Skip to content

Skip to table of contents

“ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਹੋਵੇਗੀ”

“ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਹੋਵੇਗੀ”

ਜੀਵਨੀ

“ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਹੋਵੇਗੀ”

ਹਰਬਰਟ ਜੈਨਿੰਗਜ਼ ਦੀ ਜ਼ਬਾਨੀ

“ਮੈਂ ਤੇਮਾ ਸ਼ਹਿਰ ਤੋਂ ਘਾਨਾ ਦੇਸ਼ ਦੇ ਵਾਚ ਟਾਵਰ ਸੋਸਾਇਟੀ ਦੇ ਸ਼ਾਖ਼ਾ ਦਫ਼ਤਰ ਵਾਪਸ ਪਰਤ ਰਿਹਾ ਸੀ। ਰਾਹ ਵਿਚ ਮੈਨੂੰ ਇਕ ਨੌਜਵਾਨ ਮਿਲਿਆ ਜੋ ਸ਼ਹਿਰ ਜਾਣਾ ਚਾਹੁੰਦਾ ਸੀ ਅਤੇ ਮੈਂ ਉਸ ਨੂੰ ਆਪਣੇ ਟਰੱਕ ਵਿਚ ਬਿਠਾ ਲਿਆ। ਇਸ ਮੌਕੇ ਦਾ ਫ਼ਾਇਦਾ ਉਠਾ ਕੇ ਮੈਂ ਉਸ ਨੌਜਵਾਨ ਨੂੰ ਗਵਾਹੀ ਦੇਣੀ ਸ਼ੁਰੂ ਕਰ ਦਿੱਤੀ। ਮੈਂ ਸੋਚਿਆ ਕਿ ਮੈਂ ਬਹੁਤ ਵਧੀਆ ਗਵਾਹੀ ਦੇ ਰਿਹਾ ਸੀ ਪਰ ਜਦੋਂ ਉਸ ਨੌਜਵਾਨ ਦਾ ਠਿਕਾਣਾ ਆ ਗਿਆ, ਤਾਂ ਉਹ ਟਰੱਕ ਵਿੱਚੋਂ ਛਾਲ ਮਾਰ ਕੇ ਫਟਾਫਟ ਨੱਠ ਗਿਆ।”

ਇਸ ਹੱਡ-ਬੀਤੀ ਤੋਂ ਮੈਨੂੰ ਸ਼ੱਕ ਹੋਇਆ ਕਿ ਮੇਰੀ ਜ਼ਿੰਦਗੀ ਵਿਚ ਕੁਝ ਅਜੀਬ ਹੋ ਰਿਹਾ ਸੀ। ਜੋ ਵੀ ਮੈਨੂੰ ਹੋਇਆ, ਉਸ ਨੂੰ ਦੱਸਣ ਤੋਂ ਪਹਿਲਾਂ, ਆਓ ਮੈਂ ਤੁਹਾਨੂੰ ਇਹ ਦੱਸਾਂ ਕਿ ਮੈਂ, ਕੈਨੇਡਾ ਦਾ ਜੰਮ-ਪਲਿਆ, ਘਾਨਾ ਦੇਸ਼ ਵਿਚ ਕਿੱਦਾਂ ਆਇਆ।

ਮੈਂ ਕੈਨੇਡਾ ਵਿਚ ਟੋਰੌਂਟੋ ਸ਼ਹਿਰ ਦੇ ਉੱਤਰ ਵੱਲ ਰਹਿੰਦਾ ਹੁੰਦਾ ਸੀ। ਸੰਨ 1949 ਦੇ ਦਸੰਬਰ ਵਿਚ ਇਕ ਦਿਨ ਅਸੀਂ ਇਕ ਘਰ ਵਿਚ ਪਾਣੀ ਦੀ ਸਪਲਾਈ ਲਈ ਬਰਫ਼ ਨਾਲ ਜੰਮੀ ਹੋਈ ਤਕਰੀਬਨ ਇਕ ਮੀਟਰ ਡੂੰਘੀ ਜ਼ਮੀਨ ਪੁੱਟ ਕੇ ਹਟੇ ਸਾਂ। ਅਸੀਂ ਸਾਰੇ ਥੱਕੇ ਹੋਏ ਅਤੇ ਠੰਢ ਵਿਚ ਕੰਬਦੇ-ਕੰਬਦੇ ਲੱਕੜਾਂ ਦੇ ਟੋਟਿਆਂ ਨਾਲ ਬਾਲ਼ੀ ਹੋਈ ਅੱਗ ਦੇ ਦੁਆਲੇ ਖੜ੍ਹੇ ਹੋ ਕੇ ਟਰੱਕ ਦੀ ਉਡੀਕ ਕਰ ਰਹੇ ਸਨ। ਅਚਾਨਕ ਕਾਮਿਆਂ ਵਿੱਚੋਂ ਆਰਨਲਡ ਲੌਰਟਨ “ਲੜਾਈਆਂ” ਅਤੇ “ਯੁੱਗ ਦੇ ਅੰਤ” ਤੋਂ ਇਲਾਵਾ ਅਜਿਹੀਆਂ ਹੋਰ ਕਈ ਗੱਲਾਂ ਦੱਸਣ ਲੱਗ ਪਿਆ ਜਿਹੜੀਆਂ ਮੈਂ ਪਹਿਲਾਂ ਕਦੇ ਨਹੀਂ ਸੁਣੀਆਂ ਸੀ। ਸਾਰਿਆਂ ਵਿਚ ਚੁੱਪ ਛਾ ਗਈ ਅਤੇ ਉਹ ਪਰੇਸ਼ਾਨ ਹੋ ਗਏ ਤੇ ਕੁਝ ਤਾਂ ਉਸ ਨੂੰ ਬੁਰਾ-ਭਲਾ ਵੀ ਕਹਿਣ ਲੱਗ ਪਏ। ਮੈਨੂੰ ਯਾਦ ਹੈ ਕਿ ਉਸ ਵੇਲੇ ਮੈਂ ਆਪਣੇ ਮਨ ਵਿਚ ਸੋਚਿਆ ਸੀ ਕਿ ‘ਇਸ ਬੰਦੇ ਕੋਲ ਬੜੀ ਹਿੰਮਤ ਹੈ! ਕੋਈ ਵੀ ਇਸ ਦੀ ਗੱਲ ਸੁਣਨੀ ਨਹੀਂ ਚਾਹੁੰਦਾ, ਫੇਰ ਵੀ ਇਹ ਪ੍ਰਚਾਰ ਕਰੀ ਜਾਂਦਾ ਹੈ।’ ਪਰ ਜੋ ਗੱਲਾਂ ਉਸ ਨੇ ਕਹੀਆਂ, ਉਹ ਮੇਰੇ ਦਿਲ ਨੂੰ ਲੱਗੀਆਂ। ਇਹ ਗੱਲ ਦੂਜੇ ਵਿਸ਼ਵ ਯੁੱਧ ਤੋਂ ਕੁਝ ਸਾਲਾਂ ਬਾਅਦ ਦੀ ਹੈ। ਕਈਆਂ ਪੀੜ੍ਹੀਆਂ ਤੋਂ ਮੇਰਾ ਪਰਿਵਾਰ ਕ੍ਰਿਸਟਾਡਲਫ਼ਿਅਨ ਧਰਮ ਨਾਲ ਸੰਬੰਧ ਰੱਖਦਾ ਸੀ ਤੇ ਮੈਂ ਉਸ ਧਰਮ ਵਿਚ ਅਜਿਹੀਆਂ ਗੱਲਾਂ ਕਦੇ ਨਹੀਂ ਸੁਣੀਆਂ ਸਨ। ਮੈਂ ਆਰਨਲਡ ਲੌਰਟਨ ਦੀਆਂ ਗੱਲਾਂ ਬੜੇ ਗਹੁ ਨਾਲ ਸੁਣੀਆਂ ਤੇ ਸੁਣਨ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਕਾਇਲ ਹੋ ਗਿਆ ਕਿ ਉਹ ਵਾਕਈ ਸੱਚੀਆਂ ਗੱਲਾਂ ਦੱਸ ਰਿਹਾ ਹੈ।

ਮੈਂ ਹੋਰ ਜਾਣਕਾਰੀ ਲੈਣੀ ਚਾਹੁੰਦਾ ਸੀ। ਇਸ ਲਈ ਮੈਂ ਆਰਨਲਡ ਲੌਰਟਨ ਕੋਲ ਜਾਣ ਵਿਚ ਜ਼ਿਆਦਾ ਦੇਰ ਨਹੀਂ ਕੀਤੀ। ਜਦੋਂ ਮੈਂ ਉਸ ਸਮੇਂ ਬਾਰੇ ਸੋਚਦਾ ਹਾਂ, ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਉਹ ਅਤੇ ਉਸ ਦੀ ਪਤਨੀ, ਜੀਨ, ਕਿੰਨੇ ਧੀਰਜ ਨਾਲ ਮੇਰੀਆਂ ਗੱਲਾਂ ਸੁਣਦੇ ਸਨ। ਉਸ ਵੇਲੇ ਮੈਂ ਸਿਰਫ਼ 19 ਸਾਲਾਂ ਦਾ ਅੱਲੜ੍ਹ ਗੱਭਰੂ ਸੀ। ਮੈਂ ਗੱਲਬਾਤ ਕਰਨ ਲਈ ਉਨ੍ਹਾਂ ਦੇ ਘਰ ਬਿਨ-ਬੁਲਾਏ ਪਰਾਹੁਣੇ ਵਾਂਗ ਚਲਾ ਜਾਂਦਾ ਸੀ। ਮੇਰੇ ਜਵਾਨ ਦਿਮਾਗ਼ ਵਿਚ ਮਿਆਰਾਂ ਅਤੇ ਨੈਤਿਕਤਾ ਬਾਰੇ ਕਈ ਤਰ੍ਹਾਂ ਦੇ ਵਿਰੋਧੀ ਖ਼ਿਆਲ ਸਨ। ਉਹ ਮੇਰੇ ਸਾਰੇ ਸ਼ੱਕ ਦੂਰ ਕਰਦੇ ਸਨ ਅਤੇ ਸਹੀ ਜਵਾਬ ਹਾਸਲ ਕਰਨ ਵਿਚ ਮੇਰੀ ਮਦਦ ਕਰਦੇ ਹੁੰਦੇ ਸਨ। ਸੜਕ ਦੇ ਬੰਨ੍ਹੇ ਅੱਗ ਸੇਕਣ ਦੀ ਘਟਨਾ ਤੋਂ ਦਸ ਮਹੀਨਿਆਂ ਬਾਅਦ, ਮੈਂ 22 ਅਕਤੂਬਰ 1950 ਨੂੰ ਬਪਤਿਸਮਾ ਲੈ ਲਿਆ ਤੇ ਨੌਰਥ ਯਾਰਕ ਦੀ ਵਿਲੋਡੇਲ ਕਲੀਸਿਯਾ ਵਿਚ ਜਾਣ ਲੱਗ ਪਿਆ। ਇਹ ਇਲਾਕਾ ਅੱਜ-ਕੱਲ੍ਹ ਟੋਰੌਂਟੋ ਦਾ ਇਕ ਹਿੱਸਾ ਹੈ।

ਸੰਗੀ ਉਪਾਸਕਾਂ ਨਾਲ ਅੱਗੇ ਵਧਣਾ

ਇਕ ਸ਼ਰਾਬੀ ਡਰਾਈਵਰ ਦੀ ਗੱਡੀ ਨਾਲ ਮੇਰੇ ਪਿਤਾ ਜੀ ਦੀ ਗੱਡੀ ਦਾ ਹਾਦਸਾ ਹੋਇਆ ਸੀ ਜਿਸ ਕਰਕੇ ਉਹ ਖਿਝੇ ਜਿਹੇ ਰਹਿੰਦੇ ਸਨ। ਜਦੋਂ ਮੇਰੇ ਪਿਤਾ ਜੀ ਨੂੰ ਪਤਾ ਲੱਗਾ ਕਿ ਮੈਂ ਆਪਣੇ ਨਵੇਂ ਧਰਮ ਦੇ ਅਨੁਸਾਰ ਚੱਲਣ ਦਾ ਪੱਕਾ ਇਰਾਦਾ ਬਣਾ ਲਿਆ ਹੈ, ਤਾਂ ਘਰ ਵਿਚ ਕਾਫ਼ੀ ਤਣਾਅ ਪੈਦਾ ਹੋ ਗਿਆ। ਮੇਰੇ ਮਾਤਾ ਜੀ, ਦੋ ਭਰਾਵਾਂ ਅਤੇ ਦੋ ਭੈਣਾਂ ਲਈ ਜ਼ਿੰਦਗੀ ਬਸਰ ਕਰਨੀ ਬਹੁਤ ਔਖੀ ਸੀ। ਬਾਈਬਲ ਦੀ ਸੱਚਾਈ ਕਰਕੇ ਮੇਰੇ ਪਰਿਵਾਰ ਵਿਚ ਖਿੱਚੋ-ਤਾਣੀ ਹੋਰ ਵੀ ਵੱਧ ਗਈ। ਇਸ ਲਈ ਮੈਨੂੰ ਇਹੀ ਠੀਕ ਲੱਗਾ ਕਿ ਜੇ ਮੈਂ ਆਪਣੇ ਮਾਪਿਆਂ ਨਾਲ ਸ਼ਾਂਤੀਪੂਰਣ ਰਿਸ਼ਤਾ ਬਣਾਈ ਰੱਖਣਾ ਹੈ ਅਤੇ “ਸਚਿਅਈ ਦੇ ਮਾਰਗ” ਵਿਚ ਆਪਣੇ ਆਪ ਨੂੰ ਪੱਕਾ ਕਰਨਾ ਹੈ, ਤਾਂ ਮੈਨੂੰ ਘਰੋਂ ਚਲੇ ਜਾਣਾ ਚਾਹੀਦਾ ਹੈ।—2 ਪਤਰਸ 2:2.

ਸੰਨ 1951 ਦੀਆਂ ਗਰਮੀਆਂ ਵਿਚ ਮੈਂ ਕੋਲਮਨ, ਅਲਬਰਟਾ ਦੀ ਇਕ ਛੋਟੀ ਜਿਹੀ ਕਲੀਸਿਯਾ ਨਾਲ ਸੰਗਤ ਕਰਨ ਲੱਗ ਪਿਆ। ਦੋ ਜਵਾਨ ਭਰਾ, ਰੌਸ ਹੰਟ ਅਤੇ ਕੀਥ ਰੋਬਿੰਸ, ਉਸ ਵੇਲੇ ਪਾਇਨੀਅਰੀ ਕਰ ਰਹੇ ਸਨ। ਉਨ੍ਹਾਂ ਨੇ ਮੈਨੂੰ ਵੀ ਪਾਇਨੀਅਰੀ ਕਰਨ ਲਈ ਉਤਸ਼ਾਹਿਤ ਕੀਤਾ। ਮਾਰਚ 1952 ਵਿਚ ਮੈਂ ਪਾਇਨੀਅਰ ਬਣ ਗਿਆ।

ਮੈਂ ਅੱਜ ਵੀ ਕਦੇ-ਕਦੇ ਯਾਦ ਕਰਦਾ ਹਾਂ ਕਿ ਮੈਨੂੰ ਕਿੰਨਾ ਉਤਸ਼ਾਹ ਦਿੱਤਾ ਗਿਆ ਸੀ। ਮੈਨੂੰ ਬਹੁਤ ਕੁਝ ਸਿੱਖਣਾ ਪਿਆ ਸੀ ਤੇ ਮੇਰੀ ਸਿਖਲਾਈ ਪਾਇਨੀਅਰੀ ਤੋਂ ਹੀ ਸ਼ੁਰੂ ਹੋਈ ਸੀ। ਬਾਅਦ ਵਿਚ, ਅਲਬਰਟਾ ਦੀ ਲੇਥਬ੍ਰਿਜ ਕਲੀਸਿਯਾ ਨਾਲ ਇਕ ਸਾਲ ਪਾਇਨੀਅਰੀ ਕਰਨ ਤੋਂ ਬਾਅਦ, ਇਕ ਦਿਨ ਅਚਾਨਕ ਮੈਨੂੰ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰਨ ਲਈ ਸੱਦਾ-ਪੱਤਰ ਮਿਲਿਆ। ਮੈਂ ਕੈਨੇਡਾ ਦੇ ਪੂਰਬੀ ਕੰਢੇ ਤੇ ਉਨ੍ਹਾਂ ਕਲੀਸਿਯਾਵਾਂ ਵਿਚ ਸੇਵਾ ਕਰਨੀ ਸੀ ਜੋ ਮੰਕਟਨ, ਨਿਊ ਬਰੰਸਵਿਕ ਤੋਂ ਲੈ ਕੇ ਗੈੱਸਪੇ, ਕਿਊਬੈੱਕ ਤਕ ਫੈਲੀਆਂ ਹੋਈਆਂ ਸਨ।

ਮੇਰੀ ਉਮਰ ਸਿਰਫ਼ 24 ਸਾਲਾਂ ਦੀ ਸੀ ਤੇ ਮੈਂ ਸੱਚਾਈ ਵਿਚ ਵੀ ਨਵਾਂ-ਨਵਾਂ ਸੀ। ਖ਼ਾਸ ਤੌਰ ਤੇ ਜਦੋਂ ਮੈਂ ਆਪਣੀ ਤੁਲਨਾ ਦੂਜੇ ਪਰਿਪੱਕ ਗਵਾਹਾਂ ਨਾਲ ਕਰਦਾ ਸੀ ਤਾਂ ਮੈਂ ਆਪਣੇ ਆਪ ਨੂੰ ਇਸ ਸੇਵਾ ਦੇ ਹੋਰ ਵੀ ਨਾਕਾਬਲ ਸਮਝਦਾ ਸੀ। ਅਗਲੇ ਕਈਆਂ ਮਹੀਨਿਆਂ ਵਿਚ ਮੈਂ ਸਖ਼ਤ ਮਿਹਨਤ ਕੀਤੀ। ਪਰ ਮੇਰੀ ਜ਼ਿੰਦਗੀ ਵਿਚ ਇਕ ਹੋਰ ਹੈਰਾਨੀਜਨਕ ਗੱਲ ਵਾਪਰੀ।

