਾਨੂੰ ਕਿਨ੍ਹਾਂ ਕਿਨ੍ਹਾਂ ਵਸਤਾਂ ਦੀ ਲੋੜ ਹੈ।” ਲੇਕਿਨ ਇਸ ਦੇ ਬਾਵਜੂਦ ਉਸ ਨੇ ਅੱਗੇ ਕਿਹਾ ਕਿ “ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ।” (ਮੱਤੀ 6:8; 7:7) ਇਸ ਲਈ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੀਆਂ ਲੋੜਾਂ ਬਾਰੇ ਉਸ ਨੂੰ ਦਿਲੋਂ ਦੱਸੀਏ। ਪਰ ਪ੍ਰਾਰਥਨਾ ਕਰਨ ਵਿਚ ਹੋਰ ਵੀ ਬਹੁਤ ਕੁਝ ਸ਼ਾਮਲ ਹੈ।

ਸੱਚੇ ਮਿੱਤਰ ਆਪਸ ਵਿਚ ਸਿਰਫ਼ ਉਦੋਂ ਹੀ ਨਹੀਂ ਗੱਲ ਕਰਦੇ ਜਦੋਂ ਉਨ੍ਹਾਂ ਨੂੰ ਕਿਸੇ ਚੀਜ਼ ਦੀ ਲੌੜ ਹੁੰਦੀ ਹੈ। ਉਹ ਇਕ ਦੂਜੇ ਬਾਰੇ ਜਾਣਨਾ ਚਾਹੁੰਦੇ ਹਨ ਅਤੇ ਜਦੋਂ ਉਹ ਇਕ ਦੂਜੇ ਨੂੰ ਦਿਲ ਦੀਆਂ ਗੱਲਾਂ ਦੱਸਦੇ ਹਨ ਤਾਂ ਉਨ੍ਹਾਂ ਦੀ ਦੋਸਤੀ ਹੋਰ ਵੀ ਵੱਧਦੀ ਹੈ। ਇਸੇ ਤਰ੍ਹਾਂ ਪ੍ਰਾਰਥਨਾ ਕਰਨ ਦਾ ਮਕਸਦ ਸਿਰਫ਼ ਚੀਜ਼ਾਂ ਮੰਗਣ ਦਾ ਨਹੀਂ ਹੈ। ਪ੍ਰਾਰਥਨਾ ਦੇ ਰਾਹੀਂ ਯਹੋਵਾਹ ਨਾਲ ਸਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਬਣਦਾ ਹੈ ਜਿਉਂ-ਜਿਉਂ ਅਸੀਂ ਦਿਲੋਂ ਉਸ ਨਾਲ ਗੱਲ ਕਰਦੇ ਹਾਂ।

ਹਾਂ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਪ੍ਰਾਰਥਨਾ ਦੇ ਪ੍ਰਬੰਧ ਰਾਹੀਂ ਉਸ ਨੂੰ ਚੰਗੀ ਤਰ੍ਹਾਂ ਜਾਣ ਸਕੀਏ। ਸਾਡਾ ਰਿਸ਼ਤਾ ਸਿਰਫ਼ ਉਦੋਂ ਗੂੜ੍ਹਾ ਹੋ ਸਕਦਾ ਹੈ ਜਦੋਂ ਅਸੀਂ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕਰਦੇ ਹਾਂ। ਇਕ ਰੱਟੀ ਹੋਈ ਪ੍ਰਾਰਥਨਾ ਸਾਡੇ ਦਿਲ ਦੀ ਗੱਲ ਨਹੀਂ ਦੱਸਦੀ। ਪ੍ਰਾਰਥਨਾ ਰਾਹੀਂ ਯਹੋਵਾਹ ਨਾਲ ਗੱਲ ਕਰ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ! ਇਸ ਤੋਂ ਇਲਾਵਾ ਬਾਈਬਲ ਦੀ ਇਕ ਕਹਾਵਤ ਕਹਿੰਦੀ ਹੈ: “ਸਚਿਆਰਾਂ ਦੀ ਪ੍ਰਾਰਥਨਾ ਤੋਂ ਉਹ ਪਰਸੰਨ ਹੁੰਦਾ ਹੈ।”—ਕਹਾਉਤਾਂ 15:8.

