Skip to content

Skip to table of contents

ਸੇਵਾ ਕਰ ਕੇ ਮਸੀਹੀ ਖ਼ੁਸ਼ ਹੁੰਦੇ ਹਨ

ਸੇਵਾ ਕਰ ਕੇ ਮਸੀਹੀ ਖ਼ੁਸ਼ ਹੁੰਦੇ ਹਨ

ਸੇਵਾ ਕਰ ਕੇ ਮਸੀਹੀ ਖ਼ੁਸ਼ ਹੁੰਦੇ ਹਨ

“ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”—ਰਸੂਲਾਂ ਦੇ ਕਰਤੱਬ 20:35.

1. ਅੱਜ-ਕੱਲ੍ਹ ਕਿਹੜਾ ਗ਼ਲਤ ਰਵੱਈਆ ਆਮ ਹੈ, ਅਤੇ ਇਹ ਨੁਕਸਾਨਦੇਹ ਕਿਉਂ ਹੈ?

ਵੀਹਵੀਂ ਸੱਦੀ ਦੇ ਅਖ਼ੀਰ ਵਿਚ ਸਾਰਿਆਂ ਨੂੰ “ਨੰਬਰ ਵਨ” ਹੋਣ ਦੀ ਪਈ ਹੋਈ ਸੀ। ਦਰਅਸਲ “ਨੰਬਰ ਵਨ” ਹੋਣ ਦਾ ਮਤਲਬ ਹੈ “ਆਪਣੇ ਆਪ ਨੂੰ ਮੁਹਰੇ ਰੱਖਣਾ” ਅਤੇ ਇਹ ਇਕ ਖ਼ੁਦਗਰਜ਼ ਅਤੇ ਲਾਲਚੀ ਰਵੱਈਆ ਹੈ। ਇਸ ਤਰ੍ਹਾਂ ਦਾ ਇਨਸਾਨ ਦੂਸਰਿਆਂ ਦੀ ਕੋਈ ਪਰਵਾਹ ਨਹੀਂ ਕਰਦਾ। ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਹੁਣ ਸਾਲ 2000 ਵਿਚ ਵੀ ਸਿਰਫ਼ ਆਪਣੇ ਆਪ ਬਾਰੇ ਸੋਚਣ ਦਾ ਇਹ ਰਵੱਈਆ ਆਮ ਹੈ। ਤੁਸੀਂ ਕਿੰਨੀ ਵਾਰ ਲੋਕਾਂ ਨੂੰ ਇਹ ਪੁੱਛਦੇ ਸੁਣਦੇ ਹੋ ਕਿ “ਇਸ ਵਿੱਚੋਂ ਮੈਨੂੰ ਕੀ ਫ਼ਾਇਦਾ ਹੋਵੇਗਾ ਜਾਂ ਮੈਨੂੰ ਕੀ ਮਿਲੇਗਾ?” ਅਜਿਹੇ ਖ਼ੁਦਗਰਜ਼ ਰਵੱਈਏ ਤੋਂ ਖ਼ੁਸ਼ੀ ਨਹੀਂ ਮਿਲਦੀ। ਇਹ ਯਿਸੂ ਦੇ ਦਿੱਤੇ ਗਏ ਸਿਧਾਂਤ ਤੋਂ ਬਿਲਕੁਲ ਉਲਟ ਹੈ ਕਿ “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”—ਰਸੂਲਾਂ ਦੇ ਕਰਤੱਬ 20:35.

2. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਦੇਣ ਨਾਲ ਖ਼ੁਸ਼ੀ ਮਿਲਦੀ ਹੈ?

2 ਕੀ ਇਹ ਸੱਚ ਹੈ ਕਿ ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ? ਜੀ ਹਾਂ। ਜ਼ਰਾ ਯਹੋਵਾਹ ਪਰਮੇਸ਼ੁਰ ਬਾਰੇ ਸੋਚੋ। ‘ਜੀਉਣ ਦਾ ਚਸ਼ਮਾ ਉਸ ਦੇ ਮੁੱਢ ਹੈ,’ ਯਾਨੀ ਜ਼ਿੰਦਗੀ ਉਸ ਨੇ ਸ਼ੁਰੂ ਕੀਤੀ ਹੈ। (ਜ਼ਬੂਰ 36:9) ਯਹੋਵਾਹ ਸਾਨੂੰ ਉਹ ਸਾਰੀਆਂ ਚੀਜ਼ਾਂ ਦਿੰਦਾ ਹੈ ਜੋ ਸਾਨੂੰ ਖ਼ੁਸ਼ ਕਰਦੀਆਂ ਹਨ। “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ” ਉਸ ਤੋਂ ਹੈ। (ਯਾਕੂਬ 1:17) ਸਾਨੂੰ ਹਮੇਸ਼ਾ ਦੇ ਕੇ ਪਰਮਧੰਨ ਪਰਮੇਸ਼ੁਰ ਯਹੋਵਾਹ ਖ਼ੁਸ਼ ਹੁੰਦਾ ਹੈ। (1 ਤਿਮੋਥਿਉਸ 1:11) ਉਹ ਇਨਸਾਨਾਂ ਨਾਲ ਬਹੁਤ ਪਿਆਰ ਕਰਦਾ ਹੈ ਅਤੇ ਉਨ੍ਹਾਂ ਨੂੰ ਬਹੁਤ ਕੁਝ ਦਿੰਦਾ ਰਹਿੰਦਾ ਹੈ। (ਯੂਹੰਨਾ 3:16) ਜ਼ਰਾ ਇਕ ਬੱਚੇ ਦੀ ਪਰਵਰਿਸ਼ ਬਾਰੇ ਸੋਚੋ। ਜੇਕਰ ਤੁਸੀਂ ਮਾਂ ਜਾਂ ਬਾਪ ਹੋ ਤਾਂ ਤੁਸੀਂ ਜ਼ਰੂਰ ਜਾਣਦੇ ਹੋ ਕਿ ਬੱਚੇ ਨੂੰ ਪਾਲਣ ਵਿਚ ਕਿੰਨੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। ਅਤੇ ਕਈਆਂ ਸਾਲਾਂ ਲਈ ਬੱਚੇ ਨੂੰ ਇਨ੍ਹਾਂ ਕੁਰਬਾਨੀਆਂ ਬਾਰੇ ਕੁਝ ਪਤਾ ਵੀ ਨਹੀਂ ਹੁੰਦਾ। ਉਹ ਸ਼ਾਇਦ ਇਨ੍ਹਾਂ ਬਾਰੇ ਸੋਚਦਾ ਵੀ ਨਹੀਂ। ਫਿਰ ਵੀ, ਤੁਸੀਂ ਖੁੱਲ੍ਹੇ-ਦਿਲ ਨਾਲ ਆਪਣੇ ਬੱਚੇ ਲਈ ਸਭ ਕੁਝ ਕਰਦੇ ਰਹਿੰਦੇ ਹੋ। ਅਤੇ ਉਸ ਨੂੰ ਵਧਦੇ-ਫੁੱਲਦੇ ਦੇਖ ਕੇ ਤੁਹਾਨੂੰ ਖ਼ੁਸ਼ੀ ਮਿਲਦੀ ਹੈ। ਪਰ ਕਿਉਂ? ਕਿਉਂਕਿ ਤੁਸੀਂ ਉਸ ਨਾਲ ਪਿਆਰ ਕਰਦੇ ਹੋ।

3. ਯਹੋਵਾਹ ਅਤੇ ਆਪਣੇ ਸੰਗੀ ਮਸੀਹੀਆਂ ਦੀ ਸੇਵਾ ਕਰਨ ਤੋਂ ਸਾਨੂੰ ਖ਼ੁਸ਼ੀ ਕਿਉਂ ਮਿਲਦੀ ਹੈ?