ਗਿਲਿਅਡ ਸਕੂਲ ਅਤੇ ਗੋਲਡ ਕੋਸਟ

ਸਤੰਬਰ 1955 ਵਿਚ ਮੈਨੂੰ ਸਾਊਥ ਲੈਂਸਿੰਗ, ਨਿਊ ਯਾਰਕ ਵਿਖੇ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 26ਵੀਂ ਕਲਾਸ ਲਈ ਬੁਲਾਇਆ ਗਿਆ। ਇਸ ਕਲਾਸ ਵਿਚ ਤਕਰੀਬਨ ਸੌ ਵਿਦਿਆਰਥੀ ਸਨ। ਮੈਂ ਪੰਜ ਮਹੀਨੇ ਪੜ੍ਹਾਈ ਤੇ ਸਿਖਲਾਈ ਲਈ ਰੱਜ ਕੇ ਮਿਹਨਤ ਕੀਤੀ ਕਿਉਂਕਿ ਇਸ ਦੀ ਮੈਨੂੰ ਲੋੜ ਵੀ ਬਹੁਤ ਸੀ। ਜੋਸ਼ੀਲੇ ਭਰਾਵਾਂ ਦੀ ਸੰਗਤ ਵਿਚ ਰਹਿ ਕੇ ਮੈਨੂੰ ਬਹੁਤ ਹੌਸਲਾ ਮਿਲਿਆ। ਇਸ ਸਮੇਂ ਦੌਰਾਨ ਮੇਰੀ ਜ਼ਿੰਦਗੀ ਵਿਚ ਕੁਝ ਹੋਰ ਵੀ ਹੋਇਆ ਜਿਸ ਨੇ ਅੱਜ ਤਕ ਮੇਰੀ ਜ਼ਿੰਦਗੀ ਨੂੰ ਖ਼ੁਸ਼ੀਆਂ ਨਾਲ ਭਰਿਆ ਹੈ।

ਮੇਰੀ ਕਲਾਸ ਵਿਚ ਆਈਲੀਨ ਸਟੱਬਜ਼ ਨਾਂ ਦੀ ਇਕ ਕੁੜੀ ਸੀ। ਉਹ ਬੜੀ ਸੁਸ਼ੀਲ, ਸਮਝਦਾਰ ਤੇ ਖ਼ੁਸ਼-ਮਿਜ਼ਾਜ ਕੁੜੀ ਸੀ। ਉਸ ਦੇ ਬੁੱਲ੍ਹਾਂ ਤੇ ਹਮੇਸ਼ਾ ਮੁਸਕਾਨ ਰਹਿੰਦੀ ਸੀ। ਜਦੋਂ ਮੈਂ ਉਸ ਨੂੰ ਕਿਹਾ ਕਿ ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ, ਤਾਂ ਮੈਨੂੰ ਲੱਗਾ ਕਿ ਮੈਂ ਉਸ ਨੂੰ ਡਰਾ ਦਿੱਤਾ। ਪਰ ਉਹ ਸੁਣ ਕੇ ਡਰੀ ਜਾਂ ਨੱਠੀ ਨਹੀਂ! ਅਸੀਂ ਆਪਸ ਵਿਚ ਫ਼ੈਸਲਾ ਕੀਤਾ ਕਿ ਉਹ ਕਾਸਟਾ ਰੀਕਾ ਵਿਚ ਆਪਣੀ ਮਿਸ਼ਨਰੀ ਨਿਯੁਕਤੀ ਤੇ ਜਾਵੇਗੀ ਤੇ ਮੈਂ ਪੱਛਮੀ ਅਫ਼ਰੀਕਾ ਵਿਚ ਗੋਲਡ ਕੋਸਟ, ਯਾਨੀ ਘਾਨਾ ਦੇਸ਼ ਚਲਾ ਜਾਵਾਂਗਾ।

ਇਕ ਦਿਨ ਮਈ 1956 ਵਿਚ ਮੈਨੂੰ ਨਿਊ ਯਾਰਕ, ਬਰੁਕਲਿਨ ਵਿਖੇ ਭਰਾ ਨੇਥਨ ਨੌਰ ਦੇ ਆਫ਼ਿਸ ਵਿਚ ਬੁਲਾਇਆ ਗਿਆ। ਉਹ ਉਸ ਵੇਲੇ ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ ਸਨ। ਮੈਨੂੰ ਗੋਲਡ ਕੋਸਟ, ਟੋਗੋਲੈਂਡ (ਹੁਣ ਟੋਗੋ), ਆਇਵਰੀ ਕੋਸਟ (ਹੁਣ ਕੋਟ ਡਿਵੁਆਰ), ਅਪਰ ਵੋਲਟਾ (ਹੁਣ ਬੁਰਕੀਨਾ ਫਾਸੋ) ਅਤੇ ਗੈਂਬੀਆ ਦੇ ਪ੍ਰਚਾਰ ਕੰਮ ਦੀ ਦੇਖ-ਰੇਖ ਕਰਨ ਲਈ ਸ਼ਾਖ਼ਾ ਨਿਗਾਹਬਾਨ ਨਿਯੁਕਤ ਕੀਤਾ ਜਾ ਰਿਹਾ ਸੀ।

ਮੈਨੂੰ ਭਰਾ ਨੌਰ ਦੇ ਸ਼ਬਦ ਅਜੇ ਵੀ ਚੇਤੇ ਹਨ ਜਿਵੇਂ ਕਿ ਉਨ੍ਹਾਂ ਨੇ ਇਹ ਸ਼ਬਦ ਕੱਲ੍ਹ ਹੀ ਕਹੇ ਹੋਣ। ਭਰਾ ਨੌਰ ਨੇ ਕਿਹਾ ਸੀ: “ਤੈਨੂੰ ਇਕਦਮ ਹੀ ਸਾਰੀ ਜ਼ਿੰਮੇਵਾਰੀ ਆਪਣੇ ਹੱਥ ਲੈਣ ਦੀ ਲੋੜ ਨਹੀਂ। ਕੋਈ ਜਲਦੀ ਨਹੀਂ, ਤੂੰ ਆਰਾਮ ਨਾਲ ਉੱਥੇ ਦੇ ਤਜਰਬੇਕਾਰ ਭਰਾਵਾਂ ਕੋਲੋਂ ਪਹਿਲਾਂ ਸਿੱਖੀਂ। ਜਦੋਂ ਤੂੰ ਆਪਣੇ ਆਪ ਨੂੰ ਤਿਆਰ ਮਹਿਸੂਸ ਕਰੇਂ, ਤਾਂ ਸ਼ਾਖ਼ਾ ਨਿਗਾਹਬਾਨ ਵਜੋਂ ਆਪਣਾ ਕੰਮ ਸ਼ੁਰੂ ਕਰ ਦੇਵੀਂ। . . . ਆਹ ਲੈ ਆਪਣਾ ਨਿਯੁਕਤੀ ਪੱਤਰ। ਉੱਥੇ ਪਹੁੰਚਣ ਤੋਂ ਸੱਤਾਂ ਦਿਨਾਂ ਬਾਅਦ ਸਭ ਕੁਝ ਸੰਭਾਲ ਲਵੀਂ।”

‘ਸਿਰਫ਼ ਸੱਤ ਦਿਨ,’ ਮੈਂ ਸੋਚਿਆ। ‘ਭਰਾ ਨੇ ਤਾਂ ਕਿਹਾ ਸੀ ਕਿ ਕੋਈ ਜਲਦੀ ਨਹੀਂ,” ਹੁਣ ਉਹ ਗੱਲ ਕਿੱਥੇ ਗਈ?” ਮੈਂ ਹੈਰਾਨ-ਪਰੇਸ਼ਾਨ ਹੋ ਕੇ ਕਮਰੇ ਤੋਂ ਬਾਹਰ ਆ ਗਿਆ।

ਅਗਲੇ ਕੁਝ ਦਿਨ ਫਟਾਫਟ ਬੀਤ ਗਏ। ਕੁਝ ਹੀ ਦਿਨਾਂ ਬਾਅਦ ਮੈਂ ਸਮੁੰਦਰੀ ਜਹਾਜ਼ ਵਿਚ ਬੈਠ ਕੇ ਗੋਲਡ ਕੋਸਟ ਨੂੰ ਰਵਾਨਾ ਹੋ ਗਿਆ। ਇਹ 21 ਦਿਨਾਂ ਦਾ ਲੰਬਾ ਸਫ਼ਰ ਸੀ।