ਜ਼ਬੂਰਾਂ ਦੇ ਲਿਖਾਰੀ ਆਸਾਫ਼ ਨੇ ਗਾਇਆ ਕਿ “ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ।” (ਜ਼ਬੂਰ 73:28) ਪਰ ਪਰਮੇਸ਼ੁਰ ਦੇ ਨਜ਼ਦੀਕ ਹੋਣ ਲਈ ਸਾਨੂੰ ਪ੍ਰਾਰਥਨਾ ਕਰਨ ਤੋਂ ਇਲਾਵਾ ਹੋਰ ਵੀ ਕੁਝ ਕਰਨ ਦੀ ਲੋੜ ਹੈ। ਧਿਆਨ ਦਿਓ ਕਿ ਅਗਲਾ ਬਿਰਤਾਂਤ ਕੀ ਦਿਖਾਉਂਦਾ ਹੈ:

“[ਯਿਸੂ] ਦੇ ਚੇਲਿਆਂ ਵਿੱਚੇਂ ਇੱਕ ਨੇ ਉਹ ਨੂੰ ਆਖਿਆ, ਪ੍ਰਭੁ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਲ।” ਯਿਸੂ ਨੇ ਜਵਾਬ ਵਿਚ ਕਿਹਾ: “ਜਾਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਹੋ, ਹੇ ਪਿਤਾ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ।” (ਲੂਕਾ 11:1, 2) ਕੀ ਅਸੀਂ ਦਿਲੋਂ ਪ੍ਰਾਰਥਨਾ ਕਰ ਸਕਦੇ ਹਾਂ ਜੇਕਰ ਅਸੀਂ ਪਰਮੇਸ਼ੁਰ ਦਾ ਨਾਂ ਨਹੀਂ ਜਾਣਦੇ ਅਤੇ ਇਹ ਨਹੀਂ ਜਾਣਦੇ ਕਿ ਇਹ ਕਿਸ ਤਰ੍ਹਾਂ ਪਾਕ ਕੀਤਾ ਜਾਣਾ ਹੈ? ਅਤੇ ਅਸੀਂ ਇਸ ਤਰ੍ਹਾਂ ਪ੍ਰਾਰਥਨਾ ਕਿਵੇਂ ਕਰ ਸਕਦੇ ਹਾਂ ਜੇਕਰ ਅਸੀਂ ਇਹ ਨਹੀਂ ਸਮਝਦੇ ਕਿ ਪਰਮੇਸ਼ੁਰ ਦਾ ਰਾਜ ਕੀ ਹੈ? ਇਨ੍ਹਾਂ ਗੱਲਾਂ ਦੀ ਸਮਝ ਸਾਨੂੰ ਮਿਲ ਸਕਦੀ ਹੈ ਜੇਕਰ ਅਸੀਂ ਬਾਈਬਲ ਦੀ ਜਾਂਚ ਚੰਗੀ ਤਰ੍ਹਾਂ ਕਰੀਏ। ਫਿਰ ਇਸ ਗਿਆਨ ਨਾਲ ਅਸੀਂ ਪਰਮੇਸ਼ੁਰ ਅਤੇ ਉਸ ਦੇ ਰਾਹਾਂ ਨੂੰ ਜਾਣ ਸਕਾਂਗੇ। ਇਸ ਤਰ੍ਹਾਂ ਯਹੋਵਾਹ ਪਰਮੇਸ਼ੁਰ ਨੂੰ ਜਾਣ ਕੇ ਅਸੀਂ ਉਸ ਦੇ ਨਜ਼ਦੀਕ ਹੋਵਾਂਗੇ ਅਤੇ ਉਸ ਦੀ ਭਗਤੀ ਕਰਨ ਲਈ ਹੋਰ ਵੀ ਉਤਸ਼ਾਹਿਤ ਕੀਤੇ ਜਾਵਾਂਗੇ। ਫਿਰ ਅਸੀਂ ਪ੍ਰਾਰਥਨਾ ਵਿਚ ਉਸ ਨਾਲ ਦਿਲੋਂ ਗੱਲ ਕਰ ਸਕਾਂਗੇ।

ਪ੍ਰਾਰਥਨਾ ਰਾਹੀਂ ਮੁਸ਼ਕਲਾਂ ਦਾ ਹੱਲ ਮਿਲਦਾ ਹੈ

ਯਹੋਵਾਹ ਨਾਲ ਨਜ਼ਦੀਕੀ ਰਿਸ਼ਤਾ ਜੋੜ ਕੇ ਅਸੀਂ ਆਪਣੀਆਂ ਸਮੱਸਿਆਵਾਂ ਹੱਲ ਕਰਨ ਵਿਚ ਮਦਦ ਪਾਵਾਂਗੇ। ਧਿਆਨ ਦਿਓ ਕਿ ਅਗਲਿਆਂ ਹਾਲਾਤਾਂ ਵਿਚ ਇਹ ਸੱਚ ਕਿਵੇਂ ਸਾਬਤ ਹੋਇਆ। ਇਹ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਇਨ੍ਹਾਂ ਲੋਕਾਂ ਨੇ ਪ੍ਰਾਰਥਨਾ ਰਾਹੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਬਣਾਇਆ।

ਬ੍ਰਾਜ਼ੀਲ ਵਿਚ ਰਹਿਣ ਵਾਲੀ ਮਰੀਆ ਨਾਂ ਦੀ ਇਕ ਔਰਤ ਨੇ ਪਰਮੇਸ਼ੁਰ ਦੀ ਮਦਦ ਲਈ ਪ੍ਰਾਰਥਨਾ ਕੀਤੀ। ਉਸ ਨੇ ਸਮਾਜ ਦੇ ਆਮ ਮਿਆਰਾਂ ਦਾ ਵਿਰੋਧ ਕੀਤਾ ਕਿਉਂਕਿ ਉਸ ਨੇ ਆਲੇ-ਦੁਆਲੇ ਬਹੁਤ ਪਖੰਡਤਾ ਦੇਖੀ। ਮਰੀਆ ਨੇ ਆਪਣਾ ਪਤੀ, ਬੱਚੇ, ਅਤੇ ਘਰ ਵੀ ਛੱਡ ਦਿੱਤਾ। ਉਸ ਨੇ ਅਫੀਮ ਅਤੇ ਡੋਡੇ ਪੀਣੇ ਸ਼ੁਰੂ ਕਰ ਦਿੱਤੇ। ਪਰ ਫਿਰ ਵੀ ਜਦੋਂ ਉਸ ਨੇ ਖ਼ੁਸ਼ੀ ਨਹੀਂ ਪਾਈ ਤਾਂ ਮਰੀਆ ਨੇ ਪਰਮੇਸ਼ੁਰ ਤੋਂ ਮਦਦ ਮੰਗੀ।

