Skip to content

Skip to table of contents

ਪੀਰੂ ਦੇ ਆਲਟੀਪਲਾਨੋ ਵਿਚ ਰਾਜ ਦਾ ਪ੍ਰਚਾਰ ਕਰਨਾ

ਪੀਰੂ ਦੇ ਆਲਟੀਪਲਾਨੋ ਵਿਚ ਰਾਜ ਦਾ ਪ੍ਰਚਾਰ ਕਰਨਾ

ਅਸੀਂ ਉਹ ਹਾਂ ਜਿਹੜੇ ਨਿਹਚਾ ਕਰਦੇ ਹਨ

ਪੀਰੂ ਦੇ ਆਲਟੀਪਲਾਨੋ ਵਿਚ ਰਾਜ ਦਾ ਪ੍ਰਚਾਰ ਕਰਨਾ

ਆਲਟੀਪਲਾਨੋ ਨਾਂ ਦੀ ਇਕ ਜਗ੍ਹਾ ਐਂਡੀਜ਼ ਦੇ ਪੂਰਬੀ ਅਤੇ ਪੱਛਮੀ ਪਰਬਤਾਂ ਵਿਚਕਾਰ ਹੈ ਜਿੱਥੇ ਬੋਲੀਵੀਆ ਤੇ ਪੀਰੂ ਮਿਲਦੇ ਹਨ। ਆਲਟੀਪਲਾਨੋ ਦਾ ਮਤਲਬ ਹੈ “ਉੱਚਾ ਮੈਦਾਨ।” ਇਸ ਦਾ ਵੱਡਾ ਹਿੱਸਾ ਬੋਲੀਵੀਆ ਵਿਚ ਹੈ।

ਆਲਟੀਪਲਾਨੋ 100 ਕਿਲੋਮੀਟਰ ਚੌੜਾ ਅਤੇ 1,000 ਤੋਂ ਜ਼ਿਆਦਾ ਕਿਲੋਮੀਟਰ ਲੰਬਾ ਹੈ। ਅਤੇ ਸਮੁੰਦਰ ਦੇ ਤਲ ਤੋਂ ਲਗਭਗ 3,700 ਮੀਟਰ ਉੱਚਾ ਹੈ। ਜਦੋਂ ਤੁਸੀਂ ਉੱਥੇ ਪੀਰੂ ਦੇ ਰਾਜਧਾਨੀ ਸ਼ਹਿਰ, ਲੀਮਾ, ਤੋਂ ਹਵਾਈ ਜਹਾਜ਼ ਵਿਚ ਸਫ਼ਰ ਕਰਦੇ ਹੋ, ਤਾਂ ਤੁਸੀਂ ਬਰਫ਼ ਨਾਲ ਢਕੇ ਹੋਏ ਐਲ ਮਿਸਟੀ ਨਾਂ ਦਾ ਜੁਆਲਾਮੁਖੀ ਪਹਾੜ ਦੇਖਦੇ ਹੋ। ਇਹ ਪਹਾੜ 5,822 ਮੀਟਰ ਦੀ ਉਚਾਈ ਤੇ ਬੱਦਲਾਂ ਨਾਲੋਂ ਵੀ ਉੱਚਾ ਹੈ। ਦੂਰ ਦੇ ਨੇਵਾਡੋ ਆਪਾਟੋ ਅਤੇ ਨੇਵਾਡੋ ਕੋਰੋਪੂਨਾ ਪਹਾੜਾਂ ਦੀਆਂ ਬਰਫ਼ ਨਾਲ ਢਕੀਆਂ ਹੋਈਆਂ ਟੀਸੀਆਂ ਦੀ ਉਚਾਈ 6,000 ਮੀਟਰ ਤੋਂ ਜ਼ਿਆਦਾ ਹੈ। ਅਤੇ ਥੱਲੇ ਤੁਹਾਨੂੰ ਅਚਾਨਕ ਵਿਸ਼ਾਲ ਮੈਦਾਨ ਨਜ਼ਰ ਆਵੇਗਾ, ਯਾਨੀ ਦੱਖਣੀ ਪੀਰੂ ਦਾ ਆਲਟੀਪਲਾਨੋ।

