Skip to content

Skip to table of contents

ਬਾਈਬਲ—ਜੀਉਣ ਦਾ ਰਾਹ ਦਿਖਾਉਣ ਵਾਲੀ ਕਿਤਾਬ

ਬਾਈਬਲ—ਜੀਉਣ ਦਾ ਰਾਹ ਦਿਖਾਉਣ ਵਾਲੀ ਕਿਤਾਬ

ਬਾਈਬਲ—ਜੀਉਣ ਦਾ ਰਾਹ ਦਿਖਾਉਣ ਵਾਲੀ ਕਿਤਾਬ

“ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ . . . ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।” (ਇਬਰਾਨੀਆਂ 4:12) ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਬਚਨ ਵਿਚ ਕਿੰਨਾ ਕੁਝ ਕਰਨ ਦੀ ਤਾਕਤ ਹੈ! ਇਸ ਲਈ ਬਾਈਬਲ ਨੂੰ ਸਿਰਫ਼ ਇਕ ਚੰਗੀ ਕਿਤਾਬ ਕਹਿਣਾ ਹੀ ਕਾਫ਼ੀ ਨਹੀਂ ਹੈ।

ਧਰਮ ਬਾਰੇ ਲਿਖਣ ਵਾਲੇ ਇਕ ਲੇਖਕ ਨੇ ਇਸ ਬਾਰੇ ਸੰਖੇਪ ਵਿਚ ਲਿਖਿਆ: “ਬਾਈਬਲ ਦਾ ਸੁਨੇਹਾ ਸਾਡੀ ਜ਼ਿੰਦਗੀ ਲਈ ਓਨਾ ਹੀ ਜ਼ਰੂਰੀ ਹੈ ਜਿੰਨਾ ਜੀਉਣ ਲਈ ਸਾਹ।” ਫਿਰ ਉਸ ਨੇ ਕਿਹਾ: “ਅੱਜ ਸਾਨੂੰ ਬੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਪਰ ਜੇ ਅਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਾਈਬਲ ਨੂੰ ਪੜ੍ਹੀਏ, ਤਾਂ ਇਸ ਦੇ ਬਹੁਤ ਵਧੀਆ ਨਤੀਜੇ ਨਿਕਲਣਗੇ।” ਇਕ ਤੇਜ਼ ਰੌਸ਼ਨੀ ਦੇਣ ਵਾਲੇ ਦੀਵੇ ਦੀ ਤਰ੍ਹਾਂ, ਬਾਈਬਲ ਅੱਜ ਜ਼ਿੰਦਗੀ ਦੇ ਬਹੁਤ ਸਾਰੇ ਗੁੰਝਲਦਾਰ ਸਵਾਲਾਂ ਤੇ ਮੁਸ਼ਕਲਾਂ ਨੂੰ ਹੱਲ ਕਰਨ ਦੀ ਸਮਝ ਦਿੰਦੀ ਹੈ।—ਜ਼ਬੂਰ 119:105.

ਦਰਅਸਲ ਬਾਈਬਲ ਵਿਚ ਪਾਈ ਜਾਂਦੀ ਬੁੱਧੀ ਸਾਡੇ ਸੋਚ-ਵਿਚਾਰ ਨੂੰ ਬਦਲਣ, ਮੁਸ਼ਕਲਾਂ ਹੱਲ ਕਰਨ ਵਿਚ ਮਦਦ ਦੇਣ, ਸਾਡੀ ਜ਼ਿੰਦਗੀ ਨੂੰ ਸੁਧਾਰਨ, ਤੇ ਉਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਕਰਨ ਲਈ ਸਾਨੂੰ ਤਿਆਰ ਕਰਦੀ ਹੈ ਜਿਨ੍ਹਾਂ ਨੂੰ ਬਦਲਣਾ ਸਾਡੇ ਹੱਥ-ਵੱਸ ਨਹੀਂ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਬਾਈਬਲ ਪਰਮੇਸ਼ੁਰ ਨੂੰ ਜਾਣਨ ਤੇ ਉਸ ਨਾਲ ਪਿਆਰ ਕਰਨ ਵਿਚ ਸਾਡੀ ਮਦਦ ਕਰਦੀ ਹੈ।

ਮਕਸਦ ਦੇਣ ਵਾਲੀ ਕਿਤਾਬ

ਬਾਈਬਲ ਦਾ ਲਿਖਾਰੀ, ਯਹੋਵਾਹ ਪਰਮੇਸ਼ੁਰ ‘ਸਾਡੀਆਂ ਸਾਰੀਆਂ ਚਾਲਾਂ ਤੋਂ ਵਾਕਫ਼ ਹੈ।’ ਉਹ ਸਾਡੀਆਂ ਸਰੀਰਕ, ਭਾਵਾਤਮਕ ਤੇ ਅਧਿਆਤਮਿਕ ਲੋੜਾਂ ਬਾਰੇ ਸਾਡੇ ਨਾਲੋਂ ਵੀ ਜ਼ਿਆਦਾ ਜਾਣਦਾ ਹੈ। (ਜ਼ਬੂਰ 139:1-3) ਉਸ ਨੇ ਬੜਾ ਸੋਚ-ਸਮਝ ਕੇ ਸਾਨੂੰ ਦੱਸਿਆ ਹੈ ਕਿ ਸਾਡੇ ਚਾਲ-ਚਲਣ ਦੀਆਂ ਕੀ ਸੀਮਾਵਾਂ ਹਨ। (ਮੀਕਾਹ 6:8) ਇਸ ਲਈ ਉਨ੍ਹਾਂ ਸੀਮਾਵਾਂ ਤੇ ਹਿਦਾਇਤਾਂ ਨੂੰ ਜਾਣਨਾ ਤੇ ਉਨ੍ਹਾਂ ਮੁਤਾਬਕ ਜੀਉਣਾ ਬੜੀ ਸਮਝਦਾਰੀ ਦੀ ਗੱਲ ਹੈ। ਜ਼ਬੂਰਾਂ ਦੇ ਲਿਖਾਰੀ ਨੇ ਉਸ ਇਨਸਾਨ ਨੂੰ ਧੰਨ ਕਿਹਾ ਜਿਹੜਾ “ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ” ਹੈ। ਫਿਰ ਉਸ ਨੇ ਕਿਹਾ: “ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।” (ਜ਼ਬੂਰ 1:1-3) ਜੇ ਅਸੀਂ ਸਫ਼ਲ ਹੋਣਾ ਹੈ, ਤਾਂ ਸਾਨੂੰ ਬਾਈਬਲ ਦੀ ਜ਼ਰੂਰ ਜਾਂਚ ਕਰਨੀ ਚਾਹੀਦੀ ਹੈ।

ਇਕ ਰਿਟਾਇਰ ਅਧਿਆਪਕ, ਮੌਰੀਸ ਹਮੇਸ਼ਾ ਇਹੀ ਵਿਸ਼ਵਾਸ ਕਰਦਾ ਸੀ ਕਿ ਬਾਈਬਲ ਵਿਚ ਕੁਝ ਇਤਿਹਾਸਕ ਤੇ ਸਾਹਿੱਤਕ ਖੂਬੀਆਂ ਪਾਈਆਂ ਜਾਂਦੀਆਂ ਹਨ। ਪਰ ਉਸ ਨੂੰ ਇਸ ਗੱਲ ਤੇ ਸ਼ੱਕ ਸੀ ਕਿ ਬਾਈਬਲ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀ ਗਈ ਹੈ। ਇਸ ਸਵਾਲ ਦਾ ਜਵਾਬ ਸੁਣਨ ਤੋਂ ਬਾਅਦ ਕਿ ਪਰਮੇਸ਼ੁਰ ਨੇ ਆਪਣਾ ਬਚਨ ਇਨਸਾਨਾਂ ਨੂੰ ਕਿਉਂ ਦਿੱਤਾ ਹੈ, ਮੌਰਿਸ ਨੇ ਬਾਈਬਲ ਦੀਆਂ ਵੱਖੋ-ਵੱਖਰੀਆਂ ਭਵਿੱਖਬਾਣੀਆਂ ਦੀ ਜਾਂਚ ਕੀਤੀ। ਉਸ ਨੇ ਆਪਣੀ ਜਵਾਨੀ ਵਿਚ ਇਤਿਹਾਸ, ਸਾਹਿੱਤ, ਸਾਇੰਸ, ਤੇ ਭੂਗੋਲ ਵਿਸ਼ਿਆਂ ਨੂੰ ਪੜ੍ਹਿਆ ਸੀ। ਉਹ ਮੰਨਦਾ ਹੈ ਕਿ ਉਹ ਖ਼ੁਦ ਨੂੰ ਬੜਾ ਅਕਲਮੰਦ ਸਮਝਦਾ ਸੀ ਜਿਸ ਕਰਕੇ ਉਸ ਨੇ ਉਨ੍ਹਾਂ ਉਦਾਹਰਣਾਂ ਦੀ ਜਾਂਚ ਕਰਨ ਦੀ ਕਦੇ ਲੋੜ ਮਹਿਸੂਸ ਨਹੀਂ ਕੀਤੀ ਜੋ ਇਹ ਸਾਬਤ ਕਰਦੀਆਂ ਹਨ ਕਿ ਪਰਮੇਸ਼ੁਰ ਨੇ ਹੀ ਬਾਈਬਲ ਨੂੰ ਲਿਖਾਇਆ ਹੈ। “ਮੈਂ ਅੰਨ੍ਹੇਵਾਹ ਧਨ-ਦੌਲਤ ਕਮਾਉਣ ਅਤੇ ਜ਼ਿੰਦਗੀ ਦੇ ਐਸ਼ੋ-ਆਰਾਮ ਹਾਸਲ ਕਰਨ ਵਿਚ ਲੱਗਾ ਰਹਿੰਦਾ ਸੀ। ਬੜੇ ਦੁੱਖ ਦੀ ਗੱਲ ਹੈ ਕਿ ਮੈਂ ਇਸ ਸਭ ਤੋਂ ਉੱਤਮ ਕਿਤਾਬ ਦੀ ਖ਼ਾਸੀਅਤ ਤੇ ਸੱਚਾਈ ਤੋਂ ਅਣਜਾਣ ਰਿਹਾ।”

ਮੌਰੀਸ ਦੀ ਉਮਰ ਹੁਣ 70 ਸਾਲ ਤੋਂ ਉੱਪਰ ਹੈ। ਉਹ ਥੋਮਾ ਰਸੂਲ ਅੱਗੇ ਯਿਸੂ ਦੇ ਪ੍ਰਗਟ ਹੋਣ ਦੇ ਬਿਰਤਾਂਤ ਵੱਲ ਇਸ਼ਾਰਾ ਕਰਦਾ ਹੋਇਆ ਖ਼ੁਸ਼ੀ ਨਾਲ ਕਹਿੰਦਾ ਹੈ: “ਮੈਂ ਵੀ ਮਾਨੋ ਯਿਸੂ ਦੇ ‘ਜ਼ਖਮਾਂ’ ਨੂੰ ਹੱਥ ਲਾ ਕੇ ਦੇਖਿਆ ਜਿਸ ਨਾਲ ਮੇਰੇ ਮਨ ਵਿੱਚੋਂ ਇਸ ਬਾਰੇ ਸਾਰੇ ਸ਼ੱਕ ਮਿਟ ਗਏ ਕਿ ਬਾਈਬਲ ਬਿਲਕੁਲ ਸੱਚੀ ਹੈ।” (ਯੂਹੰਨਾ 20:24-29) ਪੌਲੁਸ ਰਸੂਲ ਨੇ ਠੀਕ ਹੀ ਕਿਹਾ ਕਿ ਬਾਈਬਲ ਦਿਲ ਦੀਆਂ ਗੱਲਾਂ ਜਾਂਚਦੀ ਤੇ ਜ਼ਿੰਦਗੀ ਨੂੰ ਇਕ ਮਕਸਦ ਦਿੰਦੀ ਹੈ। ਸੱਚ-ਮੁੱਚ ਬਾਈਬਲ ਜੀਉਣ ਦਾ ਰਾਹ ਦਿਖਾਉਣ ਵਾਲੀ ਕਿਤਾਬ ਹੈ।

ਮੁਸ਼ਕਲਾਂ ਭਰੀ ਜ਼ਿੰਦਗੀ ਨੂੰ ਬਿਹਤਰ ਬਣਾਉਂਦੀ ਹੈ

ਬਾਈਬਲ, ਲੋਕਾਂ ਨੂੰ ਆਪਣੀਆਂ ਬੁਰੀਆਂ ਆਦਤਾਂ ਤੇ ਕਾਬੂ ਪਾਉਣ ਦੀ ਸਲਾਹ ਵੀ ਦਿੰਦੀ ਹੈ। ਇਸੇ ਕਰਕੇ ਡੈਨੀਏਲ ਆਪਣੀ ਸਿਗਰਟ ਪੀਣ ਦੀ ਭੈੜੀ ਆਦਤ ਤੇ ਕਾਬੂ ਪਾ ਸਕਿਆ ਤੇ ਨਾਲੇ ਬੇਕਾਬੂ ਪਾਰਟੀਆਂ ਵਿਚ ਜਾਣਾ ਅਤੇ ਜ਼ਿਆਦਾ ਸ਼ਰਾਬ ਪੀਣੀ ਛੱਡ ਸਕਿਆ। (ਰੋਮੀਆਂ 13:13; 2 ਕੁਰਿੰਥੀਆਂ 7:1; ਗਲਾਤੀਆਂ 5:19-21) ਅਸਲ ਵਿਚ, ਅਜਿਹੀਆਂ ਆਦਤਾਂ ਨੂੰ ਜੜ੍ਹੋਂ ਉਖਾੜਨ ਅਤੇ “ਨਵੀਂ ਇਨਸਾਨੀਅਤ” ਨੂੰ ਪਹਿਨਣ ਲਈ ਬੜੇ ਜਤਨ ਕਰਨੇ ਪੈਂਦੇ ਹਨ। (ਅਫ਼ਸੀਆਂ 4:22-24) ਡੈਨੀਏਲ ਕਹਿੰਦਾ ਹੈ “ਕਿਉਂਕਿ ਅਸੀਂ ਸਾਰੇ ਇਨਸਾਨ ਬੜੇ ਨਾਮੁਕੰਮਲ ਹਾਂ, ਇਸ ਲਈ ਮੇਰੇ ਲਈ ਇੰਜ ਕਰਨਾ ਇਕ ਵੱਡੀ ਚੁਣੌਤੀ ਸੀ।” ਫਿਰ ਵੀ ਉਹ ਇੰਜ ਕਰਨ ਵਿਚ ਕਾਮਯਾਬ ਹੋ ਗਿਆ। ਹੁਣ ਡੈਨੀਏਲ ਰੋਜ਼ਾਨਾ ਪਰਮੇਸ਼ੁਰ ਦਾ ਬਚਨ ਪੜ੍ਹਦਾ ਹੈ ਜੋ ਉਸ ਨੂੰ ਯਹੋਵਾਹ ਦੇ ਨੇੜੇ ਰਹਿਣ ਵਿਚ ਮਦਦ ਕਰਦਾ ਹੈ।

ਹਾਲਾਂਕਿ ਡੈਨੀਏਲ ਨੇ ਬਾਈਬਲ ਕਦੇ ਨਹੀਂ ਪੜ੍ਹੀ ਸੀ, ਪਰ ਬਚਪਨ ਤੋਂ ਹੀ ਉਹ ਇਸ ਦਾ ਦਿਲੋਂ ਆਦਰ ਕਰਦਾ ਸੀ ਤੇ ਰੋਜ਼ ਰਾਤ ਨੂੰ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਸੀ। ਪਰ ਉਹ ਇਕ ਗੱਲ ਦੀ ਘਾਟ ਮਹਿਸੂਸ ਕਰਦਾ ਸੀ। ਉਸ ਦੀ ਜ਼ਿੰਦਗੀ ਵਿਚ ਖ਼ੁਸ਼ੀ ਨਹੀਂ ਸੀ। ਉਦੋਂ ਉਸ ਦੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਇਆ ਜਦੋਂ ਉਸ ਨੇ ਪਹਿਲੀ ਵਾਰ ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਪੜ੍ਹਿਆ। (ਕੂਚ 6:3; ਜ਼ਬੂਰ 83:18) ਉਸ ਤੋਂ ਬਾਅਦ, ਉਹ ਆਪਣੀ ਪ੍ਰਾਰਥਨਾ ਵਿਚ ਯਹੋਵਾਹ ਦਾ ਨਾਂ ਲੈਣ ਲੱਗਾ ਤੇ ਇਨ੍ਹਾਂ ਪ੍ਰਾਰਥਨਾਵਾਂ ਕਰਕੇ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਗਿਆ। ਉਹ ਕਹਿੰਦਾ ਹੈ: “ਯਹੋਵਾਹ ਹੁਣ ਮੇਰੇ ਬਹੁਤ ਨੇੜੇ ਹੈ ਤੇ ਉਹ ਮੇਰਾ ਸਭ ਤੋਂ ਪੱਕਾ ਮਿੱਤਰ ਹੈ।”

ਬਾਈਬਲ ਬਾਰੇ ਸਿੱਖਣ ਤੋਂ ਪਹਿਲਾਂ, ਡੈਨੀਏਲ ਨੂੰ ਭਵਿੱਖ ਬਾਰੇ ਕੋਈ ਉਮੀਦ ਨਹੀਂ ਸੀ। ਉਹ ਕਹਿੰਦਾ ਹੈ: “ਦੁਨੀਆਂ ਵਿਚ ਜੋ ਕੁਝ ਵਾਪਰ ਰਿਹਾ ਹੈ, ਉਸ ਬਾਰੇ ਸਾਰੇ ਜਾਣਦੇ ਹਨ। ਪਹਿਲਾਂ ਮੈਂ ਡਰਦਾ ਸੀ ਤੇ ਆਪਣੇ ਆਪ ਨੂੰ ਹਮੇਸ਼ਾ ਆਪਣੇ ਕੰਮਾਂ ਵਿਚ ਹੀ ਰੁਝਾਈ ਰੱਖਦਾ ਸੀ ਤਾਂਕਿ ਦੁਨੀਆਂ ਵਿਚ ਜੋ ਕੁਝ ਹੋ ਰਿਹਾ ਹੈ ਉਸ ਬਾਰੇ ਸੋਚਣ ਲਈ ਮੇਰੇ ਕੋਲ ਸਮਾਂ ਹੀ ਨਾ ਬਚੇ।” ਫਿਰ ਉਸ ਨੇ ਸਿੱਖਿਆ ਕਿ ਪਰਮੇਸ਼ੁਰ ਸਾਫ਼-ਸੁਥਰੀ ਧਰਤੀ ਉੱਤੇ ਨਿਆਂ ਕਾਇਮ ਕਰੇਗਾ ਜਿੱਥੇ ਆਗਿਆਕਾਰੀ ਇਨਸਾਨ ਸਦਾ ਲਈ ਸ਼ਾਂਤੀ ਤੇ ਖ਼ੁਸ਼ੀ ਦਾ ਆਨੰਦ ਮਾਣਨਗੇ। (ਜ਼ਬੂਰ 37:10, 11; ਦਾਨੀਏਲ 2:44; ਪਰਕਾਸ਼ ਦੀ ਪੋਥੀ 21:3, 4) ਹੁਣ ਡੈਨੀਏਲ ਨੂੰ ਪੱਕੀ ਆਸ਼ਾ ਹੈ। ਬਾਈਬਲ ਤੋਂ ਮਿਲੀ ਇਹ ਆਸ਼ਾ ਉਸ ਨੂੰ ਜ਼ਿੰਦਗੀ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਮਦਦ ਕਰਦੀ ਹੈ।

ਭਾਵਾਤਮਕ ਮੁਸ਼ਕਲਾਂ ਤੇ ਕਾਬੂ ਪਾਉਣ ਵਿਚ ਮਦਦਗਾਰ

ਜੌਰਜ ਸੱਤਾਂ ਸਾਲਾਂ ਦਾ ਸੀ ਜਦੋਂ ਉਸ ਦੀ ਮਾਂ ਮਰ ਗਈ। ਉਸ ਨੂੰ ਰਾਤ ਨੂੰ ਸੌਣ ਤੋਂ ਡਰ ਲੱਗਦਾ ਸੀ ਕਿ ਪਤਾ ਨਹੀਂ ਉਹ ਸਵੇਰ ਨੂੰ ਜੀਉਂਦਾ ਉੱਠੇਗਾ ਜਾਂ ਨਹੀਂ। ਫਿਰ ਉਸ ਨੇ ਮੌਤ ਤੇ ਪੁਨਰ-ਉਥਾਨ ਬਾਰੇ ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ ਪੜ੍ਹਿਆ: “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ [ਯਿਸੂ] ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।” ਯਿਸੂ ਦੇ ਇਹ ਸ਼ਬਦ ਵੀ ਉਸ ਦੇ ਦਿਲ ਨੂੰ ਟੁੰਬ ਗਏ: “ਕਿਆਮਤ ਅਤੇ ਜੀਉਣ ਮੈਂ ਹਾਂ। ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ।” (ਯੂਹੰਨਾ 5:28, 29; 11:25) ਇਹ ਗੱਲਾਂ ਉਸ ਨੂੰ ਸਹੀ ਲੱਗੀਆਂ ਤੇ ਇਨ੍ਹਾਂ ਤੋਂ ਉਸ ਨੂੰ ਤਸੱਲੀ ਮਿਲੀ। ਜੌਰਜ ਕਹਿੰਦਾ ਹੈ, “ਇਹ ਸੱਚਾਈ ਨਾ ਸਿਰਫ਼ ਮਨ ਨੂੰ ਹੀ ਚੰਗੀ ਲੱਗਦੀ ਹੈ ਸਗੋਂ ਦਿਲ ਨੂੰ ਵੀ ਛੋਹ ਜਾਂਦੀ ਹੈ।”

ਪਹਿਲਾਂ ਜ਼ਿਕਰ ਕੀਤੇ ਗਏ ਡੈਨੀਏਲ ਨੂੰ ਵੀ ਡਰ ਲੱਗਦਾ ਹੁੰਦਾ ਸੀ। ਉਸ ਦੀ ਮਾਂ ਉਸ ਨੂੰ ਇਕੱਲੀ ਨਹੀਂ ਪਾਲ ਸਕਦੀ ਸੀ, ਇਸ ਲਈ ਡੈਨੀਏਲ ਨੂੰ ਕਈ ਦੂਸਰੇ ਪਰਿਵਾਰਾਂ ਨਾਲ ਰਹਿਣਾ ਪਿਆ। ਉਹ ਹਮੇਸ਼ਾ ਆਪਣੇ ਆਪ ਨੂੰ ਬੇਗ਼ਾਨਾ ਮਹਿਸੂਸ ਕਰਦਾ ਸੀ ਤੇ ਪਰਿਵਾਰ ਵਿਚ ਮਿਲਣ ਵਾਲੇ ਪਿਆਰ ਤੇ ਸੁਰੱਖਿਆ ਲਈ ਤਰਸਦਾ ਰਹਿੰਦਾ ਸੀ। ਆਖ਼ਰਕਾਰ ਉਸ ਨੇ ਬਾਈਬਲ ਦਾ ਅਧਿਐਨ ਕਰਨ ਦੁਆਰਾ ਉਹ ਪਿਆਰ ਤੇ ਸੁਰੱਖਿਆ ਪਾ ਹੀ ਲਈ ਜਿਸ ਲਈ ਉਹ ਤਰਸ ਰਿਹਾ ਸੀ। ਡੈਨੀਏਲ ਯਹੋਵਾਹ ਦੇ ਗਵਾਹਾਂ ਦੀ ਮਸੀਹੀ ਕਲੀਸਿਯਾ ਨਾਲ ਸੰਗਤੀ ਕਰਨ ਲੱਗ ਪਿਆ ਤੇ ਇਕ ਅਧਿਆਤਮਿਕ ਪਰਿਵਾਰ ਦਾ ਹਿੱਸਾ ਬਣ ਗਿਆ ਜਿੱਥੇ ਉਸ ਨੂੰ ਆਪਣੇਪਨ ਦਾ ਅਹਿਸਾਸ ਹੋਇਆ ਤੇ ਦੂਜਿਆਂ ਦਾ ਪਿਆਰ ਮਿਲਣ ਲੱਗਾ। ਜੀ ਹਾਂ, ਸੱਚ-ਮੁੱਚ ਬਾਈਬਲ ਵਿਵਹਾਰਕ ਤੇ ਭਾਵਾਤਮਕ ਤੌਰ ਤੇ ਸੰਤੁਸ਼ਟੀ ਦੇਣ ਵਾਲੀ ਕਿਤਾਬ ਹੈ।

ਯਾਦ ਰੱਖੋ, ਯਹੋਵਾਹ ਦੇਖਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ ਤੇ ਜਾਣਦਾ ਹੈ ਕਿ ਅਸੀਂ ਕਿਸ ਚੀਜ਼ ਦੀ ਭਾਲ ਕਰ ਰਹੇ ਹਾਂ। ਪਰਮੇਸ਼ੁਰ ਆਦਮੀ ਦੇ “ਉਦੇਸ਼ ਨੂੰ ਜਾਣਦਾ ਹੈ” ਤੇ ਉਹ “ਹਰ ਮਨੁੱਖ ਨੂੰ ਉਹ ਦੇ ਚਾਲ ਚਲਣ ਅਨੁਸਾਰ” ਦਿੰਦਾ ਹੈ।—ਕਹਾਉਤਾਂ 21:2, ਪਵਿੱਤਰ ਬਾਈਬਲ ਨਵਾਂ ਅਨੁਵਾਦ; ਯਿਰਮਿਯਾਹ 17:10.

ਪਰਿਵਾਰਕ ਜੀਵਨ ਚਲਾਉਣ ਲਈ ਸਹੀ ਸਲਾਹ

ਬਾਈਬਲ ਇਨਸਾਨੀ ਰਿਸ਼ਤਿਆਂ ਬਾਰੇ ਸਹੀ ਸਲਾਹ ਦਿੰਦੀ ਹੈ। ਜੌਰਜ ਕਹਿੰਦਾ ਹੈ: “ਆਪਸੀ ਮਤਭੇਦ ਜਾਂ ਗ਼ਲਤਫ਼ਹਿਮੀਆਂ ਕਰਕੇ ਸਾਡੀ ਜ਼ਿੰਦਗੀ ਵਿਚ ਤਣਾਅ ਪੈਦਾ ਹੋ ਜਾਂਦਾ ਹੈ।” ਉਹ ਇਨ੍ਹਾਂ ਮਾਮਲਿਆਂ ਨੂੰ ਕਿਵੇਂ ਸੁਲਝਾਉਂਦਾ ਹੈ? “ਜੇ ਮੈਨੂੰ ਲੱਗਦਾ ਹੈ ਕਿ ਕਿਸੇ ਨੂੰ ਮੇਰੇ ਖ਼ਿਲਾਫ਼ ਕੋਈ ਸ਼ਿਕਾਇਤ ਹੈ, ਤਾਂ ਮੈਂ ਮੱਤੀ 5:23, 24 ਵਿਚ ਦਿੱਤੀ ਇਸ ਖਰੀ ਸਲਾਹ ਨੂੰ ਆਪਣੇ ਉੱਤੇ ਲਾਗੂ ਕਰਦਾ ਹਾਂ: ‘ਆਪਣੇ ਭਰਾ ਨਾਲ ਮੇਲ ਕਰ।’ ਸੱਚਾਈ ਇਹ ਹੈ ਕਿ ਜਦੋਂ ਮੈਂ ਆਪਸੀ ਮਤਭੇਦਾਂ ਨੂੰ ਮਿਟਾਉਣ ਲਈ ਕਿਸੇ ਨਾਲ ਗੱਲ ਕਰਦਾ ਹਾਂ, ਤਾਂ ਇਸ ਦੇ ਚੰਗੇ ਨਤੀਜੇ ਨਿਕਲਦੇ ਹਨ। ਇਸ ਨਾਲ ਮੈਨੂੰ ਪਰਮੇਸ਼ੁਰੀ ਸ਼ਾਂਤੀ ਮਿਲਦੀ ਹੈ। ਬਾਈਬਲ ਦੀ ਸਲਾਹ ਮੰਨਣ ਨਾਲ ਬੜਾ ਫ਼ਾਇਦਾ ਹੁੰਦਾ ਹੈ। ਸੱਚ-ਮੁੱਚ ਇਹ ਬੜੀ ਫ਼ਾਇਦੇਮੰਦ ਸਲਾਹ ਹੈ।”—ਫ਼ਿਲਿੱਪੀਆਂ 4:6, 7.

ਜਦੋਂ ਪਤੀ-ਪਤਨੀ ਦੀ ਆਪਸ ਵਿਚ ਅਣਬਣ ਹੋ ਜਾਂਦੀ ਹੈ, ਤਾਂ ਉਨ੍ਹਾਂ ਦੋਹਾਂ ਨੂੰ ਹੀ ‘ਸੁਣਨ ਵਿੱਚ ਕਾਹਲੇ ਅਤੇ ਬੋਲਣ ਵਿੱਚ ਧੀਰੇ ਅਤੇ ਕ੍ਰੋਧ ਵਿੱਚ ਵੀ ਧੀਰੇ ਹੋਣ’ ਦੀ ਲੋੜ ਹੈ। (ਯਾਕੂਬ 1:19) ਇਹ ਸਲਾਹ ਮੰਨਣ ਨਾਲ ਪਤੀ-ਪਤਨੀ ਆਪਣੀਆਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲ ਕਰ ਸਕਦੇ ਹਨ। ਜੌਰਜ ਅੱਗੇ ਕਹਿੰਦਾ ਹੈ: “ਜਦੋਂ ਮੈਂ ਆਪਣੀ ਪਤਨੀ ਨੂੰ ਆਪਣੇ ਸਰੀਰ ਵਾਂਗ ਪਿਆਰ ਕਰਨ ਤੇ ਉਸ ਨਾਲ ਚੰਗੀ ਤਰ੍ਹਾਂ ਪੇਸ਼ ਆਉਣ ਦੀ ਸਲਾਹ ਨੂੰ ਲਾਗੂ ਕਰਦਾ ਹਾਂ, ਤਾਂ ਮੈਂ ਉਸੇ ਵੇਲੇ ਉਸ ਦੇ ਚੰਗੇ ਨਤੀਜੇ ਨਿਕਲਦੇ ਦੇਖਦਾ ਹਾਂ। ਇੰਜ ਮੇਰੀ ਪਤਨੀ ਲਈ ਮੇਰਾ ਆਦਰ ਕਰਨਾ ਹੋਰ ਵੀ ਆਸਾਨ ਹੋ ਜਾਂਦਾ ਹੈ।” (ਅਫ਼ਸੀਆਂ 5:28-33) ਜੀ ਹਾਂ, ਬਾਈਬਲ ਸਾਨੂੰ ਆਪਣੀਆਂ ਕਮਜ਼ੋਰੀਆਂ ਨੂੰ ਪਛਾਣਨ ਤੇ ਉਨ੍ਹਾਂ ਨੂੰ ਦੂਰ ਕਰਨਾ ਸਿਖਾਉਂਦੀ ਹੈ ਤੇ ਇਹ ਵੀ ਸਿਖਾਉਂਦੀ ਹੈ ਕਿ ਅਸੀਂ ਦੂਜਿਆਂ ਦੀਆਂ ਕਮਜ਼ੋਰੀਆਂ ਦਾ ਸਾਮ੍ਹਣਾ ਕਿਵੇਂ ਕਰੀਏ।

ਹਮੇਸ਼ਾ ਕੰਮ ਆਉਣ ਵਾਲੀ ਸਲਾਹ

ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾਉਤਾਂ 3:5, 6) ਇਹ ਸ਼ਬਦ ਕਿੰਨੇ ਸਿੱਧੇ-ਸਾਦੇ ਪਰ ਸਮਝ ਦੇਣ ਵਾਲੇ ਹਨ!