ਇਸ ਤੋਂ ਥੋੜ੍ਹੀ ਦੇਰ ਬਾਅਦ ਯਹੋਵਾਹ ਦੇ ਦੋ ਗਵਾਹ ਮਰੀਆ ਨੂੰ ਮਿਲੇ ਅਤੇ ਉਨ੍ਹਾਂ ਨੇ ਉਸ ਨੂੰ ਪਹਿਰਾਬੁਰਜ ਰਸਾਲੇ ਦੀ ਕਾਪੀ ਦਿੱਤੀ। ਇਸ ਰਸਾਲੇ ਵਿਚ ਪਰਮੇਸ਼ੁਰ ਤੋਂ ਮਦਦ ਲੈਣ ਬਾਰੇ ਗੱਲ ਕੀਤੀ ਗਈ ਸੀ। ਇਨ੍ਹਾਂ ਗੱਲਾਂ ਨੇ ਮਰੀਆ ਦੇ ਦਿਲ ਉੱਤੇ ਗਹਿਰਾ ਅਸਰ ਪਾਇਆ ਅਤੇ ਉਸ ਨੇ ਉਸੇ ਦਿਨ ਗਵਾਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਇਸ ਸਿੱਖਿਆ ਕਰਕੇ ਮਰੀਆ ਆਪਣੇ ਪਰਿਵਾਰ ਕੋਲ ਵਾਪਸ ਗਈ। ਉਹ ਯਹੋਵਾਹ ਬਾਰੇ ਜਿੰਨਾ ਜ਼ਿਆਦਾ ਸਿੱਖਦੀ ਗਈ ਉੱਨਾ ਜ਼ਿਆਦਾ ਉਸ ਲਈ ਉਸ ਦਾ ਪ੍ਰੇਮ ਵੱਧਦਾ ਗਿਆ। ਮਰੀਆ ਦੱਸਦੀ ਹੈ ਕਿ “ਮੈਂ ਆਪਣੀ ਜ਼ਿੰਦਗੀ ਵਿਚ ਕਾਫ਼ੀ ਤਬਦੀਲੀਆਂ ਕੀਤੀਆਂ। ਪਹਿਲਾਂ-ਪਹਿਲਾਂ ਮੇਰਾ ਪਤੀ ਅਤੇ ਪਰਿਵਾਰ ਮੇਰੇ ਨਾਲ ਖ਼ੁਸ਼ ਨਹੀਂ ਸਨ ਕਿ ਮੈਂ ਬਾਈਬਲ ਸਟੱਡੀ ਕਰ ਰਹੀ ਸੀ। ਪਰ ਜਦ ਉਨ੍ਹਾਂ ਨੇ ਮੇਰੇ ਵਿਚ ਤਬਦੀਲੀਆਂ ਦੇਖੀਆਂ ਤਾਂ ਉਨ੍ਹਾਂ ਨੇ ਮੈਨੂੰ ਸਟੱਡੀ ਕਰਨ ਲਈ ਹੋਰ ਵੀ ਹੌਸਲਾ ਦਿੱਤਾ।” ਕੁਝ ਸਮੇਂ ਬਾਅਦ, ਮਰੀਆ ਨੇ ਪ੍ਰਾਰਥਨਾ ਸੁਣਨ ਵਾਲੇ ਦੀ ਸੇਵਾ ਕਰਨ ਲਈ ਆਪਣਾ ਜੀਵਨ ਉਸ ਨੂੰ ਸਮਰਪਿਤ ਕਰ ਦਿੱਤਾ।

