Skip to content

Skip to table of contents

ਯਹੋਵਾਹ ਥੱਕੇ ਹੋਏ ਨੂੰ ਬਲ ਦਿੰਦਾ ਹੈ

ਯਹੋਵਾਹ ਥੱਕੇ ਹੋਏ ਨੂੰ ਬਲ ਦਿੰਦਾ ਹੈ

ਯਹੋਵਾਹ ਥੱਕੇ ਹੋਏ ਨੂੰ ਬਲ ਦਿੰਦਾ ਹੈ

“[ਯਹੋਵਾਹ] ਹੁੱਸੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ।”—ਯਸਾਯਾਹ 40:29.

1. ਉਦਾਹਰਣ ਦੇ ਕੇ ਦੱਸੋ ਕਿ ਪਰਮੇਸ਼ੁਰ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਵਿਚ ਕਿੰਨੀ ਊਰਜਾ ਸਮਾਈ ਹੋਈ ਹੈ।

ਯਹੋਵਾਹ ਵਿਚ ਅਸੀਮ ਸ਼ਕਤੀ ਹੈ। ਉਸ ਦੀਆਂ ਬਣਾਈਆਂ ਚੀਜ਼ਾਂ ਵਿਚ ਵੀ ਕਿੰਨੀ ਸ਼ਕਤੀ ਹੈ! ਇਕ ਨਿੱਕਾ ਜਿਹਾ ਐਟਮ ਜਾਂ ਪਰਮਾਣੂ, ਜਿਸ ਤੋਂ ਸਾਰੀਆਂ ਚੀਜ਼ਾਂ ਬਣੀਆਂ ਹਨ, ਇੰਨਾ ਛੋਟਾ ਹੁੰਦਾ ਹੈ ਕਿ ਪਾਣੀ ਦੀ ਇਕ ਬੂੰਦ ਵਿਚ ਹੀ ਇਕ ਅਰਬ ਖਰਬ ਪਰਮਾਣੂ ਹੁੰਦੇ ਹਨ। * ਧਰਤੀ ਉੱਤੇ ਸਾਰੇ ਜੀਵ-ਜੰਤੂਆਂ ਤੇ ਪੇੜ-ਪੌਦਿਆਂ ਦਾ ਜੀਵਨ ਉਸ ਊਰਜਾ ਤੇ ਨਿਰਭਰ ਕਰਦਾ ਹੈ ਜੋ ਸੂਰਜ ਵਿਚ ਹੁੰਦੀਆਂ ਪਰਮਾਣੂ ਪ੍ਰਤਿਕ੍ਰਿਆਵਾਂ ਨਾਲ ਪੈਦਾ ਹੁੰਦੀ ਹੈ। ਪਰ ਧਰਤੀ ਉੱਤੇ ਜੀਵਨ ਦੇ ਚੱਲਦੇ ਰਹਿਣ ਲਈ ਕਿੰਨੀ ਸੂਰਜੀ ਊਰਜਾ ਦੀ ਲੋੜ ਹੈ? ਸੂਰਜ ਦੁਆਰਾ ਪੈਦਾ ਕੀਤੀ ਜਾਂਦੀ ਊਰਜਾ ਦਾ ਬਹੁਤ ਹੀ ਥੋੜ੍ਹਾ ਹਿੱਸਾ ਧਰਤੀ ਤੇ ਪਹੁੰਚਦਾ ਹੈ। ਪਰ ਫਿਰ ਵੀ, ਧਰਤੀ ਤੇ ਪਹੁੰਚਣ ਵਾਲੀ ਸੂਰਜੀ ਊਰਜਾ ਦਾ ਇਹ ਥੋੜ੍ਹਾ ਜਿਹਾ ਹਿੱਸਾ ਪੂਰੀ ਦੁਨੀਆਂ ਦੇ ਕਾਰਖ਼ਾਨਿਆਂ ਵਿਚ ਵਰਤੀ ਜਾਂਦੀ ਊਰਜਾ ਤੋਂ ਕਿਤੇ ਜ਼ਿਆਦਾ ਹੈ।

2. ਯਸਾਯਾਹ 40:26 ਯਹੋਵਾਹ ਦੀ ਸ਼ਕਤੀ ਬਾਰੇ ਕੀ ਦੱਸਦਾ ਹੈ?

2 ਚਾਹੇ ਇਕ ਪਰਮਾਣੂ ਹੋਵੇ ਜਾਂ ਸਾਡਾ ਵਿਸ਼ਾਲ ਬ੍ਰਹਿਮੰਡ, ਇਹ ਦੋਵੇਂ ਸਾਡੇ ਸਾਮ੍ਹਣੇ ਯਹੋਵਾਹ ਦੀ ਅਸੀਮ ਸ਼ਕਤੀ ਦਾ ਨਜ਼ਾਰਾ ਪੇਸ਼ ਕਰਦੇ ਹਨ। ਇਸੇ ਕਰਕੇ ਉਸ ਨੇ ਕਿਹਾ: “ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ ਭਈ ਕਿਹਨੇ ਏਹਨਾਂ ਨੂੰ ਸਾਜਿਆ, ਜਿਹੜਾ ਏਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਏਹਨਾਂ ਸਾਰਿਆਂ ਨੂੰ ਨਾਉਂ ਲੈ ਲੈ ਕੇ ਪੁਕਾਰਦਾ ਹੈ, ਉਹ ਦੀ ਵੱਡੀ ਸ਼ਕਤੀ ਨਾਲ, ਅਤੇ ਉਹ ਦੇ ਡਾਢੇ ਬਲ ਦੇ ਕਾਰਨ, ਇੱਕ ਦੀ ਵੀ ਕਮੀ ਨਹੀਂ ਹੁੰਦੀ”! (ਯਸਾਯਾਹ 40:26) ਜੀ ਹਾਂ, ਯਹੋਵਾਹ ਵਿਚ ‘ਡਾਢਾ ਬਲ’ ਹੈ ਅਤੇ ਉਹ “ਵੱਡੀ ਸ਼ਕਤੀ” ਦਾ ਸੋਮਾ ਹੈ ਜਿਸ ਨਾਲ ਉਸ ਨੇ ਪੂਰੇ ਬ੍ਰਹਿਮੰਡ ਨੂੰ ਬਣਾਇਆ ਸੀ।

ਆਮ ਨਾਲੋਂ ਜ਼ਿਆਦਾ ਸ਼ਕਤੀ ਦੀ ਲੋੜ

3, 4. (ੳ) ਕਿਨ੍ਹਾਂ ਕੁਝ ਚੀਜ਼ਾਂ ਕਰਕੇ ਅਸੀਂ ਥੱਕ ਜਾਂਦੇ ਹਾਂ? (ਅ) ਕਿਸ ਸਵਾਲ ਉੱਤੇ ਸਾਨੂੰ ਵਿਚਾਰ ਕਰਨ ਦੀ ਲੋੜ ਹੈ?

3 ਭਾਵੇਂ ਕਿ ਪਰਮੇਸ਼ੁਰ ਵਿਚ ਅਸੀਮ ਸ਼ਕਤੀ ਹੈ, ਪਰ ਉਸ ਦੁਆਰਾ ਬਣਾਇਆ ਗਿਆ ਇਨਸਾਨ ਥੱਕ ਜਾਂਦਾ ਹੈ। ਅਸੀਂ ਜਿੱਥੇ ਵੀ ਜਾਂਦੇ ਹਾਂ, ਲੋਕਾਂ ਨੂੰ ਥੱਕੇ ਹੋਏ ਦੇਖਦੇ ਹਾਂ। ਲੋਕ ਥੱਕੇ-ਥੱਕੇ ਸਵੇਰ ਨੂੰ ਉੱਠਦੇ ਹਨ, ਥੱਕੇ-ਥੱਕੇ ਕੰਮ ਤੇ ਜਾਂ ਸਕੂਲ ਜਾਂਦੇ ਹਨ, ਥੱਕੇ ਘਰ ਆਉਂਦੇ ਹਨ ਅਤੇ ਥੱਕੇ-ਟੁੱਟੇ ਹੀ ਸੌਂ ਜਾਂਦੇ ਹਨ। ਕਈ ਲੋਕ ਅਜਿਹੀ ਜਗ੍ਹਾ ਚਲੇ ਜਾਣਾ ਚਾਹੁੰਦੇ ਹਨ ਜਿੱਥੇ ਉਹ ਚੈਨ ਦੀ ਨੀਂਦ ਸੌਂ ਸਕਣ। ਯਹੋਵਾਹ ਦੇ ਸੇਵਕ ਹੋਣ ਕਰਕੇ ਅਸੀਂ ਵੀ ਥੱਕ ਜਾਂਦੇ ਹਾਂ ਕਿਉਂਕਿ ਪਰਮੇਸ਼ੁਰ ਦੀ ਸੇਵਾ ਕਰਨ ਲਈ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। (ਮਰਕੁਸ 6:30, 31; ਲੂਕਾ 13:24; 1 ਤਿਮੋਥਿਉਸ 4:8) ਇਸ ਤੋਂ ਇਲਾਵਾ ਕਈ ਹੋਰ ਗੱਲਾਂ ਕਰਕੇ ਵੀ ਅਸੀਂ ਥੱਕ-ਹਾਰ ਜਾਂਦੇ ਹਾਂ।