3 ਇਸੇ ਤਰ੍ਹਾਂ, ਸੱਚੀ ਉਪਾਸਨਾ ਵੀ ਪਿਆਰ ਉੱਤੇ ਆਧਾਰਿਤ ਹੈ। ਅਸੀਂ ਯਹੋਵਾਹ ਅਤੇ ਆਪਣੇ ਸੰਗੀ ਮਸੀਹੀਆਂ ਨਾਲ ਪਿਆਰ ਕਰਦੇ ਹਾਂ, ਇਸ ਲਈ ਉਨ੍ਹਾਂ ਦੀ ਸੇਵਾ ਕਰ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ। (ਮੱਤੀ 22:37-39) ਖ਼ੁਦਗਰਜ਼ ਇਰਾਦਿਆਂ ਨਾਲ ਸੇਵਾ ਕਰਨ ਵਾਲੇ ਲੋਕ ਖ਼ੁਸ਼ੀ ਨਹੀਂ ਪਾਉਂਦੇ। ਬਰਕਤਾਂ ਹਾਸਲ ਕਰਨ ਦੀ ਉਮੀਦ ਰੱਖਣ ਦੀ ਬਜਾਇ, ਜੋ ਲੋਕ ਦੇਣ ਬਾਰੇ ਸੋਚਦੇ ਹਨ ਅਤੇ ਖੁੱਲ੍ਹੇ-ਦਿਲ ਨਾਲ ਸੇਵਾ ਕਰਦੇ ਹਨ, ਉਹ ਅਸਲੀ ਖ਼ੁਸ਼ੀ ਪਾਉਂਦੇ ਹਨ। ਇਸ ਸੱਚਾਈ ਨੂੰ ਸਮਝਣ ਲਈ ਸਾਨੂੰ ਭਗਤੀ ਦੇ ਸੰਬੰਧ ਵਿਚ ਬਾਈਬਲ ਵਿਚ ਵਰਤੇ ਗਏ ਕੁਝ ਸ਼ਬਦਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਅਸੀਂ ਇਸ ਲੇਖ ਅਤੇ ਅਗਲੇ ਲੇਖ ਵਿਚ ਤਿੰਨ ਸ਼ਬਦਾਂ ਵੱਲ ਧਿਆਨ ਦੇਵਾਂਗੇ।

ਯਿਸੂ ਦੀ ਸੇਵਕਾਈ

4. ਈਸਾਈ-ਜਗਤ ਵਿਚ “ਸੇਵਕਾਈ” ਦਾ ਕੀ ਮਤਲਬ ਹੈ?

4 ਮੁਢਲੀ ਯੂਨਾਨੀ ਭਾਸ਼ਾ ਵਿਚ ਭਗਤੀ ਨਾਲ ਸੰਬੰਧ ਰੱਖਣ ਵਾਲਾ ਇਕ ਖ਼ਾਸ ਸ਼ਬਦ ਲਿਟੂਰਿਆ ਹੈ। ਪੰਜਾਬੀ ਬਾਈਬਲ ਵਿਚ ਇਸ ਸ਼ਬਦ ਦਾ ਤਰਜਮਾ “ਸੇਵਕਾਈ” ਕੀਤਾ ਗਿਆ ਹੈ। ਈਸਾਈ-ਜਗਤ ਵਿਚ ਲਿਟੂਰਿਆ ਦਾ ਮਤਲਬ ਚਰਚ ਵਿਚ ਪੂਜਾ ਦੀ ਰੀਤ ਹੈ। * ਲੇਕਿਨ, ਈਸਾਈ-ਜਗਤ ਦੀਆਂ ਰੀਤਾਂ ਤੋਂ ਅਸਲ ਵਿਚ ਲੋਕਾਂ ਨੂੰ ਇੰਨਾ ਫ਼ਾਇਦਾ ਨਹੀਂ ਹੁੰਦਾ।

5, 6. (ੳ) ਇਸਰਾਏਲ ਵਿਚ ਕਿਹੜੀ ਸੇਵਕਾਈ ਕੀਤੀ ਜਾਂਦੀ ਸੀ, ਅਤੇ ਇਸ ਦੇ ਕੀ ਲਾਭ ਹੁੰਦੇ ਸਨ? (ਅ) ਇਸਰਾਏਲ ਵਿਚ ਕੀਤੀ ਗਈ ਸੇਵਕਾਈ ਨਾਲੋਂ ਕਿਹੜਾ ਉੱਤਮ ਪ੍ਰਬੰਧ ਕੀਤਾ ਗਿਆ ਸੀ, ਅਤੇ ਕਿਉਂ?

5 ਪੌਲੁਸ ਰਸੂਲ ਨੇ ਇਸਰਾਏਲ ਦੇ ਜਾਜਕਾਂ ਬਾਰੇ ਗੱਲ ਕਰਦੇ ਹੋਏ ਲਿਟੂਰਿਆ ਸ਼ਬਦ ਵਰਤਿਆ ਸੀ। ਉਸ ਨੇ ਕਿਹਾ: ‘ਹਰੇਕ ਜਾਜਕ ਨਿੱਤ ਖੜਾ ਹੋ ਕੇ ਉਪਾਸਨਾ [ਲਿਟੂਰਿਆ] ਕਰਦਾ ਹੈ ਅਤੇ ਇੱਕੋ ਪਰਕਾਰ ਦੇ ਬਲੀਦਾਨ ਵਾਰ ਵਾਰ ਚੜ੍ਹਾਉਂਦਾ ਹੈ।’ (ਇਬਰਾਨੀਆਂ 10:11) ਲੇਵੀ ਜਾਜਕ ਇਸਰਾਏਲ ਵਿਚ ਇਕ ਬਹੁਤ ਹੀ ਮਹੱਤਵਪੂਰਣ ਸੇਵਕਾਈ ਕਰਦੇ ਸਨ। ਉਹ ਪਰਮੇਸ਼ੁਰ ਦੀ ਬਿਵਸਥਾ ਸਿਖਾਉਣ ਤੋਂ ਇਲਾਵਾ ਲੋਕਾਂ ਦੇ ਪਾਪ ਮਿਟਾਉਣ ਲਈ ਭੇਟਾਂ ਚੜ੍ਹਾਉਂਦੇ ਸਨ। (2 ਇਤਹਾਸ 15:3; ਮਲਾਕੀ 2:7) ਜਦੋਂ ਜਾਜਕ ਅਤੇ ਲੋਕ ਯਹੋਵਾਹ ਦੀ ਬਿਵਸਥਾ ਅਨੁਸਾਰ ਚੱਲਦੇ ਸਨ ਤਾਂ ਦੇਸ਼ ਆਨੰਦ ਮਾਣਦਾ ਸੀ।—ਬਿਵਸਥਾ ਸਾਰ 16:15.

6 ਬਿਵਸਥਾ ਅਧੀਨ ਇਸਰਾਏਲੀ ਜਾਜਕਾਂ ਲਈ ਇਹ ਸੇਵਕਾਈ ਕਰਨੀ ਇਕ ਵੱਡਾ ਸਨਮਾਨ ਸੀ। ਪਰ, ਜਦੋਂ ਇਸਰਾਏਲ ਨੂੰ ਉਸ ਦੀ ਬੇਵਫ਼ਾਈ ਦੇ ਕਾਰਨ ਰੱਦ ਕਰ ਦਿੱਤਾ ਗਿਆ ਸੀ, ਤਾਂ ਇਸ ਸੇਵਕਾਈ ਦਾ ਕੋਈ ਫ਼ਾਇਦਾ ਨਹੀਂ ਸੀ। (ਮੱਤੀ 21:43) ਯਹੋਵਾਹ ਨੇ ਇਸ ਨਾਲੋਂ ਉੱਤਮ ਚੀਜ਼ ਦਾ ਪ੍ਰਬੰਧ ਕੀਤਾ—ਉਹ ਸੇਵਕਾਈ ਜੋ ਮਹਾਨ ਪ੍ਰਧਾਨ ਜਾਜਕ ਯਿਸੂ ਦੁਆਰਾ ਕੀਤੀ ਗਈ ਸੀ। ਯਿਸੂ ਬਾਰੇ ਅਸੀਂ ਪੜ੍ਹਦੇ ਹਾਂ ਕਿ “ਇਹ ਸਦਾ ਤੀਕ ਜੋ ਰਹਿੰਦਾ ਹੈ ਇਸ ਕਰਕੇ ਇਹ ਦੀ ਜਾਜਕਾਈ ਅਟੱਲ ਹੈ। ਇਸ ਲਈ ਉਹ ਉਨ੍ਹਾਂ ਦਾ ਜਿਹੜੇ ਉਹ ਦੇ ਰਾਹੀਂ ਪਰਮੇਸ਼ੁਰ ਦੇ ਕੋਲ ਆਉਂਦੇ ਹਨ ਪੂਰਾ ਨਿਸਤਾਰਾ ਕਰ ਸੱਕਦਾ ਹੈ ਕਿਉਂ ਜੋ ਉਹ ਉਨ੍ਹਾਂ ਦੀ ਸਫ਼ਾਰਸ਼ ਕਰਨ ਨੂੰ ਸਦਾ ਜੀਉਂਦਾ ਹੈ।”—ਇਬਰਾਨੀਆਂ 7:24, 25.

7. ਯਿਸੂ ਦੀ ਸੇਵਕਾਈ ਲਾਭਦਾਇਕ ਕਿਉਂ ਹੈ?