ਬੋਲੀਵੀਆ ਵਿਚ ਹੋਜ਼ੇ ਨਾਂ ਦੇ ਇਕ ਆਦਮੀ ਕੋਲ ਵੱਡਾ ਕਾਰੋਬਾਰ ਅਤੇ ਸੁੰਦਰ ਪਤਨੀ ਸੀ, ਪਰ ਫਿਰ ਵੀ ਉਹ ਖ਼ੁਸ਼ ਨਹੀਂ ਸੀ। ਉਸ ਦੇ ਜ਼ਨਾਹ ਦੇ ਕਾਰਨ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ। ਉਹ ਬਹੁਤ ਹੀ ਪੀਣ ਲੱਗ ਪਿਆ ਅਤੇ ਆਪਣੇ ਆਪ ਵਿਚ ਨਿਕੰਮਾ ਮਹਿਸੂਸ ਕਰਨ ਲੱਗ ਪਿਆ। ਹੋਜ਼ੇ ਕਹਿੰਦਾ ਹੈ ਕਿ “ਮੈਂ ਪੂਰੇ ਦਿਲ ਨਾਲ ਪ੍ਰਾਰਥਨਾ ਕੀਤੀ ਅਤੇ ਰੱਬ ਨੂੰ ਪੁੱਛਿਆ ਕਿ ਉਸ ਨੂੰ ਖ਼ੁਸ਼ ਕਰਨ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ। ਇਸ ਤੋਂ ਥੋੜ੍ਹੇ ਚਿਰ ਬਾਅਦ ਯਹੋਵਾਹ ਦੇ ਗਵਾਹ ਮੇਰੇ ਕੰਮ ਤੇ ਆਏ। ਉਹ ਸਾਰਿਆਂ ਨੂੰ ਮੁਫ਼ਤ ਬਾਈਬਲ ਸਟੱਡੀ ਪੇਸ਼ ਕਰ ਰਹੇ ਸਨ ਪਰ ਮੈਂ ਇਨਕਾਰ ਕਰ ਦਿੱਤਾ। ਮੈਂ ਤਿੰਨ ਵਾਰ ਦੇਖਿਆ ਕਿ ਜਦ ਵੀ ਮੈਂ ਪ੍ਰਾਰਥਨਾ ਕਰਦਾ ਸੀ ਤਾਂ ਯਹੋਵਾਹ ਦੇ ਗਵਾਹ ਮੈਨੂੰ ਮਿਲਣ ਆ ਜਾਂਦੇ ਸਨ। ਅਖ਼ੀਰ ਵਿਚ ਮੈਂ ਫ਼ੈਸਲਾ ਕੀਤਾ ਕਿ ਜਦ ਉਹ ਅਗਲੀ ਵਾਰ ਆਉਣਗੇ ਤਾਂ ਮੈਂ ਉਨ੍ਹਾਂ ਦੀ ਗੱਲ ਸੁਣਾਂਗਾ। ਮੈਂ ਪੂਰੀ ਬਾਈਬਲ ਪੜ੍ਹ ਚੁੱਕਾ ਸੀ ਅਤੇ ਮੇਰੇ ਕੋਲ ਬਹੁਤ ਸਾਰੇ ਸਵਾਲ ਸਨ, ਪਰ ਗਵਾਹਾਂ ਕੋਲ ਮੇਰੇ ਹਰ ਸਵਾਲ ਦਾ ਜਵਾਬ ਸੀ। ਯਹੋਵਾਹ ਬਾਰੇ ਸਿੱਖ ਕੇ ਮੈਨੂੰ ਜ਼ਿੰਦਗੀ ਵਿਚ ਨਵਾਂ ਮਕਸਦ ਮਿਲਿਆ। ਮੈਂ ਬਹੁਤ ਸਾਰੇ ਗਵਾਹਾਂ ਨਾਲ ਦੋਸਤੀ ਕੀਤੀ ਹੈ ਅਤੇ ਉਨ੍ਹਾਂ ਦੇ ਜੀਵਨ ਬਾਰੇ ਸਿੱਖ ਕੇ ਮੈਨੂੰ ਬਹੁਤ ਹੌਸਲਾ ਮਿਲਿਆ! ਮੈਂ ਆਪਣੀ ਪ੍ਰੇਮਿਕਾ ਅਤੇ ਆਪਣੇ ਮਾੜੇ ਸਾਥੀਆਂ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਮੈਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਸੁਲ੍ਹਾ-ਸਫਾਈ ਕਰ ਲਈ ਅਤੇ 1999 ਵਿਚ ਬਪਤਿਸਮਾ ਲੈ ਲਿਆ।”

ਟਾਮਾਰਾ ਇਟਲੀ ਵਿਚ ਰਹਿੰਦੀ ਹੈ। ਜਦ ਉਹ 14 ਸਾਲਾਂ ਦੀ ਸੀ ਉਸ ਨੂੰ ਕੁੱਟ ਕੇ ਘਰੋਂ ਬਾਹਰ ਕੱਢਿਆ ਗਿਆ ਸੀ। ਇਸ ਕਰਕੇ ਟਾਮਾਰਾ ਬਹੁਤ ਹੀ ਲੜਾਕੀ ਸੀ। ਬਾਅਦ ਵਿਚ ਟਾਮਾਰਾ ਦੀ ਵਿਆਹੁਤਾ ਜ਼ਿੰਦਗੀ ਵਿਚ ਮੁਸ਼ਕਲਾਂ ਹੋਣ ਲੱਗੀਆਂ, ਇਸ ਲਈ ਉਸ ਨੇ ਬੁੱਧ ਲਈ ਪ੍ਰਾਰਥਨਾ ਕੀਤੀ। ਟਾਮਾਰਾ ਦੱਸਦੀ ਹੈ: “ਮੈਨੂੰ ਇਕ ਬਾਈਬਲ ਲੱਭੀ ਅਤੇ ਮੈਂ ਉਸ ਨੂੰ ਪੜ੍ਹਨਾ ਸ਼ੁਰੂ ਕੀਤਾ। ਇਕ ਰਾਤ ਮੈਂ ਬਾਈਬਲ ਵਿਚ ਪੜ੍ਹਿਆ ਕਿ ਬੁੱਧ ਦੀ ਪ੍ਰਾਪਤੀ ਛੁਪੇ ਹੋਏ ਖ਼ਜ਼ਾਨੇ ਲੱਭਣ ਦੇ ਬਰਾਬਰ ਹੈ। ਮੈਂ ਇਸ ਤਰ੍ਹਾਂ ਦੀ ਬੁੱਧ ਲਈ ਪ੍ਰਾਰਥਨਾ ਕੀਤੀ। (ਕਹਾਉਤਾਂ 2:1-6) ਅਗਲੇ ਦਿਨ ਯਹੋਵਾਹ ਦੇ ਗਵਾਹ ਸਾਡੇ ਘਰ ਆਏ। ਮੈਂ ਉਨ੍ਹਾਂ ਨਾਲ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ, ਪਰ ਮੈਨੂੰ ਬਾਈਬਲ ਦੀਆਂ ਗੱਲਾਂ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਲਈ ਕਾਫ਼ੀ ਸਮਾਂ ਲੱਗਾ। ਆਖ਼ਰਕਾਰ ਮੈਂ ਮਸੀਹੀ ਜ਼ਿੰਦਗੀ ਗੁਜ਼ਾਰਨ ਦਾ ਫ਼ੈਸਲਾ ਕਰ ਕੇ ਬਪਤਿਸਮਾ ਲਿਆ। ਹੁਣ ਮੈਂ ਆਪਣੇ ਪਤੀ ਦੇ ਨਾਲ ਦੂਜਿਆਂ ਦੀ ਮਦਦ ਕਰ ਰਹੀ ਹਾਂ ਤਾਂਕਿ ਉਹ ਵੀ ਪਰਮੇਸ਼ੁਰ ਦੀ ਬੁੱਧ ਤੋਂ ਲਾਭ ਹਾਸਲ ਕਰ ਸਕਣ।”