4 ਭਾਵੇਂ ਅਸੀਂ ਮਸੀਹੀ ਹਾਂ, ਪਰ ਅਸੀਂ ਵੀ ਆਮ ਲੋਕਾਂ ਵਾਂਗ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹਾਂ। (ਅੱਯੂਬ 14:1) ਬੀਮਾਰੀਆਂ, ਰੁਪਏ-ਪੈਸੇ ਦੀ ਤੰਗੀ ਜਾਂ ਜ਼ਿੰਦਗੀ ਦੀਆਂ ਦੂਸਰੀਆਂ ਸਮੱਸਿਆਵਾਂ ਕਰਕੇ ਅਸੀਂ ਨਿਰਾਸ਼ ਹੋ ਜਾਂਦੇ ਹਾਂ ਤੇ ਕਮਜ਼ੋਰ ਪੈ ਜਾਂਦੇ ਹਾਂ। ਇਸ ਤੋਂ ਇਲਾਵਾ, ਸਾਨੂੰ ਧਾਰਮਿਕਤਾ ਦੀ ਖ਼ਾਤਰ ਕਈ ਅਜ਼ਮਾਇਸ਼ਾਂ ਤੇ ਸਤਾਹਟ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਹੈ। (2 ਤਿਮੋਥਿਉਸ 3:12; 1 ਪਤਰਸ 3:14) ਦੁਨੀਆਂ ਦੇ ਲੋਕ ਗ਼ਲਤ ਕੰਮ ਕਰਨ ਲਈ ਹਰ ਰੋਜ਼ ਸਾਡੇ ਤੇ ਦਬਾਅ ਪਾਉਂਦੇ ਹਨ ਅਤੇ ਸਾਡੇ ਪ੍ਰਚਾਰ ਦਾ ਵਿਰੋਧ ਕਰਦੇ ਹਨ ਜਿਸ ਕਰਕੇ ਸਾਡੇ ਵਿੱਚੋਂ ਕਈ ਇੰਨੇ ਥੱਕ ਜਾਂਦੇ ਹਨ ਕਿ ਉਹ ਯਹੋਵਾਹ ਦੀ ਸੇਵਾ ਕਰਨ ਵਿਚ ਢਿੱਲੇ ਪੈ ਜਾਂਦੇ ਹਨ। ਇਸ ਤੋਂ ਇਲਾਵਾ, ਪਰਮੇਸ਼ੁਰ ਪ੍ਰਤੀ ਸਾਡੀ ਵਫ਼ਾਦਾਰੀ ਨੂੰ ਤੋੜਨ ਲਈ ਸ਼ਤਾਨ ਵੀ ਆਪਣਾ ਪੂਰਾ ਜ਼ੋਰ ਲਾ ਰਿਹਾ ਹੈ। ਤਾਂ ਫਿਰ ਸਾਨੂੰ ਥੱਕ-ਟੁੱਟ ਕੇ ਹਾਰਨ ਤੋਂ ਬਚਣ ਲਈ ਅਧਿਆਤਮਿਕ ਬਲ ਕਿੱਥੋਂ ਮਿਲ ਸਕਦਾ ਹੈ?

5. ਆਪਣੀ ਮਸੀਹੀ ਸੇਵਕਾਈ ਕਰਨ ਲਈ ਅਸੀਂ ਆਪਣੀ ਤਾਕਤ ਤੇ ਕਿਉਂ ਭਰੋਸਾ ਨਹੀਂ ਰੱਖ ਸਕਦੇ?

5 ਅਧਿਆਤਮਿਕ ਬਲ ਪ੍ਰਾਪਤ ਕਰਨ ਲਈ ਸਾਨੂੰ ਆਪਣੇ ਸਰਬਸ਼ਕਤੀਮਾਨ ਸ੍ਰਿਸ਼ਟੀਕਰਤਾ ਯਹੋਵਾਹ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। ਪੌਲੁਸ ਰਸੂਲ ਨੇ ਕਿਹਾ ਸੀ ਕਿ ਮਸੀਹੀ ਸੇਵਕਾਈ ਪੂਰੀ ਕਰਨ ਲਈ ਨਾਮੁਕੰਮਲ ਇਨਸਾਨਾਂ ਨੂੰ ਆਮ ਨਾਲੋਂ ਜ਼ਿਆਦਾ ਸ਼ਕਤੀ ਦੀ ਲੋੜ ਪਵੇਗੀ। ਉਸ ਨੇ ਲਿਖਿਆ: “ਇਹ ਖ਼ਜ਼ਾਨਾ ਸਾਡੇ ਕੋਲ ਮਿੱਟੀ ਦਿਆਂ ਭਾਂਡਿਆਂ ਵਿੱਚ ਹੈ ਤਾਂ ਜੋ ਇਸ ਸਮਰੱਥਾ ਦਾ ਅੱਤ ਵੱਡਾ ਮਹਾਤਮ [“ਮਹਾਂ-ਸ਼ਕਤੀ,” ਪਵਿੱਤਰ ਬਾਈਬਲ ਨਵਾਂ ਅਨੁਵਾਦ] ਪਰਮੇਸ਼ੁਰ ਦੀ ਵੱਲੋਂ, ਨਾ ਸਾਡੀ ਵੱਲੋਂ, ਮਲੂਮ ਹੋਵੇ।” (2 ਕੁਰਿੰਥੀਆਂ 4:7) ਮਸਹ ਕੀਤੇ ਹੋਏ ਮਸੀਹੀ ਵੱਡੀ ਭੀੜ ਨਾਲ ਮਿਲ ਕੇ “ਮਿਲਾਪ ਦੀ ਸੇਵਕਾਈ” ਕਰ ਰਹੇ ਹਨ। (2 ਕੁਰਿੰਥੀਆਂ 5:18; ਯੂਹੰਨਾ 10:16; ਪਰਕਾਸ਼ ਦੀ ਪੋਥੀ 7:9) ਕਿਉਂਕਿ ਸਾਨੂੰ ਪਰਮੇਸ਼ੁਰ ਦਾ ਕੰਮ ਕਰਨ ਕਰਕੇ ਸਤਾਹਟ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਇਸ ਲਈ ਅਸੀਂ ਇਹ ਕੰਮ ਆਪਣੀ ਤਾਕਤ ਨਾਲ ਪੂਰਾ ਨਹੀਂ ਕਰ ਸਕਦੇ। ਯਹੋਵਾਹ ਆਪਣੀ ਪਵਿੱਤਰ ਆਤਮਾ ਦੇ ਜ਼ਰੀਏ ਸਾਡੀ ਮਦਦ ਕਰਦਾ ਹੈ। ਇਸ ਤਰ੍ਹਾਂ ਸਾਡੀਆਂ ਕਮਜ਼ੋਰੀਆਂ ਉਸ ਦੀ ਸ਼ਕਤੀ ਦੀ ਹੀ ਵਡਿਆਈ ਕਰਦੀਆਂ ਹਨ। ਸਾਨੂੰ ਇਸ ਗੱਲ ਤੋਂ ਕਿੰਨਾ ਹੌਸਲਾ ਮਿਲਦਾ ਹੈ ਕਿ “ਧਰਮੀਆਂ ਨੂੰ ਯਹੋਵਾਹ ਸੰਭਾਲਦਾ ਹੈ”!—ਜ਼ਬੂਰ 37:17.

