Skip to content

Skip to table of contents

ਤੁਸੀਂ ਦੋਸਤੀ ਕਿਵੇਂ ਕਰ ਸਕਦੇ ਹੋ

ਤੁਸੀਂ ਦੋਸਤੀ ਕਿਵੇਂ ਕਰ ਸਕਦੇ ਹੋ

ਤੁਸੀਂ ਦੋਸਤੀ ਕਿਵੇਂ ਕਰ ਸਕਦੇ ਹੋ

“ਜ਼ਿੰਦਗੀ ਵਿਚ ਇਕ ਹੀ ਦੋਸਤ ਮਿਲ ਜਾਏ ਤਾਂ ਕਾਫ਼ੀ ਹੁੰਦਾ ਹੈ; ਦੋ ਬਹੁਤ ਜ਼ਿਆਦਾ ਹੁੰਦੇ ਹਨ; ਤਿੰਨ ਕਦੇ ਮਿਲਦੇ ਹੀ ਨਹੀਂ।”—ਹੈਨਰੀ ਬਰੁਕਸ ਐਡਮਜ਼।

ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਸੱਚੇ ਦੋਸਤ ਬਹੁਤ ਘੱਟ ਹੀ ਮਿਲਦੇ ਹਨ। ਅਕਸਰ ਲੋਕ ਕਹਿੰਦੇ ਹਨ: “ਮੇਰਾ ਦੁੱਖ ਸਾਂਝਾ ਕਰਨ ਲਈ ਕੋਈ ਨਹੀਂ ਹੈ,” “ਮੈਨੂੰ ਕਿਸੇ ਤੇ ਭਰੋਸਾ ਨਹੀਂ,” ਜਾਂ “ਮੇਰਾ ਕੁੱਤਾ ਹੀ ਮੇਰਾ ਪੱਕਾ ਦੋਸਤ ਹੈ।”

ਦੋਸਤੀ ਕਰਨੀ ਅਤੇ ਇਸ ਨੂੰ ਸਾਲੋਂ-ਸਾਲ ਕਾਇਮ ਰੱਖਣਾ ਬੜਾ ਔਖਾ ਹੈ। ਇਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ “ਅਮਰੀਕਾ ਵਿਚ 25 ਪ੍ਰਤਿਸ਼ਤ ਨੌਜਵਾਨ ‘ਲੰਮੇ ਸਮੇਂ ਤੋਂ ਇਕੱਲੇਪਣ’ ਦਾ ਸ਼ਿਕਾਰ ਹਨ ਅਤੇ . . . ਫਰਾਂਸ ਦੀ ਅੱਧੀ ਆਬਾਦੀ ਡਾਢੀ ਤਨਹਾਈ ਨੂੰ ਸਹਿ ਰਹੀ ਹੈ।” ਦੋਸਤੀ ਕਰਨ ਦੇ ਚਾਹਵਾਨ ਲੋਕ ਡੇਟਿੰਗ ਕਲੱਬਾਂ ਅਤੇ ਕੰਪਿਊਟਰ ਚੈਟ ਰੂਮਾਂ ਵਿਚ ਜਾਂਦੇ ਹਨ ਅਤੇ ਅਖ਼ਬਾਰਾਂ ਵਿਚ ਦੋਸਤ ਬਣਾਉਣ ਦੇ ਇਸ਼ਤਿਹਾਰਾਂ ਦੀ ਭਰਮਾਰ ਤੋਂ ਪਤਾ ਲੱਗਦਾ ਹੈ ਕਿ ਲੋਕ ਦੂਜੇ ਇਨਸਾਨਾਂ ਦਾ ਸਾਥ ਚਾਹੁੰਦੇ ਹਨ।

ਇਕ ਤੰਤ੍ਰਿਕਾ ਮਨੋਵਿਗਿਆਨੀ ਡਾ. ਡੇਵਿਡ ਵੀਕਸ ਦਾਅਵਾ ਕਰਦਾ ਹੈ ਕਿ ਇਕੱਲੇਪਣ ਦਾ ਇਕ ਇਨਸਾਨ ਦੇ ਦਿਮਾਗ਼ ਤੇ ਹੀ ਨਹੀਂ ਸਗੋਂ ਉਸ ਦੀ ਸਿਹਤ ਤੇ ਵੀ ਅਸਰ ਪੈਂਦਾ ਹੈ। “ਮੇਰੇ ਕੋਲ ਚਿੰਤਾ-ਰੋਗ ਅਤੇ ਡਿਪਰੈਸ਼ਨ ਦੇ ਮਰੀਜ਼ ਬਹੁਤਾਤ ਵਿਚ ਆਉਂਦੇ ਹਨ ਜਿਨ੍ਹਾਂ ਨੂੰ ਇਕੱਲੇਪਣ ਦਾ ਸ਼ਿਕਾਰ ਕਿਹਾ ਜਾ ਸਕਦਾ ਹੈ। ਬਹੁਤ ਜ਼ਿਆਦਾ ਇਕੱਲਾਪਣ ਹੋਣ ਨਾਲ ਨਿਰਾਸ਼ਾ ਹੋਰ ਵੀ ਵਧ ਜਾਂਦੀ ਹੈ ਇਸ ਲਈ ਇਨ੍ਹਾਂ ਦੋਵਾਂ ਦਾ ਆਪਸ ਵਿਚ ਗੂੜ੍ਹਾ ਰਿਸ਼ਤਾ ਹੈ।”