ਬਾਈਬਲ ਵਿਚ ਸਾਨੂੰ ਸੁਧਾਰਨ ਦੀ ਤਾਕਤ ਹੈ। ਇਹ ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਉਸ ਦੀ ਇੱਛਾ ਮੁਤਾਬਕ ਢਾਲ਼ਣ ਤੇ ‘ਯਹੋਵਾਹ ਦੀ ਬਿਵਸਥਾ ਉੱਤੇ ਚੱਲਣ’ ਦੇ ਯੋਗ ਬਣਾਉਂਦੀ ਹੈ। (ਜ਼ਬੂਰ 119:1) ਹਾਲਾਤ ਭਾਵੇਂ ਜਿੱਦਾਂ ਦੇ ਮਰਜ਼ੀ ਹੋਣ, ਬਾਈਬਲ ਸਾਨੂੰ ਉਨ੍ਹਾਂ ਬਾਰੇ ਲੋੜੀਂਦੀਆਂ ਹਿਦਾਇਤਾਂ ਤੇ ਸਲਾਹਾਂ ਦਿੰਦੀ ਹੈ। (ਯਸਾਯਾਹ 48:17, 18) ਇਸ ਲਈ ਬਾਈਬਲ ਨੂੰ ਰੋਜ਼ ਪੜ੍ਹੋ, ਪੜ੍ਹੀਆਂ ਗਈਆਂ ਗੱਲਾਂ ਤੇ ਮਨਨ ਕਰੋ, ਅਤੇ ਇਨ੍ਹਾਂ ਤੇ ਅਮਲ ਵੀ ਕਰੋ। ਇੰਜ ਕਰਨ ਨਾਲ ਤੁਹਾਡਾ ਮਨ ਸਾਫ਼ ਤਾਂ ਰਹੇਗਾ ਹੀ, ਪਰ ਨਾਲ ਹੀ ਸ਼ੁੱਧ ਤੇ ਖਰੀਆਂ ਗੱਲਾਂ ਉੱਤੇ ਵੀ ਟਿਕਿਆ ਰਹੇਗਾ। (ਫ਼ਿਲਿੱਪੀਆਂ 4:8, 9) ਤੁਸੀਂ ਨਾ ਸਿਰਫ਼ ਜੀਉਣਾ ਤੇ ਜ਼ਿੰਦਗੀ ਦਾ ਆਨੰਦ ਮਾਣਨਾ ਸਿੱਖੋਗੇ, ਸਗੋਂ ਜ਼ਿੰਦਗੀ ਦੇਣ ਵਾਲੇ ਆਪਣੇ ਸ੍ਰਿਸ਼ਟੀਕਰਤਾ ਨੂੰ ਪਿਆਰ ਕਰਨਾ ਵੀ ਸਿੱਖੋਗੇ।

ਉੱਪਰ ਦੱਸੀਆਂ ਗਈਆਂ ਗੱਲਾਂ ਤੇ ਚੱਲਣ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਬਾਈਬਲ ਸਿਰਫ਼ ਇਕ ਚੰਗੀ ਕਿਤਾਬ ਹੀ ਨਹੀਂ ਹੈ, ਸਗੋਂ ਜਿਵੇਂ ਲੱਖਾਂ ਲੋਕਾਂ ਨੇ ਦੇਖਿਆ ਕਿ ਇਹ ਜੀਉਣ ਦਾ ਰਾਹ ਦਿਖਾਉਂਦੀ ਹੈ। ਸੱਚ-ਮੁੱਚ ਬਾਈਬਲ ਤੁਹਾਡੇ ਲਈ ਵੀ ਜੀਉਣ ਦਾ ਰਾਹ ਦਿਖਾਉਣ ਵਾਲੀ ਕਿਤਾਬ ਸਾਬਤ ਹੋਵੇਗੀ!

[ਸਫ਼ੇ 6 ਉੱਤੇ ਤਸਵੀਰ]

ਬਾਈਬਲ ਬੁਰੀਆਂ ਆਦਤਾਂ ਛੱਡਣ ਦੇ ਤੁਹਾਡੇ ਇਰਾਦੇ ਨੂੰ ਮਜ਼ਬੂਤ ਬਣਾਉਂਦੀ ਹੈ

[ਸਫ਼ੇ 7 ਉੱਤੇ ਤਸਵੀਰ]

ਬਾਈਬਲ ਸਿਖਾਉਂਦੀ ਹੈ ਕਿ ਤੁਸੀਂ ਪਰਮੇਸ਼ੁਰ ਦੇ ਨੇੜੇ ਕਿਵੇਂ ਆ ਸਕਦੇ ਹੋ