7 ਯਿਸੂ ਜਾਜਕ ਵਜੋਂ ਸਦਾ ਲਈ ਸੇਵਾ ਕਰੇਗਾ। ਇਸ ਲਈ, ਸਿਰਫ਼ ਉਹੀ ਲੋਕਾਂ ਨੂੰ ਪੂਰੀ ਤਰ੍ਹਾਂ ਬਚਾ ਸਕਦਾ ਹੈ। ਉਹ ਇਹ ਬੇਮਿਸਾਲ ਸੇਵਕਾਈ ਮਨੁੱਖਾਂ ਦੀ ਬਣਾਈ ਗਈ ਹੈਕਲ ਵਿਚ ਨਹੀਂ ਬਲਕਿ ਪਰਮੇਸ਼ੁਰ ਦੀ ਹੈਕਲ ਵਿਚ ਕਰਦਾ ਹੈ। ਇਹ ਹੈਕਲ ਭਗਤੀ ਕਰਨ ਲਈ ਪਰਮੇਸ਼ੁਰ ਦਾ ਪ੍ਰਬੰਧ ਹੈ ਜੋ 29 ਸਾ.ਯੁ. ਵਿਚ ਸ਼ੁਰੂ ਹੋਇਆ ਸੀ। ਯਿਸੂ ਹੁਣ ਸਵਰਗ ਵਿਚ ਇਸ ਹੈਕਲ ਦੇ ਅੱਤ ਪਵਿੱਤਰ ਸਥਾਨ ਵਿਚ ਸੇਵਾ ਕਰ ਰਿਹਾ ਹੈ। ‘ਉਹ ਪਵਿੱਤਰ ਅਸਥਾਨ ਦਾ ਅਤੇ ਉਸ ਅਸਲ ਡੇਹਰੇ ਦਾ ਸੇਵਕ [ਲਿਟੂਰਗੌਸ] ਹੈ ਜਿਹ ਨੂੰ ਮਨੁੱਖ ਨੇ ਨਹੀਂ ਸਗੋਂ ਪ੍ਰਭੁ ਨੇ ਗੱਡਿਆ।’ (ਇਬਰਾਨੀਆਂ 8:2; 9:11, 12) ਭਾਵੇਂ ਕਿ ਯਿਸੂ ਦਾ ਇਕ ਉੱਚਾ ਦਰਜਾ ਹੈ ਉਹ ਫਿਰ ਵੀ ਇਕ ‘ਸੇਵਕ’ ਹੈ। ਉਹ ਆਪਣਾ ਵੱਡਾ ਇਖ਼ਤਿਆਰ, ਲੈਣ ਵਾਸਤੇ ਨਹੀਂ ਪਰ ਦੇਣ ਵਾਸਤੇ ਇਸਤੇਮਾਲ ਕਰਦਾ ਹੈ। ਅਤੇ ਇਸ ਤਰ੍ਹਾਂ ਦੇਣ ਦੁਆਰਾ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਇਹ “ਉਸ ਅਨੰਦ” ਦਾ ਹਿੱਸਾ ਹੈ “ਜੋ ਉਹ ਦੇ ਅੱਗੇ ਧਰਿਆ ਹੋਇਆ ਸੀ” ਅਤੇ ਜਿਸ ਕਰਕੇ ਉਹ ਧਰਤੀ ਉੱਤੇ ਦੁੱਖ ਝੱਲ ਸਕਿਆ ਸੀ।—ਇਬਰਾਨੀਆਂ 12:2.

8. ਬਿਵਸਥਾ ਨੇਮ ਦੇ ਬਦਲੇ ਯਿਸੂ ਰਾਹੀਂ ਕਿਹੜਾ ਨੇਮ ਸ਼ੁਰੂ ਕੀਤਾ ਗਿਆ ਸੀ?

8 ਯਿਸੂ ਦੀ ਸੇਵਕਾਈ ਦਾ ਇਕ ਹੋਰ ਪਹਿਲੂ ਵੀ ਹੈ। ਪੌਲੁਸ ਨੇ ਲਿਖਿਆ: “ਹੁਣ ਜਿੰਨਾਕੁ ਉਹ ਅਗਲੇ ਨਾਲੋਂ ਇੱਕ ਉੱਤਮ ਨੇਮ ਦਾ ਵਿਚੋਲਾ ਹੋਇਆ ਜਿਹੜਾ ਚੰਗੇ ਵਾਇਦਿਆਂ ਉੱਤੇ ਬੰਨ੍ਹਿਆ ਹੋਇਆ ਹੈ ਉੱਨੀ ਹੀ ਉਸ [ਯਿਸੂ] ਨੂੰ ਚੰਗੀ ਸੇਵਕਾਈ ਮਿਲੀ।” (ਇਬਰਾਨੀਆਂ 8:6) ਯਹੋਵਾਹ ਨੇ ਮੂਸਾ ਰਾਹੀਂ ਇਸਰਾਏਲ ਨਾਲ ਇਕ ਨੇਮ ਬੰਨ੍ਹਿਆ ਸੀ। ਇਹ ਨੇਮ ਯਹੋਵਾਹ ਅਤੇ ਇਸਰਾਏਲ ਦੇ ਵਿਚਕਾਰ ਰਿਸ਼ਤੇ ਦੀ ਬੁਨਿਆਦ ਸੀ। (ਕੂਚ 19:4, 5) ਯਿਸੂ ਨਵੇਂ ਨੇਮ ਦਾ ਵਿਚੋਲਾ ਸੀ ਜਿਸ ਰਾਹੀਂ ਇਕ ਨਵੀਂ ਕੌਮ ਪੈਦਾ ਹੋਈ ਸੀ, ਯਾਨੀ ‘ਪਰਮੇਸ਼ੁਰ ਦਾ ਇਸਰਾਏਲ।’ ਇਸ ਵਿਚ ਕਈਆਂ ਕੌਮਾਂ ਤੋਂ ਮਸਹ ਕੀਤੇ ਗਏ ਮਸੀਹੀ ਸ਼ਾਮਲ ਹਨ। (ਗਲਾਤੀਆਂ 6:16; ਇਬਰਾਨੀਆਂ 8:8, 13; ਪਰਕਾਸ਼ ਦੀ ਪੋਥੀ 5:9, 10) ਯਿਸੂ ਨੇ ਕਿੰਨੀ ਵਧੀਆ ਸੇਵਕਾਈ ਕੀਤੀ ਸੀ! ਅਸੀਂ ਕਿੰਨੇ ਖ਼ੁਸ਼ ਹਾਂ ਕਿ ਅਸੀਂ ਯਿਸੂ ਨੂੰ ਜਾਣਦੇ ਹਾਂ ਜਿਸ ਰਾਹੀਂ ਅਸੀਂ ਯਹੋਵਾਹ ਦੀ ਭਗਤੀ ਸਹੀ ਤਰ੍ਹਾਂ ਕਰ ਸਕਦੇ ਹਾਂ।—ਯੂਹੰਨਾ 14:6.

ਮਸੀਹੀਆਂ ਦੀ ਸੇਵਕਾਈ

9, 10. ਮਸੀਹੀ ਕਿਨ੍ਹਾਂ ਤਰੀਕਿਆਂ ਵਿਚ ਸੇਵਕਾਈ ਕਰ ਸਕਦੇ ਹਨ?

9 ਕੋਈ ਵੀ ਇਨਸਾਨ ਯਿਸੂ ਵਾਂਗ ਉੱਤਮ ਸੇਵਕਾਈ ਨਹੀਂ ਕਰ ਸਕਦਾ। ਪਰ ਇਹ ਸੱਚ ਹੈ ਕਿ ਜਦੋਂ ਮਸਹ ਕੀਤੇ ਗਏ ਮਸੀਹੀ ਸਵਰਗੀ ਇਨਾਮ ਪ੍ਰਾਪਤ ਕਰਦੇ ਹਨ ਤਾਂ ਉਹ ਯਿਸੂ ਦੇ ਨਾਲ ਆਪਣੀ ਜਗ੍ਹਾ ਲੈਂਦੇ ਹਨ ਅਤੇ ਉਸ ਦੀ ਸੇਵਕਾਈ ਵਿਚ ਸਵਰਗੀ ਰਾਜਿਆਂ ਅਤੇ ਜਾਜਕਾਂ ਵਜੋਂ ਹਿੱਸਾ ਲੈਂਦੇ ਹਨ। (ਪਰਕਾਸ਼ ਦੀ ਪੋਥੀ 20:6; 22:1-5) ਧਰਤੀ ਉੱਤੇ ਮਸੀਹੀ ਵੀ ਸੇਵਕਾਈ ਕਰ ਕੇ ਬਹੁਤ ਖ਼ੁਸ਼ੀ ਪਾਉਂਦੇ ਹਨ। ਮਿਸਾਲ ਲਈ, ਜਦੋਂ ਫਲਸਤੀਨ ਵਿਚ ਕਾਲ ਪਿਆ ਸੀ ਤਾਂ ਪੌਲੁਸ ਰਸੂਲ ਨੇ ਯੂਰਪੀ ਭਰਾਵਾਂ ਤੋਂ ਚੰਦਾ ਇਕੱਠਾ ਕਰ ਕੇ ਯਹੂਦੀ ਭਰਾਵਾਂ ਦੀ ਮਦਦ ਕੀਤੀ ਸੀ। ਇਹ ਮਸੀਹੀਆਂ ਵੱਲੋਂ ਇਕ ਸੇਵਕਾਈ ਸੀ। (ਰੋਮੀਆਂ 15:27; 2 ਕੁਰਿੰਥੀਆਂ 9:12) ਅੱਜ, ਵੀ ਮਸੀਹੀ ਅਜਿਹੀ ਸੇਵਕਾਈ ਕਰ ਕੇ ਖ਼ੁਸ਼ ਹੁੰਦੇ ਹਨ। ਜਦੋਂ ਉਨ੍ਹਾਂ ਦੇ ਭਰਾਵਾਂ ਉੱਤੇ ਦੁੱਖ-ਤਕਲੀਫ਼ਾਂ ਅਤੇ ਦੂਸਰੀਆਂ ਤਬਾਹੀਆਂ ਆਉਂਦੀਆਂ ਹਨ ਤਾਂ ਉਹ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹੁੰਦੇ ਹਨ।—ਕਹਾਉਤਾਂ 14:21.

10 ਪੌਲੁਸ ਨੇ ਇਕ ਹੋਰ ਸੇਵਕਾਈ ਦਾ ਜ਼ਿਕਰ ਕੀਤਾ ਸੀ ਜਦੋਂ ਉਸ ਨੇ ਲਿਖਿਆ ਕਿ “ਭਾਵੇਂ ਮੈਂ ਤੁਹਾਡੀ ਨਿਹਚਾ ਦੇ ਬਲੀਦਾਨ ਅਤੇ ਸੇਵਕਾਈ ਉੱਤੇ ਵਹਾਇਆ ਜਾਂਦਾ ਹਾਂ ਤਾਂ ਵੀ ਮੈਂ ਅਨੰਦ ਕਰਦਾ ਹਾਂ ਅਤੇ ਤੁਹਾਨੂੰ ਸਭਨਾਂ ਨੂੰ ਵਧਾਈਆਂ ਦਿੰਦਾ ਹਾਂ।” (ਫ਼ਿਲਿੱਪੀਆਂ 2:17) ਫ਼ਿਲਿੱਪੀਆਂ ਦੀ ਖ਼ਾਤਰ ਪੌਲੁਸ ਨੇ ਜੋ ਵੀ ਮਿਹਨਤ ਜਾਂ ਸੇਵਕਾਈ ਕੀਤੀ ਸੀ, ਉਹ ਉਸ ਨੇ ਪਿਆਰ ਅਤੇ ਲਗਨ ਨਾਲ ਕੀਤੀ ਸੀ। ਇਸੇ ਤਰ੍ਹਾਂ ਦੀ ਸੇਵਕਾਈ ਅੱਜ ਵੀ ਕੀਤੀ ਜਾ ਰਹੀ ਹੈ। ਇਹ ਖ਼ਾਸ ਕਰਕੇ ਮਸਹ ਕੀਤੇ ਹੋਏ ਮਸੀਹੀਆਂ ਦੁਆਰਾ ਕੀਤੀ ਜਾਂਦੀ ਹੈ ਜੋ “ਮਾਤਬਰ ਅਤੇ ਬੁੱਧਵਾਨ ਨੌਕਰ” ਵਜੋਂ ਸੇਵਾ ਕਰਦੇ ਹਨ ਅਤੇ ਵੇਲੇ ਸਿਰ ਸਾਨੂੰ ਰੂਹਾਨੀ ਖ਼ੁਰਾਕ ਦਿੰਦੇ ਹਨ। (ਮੱਤੀ 24:45-47) ਇਸ ਦੇ ਨਾਲ-ਨਾਲ ਉਨ੍ਹਾਂ ਨੂੰ “ਜਾਜਕਾਂ ਦੀ ਪਵਿੱਤਰ ਮੰਡਲੀ” ਵੀ ਸੱਦਿਆ ਗਿਆ ਹੈ। ਉਹ ‘ਆਤਮਕ ਬਲੀਦਾਨ ਚੜ੍ਹਾਉਂਦੇ ਹਨ ਜਿਹੜੇ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਨੂੰ ਭਾਉਂਦੇ ਹਨ।’ ਅਤੇ ਉਨ੍ਹਾਂ ਨੂੰ ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਉਹ ‘ਪਰਮੇਸ਼ੁਰ ਦਿਆਂ ਗੁਣਾਂ ਦਾ ਪਰਚਾਰ ਕਰਨ ਜਿਹ ਨੇ ਉਨ੍ਹਾਂ ਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ।’ (1 ਪਤਰਸ 2:5, 9) ਪੌਲੁਸ ਵਾਂਗ ਉਹ ਅਜਿਹੇ ਸਨਮਾਨ ਹਾਸਲ ਕਰ ਕੇ ਖ਼ੁਸ਼ ਹੁੰਦੇ ਹਨ ਅਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ‘ਆਪਣੇ ਆਪ ਨੂੰ ਵਹਾ ਦਿੰਦੇ ਹਨ।’ ਉਨ੍ਹਾਂ ਦੇ ਸਾਥੀ, ਯਾਨੀ ‘ਹੋਰ ਭੇਡਾਂ,’ ਉਨ੍ਹਾਂ ਨਾਲ ਮਿਲ ਕੇ ਲੋਕਾਂ ਨੂੰ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਦੱਸਣ ਦੁਆਰਾ ਉਨ੍ਹਾਂ ਦੇ ਕੰਮ ਵਿਚ ਹੱਥ ਵਟਾ ਰਹੇ ਹਨ। * (ਯੂਹੰਨਾ 10:16; ਮੱਤੀ 24:14) ਇਹ ਸੇਵਕਾਈ ਕਿੰਨੀ ਉੱਤਮ ਅਤੇ ਖ਼ੁਸ਼ੀ-ਭਰੀ ਹੈ!—ਜ਼ਬੂਰ 107:21, 22.

ਉਪਾਸਨਾ ਕਰਨੀ

11. ਨਬੀਆ ਆੱਨਾ ਨੇ ਸਾਰਿਆਂ ਮਸੀਹੀਆਂ ਲਈ ਇਕ ਵਧੀਆ ਮਿਸਾਲ ਕਿਸ ਤਰ੍ਹਾਂ ਕਾਇਮ ਕੀਤੀ ਸੀ?

11ਲਾਟਰਿਆ ਇਕ ਹੋਰ ਯੂਨਾਨੀ ਸ਼ਬਦ ਹੈ ਜਿਸ ਦਾ ਸਾਡੀ ਉਪਾਸਨਾ ਨਾਲ ਸੰਬੰਧ ਹੈ। ਪੰਜਾਬੀ ਬਾਈਬਲ ਵਿਚ ਇਸ ਦਾ ਤਰਜਮਾ “ਬੰਦਗੀ” ਜਾਂ “ਉਪਾਸਨਾ” ਕੀਤਾ ਜਾਂਦਾ ਹੈ। ਮਿਸਾਲ ਲਈ, 84 ਸਾਲਾਂ ਦੀ ਵਿਧਵਾ ਅਤੇ ਨਬੀਆ ਆੱਨਾ ਬਾਰੇ ਇਹ ਗੱਲ ਕਹੀ ਗਈ ਸੀ ਕਿ ਉਹ “ਹੈਕਲ ਨੂੰ ਨਾ ਛੱਡਦੀ ਪਰ ਵਰਤ ਰੱਖਣ ਅਤੇ ਬੇਨਤੀ ਕਰਨ ਨਾਲ ਰਾਤ ਦਿਨ ਬੰਦਗੀ ਕਰਦੀ ਰਹਿੰਦੀ ਸੀ।” (ਲੂਕਾ 2:36, 37) ਆੱਨਾ ਵਫ਼ਾਦਾਰੀ ਨਾਲ ਯਹੋਵਾਹ ਦੀ ਉਪਾਸਨਾ ਕਰਦੀ ਸੀ। ਚਾਹੇ ਅਸੀਂ ਜਵਾਨ ਹੋਈਏ ਜਾਂ ਸਿਆਣੇ, ਆਦਮੀ ਜਾਂ ਔਰਤ, ਆੱਨਾ ਸਾਡੇ ਸਾਰਿਆਂ ਲਈ ਇਕ ਵਧੀਆ ਮਿਸਾਲ ਹੈ। ਆੱਨਾ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਦੀ ਹੁੰਦੀ ਸੀ ਅਤੇ ਹੈਕਲ ਵਿਚ ਉਹ ਦਿਨ-ਰਾਤ ਉਪਾਸਨਾ ਕਰਦੀ ਹੁੰਦੀ ਸੀ। ਉਸ ਵਾਂਗ ਸਾਡੀ ਉਪਾਸਨਾ ਵਿਚ ਵੀ ਪ੍ਰਾਰਥਨਾ ਕਰਨੀ ਅਤੇ ਸਭਾਵਾਂ ਤੇ ਹਾਜ਼ਰ ਹੋਣਾ ਮਹੱਤਵਪੂਰਣ ਗੱਲਾਂ ਹਨ।—ਰੋਮੀਆਂ 12:12; ਇਬਰਾਨੀਆਂ 10:24, 25.

12. ਸਾਡੀ ਉਪਾਸਨਾ ਦਾ ਇਕ ਮੁੱਖ ਪਹਿਲੂ ਕੀ ਹੈ, ਅਤੇ ਇਸ ਨਾਲ ਲੋਕਾਂ ਦੀ ਸੇਵਾ ਕਿਸ ਤਰ੍ਹਾਂ ਹੁੰਦੀ ਹੈ?

12 ਪੌਲੁਸ ਰਸੂਲ ਨੇ ਸਾਡੀ ਉਪਾਸਨਾ ਦੇ ਇਕ ਮੁੱਖ ਪਹਿਲੂ ਦਾ ਜ਼ਿਕਰ ਕੀਤਾ ਸੀ ਜਦੋਂ ਉਸ ਨੇ ਲਿਖਿਆ: “ਪਰਮੇਸ਼ੁਰ ਜਿਹ ਦੀ ਮੈਂ ਆਪਣੇ ਆਤਮਾ ਨਾਲ ਉਹ ਦੇ ਪੁੱਤ੍ਰ ਦੀ ਖੁਸ਼ ਖਬਰੀ ਲਈ ਸੇਵਾ ਕਰਦਾ ਹਾਂ ਮੇਰਾ ਗਵਾਹ ਹੈ ਜੋ ਮੈਂ ਕਿੱਕੁਰ ਹਰ ਵੇਲੇ ਆਪਣੀਆਂ ਪ੍ਰਾਰਥਨਾਂ ਵਿੱਚ ਤੁਹਾਨੂੰ ਯਾਦ ਕਰਦਾ ਹਾਂ।” (ਰੋਮੀਆਂ 1:9) ਜੀ ਹਾਂ, ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਿਰਫ਼ ਸੁਣਨ ਵਾਲਿਆਂ ਲਈ ਇਕ ਸੇਵਕਾਈ ਹੀ ਨਹੀਂ ਹੈ ਪਰ ਯਹੋਵਾਹ ਪਰਮੇਸ਼ੁਰ ਦੀ ਉਪਾਸਨਾ ਦਾ ਹਿੱਸਾ ਵੀ ਹੈ। ਭਾਵੇਂ ਕੋਈ ਸਾਡੇ ਸੰਦੇਸ਼ ਨੂੰ ਸੁਣੇ ਜਾਂ ਨਾ, ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਅਸੀਂ ਯਹੋਵਾਹ ਦੀ ਉਪਾਸਨਾ ਕਰਦੇ ਹਾਂ। ਦੂਸਰਿਆਂ ਨੂੰ ਆਪਣੇ ਪਿਆਰੇ ਸਵਰਗੀ ਪਿਤਾ ਦੇ ਗੁਣਾਂ ਅਤੇ ਨੇਕ ਮਕਸਦਾਂ ਬਾਰੇ ਦੱਸਣ ਦੀ ਕੋਸ਼ਿਸ਼ ਕਰਨ ਦੁਆਰਾ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ।—ਜ਼ਬੂਰ 71:23.

ਅਸੀਂ ਉਪਾਸਨਾ ਕਿੱਥੇ ਕਰਦੇ ਹਾਂ?

13. ਯਹੋਵਾਹ ਦੀ ਰੂਹਾਨੀ ਹੈਕਲ ਦੇ ਅੰਦਰਲੇ ਵਿਹੜੇ ਵਿਚ ਉਪਾਸਨਾ ਕਰਨ ਵਾਲਿਆਂ ਕੋਲ ਕਿਹੜੀ ਉਮੀਦ ਹੈ, ਅਤੇ ਉਨ੍ਹਾਂ ਨਾਲ ਕੌਣ ਖ਼ੁਸ਼ੀ ਮਨਾਉਂਦੇ ਹਨ?

13 ਮਸਹ ਕੀਤੇ ਹੋਏ ਮਸੀਹੀਆਂ ਨੂੰ ਪੌਲੁਸ ਨੇ ਇਹ ਲਿਖਿਆ: “ਸੋ ਜਦੋਂ ਸਾਨੂੰ ਇੱਕ ਰਾਜ ਮਿਲਿਆ ਜਿਹੜਾ ਹਿਲਾਇਆ ਨਹੀਂ ਜਾਂਦਾ ਤਾਂ ਆਓ, ਅਸੀਂ ਧੰਨਵਾਦ ਕਰੀਏ ਜਿਸ ਕਰਕੇ ਅਸੀਂ ਭਗਤੀ ਅਤੇ ਭੈ ਨਾਲ ਪਰਮੇਸ਼ੁਰ ਦੀ ਉਹ ਉਪਾਸਨਾ ਕਰੀਏ ਜੋ ਉਹ ਦੇ ਮਨ ਭਾਵੇ, ਕਿਉਂ ਜੋ ਸਾਡਾ ਪਰਮੇਸ਼ੁਰ ਭਸਮ ਕਰਨ ਵਾਲੀ ਅੱਗ ਹੈ।” (ਇਬਰਾਨੀਆਂ 12:28) ਰਾਜ ਦੇ ਵਾਰਸ ਹੋਣ ਦੀ ਪੱਕੀ ਉਮੀਦ ਕਾਰਨ ਮਸਹ ਕੀਤੇ ਹੋਏ ਮਸੀਹੀਆਂ ਦੀ ਨਿਹਚਾ ਅਡੋਲ ਹੈ ਜਿਵੇਂ ਉਹ ਅੱਤ ਮਹਾਨ ਦੀ ਉਪਾਸਨਾ ਕਰਦੇ ਹਨ। ਸਿਰਫ਼ ਉਹੀ ਯਹੋਵਾਹ ਦੀ ਰੂਹਾਨੀ ਹੈਕਲ ਦੇ ਪਵਿੱਤਰ ਕਮਰੇ ਅਤੇ ਅੰਦਰਲੇ ਵਿਹੜੇ ਵਿਚ ਉਪਾਸਨਾ ਕਰ ਸਕਦੇ ਹਨ। ਅਤੇ ਉਹ ਅੱਤ ਪਵਿੱਤਰ, ਯਾਨੀ ਸਵਰਗ ਵਿਚ ਯਿਸੂ ਨਾਲ ਸੇਵਾ ਕਰਨ ਦੀ ਉਤਸੁਕਤਾ ਨਾਲ ਉਮੀਦ ਰੱਖਦੇ ਹਨ। ਹੋਰ ਭੇਡਾਂ ਦੇ ਵਰਗ ਵਿਚ ਉਨ੍ਹਾਂ ਦੇ ਸਾਥੀ, ਉਨ੍ਹਾਂ ਦੀ ਇਸ ਵਧੀਆ ਉਮੀਦ ਦੇ ਕਾਰਨ ਉਨ੍ਹਾਂ ਨਾਲ ਖ਼ੁਸ਼ੀ ਮਨਾਉਂਦੇ ਹਨ।—ਇਬਰਾਨੀਆਂ 6:19, 20; 10:19-22.

14. ਵੱਡੀ ਭੀੜ ਯਿਸੂ ਦੀ ਸੇਵਕਾਈ ਤੋਂ ਕਿਸ ਤਰ੍ਹਾਂ ਲਾਭ ਉਠਾਉਂਦੀ ਹੈ?

14 ਪਰ, ਹੋਰ ਭੇਡਾਂ ਦਾ ਵਰਗ ਉਪਾਸਨਾ ਕਿੱਥੇ ਕਰਦਾ ਹੈ? ਜਿਵੇਂ ਯੂਹੰਨਾ ਰਸੂਲ ਨੇ ਪਹਿਲਾਂ ਹੀ ਜਾਣ ਲਿਆ ਸੀ, ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਇਕ ਵੱਡੀ ਭੀੜ ਇਕੱਠੀ ਹੋਈ ਹੈ ‘ਜਿਸ ਨੇ ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ’ ਹੈ। (ਪਰਕਾਸ਼ ਦੀ ਪੋਥੀ 7:14) ਇਸ ਦਾ ਮਤਲਬ ਹੈ ਕਿ ਉਹ ਆਪਣੇ ਮਸਹ ਕੀਤੇ ਹੋਏ ਸੰਗੀ ਉਪਾਸਕਾਂ ਵਾਂਗ ਯਿਸੂ ਦੀ ਸੇਵਕਾਈ ਵਿਚ ਨਿਹਚਾ ਰੱਖਦੇ ਹਨ, ਜਿਸ ਸੇਵਕਾਈ ਵਿਚ ਯਿਸੂ ਨੇ ਮਨੁੱਖਜਾਤੀ ਲਈ ਆਪਣੀ ਜਾਨ ਦਾ ਸੰਪੂਰਣ ਬਲੀਦਾਨ ਦਿੱਤਾ ਸੀ। ਹੋਰ ਭੇਡਾਂ ਦਾ ਵਰਗ ‘ਯਹੋਵਾਹ ਦੇ ਨਾਮ ਨੂੰ ਫੜੀ ਰੱਖਣ’ ਦੁਆਰਾ ਵੀ ਯਿਸੂ ਦੀ ਸੇਵਕਾਈ ਤੋਂ ਲਾਭ ਉਠਾਉਂਦਾ ਹੈ। (ਯਸਾਯਾਹ 56:6) ਉਹ ਨਵੇਂ ਨੇਮ ਦੇ ਹਿੱਸੇਦਾਰ ਨਹੀਂ ਹਨ, ਪਰ ਉਸ ਦੇ ਨਿਯਮਾਂ ਨੂੰ ਮੰਨਣ ਅਤੇ ਉਸ ਦੇ ਪ੍ਰਬੰਧਾਂ ਅਨੁਸਾਰ ਚੱਲਣ ਦੁਆਰਾ ਉਸ ਨੂੰ ਫੜੀ ਰੱਖਦੇ ਹਨ। ਉਹ ਪਰਮੇਸ਼ੁਰ ਦੇ ਇਸਰਾਏਲ ਨਾਲ ਸੰਗਤ ਕਰ ਕੇ ਉਨ੍ਹਾਂ ਨਾਲ ਇੱਕੋ ਰੂਹਾਨੀ ਮੇਜ਼ ਤੋਂ ਭੋਜਨ ਖਾਂਦੇ ਹਨ, ਪਰਮੇਸ਼ੁਰ ਦੀ ਉਸਤਤ ਖੁੱਲ੍ਹੇ-ਆਮ ਕਰਦੇ ਹਨ, ਅਤੇ ਉਸ ਨੂੰ ਖ਼ੁਸ਼ ਕਰਨ ਵਾਲੇ ਰੂਹਾਨੀ ਬਲੀਦਾਨ ਪੇਸ਼ ਕਰਦੇ ਹਨ।—ਇਬਰਾਨੀਆਂ 13:15.

15. ਵੱਡੀ ਭੀੜ ਕਿੱਥੇ ਉਪਾਸਨਾ ਕਰਦੀ ਹੈ, ਅਤੇ ਇਸ ਸਨਮਾਨ ਬਾਰੇ ਉਹ ਕਿਸ ਤਰ੍ਹਾਂ ਮਹਿਸੂਸ ਕਰਦੀ ਹੈ?

15 ਵੱਡੀ ਭੀੜ ‘ਚਿੱਟੇ ਬਸਤਰ ਪਹਿਨੇ ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ’ ਦੇਖੀ ਜਾਂਦੀ ਹੈ। “ਓਹ ਪਰਮੇਸ਼ੁਰ ਦੇ ਸਿੰਘਾਸਣ ਦੇ ਮੋਹਰੇ ਹਨ, ਅਤੇ ਉਹ ਦੀ ਹੈਕਲ ਵਿੱਚ ਰਾਤ ਦਿਨ ਉਹ ਦੀ ਉਪਾਸਨਾ ਕਰਦੇ ਹਨ, ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਆਪਣਾ ਡੇਰਾ ਓਹਨਾਂ ਦੇ ਉੱਤੇ ਤਾਣੇਗਾ।” (ਪਰਕਾਸ਼ ਦੀ ਪੋਥੀ 7:9, 15) ਇਸਰਾਏਲ ਵਿਚ, ਨਵਧਰਮੀ ਲੋਕ ਸੁਲੇਮਾਨ ਦੀ ਹੈਕਲ ਦੇ ਬਾਹਰਲੇ ਵਿਹੜੇ ਵਿਚ ਉਪਾਸਨਾ ਕਰਦੇ ਹੁੰਦੇ ਸਨ। ਇਸੇ ਤਰ੍ਹਾਂ, ਵੱਡੀ ਭੀੜ ਯਹੋਵਾਹ ਦੀ ਰੂਹਾਨੀ ਹੈਕਲ ਦੇ ਬਾਹਰਲੇ ਵਿਹੜੇ ਵਿਚ ਉਸ ਦੀ ਉਪਾਸਨਾ ਕਰਦੀ ਹੈ। ਉੱਥੇ ਸੇਵਾ ਕਰਨ ਤੋਂ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। (ਜ਼ਬੂਰ 122:1) ਵੱਡੀ ਭੀੜ ਯਹੋਵਾਹ ਦੀ ਉਪਾਸਨਾ ਉਦੋਂ ਵੀ ਕਰਦੀ ਰਹੇਗੀ ਜਦੋਂ ਸਾਰੇ ਮਸਹ ਕੀਤੇ ਗਏ ਸਵਰਗ ਪਹੁੰਚ ਚੁੱਕੇ ਹੋਣਗੇ।—ਪਰਕਾਸ਼ ਦੀ ਪੋਥੀ 21:3.

ਉਪਾਸਨਾ ਜੋ ਪਰਮੇਸ਼ੁਰ ਨੂੰ ਕਬੂਲ ਨਹੀਂ

16. ਉਪਾਸਨਾ ਕਰਨ ਬਾਰੇ ਕਿਹੜੀਆਂ ਚੇਤਾਵਨੀਆਂ ਦਿੱਤੀਆਂ ਗਈਆਂ ਹਨ?

16 ਪ੍ਰਾਚੀਨ ਇਸਰਾਏਲ ਦਿਆਂ ਦਿਨਾਂ ਵਿਚ ਉਪਾਸਨਾ ਯਹੋਵਾਹ ਦੇ ਨਿਯਮਾਂ ਅਨੁਸਾਰ ਕੀਤੀ ਜਾਂਦੀ ਸੀ। (ਕੂਚ 30:9; ਲੇਵੀਆਂ 10:1, 2) ਇਸੇ ਤਰ੍ਹਾਂ, ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਉਪਾਸਨਾ ਯਹੋਵਾਹ ਨੂੰ ਕਬੂਲ ਹੋਵੇ ਤਾਂ ਸਾਨੂੰ ਕੁਝ ਮੰਗਾਂ ਪੂਰੀਆਂ ਕਰਨ ਦੀ ਲੋੜ ਹੈ। ਇਸੇ ਲਈ ਪੌਲੁਸ ਨੇ ਕੁਲੁੱਸੀਆਂ ਨੂੰ ਲਿਖਿਆ ਕਿ “ਅਸੀਂ . . . ਤੁਹਾਡੇ ਲਈ ਇਹ ਪ੍ਰਾਰਥਨਾ ਅਤੇ ਅਰਦਾਸ ਕਰਨ ਤੋਂ ਨਹੀਂ ਹਟਦੇ ਭਈ ਤੁਸੀਂ ਹਰ ਪਰਕਾਰ ਦੇ ਆਤਮਕ ਗਿਆਨ ਅਤੇ ਸਮਝ ਨਾਲ ਉਹ ਦੀ ਇੱਛਿਆ ਦੀ ਪਛਾਣ ਤੋਂ ਭਰਪੂਰ ਹੋ ਜਾਓ। ਤਾਂ ਜੋ ਤੁਸੀਂ ਅਜਿਹੀ ਜੋਗ ਚਾਲ ਚੱਲੋ ਜਿਹੜੀ ਪ੍ਰਭੁ ਨੂੰ ਹਰ ਤਰਾਂ ਨਾਲ ਭਾਵੇ ਅਤੇ ਹਰੇਕ ਸ਼ੁਭ ਕਰਮ ਵਿੱਚ ਫਲਦੇ ਰਹੋ ਅਤੇ ਪਰਮੇਸ਼ੁਰ ਦੀ ਪਛਾਣ ਵਿੱਚ ਵੱਧਦੇ ਰਹੋ।” (ਕੁਲੁੱਸੀਆਂ 1:9, 10) ਸਾਨੂੰ ਖ਼ੁਦ ਪਛਾਣਨ ਦੀ ਲੋੜ ਹੈ ਕਿ ਪਰਮੇਸ਼ੁਰ ਨੂੰ ਉਪਾਸਨਾ ਕਰਨ ਦੇ ਸਹੀ ਤਰੀਕੇ ਕੀ ਹਨ। ਇਸ ਤਰ੍ਹਾਂ ਕਰਨ ਲਈ ਬਾਈਬਲ ਤੋਂ ਸਹੀ ਗਿਆਨ, ਰੂਹਾਨੀ ਸਮਝ, ਅਤੇ ਈਸ਼ਵਰੀ ਬੁੱਧ ਜ਼ਰੂਰੀ ਹਨ। ਇਨ੍ਹਾਂ ਗੱਲਾਂ ਤੋਂ ਬਿਨਾਂ ਅਸੀਂ ਬੁਰੇ ਨਤੀਜੇ ਜ਼ਰੂਰ ਭੋਗਾਂਗੇ।

17. (ੳ) ਮੂਸਾ ਦੇ ਦਿਨਾਂ ਵਿਚ ਸ਼ੁੱਧ ਉਪਾਸਨਾ ਕਿਸ ਤਰ੍ਹਾਂ ਭ੍ਰਿਸ਼ਟ ਕੀਤੀ ਗਈ ਸੀ? (ਅ) ਅੱਜ ਗ਼ਲਤ ਉਪਾਸਨਾ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?