‘ਯਹੋਵਾਹ ਸਾਡਾ ਬਲ ਹੈ’

6. ਬਾਈਬਲ ਸਾਨੂੰ ਕਿਵੇਂ ਭਰੋਸਾ ਦਿੰਦੀ ਹੈ ਕਿ ਯਹੋਵਾਹ ਸਾਨੂੰ ਬਲ ਦਿੰਦਾ ਹੈ?

6 ਸਾਡੇ ਸਵਰਗੀ ਪਿਤਾ ਵਿਚ ‘ਡਾਢਾ ਬਲ’ ਹੋਣ ਕਰਕੇ ਉਹ ਸਾਨੂੰ ਵੀ ਬਲ ਦੇ ਸਕਦਾ ਹੈ। ਉਹ ਸਾਨੂੰ ਕਹਿੰਦਾ ਹੈ: “[ਯਹੋਵਾਹ] ਹੁੱਸੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ। ਮੁੰਡੇ ਹੁੱਸ ਜਾਣਗੇ ਅਤੇ ਥੱਕ ਜਾਣਗੇ, ਅਤੇ ਜੁਆਨ ਵੀ ਡਿੱਗ ਹੀ ਪੈਣਗੇ, ਪਰ ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਓਹ ਉਕਾਬਾਂ ਵਾਂਙੁ ਖੰਭਾਂ ਉੱਤੇ ਉੱਡਣਗੇ, ਓਹ ਦੌੜਨਗੇ ਤੇ ਨਾ ਥੱਕਣਗੇ, ਓਹ ਫਿਰਨਗੇ ਅਰ ਹੁੱਸਣਗੇ ਨਹੀਂ।” (ਯਸਾਯਾਹ 40:29-31) ਲਗਾਤਾਰ ਵੱਧ ਰਹੀਆਂ ਸਮੱਸਿਆਵਾਂ ਕਰਕੇ ਅਸੀਂ ਸ਼ਾਇਦ ਆਪਣੇ ਆਪ ਨੂੰ ਥੱਕੇ ਹੋਏ ਦੌੜਾਕ ਵਾਂਗ ਮਹਿਸੂਸ ਕਰੀਏ ਜਿਸ ਦੀਆਂ ਲੱਤਾਂ ਵਿਚ ਹੋਰ ਦੌੜਨ ਦੀ ਬਿਲਕੁਲ ਜਾਨ ਨਹੀਂ ਰਹਿੰਦੀ। ਪਰ ਜ਼ਿੰਦਗੀ ਦੀ ਦੌੜ ਦੀ ਮੰਜ਼ਲ ਹੁਣ ਬਿਲਕੁਲ ਨੇੜੇ ਹੈ ਇਸ ਲਈ ਸਾਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ। (2 ਇਤਹਾਸ 29:11) ਸਾਡਾ ਵਿਰੋਧੀ, ਸ਼ਤਾਨ “ਬੁਕਦੇ ਸ਼ੀਂਹ ਵਾਂਙੁ” ਘੁੰਮ-ਫਿਰ ਰਿਹਾ ਹੈ ਤੇ ਉਹ ਸਾਨੂੰ ਰੋਕਣਾ ਚਾਹੁੰਦਾ ਹੈ। (1 ਪਤਰਸ 5:8) ਇਸ ਲਈ, ਆਓ ਆਪਾਂ ਇਹ ਗੱਲ ਯਾਦ ਰੱਖੀਏ ਕਿ ‘ਯਹੋਵਾਹ ਸਾਡਾ ਬਲ ਅਤੇ ਸਾਡੀ ਢਾਲ ਹੈ’ ਅਤੇ ਉਸ ਨੇ ‘ਹੁੱਸੇ ਹੋਇਆਂ ਨੂੰ ਬਲ ਦੇਣ ਲਈ’ ਬਹੁਤ ਸਾਰੇ ਪ੍ਰਬੰਧ ਕੀਤੇ ਹਨ।—ਜ਼ਬੂਰ 28:7.

7, 8. ਇਸ ਗੱਲ ਦਾ ਕੀ ਸਬੂਤ ਹੈ ਕਿ ਯਹੋਵਾਹ ਨੇ ਦਾਊਦ, ਹਬੱਕੂਕ ਤੇ ਪੌਲੁਸ ਨੂੰ ਬਲ ਦਿੱਤਾ ਸੀ?

7 ਯਹੋਵਾਹ ਨੇ ਦਾਊਦ ਨੂੰ ਵੱਡੀਆਂ-ਵੱਡੀਆਂ ਰੁਕਾਵਟਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਦਿੱਤੀ ਸੀ। ਇਸੇ ਲਈ ਦਾਊਦ ਨੇ ਪੂਰੇ ਭਰੋਸੇ ਨਾਲ ਲਿਖਿਆ: “ਪਰਮੇਸ਼ਰ ਦੇ ਸਾਡੇ ਨਾਲ ਹੋਣ ਕਾਰਨ ਅਸੀਂ ਵੀਰਤਾ ਨਾਲ ਲੜਾਂਗੇ; ਉਹੀ ਵੈਰੀਆਂ ਨੂੰ ਹਾਰ ਦੇਵੇਗਾ।” (ਜ਼ਬੂਰ 60:12; ਨਵਾਂ ਅਨੁਵਾਦ) ਯਹੋਵਾਹ ਨੇ ਹਬੱਕੂਕ ਨੂੰ ਵੀ ਬਲ ਦਿੱਤਾ ਤਾਂਕਿ ਉਹ ਇਕ ਨਬੀ ਹੋਣ ਦੇ ਨਾਤੇ ਆਪਣਾ ਕੰਮ ਪੂਰਾ ਕਰ ਸਕੇ। ਹਬੱਕੂਕ 3:19 ਕਹਿੰਦਾ ਹੈ: “ਪ੍ਰਭੁ ਯਹੋਵਾਹ ਮੇਰਾ ਬਲ ਹੈ, ਉਹ ਮੇਰੇ ਪੈਰ ਹਰਨੀਆਂ ਵਰਗੇ ਬਣਾਉਂਦਾ ਹੈ, ਅਤੇ ਮੈਨੂੰ ਮੇਰੀਆਂ ਉੱਚਿਆਈਆਂ ਉੱਤੇ ਤੋਰਦਾ ਹੈ।” ਪੌਲੁਸ ਦੀ ਮਿਸਾਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਸ ਨੇ ਲਿਖਿਆ: “[ਪਰਮੇਸ਼ੁਰ] ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।”—ਫ਼ਿਲਿੱਪੀਆਂ 4:13.

8 ਦਾਊਦ, ਹਬੱਕੂਕ ਤੇ ਪੌਲੁਸ ਵਾਂਗ ਸਾਨੂੰ ਵੀ ਪਰਮੇਸ਼ੁਰ ਤੇ ਭਰੋਸਾ ਰੱਖਣਾ ਚਾਹੀਦਾ ਹੈ ਕਿ ਉਹ ਸਾਨੂੰ ਵੀ ਬਲ ਦੇਵੇਗਾ ਅਤੇ ਬਚਾਵੇਗਾ। ਸਾਨੂੰ ਪਤਾ ਹੈ ਕਿ ਸਰਬਸੱਤਾਵਾਨ ਪ੍ਰਭੂ ਯਹੋਵਾਹ ਹੀ ਸਾਨੂੰ “ਬਲ” ਦਿੰਦਾ ਹੈ, ਇਸ ਲਈ ਆਓ ਆਪਾਂ ਹੁਣ ਉਨ੍ਹਾਂ ਅਨੇਕ ਪ੍ਰਬੰਧਾਂ ਉੱਤੇ ਵਿਚਾਰ ਕਰੀਏ ਜੋ ਪਰਮੇਸ਼ੁਰ ਨੇ ਸਾਨੂੰ ਅਧਿਆਤਮਿਕ ਬਲ ਦੇਣ ਲਈ ਕੀਤੇ ਹਨ।

ਸਾਨੂੰ ਬਲ ਦੇਣ ਲਈ ਅਧਿਆਤਮਿਕ ਪ੍ਰਬੰਧ

9. ਸੰਸਥਾ ਦੇ ਪ੍ਰਕਾਸ਼ਨ ਸਾਨੂੰ ਬਲ ਕਿਵੇਂ ਦਿੰਦੇ ਹਨ?

9 ਸੰਸਥਾ ਦੇ ਪ੍ਰਕਾਸ਼ਨਾਂ ਦੀ ਮਦਦ ਨਾਲ ਬਾਈਬਲ ਦਾ ਧਿਆਨ ਨਾਲ ਅਧਿਐਨ ਕਰਨ ਤੋਂ ਸਾਨੂੰ ਬਲ ਮਿਲਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਇਹ ਗੀਤ ਗਾਇਆ: “ਧੰਨ ਹੈ ਉਹ ਮਨੁੱਖ ਜਿਹੜਾ . . . ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ। ਉਹ ਤਾਂ ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।” (ਜ਼ਬੂਰ 1:1-3) ਜਿਵੇਂ ਸਾਨੂੰ ਸਰੀਰਕ ਬਲ ਪ੍ਰਾਪਤ ਕਰਨ ਲਈ ਭੋਜਨ ਖਾਣਾ ਪੈਂਦਾ ਹੈ, ਉਸੇ ਤਰ੍ਹਾਂ ਅਧਿਆਤਮਿਕ ਬਲ ਨੂੰ ਕਾਇਮ ਰੱਖਣ ਲਈ ਵੀ ਸਾਨੂੰ ਅਧਿਆਤਮਿਕ ਭੋਜਨ ਖਾਣ ਦੀ ਲੋੜ ਹੈ। ਇਸ ਲਈ ਪਰਮੇਸ਼ੁਰ ਦੇ ਬਚਨ ਅਤੇ ਦੂਸਰੇ ਸਾਹਿੱਤ ਦਾ ਧਿਆਨ ਨਾਲ ਅਧਿਐਨ ਅਤੇ ਮਨਨ ਕਰਨਾ ਬਹੁਤ ਜ਼ਰੂਰੀ ਹੈ।

10. ਅਸੀਂ ਅਧਿਐਨ ਅਤੇ ਮਨਨ ਕਦੋਂ ਕਰ ਸਕਦੇ ਹਾਂ?

10 “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਉੱਤੇ ਵਿਚਾਰ ਕਰਨ ਦਾ ਬਹੁਤ ਫ਼ਾਇਦਾ ਹੁੰਦਾ ਹੈ। (1 ਕੁਰਿੰਥੀਆਂ 2:10) ਪਰ ਸਾਨੂੰ ਕਦੋਂ ਮਨਨ ਕਰਨਾ ਚਾਹੀਦਾ ਹੈ? ਅਬਰਾਹਾਮ ਦਾ ਪੁੱਤਰ ਇਸਹਾਕ “ਸ਼ਾਮਾਂ ਦੇ ਵੇਲੇ ਖੇਤਾਂ ਵਿੱਚ ਗਿਆਨ ਧਿਆਨ ਕਰਨ ਲਈ ਬਾਹਰ” ਜਾਂਦਾ ਹੁੰਦਾ ਸੀ। (ਉਤਪਤ 24:63-67) ਜ਼ਬੂਰਾਂ ਦਾ ਲਿਖਾਰੀ ਦਾਊਦ ‘ਰਾਤ ਦੇ ਪਹਿਰਾਂ ਵਿਚ ਪਰਮੇਸ਼ੁਰ ਦਾ ਧਿਆਨ ਕਰਦਾ ਸੀ।’ (ਜ਼ਬੂਰ 63:6) ਅਸੀਂ ਪਰਮੇਸ਼ੁਰ ਦੇ ਬਚਨ ਦਾ ਸਵੇਰੇ, ਸ਼ਾਮੀਂ, ਰਾਤ ਨੂੰ ਕਿਸੇ ਵੀ ਵੇਲੇ ਅਧਿਐਨ ਕਰ ਸਕਦੇ ਹਾਂ ਤੇ ਇਸ ਉੱਤੇ ਮਨਨ ਕਰ ਸਕਦੇ ਹਾਂ। ਇਸ ਤਰ੍ਹਾਂ ਅਧਿਐਨ ਅਤੇ ਮਨਨ ਕਰਨ ਨਾਲ ਅਸੀਂ ਯਹੋਵਾਹ ਵੱਲੋਂ ਕੀਤੇ ਇਕ ਹੋਰ ਪ੍ਰਬੰਧ ਦਾ ਫ਼ਾਇਦਾ ਲੈਂਦੇ ਹਾਂ। ਉਹ ਹੈ ਪ੍ਰਾਰਥਨਾ।

11. ਸਾਡੇ ਲਈ ਲਗਾਤਾਰ ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ?

11 ਪਰਮੇਸ਼ੁਰ ਨੂੰ ਲਗਾਤਾਰ ਪ੍ਰਾਰਥਨਾ ਕਰਨ ਨਾਲ ਵੀ ਸਾਨੂੰ ਬਲ ਮਿਲਦਾ ਹੈ। ਇਸ ਲਈ ਆਓ ਆਪਾਂ ‘ਪ੍ਰਾਰਥਨਾ ਲਗਾਤਾਰ ਕਰਦੇ ਰਹੀਏ।’ (ਰੋਮੀਆਂ 12:12) ਕਈ ਵਾਰੀ ਸਾਨੂੰ ਪ੍ਰਾਰਥਨਾ ਵਿਚ ਕਿਸੇ ਅਜ਼ਮਾਇਸ਼ ਦਾ ਸਾਮ੍ਹਣਾ ਕਰਨ ਲਈ ਖ਼ਾਸ ਤੌਰ ਤੇ ਬੁੱਧੀ ਅਤੇ ਬਲ ਮੰਗਣਾ ਪੈਂਦਾ ਹੈ। (ਯਾਕੂਬ 1:5-8) ਜਦੋਂ ਅਸੀਂ ਪਰਮੇਸ਼ੁਰ ਦੇ ਮਕਸਦਾਂ ਨੂੰ ਪੂਰਾ ਹੁੰਦਾ ਦੇਖਦੇ ਹਾਂ ਜਾਂ ਅਸੀਂ ਇਹ ਦੇਖਦੇ ਹਾਂ ਕਿ ਉਹ ਸੇਵਾ ਕਰਨ ਲਈ ਸਾਨੂੰ ਬਲ ਦੇ ਰਿਹਾ ਹੈ, ਤਾਂ ਸਾਨੂੰ ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਉਸ ਦੀ ਮਹਿਮਾ ਕਰਨੀ ਚਾਹੀਦੀ ਹੈ। (ਫ਼ਿਲਿੱਪੀਆਂ 4:6, 7) ਜੇ ਅਸੀਂ ਪ੍ਰਾਰਥਨਾ ਕਰਨ ਦੁਆਰਾ ਯਹੋਵਾਹ ਦੇ ਨੇੜੇ ਰਹਿੰਦੇ ਹਾਂ, ਤਾਂ ਉਹ ਸਾਨੂੰ ਕਦੀ ਵੀ ਨਹੀਂ ਛੱਡੇਗਾ। ਇਸੇ ਕਰਕੇ ਦਾਊਦ ਨੇ ਵੀ ਕਿਹਾ: “ਵੇਖੋ, ਪਰਮੇਸ਼ੁਰ ਮੇਰਾ ਸਹਾਇਕ ਹੈ।”—ਜ਼ਬੂਰ 54:4.

12. ਸਾਨੂੰ ਪਰਮੇਸ਼ੁਰ ਤੋਂ ਪਵਿੱਤਰ ਆਤਮਾ ਕਿਉਂ ਮੰਗਣੀ ਚਾਹੀਦੀ ਹੈ?