ਪੀਰੂ ਦੇ ਆਲਟੀਪਲਾਨੋ ਦੀ ਰਾਜਧਾਨੀ ਪੁਨੋ, ਟੀਟੀਕਾਕਾ ਝੀਲ ਦੇ ਉੱਤਰ-ਪੱਛਮੀ ਸਿਰੇ ਤੇ ਹੈ। ਇਹ ਝੀਲ ਦੁਨੀਆਂ ਦੀ ਸਭ ਤੋਂ ਉੱਚੀ ਝੀਲ ਹੈ ਜਿਸ ਰਾਹੀਂ ਵੱਡੇ-ਵੱਡੇ ਜਹਾਜ਼ ਲੰਘ ਸਕਦੇ ਹਨ। ਇਹ ਇਲਾਕਾ 3 ਕਿਲੋਮੀਟਰ ਤੋਂ ਜ਼ਿਆਦਾ ਉੱਚਾ ਹੈ, ਇਸ ਲਈ ਥੱਲਿਓਂ ਆਏ ਲੋਕਾਂ ਵਾਸਤੇ ਇੱਥੇ ਦੀ ਹਲਕੀ ਹਵਾ ਵਿਚ ਸਾਹ ਲੈਣਾ ਥੋੜ੍ਹਾ ਮੁਸ਼ਕਲ ਹੁੰਦਾ ਹੈ। ਟੀਟੀਕਾਕਾ ਝੀਲ ਦੇ ਲਾਗੇ ਕੇਚੂਆ ਅਤੇ ਆਈਮਰਾ ਇੰਡੀਅਨ ਲੋਕ ਰਹਿੰਦੇ ਹਨ। ਉਹ ਲਾਲ, ਹਰੇ, ਜਾਂ ਨੀਲੇ ਰੰਗ-ਬਰੰਗੇ ਕੱਪੜੇ ਪਹਿਨ ਕੇ ਆਪਣਿਆਂ ਖੇਤਾਂ ਵਿਚ ਕੰਮ ਕਰਦੇ ਨਜ਼ਰ ਆਉਂਦੇ ਹਨ। ਭਾਵੇਂ ਕਿ ਪੀਰੂ ਵਿਚ ਆਮ ਤੋਰ ਤੇ ਸਪੇਨੀ ਭਾਸ਼ਾ ਬੋਲੀ ਜਾਂਦੀ ਹੈ, ਆਲਟੀਪਲਾਨੋ ਵਿਚ ਕੇਚੂਆ ਅਤੇ ਆਈਮਰਾ ਬੋਲੀਆਂ ਵੀ ਬੋਲੀਆਂ ਜਾਂਦੀਆਂ ਹਨ।

ਪ੍ਰਚਾਰ ਦੇ ਕੰਮ ਵਿਚ ਪਾਇਨੀਅਰਾਂ ਦੀ ਅਗਵਾਈ

ਕੇਚੂਆ ਅਤੇ ਆਈਮਰਾ ਬੋਲੀਆਂ ਬੋਲਣ ਵਾਲਿਆਂ ਗ਼ਰੀਬ ਅਤੇ ਮਿਹਨਤੀ ਲੋਕਾਂ ਨੂੰ ਹਾਲ ਹੀ ਵਿਚ ਬਾਈਬਲ ਦੀ ਸੱਚਾਈ ਦੇ ਸਹੀ ਗਿਆਨ ਬਾਰੇ ਪਤਾ ਲੱਗਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਯਹੋਵਾਹ ਨੇ ਉੱਥੇ ਦੇ ਵਿਸ਼ੇਸ਼ ਪਾਇਨੀਅਰਾਂ ਨੂੰ ਉਨ੍ਹਾਂ ਦੇ ਜੋਸ਼ੀਲੇ ਪ੍ਰਚਾਰ ਲਈ ਬਰਕਤਾਂ ਦਿੱਤੀਆਂ ਹਨ।

