ਯਹੋਵਾਹ ਆਪਣੇ ਲੋਕਾਂ ਨੂੰ ਰਾਹਤ ਦਿੰਦਾ ਹੈ
ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਯਹੋਵਾਹ ਆਪਣੇ ਲੋਕਾਂ ਨੂੰ ਰਾਹਤ ਦਿੰਦਾ ਹੈ
ਪਹਾੜੀ ਰਸਤੇ ਵਿੱਚੋਂ ਲੰਘਦਿਆਂ ਜਦੋਂ ਥੱਕਿਆ-ਟੁੱਟਿਆ ਮੁਸਾਫ਼ਰ ਇਕ ਛਾਂਵੀਂ ਥਾਂ ਹੇਠਾਂ ਬੈਠ ਕੇ ਦੋ ਘੜੀ ਆਰਾਮ ਕਰਦਾ ਹੈ, ਤਾਂ ਉਸ ਨੂੰ ਕਿੰਨੀ ਰਾਹਤ ਮਿਲਦੀ ਹੈ! ਨੇਪਾਲ ਵਿਚ ਅਜਿਹੀਆਂ ਥਾਵਾਂ ਨੂੰ ਚੌਤਾਰਾ ਕਿਹਾ ਜਾਂਦਾ ਹੈ। ਚੌਤਾਰਾ ਅਕਸਰ ਬੋੜ੍ਹ ਦੇ ਇਕ ਸੰਘਣੇ ਰੁੱਖ ਕੋਲ ਬਣਿਆ ਹੁੰਦਾ ਹੈ। ਇਸ ਦੀ ਛਾਂਦਾਰ ਥਾਂ ਬੈਠਣ ਤੇ ਆਰਾਮ ਕਰਨ ਲਈ ਹੁੰਦੀ ਹੈ। ਇਕ ਚੌਤਾਰਾ ਬਣਾਉਣਾ ਬੜੀ ਦਇਆ ਦਾ ਕੰਮ ਹੈ ਅਤੇ ਇਸ ਨੂੰ ਬਣਾਉਣ ਵਾਲੇ ਜ਼ਿਆਦਾਤਰ ਪਰਉਪਕਾਰੀ ਲੋਕਾਂ ਦਾ ਪਤਾ ਨਹੀਂ ਚੱਲਦਾ।
ਨੇਪਾਲ ਤੋਂ ਮਿਲੇ ਤਜਰਬੇ ਦਿਖਾਉਂਦੇ ਹਨ ਕਿ ਕਿਵੇਂ ਯਹੋਵਾਹ ਪਰਮੇਸ਼ੁਰ ਨੇ ਇਸ ਰੀਤੀ-ਵਿਵਸਥਾ ਦੇ ਬਹੁਤ ਸਾਰੇ ਥੱਕੇ ਹੋਏ “ਮੁਸਾਫ਼ਰਾਂ” ਨੂੰ ਖ਼ੁਸ਼ੀ ਅਤੇ ਅਧਿਆਤਮਿਕ ਤਾਜ਼ਗੀ ਦਿੱਤੀ ਹੈ।—ਜ਼ਬੂਰ 23:2.