17 ਮੂਸਾ ਦੇ ਦਿਨਾਂ ਦੇ ਇਸਰਾਏਲੀਆਂ ਬਾਰੇ ਜ਼ਰਾ ਸੋਚੋ। ਅਸੀਂ ਪੜ੍ਹਦੇ ਹਾਂ ਕਿ “ਪਰਮੇਸ਼ੁਰ ਉਨ੍ਹਾਂ ਤੋਂ ਫਿਰ ਗਿਆ ਅਤੇ ਉਨ੍ਹਾਂ ਨੂੰ ਛੱਡ ਦਿੱਤਾ ਕਿ [ਉਹ] ਅਕਾਸ਼ ਦੀ ਸੈਨਾ ਨੂੰ ਪੂਜਣ।” (ਰਸੂਲਾਂ ਦੇ ਕਰਤੱਬ 7:42) ਉਨ੍ਹਾਂ ਇਸਰਾਏਲੀਆਂ ਨੇ ਉਹ ਸ਼ਕਤੀਸ਼ਾਲੀ ਕੰਮ ਦੇਖੇ ਸਨ ਜੋ ਯਹੋਵਾਹ ਨੇ ਉਨ੍ਹਾਂ ਲਈ ਕੀਤੇ ਸਨ। ਲੇਕਿਨ, ਉਹ ਹੋਰ ਦੇਵਤਿਆਂ ਦੀ ਪੂਜਾ ਕਰਨ ਲੱਗ ਪਏ ਕਿਉਂਕਿ ਉਹ ਸੋਚਦੇ ਸਨ ਕਿ ਇਸ ਤੋਂ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ। ਉਹ ਵਫ਼ਾਦਾਰ ਨਹੀਂ ਸਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਉਪਾਸਨਾ ਪਰਮੇਸ਼ੁਰ ਨੂੰ ਕਬੂਲ ਹੋਵੇ ਤਾਂ ਸਾਡੇ ਲਈ ਵਫ਼ਾਦਾਰ ਰਹਿਣਾ ਮਹੱਤਵਪੂਰਣ ਹੈ। (ਜ਼ਬੂਰ 18:25) ਇਹ ਸੱਚ ਹੈ ਕਿ ਅੱਜ ਬਹੁਤ ਹੀ ਘੱਟ ਲੋਕ ਯਹੋਵਾਹ ਦੀ ਉਪਾਸਨਾ ਨੂੰ ਛੱਡ ਕੇ ਤਾਰਿਆਂ ਜਾਂ ਸੋਨੇ ਦੇ ਵੱਛਿਆਂ ਦੀ ਪੂਜਾ ਕਰਨੀ ਸ਼ੁਰੂ ਕਰਨਗੇ, ਪਰ ਝੂਠੀ ਪੂਜਾ ਦੇ ਹੋਰ ਵੀ ਕਈ ਰੂਪ ਹਨ। ਯਿਸੂ ਨੇ “ਮਾਯਾ” ਦੀ ਸੇਵਾ ਕਰਨ ਬਾਰੇ ਚੇਤਾਵਨੀ ਦਿੱਤੀ ਸੀ, ਅਤੇ ਪੌਲੁਸ ਨੇ ਲੋਭ ਨੂੰ ਮੂਰਤੀ ਪੂਜਾ ਸੱਦਿਆ ਸੀ। (ਮੱਤੀ 6:24; ਕੁਲੁੱਸੀਆਂ 3:5) ਸ਼ਤਾਨ ਆਪਣੇ ਆਪ ਨੂੰ ਇਕ ਈਸ਼ਵਰ ਵਜੋਂ ਪੇਸ਼ ਕਰਦਾ ਹੈ। (2 ਕੁਰਿੰਥੀਆਂ 4:4) ਮੂਰਤੀ ਪੂਜਾ ਦੇ ਅਜਿਹੇ ਰੂਪ ਆਮ ਹਨ ਅਤੇ ਸਾਡੇ ਲਈ ਫੰਧੇ ਬਣ ਸਕਦੇ ਹਨ। ਮਿਸਾਲ ਲਈ, ਜ਼ਰਾ ਅਜਿਹੇ ਵਿਅਕਤੀ ਬਾਰੇ ਸੋਚੋ ਜੋ ਮਸੀਹੀ ਹੋਣ ਦਾ ਦਾਅਵਾ ਤਾਂ ਕਰਦਾ ਹੈ ਪਰ ਜਿਸ ਦੀ ਜ਼ਿੰਦਗੀ ਦਾ ਮਕਸਦ ਅਮੀਰ ਬਣਨਾ ਹੈ ਜਾਂ ਜਿਸ ਦਾ ਭਰੋਸਾ ਸਿਰਫ਼ ਆਪਣੇ ਆਪ ਉੱਤੇ ਅਤੇ ਆਪਣਿਆਂ ਖ਼ਿਆਲਾਂ ਵਿਚ ਹੈ। ਉਹ ਅਸਲ ਵਿਚ ਕਿਸ ਦੀ ਸੇਵਾ ਕਰ ਰਿਹਾ ਹੈ? ਉਹ ਯਸਾਯਾਹ ਦੇ ਦਿਨਾਂ ਦੇ ਯਹੂਦੀਆਂ ਵਰਗਾ ਹੈ ਜੋ ਯਹੋਵਾਹ ਦੇ ਨਾਮ ਦੀ ਸੌਂਹ ਖਾਂਦੇ ਸਨ ਪਰ ਉਸ ਦੇ ਵਿਸ਼ਾਲ ਕੰਮਾਂ ਦੀ ਵਡਿਆਈ ਅਸ਼ੁੱਧ ਮੂਰਤਾਂ ਨੂੰ ਦਿੰਦੇ ਸਨ।—ਯਸਾਯਾਹ 48:1, 5.

18. ਪਿੱਛਲੇ ਜ਼ਮਾਨੇ ਵਿਚ ਅਤੇ ਅੱਜ ਵੀ ਉਪਾਸਨਾ ਕਿਨ੍ਹਾਂ ਗ਼ਲਤ ਤਰੀਕਿਆਂ ਵਿਚ ਕੀਤੀ ਜਾ ਰਹੀ ਹੈ?

18 ਯਿਸੂ ਨੇ ਸਾਨੂੰ ਖ਼ਬਰਦਾਰ ਕੀਤਾ ਸੀ ਕਿ “ਉਹ ਸਮਾ ਆਉਂਦਾ ਹੈ ਕਿ ਹਰੇਕ ਜੋ ਤੁਹਾਨੂੰ ਮਾਰ ਦੇਵੇ ਸੋ ਇਹ ਸਮਝੇਗਾ ਭਈ ਮੈਂ ਪਰਮੇਸ਼ੁਰ ਦੀ ਸੇਵਾ ਕਰਦਾ ਹਾਂ।” (ਯੂਹੰਨਾ 16:2) ਇਸ ਵਿਚ ਕੋਈ ਸ਼ੱਕ ਨਹੀਂ ਕਿ ਸੌਲੁਸ ਨੇ ਪੌਲੁਸ ਰਸੂਲ ਬਣਨ ਤੋਂ ਪਹਿਲਾਂ ਇਹ ਸੋਚਿਆ ਸੀ ਕਿ ਉਹ ਪਰਮੇਸ਼ੁਰ ਦੀ ਸੇਵਾ ਕਰ ਰਿਹਾ ਸੀ ਜਦੋਂ ‘ਉਹ ਇਸਤੀਫ਼ਾਨ ਦੇ ਮਾਰ ਦੇਣ ਉੱਤੇ ਰਾਜ਼ੀ ਸੀ’ ਅਤੇ ਜਦੋਂ ਉਹ ‘ਪ੍ਰਭੁ ਦੇ ਚੇਲਿਆਂ ਨੂੰ ਦਬਕਾਉਣ ਅਤੇ ਕਤਲ ਕਰਨ ਤੇ ਦਮ ਮਾਰਦਾ ਸੀ।’ (ਰਸੂਲਾਂ ਦੇ ਕਰਤੱਬ 7:60; 9:1) ਅੱਜ-ਕੱਲ੍ਹ ਵੀ ਕੁਝ ਲੋਕ ਜੋ ਪੂਰੀਆਂ ਨਸਲਾਂ ਦਾ ਕਤਲ ਕਰਨ ਤੇ ਤੁਲੇ ਹੋਏ ਹਨ, ਪਰਮੇਸ਼ੁਰ ਦੀ ਉਪਾਸਨਾ ਕਰਨ ਦਾ ਦਾਅਵਾ ਕਰਦੇ ਹਨ। ਕਈ ਲੋਕ ਪਰਮੇਸ਼ੁਰ ਦੀ ਉਪਾਸਨਾ ਕਰਨ ਦਾ ਦਾਅਵਾ ਕਰਦੇ ਹਨ, ਪਰ ਅਸਲ ਵਿਚ ਉਹ ਆਪਣੇ ਦੇਸ਼, ਕਬੀਲੇ, ਆਪਣੀ ਧਨ-ਦੌਲਤ, ਆਪਣੀ ਹੀ, ਜਾਂ ਕਿਸੇ ਹੋਰ ਦੇਵੀ-ਦੇਵਤੇ ਦੀ ਭਗਤੀ ਕਰ ਰਹੇ ਹਨ।