12 ਸਾਡਾ ਸਵਰਗੀ ਪਿਤਾ ਸਾਨੂੰ ਆਪਣੀ ਪਵਿੱਤਰ ਆਤਮਾ ਰਾਹੀਂ ਵੀ ਬਲ ਦਿੰਦਾ ਹੈ। ਪੌਲੁਸ ਨੇ ਲਿਖਿਆ: “ਮੈਂ ਉਸ ਪਿਤਾ ਦੇ ਅੱਗੇ ਆਪਣੇ ਗੋਡੇ ਨਿਵਾਉਂਦਾ ਹਾਂ . . . ਭਈ ਉਹ ਆਪਣੇ ਪਰਤਾਪ ਦੇ ਧਨ ਅਨੁਸਾਰ ਤੁਹਾਨੂੰ ਇਹ ਦਾਨ ਕਰੇ ਜੋ ਤੁਸੀਂ ਉਹ ਦੇ ਆਤਮਾ ਦੇ ਰਾਹੀਂ ਅੰਦਰਲੀ ਇਨਸਾਨੀਅਤ ਵਿੱਚ ਸਮਰੱਥਾ ਨਾਲ ਬਲਵੰਤ ਬਣੋ।” (ਅਫ਼ਸੀਆਂ 3:14-16) ਸਾਨੂੰ ਇਹ ਭਰੋਸਾ ਰੱਖਦੇ ਹੋਏ ਪਵਿੱਤਰ ਆਤਮਾ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਹ ਸਾਨੂੰ ਇਹ ਜ਼ਰੂਰ ਦੇਵੇਗਾ। ਯਿਸੂ ਨੇ ਇਸ ਦੇ ਲਈ ਦਲੀਲ ਦਿੱਤੀ: ਜੇ ਇਕ ਬੱਚਾ ਖਾਣ ਲਈ ਮੱਛੀ ਮੰਗਦਾ ਹੈ, ਤਾਂ ਕੀ ਉਸ ਦਾ ਪਿਤਾ ਉਸ ਨੂੰ ਸੱਪ ਦੇਵੇਗਾ? ਬਿਲਕੁਲ ਨਹੀਂ। ਤੇ ਇਸ ਲਈ ਉਸ ਨੇ ਕਿਹਾ: “ਜੇ ਤੁਸੀਂ [ਪਾਪੀ ਅਤੇ ਕੁਝ ਹੱਦ ਤਕ] ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ!” (ਲੂਕਾ 11:11-13) ਆਓ ਆਪਾਂ ਵੀ ਇਸੇ ਭਰੋਸੇ ਨਾਲ ਪ੍ਰਾਰਥਨਾ ਕਰੀਏ ਤੇ ਇਹ ਗੱਲ ਯਾਦ ਰੱਖੀਏ ਕਿ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਉਸ ਦੀ ਪਵਿੱਤਰ ਆਤਮਾ ਦੀ ਸ਼ਕਤੀ ਨਾਲ ‘ਬਲਵੰਤ ਬਣ’ ਸਕਦੇ ਹਨ।

ਕਲੀਸਿਯਾ ਮਦਦ ਕਰਦੀ ਹੈ

13. ਮਸੀਹੀ ਸਭਾਵਾਂ ਪ੍ਰਤੀ ਸਾਡਾ ਨਜ਼ਰੀਆ ਕੀ ਹੋਣਾ ਚਾਹੀਦਾ ਹੈ?

13 ਯਹੋਵਾਹ ਮਸੀਹੀ ਕਲੀਸਿਯਾ ਸਭਾਵਾਂ ਰਾਹੀਂ ਵੀ ਸਾਨੂੰ ਬਲ ਦਿੰਦਾ ਹੈ। ਯਿਸੂ ਨੇ ਕਿਹਾ ਸੀ: “ਜਿੱਥੇ ਦੋ ਯਾ ਤਿੰਨ ਮੇਰੇ ਨਾਮ ਉੱਤੇ ਇਕੱਠੇ ਹੋਣ ਉੱਥੇ ਮੈਂ ਉਨ੍ਹਾਂ ਦੇ ਵਿਚਕਾਰ ਹਾਂ।” (ਮੱਤੀ 18:20) ਜਦੋਂ ਯਿਸੂ ਨੇ ਇਹ ਵਾਅਦਾ ਕੀਤਾ ਸੀ, ਤਾਂ ਉਹ ਉਨ੍ਹਾਂ ਮਾਮਲਿਆਂ ਦੀ ਚਰਚਾ ਕਰ ਰਿਹਾ ਸੀ ਜਿਨ੍ਹਾਂ ਵੱਲ ਕਲੀਸਿਯਾ ਦੇ ਆਗੂਆਂ ਨੂੰ ਧਿਆਨ ਦੇਣ ਦੀ ਲੋੜ ਹੈ। (ਮੱਤੀ 18:15-19) ਪਰ ਉਸ ਦੇ ਇਹ ਸ਼ਬਦ ਸਾਡੀਆਂ ਸਾਰੀਆਂ ਸਭਾਵਾਂ, ਅਸੈਂਬਲੀਆਂ ਅਤੇ ਸੰਮੇਲਨਾਂ ਤੇ ਵੀ ਲਾਗੂ ਹੁੰਦੇ ਹਨ ਜੋ ਉਸ ਦੇ ਨਾਂ ਤੇ ਪ੍ਰਾਰਥਨਾ ਨਾਲ ਸ਼ੁਰੂ ਕੀਤੀਆਂ ਅਤੇ ਖ਼ਤਮ ਕੀਤੀਆਂ ਜਾਂਦੀਆਂ ਹਨ। (ਯੂਹੰਨਾ 14:14) ਇਸ ਲਈ ਮਸੀਹੀ ਇਕੱਠਾਂ ਵਿਚ ਹਾਜ਼ਰ ਹੋਣਾ ਇਕ ਵਿਸ਼ੇਸ਼ ਸਨਮਾਨ ਹੈ, ਚਾਹੇ ਇਨ੍ਹਾਂ ਇਕੱਠਾਂ ਵਿਚ ਕੁਝ ਹੀ ਲੋਕ ਆਉਣ ਜਾਂ ਹਜ਼ਾਰਾਂ ਦੀ ਗਿਣਤੀ ਵਿਚ ਹੋਣ। ਇਸ ਲਈ ਆਓ ਆਪਾਂ ਇਨ੍ਹਾਂ ਸਭਾਵਾਂ ਦੀ ਕਦਰ ਕਰੀਏ ਜੋ ਸਾਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਨ ਅਤੇ ਪਿਆਰ ਤੇ ਚੰਗੇ ਕੰਮਾਂ ਲਈ ਉਭਾਰਨ ਵਾਸਤੇ ਕੀਤੀਆਂ ਜਾਂਦੀਆਂ ਹਨ।—ਇਬਰਾਨੀਆਂ 10:24, 25.

14. ਮਸੀਹੀ ਬਜ਼ੁਰਗਾਂ ਤੋਂ ਸਾਨੂੰ ਕੀ ਫ਼ਾਇਦੇ ਹੁੰਦੇ ਹਨ?

14 ਮਸੀਹੀ ਬਜ਼ੁਰਗ ਵੀ ਅਧਿਆਤਮਿਕ ਤੌਰ ਤੇ ਸਾਡੀ ਮਦਦ ਕਰਦੇ ਹਨ ਤੇ ਸਾਨੂੰ ਹੌਸਲਾ ਦਿੰਦੇ ਹਨ। (1 ਪਤਰਸ 5:2, 3) ਪੌਲੁਸ ਨੇ ਉਨ੍ਹਾਂ ਕਲੀਸਿਯਾਵਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਭੈਣਾਂ-ਭਰਾਵਾਂ ਦਾ ਹੌਸਲਾ ਵਧਾਇਆ ਜਿਨ੍ਹਾਂ ਵਿਚਕਾਰ ਉਹ ਸੇਵਾ ਕਰਦਾ ਸੀ। ਅੱਜ ਸਰਕਟ ਨਿਗਾਹਬਾਨ ਵੀ ਇਸੇ ਤਰ੍ਹਾਂ ਕਰਦੇ ਹਨ। ਅਸਲ ਵਿਚ ਉਹ ਆਪਣੇ ਸਾਥੀ ਮਸੀਹੀਆਂ ਨੂੰ ਮਿਲਣ ਲਈ ਤਰਸਦਾ ਸੀ ਤਾਂਕਿ ਉਹ ਉਨ੍ਹਾਂ ਨੂੰ ਹੌਸਲਾ ਦੇ ਸਕੇ ਅਤੇ ਉਨ੍ਹਾਂ ਤੋਂ ਉਸ ਨੂੰ ਵੀ ਹੌਸਲਾ ਮਿਲ ਸਕੇ। (ਰਸੂਲਾਂ ਦੇ ਕਰਤੱਬ 14:19-22; ਰੋਮੀਆਂ 1:11, 12) ਇਸ ਲਈ, ਸਾਨੂੰ ਆਪਣੀ ਕਲੀਸਿਯਾ ਦੇ ਬਜ਼ੁਰਗਾਂ ਅਤੇ ਦੂਸਰੇ ਮਸੀਹੀ ਨਿਗਾਹਬਾਨਾਂ ਦਾ ਆਦਰ ਕਰਨਾ ਚਾਹੀਦਾ ਹੈ ਜੋ ਸਾਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਨ ਲਈ ਬਹੁਤ ਮਿਹਨਤ ਕਰਦੇ ਹਨ।

