Skip to content

Skip to table of contents

ਕ੍ਰਿਸਮਸ ਦੀਆਂ ਰੀਤਾਂ—ਕੀ ਇਨ੍ਹਾਂ ਦਾ ਮਸੀਹੀ ਧਰਮ ਨਾਲ ਕੋਈ ਸੰਬੰਧ ਹੈ?

ਕ੍ਰਿਸਮਸ ਦੀਆਂ ਰੀਤਾਂ—ਕੀ ਇਨ੍ਹਾਂ ਦਾ ਮਸੀਹੀ ਧਰਮ ਨਾਲ ਕੋਈ ਸੰਬੰਧ ਹੈ?

ਕ੍ਰਿਸਮਸ ਦੀਆਂ ਰੀਤਾਂ​—ਕੀ ਇਨ੍ਹਾਂ ਦਾ ਮਸੀਹੀ ਧਰਮ ਨਾਲ ਕੋਈ ਸੰਬੰਧ ਹੈ?

ਕ੍ਰਿਸਮਸ ਯਾਨੀ ਵੱਡੇ ਦਿਨ ਦਾ ਸਮਾਂ ਆ ਪਹੁੰਚਿਆ ਹੈ। ਇਹ ਤੁਹਾਡੇ ਲਈ, ਤੁਹਾਡੇ ਪਰਿਵਾਰ ਲਈ, ਅਤੇ ਤੁਹਾਡੇ ਦੋਸਤਾਂ-ਮਿੱਤਰਾਂ ਲਈ ਕੀ ਮਹਿਨਾ ਰੱਖਦਾ ਹੈ? ਕੀ ਇਹ ਅਜਿਹਾ ਮੌਕਾ ਹੈ ਜਿਸ ਤੇ ਲੋਕ ਰੂਹਾਨੀ ਗੱਲਾਂ ਬਾਰੇ ਸੋਚਦੇ ਹਨ, ਜਾਂ ਕੀ ਇਹ ਸਿਰਫ਼ ਜਸ਼ਨ ਮਨਾਉਣ ਅਤੇ ਮੌਜ ਕਰਨ ਦਾ ਵੇਲਾ ਹੈ? ਕੀ ਇਹ ਯਿਸੂ ਮਸੀਹ ਦੇ ਜਨਮ ਬਾਰੇ ਸੋਚ-ਵਿਚਾਰ ਕਰਨ ਦਾ ਸਮਾਂ ਹੈ, ਜਾਂ ਕੀ ਇਸ ਸਮੇਂ ਤੇ ਸਾਨੂੰ ਮਸੀਹੀ ਕਦਰਾਂ-ਕੀਮਤਾਂ ਭੁੱਲ ਜਾਣੀਆਂ ਚਾਹੀਦੀਆਂ ਹਨ?

ਇਨ੍ਹਾਂ ਸਵਾਲਾਂ ਬਾਰੇ ਸੋਚਦੇ ਹੋਏ ਇਹ ਯਾਦ ਰੱਖੋ ਕਿ ਵੱਖ-ਵੱਖ ਦੇਸ਼ਾਂ ਵਿਚ ਕ੍ਰਿਸਮਸ ਦੀਆਂ ਰੀਤਾਂ ਵੀ ਵੱਖੋ-ਵੱਖਰੀਆਂ ਹੋ ਸਕਦੀਆਂ ਹਨ। ਮਿਸਾਲ ਲਈ, ਮੈਕਸੀਕੋ ਅਤੇ ਦੂਸਰੇ ਲਾਤੀਨੀ-ਅਮਰੀਕੀ ਦੇਸ਼ਾਂ ਵਿਚ ਕ੍ਰਿਸਮਸ ਦਾ ਨਾਂ ਵੀ ਵੱਖਰਾ ਹੈ। ਇਕ ਐਨਸਾਈਕਲੋਪੀਡੀਆ ਦੱਸਦਾ ਹੈ ਕਿ ਅੰਗ੍ਰੇਜ਼ੀ ਨਾਂ ਕ੍ਰਿਸਮਸ “ਪੁਰਾਣੇ ਜ਼ਮਾਨੇ ਦੇ ਕ੍ਰਾਈਸਟਸ ਮੈਸ, ਯਾਨੀ ਮਸੀਹ ਦੇ ਤਿਉਹਾਰ, ਤੋਂ ਲਿਆ ਗਿਆ ਹੈ।” ਪਰ ਇਨ੍ਹਾਂ ਲਾਤੀਨੀ-ਅਮਰੀਕੀ ਦੇਸ਼ਾਂ ਵਿਚ ਲਾ ਨਾਵੀਡਾਡ, ਮਸੀਹ ਦੇ ਜਨਮ ਵੱਲ ਇਸ਼ਾਰਾ ਕਰਦਾ ਹੈ। ਜ਼ਰਾ ਮੈਕਸੀਕੋ ਦੀਆਂ ਕੁਝ ਰੀਤਾਂ ਉੱਤੇ ਗੌਰ ਕਰੋ। ਸ਼ਾਇਦ ਤੁਸੀਂ ਇਨ੍ਹਾਂ ਬਾਰੇ ਪੜ੍ਹ ਕੇ ਕ੍ਰਿਸਮਸ ਬਾਰੇ ਆਪਣੀ ਰਾਇ ਬਣਾ ਸਕੋਗੇ।

ਪੋਸਾਡਾ, “ਤਿੰਨ ਜੋਤਸ਼ੀ,” ਅਤੇ ਨਾਸੀਮੀਏਂਟੋ

ਮੈਕਸੀਕੋ ਵਿਚ ਕ੍ਰਿਸਮਸ ਦਾ ਸਮਾਂ ਪੋਸਾਡਾ ਦੇ ਤਿਉਹਾਰ ਨਾਲ 16 ਦਸੰਬਰ ਤੇ ਸ਼ੁਰੂ ਹੁੰਦਾ ਹੈ। ਅੰਗ੍ਰੇਜ਼ੀ ਦੀ ਕਿਤਾਬ ਮੈਕਸੀਕੋ ਦੇ ਖ਼ੁਸ਼ੀਆਂ ਦੇ ਤਿਉਹਾਰ ਕਹਿੰਦੀ ਹੈ: ‘ਪੋਸਾਡਾ ਦਾ ਤਿਉਹਾਰ ਉਸ ਸਮੇਂ ਦੀ ਯਾਦ ਦਿਲਾਉਂਦਾ ਹੈ ਜਦੋਂ ਯੂਸੁਫ਼ ਅਤੇ ਮਰਿਯਮ ਬੈਤਲਹਮ ਦੇ ਪਿੰਡ ਵਿਚ ਟਿਕਾਣਾ ਲੱਭਦੇ-ਲੱਭਦੇ ਇਕੱਲੇ ਘੁੰਮ-ਫਿਰ ਰਹੇ ਸਨ ਅਤੇ ਉਨ੍ਹਾਂ ਨੂੰ ਅਖ਼ੀਰ ਵਿਚ ਕਿਸੇ ਨੇ ਦਿਆਲਗੀ ਦਿਖਾਈ। ਪੋਸਾਡਾ 16-24 ਦਸੰਬਰ ਦੌਰਾਨ ਜਾਰੀ ਰਹਿੰਦਾ ਹੈ, ਅਤੇ ਇਨ੍ਹਾਂ ਨੌਂ ਦਿਨਾਂ ਦੌਰਾਨ ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਇਕੱਠੇ ਹੋ ਕੇ ਯਿਸੂ ਦੇ ਜਨਮ ਤੋਂ ਪਹਿਲਾਂ ਹੋਈਆਂ ਗੱਲਾਂ ਦੇ ਨਾਟਕ ਕਰਦੇ ਹਨ।’

ਇਹ ਇਕ ਆਮ ਰੀਤ ਹੈ ਕਿ ਲੋਕ ਮਰਿਯਮ ਅਤੇ ਯੂਸੁਫ਼ ਦੀਆਂ ਮੂਰਤੀਆਂ ਲੈ ਕੇ ਕਿਸੇ ਦੇ ਘਰ ਨੂੰ ਜਾਂਦੇ ਹਨ। ਉੱਥੇ ਉਹ ਗੀਤ ਗਾ ਕੇ ਟਿਕਾਣਾ, ਜਾਂ ਪੋਸਾਡਾ, ਮੰਗਦੇ ਹਨ। ਘਰ ਵਾਲੇ ਵੀ ਗਾਉਂਦੇ ਹਨ ਅਤੇ ਅਖ਼ੀਰ ਵਿਚ ਉਹ ਬਾਹਰ ਖੜ੍ਹੇ ਮਹਿਮਾਨਾਂ ਨੂੰ ਅੰਦਰ ਬੁਲਾ ਲੈਂਦੇ ਹਨ। ਫਿਰ ਇਕ ਪਾਰਟੀ ਸ਼ੁਰੂ ਹੁੰਦੀ ਹੈ, ਜਿੱਥੇ ਕੁਝ ਲੋਕ ਅੱਖਾਂ ਤੇ ਪੱਟੀ ਬੰਨ੍ਹ ਕੇ ਲਕੜੀ ਨਾਲ ਵਾਰੀ-ਵਾਰੀ ਪਿਨਿਆਟਾ ਤੋੜਨ ਦੀ ਕੋਸ਼ਿਸ਼ ਕਰਦੇ ਹਨ। ਪਿਨਿਆਟਾ ਮਿਸ਼ਰੀ, ਫਲ, ਵਗੈਰਾ ਨਾਲ ਭਰਿਆ ਹੋਇਆ ਮਿੱਟੀ ਦਾ ਵੱਡਾ ਭਾਂਡਾ ਡੋਰੀ ਨਾਲ ਬੰਨ ਕੇ ਲਮਕਾਇਆ ਹੁੰਦਾ ਹੈ। ਇਸ ਦੇ ਟੁੱਟਣ ਤੋਂ ਬਾਅਦ ਸਾਰੇ ਜਣੇ ਇਨ੍ਹਾਂ ਚੀਜ਼ਾਂ ਨੂੰ ਇਕੱਠਾ ਕਰਦੇ ਹਨ। ਇਸ ਤੋਂ ਬਾਅਦ ਖਾਣਾ-ਪੀਣਾ, ਸੰਗੀਤ, ਅਤੇ ਨੱਚਣਾ ਸ਼ੁਰੂ ਹੁੰਦਾ ਹੈ। ਪੋਸਾਡਾ ਦੀਆਂ ਅਜਿਹੀਆਂ ਅੱਠ ਪਾਰਟੀਆਂ 16 ਦਸੰਬਰ ਤੋਂ ਲੈ ਕੇ 23 ਦਸੰਬਰ ਤਕ ਹੁੰਦੀਆਂ ਰਹਿੰਦੀਆਂ ਹਨ। ਅਤੇ 24 ਦਸੰਬਰ ਦੀ ਪਾਰਟੀ ਲਈ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋਣ ਦਾ ਪੂਰਾ ਜਤਨ ਕਰਦੇ ਹਨ, ਇਸ ਪਾਰਟੀ ਨੂੰ ਨੋਚੇਬਵੇਨਾ ਸੱਦਿਆ ਜਾਂਦਾ ਹੈ।

ਜਲਦੀ ਬਾਅਦ ਨਵੇਂ ਸਾਲ ਦਾ ਦਿਨ ਆ ਜਾਂਦਾ ਅਤੇ ਇਸ ਤੇ ਬਹੁਤ ਰੌਲੇ-ਰੱਪੇ ਨਾਲ ਪਾਰਟੀਆਂ ਕੀਤੀਆਂ ਜਾਂਦੀਆਂ ਹਨ। ਟ੍ਰੇਸ ਰਈਏਸ ਮਾਗੋਸ (‘ਤਿੰਨਾਂ ਜੋਤਸ਼ੀਆਂ’) ਨੇ ਬੱਚਿਆਂ ਲਈ 5 ਜਨਵਰੀ ਦੀ ਸ਼ਾਮ ਨੂੰ ਤੋਹਫ਼ੇ ਲਿਆਉਣੇ ਹੁੰਦੇ ਹਨ। ਇਹ ਸਭ ਕੁਝ 6 ਜਨਵਰੀ ਦੀ ਪਾਰਟੀ ਵਿਚ ਸਿਖਰ ਤੇ ਪਹੁੰਚਦਾ ਹੈ, ਜਦੋਂ ਰੋਸਕਾ ਡ ਰਈਏਸ (ਗੋਲ ਜਿਹਾ ਕੇਕ) ਵੰਡਿਆ ਜਾਂਦਾ ਹੈ। ਸਾਰੇ ਜਣੇ ਕੇਕ ਖਾਂਦੇ ਹਨ ਪਰ ਕਿਸੇ ਇਕ ਦੇ ਟੁਕੜੇ ਵਿੱਚੋਂ ਬੱਚੇ ਯਿਸੂ ਦੀ ਛੋਟੀ ਜਿਹੀ ਮੂਰਤੀ ਮਿਲਦੀ ਹੈ। ਜਿਸ ਨੂੰ ਇਹ ਮੂਰਤੀ ਮਿਲਦੀ ਹੈ ਉਸ ਨੂੰ 2 ਫਰਵਰੀ ਤੇ ਇਕ ਅਖ਼ੀਰਲੀ ਪਾਰਟੀ ਰੱਖਣੀ ਪੈਂਦੀ ਹੈ। (ਕੁਝ ਥਾਵਾਂ ਵਿਚ ਤਿੰਨ ਮੂਰਤੀਆਂ ਪਾਈਆਂ ਜਾਂਦੀਆਂ ਹਨ ਜੋ ‘ਤਿੰਨਾਂ ਜੋਤਸ਼ੀਆਂ’ ਨੂੰ ਦਰਸਾਉਂਦੀਆਂ ਹਨ।) ਤੁਸੀਂ ਦੇਖ ਸਕਦੇ ਹੋ ਕਿ ਕ੍ਰਿਸਮਸ ਦੇ ਸੰਬੰਧ ਵਿਚ ਕਾਫ਼ੀ ਪਾਰਟੀਆਂ ਹੁੰਦੀਆਂ ਹਨ।

ਇਸੇ ਸਮੇਂ ਦੌਰਾਨ, ਨਾਸੀਮੀਏਂਟੋ (ਨਾਟੀਵਿਟੀ ਜਾਂ ਯਿਸੂ ਦੇ ਜਨਮ ਦਾ ਸੀਨ) ਹਰ ਜਗ੍ਹਾ ਦਿਖਾਈ ਦਿੰਦਾ ਹੈ। ਇਸ ਵਿਚ ਕੀ-ਕੀ ਸ਼ਾਮਲ ਹੁੰਦਾ ਹੈ? ਕਈ ਪਬਲਿਕ ਥਾਵਾਂ, ਨਾਲੇ ਚਰਚਾਂ ਅਤੇ ਘਰਾਂ ਵਿਚ ਵੀ ਯਿਸੂ ਦੇ ਜਨਮ ਨੂੰ ਦਰਸਾਉਣ ਵਾਲੇ ਸੀਨ ਪਾਏ ਜਾਂਦੇ ਹਨ। ਇਨ੍ਹਾਂ ਨਜ਼ਾਰਿਆਂ ਵਿਚ ਕੁੰਭਕਾਰ, ਲੱਕੜੀ, ਜਾਂ ਮਿੱਟੀ ਦੀਆਂ ਬਣੀਆਂ ਹੋਈਆਂ ਵੱਡੀਆਂ-ਛੋਟੀਆਂ ਮੂਰਤੀਆਂ ਹੁੰਦੀਆਂ ਹਨ। ਇਨ੍ਹਾਂ ਵਿਚ ਯੂਸੁਫ਼ ਅਤੇ ਮਰਿਯਮ ਦਿਖਾਏ ਜਾਂਦੇ ਹਨ ਅਤੇ ਉਹ ਖੁਰਲੀ ਦੇ ਕੋਲ ਗੋਡਿਆਂ ਭਾਰ ਬੈਠੇ ਹੁੰਦੇ ਹਨ ਜਿਸ ਵਿਚ ਇਕ ਨਵ-ਜੰਮਿਆ ਬੱਚਾ ਪਿਆ ਹੁੰਦਾ ਹੈ। ਸੀਨ ਵਿਚ ਅਕਸਰ ਚਰਵਾਹੇ, ਜੋਤਸ਼ੀ, ਅਤੇ ਕੁਝ ਪਸ਼ੂ ਵੀ ਦਿਖਾਈ ਦਿੰਦੇ ਹਨ। ਪਰ ਸਭ ਤੋਂ ਮਹੱਤਵਪੂਰਣ ਮੂਰਤੀ ਨਵ-ਜੰਮੇ ਬੱਚੇ ਦੀ ਹੁੰਦੀ ਹੈ ਜਿਸ ਨੂੰ ਸਪੇਨੀ ਭਾਸ਼ਾ ਵਿਚ ਏਲ ਨਿੰਨੀਓ ਡੀਓਸ (ਬਾਲ ਈਸ਼ਵਰ) ਕਿਹਾ ਜਾਂਦਾ ਹੈ। ਇਹ ਮੂਰਤੀ ਸ਼ਾਇਦ 24 ਦਸੰਬਰ ਨੂੰ ਖੁਰਲੀ ਵਿਚ ਰੱਖੀ ਜਾਂਦੀ ਹੈ।

ਮਸੀਹ ਦੇ ਜਨਮ ਸੰਬੰਧੀ ਰੀਤਾਂ ਨੂੰ ਧਿਆਨ ਨਾਲ ਦੇਖਣਾ

ਕ੍ਰਿਸਮਸ ਬਾਰੇ ਦੁਨੀਆਂ ਦੇ ਆਮ ਵਿਚਾਰਾਂ ਦੇ ਸੰਬੰਧ ਵਿਚ ਦ ਐਨਸਾਈਕਲੋਪੀਡੀਆ ਅਮੈਰੀਕਾਨਾ ਨੇ ਇਸ ਤਰ੍ਹਾਂ ਕਿਹਾ: “ਅੱਜ-ਕੱਲ੍ਹ ਕ੍ਰਿਸਮਸ ਨਾਲ ਸੰਬੰਧਿਤ ਜ਼ਿਆਦਾਤਰ ਰੀਤਾਂ ਪਹਿਲਾਂ ਕ੍ਰਿਸਮਸ ਦੀਆਂ ਰੀਤਾਂ ਨਹੀਂ ਸਨ ਸਗੋਂ ਇਹ ਮਸੀਹ ਤੋਂ ਪਹਿਲਾਂ ਦੇ ਸਮੇਂ ਤੋਂ ਆਈਆਂ ਹਨ ਜਾਂ ਇਹ ਗ਼ੈਰ-ਮਸੀਹੀ ਰੀਤਾਂ ਹਨ ਜੋ ਈਸਾਈ ਚਰਚ ਨੇ ਅਪਣਾ ਲਈਆਂ ਸਨ। ਰੋਮੀ ਲੋਕ ਸੈਟਰਨ ਦੇਵਤੇ ਦਾ ਜਨਮ ਦਿਨ ਦਸੰਬਰ ਮਹੀਨੇ ਦੇ ਅੱਧ ਵਿਚ ਮਨਾਉਂਦੇ ਹੁੰਦੇ ਸਨ ਅਤੇ ਕ੍ਰਿਸਮਸ ਦੇ ਸਮੇਂ ਤੇ ਰੰਗਰਲੀਆਂ ਦੀਆਂ ਰੀਤਾਂ ਇਸੇ ਤਿਉਹਾਰ ਤੋਂ ਲਈਆਂ ਗਈਆਂ ਹਨ। ਮਿਸਾਲ ਲਈ, ਵੱਡੇ-ਵੱਡੇ ਨਿਉਂਦੇ ਦੇਣ, ਤੋਹਫ਼ੇ ਦੇਣ, ਅਤੇ ਮੋਮਬੱਤੀਆਂ ਜਲਾਉਣ ਵਰਗੀਆਂ ਰੀਤਾਂ ਇਸੇ ਤਿਉਹਾਰ ਤੋਂ ਆਈਆਂ ਹਨ।”

ਲਾਤੀਨੀ-ਅਮਰੀਕਾ ਵਿਚ ਇਨ੍ਹਾਂ ਆਮ ਰੀਤਾਂ ਦੇ ਨਾਲ ਕਈ ਹੋਰ ਰੀਤਾਂ ਵੀ ਮਨਾਈਆਂ ਜਾਂਦੀਆਂ ਹਨ। ‘ਇਹ ਦੂਸਰੀਆਂ ਰੀਤਾਂ ਕਿੱਥੋਂ ਆਈਆਂ ਹਨ?’ ਤੁਸੀਂ ਸ਼ਾਇਦ ਪੁੱਛੋ। ਜਿਹੜੇ ਲੋਕ ਬਾਈਬਲ ਦੇ ਅਨੁਸਾਰ ਚੱਲਣਾ ਚਾਹੁੰਦੇ ਹਨ ਉਨ੍ਹਾਂ ਨੂੰ ਪਤਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਰੀਤਾਂ ਐਜ਼ਟੈਕ ਲੋਕਾਂ ਤੋਂ ਆਈਆਂ ਹਨ। ਮੈਕਸੀਕੋ ਸ਼ਹਿਰ ਦੇ ਐੱਲ ਊਨੀਵਰਸਲ ਅਖ਼ਬਾਰ ਨੇ ਇਸ ਤਰ੍ਹਾਂ ਕਿਹਾ: “ਵੱਖੋ-ਵੱਖਰੇ ਵਰਗਾਂ ਦੇ ਪਾਦਰੀਆਂ ਨੇ ਦੇਖਿਆ ਕਿ [ਐਜ਼ਟੈਕ] ਇੰਡੀਅਨਾਂ ਦੇ ਕੁਝ ਤਿਉਹਾਰ ਉਸੇ ਤਾਰੀਖ਼ ਤੇ ਮਨਾਏ ਜਾਂਦੇ ਸਨ ਜਿਸ ਤੇ ਕੁਝ ਈਸਾਈ ਤਿਉਹਾਰ ਮਨਾਏ ਜਾਂਦੇ ਸਨ। ਇਸ ਤਰ੍ਹਾਂ ਇਨ੍ਹਾਂ ਪਾਦਰੀਆਂ ਨੇ ਇਸ ਗੱਲ ਦਾ ਫ਼ਾਇਦਾ ਉਠਾ ਕੇ ਆਪਣੇ ਪ੍ਰਚਾਰ ਅਤੇ ਮਿਸ਼ਨਰੀ ਕੰਮ ਨੂੰ ਅੱਗੇ ਵਧਾਇਆ। ਉਨ੍ਹਾਂ ਨੇ [ਐਜ਼ਟੈਕ ਲੋਕਾਂ] ਦੇ ਦੇਵਤਿਆਂ ਦੇ ਤਿਉਹਾਰਾਂ ਦੀ ਥਾਂ ਤੇ ਆਪਣੇ ਈਸਾਈ ਦੇਵਤਿਆਂ ਦੇ ਤਿਉਹਾਰ ਮਨਾਉਣੇ ਸ਼ੁਰੂ ਕਰ ਦਿੱਤੇ; ਉਨ੍ਹਾਂ ਨੇ ਯੂਰਪੀ ਤਿਉਹਾਰ ਚਾਲੂ ਕਰ ਕੇ ਇੰਡੀਅਨ ਤਿਉਹਾਰਾਂ ਦਾ ਵੀ ਫ਼ਾਇਦਾ ਉਠਾਇਆ। ਇਸ ਕਰਕੇ ਸਭਿਆਚਾਰਕ ਵਿਸ਼ਵਾਸ ਅਤੇ ਅਭਿਆਸ ਮਿਲ ਗਏ ਜਿਸ ਤੋਂ ਕ੍ਰਿਸਮਸ ਸੰਬੰਧੀ ਮੈਕਸੀਕਨ ਸ਼ਬਦ ਪੈਦਾ ਹੋਏ।”

ਦ ਐਨਸਾਈਕਲੋਪੀਡੀਆ ਅਮੈਰੀਕਾਨਾ ਦੱਸਦਾ ਹੈ ਕਿ “ਮਸੀਹ ਦੇ ਜਨਮ ਦੇ ਨਾਟਕ ਸ਼ੁਰੂ ਵਿਚ ਹੀ ਕ੍ਰਿਸਮਸ ਦਾ ਹਿੱਸਾ ਬਣ ਗਏ . . । ਕਿਹਾ ਜਾਂਦਾ ਹੈ ਕਿ [ਖੁਰਲੀ ਵਿਚ ਪਏ ਹੋਏ ਮਸੀਹ ਦਾ ਸੀਨ] ਸੰਤ ਫ਼ਰਾਂਸਿਸ ਦੁਆਰਾ ਚਰਚ ਵਿਚ ਸ਼ੁਰੂ ਕੀਤਾ ਗਿਆ ਸੀ।” ਲੋਕ ਚਰਚਾਂ ਵਿਚ ਮਸੀਹ ਦੇ ਜਨਮ ਦੇ ਇਹ ਨਾਟਕ ਉਦੋਂ ਤੋਂ ਕਰਦੇ ਆਏ ਹਨ ਜਦੋਂ ਤੋਂ ਉਹ ਦੂਸਰਿਆਂ ਦੇਸ਼ਾਂ ਤੋਂ ਮੈਕਸੀਕੋ ਵਿਚ ਰਹਿਣ ਲਈ ਆਏ। ਇਹ ਨਾਟਕ ਫ਼ਰਾਂਸਿਸਕੀ ਮੱਠਵਾਸੀਆਂ ਦੁਆਰਾ ਸ਼ੁਰੂ ਕੀਤੇ ਗਏ ਸਨ ਜੋ ਮੈਕਸੀਕਨ ਇੰਡੀਅਨਾਂ ਨੂੰ ਮਸੀਹ ਦੇ ਜਨਮ ਬਾਰੇ ਸਿਖਾਉਣਾ ਚਾਹੁੰਦੇ ਸਨ। ਬਾਅਦ ਵਿਚ ਪੋਸਾਡਾ ਦੇ ਤਿਉਹਾਰ ਜ਼ਿਆਦਾ ਮਸ਼ਹੂਰ ਹੋ ਗਏ। ਸ਼ੁਰੂ ਵਿਚ ਇਹ ਭਾਵੇਂ ਚੰਗੇ ਕਾਰਨ ਲਈ ਮਨਾਏ ਜਾਂਦੇ ਸਨ, ਅੱਜ-ਕੱਲ੍ਹ ਉਨ੍ਹਾਂ ਦੇ ਮਨਾਉਣ ਦਾ ਕਾਰਨ ਬਿਲਕੁਲ ਬਦਲ ਗਿਆ ਹੈ। ਜੇ ਤੁਸੀਂ ਇਸ ਸਮੇਂ ਦੌਰਾਨ ਮੈਕਸੀਕੋ ਵਿਚ ਹੋ ਤਾਂ ਤੁਸੀਂ ਅਜਿਹਾ ਕੁਝ ਦੇਖੋਗੇ ਜਿਸ ਬਾਰੇ ਐੱਲ ਊਨੀਵਰਸਲ ਅਖ਼ਬਾਰ ਦੇ ਇਕ ਲੇਖਕ ਨੇ ਕਿਹਾ ਸੀ: “ਪੋਸਾਡਾ ਦਾ ਤਿਉਹਾਰ ਉਸ ਸਮੇਂ ਦੀ ਯਾਦ ਦਿਲਾਉਣ ਲਈ ਮਨਾਇਆ ਜਾਂਦਾ ਸੀ ਜਦੋਂ ਯਿਸੂ ਦੇ ਮਾਪੇ ਇਕ ਟਿਕਾਣਾ ਲੱਭ ਰਹੇ ਸਨ ਤਾਂਕਿ ਬਾਲ ਈਸ਼ਵਰ ਜਨਮ ਲੈ ਸਕਦਾ ਸੀ। ਪਰ ਅੱਜ-ਕੱਲ੍ਹ ਲੋਕ ਨਸ਼ੇਬਾਜ਼ੀ, ਖਾਣ-ਪੀਣ, ਅਤੇ ਹੋਰ ਬੇਕਾਰ ਕੰਮਾਂ ਵਿਚ ਹੱਦ ਕਰ ਦਿੰਦੇ ਹਨ, ਅਤੇ ਅਪਰਾਧ ਹੋਰ ਵੀ ਵੱਧਦਾ ਜਾਂਦਾ ਹੈ।”

ਨਾਸੀਮੀਏਂਟੋ (ਯਿਸੂ ਦੇ ਜਨਮ ਦਾ ਸੀਨ), ਪਹਿਲਾਂ ਚਰਚਾਂ ਵਿਚ ਕੀਤੇ ਜਾਂਦੇ ਨਾਟਕਾਂ ਤੋਂ ਸ਼ੁਰੂ ਹੋਇਆ ਸੀ ਜਦੋਂ ਲੋਕ ਬਾਹਰਲਿਆਂ ਦੇਸ਼ਾਂ ਤੋਂ ਮੈਕਸੀਕੋ ਵਿਚ ਵੱਸਣ ਆਏ ਸਨ। ਕਈ ਲੋਕ ਸ਼ਾਇਦ ਇਸ ਨੂੰ ਪਸੰਦ ਕਰਦੇ ਹਨ, ਪਰ ਕੀ ਇਹ ਬਾਈਬਲ ਦੀਆਂ ਗੱਲਾਂ ਨਾਲ ਮੇਲ ਖਾਂਦਾ ਹੈ? ਇਹ ਇਕ ਜ਼ਰੂਰੀ ਸਵਾਲ ਹੈ। ਜਦੋਂ “ਤਿੰਨ ਜੋਤਸ਼ੀ” ਯਿਸੂ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਆਏ, ਤਾਂ ਉਹ ਉਸ ਸਮੇਂ ਪਸ਼ੂਵਾੜੇ ਵਿਚ ਨਹੀਂ ਰਹਿ ਰਹੇ ਸਨ। ਕੁਝ ਸਮਾਂ ਬੀਤ ਚੁੱਕਾ ਸੀ ਅਤੇ ਉਹ ਇਕ ਘਰ ਵਿਚ ਰਹਿ ਰਹੇ ਸਨ। ਤੁਸੀਂ ਇਹ ਗੱਲ ਮੱਤੀ 2:1, 11 ਵਿਚ ਪੜ੍ਹ ਸਕਦੇ ਹੋ। ਇਹ ਵੀ ਨੋਟ ਕਰੋ ਕਿ ਬਾਈਬਲ ਇਹ ਨਹੀਂ ਦੱਸਦੀ ਕਿ ਉੱਥੇ ਕਿੰਨੇ ਜੋਤਸ਼ੀ ਸਨ। *

ਲਾਤੀਨੀ-ਅਮਰੀਕਾ ਵਿਚ ਕ੍ਰਿਸਮਸ ਬਾਬੇ ਦੀ ਥਾਂ ਤੇ ਇਹ ਤਿੰਨ ਜੋਤਸ਼ੀ ਹੁੰਦੇ ਹਨ। ਪਰ ਫਿਰ ਵੀ ਮਾਪੇ ਹੀ ਆਪਣੇ ਬੱਚਿਆਂ ਲਈ ਘਰ ਵਿਚ ਥਾਂ-ਥਾਂ ਖਿਡੌਣੇ ਲੁਕੋ ਕੇ ਰੱਖਦੇ ਹਨ, ਜਿਵੇਂ ਦੂਸਰਿਆਂ ਦੇਸ਼ਾਂ ਵਿਚ ਵੀ ਕੀਤਾ ਜਾਂਦਾ ਹੈ। ਫਿਰ 6 ਜਨਵਰੀ ਦੀ ਸਵੇਰ ਤੇ ਬੱਚੇ ਖਿਡੌਣੇ ਲੱਭਦੇ ਹਨ ਅਤੇ ਸਮਝਦੇ ਹਨ ਕਿ ਤਿੰਨ ਜੋਤਸ਼ੀ ਹੀ ਇਨ੍ਹਾਂ ਨੂੰ ਛੱਡ ਕੇ ਗਏ ਸਨ। ਭਾਵੇਂ ਕਿ ਕਈ ਨੇਕਦਿਲ ਲੋਕ ਇਸ ਨੂੰ ਸਿਰਫ਼ ਇਕ ਰੀਤ ਹੀ ਸਮਝਦੇ ਹਨ, ਖਿਡੌਣੇ ਵੇਚਣ ਵਾਲਿਆਂ ਲਈ ਇਹ ਪੈਸੇ ਬਣਾਉਣ ਦਾ ਸਮਾਂ ਹੁੰਦਾ ਹੈ, ਅਤੇ ਕਈਆਂ ਨੇ ਇਸ ਤੋਂ ਢੇਰ ਸਾਰਾ ਪੈਸਾ ਬਣਾਇਆ ਹੈ। ਕਈ ਲੋਕ, ਅਤੇ ਛੋਟੇ ਬੱਚੇ ਵੀ, ਤਿੰਨ ਜੋਤਸ਼ੀਆਂ ਦੀ ਗੱਲ ਨੂੰ ਸਿਰਫ਼ ਇਕ ਕਹਾਣੀ ਹੀ ਸਮਝਦੇ ਹਨ। ਕੁਝ ਲੋਕ ਨਾਰਾਜ਼ ਹਨ ਕਿ ਇਸ ਪੁਰਾਣੀ ਕਥਾ ਵਿਚ ਵਿਸ਼ਵਾਸ ਘੱਟ ਰਿਹਾ ਹੈ। ਪਰ ਅਸਲ ਵਿਚ ਲੱਗਦਾ ਹੈ ਕਿ ਇਹ ਸਿਰਫ਼ ਇਕ ਅਜਿਹੀ ਕਹਾਣੀ ਹੈ ਜੋ ਰੀਤ-ਰਿਵਾਜ ਅਤੇ ਪੈਸੇ ਬਣਾਉਣ ਲਈ ਜਾਰੀ ਰੱਖੀ ਜਾਂਦੀ ਹੈ।

ਕ੍ਰਿਸਮਸ, ਜਾਂ ਮਸੀਹ ਦੇ ਜਨਮ ਦਾ ਤਿਉਹਾਰ ਪਹਿਲੇ ਮਸੀਹੀਆਂ ਦੁਆਰਾ ਨਹੀਂ ਮਨਾਇਆ ਜਾਂਦਾ ਸੀ। ਇਸ ਬਾਰੇ ਇਕ ਐਨਸਾਈਕਲੋਪੀਡੀਆ ਦਸਦਾ ਹੈ ਕਿ “ਮਸੀਹੀ ਚਰਚ ਦੀਆਂ ਪਹਿਲੀਆਂ ਕੁਝ ਸਦੀਆਂ ਵਿਚ ਇਹ ਤਿਉਹਾਰ ਨਹੀਂ ਮਨਾਇਆ ਜਾਂਦਾ ਸੀ। ਆਮ ਕਰਕੇ ਮਸੀਹੀ ਉੱਘੇ ਲੋਕਾਂ ਦਾ ਜਨਮ ਦਿਨ ਮਨਾਉਣ ਦੀ ਬਜਾਇ ਉਨ੍ਹਾਂ ਦੀ ਮੌਤ ਦੀ ਯਾਦਗਾਰੀ ਰੱਖਦੇ ਹੁੰਦੇ ਸਨ।” ਬਾਈਬਲ ਤੋਂ ਪਤਾ ਲੱਗਦਾ ਹੈ ਕਿ ਜਨਮ ਦਿਨ ਦੇ ਤਿਉਹਾਰ ਪਰਮੇਸ਼ੁਰ ਦੇ ਸੱਚੇ ਉਪਾਸਕਾਂ ਦੁਆਰਾ ਨਹੀਂ ਸਗੋਂ ਗ਼ੈਰ-ਯਹੂਦੀਆਂ ਦੁਆਰਾ ਹੀ ਮਨਾਏ ਜਾਂਦੇ ਸਨ।—ਮੱਤੀ 14:6-10.

ਲੇਕਿਨ ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਪਰਮੇਸ਼ੁਰ ਦੇ ਪੁੱਤਰ ਦੇ ਜਨਮ ਸੰਬੰਧੀ ਗੱਲਾਂ ਬਾਰੇ ਸਿੱਖਣ ਜਾਂ ਇਨ੍ਹਾਂ ਗੱਲਾਂ ਨੂੰ ਯਾਦ ਰੱਖਣ ਦਾ ਕੋਈ ਫ਼ਾਇਦਾ ਨਹੀਂ। ਬਾਈਬਲ ਵਿਚ ਸਾਨੂੰ ਹਕੀਕਤ ਦੱਸੀ ਜਾਂਦੀ ਹੈ ਅਤੇ ਜਿਹੜੇ ਵੀ ਲੋਕ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਤੋਂ ਜ਼ਰੂਰੀ ਗਿਆਨ ਅਤੇ ਸਬਕ ਮਿਲ ਸਕਦੇ ਹਨ।

ਬਾਈਬਲ ਦੇ ਮੁਤਾਬਕ ਯਿਸੂ ਦਾ ਜਨਮ

ਤੁਸੀਂ ਮੱਤੀ ਅਤੇ ਲੂਕਾ ਦੀਆਂ ਇੰਜੀਲਾਂ ਵਿਚ ਯਿਸੂ ਦੇ ਜਨਮ ਬਾਰੇ ਭਰੋਸੇਯੋਗ ਜਾਣਕਾਰੀ ਪਾ ਸਕਦੇ ਹੋ। ਇਨ੍ਹਾਂ ਬਿਰਤਾਂਤਾਂ ਵਿਚ ਸਾਨੂੰ ਦੱਸਿਆ ਗਿਆ ਹੈ ਕਿ ਜਿਬਰਾਏਲ ਨਾਂ ਦਾ ਦੂਤ ਇਕ ਕੁਆਰੀ ਲੜਕੀ ਨੂੰ ਮਿਲਣ ਗਿਆ। ਗਲੀਲ ਦੇ ਇਲਾਕੇ ਵਿਚ ਨਾਸਰਤ ਪਿੰਡ ਦੀ ਰਹਿਣ ਵਾਲੀ ਇਸ ਲੜਕੀ ਦਾ ਨਾਂ ਮਰਿਯਮ ਸੀ। ਦੂਤ ਨੇ ਉਸ ਨੂੰ ਕੀ ਕਿਹਾ? “ਵੇਖ ਤੂੰ ਗਰਭਵੰਤੀ ਹੋਵੇਂਗੀ ਅਰ ਪੁੱਤ੍ਰ ਜਣੇਂਗੀ ਅਤੇ ਉਹ ਦਾ ਨਾਮ ਯਿਸੂ ਰੱਖਣਾ। ਉਹ ਮਹਾਨ ਹੋਵੇਗਾ, ਅਤੇ ਅੱਤ ਮਹਾਨ ਦਾ ਪੁੱਤ੍ਰ ਸਦਾਵੇਗਾ, ਅਤੇ ਪ੍ਰਭੁ ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ। ਉਹ ਜੁੱਗੋ ਜੁੱਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ, ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।”—ਲੂਕਾ 1:31-33.

ਮਰਿਯਮ ਇਸ ਸੁਨੇਹੇ ਨੂੰ ਸੁਣ ਕੇ ਬੜੀ ਹੈਰਾਨ ਹੋਈ। ਉਹ ਵਿਆਹੀ ਨਹੀਂ ਸੀ, ਇਸ ਲਈ ਉਸ ਨੇ ਕਿਹਾ: “ਇਹ ਕਿੱਕੁਰ ਹੋਵੇਗਾ ਜਦ ਮੈਂ ਪੁਰਸ਼ ਨੂੰ ਨਹੀਂ ਜਾਣਦੀ।” ਦੂਤ ਨੇ ਜਵਾਬ ਦਿੱਤਾ ਕਿ “ਪਵਿੱਤ੍ਰ ਆਤਮਾ ਤੇਰੇ ਉੱਪਰ ਆਵੇਗਾ ਅਰ ਅੱਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤ੍ਰ ਅਤੇ ਪਰਮੇਸ਼ੁਰ ਦਾ ਪੁੱਤ੍ਰ ਕਹਾਵੇਗਾ।” ਮਰਿਯਮ ਨੂੰ ਪਤਾ ਲੱਗ ਗਿਆ ਕਿ ਇਹ ਪਰਮੇਸ਼ੁਰ ਦੀ ਮਰਜ਼ੀ ਸੀ ਅਤੇ ਉਸ ਨੇ ਕਿਹਾ: “ਵੇਖ ਮੈਂ ਪ੍ਰਭੁ ਦੀ ਬਾਂਦੀ ਹਾਂ, ਮੇਰੇ ਨਾਲ ਤੇਰੇ ਆਖੇ ਅਨੁਸਾਰ ਹੋਵੇ।”—ਲੂਕਾ 1:34-38.

ਜਦੋਂ ਯੂਸੁਫ਼ ਨੂੰ ਪਤਾ ਚਲਿਆ ਕਿ ਮਰਿਯਮ ਗਰਭਵਤੀ ਸੀ ਤਾਂ ਉਸ ਨੇ ਮੰਗਣੀ ਤੋੜਨ ਦਾ ਫ਼ੈਸਲਾ ਕਰ ਲਿਆ ਸੀ, ਪਰ ਇਕ ਦੂਤ ਨੇ ਯੂਸੁਫ਼ ਨੂੰ ਇਸ ਚਮਤਕਾਰੀ ਜਨਮ ਬਾਰੇ ਦੱਸਿਆ ਤਾਂਕਿ ਉਹ ਇਸ ਤਰ੍ਹਾਂ ਨਾ ਕਰੇ। ਇਸ ਤੋਂ ਬਾਅਦ ਉਹ ਪਰਮੇਸ਼ੁਰ ਦੇ ਪੁੱਤਰ ਦੀ ਦੇਖ-ਭਾਲ ਕਰਨ ਦੀ ਵੱਡੀ ਜ਼ਿੰਮੇਵਾਰੀ ਸੰਭਾਲਣ ਲਈ ਰਾਜ਼ੀ ਹੋ ਗਿਆ।—ਮੱਤੀ 1:18-25.

ਕੁਝ ਸਮੇਂ ਬਾਅਦ ਕੈਸਰ ਅਗਸਟਸ ਨੇ ਸਾਰਿਆਂ ਦੇ ਨਾਂ ਰਜਿਸਟਰ ਕਰਾਉਣ ਦਾ ਇਕ ਹੁਕਮ ਦਿੱਤਾ। ਇਸ ਕਰਕੇ ਯੂਸੁਫ਼ ਅਤੇ ਮਰਿਯਮ ਨੂੰ ਗਲੀਲ ਦੇ ਨਾਸਰਤ ਤੋਂ ਯਹੂਦਿਯਾ ਵਿਚ ਬੈਤਲਹਮ ਨੂੰ ਜਾਣਾ ਪਿਆ ਜੋ ਕਿ ਉਨ੍ਹਾਂ ਦੇ ਪੜਦਾਦਿਆਂ ਦਾ ਸ਼ਹਿਰ ਸੀ। “ਉਨ੍ਹਾਂ ਦੇ ਉੱਥੇ ਹੁੰਦਿਆਂ ਮਰਿਯਮ ਦੇ ਜਣਨੇ ਦੇ ਦਿਨ ਪੂਰੇ ਹੋ ਗਏ ਅਤੇ ਉਹ ਆਪਣਾ ਜੇਠਾ ਪੁੱਤ੍ਰ ਜਣੀ ਅਰ ਉਹ ਨੂੰ ਕੱਪੜੇ ਵਿੱਚ ਵਲ੍ਹੇਟ ਕੇ ਖੁਰਲੀ ਵਿੱਚ ਰੱਖਿਆ ਕਿਉਂ ਜੋ ਉਨ੍ਹਾਂ ਨੂੰ ਸਰਾਂ ਵਿੱਚ ਥਾਂ ਨਾ ਮਿਲਿਆ।”—ਲੂਕਾ 2:1-7.

ਲੂਕਾ 2:8-14 ਵਿਚ ਸਾਨੂੰ ਦੱਸਿਆ ਗਿਆ ਹੈ ਕਿ ਅੱਗੇ ਕੀ ਹੋਇਆ: “ਉਸ ਦੇਸ ਵਿੱਚ ਅਯਾਲੀ ਸਨ ਜੋ ਰੜ ਵਿੱਚ ਰਹਿੰਦੇ ਅਤੇ ਰਾਤ ਨੂੰ ਆਪਣੇ ਇੱਜੜ ਦੀ ਰਾਖੀ ਕਰਦੇ ਸਨ। ਪ੍ਰਭੁ ਦਾ ਇੱਕ ਦੂਤ ਉਨ੍ਹਾਂ ਦੇ ਕੋਲ ਆ ਖਲੋਤਾ ਅਤੇ ਪ੍ਰਭੁ ਦਾ ਤੇਜ ਉਨ੍ਹਾਂ ਦੇ ਚੁਫੇਰੇ ਚਮਕਿਆ ਅਤੇ ਓਹ ਬਹੁਤ ਹੀ ਡਰ ਗਏ। ਤਦ ਦੂਤ ਨੇ ਉਨ੍ਹਾਂ ਨੂੰ ਆਖਿਆ, ਨਾ ਡਰੋ ਕਿਉਂਕਿ ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਪਰਜਾ ਦੇ ਲਈ ਹੋਵੇਗੀ। ਭਈ ਦਾਊਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ, ਜਿਹੜਾ ਮਸੀਹ ਪ੍ਰਭੁ ਹੈ। ਅਤੇ ਤੁਹਾਡੇ ਲਈ ਇਹ ਪਤਾ ਹੈ ਕਿ ਤੁਸੀਂ ਇੱਕ ਬਾਲਕ ਨੂੰ ਕੱਪੜੇ ਵਿੱਚ ਵਲ੍ਹੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਵੇਖੋਗੇ ਤਾਂ ਇੱਕ ਦਮ ਸੁਰਗ ਦੀ ਫ਼ੌਜ ਦਾ ਇੱਕ ਜੱਥਾ ਉਸ ਦੂਤ ਦੇ ਨਾਲ ਹੋਕੇ ਪਰਮੇਸ਼ੁਰ ਦੀ ਉਸਤਤ ਕਰਦਾ ਅਤੇ ਇਹ ਕਹਿੰਦਾ ਸੀ—ਪਰਮਧਾਮ ਵਿੱਚ ਪਰਮੇਸ਼ੁਰ ਦੀ ਵਡਿਆਈ, ਅਤੇ ਧਰਤੀ ਉੱਤੇ ਸ਼ਾਂਤੀ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨਾਲ ਉਹ ਪਰਸਿੰਨ ਹੈ।”

ਜੋਤਸ਼ੀ

ਮੱਤੀ ਦੇ ਬਿਰਤਾਂਤ ਵਿਚ ਇਹ ਦੱਸਿਆ ਗਿਆ ਹੈ ਕਿ ਪੂਰਬ ਵੱਲੋਂ ਜੋਤਸ਼ੀ ਯਰੂਸ਼ਲਮ ਨੂੰ ਆ ਕੇ ਉਹ ਜਗ੍ਹਾ ਲੱਭ ਰਹੇ ਸਨ ਜਿੱਥੇ ਯਹੂਦੀਆਂ ਦੇ ਰਾਜੇ ਦਾ ਜਨਮ ਹੋਇਆ ਸੀ। ਰਾਜਾ ਹੇਰੋਦੇਸ ਨੂੰ ਇਸ ਗੱਲ ਵਿਚ ਬਹੁਤ ਦਿਲਚਸਪੀ ਸੀ, ਪਰ ਉਸ ਦੇ ਇਰਾਦੇ ਨੇਕ ਨਹੀਂ ਸਨ। “ਉਸ ਨੇ ਉਨ੍ਹਾਂ ਨੂੰ ਬੈਤਲਹਮ ਵੱਲ ਇਹ ਕਹਿ ਕੇ ਘੱਲਿਆ ਭਈ ਜਾਓ ਜਤਨ ਨਾਲ ਉਸ ਬਾਲਕ ਦੀ ਭਾਲ ਕਰੋ ਅਰ ਜਦ ਉਹ ਲੱਭ ਪਵੇ ਤਦ ਮੁੜ ਮੈਨੂੰ ਖ਼ਬਰ ਦਿਓ ਤਾਂ ਮੈਂ ਭੀ ਜਾ ਕੇ ਉਹ ਨੂੰ ਮੱਥਾ ਟੇਕਾਂ।” ਜਦੋਂ ਜੋਤਸ਼ੀਆਂ ਨੂੰ ਛੋਟਾ ਬੱਚਾ ਲੱਭ ਪਿਆ ਤਾਂ ਉਨ੍ਹਾਂ ਨੇ “ਆਪਣੀਆਂ ਥੈਲੀਆਂ ਖੋਲ੍ਹ ਕੇ ਸੋਨਾ ਅਤੇ ਲੁਬਾਣ ਅਤੇ ਗੰਧਰਸ ਉਹ ਦੀ ਭੇਟ ਕੀਤੀ।” ਪਰ ਉਹ ਹੇਰੋਦੇਸ ਕੋਲ ਵਾਪਸ ਨਹੀਂ ਗਏ ਕਿਉਂਕਿ “ਸੁਫਨੇ ਵਿੱਚ ਖ਼ਬਰ ਪਾ ਕੇ ਜੋ ਹੇਰੋਦੇਸ ਦੇ ਕੋਲ ਫੇਰ ਨਾ ਜਾਣ ਓਹ ਹੋਰ ਰਸਤੇ ਆਪਣੇ ਦੇਸ ਨੂੰ ਮੁੜ ਗਏ।” ਯਹੋਵਾਹ ਨੇ ਇਕ ਦੂਤ ਘੱਲ ਕੇ ਯੂਸੁਫ਼ ਨੂੰ ਹੇਰੋਦੇਸ ਦੇ ਇਰਾਦਿਆਂ ਬਾਰੇ ਚੇਤਾਵਨੀ ਦਿੱਤੀ। ਯੂਸੁਫ਼ ਅਤੇ ਮਰਿਯਮ ਆਪਣੇ ਮੁੰਡੇ ਨੂੰ ਲੈ ਕੇ ਮਿਸਰ ਨੂੰ ਭੱਜ ਗਏ। ਇਸ ਤੋਂ ਬਾਅਦ, ਇਸ ਨਵੇਂ ਰਾਜੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿਚ ਰਾਜਾ ਹੇਰੋਦੇਸ ਨੇ ਬੈਤਲਹਮ ਦੇ ਇਲਾਕੇ ਵਿਚ ਸਾਰਿਆਂ ਮੁੰਡਿਆਂ ਦਾ ਕਤਲ ਕਰਨ ਦਾ ਹੁਕਮ ਦਿੱਤਾ। ਕਿਹੜੇ ਮੁੰਡੇ? ਜਿਹੜੇ ਦੋ ਸਾਲਾਂ ਦੇ ਅਤੇ ਇਸ ਤੋਂ ਛੋਟੇ ਸਨ।—ਮੱਤੀ 2:1-16.

ਅਸੀਂ ਇਸ ਬਿਰਤਾਂਤ ਤੋਂ ਕੀ ਸਿੱਖ ਸਕਦੇ ਹਾਂ?

ਜਿੰਨੇ ਵੀ ਜੋਤਸ਼ੀ ਯਿਸੂ ਨੂੰ ਮਿਲਣ ਆਏ ਸਨ, ਉਹ ਪਰਮੇਸ਼ੁਰ ਦੇ ਭਗਤ ਨਹੀਂ ਸਨ। ਲਾਤੀਨੀ-ਅਮਰੀਕਾ ਦੀ ਇਕ ਬਾਈਬਲ (ਲਾ ਨੁਏਵਾ ਬਿਬਲੀਆ ਲਾਟੀਨੋਅਮੇਰੀਕਾ [1989 ਸੰਸਕਰਣ]) ਦੇ ਫੁਟਨੋਟ ਵਿਚ ਇਹ ਲਿਖਿਆ ਗਿਆ ਹੈ ਕਿ “ਇਹ ਜਾਦੂਗਰ ਰਾਜੇ ਨਹੀਂ ਸਨ, ਪਰ ਇਹ ਜੋਤਸ਼ੀ ਅਤੇ ਗ਼ੈਰ-ਯਹੂਦੀ ਧਰਮ ਦੇ ਪਾਦਰੀ ਸਨ।” ਉਹ ਤਾਰਿਆਂ ਤੋਂ ਕੱਢੇ ਗਏ ਆਪਣੇ ਸਿੱਟਿਆਂ ਦੇ ਕਾਰਨ ਆਏ ਸਨ। ਜੇਕਰ ਪਰਮੇਸ਼ੁਰ ਉਨ੍ਹਾਂ ਨੂੰ ਇਸ ਬੱਚੇ ਕੋਲ ਲੈ ