“ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹੁ”
“ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹੁ”
ਯੂਸੁਫ਼ ਬੜਾ ਹੁਸ਼ਿਆਰ, ‘ਰੂਪਵੰਤ ਅਤੇ ਸੋਹਣਾ-ਸੁਨੱਖਾ’ ਨੌਜਵਾਨ ਸੀ। ਉਸ ਦੇ ਮਾਲਕ ਦੀ ਪਤਨੀ ਬੜੀ ਬੇਸ਼ਰਮ ਅਤੇ ਨਿਡਰ ਔਰਤ ਸੀ। ਉਸ ਨੂੰ ਯੂਸੁਫ਼ ਬਹੁਤ ਹੀ ਪਸੰਦ ਆਇਆ। ਇਸ ਲਈ ਉਹ ਇਸ ਨੌਜਵਾਨ ਨਾਲ ਦਿਨੋ-ਦਿਨ ਅੱਖਾਂ ਮਿਲਾ ਕੇ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕਰਦੀ ਰਹੀ। “ਤਾਂ ਇੱਕ ਦਿਨ ਐਉਂ ਹੋਇਆ ਕਿ ਉਹ ਘਰ ਵਿੱਚ ਆਪਣਾ ਕੰਮ ਕਰਨ ਲਈ ਗਿਆ ਅਰ ਘਰ ਦੇ ਮਨੁੱਖਾਂ ਵਿੱਚੋਂ ਕੋਈ ਉੱਥੇ ਘਰ ਵਿੱਚ ਨਹੀਂ ਸੀ। ਤਾਂ ਉਸ ਨੇ [ਯੂਸੁਫ਼] ਦਾ ਕੱਪੜਾ ਫੜ ਕੇ ਆਖਿਆ, ਮੇਰੇ ਨਾਲ ਲੇਟ।” ਪਰ ਯੂਸੁਫ਼ ਜੋ ਸਰਦਾਰ ਯਾਕੂਬ ਦਾ ਲੜਕਾ ਸੀ, ਆਪਣਾ ਕੱਪੜਾ ਪਿੱਛੇ ਛੱਡ ਕੇ ਇਸ ਔਰਤ ਤੋਂ ਦੂਰ ਨੱਠ ਗਿਆ।—ਉਤਪਤ 39:1-12.
ਪਰ ਇਹ ਸੱਚ ਹੈ ਕਿ ਹਰੇਕ ਬੰਦਾ ਇਸ ਤਰ੍ਹਾਂ ਦੇ ਲਾਲਚ ਤੋਂ ਨਹੀਂ ਨੱਠਦਾ ਹੈ। ਮਿਸਾਲ ਲਈ, ਉਸ ਨੌਜਵਾਨ ਮੁੰਡੇ ਬਾਰੇ ਸੋਚੋ ਜਿਸ ਨੂੰ ਪ੍ਰਾਚੀਨ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਰਾਤ ਨੂੰ ਸੜਕਾਂ ਤੇ ਤੁਰਦਾ-ਫਿਰਦਾ ਦੇਖਿਆ। ਜਦੋਂ ਇਕ ਬਦ-ਚੱਲਣ ਔਰਤ ਨੇ ਉਸ ਨੂੰ ਆਪਣੀਆਂ ਚਿਕਣੀਆਂ ਚੋਪੜੀਆਂ ਗੱਲਾਂ ਨਾਲ ਫਸਾਇਆ, ‘ਉਹ ਝੱਟ ਉਹ ਦੇ ਮਗਰ ਹੋ ਤੁਰਿਆ, ਜਿਵੇਂ ਬਲਦ ਕੱਟੇ ਜਾਣ ਲਈ ਜਾਂਦਾ ਹੈ।’—ਕਹਾਉਤਾਂ 7:21, 22.
ਮਸੀਹੀਆਂ ਨੂੰ ‘ਹਰਾਮਕਾਰੀ ਤੋਂ ਭੱਜਣ’ ਦੀ ਸਲਾਹ ਦਿੱਤੀ ਜਾਂਦਾ ਹੈ। (1 ਕੁਰਿੰਥੀਆਂ 6:18) ਪੌਲੁਸ ਰਸੂਲ ਨੇ ਨੌਜਵਾਨ ਮਸੀਹੀ ਚੇਲੇ ਤਿਮੋਥਿਉਸ ਨੂੰ ਲਿਖਿਆ ਸੀ: “ਜੁਆਨੀ ਦੀਆਂ ਕਾਮਨਾਂ ਤੋਂ ਭੱਜ।” (2 ਤਿਮੋਥਿਉਸ 2:22) ਜਦੋਂ ਸਾਡੇ ਸਾਮ੍ਹਣੇ ਵਿਭਚਾਰ, ਜ਼ਨਾਹਕਾਰੀ, ਜਾਂ ਕੋਈ ਹੋਰ ਗ਼ਲਤ ਸਥਿਤੀ ਪੇਸ਼ ਹੁੰਦੀ ਹੈ, ਤਾਂ ਸਾਨੂੰ ਵੀ ਬਿਨਾਂ ਝਿਜਕੇ ਭੱਜਣਾ ਚਾਹੀਦਾ ਹੈ ਠੀਕ ਜਿਵੇਂ ਯੂਸੁਫ਼ ਪੋਟੀਫ਼ਰ ਦੀ ਪਤਨੀ ਤੋਂ ਭੱਜਿਆ ਸੀ। ਇਸ ਤਰ੍ਹਾਂ ਦ੍ਰਿੜ੍ਹ ਰਹਿਣ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ? ਬਾਈਬਲ ਦੀ ਕਹਾਉਤਾਂ ਦੀ ਪੁਸਤਕ ਦੇ 7ਵੇਂ ਅਧਿਆਇ ਵਿਚ ਸੁਲੇਮਾਨ ਸਾਨੂੰ ਵਧੀਆ ਸਲਾਹ ਦਿੰਦਾ ਹੈ। ਉਹ ਸਾਨੂੰ ਸਿੱਖਿਆਵਾਂ ਦੁਆਰਾ ਬੁਰਿਆਂ ਬੰਦਿਆਂ ਦੀਆਂ ਚਲਾਕੀਆਂ ਤੋਂ ਹੀ ਨਹੀਂ ਸਾਵਧਾਨ ਕਰਦਾ, ਪਰ ਉਹ ਇਕ ਨਾਟਕ ਪੇਸ਼ ਕਰਕੇ ਵੀ ਦਿਖਾਉਂਦਾ ਹੈ ਕਿ ਐਸੇ ਬੰਦੇ ਕਿਹੜੇ ਤਰੀਕੇ ਵਰਤਦੇ ਹਨ। ਇਸ ਨਾਟਕ ਵਿਚ ਇਕ ਨੌਜਵਾਨ ਇਕ ਬਦ-ਚੱਲਣ ਔਰਤ ਦੀਆਂ ਗੱਲਾਂ ਨਾਲ ਭਰਮਾਇਆ ਜਾਂਦਾ ਹੈ।
‘ਮੇਰੇ ਹੁਕਮਾਂ ਨੂੰ ਆਪਣੀਆਂ ਉਂਗਲਾਂ ਉੱਤੇ ਬੰਨ੍ਹ ਲੈ’
ਰਾਜਾ ਆਪਣਾ ਉਪਦੇਸ਼ ਇਕ ਪਿਤਾ ਦੀ ਸਲਾਹ ਵਾਂਗ ਸ਼ੁਰੂ ਕਰਦਾ ਹੈ: “ਹੇ ਮੇਰੇ ਪੁੱਤ੍ਰ, ਤੂੰ ਮੇਰੇ ਆਖੇ ਲੱਗ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਰੱਖ ਛੱਡ। ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹੁ, ਅਤੇ ਮੇਰੀ ਤਾਲੀਮ ਨੂੰ ਆਪਣੀ ਅੱਖ ਦੀ ਕਾਕੀ ਵਰਗੀ ਜਾਣ।”—ਕਹਾਉਤਾਂ 7:1, 2.
ਪਰਮੇਸ਼ੁਰ ਨੇ ਦੋਹਾਂ ਮਾਪਿਆਂ ਨੂੰ, ਪਰ ਖ਼ਾਸ ਕਰਕੇ ਪਿਤਾਵਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਕਿ ਕੀ ਭਲਾ ਹੈ ਅਤੇ ਕੀ ਬੁਰਾ। ਮੂਸਾ ਨੇ ਪਿਤਾਵਾਂ ਨੂੰ ਦੱਸਿਆ ਸੀ ਕਿ “ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।” (ਬਿਵਸਥਾ ਸਾਰ 6:6, 7) ਅਤੇ ਪੌਲੁਸ ਰਸੂਲ ਨੇ ਲਿਖਿਆ ਸੀ ਕਿ “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” (ਅਫ਼ਸੀਆਂ 6:4) ਇੱਥੋਂ ਪਤਾ ਚੱਲਦਾ ਹੈ ਕਿ ਮਾਪਿਆਂ ਦੀਆਂ ਸਿੱਖਿਆਵਾਂ ਵਿਚ ਪਰਮੇਸ਼ੁਰ ਦੇ ਸ਼ਬਦ ਬਾਈਬਲ ਵਿੱਚੋਂ ਗੱਲਾਂ, ਹੁਕਮ, ਅਤੇ ਕਾਨੂੰਨ ਵੀ ਸ਼ਾਮਲ ਹੋਣੇ ਚਾਹੀਦੇ ਹਨ। ਇਨ੍ਹਾਂ ਸਿੱਖਿਆਵਾਂ ਲਈ ਬਹੁਤ ਕਦਰ ਸਿਖਾਈ ਜਾਣੀ ਚਾਹੀਦੀ ਹੈ।
ਇਸ ਤੋਂ ਸਿਵਾਇ ਮਾਪਿਆਂ ਦੀ ਸਿੱਖਿਆ ਵਿਚ ਪਰਿਵਾਰਕ ਅਸੂਲ ਵੀ ਸ਼ਾਮਲ ਹੋ ਸਕਦੇ ਹਨ। ਇਹ ਪਰਿਵਾਰ ਦੇ ਭਲੇ ਲਈ ਹੁੰਦੇ ਹਨ। ਇਹ ਜ਼ਰੂਰੀ ਨਹੀਂ ਹੈ ਕਿ ਸਾਰਿਆਂ ਪਰਿਵਾਰਾਂ ਦੇ ਅਸੂਲ ਇੱਕੋ ਜਿਹੇ ਹੋਣ। ਪਰ ਇਹ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਪਰਿਵਾਰ ਨੂੰ ਧਿਆਨ ਵਿਚ ਰੱਖ ਕੇ ਅਸੂਲ ਬਣਾਉਣ। ਆਮ ਤੌਰ ਤੇ ਇਹ ਆਪਣੇ ਪਰਿਵਾਰ ਲਈ ਪਿਆਰ ਅਤੇ ਕਦਰ ਪ੍ਰਗਟ ਕਰਦੇ ਹਨ। ਬੱਚਿਆਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਬਾਈਬਲ ਦੀਆਂ ਸਿੱਖਿਆਵਾਂ ਦੇ ਨਾਲ-ਨਾਲ ਉਹ ਆਪਣੇ ਮਾਪਿਆਂ ਦੇ ਅਸੂਲਾਂ ਦੀ ਵੀ ਪਾਲਨਾ ਕਰਨ। ਜੀ ਹਾਂ, ਇਸ ਤਰ੍ਹਾਂ ਦੀ ਸਿੱਖਿਆ ਦੀ ਉੱਨੀ ਦੇਖ-ਭਾਲ ਕਰਨੀ ਚਾਹੀਦੀ ਹੈ ਜਿੰਨੀ “ਆਪਣੀ ਅੱਖ ਦੀ ਕਾਕੀ” ਦੀ ਕੀਤੀ ਜਾਂਦੀ ਹੈ, ਯਾਨੀ ਉਸ ਵੱਲ
ਪੂਰਾ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਯਹੋਵਾਹ ਦੇ ਅਸੂਲਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਦੇ ਅਸਰ ਬਹੁਤ ਬੁਰੇ ਹੁੰਦੇ ਹਨ। ਅਸੀਂ ਉਸ ਦੇ ਨਿਯਮਾਂ ਦੀ ਪਾਲਨਾ ਕਰ ਕੇ ‘ਜੀਉਂਦੇ ਰਹਿ ਸਕਦੇ ਹਾਂ।’‘ਮੇਰੇ ਹੁਕਮਾਂ ਨੂੰ ਆਪਣੀਆਂ ਉਂਗਲਾਂ ਉੱਤੇ ਬੰਨ੍ਹ ਲੈ, ਓਹਨਾਂ ਨੂੰ ਆਪਣੇ ਮਨ ਦੀ ਤਖ਼ਤੀ ਉੱਤੇ ਲਿਖ ਲੈ।’ (ਕਹਾਉਤਾਂ 7:3) ਸਾਡੀਆਂ ਉਂਗਲਾਂ ਹਮੇਸ਼ਾ ਸਾਡੀਆਂ ਨਜ਼ਰਾਂ ਸਾਮ੍ਹਣੇ ਹੁੰਦੀਆਂ ਹਨ, ਨਾਲੇ ਇਹ ਹਰੇਕ ਕੰਮ ਲਈ ਜ਼ਰੂਰੀ ਹੁੰਦੀਆਂ ਹਨ। ਇਸੇ ਤਰ੍ਹਾਂ ਸਾਨੂੰ ਉਨ੍ਹਾਂ ਸਬਕਾਂ ਨੂੰ ਹਮੇਸ਼ਾ ਆਪਣੀਆਂ ਨਜ਼ਰਾਂ ਸਾਮ੍ਹਣੇ ਰੱਖਣਾ ਚਾਹੀਦਾ ਹੈ ਅਤੇ ਲਾਭਦਾਇਕ ਪਾਉਣਾ ਚਾਹੀਦਾ ਹੈ ਜੋ ਅਸੀਂ ਬਾਈਬਲ ਦੀ ਸਿੱਖਿਆ ਤੋਂ ਅਤੇ ਉਸ ਦੇ ਗਿਆਨ ਤੋਂ ਆਪਣੀ ਪਰਵਰਿਸ਼ ਦੌਰਾਨ ਲੈਂਦੇ ਹਾਂ। ਸਾਨੂੰ ਯਹੋਵਾਹ ਦੇ ਹੁਕਮ ਆਪਣੇ ਦਿਲ ਉੱਤੇ ਲਿਖ ਲੈਣੇ ਚਾਹੀਦੇ ਹਨ, ਮਤਲਬ ਕਿ ਸਾਨੂੰ ਉਨ੍ਹਾਂ ਨੂੰ ਅਪਣਾ ਲੈਣਾ ਚਾਹੀਦਾ ਹੈ।
ਬੁੱਧ ਅਤੇ ਸਮਝ ਦੀ ਜ਼ਰੂਰਤ ਨੂੰ ਪਛਾਣਦਿਆਂ ਰਾਜਾ ਅੱਗੇ ਕਹਿੰਦਾ ਹੈ ਕਿ “ਬੁੱਧ ਨੂੰ ਕਹੁ, ਤੂੰ ਮੇਰੀ ਭੈਣ ਹੈਂ, ਅਤੇ ਸਮਝ ਨੂੰ ਆਪਣੀ ਜਾਣੂ ਆਖ।” (ਕਹਾਉਤਾਂ 7:4) ਪਰਮੇਸ਼ੁਰ ਦੇ ਗਿਆਨ ਦੀ ਅਕਲਮੰਦੀ ਨਾਲ ਵਰਤੋਂ ਕਰਨ ਨੂੰ ਬੁੱਧ ਸੱਦਿਆ ਜਾਂਦਾ ਹੈ। ਸਾਨੂੰ ਬੁੱਧ ਨਾਲ ਉਸ ਤਰ੍ਹਾਂ ਤੇਹ ਕਰਨਾ ਚਾਹੀਦਾ ਹੈ ਜਿਵੇਂ ਆਪਣੀ ਪਿਆਰੀ ਭੈਣ ਨਾਲ ਤੇਹ ਕਰੀਦਾ ਹੈ। ਫਿਰ, ਸਮਝ ਕੀ ਹੈ? ਸਮਝ ਉਸ ਯੋਗਤਾ ਨੂੰ ਸੱਦਿਆ ਜਾਂਦਾ ਹੈ ਜਿਸ ਨਾਲ ਇਕ ਵਿਅਕਤੀ ਪੂਰੇ ਮਾਮਲੇ ਨੂੰ ਦੇਖ ਸਕਦਾ ਹੈ ਅਤੇ ਉਸ ਦੇ ਵੱਖੋ-ਵੱਖਰੇ ਹਿੱਸਿਆਂ ਦੇ ਸੰਬੰਧ ਨੂੰ ਇਕ ਦੂਜੇ ਨਾਲ ਜੋੜ ਸਕਦਾ ਹੈ। ਸਮਝ ਸਾਨੂੰ ਆਪਣੇ ਇਕ ਜਿਗਰੀ ਮਿੱਤਰ ਜਿੰਨੀ ਪਿਆਰੀ ਹੋਣੀ ਚਾਹੀਦੀ ਹੈ।
ਸਾਨੂੰ ਬਾਈਬਲ ਦੀ ਸਿਖਲਾਈ ਉੱਤੇ ਚੱਲ ਕੇ ਬੁੱਧ ਅਤੇ ਸਮਝ ਵਿਚ ਤਰੱਕੀ ਕਿਉਂ ਕਰਨੀ ਚਾਹੀਦੀ ਹੈ? “ਤਾਂ ਜੋ ਓਹ [ਸਾਨੂੰ] ਪਰਾਈ ਤੀਵੀਂ ਤੋਂ ਬਚਾਈ ਰੱਖਣ, ਉਸ ਓਪਰੀ ਤੋਂ ਜਿਹੜੀ ਲੱਲੋ ਪੱਤੋ ਦੀਆਂ ਗੱਲਾਂ ਕਰਦੀ ਹੈ।” (ਕਹਾਉਤਾਂ 7:5) ਸੱਚ-ਮੁੱਚ ਇਸ ਤਰ੍ਹਾਂ ਕਰਨ ਨਾਲ ਅਸੀਂ ਮੋਹ-ਪਿਆਰ ਦਾ ਬਹਾਨਾ ਕਰਨ ਵਾਲੇ ਕਿਸੇ ਓਪਰੇ ਅਤੇ ਬਦ-ਚੱਲਣ ਬੰਦੇ ਦੀਆਂ ਬੁਰੀਆਂ ਨਜ਼ਰਾਂ ਤੋਂ ਬੱਚ ਸਕਦੇ ਹਾਂ। *
ਨੌਜਵਾਨ ਦੀ ‘ਇਕ ਮਨ ਮੋਹਣੀ ਤੀਵੀਂ’ ਨਾਲ ਮੁਲਾਕਾਤ
ਅੱਗੇ ਇਸਰਾਏਲ ਦਾ ਰਾਜਾ ਦੱਸਦਾ ਹੈ ਕਿ ਉਸ ਨੇ ਖ਼ੁਦ ਕੀ ਦੇਖਿਆ: “ਮੈਂ ਆਪਣੇ ਘਰ ਦੀ ਤਾਕੀ ਕੋਲ ਹੋ ਕੇ ਝਰੋਖੇ ਦੇ ਵਿੱਚੋਂ ਦੀ ਝਾਕਿਆ, ਤਾਂ ਮੈਂ ਵੇਖਿਆ ਭਈ ਭੋਲਿਆਂ ਵਿੱਚੋਂ, ਗੱਭਰੂਆਂ ਵਿੱਚੋਂ ਇੱਕ ਜੁਆਨ ਨਿਰਬੁੱਧ ਜਿਹਾ, ਉਸ ਤੀਵੀਂ ਦੀ ਨੁੱਕਰ ਦੇ ਲਾਗੇ ਦੀ ਗਲੀ ਵਿੱਚੋਂ ਦੀ ਲੰਘਿਆ ਜਾਂਦਾ ਸੀ, ਅਤੇ ਉਸ ਨੇ ਉਹ ਦੇ ਘਰ ਦਾ ਰਾਹ ਫੜਿਆ, ਦਿਨ ਢਲੇ, ਸੰਝ ਦੇ ਵੇਲੇ, ਤੇ ਕਾਲੀ ਰਾਤ ਦੇ ਅਨ੍ਹੇਰੇ ਵਿੱਚ।”—ਕਹਾਉਤਾਂ 7:6-9.