• ਪੋਖਰਾ, ਨੇਪਾਲ ਦਾ ਇਕ ਸੋਹਣਾ ਸ਼ਹਿਰ ਹੈ ਜਿੱਥੋਂ ਹਿਮਾਲਿਆ ਦੀਆਂ ਬਰਫ਼ ਨਾਲ ਢੱਕੀਆਂ ਹੋਈਆਂ ਸ਼ਾਨਦਾਰ ਪਹਾੜ ਦੇਖੇ ਜਾ ਸਕਦੇ ਹਨ। ਇੱਥੋਂ ਦੇ ਸੋਹਣੇ ਸ਼ਹਿਰ ਪੋਖਰਾ ਵਿਚ ਲਿਲ ਕੁਮਾਰੀ ਨਾਂ ਦੀ ਤੀਵੀਂ ਰਹਿੰਦੀ ਹੈ। ਘਰ ਵਿਚ ਰੁਪਏ-ਪੈਸੇ ਦੀ ਤੰਗੀ ਹੋਣ ਕਰਕੇ ਲਿਲ ਕੁਮਾਰੀ ਨੇ ਮਹਿਸੂਸ ਕੀਤਾ ਕਿ ਭਵਿੱਖ ਵਿਚ ਉਸ ਨੂੰ ਆਸ਼ਾ ਦੀ ਕੋਈ ਕਿਰਨ ਨਹੀਂ ਹੈ। ਪਰ ਜਦੋਂ ਯਹੋਵਾਹ ਦੀ ਇਕ ਗਵਾਹ ਨੇ ਉਸ ਨੂੰ ਬਾਈਬਲ ਵਿੱਚੋਂ ਇਕ ਸ਼ਾਨਦਾਰ ਭਵਿੱਖ ਦੀ ਉਮੀਦ ਦਿਖਾਈ, ਤਾਂ ਉਹ ਬੜੀ ਪ੍ਰਭਾਵਿਤ ਹੋਈ ਤੇ ਝੱਟ ਹੀ ਉਹ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਗਈ।
ਹਾਲਾਂਕਿ ਲਿਲ ਕੁਮਾਰੀ ਨੇ ਆਪਣੀ ਸਟੱਡੀ ਦਾ ਆਨੰਦ ਮਾਣਿਆ, ਪਰ ਪਰਿਵਾਰ ਵੱਲੋਂ ਕੀਤੇ ਜਾਂਦੇ ਸਖ਼ਤ ਵਿਰੋਧ ਦੇ ਬਾਵਜੂਦ ਇਸ ਨੂੰ ਜਾਰੀ ਰੱਖਣਾ ਸੌਖਾ ਨਹੀਂ ਸੀ। ਪਰ ਉਸ ਨੇ ਹਾਰ ਨਾ ਮੰਨੀ। ਉਹ ਬਾਕਾਇਦਾ ਸਭਾਵਾਂ ਵਿਚ ਜਾਣ ਲੱਗੀ ਅਤੇ ਸਿੱਖੀਆਂ ਹੋਈਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਲੱਗੀ। ਉਸ ਨੇ ਖ਼ਾਸ ਕਰਕੇ ਪਤਨੀ ਦੇ ਆਪਣੇ ਪਤੀ ਅਧੀਨ ਰਹਿਣ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਸਿੱਟੇ ਵਜੋਂ, ਉਸ ਦੇ ਪਤੀ ਅਤੇ ਸੱਸ ਨੂੰ ਅਹਿਸਾਸ ਹੋਇਆ ਕਿ ਲਿਲ ਕੁਮਾਰੀ ਦੁਆਰਾ ਬਾਈਬਲ ਸਟੱਡੀ ਕਰਨ ਨਾਲ ਸਾਰੇ ਪਰਿਵਾਰ ਨੂੰ ਫ਼ਾਇਦਾ ਹੋ ਰਿਹਾ ਹੈ।
ਹੁਣ ਉਸ ਦਾ ਪਤੀ ਅਤੇ ਕਈ ਰਿਸ਼ਤੇਦਾਰ ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰ ਰਹੇ ਹਨ। ਹਾਲ ਹੀ ਵਿਚ ਪੋਖਰਾ ਵਿਖੇ ਹੋਈ ਅਸੈਂਬਲੀ ਵਿਚ ਲਿਲ ਕੁਮਾਰੀ ਨੇ ਆਪਣੇ 15 ਰਿਸ਼ਤੇਦਾਰਾਂ ਨਾਲ ਪ੍ਰੋਗ੍ਰਾਮ ਦਾ ਮਜ਼ਾ ਉਠਾਇਆ। ਉਹ ਕਹਿੰਦੀ ਹੈ: “ਸਾਡਾ ਪਰਿਵਾਰ ਸੱਚੀ ਭਗਤੀ ਲਈ ਇਕ-ਜੁੱਟ ਹੈ ਅਤੇ ਹੁਣ ਮੇਰਾ ਘਰ ਇਕ ਰਾਹਤ ਦੀ ਥਾਂ ਬਣ ਗਿਆ ਹੈ ਅਤੇ ਮੈਨੂੰ ਮਨ ਦੀ ਸੱਚੀ ਸ਼ਾਂਤੀ ਮਿਲ ਗਈ ਹੈ।”
• ਭਾਵੇਂ ਕਿ ਨੇਪਾਲ ਵਿਚ ਜਾਤ-ਪਾਤ ਕਰਕੇ ਵਿਤਕਰਾ ਕਰਨਾ ਗ਼ੈਰ-ਕਾਨੂੰਨੀ ਹੈ, ਪਰ ਲੋਕਾਂ ਦੀਆਂ ਜ਼ਿੰਦਗੀਆਂ ਤੇ ਇਸ ਦਾ ਅਜੇ ਤਕ ਵੀ ਬੜਾ ਅਸਰ ਹੈ। ਇਸ ਕਾਰਨ, ਕਈ ਲੋਕ ਜਾਣਨਾ ਚਾਹੁੰਦੇ ਹਨ ਕਿ ਬਾਈਬਲ ਮਨੁੱਖੀ ਸਮਾਨਤਾ ਅਤੇ ਨਿਰਪੱਖਤਾ ਬਾਰੇ ਕੀ ਕਹਿੰਦੀ ਹੈ। ਜਦੋਂ ਸੂਰਿਯਾ ਮਾਇਆ ਅਤੇ ਉਸ ਦੇ ਪਰਿਵਾਰ ਨੇ ਇਹ ਸਿੱਖਿਆ ਕਿ “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ,” ਤਾਂ ਉਨ੍ਹਾਂ ਦੀਆਂ ਜ਼ਿੰਦਗੀਆਂ ਹੀ ਬਦਲ ਗਈਆਂ।—ਰਸੂਲਾਂ ਦੇ ਕਰਤੱਬ 10:34.
ਸੂਰਿਯਾ ਮਾਇਆ ਜਾਤ-ਪਾਤ ਦੇ ਵਿਤਕਰੇ ਵਜੋਂ ਹੁੰਦੀਆਂ ਬੇਇਨਸਾਫ਼ੀਆਂ ਅਤੇ ਰੀਤਾਂ-ਰਸਮਾਂ ਦੇ ਬੋਝ ਤੋਂ ਬੜੀ ਦੁਖੀ ਸੀ। ਸੂਰਿਯਾ ਮਾਇਆ ਦੇਵੀ-ਦੇਵਤਿਆਂ ਦੀ ਪੱਕੀ ਭਗਤਣ ਹੋਣ ਕਰਕੇ ਉਨ੍ਹਾਂ ਕੋਲੋਂ ਸਾਲਾਂ ਤੋਂ ਮਦਦ ਮੰਗਦੀ ਆਈ ਸੀ। ਪਰ ਉਸ ਦੀਆਂ ਪ੍ਰਾਰਥਨਾਵਾਂ ਦਾ ਕੋਈ ਜਵਾਬ ਨਾ ਮਿਲਿਆ। ਇਕ ਦਿਨ ਜਦੋਂ ਉਹ ਮਦਦ ਲਈ ਆਪਣੇ ਦੇਵੀ-ਦੇਵਤਿਆਂ ਨੂੰ ਦੁਹਾਈ ਦੇ ਰਹੀ ਸੀ, ਤਾਂ ਉਸ ਦੀ ਛੇ-ਸਾਲਾ ਦੋਹਤੀ ਬਬੀਤਾ ਨੇ ਉਸ ਕੋਲੋਂ ਪੁੱਛਿਆ: “ਤੁਸੀਂ ਇਨ੍ਹਾਂ ਮੂਰਤੀਆਂ ਕੋਲੋਂ ਕਿਉਂ ਮਦਦ ਮੰਗ ਰਹੇ ਹੋ ਜੋ ਕੁਝ ਕਰ ਹੀ ਨਹੀਂ ਸਕਦੀਆਂ?”
ਬਬੀਤਾ ਦੀ ਮੰਮੀ ਯਹੋਵਾਹ ਦੇ ਇਕ ਗਵਾਹ ਨਾਲ ਬਾਈਬਲ ਸਟੱਡੀ ਕਰ ਰਹੀ ਸੀ। ਬਬੀਤਾ ਨੇ ਚਾਈਂ-ਚਾਈਂ ਆਪਣੀ ਨਾਨੀ ਨੂੰ ਸਭਾਵਾਂ ਵਿਚ ਆਉਣ ਲਈ ਕਿਹਾ। ਜਦੋਂ ਸੂਰਿਯਾ ਮਾਇਆ ਸਭਾ ਵਿਚ ਆਈ, ਤਾਂ ਉਹ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਕਿਵੇਂ ਵੱਖ-ਵੱਖ ਜਾਤਾਂ ਦੇ ਲੋਕ ਬਿਨਾਂ ਕਿਸੇ ਪੱਖਪਾਤ ਦੇ ਇਕ-ਦੂਜੇ ਦੀ ਸੰਗਤੀ ਦਾ ਆਨੰਦ ਮਾਣ ਰਹੇ ਸਨ। ਝੱਟ ਹੀ ਉਹ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਗਈ। ਭਾਵੇਂ ਕਿ ਉਸ ਦੇ ਗੁਆਂਢੀਆਂ ਨੇ ਉਸ ਨੂੰ ਆਪਣੀ ਬਰਾਦਰੀ ਵਿੱਚੋਂ ਛੇਕ ਦਿੱਤਾ, ਪਰ ਉਸ ਨੇ ਨਾ ਤਾਂ ਹਿੰਮਤ ਹਾਰੀ ਤੇ ਨਾ ਹੀ ਘੱਟ ਪੜ੍ਹਨਾ-ਲਿਖਣਾ ਆਉਣ ਕਰਕੇ ਅਧਿਆਤਮਿਕ ਤਰੱਕੀ ਕਰਨੀ ਛੱਡੀ।
ਅੱਠ ਸਾਲ ਬੀਤ ਚੁੱਕੇ ਹਨ ਅਤੇ ਉਸ ਦੇ ਪਰਿਵਾਰ ਦੇ ਛੇ ਜਣੇ ਯਹੋਵਾਹ ਦੇ ਗਵਾਹ ਬਣ ਗਏ ਹਨ ਜਿਸ ਵਿਚ ਉਸ ਦਾ ਪਤੀ ਅਤੇ ਤਿੰਨ ਬੱਚੇ ਵੀ ਸ਼ਾਮਲ ਹਨ। ਸੂਰਿਯਾ ਮਾਇਆ ਇਕ ਨਿਯਮਿਤ ਪਾਇਨੀਅਰ ਹੈ। ਹੁਣ ਉਹ ਖ਼ੁਸ਼ੀ-ਖ਼ੁਸ਼ੀ ਲੋਕਾਂ ਦੀ ਇਹ ਜਾਣਨ ਵਿਚ ਮਦਦ ਕਰ ਰਹੀ ਹੈ ਕਿ ਉਹ ਵੀ ਯਹੋਵਾਹ ਵੱਲੋਂ ਦਿੱਤੇ ਜਾ ਰਹੇ ਰਾਹਤ-ਸਥਾਨ ਵਿਚ ਸ਼ਰਨ ਲੈ ਕੇ ਆਪਣੇ ਭਾਰੀ ਬੋਝਾਂ ਨੂੰ ਸੁੱਟ ਸਕਦੇ ਹਨ।