15. ਕਲੀਸਿਯਾ ਦੇ ਮਸੀਹੀ ਭੈਣ-ਭਰਾ ਸਾਨੂੰ ਕਿਵੇਂ “ਤਸੱਲੀ” ਜਾਂ ਬਲ ਦਿੰਦੇ ਹਨ?

15 ਕਲੀਸਿਯਾ ਵਿਚ ਸਾਥੀ ਮਸੀਹੀਆਂ ਤੋਂ ਵੀ ਸਾਨੂੰ “ਤਸੱਲੀ” ਜਾਂ ਬਲ ਮਿਲਦਾ ਹੈ। (ਕੁਲੁੱਸੀਆਂ 4:10, 11) ਸੱਚੇ “ਮਿੱਤ੍ਰ” ਹੋਣ ਦੇ ਨਾਤੇ ਉਹ ਮੁਸ਼ਕਲ ਸਮਿਆਂ ਵਿਚ ਸਾਡੀ ਮਦਦ ਕਰਦੇ ਹਨ। (ਕਹਾਉਤਾਂ 17:17) ਉਦਾਹਰਣ ਲਈ, 1945 ਵਿਚ ਜਦੋਂ ਪਰਮੇਸ਼ੁਰ ਦੇ 220 ਸੇਵਕਾਂ ਨੂੰ ਜ਼ਾਕਸਨਹਾਊਸਨ ਨਜ਼ਰਬੰਦੀ ਕੈਂਪ ਵਿੱਚੋਂ ਰਿਹਾ ਕੀਤਾ ਗਿਆ ਸੀ, ਤਾਂ ਉਨ੍ਹਾਂ ਨੂੰ 200 ਕਿਲੋਮੀਟਰ ਪੈਦਲ ਤੁਰਨਾ ਪਿਆ। ਉਹ ਸਾਰੀ ਵਾਟ ਇਕੱਠੇ ਨਾਲ-ਨਾਲ ਹੀ ਚੱਲਦੇ ਰਹੇ। ਤਕੜੇ ਭਰਾਵਾਂ ਨੇ ਕਮਜ਼ੋਰ ਭਰਾਵਾਂ ਨੂੰ ਛੋਟੇ-ਛੋਟੇ ਗੱਡਿਆਂ ਤੇ ਬਿਠਾ ਕੇ ਆਪ ਗੱਡਿਆਂ ਨੂੰ ਸਾਰੀ ਵਾਟ ਖਿੱਚਿਆ। ਇਸ ਦਾ ਫ਼ਾਇਦਾ ਕੀ ਹੋਇਆ? ਉਸ ਮੌਤ ਦੀ ਯਾਤਰਾ ਵਿਚ, ਨਜ਼ਰਬੰਦੀ ਕੈਂਪਾਂ ਵਿੱਚੋਂ ਰਿਹਾ ਹੋਏ 10,000 ਲੋਕਾਂ ਦੀਆਂ ਜਾਨਾਂ ਗਈਆਂ, ਪਰ ਯਹੋਵਾਹ ਦੇ ਕਿਸੇ ਵੀ ਗਵਾਹ ਦੀ ਜਾਨ ਨਹੀਂ ਗਈ। ਵਾਚ ਟਾਵਰ ਦੇ ਪ੍ਰਕਾਸ਼ਨਾਂ, ਜਿਵੇਂ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ ਅਤੇ ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ) ਨਾਮਕ ਕਿਤਾਬਾਂ ਵਿਚ ਅਜਿਹੀਆਂ ਕਹਾਣੀਆਂ ਛਪਦੀਆਂ ਹਨ ਜੋ ਇਹ ਸਾਬਤ ਕਰਦੀਆਂ ਹਨ ਕਿ ਯਹੋਵਾਹ ਆਪਣੇ ਲੋਕਾਂ ਨੂੰ ਬਲ ਦਿੰਦਾ ਹੈ ਤਾਂਕਿ ਉਹ ਹਾਰ ਨਾ ਮੰਨਣ।—ਗਲਾਤੀਆਂ 6:9. *

ਪ੍ਰਚਾਰ ਕਰਨ ਨਾਲ ਹੱਲਾਸ਼ੇਰੀ ਮਿਲਦੀ ਹੈ

16. ਰਾਜ ਦੇ ਪ੍ਰਚਾਰ ਵਿਚ ਨਿਯਮਿਤ ਤੌਰ ਤੇ ਹਿੱਸਾ ਲੈਣ ਨਾਲ ਅਸੀਂ ਅਧਿਆਤਮਿਕ ਤੌਰ ਤੇ ਕਿਵੇਂ ਮਜ਼ਬੂਤ ਹੁੰਦੇ ਹਾਂ?

16 ਰਾਜ ਦੇ ਪ੍ਰਚਾਰ ਵਿਚ ਨਿਯਮਿਤ ਤੌਰ ਤੇ ਹਿੱਸਾ ਲੈਣ ਨਾਲ ਅਸੀਂ ਅਧਿਆਤਮਿਕ ਤੌਰ ਤੇ ਮਜ਼ਬੂਤ ਹੁੰਦੇ ਹਾਂ। ਇਹ ਕੰਮ ਕਰਨ ਨਾਲ ਅਸੀਂ ਆਪਣਾ ਧਿਆਨ ਹਮੇਸ਼ਾ ਪਰਮੇਸ਼ੁਰ ਦੇ ਰਾਜ ਉੱਤੇ ਅਤੇ ਅਨੰਤ ਕਾਲ ਉੱਤੇ ਅਤੇ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ਉੱਤੇ ਲਾਈ ਰੱਖਾਂਗੇ। (ਯਹੂਦਾਹ 20, 21) ਬਾਈਬਲ ਦੇ ਜਿਨ੍ਹਾਂ ਵਾਅਦਿਆਂ ਬਾਰੇ ਅਸੀਂ ਪ੍ਰਚਾਰ ਵਿਚ ਗੱਲ ਕਰਦੇ ਹਾਂ, ਉਹ ਵਾਅਦੇ ਮੀਕਾਹ ਵਾਂਗ ਸਾਨੂੰ ਵੀ ਤਕੜਾ ਰਹਿਣ ਵਿਚ ਮਦਦ ਕਰਦੇ ਹਨ। ਮੀਕਾਹ ਨੇ ਕਿਹਾ ਸੀ ਕਿ “ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।”—ਮੀਕਾਹ 4:5.

17. ਬਾਈਬਲ ਅਧਿਐਨ ਕਰਾਉਣ ਸੰਬੰਧੀ ਕਿਹੜੇ ਸੁਝਾਅ ਦਿੱਤੇ ਗਏ ਹਨ?

17 ਜਦੋਂ ਅਸੀਂ ਦੂਸਰਿਆਂ ਨੂੰ ਬਾਈਬਲ ਦਾ ਗਿਆਨ ਦਿੰਦੇ ਹਾਂ, ਤਾਂ ਯਹੋਵਾਹ ਨਾਲ ਸਾਡਾ ਆਪਣਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਉਦਾਹਰਣ ਲਈ, ਜਦੋਂ ਅਸੀਂ ਕਿਸੇ ਨੂੰ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਵਿੱਚੋਂ ਬਾਈਬਲ ਅਧਿਐਨ ਕਰਾਉਂਦੇ ਹਾਂ, ਤਾਂ ਪਾਠ ਵਿਚ ਦਿੱਤੀਆਂ ਆਇਤਾਂ ਨੂੰ ਪੜ੍ਹਨਾ ਅਤੇ ਉਨ੍ਹਾਂ ਦੀ ਚਰਚਾ ਕਰਨੀ ਚੰਗੀ ਗੱਲ ਹੈ। ਇਸ ਨਾਲ ਵਿਦਿਆਰਥੀ ਨੂੰ ਮਦਦ ਮਿਲੇਗੀ ਅਤੇ ਸਾਡੀ ਵੀ ਅਧਿਆਤਮਿਕ ਸਮਝ ਵਧੇਗੀ। ਜੇ ਵਿਦਿਆਰਥੀ ਨੂੰ ਬਾਈਬਲ ਦੀ ਕੋਈ ਗੱਲ ਜਾਂ ਉਦਾਹਰਣ ਸਮਝ ਨਹੀਂ ਆਉਂਦੀ, ਤਾਂ ਗਿਆਨ ਕਿਤਾਬ ਵਿਚ ਉਸ ਗੱਲ ਨੂੰ ਸਮਝਾਉਣ ਵਾਲੇ ਪਾਠ ਨੂੰ ਥੋੜ੍ਹਾ-ਥੋੜ੍ਹਾ ਕਰ ਕੇ ਵੀ ਪੜ੍ਹਿਆ ਜਾ ਸਕਦਾ ਹੈ। ਅਧਿਐਨ ਦੀ ਚੰਗੀ ਤਿਆਰੀ ਕਰਨ ਅਤੇ ਦੂਸਰਿਆਂ ਦੀ ਪਰਮੇਸ਼ੁਰ ਦੇ ਨੇੜੇ ਆਉਣ ਵਿਚ ਜ਼ਿਆਦਾ ਮਦਦ ਕਰਨ ਨਾਲ ਸਾਨੂੰ ਬਹੁਤ ਖ਼ੁਸ਼ੀ ਮਿਲੇਗੀ!

18. ਉਦਾਹਰਣ ਦੇ ਕੇ ਸਮਝਾਓ ਕਿ ਗਿਆਨ ਕਿਤਾਬ ਦਾ ਕਿਵੇਂ ਵਧੀਆ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ।

18 ਹਰ ਸਾਲ ਗਿਆਨ ਕਿਤਾਬ ਦੁਆਰਾ ਹਜ਼ਾਰਾਂ ਹੀ ਲੋਕਾਂ ਦੀ ਪਰਮੇਸ਼ੁਰ ਦੇ ਸਮਰਪਿਤ ਸੇਵਕ ਬਣਨ ਵਿਚ ਮਦਦ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਬਾਈਬਲ ਦਾ ਕੋਈ ਗਿਆਨ ਨਹੀਂ ਹੁੰਦਾ। ਉਦਾਹਰਣ ਲਈ ਸ੍ਰੀ ਲੰਕਾ ਵਿਚ ਇਕ ਹਿੰਦੂ ਨੌਜਵਾਨ ਉੱਤੇ ਗੌਰ ਕਰੋ। ਜਦੋਂ ਉਹ ਛੋਟਾ ਸੀ, ਤਾਂ ਉਸ ਨੇ ਇਕ ਗਵਾਹ ਨੂੰ ਫਿਰਦੌਸ ਬਾਰੇ ਗੱਲ ਕਰਦੇ ਹੋਏ ਸੁਣਿਆ ਸੀ। ਕੁਝ ਸਾਲਾਂ ਬਾਅਦ, ਉਹ ਆਦਮੀ ਉਸ ਗਵਾਹ ਭੈਣ ਕੋਲ ਗਿਆ ਤੇ ਉਸ ਭੈਣ ਦੇ ਪਤੀ ਨੇ ਜਲਦੀ ਹੀ ਉਸ ਆਦਮੀ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਉਹ ਨੌਜਵਾਨ ਰੋਜ਼ ਸਟੱਡੀ ਕਰਨ ਲਈ ਆਉਂਦਾ ਸੀ ਜਿਸ ਕਰਕੇ ਉਸ ਨੇ ਗਿਆਨ ਕਿਤਾਬ ਬਹੁਤ ਜਲਦੀ ਖ਼ਤਮ ਕਰ ਲਈ। ਉਸ ਨੇ ਸਾਰੀਆਂ ਸਭਾਵਾਂ ਵਿਚ ਆਉਣਾ ਸ਼ੁਰੂ ਕਰ ਦਿੱਤਾ, ਆਪਣੇ ਪੁਰਾਣੇ ਧਰਮ ਨਾਲੋਂ ਨਾਤਾ ਤੋੜ ਲਿਆ ਅਤੇ ਰਾਜ ਪ੍ਰਚਾਰਕ ਬਣ ਗਿਆ। ਉਸ ਨੇ ਬਪਤਿਸਮਾ ਲੈਣ ਤੋਂ ਪਹਿਲਾਂ ਹੀ ਆਪਣੇ ਇਕ ਵਾਕਫ਼ਕਾਰ ਨੂੰ ਬਾਈਬਲ ਸਟੱਡੀ ਕਰਾਉਣੀ ਸ਼ੁਰੂ ਕਰ ਦਿੱਤੀ ਸੀ।

19. ਅਸੀਂ ਕਿਸ ਭਰੋਸੇ ਤੇ ਆਪਣੀ ਜ਼ਿੰਦਗੀ ਵਿਚ ਰਾਜ ਨੂੰ ਪਹਿਲ ਦੇ ਸਕਦੇ ਹਾਂ?

19 ਆਪਣੀ ਜ਼ਿੰਦਗੀ ਵਿਚ ਰਾਜ ਨੂੰ ਪਹਿਲ ਦੇਣ ਨਾਲ ਸਾਨੂੰ ਹੌਸਲਾ ਅਤੇ ਖ਼ੁਸ਼ੀ ਮਿਲਦੀ ਹੈ। (ਮੱਤੀ 6:33) ਭਾਵੇਂ ਕਿ ਸਾਨੂੰ ਕਈ ਅਜ਼ਮਾਇਸ਼ਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ, ਪਰ ਅਸੀਂ ਖ਼ੁਸ਼ੀ-ਖ਼ੁਸ਼ੀ ਤੇ ਪੂਰੇ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਐਲਾਨ ਕਰਦੇ ਰਹਿੰਦੇ ਹਾਂ। (ਤੀਤੁਸ 2:14) ਬਹੁਤ ਸਾਰੇ ਭੈਣ-ਭਰਾ ਪਾਇਨੀਅਰੀ ਕਰ ਰਹੇ ਹਨ ਅਤੇ ਕੁਝ ਉੱਥੇ ਜਾ ਕੇ ਪ੍ਰਚਾਰ ਕਰ ਰਹੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਚਾਹੇ ਅਸੀਂ ਰਾਜ ਪ੍ਰਚਾਰ ਦਾ ਕੰਮ ਇਨ੍ਹਾਂ ਤਰੀਕਿਆਂ ਨਾਲ ਕਰਦੇ ਹਾਂ ਜਾਂ ਦੂਸਰੇ ਤਰੀਕਿਆਂ ਨਾਲ, ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਸਾਡੇ ਕੰਮਾਂ ਨੂੰ ਨਹੀਂ ਭੁੱਲੇਗਾ ਅਤੇ ਨਾ ਹੀ ਉਹ ਇਹ ਭੁੱਲੇਗਾ ਕਿ ਅਸੀਂ ਉਸ ਦੇ ਨਾਂ ਨਾਲ ਕਿੰਨਾ ਪਿਆਰ ਕਰਦੇ ਹਾਂ।—ਇਬਰਾਨੀਆਂ 6:10-12.

ਯਹੋਵਾਹ ਦੀ ਸ਼ਕਤੀ ਨਾਲ ਡਟੇ ਰਹੋ

20. ਅਸੀਂ ਇਹ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਸ਼ਕਤੀ ਲਈ ਯਹੋਵਾਹ ਤੇ ਭਰੋਸਾ ਰੱਖਦੇ ਹਾਂ?