ਸੁਲੇਮਾਨ ਨੇ ਝਰੋਖੇ ਵਾਲੀ ਤਾਕੀ ਵਿੱਚੋਂ ਦੇਖਿਆ। ਹੋ ਸਕਦਾ ਹੈ ਕਿ ਇਸ ਤਾਕੀ ਦਾ ਢਾਂਚਾ ਲੱਕੜ ਦੀ ਪਤਲੀ ਜਿਹੀ ਫੱਟੀ ਦਾ ਬਣਿਆ ਹੋਇਆ ਸੀ ਜਿਸ ਉੱਤੇ ਕਾਫ਼ੀ ਬੁੱਤਕਾਰੀ ਵੀ ਸੀ। ਬਾਹਰ ਰੌਸ਼ਨੀ ਦੀ ਥਾਂ ਸੰਝ ਦਾ ਹਨੇਰਾ ਛਾਇਆ ਹੋਇਆ ਸੀ। ਰਾਜੇ ਦੀ ਨਿਗਾਹ ਇਕ ਭੋਲ਼ੇ ਜਿਹੇ ਗੱਭਰੂ ਉੱਤੇ ਪਈ ਜੋ ਬੇਸਮਝ ਅਤੇ ਨਿਰਬੁੱਧ ਸੀ। ਸ਼ਾਇਦ ਉਸ ਨੂੰ ਪਤਾ ਸੀ ਕਿ ਉਹ ਕਿਸ ਤਰ੍ਹਾਂ ਦੇ ਗੁਆਂਢ ਵਿਚ ਫਿਰ ਰਿਹਾ ਸੀ ਅਤੇ ਉਸ ਨਾਲ ਉੱਥੇ ਕੀ ਹੋ ਸਕਦਾ ਸੀ। ਉਹ ਗੱਭਰੂ ਇਸ “ਤੀਵੀਂ ਦੀ ਨੁੱਕਰ” ਦੇ ਲਾਗੇ ਦੀ ਗਲੀ ਵਿੱਚੋਂ ਦੀ ਲੰਘਿਆ। ਇਹ ਤੀਵੀਂ ਕੌਣ ਸੀ? ਉਹ ਕੀ ਖੇਡ ਖੇਡ ਰਹੀ ਸੀ?
ਧਿਆਨ ਨਾਲ ਦੇਖਦਿਆਂ ਰਾਜਾ ਅੱਗੇ ਕਹਿੰਦਾ ਹੈ ਕਿ “ਵੇਖੋ ਇੱਕ ਤੀਵੀਂ ਕੰਜਰੀ ਦਾ ਭੇਸ ਪਹਿਨੀ, ਅਤੇ ਮਨ ਮੋਹਣੀ ਉਹ ਨੂੰ ਆ ਮਿਲੀ। ਉਹ ਬੜਬੋਲੀ ਅਤੇ ਮਨ ਮਤਣੀ ਹੈ, ਉਹ ਦੇ ਪੈਰ ਆਪਣੇ ਘਰ ਵਿੱਚ ਨਹੀਂ ਟਿਕਦੇ। ਉਹ ਕਦੀ ਸੜਕਾਂ ਉੱਤੇ, ਕਦੀ ਚੌਂਕਾਂ ਵਿੱਚ ਹੈ, ਅਤੇ ਹਰੇਕ ਮੋੜ ਕੋਲ ਦਾਉਂ ਲਾਉਂਦੀ ਹੈ।”—ਇਸ ਤੀਵੀਂ ਦੇ ਕੱਪੜਿਆਂ ਤੋਂ ਉਸ ਬਾਰੇ ਬਹੁਤ ਕੁਝ ਪਤਾ ਲੱਗਦਾ ਸੀ। (ਉਤਪਤ 38:14, 15) ਉਸ ਬੇਸ਼ਰਮ ਤੀਵੀਂ ਦਾ ਪਹਿਰਾਵਾ ਇਕ ਵੇਸਵਾ ਵਾਲਾ ਸੀ। ਇਸ ਤੋਂ ਇਲਾਵਾ, ਉਸ ਨੂੰ ਮਨ ਮੋਹਣੀ ਸੱਦਿਆ ਗਿਆ ਕਿਉਂਕਿ ਉਸ ਦੇ ਮਨ ਵਿਚ “ਕਪਟ” ਸੀ। ਉਹ ਚਲਾਕੀਆਂ ਕਰਦੀ ਸੀ। (ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਹ ਬੜਬੋਲੀ ਅਤੇ ਮਨ ਮਤਣੀ ਸੀ, ਉਹ ਬਹੁਤ ਬਕਵਾਸ ਬੋਲਦੀ ਸੀ ਅਤੇ ਜ਼ਿੱਦ ਕਰਦੀ ਸੀ। ਉਸ ਨੂੰ ਕੋਈ ਸ਼ਰਮ ਨਹੀਂ ਸੀ। ਉਹ ਘਰ ਰਹਿਣ ਦੀ ਬਜਾਇ, ਬਾਹਰ ਸੜਕਾਂ ਤੇ, ਚੌਂਕਾਂ ਵਿਚ ਅਤੇ ਮੋੜਾਂ ਕੋਲ ਆਵਾਰਾ ਘੁੰਮਦੀ-ਫਿਰਦੀ ਅਤੇ ਆਪਣੇ ਸ਼ਿਕਾਰਾਂ ਨੂੰ ਭਾਲਦੀ ਸੀ। ਉਹ ਅਜਿਹੇ ਨੌਜਵਾਨ ਦੀ ਹੀ ਉਡੀਕ ਕਰ ਰਹੀ ਸੀ।
“ਬਾਹਲੀਆਂ ਚਿਕਣੀਆਂ ਚੋਪੜੀਆਂ ਗੱਲਾਂ”
ਇਸ ਤਰ੍ਹਾਂ ਇਕ ਨੌਜਵਾਨ ਇਕ ਬੇਸ਼ਰਮ ਤੀਵੀਂ ਨੂੰ ਮਿਲਿਆ ਜਿਸ ਦਾ ਮਨ ਚਲਾਕੀ ਨਾਲ ਭਰਿਆ ਹੋਇਆ ਸੀ। ਇਸ ਚੀਜ਼ ਨੇ ਸੁਲੇਮਾਨ ਦਾ ਕਿੰਨਾ ਧਿਆਨ ਖਿੱਚਿਆ ਹੋਣਾ! ਉਹ ਦੱਸਦਾ ਹੈ ਕਿ “ਉਹ ਨੇ ਉਸ ਨੂੰ ਫ਼ੜ ਕੇ ਉਸ ਦਾ ਚੁੰਮਾ ਲਿਆ, ਤੇ ਬਿਸ਼ਰਮ ਮੂੰਹ ਨਾਲ ਉਸ ਨੂੰ ਆਖਿਆ, ਮੇਲ ਦੀਆਂ ਭੇਟਾਂ ਮੈਂ ਚੜ੍ਹਾਉਣੀਆਂ ਸਨ, ਅਤੇ ਅੱਜ ਮੈਂ ਆਪਣੀਆਂ ਸੁੱਖਾਂ ਭਰ ਦਿੱਤੀਆਂ। ਤਾਹੀਏਂ ਮੈਂ ਤੈਨੂੰ ਮਿਲਣ ਅਤੇ ਆਹਰ ਨਾਲ ਤੈਨੂੰ ਲੱਭਣ ਨੂੰ ਨਿੱਕਲੀ ਹਾਂ, ਅਤੇ ਹੁਣ ਤੂੰ ਮੈਨੂੰ ਲੱਭ ਪਿਆ ਹੈਂ!”—ਕਹਾਉਤਾਂ 7:13-15.
ਇਸ ਤੀਵੀਂ ਨੇ ਬਾਹਲੀਆਂ ਚਿਕਣੀਆਂ ਚੋਪੜੀਆਂ ਗੱਲਾਂ ਕੀਤੀਆਂ। ਉਹ ਬੇਸ਼ਰਮ ਅਤੇ ਨਿਡਰ ਸੀ। ਉਸ ਨੇ ਪਹਿਲਾਂ ਹੀ ਸੋਚਿਆ ਹੋਇਆ ਸੀ ਕਿ ਇਸ ਨੌਜਵਾਨ ਨੂੰ ਫਸਾਉਣ ਲਈ ਉਹ ਕੀ ਕੀ ਕਹੇਗੀ। ਉਹ ਇਸ ਤਰ੍ਹਾਂ ਕਿਉਂ ਕਹਿ ਰਹੀ ਸੀ ਕਿ ਉਸ ਨੇ ਉਸੇ ਦਿਨ ਭੇਟਾਂ ਚੜ੍ਹਾਈਆਂ ਸਨ ਅਤੇ ਆਪਣੀਆਂ ਸੁੱਖਾਂ ਭਰ ਦਿੱਤੀਆਂ ਸਨ ਕਿਉਂਕਿ ਉਹ ਦਿਖਾਉਣਾ ਚਾਹੁੰਦੀ ਸੀ ਕਿ ਉਹ ਕਿੰਨੀ ਭਲੀਮਾਣਸ ਸੀ ਅਤੇ ਪਰਮੇਸ਼ੁਰ ਨਾਲ ਕਿੰਨਾ ਪ੍ਰੇਮ ਕਰਦੀ ਸੀ। ਯਰੂਸ਼ਲਮ ਦੀ ਹੈਕਲ ਵਿਚ ਸੁਖ ਸਾਂਦ ਦੀਆਂ ਬਲੀਆਂ ਵਿਚ ਮਾਸ, ਮੈਦਾ, ਤੇਲ, ਅਤੇ ਮੈ ਸ਼ਾਮਲ ਸਨ। (ਲੇਵੀਆਂ 19:5, 6; 22:21; ਗਿਣਤੀ 15:8-10) ਕਿਉਂਕਿ ਚੜ੍ਹਾਵਾ ਚੜ੍ਹਾਉਣ ਵਾਲਾ ਵਿਅਕਤੀ ਆਪਣੇ ਅਤੇ ਆਪਣੇ ਪਰਿਵਾਰ ਲਈ ਸੁਖ ਸਾਂਦ ਦੀ ਬਲੀ ਦਾ ਹਿੱਸਾ ਘਰ ਲਿਜਾ ਸਕਦਾ ਸੀ, ਉਹ ਕਹਿ ਰਹੀ ਸੀ ਕਿ ਉਸ ਦੇ ਘਰ ਖਾਣ-ਪੀਣ ਲਈ ਬਹੁਤ ਕੁਝ ਸੀ। ਉਸ ਦੇ ਕਹਿਣ ਦਾ ਮਤਲਬ ਸੀ ਕਿ ਨੌਜਵਾਨ ਉੱਥੇ ਬੜਾ ਮਜ਼ਾ ਲੁੱਟੇਗਾ। ਉਹ ਉਸ ਨੂੰ ਲੱਭਣ ਲਈ ਖ਼ਾਸ ਕਰਕੇ ਘਰੋਂ ਨਿਕਲੀ ਸੀ। ਹਾਏ—ਇਹ ਨੌਜਵਾਨ ਕਿੰਨਾ ਭੋਲਾ ਨਿਕਲਿਆ! ਉਸ ਨੇ ਇਹ ਸਭ ਕੁਝ ਸੱਚ ਮੰਨ ਲਿਆ। ਬਾਈਬਲ ਦਾ ਇਕ ਟੀਕਾਕਾਰ ਕਹਿੰਦਾ ਹੈ ਕਿ “ਇਹ ਗੱਲ ਤਾਂ ਸੱਚ ਸੀ ਕਿ ਉਹ ਤੀਵੀਂ ਕਿਸੇ-ਨ-ਕਿਸੇ ਨੂੰ ਲੱਭਣ ਲਈ ਜ਼ਰੂਰ ਨਿਕਲੀ ਸੀ, ਪਰ ਕੀ ਉਹ ਖ਼ਾਸ ਕਰਕੇ ਇਸ ਨੌਜਵਾਨ ਨੂੰ ਲੱਭ ਰਹੀ ਸੀ? ਸਿਰਫ਼ ਕੋਈ ਬੇਵਕੂਫ ਹੀ, ਸ਼ਾਇਦ ਇਹੀ ਨੌਜਵਾਨ ਉਸ ਦੀ ਗੱਲ ਸੱਚ ਮੰਨੇਗਾ।”
ਆਪਣੇ ਕੱਪੜਿਆਂ, ਆਪਣੀ ਬੋਲੀ, ਆਪਣੇ ਕਲਾਵੇ, ਅਤੇ ਆਪਣੇ ਚੁੰਮੇ ਨਾਲ ਫਸਾਉਣ ਤੋਂ ਬਾਅਦ, ਇਸ ਵੇਸਵਾ ਨੇ ਫਿਰ ਖੁਸ਼ਬੂ ਦੀ ਖਿੱਚ ਵਰਤੀ। ਉਸ ਨੇ ਕਿਹਾ ਕਿ “ਮੈਂ ਆਪਣੀ ਸੇਜ ਉੱਤੇ ਪਲੰਘ ਪੋਸ਼, ਅਤੇ ਮਿਸਰ ਦੇ ਸੂਤ ਦੇ ਰੰਗਦਾਰ ਵਿਛਾਉਣੇ ਵਿਛਾਏ। ਮੈਂ ਆਪਣੇ ਵਿਛਾਉਣੇ ਉੱਤੇ ਗੰਧਰਸ ਅਤੇ ਅਗਰ, ਅਤੇ ਦਾਰਚੀਨੀ ਛਿੜਕੀ ਹੈ।” (ਕਹਾਉਤਾਂ 7:16, 17) ਉਸ ਨੇ ਆਪਣੇ ਮੰਜੇ ਉੱਤੇ ਮਿਸਰ ਤੋਂ ਲਿਆਂਦਾ ਹੋਇਆ ਰੰਗਦਾਰ ਵਿਛਾਉਣਾ ਵਿਛਾਇਆ ਅਤੇ ਉਸ ਨੂੰ ਖੁਸ਼ਬੂਦਾਰ ਗੰਧਰਸ, ਅਗਰ ਅਤੇ ਦਾਲਚੀਨੀ ਨਾਲ ਮਹਿਕਾਇਆ ਸੀ।
ਫਿਰ ਉਹ ਕਹਿੰਦੀ ਹੈ ਕਿ “ਆ, ਅਸੀਂ ਸਵੇਰ ਤਾਂਈ ਪ੍ਰੇਮ ਨਾਲ ਰੱਤੇ ਜਾਈਏ, ਲਾਡ ਪਿਆਰ ਨਾਲ ਅਸੀਂ ਜੀ ਬਹਿਲਾਈਏ।” ਉਹ ਉਸ ਨੂੰ ਰਾਤ ਦੀ ਰੋਟੀ ਲਈ ਹੀ ਨਹੀਂ ਬੁਲਾ ਰਹੀ ਸੀ ਪਰ ਉਸ ਨਾਲ ਪਿਆਰ ਦੇ ਮਜ਼ਿਆਂ ਦਾ ਵਾਅਦਾ ਕਰ ਰਹੀ ਸੀ। ਇਸ ਨੌਜਵਾਨ ਲਈ ਇਹ ਖਿੱਚ ਬੜੀ ਜ਼ੋਰਦਾਰ ਸੀ! ਉਸ ਨੂੰ ਹੋਰ ਵੀ ਲਲਚਾਉਣ ਲਈ ਉਹ ਕਹਿੰਦੀ ਹੈ: “ਕਿਉਂ ਜੋ ਮੇਰਾ ਭਰਤਾ ਘਰ ਵਿੱਚ ਨਹੀਂ ਹੈ, ਉਹ ਦੂਰ ਦੇ ਪੈਂਡੇ ਗਿਆ ਹੋਇਆ ਹੈ। ਉਹ ਰੁਪਿਆਂ ਦੀ ਗੁਥਲੀ ਨਾਲ ਲੈ ਗਿਆ ਹੈ, ਅਤੇ ਪੂਰਨਮਾਸੀ ਨੂੰ ਘਰ ਆਵੇਗਾ।” (ਕਹਾਉਤਾਂ 7:18-20) ਉਹ ਨੌਜਵਾਨ ਨੂੰ ਯਕੀਨ ਦਿਲਾ ਰਹੀ ਸੀ ਕਿ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਉਸ ਦਾ ਪਤੀ ਕੰਮ ਲਈ ਦੂਰ ਗਿਆ ਹੋਇਆ ਸੀ ਅਤੇ ਛੇਤੀ ਘਰ ਨਹੀਂ ਮੁੜਨ ਵਾਲਾ। ਉਸ ਨੌਜਵਾਨ ਨੂੰ ਭਰਮਾਉਣ ਵਿਚ ਉਹ ਕਿੰਨੀ ਚਲਾਕ ਸੀ! “ਉਹ ਨੇ ਆਪਣੀਆਂ ਬਾਹਲੀਆਂ ਚਿਕਣੀਆਂ ਚੋਪੜੀਆਂ ਗੱਲਾਂ ਨਾਲ ਉਹ ਨੂੰ ਫ਼ੁਸਲਾ ਲਿਆ, ਅਤੇ ਆਪਣੇ ਬੁੱਲ੍ਹਾਂ ਦੇ ਲੱਲੋ ਪੱਤੋ ਨਾਲ ਧੱਕੋ ਧੱਕੀ ਉਹ ਨੂੰ ਲੈ ਗਈ।” (ਕਹਾਉਤਾਂ 7:21) ਯੂਸੁਫ਼ ਜਿੱਡਾ ਬਹਾਦਰ ਵਿਅਕਤੀ ਹੀ ਅਜਿਹੇ ਵੱਡੇ ਲਾਲਚ ਨੂੰ ਰੱਦ ਕਰ ਸਕਦਾ ਸੀ। (ਉਤਪਤ 39:9, 12) ਕੀ ਇਹ ਨੌਜਵਾਨ ਇੰਨਾ ਬਹਾਦਰ ਨਿਕਲੇਗਾ?
‘ਜਿਵੇਂ ਬਲਦ ਕੱਟੇ ਜਾਣ ਲਈ ਜਾਂਦਾ ਹੈ’
ਸੁਲੇਮਾਨ ਅੱਗੇ ਦੱਸਦਾ ਹੈ ਕਿ “ਉਹ ਝੱਟ ਉਹ ਦੇ ਮਗਰ ਹੋ ਤੁਰਿਆ, ਜਿਵੇਂ ਬਲਦ ਕੱਟਣ ਲਈ, ਜਾਂ ਬੇੜੀਆਂ ਵਿੱਚ ਕੋਈ ਕਹਾਉਤਾਂ 7:22, 23
ਮੂਰਖ ਦੀ ਸਜ਼ਾ ਲਈ ਜਾਵੇ, ਜਦ ਤੀਕ ਤੀਰ ਉਹ ਦੇ ਕਲੇਜੇ ਨੂੰ ਨਾ ਵਿੰਨ੍ਹੇ,—ਜਿਵੇਂ ਪੰਛੀ ਫਾਹੇ ਨੂੰ ਛੇਤੀ ਕਰੇ, ਅਤੇ ਨਹੀਂ ਜਾਣਦਾ ਭਈ ਉਹ ਉਸ ਦੀ ਜਾਨ ਲਈ ਹੈ।”—ਇਹ ਨੌਜਵਾਨ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਜਿਵੇਂ ਉਸ ਦਾ ਦਿਮਾਗ਼ ਤੂੜੀ ਨਾਲ ਭਰਿਆ ਹੋਵੇ, ਉਹ ਉਸ ਦੇ ਮਗਰ-ਮਗਰ ਤੁਰ ਪਿਆ ‘ਜਿਵੇਂ ਬਲਦ ਕੱਟੇ ਜਾਣ ਲਈ ਜਾਂਦਾ ਹੈ।’ ਇਹ ਨੌਜਵਾਨ ਉਸੇ ਤਰ੍ਹਾਂ ਪਾਪ ਕਰਨ ਲਈ ਮਜਬੂਰ ਹੋਇਆ ਜਿਵੇਂ ਬੇੜੀ ਨਾਲ ਜਕੜਿਆ ਹੋਇਆ ਬੰਦਾ ਸਜ਼ਾ ਤੋਂ ਨਹੀਂ ਛੁੱਟ ਸਕਦਾ। ਉਸ ਨੇ ਉਦੋਂ ਤਕ ਕੋਈ ਖ਼ਤਰਾ ਨਹੀਂ ਦੇਖਿਆ ਜਦ ਤਕ ‘ਤੀਰ ਨੇ ਉਹ ਦੇ ਕਲੇਜੇ ਨੂੰ ਨਹੀਂ ਵਿੰਨ੍ਹ ਸੁਟਿਆ,’ ਯਾਨੀ ਉਦੋਂ ਤਕ ਜਦੋਂ ਉਹ ਇੰਨਾ ਜ਼ਖ਼ਮੀ ਹੋ ਗਿਆ ਕਿ ਉਹ ਮਰ ਸਕਦਾ ਸੀ। ਉਹ ਸੱਚ-ਮੁੱਚ ਮਰ ਸਕਦਾ ਸੀ ਕਿਉਂਕਿ ਉਸ ਨੂੰ ਜਿਨਸੀ ਬੀਮਾਰੀਆਂ ਲੱਗ ਸਕਦੀਆਂ ਸਨ। * ਇਹ ਜ਼ਖ਼ਮ ਉਸ ਨੂੰ ਰੂਹਾਨੀ ਤੌਰ ਤੇ ਵੀ ਮਾਰ ਸਕਦਾ ਸੀ; ਇਹ “ਉਸ ਦੀ ਜਾਨ” ਦਾ ਮਾਮਲਾ ਸੀ। ਉਸ ਦੀ ਸਾਰੀ ਜ਼ਿੰਦਗੀ ਉੱਤੇ ਹੁਣ ਬੁਰਾ ਅਸਰ ਪੈਣਾ ਸੀ ਕਿਉਂਕਿ ਉਸ ਨੇ ਰੱਬ ਮੋਹਰੇ ਪਾਪ ਕੀਤਾ ਸੀ। ਉਹ ਮੌਤ ਦੇ ਪੰਜੇ ਵਿਚ ਜਾਂਦਾ-ਜਾਂਦਾ ਕਾਹਲੀ ਕਰਦਾ ਸੀ ਜਿਵੇਂ ਫਾਹੇ ਵਿਚ ਇਕ ਪੰਛੀ!
“ਉਹ ਦੇ ਪਹਿਆਂ ਵਿੱਚ ਨਾ ਭਟਕਦਾ ਫਿਰੀਂ”
ਅੱਖੀਂ ਡਿੱਠੀਆਂ ਚੀਜ਼ਾਂ ਤੋਂ ਸਬਕ ਸਿੱਖਣ ਤੋਂ ਬਾਅਦ ਬੁੱਧੀਮਾਨ ਰਾਜਾ ਉਤੇਜਿਤ ਕਰਦਾ ਹੈ ਕਿ “ਹੁਣ ਹੇ ਮੇਰੇ ਪੁੱਤ੍ਰੋ, ਤੁਸੀਂ ਮੇਰੀ ਸੁਣੋ, ਅਤੇ ਮੇਰੇ ਮੂੰਹ ਦੇ ਬਚਨਾਂ ਉੱਤੇ ਚਿੱਤ ਲਾਓ। ਉਹ ਦੇ ਰਾਹਾਂ ਵੱਲ ਤੇਰਾ ਚਿੱਤ ਨਾ ਲੱਗੇ, ਤੂੰ ਉਹ ਦੇ ਪਹਿਆਂ ਵਿੱਚ ਨਾ ਭਟਕਦਾ ਫਿਰੀਂ, ਕਿਉਂ ਜੋ ਉਹ ਨੇ ਬਾਹਲਿਆਂ ਨੂੰ ਘਾਇਲ ਕਰ ਕੇ ਡੇਗ ਦਿੱਤਾ ਹੈ, ਅਤੇ ਉਹ ਦੇ ਘਾਤ ਕੀਤੇ ਹੋਏ ਢੇਰ ਸਾਰੇ ਹਨ! ਉਹ ਦਾ ਘਰ ਪਤਾਲ ਦਾ ਰਾਹ ਹੈ, ਜਿਹੜਾ ਮੌਤ ਦੀਆਂ ਕੋਠੜੀਆਂ ਵਿੱਚ ਲਹਿ ਪੈਂਦਾ ਹੈ।”—ਕਹਾਉਤਾਂ 7:24-27.
ਇਸ ਤੋਂ ਸਾਫ਼-ਸਾਫ਼ ਦਿੱਸਦਾ ਹੈ ਕਿ ਸੁਲੇਮਾਨ ਇਹੀ ਸਲਾਹ ਦਿੰਦਾ ਹੈ ਕਿ ਸਾਨੂੰ ਲਫ਼ੰਗਿਆਂ ਬੰਦਿਆਂ ਦੇ ਰਾਹਾਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਉਹ ਸਾਡੀ ਮੌਤ ਦਾ ਕਾਰਨ ਬਣ ਸਕਦੇ ਹਨ। ਇਸ ਸਲਾਹ ਤੇ ਚੱਲ ਕੇ ਅਸੀਂ ‘ਜੀਉਂਦੇ ਰਹਿ ਸਕਦੇ ਹਾਂ।’ (ਕਹਾਉਤਾਂ 7:2) ਸਾਡੇ ਜ਼ਮਾਨੇ ਲਈ ਇਹ ਸਲਾਹ ਕਿੰਨੀ ਜ਼ਰੂਰੀ ਹੈ! ਨਿਸ਼ਚੇ ਹੀ ਸਾਨੂੰ ਉਨ੍ਹਾਂ ਥਾਵਾਂ ਤੇ ਨਹੀਂ ਜਾਣਾ ਚਾਹੀਦਾ ਹੈ ਜਿੱਥੇ ਇਸ ਤਰ੍ਹਾਂ ਦੇ ਲੋਕ ਸ਼ਿਕਾਰ ਲੱਭਣ ਲਈ ਘੁੰਮਦੇ-ਫਿਰਦੇ ਹੋਣ। ਤੁਹਾਨੂੰ ਐਸੇ ਲੋਕਾਂ ਦੇ ਪੰਜੇ ਵਿਚ ਪੈਣ ਦੀ ਕੀ ਜ਼ਰੂਰਤ ਹੈ? ਅਸਲ ਵਿਚ ਤੁਹਾਨੂੰ “ਨਿਰਬੁੱਧ” ਬਣਨ ਅਤੇ ਉਸ “ਓਪਰੀ” ਦੇ ਰਾਹਾਂ ਵਿਚ ਭਟਕਣ ਦੀ ਕੀ ਲੋੜ ਪਈ ਹੈ?
ਰਾਜੇ ਨੇ ਜਿਹੜੀ “ਪਰਾਈ ਤੀਵੀਂ” ਦੇਖੀ ਸੀ, ਉਸ ਨੇ ਇਸ ਨੌਜਵਾਨ ਨੂੰ ‘ਲਾਡ ਪਿਆਰ ਨਾਲ ਜੀ ਬਹਿਲਾਉਣ’ ਲਈ ਲਲਚਾਇਆ ਸੀ। ਕੀ ਅਨੇਕ ਨੌਜਵਾਨ, ਖ਼ਾਸ ਕਰਕੇ ਲੜਕੀਆਂ ਇਸੇ ਤਰ੍ਹਾਂ ਨਹੀਂ ਲੁਭਾਈਆਂ ਜਾ ਚੁੱਕੀਆਂ ਹਨ? ਪਰ ਜ਼ਰਾ ਸੋਚੋ: ਜਦੋਂ ਤੁਹਾਨੂੰ ਕੋਈ ਬੰਦਾ ਬਦ-ਚੱਲਣ ਕੰਮਾਂ ਵਿਚ ਫਸਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਕੀ ਉਹ ਸੱਚਾ ਪ੍ਰੇਮ ਦਿਖਾ ਰਿਹਾ ਹੈ ਜਾਂ ਕੀ ਇਹ ਸਿਰਫ਼ ਕਾਮ-ਵਾਸ਼ਨਾ ਹੀ ਹੁੰਦੀ ਹੈ? ਅਗਰ ਇਕ ਆਦਮੀ ਕਿਸੇ ਔਰਤ ਨਾਲ ਸੱਚਾ ਪ੍ਰੇਮ ਕਰਦਾ ਹੈ, ਤਾਂ ਉਹ ਉਸ ਦੇ ਮਸੀਹੀ ਮਿਆਰ ਅਤੇ ਉਸ ਦੀ ਜ਼ਮੀਰ ਨਹੀਂ ਵਿਗਾੜਨ ਦੀ ਕੋਸ਼ਿਸ਼ ਕਰੇਗਾ। ਸੁਲੇਮਾਨ ਉਮੀਦ ਰੱਖਦਾ ਸੀ ਕਿ ਅਜਿਹੇ ਰਾਹਾਂ ‘ਵੱਲ ਸਾਡਾ ਚਿੱਤ ਨਾ ਲੱਗੇ।’
ਫਸਾਉਣ ਵਾਲੇ ਬੰਦੇ ਨੇ ਪਹਿਲਾਂ ਹੀ ਮਿੱਠੇ-ਮਿੱਠੇ ਸ਼ਬਦ ਚੁਣੇ ਹੋਏ ਹੁੰਦੇ ਹਨ। ਜੇ ਅਸੀਂ ਬੁੱਧ ਅਤੇ ਸਮਝ ਨੂੰ ਆਪਣੇ ਅੰਗ-ਸੰਗ ਰੱਖਾਂਗੇ ਤਾਂ ਅਸੀਂ ਉਸ ਦੇ ਅਸਲੀ ਮਤਲਬਾਂ ਨੂੰ ਪਛਾਣ ਲਵਾਂਗੇ। ਇਸ ਵਿਚ ਸਾਡਾ ਹੀ ਬਚਾਅ ਹੋਵੇਗਾ ਜੇ ਅਸੀਂ ਕਦੇ ਵੀ ਉਹ ਗੱਲਾਂ ਨਾ ਭੁਲਾਂਗੇ ਜੋ ਯਹੋਵਾਹ ਨੇ ਹੁਕਮ ਕੀਤੀਆਂ ਹਨ। ਇਸ ਲਈ ਸਾਨੂੰ ਉਸ ਦੇ ‘ਹੁਕਮਾਂ ਨੂੰ ਮੰਨੀ ਜਾਣਾ ਚਾਹੀਦਾ ਹੈ ਅਤੇ ਸਦਾ ਲਈ ਜੀਉਂਦੇ ਰਹੀ ਜਾਣਾ ਚਾਹੀਦਾ ਹੈ।’—1 ਯੂਹੰਨਾ 2:17.
[ਫੁਟਨੋਟ]
^ ਪੈਰਾ 11 ਉਸ ਵਿਅਕਤੀ ਨੂੰ “ਓਪਰਾ” ਸੱਦਿਆ ਜਾਂਦਾ ਸੀ ਜੋ ਬਿਵਸਥਾ ਉੱਤੇ ਚੱਲਣਾ ਛੱਡ ਕੇ ਯਹੋਵਾਹ ਤੋਂ ਦੂਰ ਹੋ ਜਾਂਦਾ ਸੀ। ਇਸ ਕਰਕੇ ਇਕ ਬਦ-ਚੱਲਣ ਤੀਵੀਂ ਜਿਵੇਂ ਕਿ ਇਕ ਵੇਸਵਾ ਨੂੰ ਇਕ “ਓਪਰੀ ਤੀਵੀਂ” ਕਿਹਾ ਜਾਂਦਾ ਹੈ।
^ ਪੈਰਾ 24 ਕੁਝ ਜਿਨਸੀ ਬੀਮਾਰੀਆਂ ਕਲੇਜੇ ਦਾ ਨੁਕਸਾਨ ਕਰਦੀਆਂ ਹਨ। ਮਿਸਾਲ ਲਈ ਜਦੋਂ ਆਤਸ਼ਕ (ਸਿਫ਼ਲਿਸ) ਦੀ ਬੀਮਾਰੀ ਬਹੁਤ ਵੱਧ ਜਾਂਦੀ ਹੈ, ਤਾਂ ਜੀਵਾਣੂ ਜਾਂ ਬੈਕਟੀਰਿਆ ਕਲੇਜੇ ਨੂੰ ਕਮਜ਼ੋਰ ਕਰ ਦਿੰਦੇ ਹਨ। ਸੁਜ਼ਾਕ (ਗੌਨੋਰੀਆ) ਦੀ ਬੀਮਾਰੀ ਦੇ ਬੈਕਟੀਰੀਏ ਕਰਕੇ ਕਲੇਜਾ ਸੁੱਜ ਸਕਦਾ ਹੈ।
[ਸਫ਼ੇ 29 ਉੱਤੇ ਤਸਵੀਰਾਂ]
ਤੁਹਾਨੂੰ ਆਪਣੇ ਮਾਪਿਆਂ ਦੇ ਅਸੂਲ ਕਿਸ ਤਰ੍ਹਾਂ ਲੱਗਦੇ ਹਨ?
[ਸਫ਼ੇ 31 ਉੱਤੇ ਤਸਵੀਰ]
ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰ ਕੇ ਅਸੀਂ ਜੀਉਂਦੇ ਰਹਿ ਸਕਦੇ ਹਾਂ