ਆਈਲੀਨ ਤੇ ਮੈਂ ਸਮੁੰਦਰੋਂ-ਪਾਰ ਇਕ ਦੂਜੇ ਨੂੰ ਚਿੱਠੀਆਂ ਲਿਖਦੇ ਰਹੇ। ਅਸੀਂ 1958 ਵਿਚ ਦੁਬਾਰਾ ਮਿਲੇ, ਤਾਂ ਇਸੇ ਸਾਲ ਦੀ 23 ਅਗਸਤ ਨੂੰ ਸਾਡਾ ਵਿਆਹ ਹੋ ਗਿਆ। ਇਹੋ ਜਿਹਾ ਸ਼ਾਨਦਾਰ ਜੀਵਨ-ਸਾਥੀ ਮਿਲਣ ਤੇ ਮੈਂ ਯਹੋਵਾਹ ਦਾ ਲੱਖ-ਲੱਖ ਧੰਨਵਾਦ ਕਰਦਾ ਹਾਂ।

ਮੈਂ 19 ਸਾਲਾਂ ਲਈ ਆਪਣੇ ਸੰਗੀ ਮਿਸ਼ਨਰੀਆਂ ਅਤੇ ਸੋਸਾਇਟੀ ਦੇ ਸ਼ਾਖ਼ਾ ਦਫ਼ਤਰ ਵਿਚ ਅਫ਼ਰੀਕੀ ਭੈਣ-ਭਰਾਵਾਂ ਨਾਲ ਸੇਵਾ ਕਰਨ ਦੇ ਮੌਕਿਆਂ ਦਾ ਆਨੰਦ ਮਾਣਿਆ। ਉਸ ਸਮੇਂ ਦੌਰਾਨ ਬੈਥਲ ਪਰਿਵਾਰ ਦੀ ਗਿਣਤੀ ਥੋੜ੍ਹੇ ਜਿਹਿਆਂ ਭੈਣਾਂ-ਭਰਾਵਾਂ ਤੋਂ 25 ਤਕ ਵੱਧ ਗਈ। ਉਹ ਬਹੁਤ ਹੀ ਚੁਣੌਤੀ ਭਰੇ, ਮਹੱਤਵਪੂਰਣ ਅਤੇ ਗੁਣਕਾਰੀ ਸਮੇਂ ਸਨ। ਪਰ ਫਿਰ ਵੀ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਉੱਥੇ ਦਾ ਮੌਸਮ ਬਹੁਤ ਗਰਮ ਤੇ ਘੁੱਟਿਆ-ਘੁੱਟਿਆ ਲੱਗਾ ਜੋ ਮੇਰੇ ਲਈ ਸਹਿਣਾ ਮੁਸ਼ਕਲ ਸੀ। ਮੈਂ ਉਨ੍ਹਾਂ ਦਿਨਾਂ ਵਿਚ ਹਰ ਵੇਲੇ ਮੁੜ੍ਹਕੇ ਨਾਲ ਭਿੱਜਿਆ ਰਹਿੰਦਾ ਸੀ ਤੇ ਕਈ ਵਾਰ ਇੰਨੀ ਜ਼ਿਆਦਾ ਗਰਮੀ ਕਾਰਨ ਚਿੜਚਿੜਾ ਹੋ ਜਾਂਦਾ ਸੀ। ਪਰ ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਮੈਨੂੰ ਘਾਨਾ ਦੇਸ਼ ਵਿਚ ਪ੍ਰਕਾਸ਼ਕਾਂ ਦੀ ਗਿਣਤੀ ਵਿਚ ਵਾਧਾ ਦੇਖ ਕੇ ਬਹੁਤ ਹੀ ਖ਼ੁਸ਼ੀ ਹੋਈ। ਸੰਨ 1956 ਵਿਚ ਉੱਥੇ ਸਿਰਫ਼ 6,000 ਰਾਜ ਪ੍ਰਕਾਸ਼ਕ ਸਨ, ਪਰ 1975 ਵਿਚ ਇਹ ਗਿਣਤੀ ਵੱਧ ਕੇ 21,000 ਹੋ ਗਈ ਸੀ। ਪਰ, ਹੁਣ ਉੱਥੇ 60,000 ਤੋਂ ਵੱਧ ਗਵਾਹਾਂ ਨੂੰ ਪ੍ਰਚਾਰ ਕਰਦੇ ਦੇਖਣਾ ਹੋਰ ਵੀ ਵੱਡੀ ਖ਼ੁਸ਼ੀ ਦੀ ਗੱਲ ਹੈ।

ਇਕ ‘ਭਲਕ’ ਜਿਸ ਦੀ ਸਾਨੂੰ ਉਮੀਦ ਨਹੀਂ ਸੀ

ਤਕਰੀਬਨ 1970 ਵਿਚ ਮੇਰੀ ਸਿਹਤ ਖ਼ਰਾਬ ਹੋਣੀ ਸ਼ੁਰੂ ਹੋ ਗਈ। ਪਰ, ਬੀਮਾਰੀ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ। ਮੈਂ ਪੂਰੀ ਡਾਕਟਰੀ ਜਾਂਚ ਕਰਵਾਈ, ਪਰ ਮੈਨੂੰ ਇਹੀ ਕਿਹਾ ਗਿਆ ਕਿ “ਤੂੰ ਬਿਲਕੁਲ ਠੀਕ ਹੈਂ।” ਪਰ, ਮੈਂ ਸੋਚਿਆ ਕਿ ਜੇ ਮੈਨੂੰ ਕੋਈ ਬੀਮਾਰੀ ਨਹੀਂ, ਤਾਂ ਮੈਂ ਹਰ ਵੇਲੇ ਬੇਆਰਾਮ, ਥੱਕਿਆ-ਟੁੱਟਿਆ ਤੇ ਬੀਮਾਰ ਕਿਉਂ ਮਹਿਸੂਸ ਕਰਦਾ ਹਾਂ? ਦੋ ਗੱਲਾਂ ਤੋਂ ਮੈਨੂੰ ਇਸ ਸਵਾਲ ਦਾ ਜਵਾਬ ਮਿਲਿਆ, ਪਰ ਜਦੋਂ ਪਤਾ ਲੱਗਾ ਤਾਂ ਮੈਨੂੰ ਡੂੰਘਾ ਸਦਮਾ ਵੀ ਲੱਗਾ। ਸੱਚੀਂ ਯਾਕੂਬ ਨੇ ਠੀਕ ਹੀ ਲਿਖਿਆ: “ਤੁਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ।”—ਯਾਕੂਬ 4:14.

ਪਹਿਲਾ ਸ਼ੱਕ ਮੈਨੂੰ ਉਸ ਘਟਨਾ ਤੋਂ ਹੋਇਆ ਜਦੋਂ ਮੈਂ ਉਸ ਮੁੰਡੇ ਨੂੰ ਆਪਣੇ ਟਰੱਕ ਵਿਚ ਸ਼ਹਿਰ ਜਾਣ ਲਈ ਲਿਫ਼ਟ ਦਿੱਤੀ ਸੀ ਜਿਸ ਦਾ ਜ਼ਿਕਰ ਲੇਖ ਦੇ ਸ਼ੁਰੂ ਵਿਚ ਕੀਤਾ ਗਿਆ ਹੈ। ਮੈਨੂੰ ਬਿਲਕੁਲ ਨਹੀਂ ਪਤਾ ਸੀ ਕਿ ਮੈਂ ਉਸ ਵੇਲੇ ਲਗਾਤਾਰ ਬਕ-ਬਕ ਕਰੀ ਜਾ ਰਿਹਾ ਸੀ, ਅੱਗੇ ਦੀ ਅੱਗੇ ਹੋਰ ਵੀ ਤੇਜ਼ੀ ਤੇ ਜੋਸ਼ ਨਾਲ ਬੋਲੀ ਜਾ ਰਿਹਾ ਸੀ। ਜਦੋਂ ਅਸੀਂ ਉਸ ਨੌਜਵਾਨ ਦੀ ਮੰਜ਼ਲ ਤੇ ਪਹੁੰਚੇ, ਤਾਂ ਮੈਂ ਹੱਕਾ-ਬੱਕਾ ਰਹਿ ਗਿਆ ਜਦੋਂ ਉਹ ਟਰੱਕ ਵਿੱਚੋਂ ਛਾਲ ਮਾਰ ਕੇ ਨੱਠ ਗਿਆ। ਘਾਨਾ ਦੇ ਲੋਕ ਸੁਭਾਵਕ ਤੌਰ ਤੇ ਸ਼ਾਂਤ ਹੁੰਦੇ ਹਨ ਤੇ ਉਹ ਛੇਤੀ ਕਿਤੇ ਪਰੇਸ਼ਾਨ ਨਹੀਂ ਹੁੰਦੇ। ਪਰ, ਇਸ ਵਿਅਕਤੀ ਦਾ ਰਵੱਈਆ ਉਨ੍ਹਾਂ ਤੋਂ ਬਿਲਕੁਲ ਉਲਟ ਸੀ। ਮੈਂ ਉੱਥੇ ਬਹਿ ਕੇ ਸੋਚਣ ਲੱਗ ਪਿਆ। ਮੈਨੂੰ ਲੱਗਾ ਕਿ ਮੇਰੇ ਨਾਲ ਕੁਝ ਤਾਂ ਗੜਬੜ ਹੈ ਪਰ ਮੈਨੂੰ ਪਤਾ ਨਹੀਂ ਸੀ ਕਿ ਗੱਲ ਕੀ ਸੀ। ਪਰ, ਇਕ ਗੱਲ ਪੱਕੀ ਸੀ ਕਿ ਮੇਰੇ ਨਾਲ ਜ਼ਰੂਰ ਕੋਈ ਗੜਬੜ ਸੀ।

ਦੂਜਾ ਸ਼ੱਕ ਮੈਨੂੰ ਉਦੋਂ ਹੋਇਆ ਜਦੋਂ ਮੈਂ ਅਤੇ ਆਈਲੀਨ ਨੇ ਇਕ ਦਿਨ ਕਾਫ਼ੀ ਦੇਰ ਬਹਿ ਕੇ ਆਪਣੀਆਂ ਸੋਚਾਂ ਅਤੇ ਭਾਵਨਾਵਾਂ ਬਾਰੇ ਖੋਲ੍ਹ ਕੇ ਗੱਲਬਾਤ ਕੀਤੀ। ਉਸ ਸਮੇਂ ਆਈਲੀਨ ਨੇ ਕਿਹਾ: “ਜੇ ਇਹ ਬੀਮਾਰੀ ਸਰੀਰਕ ਨਹੀਂ, ਤਾਂ ਜ਼ਰੂਰ ਦਿਮਾਗ਼ੀ ਹੋਵੇਗੀ।” ਇਸ ਲਈ, ਮੈਂ ਧਿਆਨ ਨਾਲ ਆਪਣੀਆਂ ਸਾਰੀਆਂ ਅਲਾਮਤਾਂ ਲਿਖ ਲਈਆਂ ਤੇ ਇਕ ਮਨੋ-ਚਿਕਿਤਸਕ ਕੋਲ ਚਲਾ ਗਿਆ। ਜਦੋਂ ਮੈਂ ਉਸ ਨੂੰ ਆਪਣੀਆਂ ਸਾਰੀਆਂ ਅਲਾਮਤਾਂ ਪੜ੍ਹ ਕੇ ਦੱਸੀਆਂ, ਤਾਂ ਉਸ ਨੇ ਕਿਹਾ: “ਇਹ ਇਕ ਖ਼ਾਸ ਕਿਸਮ ਦੀ ਬੀਮਾਰੀ ਹੈ। ਤੈਨੂੰ ਇਕ ਗੰਭੀਰ ਮਾਨਸਿਕ ਬੀਮਾਰੀ [ਮੈਨਿਕ-ਡਿਪਰੈਸਿਵ ਸਾਇਕੌਸਿਸ] ਹੈ।”

ਮੇਰੀਆਂ ਅੱਖਾਂ ਅੱਡੀਆਂ ਰਹਿ ਗਈਆਂ! ਅਗਲੇ ਕੁਝ ਸਾਲਾਂ ਲਈ ਮੈਨੂੰ ਇਸ ਬੀਮਾਰੀ ਨਾਲ ਲਗਾਤਾਰ ਸਖ਼ਤ ਸੰਘਰਸ਼ ਕਰਨਾ ਪਿਆ। ਮੈਂ ਹੱਲ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਕੋਈ ਨਹੀਂ ਜਾਣਦਾ ਸੀ ਕਿ ਕੀਤਾ ਕੀ ਜਾਵੇ। ਉਹ ਸਮਾਂ ਕਿੰਨਾ ਨਿਰਾਸ਼ਾਜਨਕ ਤੇ ਔਖਾ ਸੀ!

ਸਾਡੀ ਹਮੇਸ਼ਾ ਇਹੀ ਇੱਛਾ ਸੀ ਕਿ ਅਸੀਂ ਪੂਰਣ-ਕਾਲੀ ਸੇਵਕਾਈ ਨੂੰ ਆਪਣਾ ਟੀਚਾ ਬਣਾਈ ਰੱਖੀਏ ਅਤੇ ਸਾਨੂੰ ਪਤਾ ਸੀ ਕਿ ਅਜੇ ਬਹੁਤ ਸਾਰਾ ਕੰਮ ਬਾਕੀ ਵੀ ਸੀ। ਮੈਂ ਪਰਮੇਸ਼ੁਰ ਨੂੰ ਰੋ-ਰੋ ਕੇ ਬੇਨਤੀ ਕੀਤੀ ਕਿ “ਯਹੋਵਾਹ ਜੇ ਤੂੰ ਚਾਹੇ ‘ਤਾਂ ਮੈਂ ਜੀਉਂਦਾ ਰਹਾਂਗਾ ਅਤੇ ਇਹ ਕੰਮ ਕਰਾਂਗਾ।’” (ਯਾਕੂਬ 4:15) ਪਰ ਏਦਾਂ ਨਹੀਂ ਹੋਣਾ ਸੀ। ਇਸ ਲਈ ਸੱਚਾਈ ਦਾ ਸਾਮ੍ਹਣਾ ਕਰਦੇ ਹੋਏ, ਅਸੀਂ ਘਾਨਾ ਦੇਸ਼ ਅਤੇ ਆਪਣੇ ਕਈ ਦੋਸਤਾਂ-ਮਿੱਤਰਾਂ ਨੂੰ ਛੱਡ ਕੇ ਜਾਣ ਦਾ ਮਨ ਬਣਾ ਲਿਆ ਤੇ 1975 ਵਿਚ ਅਸੀਂ ਕੈਨੇਡਾ ਵਾਪਸ ਆ ਗਏ।

ਯਹੋਵਾਹ ਨੇ ਆਪਣੇ ਲੋਕਾਂ ਦੇ ਜ਼ਰੀਏ ਮਦਦ ਕੀਤੀ

ਜਲਦੀ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਮੇਰੇ ਬਗੈਰ ਵੀ ਕੰਮ ਚੱਲੀ ਜਾਣਾ ਸੀ। ਮੈਨੂੰ ਇਹ ਪਤਾ ਲੱਗਾ ਕਿ ਮੇਰੀ ਬੀਮਾਰੀ ਅਨੋਖੀ ਨਹੀਂ ਸੀ। ਮੈਨੂੰ 1 ਪਤਰਸ 5:9 ਵਿਚ ਲਿਖੇ ਸ਼ਬਦ ਚੇਤੇ ਆਏ: “[ਜਾਣੋ] ਕੇ ਜੋ ਤੁਹਾਡੇ ਗੁਰਭਾਈ ਜਿਹੜੇ ਜਗਤ ਵਿੱਚ ਹਨ ਓਹਨਾਂ ਨੂੰ ਵੀ ਏਹੋ ਦੁਖ ਸਹਿਣੇ ਪੈਂਦੇ ਹਨ।” ਇਸ ਨੂੰ ਸਮਝਣ ਤੋਂ ਬਾਅਦ, ਮੈਂ ਇਹ ਜਾਣਨਾ ਸ਼ੁਰੂ ਕਰ ਦਿੱਤਾ ਕਿ ਯਹੋਵਾਹ ਨੇ ਇਸ ਬੀਮਾਰੀ ਵਿਚ ਸਾਡੀ ਦੋਹਾਂ ਦੀ ਕਿੰਨੀ ਮਦਦ ਕੀਤੀ। ਇਸ ਤੋਂ ਇਲਾਵਾ, ਸਾਡੇ ‘ਗੁਰੂਭਾਈਆਂ’ ਨੇ ਕਈ ਤਰੀਕਿਆਂ ਨਾਲ ਸਾਡੀ ਕਿੰਨੀ ਮਦਦ ਕੀਤੀ!

ਚਾਹੇ ਸਾਡੇ ਕੋਲ ਬਹੁਤੀ ਧਨ-ਦੌਲਤ ਨਹੀਂ ਸੀ, ਪਰ ਯਹੋਵਾਹ ਨੇ ਸਾਨੂੰ ਕਦੇ ਨਹੀਂ ਛੱਡਿਆ। ਉਸ ਨੇ ਘਾਨਾ ਦੇਸ਼ ਵਿਚ ਸਾਡੇ ਦੋਸਤਾਂ ਨੂੰ ਪੈਸਿਆਂ ਅਤੇ ਹੋਰ ਕਈ ਤਰੀਕਿਆਂ ਨਾਲ ਸਾਡੀ ਮਦਦ ਕਰਨ ਲਈ ਉਕਸਾਇਆ। ਅਸੀਂ ਹੱਸਦੇ-ਰੋਂਦੇ ਆਪਣੇ ਅਜ਼ੀਜ਼ ਮਿੱਤਰਾਂ ਨੂੰ ਅਲਵਿਦਾ ਕਹੀ ਤੇ ਅਚਾਨਕ ਆਏ ‘ਭਲਕ’ ਦਾ ਮੁਕਾਬਲਾ ਕਰਨ ਲਈ ਘਾਨਾ ਦੇਸ਼ ਤੋਂ ਨਿਕਲ ਤੁਰੇ।

ਆਈਲੀਨ ਦੀ ਭੈਣ ਲਿਨੋਰਾ ਤੇ ਉਸ ਦੇ ਪਤੀ ਐਲਵਿਨ ਫ਼ਰੀਜ਼ਨ ਨੇ ਸਾਨੂੰ ਆਪਣੇ ਘਰ ਆਸਰਾ ਦਿੱਤਾ ਅਤੇ ਕਈ ਮਹੀਨਿਆਂ ਤਕ ਦਿਲ ਖੋਲ੍ਹ ਕੇ ਸਾਡੀ ਮਦਦ ਕੀਤੀ। ਇਕ ਨਾਮਵਰ ਮਨੋ-ਚਿਕਿਤਸਕ ਨੇ ਬੜੇ ਭਰੋਸੇ ਨਾਲ ਮੈਨੂੰ ਕਿਹਾ: “ਦੇਖੀਂ ਤੂੰ ਸਿਰਫ਼ ਛੇਆਂ ਮਹੀਨਿਆਂ ਵਿਚ ਠੀਕ ਹੋ ਜਾਣਾ।” ਸ਼ਾਇਦ ਇਹ ਉਸ ਨੇ ਮੈਨੂੰ ਸਿਰਫ਼ ਭਰੋਸਾ ਦਿਵਾਉਣ ਲਈ ਕਿਹਾ ਸੀ ਕਿਉਂਕਿ ਛੇ ਮਹੀਨੇ ਨਹੀਂ ਸਗੋਂ ਛੇਆਂ ਸਾਲਾਂ ਬਾਅਦ ਵੀ ਉਸ ਦੀ ਇਹ ਗੱਲ ਪੂਰੀ ਨਾ ਹੋ ਸਕੀ। ਮੈਂ ਅੱਜ ਤਕ ਇਸ ਬੀਮਾਰੀ ਨਾਲ ਸੰਘਰਸ਼ ਕਰ ਰਿਹਾ ਹਾਂ ਜਿਸ ਨੂੰ ਹੁਣ ਬਾਈਪੋਲਰ ਮੂਡ ਡਿਸਔਰਡਰ [ਮੂਡ ਬਦਲਣ ਦਾ ਡਿਪਰੈਸ਼ਨ] ਨਾਂ ਦਿੱਤਾ ਗਿਆ ਹੈ। ਬੀਮਾਰੀ ਦਾ ਨਾਂ ਜ਼ਰੂਰ ਹਲਕਾ-ਫੁਲਕਾ ਜਾਪਦਾ ਹੋਵੇ, ਪਰ ਜਿਹੜੇ ਇਸ ਬੀਮਾਰੀ ਨੂੰ ਸਹਿੰਦੇ ਹਨ ਉਹੀ ਜਾਣਦੇ ਹਨ ਕਿ ਕਿਸੇ ਬੀਮਾਰੀ ਨੂੰ ਹਲਕਾ-ਫੁਲਕਾ ਨਾਂ ਦੇਣ ਨਾਲ ਹੀ ਬੀਮਾਰੀ ਦੀਆਂ ਜ਼ੋਰਦਾਰ ਅਲਾਮਤਾਂ ਸਹਿਣੀਆਂ ਸੌਖੀਆਂ ਨਹੀਂ ਹੋ ਜਾਂਦੀਆਂ।

ਇਸ ਸਮੇਂ ਤਕ ਭਰਾ ਨੌਰ ਵੀ ਬੀਮਾਰ ਹੋ ਚੁੱਕੇ ਸਨ ਤੇ ਅਖ਼ੀਰ ਉਨ੍ਹਾਂ ਦੀ ਬੀਮਾਰੀ ਨੇ ਜੂਨ 1977 ਵਿਚ ਉਨ੍ਹਾਂ ਦੀ ਜਾਨ ਲੈ ਲਈ। ਭਰਾ ਨੌਰ ਨੇ ਬੀਮਾਰ ਹੋਣ ਦੇ ਬਾਵਜੂਦ ਵੀ ਮੈਨੂੰ ਲੰਬੀਆਂ-ਲੰਬੀਆਂ ਉਤਸ਼ਾਹ ਅਤੇ ਦਿਲਾਸੇ ਭਰੀਆਂ ਚਿੱਠੀਆਂ ਲਿਖੀਆਂ। ਮੈਂ ਉਨ੍ਹਾਂ ਚਿੱਠੀਆਂ ਨੂੰ ਪੜ੍ਹ ਕੇ ਅਜੇ ਵੀ ਖ਼ੁਸ਼ ਹੁੰਦਾ ਹਾਂ। ਉਨ੍ਹਾਂ ਦੇ ਲਫ਼ਜ਼ਾਂ ਤੋਂ ਮੈਨੂੰ ਨਾਕਾਮਯਾਬੀ ਦੀਆਂ ਬੇਕਾਰ ਭਾਵਨਾਵਾਂ ਸਹਿਣ ਵਿਚ ਬਹੁਤ ਹੀ ਮਦਦ ਮਿਲੀ।

ਸੰਨ 1975 ਦੇ ਅੰਤ ਵਿਚ, ਸਾਨੂੰ ਪੂਰਣ-ਕਾਲੀ ਸੇਵਕਾਈ ਦਾ ਵਿਸ਼ੇਸ਼-ਅਧਿਕਾਰ ਛੱਡਣਾ ਪਿਆ ਤਾਂਕਿ ਮੈਂ ਆਪਣੀ ਸਿਹਤ ਵੱਲ ਪੂਰਾ ਧਿਆਨ ਦੇ ਸਕਾਂ। ਦਿਨ ਦੀ ਮਾਮੂਲੀ ਜਿਹੀ ਰੌਸ਼ਨੀ ਵੀ ਮੇਰੀਆਂ ਅੱਖਾਂ ਨੂੰ ਚੁੱਭਦੀ ਸੀ। ਜ਼ਰਾ ਜਿਹੀ ਤਿੱਖੀ ਆਵਾਜ਼ ਮੈਨੂੰ ਬੰਦੂਕ ਦੀ ਗੋਲੀ ਵਾਂਗ ਲੱਗਦੀ ਸੀ। ਲੋਕਾਂ ਦੀ ਭੀੜ ਦੇਖ ਕੇ ਮੈਨੂੰ ਬੇਚੈਨੀ ਹੋਣ ਲੱਗਦੀ ਸੀ। ਸਭਾਵਾਂ ਵਿਚ ਜਾਣਾ ਮੇਰੇ ਲਈ ਇਕ ਵੱਡੀ ਚੁਣੌਤੀ ਸੀ। ਪਰ, ਮੈਨੂੰ ਪਤਾ ਸੀ ਕਿ ਅਧਿਆਤਮਿਕ ਭਰਾਵਾਂ ਦੀ ਸੰਗਤ ਕਿੰਨੀ ਜ਼ਰੂਰੀ ਹੈ। ਇਸ ਲਈ ਇਸ ਮੁਸ਼ਕਲ ਦਾ ਸਾਮ੍ਹਣਾ ਕਰਨ ਲਈ ਮੈਂ ਅਕਸਰ ਕਿੰਗਡਮ ਹਾਲ ਅੰਦਰ ਉਦੋਂ ਦਾਖ਼ਲ ਹੁੰਦਾ ਸੀ ਜਦੋਂ ਸਾਰੇ ਬੈਠ ਜਾਂਦੇ ਸਨ ਤੇ ਮੀਟਿੰਗ ਖ਼ਤਮ ਹੋਣ ਤੇ ਸਾਰਿਆਂ ਨਾਲੋਂ ਪਹਿਲਾਂ ਹੀ ਬਾਹਰ ਨਿਕਲ ਆਉਂਦਾ ਸੀ।

ਪ੍ਰਚਾਰ ਤੇ ਜਾਣਾ ਵੀ ਮੇਰੇ ਲਈ ਇਕ ਵੱਡੀ ਚੁਣੌਤੀ ਸੀ। ਕਈ ਵਾਰ, ਇਕ ਘਰ ਪਹੁੰਚਣ ਤੇ ਮੈਂ ਦਰਵਾਜ਼ੇ ਦੀ ਘੰਟੀ ਵਜਾਉਣ ਦਾ ਹੌਸਲਾ ਨਹੀਂ ਕਰ ਸਕਦਾ ਸੀ। ਪਰ, ਮੈਂ ਹਾਰ ਨਹੀਂ ਮੰਨੀ ਕਿਉਂਕਿ ਮੈਨੂੰ ਪਤਾ ਸੀ ਕਿ ਪ੍ਰਚਾਰ ਦਾ ਇਹ ਕੰਮ ਸਾਨੂੰ ਅਤੇ ਉਨ੍ਹਾਂ ਨੂੰ ਬਚਾ ਸਕਦਾ ਹੈ ਜਿਹੜੇ ਇਸ ਨੂੰ ਧਿਆਨ ਨਾਲ ਸੁਣਦੇ ਹਨ। (1 ਤਿਮੋਥਿਉਸ 4:16) ਥੋੜ੍ਹੀ ਦੇਰ ਬਾਅਦ ਮੈਂ ਆਪਣੇ ਆਪ ਤੇ ਕਾਬੂ ਪਾ ਕੇ ਅਗਲੇ ਘਰ ਦੇ ਦਰਵਾਜ਼ੇ ਤੇ ਪਹੁੰਚ ਕੇ ਮੁੜ ਕੋਸ਼ਿਸ਼ ਕਰਦਾ ਸੀ। ਸੇਵਕਾਈ ਵਿਚ ਲਗਾਤਾਰ ਹਿੱਸਾ ਲੈਣ ਨਾਲ, ਮੈਂ ਆਪਣੀ ਅਧਿਆਤਮਿਕ ਸਿਹਤ ਮਜ਼ਬੂਤ ਬਣਾਈ ਰੱਖੀ ਤੇ ਮੈਂ ਇਸ ਬੀਮਾਰੀ ਦਾ ਮੁਕਾਬਲਾ ਕਰਨ ਦੀ ਤਾਕਤ ਜੁਟਾਈ।

ਮੂਡ ਬਦਲਣ ਦਾ ਡਿਪਰੈਸ਼ਨ ਕਈ ਸਾਲਾਂ ਲਈ ਰਹਿ ਸਕਦਾ ਹੈ ਅਤੇ ਸ਼ਾਇਦ ਲਾਇਲਾਜ ਹੋਵੇ ਇਸ ਲਈ ਮੈਂ ਜਾਣਦਾ ਹਾਂ ਕਿ ਇਸ ਦਾ ਅਸਰ ਸ਼ਾਇਦ ਨਵੇਂ ਸੰਸਾਰ ਦੇ ਆਉਣ ਤਕ ਰਹੇਗਾ। ਸੰਨ 1981 ਵਿਚ ਅਵੇਕ! ਵਿਚ ਇਕ ਸ਼ਾਨਦਾਰ ਲੇਖ-ਮਾਲਾ ਛਪੀ ਸੀ। * ਇਨ੍ਹਾਂ ਨੂੰ ਪੜ੍ਹ ਕੇ ਮੈਂ ਆਪਣੀ ਬੀਮਾਰੀ ਨੂੰ ਚੰਗੀ ਤਰ੍ਹਾਂ ਸਮਝ ਸਕਿਆ ਤੇ ਇਸ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਤਰੀਕੇ ਸਿੱਖ ਸਕਿਆ।

ਮੁਕਾਬਲਾ ਕਰਨਾ ਸਿੱਖਣਾ

ਇਹ ਸਭ ਕੁਝ ਮੇਰੀ ਪਤਨੀ ਦੀਆਂ ਕੁਰਬਾਨੀਆਂ ਅਤੇ ਉਸ ਦੇ ਸਮਝੌਤਿਆਂ ਦੀ ਬਦੌਲਤ ਹੀ ਹੋ ਸਕਿਆ। ਜੇ ਤੁਹਾਡੇ ਵੀ ਕਿਸੇ ਅਜ਼ੀਜ਼ ਨੂੰ ਡਿਪਰੈਸ਼ਨ ਹੈ ਤੇ ਤੁਸੀਂ ਉਸ ਦੀ ਦੇਖ-ਭਾਲ ਕਰ ਰਹੇ ਹੋ, ਤਾਂ ਤੁਸੀਂ ਮੇਰੀ ਪਤਨੀ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਜ਼ਰੂਰ ਪੜ੍ਹਨਾ ਚਾਹੋਗੇ:

“ਇਸ ਤਰ੍ਹਾਂ ਦੀ ਬੀਮਾਰੀ ਵਿਚ ਰੋਗੀ ਦੀ ਸ਼ਖ਼ਸੀਅਤ ਵਿਚ ਅਚਾਨਕ ਅਜੀਬ ਜਿਹੀਆਂ ਤਬਦੀਲੀਆਂ ਦਿੱਸਦੀਆਂ ਹਨ। ਇਕ ਜ਼ਿੰਦਾ-ਦਿਲ ਤੇ ਉਤਸ਼ਾਹਜਨਕ ਵਿਅਕਤੀ ਜੋ ਬਹੁਤ ਕੁਝ ਕਰਨ ਦੇ ਪਲਾਨ ਬਣਾਉਂਦਾ ਹੈ, ਕੁਝ ਹੀ ਘੰਟਿਆਂ ਵਿਚ ਥੱਕਿਆ-ਟੁੱਟਿਆ, ਉਦਾਸ ਤੇ ਗੁੱਸੈਲ ਵਿਅਕਤੀ ਬਣ ਸਕਦਾ ਹੈ। ਦੂਜਿਆਂ ਨੂੰ ਰੋਗੀ ਦੇ ਇਸ ਵਿਵਹਾਰ ਨੂੰ ਇਕ ਬੀਮਾਰੀ ਸਮਝਣਾ ਚਾਹੀਦਾ ਹੈ ਨਹੀਂ ਤਾਂ ਉਨ੍ਹਾਂ ਨੂੰ ਆਪ ਜਜ਼ਬਾਤੀ ਤਣਾਅ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਨੂੰ ਪਰੇਸ਼ਾਨ ਜਾਂ ਗੁੱਸੇ ਨਹੀਂ ਹੋਣਾ ਚਾਹੀਦਾ ਅਤੇ ਐਨ ਮੌਕੇ ਤੇ ਹਰ ਤਰ੍ਹਾਂ ਦੀਆਂ ਤਬਦੀਲੀਆਂ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ।”

ਜਿੱਥੇ ਤਕ ਮੇਰਾ ਸਵਾਲ ਹੈ ਜਦੋਂ ਮੈਂ ਬਹੁਤ ਖ਼ੁਸ਼ ਅਤੇ ਠੀਕ ਮਹਿਸੂਸ ਕਰਦਾ ਹਾਂ ਤਾਂ ਮੈਨੂੰ ਪਤਾ ਹੈ ਕਿ ਇਸ ਤੋਂ ਬਾਅਦ ਮੈਂ ਡੂੰਘੀ ਉਦਾਸੀ ਦੇ ਸਮੁੰਦਰਾਂ ਵਿਚ ਡੁੱਬ ਜਾਵਾਂਗਾ। ਮੇਰੇ ਲਈ ਉਦਾਸ ਹੋਣਾ ਬਿਹਤਰ ਹੈ ਕਿਉਂਕਿ ਉਦਾਸੀ ਮੈਨੂੰ ਕਈ ਦਿਨਾਂ ਤਕ ਸ਼ਾਂਤ ਰੱਖਦੀ ਹੈ ਤੇ ਮੈਂ ਜੋਸ਼ ਵਿਚ ਆ ਕੇ ਕੋਈ ਗ਼ਲਤੀ ਨਹੀਂ ਕਰਦਾ। ਆਈਲੀਨ ਮੈਨੂੰ ਜ਼ਿਆਦਾ ਉਤੇਜਿਤ ਹੋਣ ਬਾਰੇ ਚੇਤਾਵਨੀ ਦੇ ਕੇ ਮੇਰੀ ਮਦਦ ਕਰਦੀ ਹੈ। ਇਸ ਤੋਂ ਇਲਾਵਾ ਜਦੋਂ ਮੈਂ ਬਹੁਤ ਗ਼ਮਗੀਨ ਹੋ ਜਾਂਦਾ ਹਾਂ, ਤਾਂ ਉਹ ਮੈਨੂੰ ਦਿਲਾਸਾ ਦਿੰਦੀ ਤੇ ਹੋਰ ਕਈ ਤਰੀਕਿਆਂ ਨਾਲ ਮੇਰੀ ਮਦਦ ਕਰਦੀ ਹੈ।

ਜਦੋਂ ਬੀਮਾਰੀ ਬਹੁਤ ਹੀ ਸਰਗਰਮ ਹੁੰਦੀ ਹੈ ਤਾਂ ਸਭ ਤੋਂ ਵੱਡਾ ਖ਼ਤਰਾ ਇਹ ਹੋ ਸਕਦਾ ਹੈ ਕਿ ਰੋਗੀ ਦੂਜਿਆਂ ਨਾਲੋਂ ਇਕਦਮ ਇਕੱਲਾ ਹੋ ਕੇ ਆਪਣੇ ਆਪ ਉੱਤੇ ਹੀ ਪੂਰਾ ਧਿਆਨ ਲਾਵੇ। ਜਦੋਂ ਰੋਗੀ ਬਹੁਤ ਨਿਰਾਸ਼ਾ ਭਰੇ ਮੂਡ ਵਿਚ ਹੁੰਦਾ ਹੈ, ਤਾਂ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੂਜਿਆਂ ਨਾਲੋਂ ਵੱਖ ਕਰ ਲੈਂਦਾ ਹੈ, ਤੇ ਜਦੋਂ ਉਹ ਬਹੁਤ ਉਤੇਜਿਤ ਹੁੰਦਾ ਹੈ, ਤਾਂ ਦੂਜਿਆਂ ਦੀਆਂ ਭਾਵਨਾਵਾਂ ਦਾ ਬਿਲਕੁਲ ਖ਼ਿਆਲ ਨਹੀਂ ਕਰ ਪਾਉਂਦਾ। ਪਹਿਲਾਂ-ਪਹਿਲ ਮੇਰੇ ਲਈ ਇਹ ਮੰਨਣਾ ਬਹੁਤ ਮੁਸ਼ਕਲ ਸੀ ਕਿ ਮੈਨੂੰ ਕੋਈ ਦਿਮਾਗ਼ੀ ਤੇ ਜਜ਼ਬਾਤੀ ਬੀਮਾਰੀ ਹੈ। ਮੈਂ ਇਹੀ ਸੋਚਦਾ ਸੀ ਕਿ ਬਦਲਦੇ ਮੂਡ ਦੀ ਵਜ੍ਹਾ ਕੋਈ ਦੂਜਾ ਵਿਅਕਤੀ ਜਾਂ ਕਿਸੇ ਕੰਮ ਵਿਚ ਮੇਰੀ ਆਪਣੀ ਨਾਕਾਮਯਾਬੀ ਹੈ। ਵਾਰ-ਵਾਰ ਮੈਨੂੰ ਆਪਣੇ ਆਪ ਨੂੰ ਯਾਦ ਕਰਾਉਣਾ ਪਿਆ ਕਿ ‘ਮੇਰੇ ਆਲੇ-ਦੁਆਲੇ ਕੁਝ ਨਹੀਂ ਬਦਲਿਆ, ਸਭ ਕੁਝ ਪਹਿਲਾਂ ਵਾਂਗ ਹੀ ਹੈ। ਮੇਰੀ ਬੀਮਾਰੀ ਬਾਹਰੀ ਨਹੀਂ ਸਗੋਂ ਅੰਦਰੂਨੀ ਹੈ।’ ਹੌਲੀ-ਹੌਲੀ ਮੇਰੀ ਸੋਚਣੀ ਹੁਣ ਬਦਲ ਗਈ ਹੈ।

ਇੰਨੇ ਸਾਲਾਂ ਦੌਰਾਨ ਅਸੀਂ ਦੋਹਾਂ ਨੇ ਇਸ ਬੀਮਾਰੀ ਨੂੰ ਸਵੀਕਾਰ ਕਰ ਲਿਆ ਹੈ ਤੇ ਇਸ ਬਾਰੇ ਦੂਜਿਆਂ ਨੂੰ ਸਾਫ਼-ਸਾਫ਼ ਦੱਸਣਾ ਸਿੱਖ ਲਿਆ ਹੈ। ਅਸੀਂ ਹਮੇਸ਼ਾ ਆਸ਼ਾਵਾਦੀ ਰਵੱਈਆ ਬਣਾਏ ਰੱਖਣ ਦੀ ਅਤੇ ਇਸ ਰੋਗ ਨੂੰ ਆਪਣੀ ਜ਼ਿੰਦਗੀ ਤੇ ਹਾਵੀ ਨਾ ਹੋਣ ਦੇਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਾਂ।

ਇਕ ਚੰਗਾ ‘ਭਲਕ’

ਪ੍ਰਾਰਥਨਾਵਾਂ ਅਤੇ ਸਖ਼ਤ ਸੰਘਰਸ਼ ਸਦਕਾ ਸਾਨੂੰ ਯਹੋਵਾਹ ਦੀਆਂ ਬਰਕਤਾਂ ਅਤੇ ਉਸ ਦੀ ਮਦਦ ਵੀ ਮਿਲੀ ਹੈ। ਹੁਣ ਸਾਡੀ ਦੋਹਾਂ ਦੀ ਕਾਫ਼ੀ ਉਮਰ ਹੋ ਗਈ ਹੈ। ਮੇਰਾ ਅਜੇ ਵੀ ਲਗਾਤਾਰ ਡਾਕਟਰੀ ਮੁਆਇਨਾ ਤੇ ਲੋੜੀਂਦਾ ਦਵਾ-ਦਾਰੂ ਚੱਲਦਾ ਹੈ ਜਿਸ ਨਾਲ ਮੇਰੀ ਸਿਹਤ ਥੋੜ੍ਹੀ ਠੀਕ ਰਹਿੰਦੀ ਹੈ। ਅਸੀਂ ਹਰ ਤਰ੍ਹਾਂ ਦੀ ਸੇਵਾ ਦੇ ਵਿਸ਼ੇਸ਼-ਸਨਮਾਨਾਂ ਨੂੰ ਵੱਡਮੁੱਲਾ ਸਮਝਦੇ ਹਾਂ। ਮੈਂ ਕਲੀਸਿਯਾ ਵਿਚ ਬਜ਼ੁਰਗ ਵਜੋਂ ਜ਼ਿੰਮੇਵਾਰੀ ਅੱਜ ਵੀ ਸੰਭਾਲੀ ਜਾਂਦਾ ਹਾਂ। ਅਸੀਂ ਦੂਜਿਆਂ ਦੀ ਨਿਹਚਾ ਮਜ਼ਬੂਤ ਕਰਨ ਵਿਚ ਹਮੇਸ਼ਾ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ।

ਯਾਕੂਬ ਨੇ ਬਿਲਕੁਲ ਠੀਕ ਕਿਹਾ: “ਤੁਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ!” (ਯਾਕੂਬ 4:14) ਜੀ ਹਾਂ ਇੱਦਾਂ ਤਦ ਤਕ ਰਹੇਗਾ ਜਦ ਤਕ ਨਵਾਂ ਸੰਸਾਰ ਨਹੀਂ ਆਉਂਦਾ। ਪਰ, ਯਾਕੂਬ 1:12 ਦੇ ਇਹ ਸ਼ਬਦ ਵੀ ਬਿਲਕੁਲ ਸੱਚੇ ਹਨ: “ਧੰਨ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ ਕਿਉਂਕਿ ਜਾਂ ਖਰਾ ਨਿੱਕਲਿਆ ਤਾਂ ਉਹ ਨੂੰ ਜੀਵਨ ਦਾ ਉਹ ਮੁਕਟ ਪਰਾਪਤ ਹੋਵੇਗਾ ਜਿਹ ਦਾ ਪ੍ਰਭੁ ਨੇ ਆਪਣਿਆਂ ਪ੍ਰੇਮੀਆਂ ਨਾਲ ਵਾਇਦਾ ਕੀਤਾ ਹੈ।” ਆਓ ਆਪਾਂ ਹਮੇਸ਼ਾ ਨਿਹਚਾ ਵਿਚ ਮਜ਼ਬੂਤ ਰਹੀਏ ਤੇ ਆਉਣ ਵਾਲੇ ਕੱਲ੍ਹ ਦੀਆਂ ਸ਼ਾਨਦਾਰ ਬਰਕਤਾਂ ਹਾਸਲ ਕਰੀਏ।

[ਫੁਟਨੋਟ]

^ ਪੈਰਾ 35 ਅੰਗ੍ਰੇਜ਼ੀ ਵਿਚ “ਤੁਸੀਂ ਜ਼ਿੰਦਗੀ ਦਾ ਮੁਕਾਬਲਾ ਕਰ ਸਕਦੇ ਹੋ” ਨਾਮਕ ਲੇਖ ਦੇਖੋ ਜੋ 8 ਅਗਸਤ 1981 ਦੇ ਅਵੇਕ! ਵਿਚ ਹੈ; 8 ਸਤੰਬਰ 1981 ਦੇ ਅੰਕ ਵਿੱਚੋਂ “ਤੁਸੀਂ ਡਿਪਰੈਸ਼ਨ ਦਾ ਮੁਕਾਬਲਾ ਕਿਵੇਂ ਕਰ ਸਕਦੇ ਹੋ” ਨਾਮਕ ਲੇਖ ਦੇਖੋ; ਅਤੇ 22 ਅਕਤੂਬਰ 1981 ਦੇ ਅੰਕ ਵਿੱਚੋਂ “ਗੰਭੀਰ ਡਿਪਰੈਸ਼ਨ ਦਾ ਮੁਕਾਬਲਾ ਕਰਨਾ” ਨਾਮਕ ਲੇਖ ਦੇਖੋ।

[ਸਫ਼ੇ 26 ਉੱਤੇ ਤਸਵੀਰ]

ਆਪਣੇ ਆਰਟ ਸਟੂਡੀਓ ਵਿਚ ਇਕੱਲਾਪਣ ਭਾਲਦੇ ਹੋਏ

[ਸਫ਼ੇ 26 ਉੱਤੇ ਤਸਵੀਰ]

ਆਪਣੀ ਪਤਨੀ ਆਈਲੀਨ ਨਾਲ

[ਸਫ਼ੇ 28 ਉੱਤੇ ਤਸਵੀਰ]

ਸੰਨ 1963 ਵਿਚ ਘਾਨਾ ਦੇਸ਼ ਦੇ ਤੇਮਾ ਸ਼ਹਿਰ ਵਿਚ ਹੋਏ “ਸਦੀਪਕ ਖ਼ੁਸ਼ ਖ਼ਬਰੀ” ਨਾਮਕ ਸੰਮੇਲਨ ਵਿਚ