ਬੀਟ੍ਰਿਸ ਨਾਮਕ ਇਕ ਔਰਤ ਵੈਨੇਜ਼ੁਏਲਾ ਵਿਚ ਕਰਾਕਸ ਸ਼ਹਿਰ ਤੋਂ ਹੈ। ਉੱਚ ਸੋਸਾਇਟੀ ਦੇ ਲੋਕਾਂ ਵਿੱਚੋਂ ਹੋਣ ਦੇ ਬਾਵਜੂਦ ਬੀਟ੍ਰਿਸ ਦਾ ਤਲਾਕ ਹੋ ਗਿਆ ਅਤੇ ਉਹ ਦੁਖੀ ਸੀ। ਨਿਰਾਸ਼ ਹੋ ਕੇ ਉਹ ਨੇ ਇਕ ਦਿਨ ਕਈ ਘੰਟੇ ਪ੍ਰਾਰਥਨਾ ਵਿਚ ਗੁਜ਼ਾਰੇ। ਅਗਲੇ ਦਿਨ ਕਿਸੇ ਨੇ ਉਸ ਦੇ ਘਰ ਦੀ ਘੰਟੀ ਵਜਾਈ। ਬੀਟ੍ਰਿਸ ਖਿਝੀ ਹੋਈ ਸੀ ਇਸ ਲਈ ਉਹ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਪਰ ਸਿਰਫ਼ ਬਾਹਰ ਝਾਤੀ ਮਾਰੀ। ਉਹ ਨੇ ਇਕ ਆਦਮੀ ਅਤੇ ਇਕ ਔਰਤ ਬਾਹਰ ਖੜ੍ਹੇ ਦੇਖੇ ਅਤੇ ਉਨ੍ਹਾਂ ਦੇ ਹੱਥਾਂ ਵਿਚ ਬੈਗ ਸਨ। ਬੀਟ੍ਰਿਸ ਨੇ ਕੋਈ ਖੜਕਾ ਨਹੀਂ ਕੀਤਾ ਤਾਂਕਿ ਉਨ੍ਹਾਂ ਨੂੰ ਪਤਾ ਨਾ ਲੱਗੇ ਕਿ ਕੋਈ ਘਰ ਹੈ। ਪਰ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਇਕ ਪਰਚੀ ਦਰਵਾਜ਼ੇ ਦੇ ਹੇਠਾਂ ਛੱਡੀ। ਇਸ ਪਰਚੀ ਦਾ ਵਿਸ਼ਾ ਸੀ “ਪਰਮੇਸ਼ੁਰ ਦਾ ਗਿਆਨ ਲਓ।” ਬੀਟ੍ਰਿਸ ਨੇ ਰਾਤੀਂ ਹੀ ਮਦਦ ਲਈ ਪ੍ਰਾਰਥਨਾ ਕੀਤੀ ਸੀ ਅਤੇ ਸਵੇਰ ਨੂੰ ਇਹ ਲੋਕ ਆ ਗਏ ਸਨ, ਸ਼ਾਇਦ ਇਨਾਂ ਘਟਨਾਵਾਂ ਦਾ ਕੋਈ ਸੰਬੰਧ ਸੀ! ਉਸ ਨੇ ਜਲਦੀ ਹੀ ਉਨ੍ਹਾਂ ਨੂੰ ਮੁੜ ਕੇ ਆਉਣ ਲਈ ਹਾਕ ਮਾਰੀ। ਥੋੜ੍ਹੀ ਦੇਰ ਬਾਅਦ ਬੀਟ੍ਰਿਸ ਨੇ ਬਾਈਬਲ ਸਟੱਡੀ ਸ਼ੁਰੂ ਕੀਤੀ ਅਤੇ ਬਾਅਦ ਵਿਚ ਉਸ ਨੇ ਬਪਤਿਸਮਾ ਵੀ ਲੈ ਲਿਆ। ਹੁਣ ਬੀਟ੍ਰਿਸ ਖ਼ੁਸ਼ ਹੈ ਅਤੇ ਦੂਜਿਆਂ ਦੀ ਵੀ ਇਸ ਤਰ੍ਹਾਂ ਦੀ ਖ਼ੁਸ਼ੀ ਹਾਸਲ ਕਰਨ ਲਈ ਮਦਦ ਕਰਦੀ ਹੈ।