19. (ੳ) ਅਸੀਂ ਆਪਣੀ ਉਪਾਸਨਾ ਨੂੰ ਕਿਸ ਤਰ੍ਹਾਂ ਵਿਚਾਰਦੇ ਹਾਂ? (ਅ) ਅਸੀਂ ਕਿਸ ਤਰ੍ਹਾਂ ਦੀ ਉਪਾਸਨਾ ਤੋਂ ਖ਼ੁਸ਼ੀ ਪਾਵਾਂਗੇ?

19 ਯਿਸੂ ਨੇ ਕਿਹਾ ਸੀ ਕਿ “ਲਿਖਿਆ ਹੈ ਭਈ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ।” (ਮੱਤੀ 4:10) ਉਹ ਸ਼ਤਾਨ ਨਾਲ ਗੱਲ ਕਰ ਰਿਹਾ ਸੀ, ਪਰ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਸਾਰੇ ਉਸ ਦੀ ਗੱਲ ਸੁਣੀਏ! ਵਿਸ਼ਵ ਦੇ ਸਰਬਸੱਤਾਵਾਨ ਪ੍ਰਭੂ ਦੀ ਉਪਾਸਨਾ ਕਰਨੀ ਇਕ ਬਹੁਤ ਹੀ ਵੱਡਾ ਸਨਮਾਨ ਹੈ। ਅਤੇ ਉਸ ਸੇਵਕਾਈ ਬਾਰੇ ਕੀ ਕਿਹਾ ਜਾ ਸਕਦਾ ਹੈ ਜੋ ਸਾਡੀ ਉਪਾਸਨਾ ਨਾਲ ਸੰਬੰਧ ਰੱਖਦੀ ਹੈ? ਆਪਣੇ ਗੁਆਂਢੀਆਂ ਲਈ ਇਹ ਆਨੰਦਮਈ ਕੰਮ ਕਰਨ ਦੁਆਰਾ ਸਾਨੂੰ ਬਹੁਤ ਸਾਰੀ ਖ਼ੁਸ਼ੀ ਮਿਲਦੀ ਹੈ। (ਜ਼ਬੂਰ 41:1, 2; 59:16) ਫਿਰ ਵੀ, ਅਜਿਹੀ ਸੇਵਕਾਈ ਉਦੋਂ ਹੀ ਅਸਲੀ ਖ਼ੁਸ਼ੀ ਲਿਆਉਂਦੀ ਹੈ ਜਦੋਂ ਇਹ ਪੂਰੇ ਦਿਲ ਨਾਲ ਅਤੇ ਸਹੀ ਤਰੀਕੇ ਵਿਚ ਕੀਤੀ ਜਾਂਦੀ ਹੈ। ਕੌਣ ਸਹੀ ਤਰੀਕੇ ਵਿਚ ਪਰਮੇਸ਼ੁਰ ਦੀ ਉਪਾਸਨਾ ਕਰ ਰਹੇ ਹਨ? ਯਹੋਵਾਹ ਕਿਨ੍ਹਾਂ ਦੀ ਉਪਾਸਨਾ ਕਬੂਲ ਕਰਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਅਸੀਂ ਅਗਲੇ ਲੇਖ ਵਿਚ ਪਾਵਾਂਗੇ ਜਿੱਥੇ ਅਸੀਂ ਉਪਾਸਨਾ ਨਾਲ ਸੰਬੰਧਿਤ ਤੀਜੇ ਬਾਈਬਲੀ ਸ਼ਬਦ ਵੱਲ ਧਿਆਨ ਦੇਵਾਂਗੇ।

[ਫੁਟਨੋਟ]

^ ਪੈਰਾ 4 ਈਸਾਈ-ਜਗਤ ਦੀਆਂ ਰੀਤਾਂ ਵਿਚ ਜਾਂ ਤਾਂ ਕੋਈ ਸੇਵਾ ਜਾਂ ਕੋਈ ਖ਼ਾਸ ਰਸਮ ਪੂਰੀ ਕੀਤੀ ਜਾਂਦੀ ਹੈ, ਜਿਵੇਂ ਕਿ ਰੋਮਨ ਕੈਥੋਲਿਕ ਚਰਚ ਵਿਚ ਮਸੀਹ ਦੇ ਅੰਤਿਮ ਖਾਣੇ ਦੀ ਯਾਦ ਵਿਚ ਰਾਤ ਦਾ ਭੋਜਨ ਖਾਧਾ ਜਾਂਦਾ ਹੈ।

^ ਪੈਰਾ 10 ਰਸੂਲਾਂ ਦੇ ਕਰਤੱਬ 13:2 ਵਿਚ ਦੱਸਿਆ ਗਿਆ ਹੈ ਕਿ ਅੰਤਾਕਿਯਾ ਵਿਚ ਨਬੀ ਅਤੇ ਉਪਦੇਸ਼ਕ ਯਹੋਵਾਹ ਦੀ “ਉਪਾਸਨਾ ਕਰਦੇ” ਸਨ, ਜੋ ਕਿ ਯੂਨਾਨੀ ਸ਼ਬਦ ਲਿਟੂਰਿਆ ਦਾ ਇਕ ਤਰਜਮਾ ਹੈ। ਸੰਭਵ ਹੈ ਕਿ ਉਪਾਸਨਾ ਕਰਨ ਵਿਚ ਪ੍ਰਚਾਰ ਕਰਨਾ ਵੀ ਸ਼ਾਮਲ ਸੀ।

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• ਯਿਸੂ ਨੇ ਕਿਹੜੀ ਉੱਤਮ ਸੇਵਕਾਈ ਕੀਤੀ ਸੀ?

• ਮਸੀਹੀ ਕਿਹੜੀ ਸੇਵਕਾਈ ਕਰਦੇ ਹਨ?

• ਮਸੀਹੀਆਂ ਲਈ ਉਪਾਸਨਾ ਕਰਨ ਦਾ ਕੀ ਮਤਲਬ ਹੈ, ਅਤੇ ਇਹ ਕਿੱਥੇ ਕੀਤੀ ਜਾਂਦੀ ਹੈ?

• ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਉਪਾਸਨਾ ਪਰਮੇਸ਼ੁਰ ਨੂੰ ਕਬੂਲ ਹੋਵੇ ਤਾਂ ਸਾਨੂੰ ਕੀ ਹਾਸਲ ਕਰਨ ਦੀ ਲੋੜ ਹੈ?

[ਸਵਾਲ]

[ਸਫ਼ੇ 10 ਉੱਤੇ ਤਸਵੀਰ]

ਦੇਣ ਦੁਆਰਾ ਮਾਪੇ ਬਹੁਤ ਖ਼ੁਸ਼ੀ ਪਾਉਂਦੇ ਹਨ

[ਸਫ਼ੇ 12,  13 ਉੱਤੇ ਤਸਵੀਰਾਂ]

ਮਸੀਹੀ ਦੂਸਰਿਆਂ ਦੀ ਮਦਦ ਕਰਨ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੁਆਰਾ ਸੇਵਕਾਈ ਵਿਚ ਹਿੱਸਾ ਲੈਂਦੇ ਹਨ

[ਸਫ਼ੇ 14 ਉੱਤੇ ਤਸਵੀਰ]

ਪਰਮੇਸ਼ੁਰ ਨੂੰ ਸਾਡੀ ਉਪਾਸਨਾ ਕਬੂਲ ਹੋਣ ਲਈ ਸਾਨੂੰ ਸਹੀ ਗਿਆਨ ਅਤੇ ਸਮਝ ਦੀ ਜ਼ਰੂਰਤ ਹੈ