ਮਿਸਾਲ ਲਈ, ਹੋਜ਼ੇ ਅਤੇ ਸਿਲਵੀਆ, ਟੀਟੀਕਾਕਾ ਝੀਲ ਤੋਂ 50 ਕਿਲੋਮੀਟਰ ਦੂਰ ਪੁਟੀਨਾ ਨਾਂ ਦੇ ਸ਼ਹਿਰ ਵਿਚ ਪ੍ਰਚਾਰ ਕਰਨ ਲਈ ਵਿਸ਼ੇਸ਼ ਪਾਇਨੀਅਰਾਂ ਵਜੋਂ ਭੇਜੇ ਗਏ ਸਨ। ਦੋ ਮਹੀਨਿਆਂ ਦੇ ਅੰਦਰ-ਅੰਦਰ, ਸਿਲਵੀਆ 16 ਬਾਈਬਲ ਸਟੱਡੀਆਂ ਕਰਵਾ ਰਹੀ ਸੀ ਅਤੇ ਹੋਜ਼ੇ 14 ਸਟੱਡੀਆਂ ਕਰਵਾ ਰਿਹਾ ਸੀ। ਸਿਰਫ਼ ਛੇ ਮਹੀਨਿਆਂ ਵਿਚ ਕਲੀਸਿਯਾ ਦੇ ਪ੍ਰਕਾਸ਼ਕਾਂ ਦੀ ਗਿਣਤੀ 23 ਤੋਂ 41 ਤਕ ਵੱਧ ਗਈ। ਅਤੇ ਇਸ ਸਮੇਂ ਦੌਰਾਨ ਸਭਾਵਾਂ ਤੇ ਹਾਜ਼ਰੀ 48 ਤੋਂ ਲੈ ਕੇ 132 ਤਕ ਪਹੁੰਚ ਗਈ।

ਹੋਜ਼ੇ ਕਹਿੰਦਾ ਹੈ ਕਿ “ਜਦੋਂ ਅਸੀਂ ਇਨ੍ਹਾਂ ਅੱਡਰੇ ਇਲਾਕਿਆਂ ਵਿਚ ਸਭਾਵਾਂ ਸ਼ੁਰੂ ਕੀਤੀਆਂ ਸਨ ਤਾਂ ਅਸੀਂ ਪਹਿਲਾਂ ਪਬਲਿਕ ਸਭਾ ਅਤੇ ਪੁਸਤਕ ਅਧਿਐਨ ਕਰਨਾ ਸ਼ੁਰੂ ਕੀਤਾ। ਇਸ ਤਰ੍ਹਾਂ ਦਿਲਚਸਪੀ ਰੱਖਣ ਵਾਲਿਆਂ ਨਵੇਂ ਲੋਕਾਂ ਲਈ ਪਹਿਲਾਂ-ਪਹਿਲਾਂ ਇਨ੍ਹਾਂ ਸਭਾਵਾਂ ਤੇ ਹਾਜ਼ਰ ਹੋਣਾ ਸੌਖਾ ਹੁੰਦਾ ਹੈ।”