ਤਲਾਕ ਹੋਣ ਅਤੇ ਪਰਿਵਾਰ ਟੁੱਟਣ ਕਰਕੇ ਜ਼ਿਆਦਾ ਤੋਂ ਜ਼ਿਆਦਾ ਲੋਕ ਇਕੱਲੇ ਜ਼ਿੰਦਗੀ ਬਿਤਾਉਣ ਲਈ ਮਜਬੂਰ ਹੋ ਰਹੇ ਹਨ। ਬ੍ਰਿਟੇਨ ਵਿਚ ਕੀਤੇ ਗਏ ਇਕ ਸਰਵੇਖਣ ਤੋਂ ਸਿੱਟਾ ਕੱਢਿਆ ਗਿਆ ਹੈ ਕਿ 21ਵੀਂ ਸਦੀ ਦੇ ਸ਼ੁਰੂ ਵਿਚ ਇਸ ਦੇਸ਼ ਦੀ ਕੁੱਲ ਆਬਾਦੀ ਦੇ 30 ਪ੍ਰਤਿਸ਼ਤ ਪਰਿਵਾਰ ਇਕੱਲੀ ਮਾਤਾ ਜਾਂ ਪਿਤਾ ਵੱਲੋਂ ਚਲਾਏ ਜਾਣਗੇ।

ਬਾਈਬਲ ਵਿਚ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਹੈ ਕਿ “ਅੰਤ ਦਿਆਂ ਦਿਨਾਂ” ਵਿਚ ਲੋਕ ਸੁਆਰਥੀ ਹੋਣਗੇ। (2 ਤਿਮੋਥਿਉਸ 3:1-5) ਇੰਜ ਜਾਪਦਾ ਹੈ ਕਿ ਬਹੁਤ ਸਾਰੇ ਲੋਕ ਦੂਜੇ ਇਨਸਾਨਾਂ ਨਾਲ ਰਿਸ਼ਤਾ ਕਾਇਮ ਕਰਨ ਦੀ ਬਜਾਇ ਹੋਰ ਜ਼ਿਆਦਾ ਧਨ-ਦੌਲਤ ਕਮਾਉਣ ਯਾਨੀ ਘਰ ਜਾਂ ਕਾਰ ਜਾਂ ਆਪਣੀਆਂ ਨੌਕਰੀਆਂ ਦੇ ਚੱਕਰਾਂ ਵਿਚ ਪਏ ਹੋਏ ਹਨ। ਲੇਖਕ ਐਨਥਨੀ ਸਟੌਰ ਟਿੱਪਣੀ ਕਰਦਾ ਹੈ: “ਆਪਣੇ ਪਤੀ ਜਾਂ ਪਤਨੀ ਅਤੇ ਬੱਚਿਆਂ ਤੇ ਧਿਆਨ ਦੇਣ ਦੀ ਬਜਾਇ ਉਨ੍ਹਾਂ ਦੀਆਂ ਜ਼ਿੰਦਗੀਆਂ ਦਫ਼ਤਰਾਂ ਦੇ ਕੰਮਾਂ ਵਿਚ ਹੀ ਬੀਤਦੀਆਂ ਹਨ।”

ਸੱਚੇ ਦੋਸਤ ਅਨਮੋਲ ਹਨ

ਜਿਹੋ-ਜਿਹੀ ਤੁਹਾਡੀ ਦੋਸਤੀ ਹੋਵੇਗੀ ਉਸੇ ਤਰ੍ਹਾਂ ਦੀ ਤੁਹਾਡੀ ਜ਼ਿੰਦਗੀ ਹੋਵੇਗੀ। ਜੇ ਤੁਹਾਡੇ ਚੰਗੇ ਦੋਸਤ ਹਨ, ਤਾਂ ਤੁਹਾਡੀ ਜ਼ਿੰਦਗੀ ਵੀ ਵਧੀਆ ਹੋਵੇਗੀ। ਅਕਸਰ ਜੋ ਲੋਕ ਸਿਰਫ਼ ਆਪਣੇ ਲਈ ਜੀਉਂਦੇ ਹਨ ਉਹ ਖ਼ੁਸ਼ ਨਹੀਂ ਰਹਿੰਦੇ ਕਿਉਂਕਿ ਉਨ੍ਹਾਂ ਕੋਲ ਆਪਣੀਆਂ ਚੀਜ਼ਾਂ ਜਾਂ ਆਪਣੇ ਵਿਚਾਰ ਸਾਂਝੇ ਕਰਨ ਲਈ ਕੋਈ ਦੋਸਤ ਨਹੀਂ ਹੁੰਦਾ। ਯਿਸੂ ਮਸੀਹ ਦੇ ਇਹ ਲਫ਼ਜ਼ ਐਨ ਸੱਚ ਹਨ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਅਜਿਹੀ ਹੀ ਗੱਲ ਜੌਰਜ ਬਾਏਰਨ ਨਾਂ ਦੇ ਅੰਗ੍ਰੇਜ਼ ਕਵੀ ਨੇ ਲਿਖੀ: “ਜੋ ਖ਼ੁਸ਼ ਹੋਣਾ ਚਾਹੁੰਦੇ ਹਨ ਉਨ੍ਹਾਂ ਸਾਰਿਆਂ ਨੂੰ ਇਹ ਖ਼ੁਸ਼ੀ ਦੂਜਿਆਂ ਨਾਲ ਵੀ ਵੰਡਣੀ ਚਾਹੀਦੀ ਹੈ।”

ਦੋਸਤ ਕੌਣ ਹੁੰਦਾ ਹੈ? ਇਕ ਡਿਕਸ਼ਨਰੀ ਮੁਤਾਬਕ ਕਿਸੇ ਵਿਅਕਤੀ ਦਾ ਦੋਸਤ ਉਹ ਹੁੰਦਾ ਹੈ ਜੋ “ਉਸ ਦੀ ਪਰਵਾਹ ਕਰਦਾ, ਉਸ ਨਾਲ ਪਿਆਰ ਕਰਦਾ ਜਾਂ ਉਸ ਦਾ ਸਤਿਕਾਰ ਕਰਦਾ ਹੈ।” ਇਕ ਸੱਚਾ ਦੋਸਤ ਤੁਹਾਡੀ ਸੋਚਣੀ ਨੂੰ ਚੰਗੀਆਂ ਗੱਲਾਂ ਵੱਲ ਸੇਧ ਦੇਣ ਵਿਚ ਮਦਦ ਦੇ ਸਕਦਾ ਹੈ। ਲੋੜ ਵੇਲੇ ਉਹ ਤੁਹਾਡੀ ਹਿੰਮਤ ਵਧਾ ਸਕਦਾ ਹੈ ਅਤੇ ਤੁਹਾਨੂੰ ਮਜ਼ਬੂਤ ਕਰ ਸਕਦਾ ਹੈ। ਨਾਲੇ ਉਹ ਤੁਹਾਡਾ ਦੁੱਖ ਵੀ ਸਾਂਝਾ ਕਰ ਸਕਦਾ ਹੈ। ਰਾਜਾ ਸੁਲੇਮਾਨ ਨੇ ਕਿਹਾ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” (ਕਹਾਉਤਾਂ 17:17) ਹਾਲਾਂਕਿ ਸਮਾਂ ਬੀਤਣ ਤੇ ਧਨ-ਦੌਲਤ ਦੀ ਕੀਮਤ ਘੱਟਦੀ ਜਾਂਦੀ ਹੈ, ਪਰ ਸੱਚੀ ਦੋਸਤੀ ਸਮੇਂ ਦੇ ਬੀਤਣ ਨਾਲ ਵੱਧਦੀ-ਫੁੱਲਦੀ ਅਤੇ ਹੋਰ ਵੀ ਗੂੜ੍ਹੀ ਹੁੰਦੀ ਜਾਂਦੀ ਹੈ।

ਬਾਈਬਲ ਉਤਸ਼ਾਹਿਤ ਕਰਦੀ ਹੈ ਕਿ ਮਸੀਹੀ ਆਪਣੇ ਪਿਆਰ ਵਿਚ “ਖੁਲ੍ਹੇ ਦਿਲ” ਵਾਲੇ ਹੋਣ। (2 ਕੁਰਿੰਥੀਆਂ 6:13) ਦੂਜਿਆਂ ਨਾਲ ਪਿਆਰ-ਮੁਹੱਬਤ ਰੱਖਣਾ ਅਕਲਮੰਦੀ ਦੀ ਗੱਲ ਹੈ। ਉਪਦੇਸ਼ਕ ਦੀ ਪੋਥੀ 11:1, 2 ਵਿਚ ਅਸੀਂ ਪੜ੍ਹਦੇ ਹਾਂ: “ਆਪਣੀ ਰੋਟੀ ਪਾਣੀਆਂ ਦੇ ਉੱਤੇ ਸੁੱਟ ਦੇਹ, ਤਾਂ ਤੂੰ ਬਹੁਤ ਦਿਨਾਂ ਦੇ ਪਿੱਛੋਂ ਉਸ ਨੂੰ ਪਾਵੇਂਗਾ। ਸੱਤਾਂ ਨੂੰ ਸਗੋਂ ਅੱਠਾਂ ਨੂੰ ਵੰਡ ਦੇਹ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਧਰਤੀ ਉੱਤੇ ਕੀ ਬਿਪਤਾ ਆਵੇਗੀ।” ਇਹ ਅਸੂਲ ਦੋਸਤੀ ਤੇ ਕਿਵੇਂ ਢੁਕਦਾ ਹੈ? ਜੇ ਤੁਹਾਡੀ ਕਈ ਲੋਕਾਂ ਨਾਲ ਦੋਸਤੀ ਹੈ, ਤਾਂ ਉਨ੍ਹਾਂ ਵਿੱਚੋਂ ਕੁਝ ਲੋਕ ਔਖੇ ਸਮਿਆਂ ਵਿਚ ਤੁਹਾਡੀ ਮਦਦ ਜ਼ਰੂਰ ਕਰਨਗੇ।

ਸੱਚੇ ਦੋਸਤ ਦੂਜੇ ਤਰੀਕੇ ਨਾਲ ਵੀ ਤੁਹਾਡੀ ਰੱਖਿਆ ਕਰਦੇ ਹਨ। ਕਹਾਉਤਾਂ 27:6 ਕਹਿੰਦਾ ਹੈ: “ਹਿੱਤਕਾਰੀ ਵੱਲੋਂ ਘਾਉ ਵਫਾਦਾਰੀ ਵਾਲੇ ਹਨ।” ਭਾਵੇਂ ਕਈ ਲੋਕ ਤੁਹਾਡੀ ਸ਼ਲਾਘਾ ਕਰਨ, ਪਰ ਸਿਰਫ਼ ਸੱਚਾ ਦੋਸਤ ਹੀ ਤੁਹਾਡੀ ਗੰਭੀਰ ਗ਼ਲਤੀ ਨੂੰ ਦੱਸੇਗਾ ਅਤੇ ਬੜੇ ਪਿਆਰ ਨਾਲ ਤੁਹਾਡੇ ਹਿਤ ਦੀ ਸਲਾਹ ਦੇਵੇਗਾ।—ਕਹਾਉਤਾਂ 28:23.

ਚੰਗੇ ਤੇ ਪੱਕੇ ਦੋਸਤ ਅਜਿਹੇ ਅਨਮੋਲ ਤੋਹਫ਼ੇ ਹਨ ਜਿਨ੍ਹਾਂ ਦਾ ਤੁਹਾਡੇ ਤੇ ਵਧੀਆ ਅਸਰ ਪੈ ਸਕਦਾ ਹੈ। ਰਸੂਲਾਂ ਦੇ ਕਰਤੱਬ ਦੇ 10ਵੇਂ ਅਧਿਆਇ ਵਿਚ ਅਸੀਂ ਰੋਮੀ ਸੈਨਾ ਦੇ ਅਫ਼ਸਰ ਕੁਰਨੇਲਿਯੁਸ ਦੀ ਜ਼ਿੰਦਗੀ ਦੀ ਇਕ ਘਟਨਾ ਬਾਰੇ ਪੜ੍ਹਦੇ ਹਾਂ। ਉਸ ਨੂੰ ਦੂਤ ਨੇ ਦੱਸਿਆ ਸੀ ਕਿ ਉਸ ਦੀਆਂ ਪ੍ਰਾਰਥਨਾਵਾਂ ਪਰਮੇਸ਼ੁਰ ਨੇ ਸੁਣ ਲਈਆਂ ਸਨ। ਪਤਰਸ ਰਸੂਲ ਦੇ ਆਉਣ ਦੀ ਉਡੀਕ ਵਿਚ “ਕੁਰਨੇਲਿਯੁਸ ਨੇ ਆਪਣੇ ਸਾਕਾਂ ਅਰ ਪਿਆਰੇ ਮਿੱਤ੍ਰਾਂ ਨੂੰ ਇਕੱਠੇ ਕਰ” ਲਿਆ। ਕੁਰਨੇਲਿਯੁਸ ਦੇ ਇਹ ਪੱਕੇ ਦੋਸਤ ਖ਼ੁਸ਼ ਖ਼ਬਰੀ ਨੂੰ ਕਬੂਲ ਕਰਨ ਵਾਲੇ ਪਹਿਲੇ ਬੇਸੁੰਨਤੇ ਗ਼ੈਰ-ਯਹੂਦੀ ਸਨ ਜਿਨ੍ਹਾਂ ਨੂੰ ਪਵਿੱਤਰ ਆਤਮਾ ਦੁਆਰਾ ਮਸਹ ਕੀਤਾ ਗਿਆ ਸੀ। ਇਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਵਿਚ ਮਸੀਹ ਦੇ ਨਾਲ ਹਕੂਮਤ ਕਰਨ ਦੀ ਆਸ਼ਾ ਸੀ। ਕੁਰਨੇਲਿਯੁਸ ਦੇ ਪੱਕੇ ਦੋਸਤਾਂ ਲਈ ਕਿੰਨੀ ਹੀ ਵੱਡੀ ਬਰਕਤ!—ਰਸੂਲਾਂ ਦੇ ਕਰਤੱਬ 10:24, 44.

ਪਰ ਤੁਸੀਂ ਦੋਸਤੀ ਕਿਵੇਂ ਸ਼ੁਰੂ ਕਰ ਸਕਦੇ ਹੋ? ਬਾਈਬਲ ਦੋਸਤੀ ਬਾਰੇ ਬਹੁਤ ਕੁਝ ਦੱਸਦੀ ਹੈ ਅਤੇ ਉਹੀ ਇਸ ਸਵਾਲ ਦਾ ਸਹੀ ਜਵਾਬ ਦਿੰਦੀ ਹੈ। (ਥੱਲੇ ਦਿੱਤੀ ਡੱਬੀ ਦੇਖੋ।)

ਤੁਸੀਂ ਸੱਚੇ ਦੋਸਤ ਕਿੱਥੇ ਬਣਾ ਸਕਦੇ ਹੋ

ਸੱਚੇ ਦੋਸਤ ਬਣਾਉਣ ਦੀ ਸਭ ਤੋਂ ਵਧੀਆ ਥਾਂ ਹੈ—ਮਸੀਹੀ ਕਲੀਸਿਯਾ। ਸਭ ਤੋਂ ਪਹਿਲਾਂ, ਤੁਸੀਂ ਆਪਣੇ ਸ੍ਰਿਸ਼ਟੀਕਰਤਾ ਅਤੇ ਸਵਰਗੀ ਪਿਤਾ ਯਹੋਵਾਹ ਤੇ ਆਪਣੇ ਮੁਕਤੀਦਾਤੇ ਯਿਸੂ ਮਸੀਹ ਨੂੰ ਆਪਣੇ ਦੋਸਤ ਬਣਾ ਸਕਦੇ ਹੋ। ਯਿਸੂ ਜੋ ਤੁਹਾਨੂੰ ਆਪਣਾ ਦੋਸਤ ਬਣਨ ਦਾ ਸੱਦਾ ਦਿੰਦਾ ਹੈ, ਨੇ ਕਿਹਾ: “ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ ਦੇ ਦੇਵੇ।” (ਯੂਹੰਨਾ 15:13, 15) ਯਹੋਵਾਹ ਅਤੇ ਯਿਸੂ ਮਸੀਹ ਦੇ ਦੋਸਤ ਬਣ ਕੇ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਉਹ “ਤੁਹਾਨੂੰ ਸਦੀਵਕਾਲ ਦੇ ਰਹਿਣ ਵਾਲੇ ਡੇਰਿਆਂ ਵਿੱਚ ਕਬੂਲ” ਕਰਨਗੇ। ਜੀ ਹਾਂ, ਯਹੋਵਾਹ ਤੇ ਯਿਸੂ ਮਸੀਹ ਨਾਲ ਦੋਸਤੀ ਕਰਨ ਦਾ ਮਤਲਬ ਹੈ—ਹਮੇਸ਼ਾ ਦੀ ਜ਼ਿੰਦਗੀ।—ਲੂਕਾ 16:9; ਯੂਹੰਨਾ 17:3.

ਤੁਸੀਂ ਉਨ੍ਹਾਂ ਦੀ ਨਿੱਘੀ ਦੋਸਤੀ ਦਾ ਆਨੰਦ ਕਿਵੇਂ ਮਾਣ ਸਕਦੇ ਹੋ? ਯਹੋਵਾਹ ਦੇ ਡੇਹਰੇ ਵਿਚ ਉਸ ਦੇ ਇਕ ਦੋਸਤ ਵਜੋਂ ਮਹਿਮਾਨ ਬਣ ਕੇ ਆਉਣ ਦੀਆਂ ਮੰਗਾਂ 15ਵੇਂ ਜ਼ਬੂਰ ਵਿਚ ਦੱਸੀਆਂ ਗਈਆਂ ਹਨ। ਬਾਈਬਲ ਵਿੱਚੋਂ ਇਸ ਜ਼ਬੂਰ ਦੀਆਂ ਪਹਿਲੀਆਂ ਪੰਜ ਆਇਤਾਂ ਪੜ੍ਹੋ। ਇਸ ਤੋਂ ਇਲਾਵਾ, ਯਿਸੂ ਮਸੀਹ ਨੇ ਕਿਹਾ: “ਜੇ ਤੁਸੀਂ ਓਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤ੍ਰ ਹੋ।”—ਯੂਹੰਨਾ 15:14.

ਜੀ ਹਾਂ, ਪਰਮੇਸ਼ੁਰ ਦੇ ਬਚਨ, ਬਾਈਬਲ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਤੇ ਇਸ ਵਿਚ ਦਿੱਤੀਆਂ ਹਿਦਾਇਤਾਂ ਨੂੰ ਅਮਲ ਵਿਚ ਲਿਆ ਕੇ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਯਹੋਵਾਹ ਅਤੇ ਯਿਸੂ ਦੇ ਦੋਸਤ ਬਣਨਾ ਚਾਹੁੰਦੇ ਹੋ। ਉਨ੍ਹਾਂ ਦੇ ਦੋਸਤ ਬਣਨ ਲਈ ਤੁਹਾਨੂੰ ਮਸੀਹੀ ਸਭਾਵਾਂ ਵਿਚ ਬਾਕਾਇਦਾ ਜਾਣਾ ਚਾਹੀਦਾ ਹੈ ਜਿੱਥੇ ਯਹੋਵਾਹ ਪਰਮੇਸ਼ੁਰ ਦਾ ਗਿਆਨ ਦਿੱਤਾ ਜਾਂਦਾ ਹੈ। ਯਹੋਵਾਹ ਦੀਆਂ ਗੱਲਾਂ ਨੂੰ ਗਹੁ ਨਾਲ ਸੁਣ ਕੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਈਮਾਨਦਾਰੀ ਨਾਲ ਲਾਗੂ ਕਰ ਕੇ ਤੁਸੀਂ ਉਸ ਦੇ ਅਤੇ ਉਸ ਦੇ ਪੁੱਤਰ ਦੇ ਹੋਰ ਵੀ ਨੇੜੇ ਆ ਜਾਓਗੇ।

ਸਭਾਵਾਂ ਵਿਚ ਤੁਸੀਂ ਉਨ੍ਹਾਂ ਲੋਕਾਂ ਨੂੰ ਮਿਲੋਗੇ ਜੋ ਯਹੋਵਾਹ ਨਾਲ ਪਿਆਰ ਕਰਦੇ ਹਨ ਅਤੇ ਜੋ ਆਪਣੀ ਜ਼ਿੰਦਗੀ ਵਿਚ ਆਤਮਾ ਦੇ ਫਲ ਜਿਵੇਂ ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਅਤੇ ਸੰਜਮ ਦਿਖਾਉਂਦੇ ਹਨ। (ਗਲਾਤੀਆਂ 5:22, 23) ਜੇ ਤੁਸੀਂ ਵਾਕਈ ਦੋਸਤ ਬਣਾਉਣਾ ਅਤੇ ਇਕੱਲੇਪਣ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਹਰ ਹਫ਼ਤੇ ਸਭਾਵਾਂ ਵਿਚ ਆਓ। ਇੰਜ ਕਰਨ ਨਾਲ ਤੁਸੀਂ ਸਹੀ ਥਾਂ ਅਤੇ ਸਹੀ ਸਮੇਂ ਤੇ ਹੋਵੋਗੇ ਤੇ ਪਰਮੇਸ਼ੁਰ ਦੇ ਖ਼ੁਸ਼ਹਾਲ ਲੋਕਾਂ ਨਾਲ ਹਮੇਸ਼ਾ ਲਈ ਦੋਸਤੀ ਕਾਇਮ ਕਰ ਸਕੋਗੇ।

ਹਮੇਸ਼ਾ ਦੇ ਦੋਸਤ

ਸੱਚੀ ਦੋਸਤੀ ਯਹੋਵਾਹ ਪਰਮੇਸ਼ੁਰ ਵੱਲੋਂ ਇਕ ਅਨੋਖਾ ਤੋਹਫ਼ਾ ਹੈ ਕਿਉਂਕਿ ਇਹ ਉਸ ਦਾ ਗੁਣ ਹੈ। ਆਪਣੇ ਪ੍ਰੇਮਮਈ ਅਤੇ ਖੁੱਲ੍ਹ-ਦਿਲੇ ਸੁਭਾਅ ਕਾਰਨ ਹੀ ਉਸ ਨੇ ਧਰਤੀ ਉੱਤੇ ਸਮਝਦਾਰ ਇਨਸਾਨ ਬਣਾਏ ਤਾਂਕਿ ਤੁਸੀਂ ਉਨ੍ਹਾਂ ਨਾਲ ਦੋਸਤੀ ਕਰ ਸਕੋ। ਸੰਗੀ-ਮਸੀਹੀਆਂ ਨਾਲ ਸੰਗਤੀ ਕਰੋ। ਉਨ੍ਹਾਂ ਦੀ ਹਿੰਮਤ ਵਧਾਓ। ਸੇਵਕਾਈ ਵਿਚ ਉਨ੍ਹਾਂ ਨਾਲ ਕੰਮ ਕਰੋ। ਉਨ੍ਹਾਂ ਨਾਲ ਅਤੇ ਉਨ੍ਹਾਂ ਲਈ ਬਾਕਾਇਦਾ ਪ੍ਰਾਰਥਨਾ ਕਰੋ। ਫਿਰ ਹੀ ਤੁਸੀਂ ਯਹੋਵਾਹ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੀ ਰੀਸ ਕਰ ਰਹੇ ਹੋਵੋਗੇ।

ਦੋਸਤੀ ਇਕ ਤੋਹਫ਼ਾ ਹੈ। ਹਰ ਕੋਈ ਦੋਸਤੀ ਕਰ ਸਕਦਾ ਹੈ ਅਤੇ ਦੋਸਤ ਬਣਾ ਸਕਦਾ ਹੈ। ਨੇੜਲੇ ਭਵਿੱਖ ਵਿਚ ਤੁਹਾਡੇ ਕੋਲ ਹੋਰ ਵੀ ਜ਼ਿਆਦਾ ਦੋਸਤ ਬਣਾਉਣ ਦਾ ਮੌਕਾ ਹੋਵੇਗਾ। ਅੱਜ ਜੀ ਰਹੇ ਲੱਖਾਂ ਹੀ ਲੋਕਾਂ ਨੂੰ ਤੁਸੀਂ ਆਪਣੇ ਦੋਸਤ ਬਣਾ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਉਨ੍ਹਾਂ ਨੂੰ ਵੀ ਆਪਣੇ ਦੋਸਤ ਬਣਾ ਸਕੋਗੇ ਜੋ ਪੀੜ੍ਹੀਆਂ ਤੋਂ ਮੌਤ ਦੀ ਨੀਂਦ ਸੌਂ ਰਹੇ ਹਨ, ਦੁਬਾਰਾ ਜੀਉਂਦੇ ਕੀਤੇ ਜਾਣ ਦੇ ਉਸ ਸਮੇਂ ਦੀ ਉਡੀਕ ਕਰ ਰਹੇ ਹਨ ਜਦੋਂ “ਅਗਾਹਾਂ ਨੂੰ ਮੌਤ ਨਾ ਹੋਵੇਗੀ।” (ਪਰਕਾਸ਼ ਦੀ ਪੋਥੀ 21:4; ਯੂਹੰਨਾ 5:28, 29) ਹੁਣ ਤੋਂ ਹੀ ਦੋਸਤਾਨਾ ਸੁਭਾਅ ਵਾਲੇ ਬਣੋ ਅਤੇ ਉਨ੍ਹਾਂ ਨੂੰ ਦੋਸਤ ਬਣਾਓ ਜੋ ਯਹੋਵਾਹ ਨੂੰ ਪਿਆਰ ਕਰਦੇ ਹਨ। ਪਰਮੇਸ਼ੁਰ ਦੇ ਪ੍ਰੇਰਿਤ ਬਚਨ ਨੂੰ ਗਹੁ ਨਾਲ ਸੁਣ ਕੇ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨਾਲ ਆਪਣੀ ਦੋਸਤੀ ਵਧਾਓ। ਫਿਰ ਦੇਖਣਾ ਤੁਸੀਂ ਕਦੇ ਵੀ ਇਕੱਲੇ ਨਹੀਂ ਹੋਵੋਗੇ।

[ਸਫ਼ੇ 22, 23 ਉੱਤੇ ਡੱਬੀ/​ਤਸਵੀਰਾਂ]

ਹਮੇਸ਼ਾ ਦੀ ਦੋਸਤੀ ਕਾਇਮ ਰੱਖਣ ਲਈ ਛੇ ਕਦਮ

1. ਪਹਿਲਾਂ ਖ਼ੁਦ ਇਕ ਦੋਸਤ ਬਣੋ। ਅਬ­ਰਾਹਾਮ ਨੂੰ ਆਪਣੀ ਪੱਕੀ ਨਿਹਚਾ ਕਰਕੇ “ਪਰਮੇਸ਼ੁਰ ਦਾ ਮਿੱਤਰ” ਕਿਹਾ ਗਿਆ। (ਯਾਕੂਬ 2:23) ਸਿਰਫ਼ ਇਸੇ ਕਾਰਨ ਨਹੀਂ ਸਗੋਂ ਇਸ ਦੀ ਇਕ ਹੋਰ ਵਜ੍ਹਾ ਵੀ ਸੀ। ਬਾਈ­ਬਲ ਕਹਿੰਦੀ ਹੈ ਕਿ ਅਬਰਾਹਾਮ ਨੇ ਇਸ ਗੱਲ ਦਾ ਸਬੂਤ ਦਿੱਤਾ ਕਿ ਉਹ ਪਰਮੇਸ਼ੁਰ ਨੂੰ ਪਿਆਰ ਕਰਦਾ ਸੀ। (2 ਇਤਹਾਸ 20:7) ਉਸ ਨੇ ਖ਼ੁਦ ਪਹਿਲ ਕਰ ਕੇ ਆਪਣੇ ਦਿਲ ਦੀਆਂ ਗੱਲਾਂ ਯਹੋਵਾਹ ਨੂੰ ਦੱਸੀਆਂ। (ਉਤਪਤ 18:20-33) ਜੀ ਹਾਂ, ਆਪਣੀ ਦੋਸਤੀ ਦਾ ਸਬੂਤ ਦੇਣ ਲਈ ਪਹਿਲ ਕਰਨੀ ਪੈਂਦੀ ਹੈ। ਯਿਸੂ ਨੇ ਕਿਹਾ: “ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ।” (ਲੂਕਾ 6:38) ਹੌਸਲਾ-ਅਫ਼ਜ਼ਾਈ ਦੇ ਦੋ ਲਫ਼ਜ਼ ਬੋਲਣ ਜਾਂ ਮਦਦ ਦੇਣ ਨਾਲ ਤੁਹਾਡੀ ਦੋਸਤੀ ਸ਼ੁਰੂ ਹੋ ਸਕਦੀ ਹੈ ਜਿਸ ਨਾਲ ਅੱਗੇ ਜਾ ਕੇ ਇਹ ਦੋਸਤੀ ਹੋਰ ਵੀ ਪੱਕੀ ਹੁੰਦੀ ਜਾਵੇਗੀ। ਅਮਰੀਕੀ ਨਿਬੰਧਕਾਰ ਰੈਲਫ ਵਾਲਡੋ ਐਮਰਸਨ ਨੇ ਇਕ ਵਾਰ ਕਿਹਾ ਸੀ: “ਇਕ ਦੋਸਤ ਬਣਾਉਣ ਲਈ ਪਹਿਲਾਂ ਖ਼ੁਦ ਇਕ ਦੋਸਤ ਬਣਨਾ ਜ਼ਰੂਰੀ ਹੈ।”

2. ਦੋਸਤੀ ਕਰਨ ਲਈ ਸਮਾਂ ਕੱਢੋ। ਜ਼ਿਆਦਾਤਰ ਲੋਕ ਦੋਸਤੀ ਤੋਂ ਫ਼ਾਇਦੇ ਤਾਂ ਲੈਣੇ ਚਾਹੁੰਦੇ ਹਨ, ਪਰ ਦੋਸਤੀ ਕਰਨ ਲਈ ਉਹ ਆਪ ਸਮਾਂ ਨਹੀਂ ਕੱਢਣਾ ਚਾਹੁੰਦੇ। ਰੋਮੀਆਂ 12:15, 16 ਉਤਸ਼ਾਹਿਤ ਕਰਦਾ ਹੈ ਕਿ ਸਾਨੂੰ ਦੂਜਿਆਂ ਦੇ ਦੁੱਖ-ਸੁੱਖ ਅਤੇ ਖ਼ੁਸ਼ੀ-ਗਮੀ ਨੂੰ ਆਪਸ ਵਿਚ ਸਾਂਝਾ ਕਰਨਾ ਚਾਹੀਦਾ ਹੈ। ਇਹ ਆਇਤਾਂ ਕਹਿੰਦੀਆਂ ਹਨ: “ਅਨੰਦ ਕਰਨ ਵਾਲਿਆਂ ਦੇ ਨਾਲ ਅਨੰਦ ਕਰੋ, ਰੋਣ ਵਾਲਿਆਂ ਨਾਲ ਰੋਵੋ। ਆਪੋ ਵਿੱਚ ਇੱਕ ਮਨ ਹੋਵੋ।” ਹਾਲਾਂਕਿ ਯਿਸੂ ਮਸੀਹ ਨੂੰ ਬੜੇ ਕੰਮ ਸਨ, ਪਰ ਉਸ ਨੇ ਹਮੇਸ਼ਾ ਆਪਣੇ ਦੋਸਤਾਂ ਲਈ ਸਮਾਂ ਕੱਢਿਆ। (ਮਰਕੁਸ 6:31-34) ਚੇਤੇ ਰੱਖੋ ਕਿ ਦੋਸਤੀ ਇਕ ਫੁੱਲਦਾਰ ਬੂਟੇ ਵਰਗੀ ਹੈ। ਇਸ ਨੂੰ ਪਾਣੀ ਦੇਣ ਅਤੇ ਇਸ ਦੀ ਦੇਖ-ਰੇਖ ਕਰਨ ਦੀ ਲੋੜ ਹੁੰਦੀ ਹੈ ਤਾਂਕਿ ਦੋਸਤੀ-ਰੂਪੀ ਬੂਟਾ ਵਧੇ-ਫੁੱਲੇ, ਪਰ ਇਹ ਸਭ ਕੁਝ ਕਰਨ ਲਈ ਸਮਾਂ ਲੱਗਦਾ ਹੈ।

3. ਦੂਜਿਆਂ ਦੀ ਗੱਲ ਧਿਆਨ ਨਾਲ ਸੁਣੋ। ਚੰਗੀ ਤਰ੍ਹਾਂ ਤੇ ਧਿਆਨ ਨਾਲ ਸੁਣਨ ਵਾਲਿਆਂ ਲਈ ਦੋਸਤ ਬਣਾਉਣਾ ਆਸਾਨ ਹੁੰਦਾ ਹੈ। ਯਾਕੂਬ ਕਹਿੰਦਾ ਹੈ: “ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ” ਹੋਵੇ। (ਯਾਕੂਬ 1:19) ਜਦੋਂ ਤੁਸੀਂ ਦੂਜਿਆਂ ਨਾਲ ਗੱਲ ਕਰਦੇ ਹੋ, ਤਾਂ ਉਨ੍ਹਾਂ ਦੇ ਜਜ਼ਬਾਤਾਂ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਆਪਣੇ ਬਾਰੇ ਗੱਲ ਕਰਨ। ਉਨ੍ਹਾਂ ਦਾ ਆਦਰ ਕਰਨ ਵਿਚ ਪਹਿਲ ਕਰੋ। (ਰੋਮੀਆਂ 12:10) ਤਾਂ ਹੀ ਉਹ ਤੁਹਾਡੇ ਨਾਲ ਗੱਲ ਕਰਨੀ ਚਾਹੁਣਗੇ। ਦੂਜੇ ਪਾਸੇ, ਜੇ ਤੁਸੀਂ ਆਪ ਹੀ ਹਰ ਵਾਰ ਬੋਲੀ ਜਾਂਦੇ ਹੋ ਜਾਂ ਦੂਜਿਆਂ ਦਾ ਧਿਆਨ ਹਮੇਸ਼ਾ ਆਪਣੇ ਵੱਲ ਖਿੱਚਦੇ ਹੋ, ਤਾਂ ਫਿਰ ਕੋਈ ਵੀ ਤੁਹਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੋਵੇਗਾ ਜਾਂ ਤੁਹਾਡੀਆਂ ਭਾਵਨਾਵਾਂ ਅਤੇ ਲੋੜਾਂ ਦੀ ਪਰਵਾਹ ਨਹੀਂ ਕਰੇਗਾ।

4. ਮਾਫ਼ ਕਰੋ। ਯਿਸੂ ਨੇ ਇਕ ਵਾਰ ਪਤਰਸ ਨੂੰ ਕਿਹਾ ਕਿ ਮਾਫ਼ ਕਰਨ ਲਈ “ਸੱਤਰ ਦੇ ਸੱਤ ਗੁਣਾ ਤੀਕਰ” ਤਿਆਰ ਰਹਿਣਾ ਚਾਹੀਦਾ ਹੈ। (ਮੱਤੀ 18:21, 22) ਇਕ ਸੱਚਾ ਦੋਸਤ ਨਿੱਕੀਆਂ-ਮੋਟੀਆਂ ਗ਼ਲਤੀਆਂ ਨੂੰ ਝੱਟ ਹੀ ਨਜ਼ਰਅੰਦਾਜ਼ ਕਰ ਦਿੰਦਾ ਹੈ। ਮਿਸਾਲ ਵਜੋਂ: ਕੁਝ ਲੋਕ ਰਸਭਰੀਆਂ ਦੇ ਿਨੱਕੇ-ਿਨੱਕੇ ਬੀ ਹੋਣ ਕਰਕੇ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ। ਪਰ ਜਿਨ੍ਹਾਂ ਨੂੰ ਇਹ ਖਾਣੀਆਂ ਚੰਗੀਆਂ ਲੱਗਦੀਆਂ ਹਨ ਉਹ ਬੀਜਾਂ ਵੱਲ ਧਿਆਨ ਨਹੀਂ ਦਿੰਦੇ। ਸੱਚੇ ਦੋਸਤਾਂ ਨੂੰ ਉਨ੍ਹਾਂ ਦੇ ਚੰਗੇ ਗੁਣਾਂ ਕਰਕੇ ਪਿਆਰ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੀਆਂ ਛੋਟੀਆਂ-ਮੋਟੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਪੌਲੁਸ ਨੇ ਸਾਨੂੰ ਤਾਕੀਦ ਕੀਤੀ: ‘ਇੱਕ ਦੂਏ ਦੀ ਸਹਿ ਲਵੋ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੋ।’ (ਕੁਲੁੱਸੀਆਂ 3:13) ਇਸ ਤਰ੍ਹਾਂ ਜੋ ਮਾਫ਼ ਕਰਨਾ ਸਿੱਖ ਜਾਂਦੇ ਹਨ ਉਨ੍ਹਾਂ ਦੀ ਦੋਸਤੀ ਹਮੇਸ਼ਾ ਕਾਇਮ ਰਹਿੰਦੀ ਹੈ।

5. ਉਸ ਨੂੰ ਵੀ ਆਪਣੀ ਨਿੱਜੀ ਜ਼ਿੰਦਗੀ ਜੀਉਣ ਦਿਓ। ਹਰ ਕਿਸੇ ਨੂੰ ਆਪਣੀ ਨਿੱਜੀ ਜ਼ਿੰਦਗੀ ਜੀਉਣ ਦਾ ਹੱਕ ਹੈ ਜਿਸ ਵਿਚ ਤੁਹਾਡੇ ਦੋਸਤ ਵੀ ਸ਼ਾਮਲ ਹਨ। ਕਹਾਉਤਾਂ 25:17 ਧਿਆਨ ਦਿਵਾਉਂਦਾ ਹੈ: “ਆਪਣੇ ਗੁਆਂਢੀ ਦੇ ਘਰ ਪੈਰ ਤਾਂ ਧਰੀਂ ਪਰ ਸੰਗੁੱਚ ਕੇ, ਅਜਿਹਾ ਨਾ ਹੋਵੇ ਭਈ ਉਹ ਅੱਕ ਕੇ ਤੈਥੋਂ ਕਰਾਹਤ ਕਰੇ।” ਇਸ ਲਈ, ਤੁਸੀਂ ਆਪਣੇ ਦੋਸਤ ਦੇ ਘਰ ਜ਼ਿਆਦਾ ਨਾ ਆਓ-ਜਾਓ ਅਤੇ ਨਾ ਹੀ ਲੰਮੇ ਸਮੇਂ ਤਕ ਬੈਠੇ ਰਹੋ। ਹਮੇਸ਼ਾ ਆਪਣੀ ਹੀ ਗੱਲ ਮੰਨਵਾਉਣ ਤੋਂ ਬਚੋ ਕਿਉਂਕਿ ਇਸ ਨਾਲ ਤੁਹਾਡੇ ਵਿਚ ਈਰਖਾ ਪੈਦਾ ਹੋ ਸਕਦੀ ਹੈ। ਕਿਸੇ ਮਾਮਲੇ ਬਾਰੇ ਆਪਣੀ ਪਸੰਦ ਅਤੇ ਰਾਇ ਚੰਗੀ ਤਰ੍ਹਾਂ ਸੋਚ-ਸਮਝ ਕੇ ਦਿਓ। ਇੰਜ ਕਰਨ ਨਾਲ ਤੁਹਾਨੂੰ ਆਪਣੀ ਦੋਸਤੀ ਤੋਂ ਤਾਜ਼ਗੀ ਅਤੇ ਖ਼ੁਸ਼ੀ ਮਿਲੇਗੀ।

6. ਖੁੱਲ੍ਹ-ਦਿਲੇ ਬਣੋ। ਦੋਸਤੀ ਖੁੱਲ੍ਹ-ਦਿਲੀ ਨਾਲ ਹੀ ਕੀਤੀ ਜਾਂਦੀ ਹੈ। ਪੌਲੁਸ ਰਸੂਲ ਨੇ “ਦਾਨ ਕਰਨ ਵਿੱਚ ਸਖ਼ੀ ਅਤੇ ਵੰਡਣ ਨੂੰ ਤਿਆਰ ਹੋਣ” ਦੀ ਸਲਾਹ ਦਿੱਤੀ। (1 ਤਿਮੋਥਿਉਸ 6:18) ਮਿਸਾਲ ਵਜੋਂ ਦੂਜਿਆਂ ਨਾਲ ਦੋ ਮਿੱਠੇ ਬੋਲ ਬੋਲੋ। (ਕਹਾਉਤਾਂ 11:25) ਖੁੱਲ੍ਹੇ-ਦਿਲ ਨਾਲ ਸ਼ਲਾਘਾ ਕਰੋ ਅਤੇ ਹੌਸਲਾ ਦੇਣ ਵਾਲੀ ਬੋਲ-ਬਾਣੀ ਬੋਲੋ। ਜਦੋਂ ਤੁਸੀਂ ਦੂਜਿਆਂ ਦੀ ਭਲਾਈ ਲਈ ਸੱਚੀ ਦਿਲਚਸਪੀ ਦਿਖਾਓਗੇ, ਤਾਂ ਉਹ ਤੁਹਾਡੇ ਵੱਲ ਖਿੱਚੇ ਚਲੇ ਆਉਣਗੇ। ਇਹ ਸੋਚਣ ਦੀ ਬਜਾਇ ਕਿ ਉਹ ਤੁਹਾਡੇ ਲਈ ਕੀ ਕਰ ਸਕਦੇ ਹਨ ਇਹ ਸੋਚੋ ਕਿ ਤੁਸੀਂ ਉਨ੍ਹਾਂ ਲਈ ਕੀ ਕਰ ਸਕਦੇ ਹੋ।