ਕਾਰਮਨ ਨੇ ਗ਼ਰੀਬ ਹੋਣ ਦੀਆਂ ਆਪਣੀਆਂ ਮੁਸ਼ਕਲਾਂ ਬਾਰੇ ਪ੍ਰਾਰਥਨਾ ਕੀਤੀ। ਉਸ ਦੇ ਦੱਸ ਬੱਚੇ ਸਨ ਅਤੇ ਉਸ ਦਾ ਪਤੀ ਰਾਫਾਐਲ ਇਕ ਸ਼ਰਾਬੀ ਸੀ। ਉਹ ਦੱਸਦੀ ਹੈ: “ਮੈਂ ਪੈਸੇ ਕਮਾਉਣ ਲਈ ਦੂਜਿਆਂ ਲੋਕਾਂ ਦੇ ਕੱਪੜੇ ਧੋਣੇ ਸ਼ੁਰੂ ਕੀਤੇ।” ਪਰ ਰਾਫਾਐਲ ਦੀ ਸ਼ਰਾਬ ਪੀਣ ਦੀ ਆਦਤ ਹੋਰ ਵੀ ਵੱਧ ਗਈ। “ਅਸੀਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਤਦ ਹੀ ਮੇਰੇ ਪਤੀ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਲੱਗੇ। ਅਸੀਂ ਸਿੱਖਿਆ ਕਿ ਯਹੋਵਾਹ ਆਪਣੇ ਰਾਜ ਦੇ ਰਾਹੀਂ ਸਾਰੀ ਗ਼ਰੀਬੀ ਅਤੇ ਦੁੱਖ ਮਿਟਾ ਦੇਵੇਗਾ। ਮੇਰੀਆਂ ਬੇਨਤੀਆਂ ਦਾ ਮੈਨੂੰ ਜਵਾਬ ਜ਼ਰੂਰ ਮਿਲਿਆ!” ਯਹੋਵਾਹ ਦੇ ਰਾਹਾਂ ਬਾਰੇ ਸਿੱਖ ਕੇ ਰਾਫਾਐਲ ਨੇ ਸ਼ਰਾਬ ਪੀਣੀ ਬੰਦ ਕਰ ਦਿੱਤੀ ਅਤੇ ਉਸ ਨੇ “ਨਵੀਂ ਇਨਸਾਨੀਅਤ” ਪਹਿਨ ਲਈ। (ਅਫ਼ਸੀਆਂ 4:24) ਰਾਫਾਐਲ ਅਤੇ ਉਸ ਦਾ ਪਰਿਵਾਰ ਆਪਣੇ ਹਾਲਾਤਾਂ ਨੂੰ ਥੋੜ੍ਹੇ ਜਿਹੇ ਬਦਲ ਸਕੇ ਹਨ। ਰਾਫਾਐਲ ਦੱਸਦਾ ਹੈ: “ਨਾ ਤਾਂ ਅਸੀਂ ਅਮੀਰ ਹਾਂ ਅਤੇ ਨਾ ਹੀ ਸਾਡੇ ਕੋਲ ਆਪਣਾ ਘਰ ਹੈ, ਪਰ ਸਾਡਾ ਗੁਜ਼ਾਰਾ ਹੋਈ ਜਾਂਦਾ ਹੈ ਅਤੇ ਅਸੀਂ ਖ਼ੁਸ਼ ਹਾਂ।”

ਜਦ ਸਾਰੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲੇਗਾ

ਕੀ ਇਨ੍ਹਾਂ ਲੋਕਾਂ ਨੂੰ ਪ੍ਰਾਰਥਨਾ ਕਰਨ ਨਾਲ ਕੋਈ ਫ਼ਾਇਦਾ ਹੋਇਆ? ਬਿਲਕੁਲ! ਅਤੇ ਕੀ ਤੁਸੀਂ ਧਿਆਨ ਦਿੱਤਾ ਕਿ ਇਨ੍ਹਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਸ ਤਰ੍ਹਾਂ ਮਿਲਿਆ? ਹਾਂ ਜਵਾਬ ਉਦੋਂ ਮਿਲਿਆ ਜਦ ਮਸੀਹੀ ਕਲੀਸਿਯਾ ਵਿੱਚੋਂ ਕਿਸੇ ਭੈਣ-ਭਰਾ ਨੇ ਉਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਦੇ ਨੇੜੇ ਜਾਣ ਵਿਚ ਬਾਈਬਲ ਸਟੱਡੀ ਰਾਹੀਂ ਮਦਦ ਦਿੱਤੀ।—ਰਸੂਲਾਂ ਦੇ ਕਰਤੱਬ 9:11.

ਇਸ ਲਈ ਸਾਡੇ ਕੋਲ ਪ੍ਰਾਰਥਨਾ ਕਰਨ ਦੇ ਚੰਗੇ ਕਾਰਨ ਹਨ। ਪਰਮੇਸ਼ੁਰ ਦੇ ਰਾਜ ਆਉਣ ਬਾਰੇ ਅਤੇ ਉਹ ਦੀ ਮਰਜ਼ੀ ਜ਼ਮੀਨ ਉੱਤੇ ਪੂਰੀ ਹੋਣ ਬਾਰੇ ਪ੍ਰਾਰਥਨਾ ਹੁਣ ਜਲਦੀ ਹੀ ਪੂਰੀ ਹੋ ਜਾਵੇਗੀ। (ਮੱਤੀ 6:10) ਜਦ ਪਰਮੇਸ਼ੁਰ ਧਰਤੀ ਤੋਂ ਆਪਣੇ ਵਿਰੋਧੀਆਂ ਨੂੰ ਖ਼ਤਮ ਕਰੇਗਾ ਤਾਂ ਉਸ ਤੋਂ ਬਾਅਦ “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ।” (ਯਸਾਯਾਹ 11:9) ਫਿਰ ਯਹੋਵਾਹ ਨੂੰ ਪਿਆਰ ਕਰਨ ਵਾਲੇ ਲੋਕ ‘ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਪ੍ਰਾਪਤ ਕਰਨਗੇ’ ਅਤੇ ਉਨ੍ਹਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਦਾ ਜਵਾਬ ਜ਼ਰੂਰ ਮਿਲੇਗਾ।—ਰੋਮੀਆਂ 8:18-21.

[ਸਫ਼ੇ 7 ਉੱਤੇ ਤਸਵੀਰ]

ਕੀ ਤੁਸੀਂ ਜਾਣਦੇ ਹੋ ਕਿ ਸਾਨੂੰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?