ਇਕ ਪਾਇਨੀਅਰ ਅਤੇ ਉਸ ਦੀ ਭੈਣ ਨੇ ਮੁਨਯਾਨੀ ਨਾਂ ਦੇ ਅੱਡਰੇ ਇਲਾਕੇ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਇਹ ਇਲਾਕਾ ਪੁਟੀਨਾ ਤੋਂ ਕੁਝ 20 ਕਿਲੋਮੀਟਰ ਦੂਰ ਹੈ। ਉੱਥੇ ਉਨ੍ਹਾਂ ਦੋਨਾਂ ਭੈਣਾਂ ਨੇ ਲੁਸੀਓ ਨਾਂ ਦੇ ਇਕ ਅੰਨ੍ਹੇ ਆਦਮੀ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। * ਉਸ ਨੇ ਨੇੜੇ ਰਹਿੰਦੇ ਆਪਣੇ ਭਰਾ ਮਿਗੇਲ ਨੂੰ ਵੀ ਸਟੱਡੀ ਕਰਨ ਲਈ ਬੁਲਾ ਲਿਆ। ਮਿਗੇਲ ਕੈਥੋਲਿਕ ਮਿਸ਼ਨਰੀ ਅਤੇ ਆਪਣੇ ਇਲਾਕੇ ਵਿਚ ਇਕ ਮੁਖੀਆ ਸੀ। ਜਦੋਂ ਇਕ ਦੋਸਤ ਨੇ ਮਿਗੇਲ ਨੂੰ ਪੁੱਛਿਆ ਕਿ ਉਹ ਹਰ ਹਫ਼ਤੇ ਮੁਨਯਾਨੀ ਕਿਉਂ ਜਾਂਦਾ ਸੀ ਤਾਂ ਉਸ ਨੇ ਕਿਹਾ ਕਿ ਉਹ ਯਹੋਵਾਹ ਅਤੇ ਉਸ ਦੇ ਬਚਨ ਬਾਰੇ ਸਿੱਖਣ ਜਾਂਦਾ ਸੀ। ਫਿਰ ਇਹ ਸਵਾਲ ਖੜ੍ਹਾ ਹੋਇਆ ਕਿ “ਅਸੀਂ ਬਾਈਬਲ ਸਟੱਡੀ ਇੱਥੇ ਕਿਉਂ ਨਹੀਂ ਕਰਦੇ?” ਮਿਗੇਲ ਦੇ ਇਲਾਕੇ ਵਿਚ ਲੋਕਾਂ ਨੇ ਇੰਨੀ ਦਿਲਚਸਪੀ ਦਿਖਾਈ ਕਿ ਬਹੁਤ ਜਲਦ ਯਹੋਵਾਹ ਦੇ ਗਵਾਹਾਂ ਨੇ ਉੱਥੇ ਸਭਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਮਿਗੇਲ ਜੋ ਸਿੱਖਦਾ ਸੀ ਉਹ ਦੂਸਰਿਆਂ ਨੂੰ ਦੱਸਣ ਲੱਗ ਪਿਆ। ਪਰ ਉਹ ਤਾਂ ਕੈਥੋਲਿਕ ਮਿਸ਼ਨਰੀ ਅਤੇ ਮੁਖੀਆ ਸੀ। ਉਸ ਇਲਾਕੇ ਦੇ ਸਭਾ-ਭਵਨ ਵਿਚ ਇਕ ਮੀਟਿੰਗ ਵਿਚ ਉਸ ਨੇ ਕੈਥੋਲਿਕ ਮਿਸ਼ਨਰੀ ਵਜੋਂ ਅਸਤੀਫ਼ਾ ਦੇ ਦਿੱਤਾ। ਕੀ ਉਸ ਦੀ ਥਾਂ ਤੇ ਕੋਈ ਹੋਰ ਬੰਦਾ ਨਿਯੁਕਤ ਕੀਤਾ ਜਾਣਾ ਸੀ? ਹਾਜ਼ਰੀਨ ਵਿੱਚੋਂ ਕਿਸੇ ਨੇ ਪੁੱਛਿਆ: “ਸਾਨੂੰ ਹੋਰ ਮਿਸ਼ਨਰੀ ਦੀ ਕੀ ਲੋੜ ਹੈ ਜਦ ਕਿ ਅਸੀਂ ਸੱਚਾਈ ਸਿੱਖ ਰਹੇ ਹਾਂ?” ਉਹ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰ ਰਿਹਾ ਸੀ ਜੋ ਯਹੋਵਾਹ ਦੇ ਗਵਾਹ ਸਿਖਾ ਰਹੇ ਸਨ। ਇਕ ਹੋਰ ਬੰਦੇ ਨੇ ਕਿਹਾ: “ਸਾਨੂੰ ਮਨਜ਼ੂਰ ਨਹੀਂ ਕਿ ਤੁਸੀਂ ਇਕੱਲੇ ਅਸਤੀਫ਼ਾ ਦੇ ਰਹੇ ਹੋ। ਅਸੀਂ ਸਾਰੇ ਜਣੇ ਵੀ ਕਿਉਂ ਨਾ ਦੇਈਏ?” ਸਾਰੇ ਹਾਜ਼ਰ ਲੋਕ ਇੱਕੋ ਆਵਾਜ਼ ਵਿਚ ਬੋਲੇ: “ਆਹੋ!”

