Skip to content

Skip to table of contents

ਬਾਈਬਲ—ਸਭ ਤੋਂ ਜ਼ਿਆਦਾ ਮਨ-ਪਸੰਦ ਤੇ ਠੁਕਰਾਈ ਗਈ ਕਿਤਾਬ

ਬਾਈਬਲ—ਸਭ ਤੋਂ ਜ਼ਿਆਦਾ ਮਨ-ਪਸੰਦ ਤੇ ਠੁਕਰਾਈ ਗਈ ਕਿਤਾਬ

ਬਾਈਬਲ—ਸਭ ਤੋਂ ਜ਼ਿਆਦਾ ਮਨ-ਪਸੰਦ ਤੇ ਠੁਕਰਾਈ ਗਈ ਕਿਤਾਬ

“ਮੈਂ ਚਾਹੁੰਦਾ ਹਾਂ ਕਿ ਬਾਈਬਲ ਦਾ ਸਾਰੀਆਂ ਭਾਸ਼ਾਵਾਂ ਵਿਚ ਤਰਜਮਾ ਕੀਤਾ ਜਾਵੇ,” 16ਵੀਂ ਸਦੀ ਦੇ ਮਸ਼ਹੂਰ ਡੱਚ ਵਿਦਵਾਨ ਡੇਸੀਡਰਾਇਸ ਇਰੈਸਮਸ ਨੇ ਲਿਖਿਆ।

ਇਰੈਸਮਸ ਦੀ ਦਿਲੀ ਇੱਛਾ ਸੀ ਕਿ ਸਾਰੇ ਲੋਕ ਬਾਈਬਲ ਨੂੰ ਪੜ੍ਹ ਕੇ ਸਮਝ ਸਕਣ। ਪਰ ਬਾਈਬਲ ਦੇ ਵਿਰੋਧੀਆਂ ਨੇ ਬੜੇ ਵਹਿਸ਼ੀ ਤਰੀਕੇ ਨਾਲ ਇਸ ਵਿਚਾਰ ਦਾ ਵਿਰੋਧ ਕੀਤਾ। ਦਰਅਸਲ ਯੂਰਪ ਵਿਚ ਉਸ ਵੇਲੇ ਬਾਈਬਲ ਵਿਚ ਥੋੜ੍ਹੀ ਜਿਹੀ ਵੀ ਦਿਲਚਸਪੀ ਦਿਖਾਉਣ ਵਾਲੇ ਕਿਸੇ ਵੀ ਵਿਅਕਤੀ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ। ਇੰਗਲੈਂਡ ਦੀ ਪਾਰਲੀਮੈਂਟ ਵਿਚ ਇਸ ਸੰਬੰਧੀ ਪਾਸ ਕੀਤੇ ਗਏ ਇਕ ਕਾਨੂੰਨ ਵਿਚ ਇਹ ਹੁਕਮ ਦਿੱਤਾ ਗਿਆ ਕਿ “ਜੇ ਕੋਈ ਵਿਅਕਤੀ ਅੰਗ੍ਰੇਜ਼ੀ ਵਿਚ ਬਾਈਬਲ ਪੜ੍ਹਦਾ ਹੈ, ਤਾਂ ਉਸ ਦੀ ਸਾਰੀ ਜ਼ਮੀਨ-ਜਾਇਦਾਦ ਤੇ ਨਿੱਜੀ-ਸੰਪਤੀ ਜ਼ਬਤ ਕਰ ਲਈ ਜਾਵੇਗੀ ਅਤੇ ਉਸ ਨੂੰ ਆਪਣੀ ਪੂਰੀ ਜ਼ਿੰਦਗੀ ਹਕੂਮਤ ਦੀ ਗ਼ੁਲਾਮੀ ਕਰਨੀ ਪਵੇਗੀ . . . ਪਰ ਜੇ ਮਾਫ਼ ਕਰਨ ਤੋਂ ਬਾਅਦ ਵੀ ਅਜਿਹੇ ਲੋਕ ਆਪਣੀ ਜ਼ਿੱਦ ਤੇ ਅੜੇ ਰਹਿੰਦੇ ਹਨ ਜਾਂ ਮੁੜ ਕੇ ਉਹੀ ਗ਼ਲਤੀ ਕਰਦੇ ਹਨ, ਤਾਂ ਪਹਿਲਾਂ ਉਨ੍ਹਾਂ ਨੂੰ ਰਾਜੇ ਖ਼ਿਲਾਫ਼ ਬਗਾਵਤ ਕਰਨ ਕਰਕੇ ਫਾਂਸੀ ਦਿੱਤੀ ਜਾਵੇਗੀ ਤੇ ਫਿਰ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕਰਨ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾੜ ਦਿੱਤਾ ਜਾਵੇਗਾ।”