20 ਆਓ ਆਪਾਂ ਇਹ ਦਿਖਾਈਏ ਕਿ ਅਸੀਂ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ ਅਤੇ ਉਸ ਨੂੰ ਸ਼ਕਤੀ ਲਈ ਬੇਨਤੀ ਕਰਦੇ ਹਾਂ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਪਰਮੇਸ਼ੁਰ ਨੇ ਆਪਣੇ ‘ਮਾਤਬਰ ਨੌਕਰ’ ਦੇ ਰਾਹੀਂ ਜੋ ਵੀ ਅਧਿਆਤਮਿਕ ਪ੍ਰਬੰਧ ਕੀਤੇ ਹਨ, ਉਨ੍ਹਾਂ ਤੋਂ ਪੂਰਾ-ਪੂਰਾ ਫ਼ਾਇਦਾ ਲੈ ਕੇ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ। (ਮੱਤੀ 24:45) ਕੁਝ ਅਜਿਹੇ ਪ੍ਰਬੰਧ ਇਹ ਹਨ ਜਿਨ੍ਹਾਂ ਦੁਆਰਾ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ ਅਤੇ ਉਸ ਦੀ ਸੇਵਾ ਵਿਚ ਲੱਗੇ ਰਹਿਣ ਲਈ ਸਾਨੂੰ ਤਾਕਤ ਮਿਲਦੀ ਹੈ: ਪਰਮੇਸ਼ੁਰ ਦੇ ਬਚਨ ਦਾ ਸੋਸਾਇਟੀ ਦੇ ਪ੍ਰਕਾਸ਼ਨਾਂ ਦੀ ਮਦਦ ਨਾਲ ਨਿੱਜੀ ਤੌਰ ਤੇ ਅਤੇ ਕਲੀਸਿਯਾ ਨਾਲ ਮਿਲ ਕੇ ਅਧਿਐਨ ਕਰਨਾ, ਦਿੱਲੋਂ ਪ੍ਰਾਰਥਨਾ ਕਰਨੀ, ਬਜ਼ੁਰਗਾਂ ਦੀ ਅਧਿਆਤਮਿਕ ਮਦਦ, ਵਫ਼ਾਦਾਰ ਮਸੀਹੀਆਂ ਦੀਆਂ ਉਦਾਹਰਣਾਂ ਅਤੇ ਸੇਵਕਾਈ ਵਿਚ ਨਿਯਮਿਤ ਤੌਰ ਤੇ ਹਿੱਸਾ ਲੈਣਾ।

21. ਪਤਰਸ ਅਤੇ ਪੌਲੁਸ ਰਸੂਲ ਦੋਵਾਂ ਨੇ ਕਿਵੇਂ ਦਿਖਾਇਆ ਕਿ ਸਾਨੂੰ ਪਰਮੇਸ਼ੁਰ ਦੀ ਸ਼ਕਤੀ ਦੀ ਲੋੜ ਹੈ?

21 ਆਪਣੀਆਂ ਕਮਜ਼ੋਰੀਆਂ ਦੇ ਬਾਵਜੂਦ ਵੀ, ਜੇ ਅਸੀਂ ਉਸ ਉੱਤੇ ਮਦਦ ਲਈ ਭਰੋਸਾ ਰੱਖੀਏ ਤਾਂ ਉਹ ਸਾਨੂੰ ਤਾਕਤ ਦੇਵੇਗਾ ਤਾਂਕਿ ਅਸੀਂ ਉਸ ਦੀ ਇੱਛਾ ਪੂਰੀ ਕਰ ਸਕੀਏ। ਇਸ ਮਦਦ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਪਤਰਸ ਰਸੂਲ ਨੇ ਲਿਖਿਆ: “ਜੇ ਕੋਈ ਟਹਿਲ ਕਰੇ ਤਾਂ ਓਸ ਸਮਰੱਥਾ ਦੇ ਅਨੁਸਾਰ ਕਰੇ ਜੋ ਪਰਮੇਸ਼ੁਰ ਦਿੰਦਾ ਹੈ।” (1 ਪਤਰਸ 4:11) ਪੌਲੁਸ ਨੇ ਇਹ ਕਹਿੰਦੇ ਹੋਏ ਦਿਖਾਇਆ ਕਿ ਉਸ ਨੇ ਹਮੇਸ਼ਾ ਪਰਮੇਸ਼ੁਰ ਦੀ ਤਾਕਤ ਤੇ ਭਰੋਸਾ ਰੱਖਿਆ: “ਮੈਂ ਮਸੀਹ ਦੇ ਲਈ ਨਿਰਬਲਤਾਈਆਂ ਉੱਤੇ, ਮਿਹਣਿਆਂ ਉੱਤੇ, ਤੰਗੀਆਂ ਉੱਤੇ, ਸਤਾਏ ਜਾਣ ਉੱਤੇ, ਸੰਕਟਾਂ ਉੱਤੇ, ਪਰਸੰਨ ਹਾਂ ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਸਮਰਥੀ ਹੁੰਦਾ ਹਾਂ।” (2 ਕੁਰਿੰਥੀਆਂ 12:10) ਆਓ ਆਪਾਂ ਵੀ ਇਸੇ ਤਰ੍ਹਾਂ ਵਿਸ਼ਵਾਸ ਰੱਖੀਏ ਅਤੇ ਸਰਬਸੱਤਾਵਾਨ ਪ੍ਰਭੂ ਯਹੋਵਾਹ ਦੀ ਮਹਿਮਾ ਕਰੀਏ ਜੋ ਥੱਕੇ ਹੋਇਆਂ ਨੂੰ ਬਲ ਦਿੰਦਾ ਹੈ।—ਯਸਾਯਾਹ 12:2.

[ਫੁਟਨੋਟ]

^ ਪੈਰਾ 1 ਇਕ ਅਰਬ ਖਰਬ ਸੰਖਿਆ ਵਿਚ ਇਕ ਦੇ ਨਾਲ 20 ਸਿਫ਼ਰਾਂ ਲੱਗਦੀਆਂ ਹਨ।

^ ਪੈਰਾ 15 ਇਹ ਕਿਤਾਬਾਂ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਛਾਪੀਆਂ ਗਈਆਂ ਹਨ।

ਤੁਸੀਂ ਕਿਵੇਂ ਜਵਾਬ ਦਿਓਗੇ?

• ਯਹੋਵਾਹ ਦੇ ਲੋਕਾਂ ਨੂੰ ਆਮ ਨਾਲੋਂ ਜ਼ਿਆਦਾ ਸ਼ਕਤੀ ਦੀ ਕਿਉਂ ਲੋੜ ਹੈ?

• ਬਾਈਬਲ ਵਿਚ ਕਿਹੜਾ ਸਬੂਤ ਦਿੱਤਾ ਗਿਆ ਹੈ ਕਿ ਪਰਮੇਸ਼ੁਰ ਆਪਣੇ ਸੇਵਕਾਂ ਨੂੰ ਬਲ ਦਿੰਦਾ ਹੈ?

• ਯਹੋਵਾਹ ਨੇ ਸਾਨੂੰ ਬਲ ਦੇਣ ਲਈ ਕਿਹੜੇ ਕੁਝ ਅਧਿਆਤਮਿਕ ਪ੍ਰਬੰਧ ਕੀਤੇ ਹਨ?

• ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਬਲ ਲਈ ਪਰਮੇਸ਼ੁਰ ਤੇ ਭਰੋਸਾ ਰੱਖਦੇ ਹਾਂ?

[ਸਵਾਲ]

[ਸਫ਼ੇ 12 ਉੱਤੇ ਤਸਵੀਰ]

ਜਦੋਂ ਅਸੀਂ ਦੂਸਰਿਆਂ ਨੂੰ ਬਾਈਬਲ ਦਾ ਗਿਆਨ ਦਿੰਦੇ ਹਾਂ, ਤਾਂ ਯਹੋਵਾਹ ਨਾਲ ਸਾਡਾ ਆਪਣਾ ਰਿਸ਼ਤਾ ਮਜ਼ਬੂਤ ਹੁੰਦਾ ਹੈ