ਇਸ ਤੋਂ ਥੋੜ੍ਹੀ ਦੇਰ ਬਾਅਦ ਸਮਾਜ ਦੀ ਇਕ ਮੀਟਿੰਗ ਵਿਚ ਮੂਰਤੀਆਂ ਅਤੇ ਕ੍ਰਾਸਾਂ ਬਾਰੇ ਗੱਲਬਾਤ ਕੀਤੀ ਗਈ। ਇਕ ਬੰਦੇ ਨੇ ਸਾਰਿਆਂ ਨੂੰ ਬਿਵਸਥਾ ਸਾਰ 7:25 ਪੜ੍ਹਨ ਲਈ ਕਿਹਾ, ਜਿੱਥੇ ਲਿਖਿਆ ਹੋਇਆ ਹੈ: “ਤੁਸੀਂ ਓਹਨਾਂ ਦੇ ਦੇਵਤਿਆਂ ਦੀਆਂ ਉੱਕਰੀਆਂ ਹੋਈਆਂ ਮੂਰਤਾਂ ਨੂੰ ਅੱਗ ਵਿੱਚ ਸਾੜ ਸੁੱਟੋ ਪਰ ਤੁਸੀਂ ਉਸ ਚਾਂਦੀ ਸੋਨੇ ਦਾ ਜਿਹੜਾ ਓਹਨਾਂ ਦੇ ਉੱਤੇ ਹੈ ਲੋਭ ਨਾ ਕਰੋ, ਨਾ ਉਹ ਆਪਣੇ ਲਈ ਲਓ ਮਤੇ ਤੁਸੀਂ ਓਹਨਾਂ ਦੇ ਫੰਦੇ ਵਿੱਚ ਫਸ ਜਾਓ ਕਿਉਂ ਜੋ ਏਹ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਅੱਗੇ ਇੱਕ ਘਿਣਾਉਣੀ ਚੀਜ਼ ਹੈ।”

ਫਿਰ ਉਸ ਬੰਦੇ ਨੇ ਕਿਹਾ ਕਿ ਜਿਹੜੇ ਵੀ ਸਹਿਮਤ ਹਨ ਕਿ ਸਾਰੀਆਂ ਮੂਰਤੀਆਂ ਜਲਾਈਆਂ ਜਾਣ ਉਹ ਆਪਣਾ ਹੱਥ ਖੜ੍ਹਾ ਕਰਨ। ਇਕਦਮ ਸਾਰਿਆਂ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ। (ਰਸੂਲਾਂ ਦੇ ਕਰਤੱਬ 19:19, 20) ਹੁਣ ਉਸ ਇਲਾਕੇ ਦੇ 25 ਪਰਿਵਾਰਾਂ ਵਿੱਚੋਂ 23 ਪਰਿਵਾਰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਰਹੇ ਹਨ। ਦੋ ਵਿਅਕਤੀ ਬਪਤਿਸਮਾ-ਰਹਿਤ ਪ੍ਰਕਾਸ਼ਕਾਂ ਵਜੋਂ ਸੇਵਾ ਕਰ ਰਹੇ ਹਨ ਅਤੇ ਪੰਜ ਜੋੜਿਆਂ ਨੇ ਆਪਣੇ ਵਿਆਹਾਂ ਨੂੰ ਕਾਨੂੰਨੀ ਤੌਰ ਤੇ ਜਾਇਜ਼ ਬਣਾਉਣ ਜਾ ਫ਼ੈਸਲਾ ਕੀਤਾ ਤਾਂਕਿ ਯਹੋਵਾਹ ਦੇ ਅੱਗੇ ਉਹ ਸ਼ੁੱਧ ਹੋਣ।—ਤੀਤੁਸ 3:1; ਇਬਰਾਨੀਆਂ 13:4.

ਕੈਸਟਾਂ ਨਾਲ ਸਿਖਾਉਣਾ

ਆਲਟੀਪਲਾਨੋ ਵਿਚ ਇੰਨੇ ਪੜ੍ਹੇ-ਲਿਖੇ ਲੋਕ ਨਹੀਂ ਹਨ। ਇਸ ਲਈ ਵਾਚਟਾਵਰ ਸੋਸਾਇਟੀ ਦੁਆਰਾ ਬਣਾਏ ਗਏ ਉੱਥੇ ਦੀ ਬੋਲੀ ਵਿਚ ਵਿਡਿਓ ਅਤੇ ਕੈਸਟ ਬਾਈਬਲ ਸਟੱਡੀਆਂ ਕਰਵਾਉਣ ਲਈ ਬਹੁਤ ਹੀ ਲਾਭਦਾਇਕ ਹਨ। ਡੋਰਾ ਨਾਂ ਦੀ ਇਕ ਵਿਸ਼ੇਸ਼ ਪਾਇਨੀਅਰ ਭੈਣ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਬ੍ਰੋਸ਼ਰ ਦੀ ਆਡੀਓ-ਕੈਸਟ ਇਸਤੇਮਾਲ ਕਰ ਕੇ ਸਟੱਡੀਆਂ ਕਰਵਾਉਂਦੀ ਹੈ। ਇਕ ਪੈਰਾ ਸੁਣਨ ਤੋਂ ਬਾਅਦ ਉਹ ਆਪਣੇ ਵਿਦਿਆਰਥੀ ਨੂੰ ਉਸ ਬਾਰੇ ਸਵਾਲ ਪੁੱਛਦੀ ਹੈ।

ਇਕ ਰੇਡੀਓ ਸਟੇਸ਼ਨ ਕੇਚੂਆ ਭਾਸ਼ਾ ਵਿਚ ਮੰਗ ਬ੍ਰੋਸ਼ਰ ਵਿੱਚੋਂ ਨਿਯਮਿਤ ਤੌਰ ਤੇ ਕੁਝ ਹਿੱਸੇ ਸੁਣਾਉਂਦਾ ਹੈ। ਅਤੇ ਸਪੇਨੀ ਭਾਸ਼ਾ ਵਿਚ ਜਾਗਰੂਕ ਬਣੋ! ਰਸਾਲੇ ਵਿੱਚੋਂ ਵੀ ਕੁਝ ਸੁਣਾਉਂਦਾ ਹੈ। ਇਸ ਤਰ੍ਹਾਂ, ਕਈ ਲੋਕ ਰਾਜ ਦੇ ਸੰਦੇਸ਼ ਨੂੰ ਪਛਾਣ ਲੈਂਦੇ ਹਨ ਅਤੇ ਜਦੋਂ ਯਹੋਵਾਹ ਦੇ ਗਵਾਹ ਉਨ੍ਹਾਂ ਦੇ ਘਰ ਆਉਂਦੇ ਹਨ, ਉਹ ਹੋਰ ਸਿੱਖਣਾ ਚਾਹੁੰਦੇ ਹਨ।

ਆਲਟੀਪਲਾਨੋ ਦੂਰ-ਦੁਰੇਡਾ ਇਲਾਕਾ ਹੈ ਪਰ ਇਹ ਪਰਮੇਸ਼ੁਰ ਦੀ ਨਜ਼ਰ ਤੋਂ ਦੂਰ ਨਹੀਂ ਹੈ। ਯਹੋਵਾਹ ਸਾਰੀ ਮਨੁੱਖਜਾਤੀ ਨਾਲ ਪਿਆਰ ਕਰਦਾ ਹੈ। ਇਸ ਪਿਆਰ ਦੇ ਕਾਰਨ ਐਂਡੀਜ਼ ਪਹਾੜਾਂ ਵਿਚ ਆਲਟੀਪਲਾਨੋ ਦੀ ਉਚਾਈ ਤੇ ਰਹਿਣ ਵਾਲੇ ਲੋਕ ਵੀ ਉਸ ਭੀੜ ਦਾ ਹਿੱਸਾ ਬਣ ਰਹੇ ਹਨ ਜੋ ਸੱਚੀ ਉਪਾਸਨਾ ਵਿਚ ਪਰਮੇਸ਼ੁਰ ਦੇ ਭਵਨ ਨੂੰ ਉਸ ਦੇ ਪਰਤਾਪ ਨਾਲ ਭਰ ਰਹੇ ਹਨ।—ਹੱਜਈ 2:7.

[ਫੁਟਨੋਟ]

^ ਪੈਰਾ 10 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।