ਯੂਰਪ ਵਿਚ ਕੈਥੋਲਿਕ ਧਾਰਮਿਕ ਅਦਾਲਤ ਨੇ ਬਾਈਬਲ ਨੂੰ ਮੰਨਣ ਵਾਲੇ ਬਹੁਤ ਸਾਰੇ ਸਮੂਹਾਂ ਨੂੰ “ਧਰਮ-ਵਿਰੋਧੀ” ਪੰਥ ਕਹਿ ਕੇ ਬੇਰਹਿਮੀ ਨਾਲ ਸਤਾਇਆ ਜਾਂ ਮਾਰਿਆ, ਖ਼ਾਸ ਕਰਕੇ ਫ਼ਰਾਂਸ ਦੇ ਵਾਲਡੈਂਸੀਜ਼ ਪੰਥ ਦੇ ਲੋਕਾਂ ਨੂੰ। ਕਿਉਂ? ਕਿਉਂਕਿ ਇਹ ਲੋਕ “ਬਾਈਬਲ ਵਿੱਚੋਂ” ਪ੍ਰਚਾਰ ਕਰਦੇ ਸਨ। “ਉਸ ਵੇਲੇ ਆਮ ਲੋਕਾਂ ਨੂੰ ਪਵਿੱਤਰ ਬਾਈਬਲ ਤੋਂ ਪ੍ਰਚਾਰ ਕਰਨਾ ਤੇ ਸਮਝਾਉਣਾ ਬਿਲਕੁਲ ਮਨ੍ਹਾ” ਸੀ। ਉਸ ਵੇਲੇ ਅਣਗਿਣਤ ਆਦਮੀਆਂ ਤੇ ਔਰਤਾਂ ਨੂੰ ਬੇਰਹਿਮੀ ਨਾਲ ਤਸੀਹੇ ਦਿੱਤੇ ਗਏ ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਉਹ ਬਾਈਬਲ ਨੂੰ ਪਿਆਰ ਕਰਦੇ ਸਨ। ਜੇ ਉਹ ਸਿਰਫ਼ ਪ੍ਰਭੂ ਦੀ ਪ੍ਰਾਰਥਨਾ ਜਾਂ ਦਸ ਹੁਕਮਾਂ ਨੂੰ ਦੁਹਰਾਉਂਦੇ ਅਤੇ ਨਾਲੇ ਜੇ ਆਪਣੇ ਬੱਚਿਆਂ ਨੂੰ ਸਿਖਾਉਂਦੇ ਸਨ, ਤਾਂ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ।

ਜਿਹੜੇ ਲੋਕ ਇੰਗਲੈਂਡ ਤੋਂ ਉੱਤਰੀ ਅਮਰੀਕਾ ਵਿਚ ਜਾ ਕੇ ਵਸ ਗਏ ਸਨ, ਉਨ੍ਹਾਂ ਦੇ ਦਿਲਾਂ ਵਿਚ ਪਰਮੇਸ਼ੁਰ ਦੇ ਬਚਨ ਪ੍ਰਤੀ ਹਮੇਸ਼ਾ ਅਜਿਹੀ ਹੀ ਸ਼ਰਧਾ ਰਹੀ। ਹਿਸਟਰੀ ਆਫ਼ ਪ੍ਰਾਈਵੇਟ ਲਾਈਫ਼—ਪੈਸ਼ਨਜ਼ ਆਫ਼ ਦ ਰਿਨੇਸਾਂਸ ਨਾਮਕ ਕਿਤਾਬ ਕਹਿੰਦੀ ਹੈ ਕਿ ਸ਼ੁਰੂ-ਸ਼ੁਰੂ ਵਿਚ ਅਮਰੀਕਾ ਦੇ “ਲੋਕ ਹਰ ਰੋਜ਼ ਨੇਮ ਨਾਲ ਬਾਈਬਲ ਪੜ੍ਹਦੇ ਸਨ ਅਤੇ ਇਸ ਦੇ ਅਸੂਲਾਂ ਮੁਤਾਬਕ ਚੱਲਦੇ ਸਨ।” ਅਸਲ ਵਿਚ 1767 ਵਿਚ ਬੋਸਟਨ ਦੀ ਅਖ਼ਬਾਰ ਵਿਚ ਛਪੇ ਇਕ ਧਰਮ-ਉਪਦੇਸ਼ ਨੇ ਸਲਾਹ ਦਿੱਤੀ: “ਪਵਿੱਤਰ ਬਾਈਬਲ ਨੂੰ ਬੜੀ ਲਗਨ ਨਾਲ ਪੜ੍ਹੋ। ਤੁਹਾਨੂੰ ਹਰ ਰੋਜ਼ ਸਵੇਰ-ਸ਼ਾਮ ਆਪਣੀ ਬਾਈਬਲ ਦਾ ਇਕ ਪਾਠ ਜ਼ਰੂਰ ਪੜ੍ਹਨਾ ਚਾਹੀਦਾ ਹੈ।”

ਕੈਲੇਫ਼ੋਰਨੀਆ ਦੇ ਵੈਨਟੁਰ ਸ਼ਹਿਰ ਵਿਚ ਬਰਨਾ ਰਿਸਰਚ ਗਰੁੱਪ ਮੁਤਾਬਕ 90 ਪ੍ਰਤਿਸ਼ਤ ਨਾਲੋਂ ਜ਼ਿਆਦਾ ਅਮਰੀਕੀ ਲੋਕਾਂ ਕੋਲ ਆਪਣੀ ਬਾਈਬਲ ਹੈ, ਤਕਰੀਬਨ ਹਰ ਵਿਅਕਤੀ ਕੋਲ ਤਿੰਨ ਬਾਈਬਲਾਂ ਹਨ। ਹਾਲ ਹੀ ਵਿਚ ਕੀਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਭਾਵੇਂ ਅਜੇ ਵੀ ਅਮਰੀਕਾ ਵਿਚ ਬਾਈਬਲ ਦਾ ਬੜਾ ਆਦਰ ਕੀਤਾ ਜਾਂਦਾ ਹੈ, ਪਰ ਲੋਕ “ਇਸ ਨੂੰ ਪਹਿਲਾਂ ਵਾਂਗ ਨਹੀਂ ਪੜ੍ਹਦੇ ਅਤੇ ਨਾ ਹੀ ਅਧਿਐਨ ਕਰਦੇ ਹਨ ਤੇ ਨਾ ਹੀ ਇਸ ਵਿਚ ਲਿਖੀਆਂ ਗੱਲਾਂ ਨੂੰ ਆਪਣੇ ਉੱਤੇ ਲਾਗੂ ਕਰਦੇ ਹਨ।” ਬਹੁਤ ਸਾਰੇ ਲੋਕ ਬਾਈਬਲ ਬਾਰੇ ਬਹੁਤ ਹੀ ਘੱਟ ਜਾਣਦੇ ਹਨ। ਇਕ ਅਖ਼ਬਾਰ ਦੇ ਕਾਲਮਨਵੀਸ ਨੇ ਟਿੱਪਣੀ ਕੀਤੀ: “ਲੋਕ ਇਹ ਸੋਚਦੇ ਹੀ ਨਹੀਂ ਕਿ ਬਾਈਬਲ ਅੱਜ ਦੀਆਂ ਮੁਸ਼ਕਲਾਂ ਤੇ ਚਿੰਤਾਵਾਂ ਨੂੰ ਖ਼ਤਮ ਕਰਨ ਦੀ ਤਾਕਤ ਰੱਖਦੀ ਹੈ।”

ਦੁਨਿਆਵੀ ਸੋਚ

ਆਮ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਅਸੀਂ ਸਿਰਫ਼ ਆਪਣੀ ਸਮਝ ਦੇ ਸਹਾਰੇ ਅਤੇ ਇਕ-ਦੂਜੇ ਦੇ ਸਹਿਯੋਗ ਨਾਲ ਹੀ ਆਪਣੀ ਜ਼ਿੰਦਗੀ ਵਿਚ ਸਫ਼ਲ ਹੋ ਸਕਦੇ ਹਾਂ। ਲੋਕ ਦੂਜੀਆਂ ਕਿਤਾਬਾਂ ਵਾਂਗ ਬਾਈਬਲ ਨੂੰ ਵੀ ਸਿਰਫ਼ ਧਾਰਮਿਕ ਵਿਚਾਰਾਂ ਤੇ ਇਸ ਦੇ ਲਿਖਾਰੀਆਂ ਦੇ ਨਿੱਜੀ ਤਜਰਬਿਆਂ ਦੀ ਇਕ ਕਿਤਾਬ ਸਮਝਦੇ ਹਨ। ਉਹ ਇਹ ਨਹੀਂ ਮੰਨਦੇ ਕਿ ਇਸ ਵਿਚ ਸੱਚਾਈ ਦੱਸੀ ਗਈ ਹੈ।

ਇਸ ਲਈ, ਜ਼ਿਆਦਾਤਰ ਲੋਕ ਆਪਣੀ ਜ਼ਿੰਦਗੀ ਦੀਆਂ ਵਧਦੀਆਂ ਜਾ ਰਹੀਆਂ ਗੁੰਝਲਦਾਰ ਮੁਸ਼ਕਲਾਂ ਦਾ ਕਿਵੇਂ ਸਾਮ੍ਹਣਾ ਕਰਦੇ ਹਨ? ਉਹ ਅਧਿਆਤਮਿਕ ਹਨੇਰੇ ਵਿਚ ਭਟਕ ਰਹੇ ਹਨ ਜਿਸ ਵਿਚ ਉਨ੍ਹਾਂ ਨੂੰ ਕੋਈ ਠੋਸ ਨੈਤਿਕ ਜਾਂ ਧਾਰਮਿਕ ਮਾਮਲਿਆਂ ਵਿਚ ਸਹੀ ਸੇਧ ਜਾਂ ਅਗਵਾਈ ਨਹੀਂ ਮਿਲਦੀ। ਉਹ ਬਿਨਾਂ ਪਤਵਾਰਾਂ ਦੇ ਜਹਾਜ਼ਾਂ ਵਾਂਗ ਬਣ ਗਏ ਹਨ ਜੋ “ਮਨੁੱਖਾਂ ਦੀ ਠੱਗ ਵਿੱਦਿਆ ਅਤੇ ਭੁਲਾਉਣ ਵਾਲੀ ਛਲ ਛਿੱਦ੍ਰ ਰੂਪੀ ਚਤਰਾਈ ਨਾਲ ਸਿੱਖਿਆ ਦੇ ਹਰੇਕ ਬੁੱਲੇ ਨਾਲ ਐਧਰ ਉੱਧਰ ਡੋਲਦੇ ਫਿਰਦੇ ਹਨ।”—ਅਫ਼ਸੀਆਂ 4:14.

ਫਿਰ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਕੀ ਬਾਈਬਲ ਸਿਰਫ਼ ਇਕ ਧਾਰਮਿਕ ਕਿਤਾਬ ਹੀ ਹੈ? ਜਾਂ ਕੀ ਵਾਕਈ ਇਹ ਪਰਮੇਸ਼ੁਰ ਦਾ ਬਚਨ ਹੈ ਜਿਸ ਵਿਚ ਸਹੀ ਤੇ ਅਹਿਮ ਜਾਣਕਾਰੀ ਦਿੱਤੀ ਗਈ ਹੈ? (2 ਤਿਮੋਥਿਉਸ 3:16, 17) ਕੀ ਸਾਨੂੰ ਬਾਈਬਲ ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ? ਅਗਲਾ ਲੇਖ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ।

[ਸਫ਼ੇ 3 ਉੱਤੇ ਤਸਵੀਰ]

ਡੇਸੀਡਰਾਇਸ ਇਰੈਸਮਸ

[ਕ੍ਰੈਡਿਟ ਲਾਈਨ]

From the book Deutsche Kulturgeschichte

[ਸਫ਼ੇ 4 ਉੱਤੇ ਤਸਵੀਰ]

ਵਾਲਡੈਂਸੀਜ਼ ਪੰਥ ਦੇ ਲੋਕਾਂ ਨੂੰ ਚੁਣ-ਚੁਣ ਕੇ ਸਤਾਇਆ ਗਿਆ ਕਿਉਂਕਿ ਉਹ ਬਾਈਬਲ ਤੋਂ ਪ੍ਰਚਾਰ ਕਰਦੇ ਸਨ

[ਕ੍ਰੈਡਿਟ ਲਾਈਨ]

Stichting Atlas van Stolk, Rotterdam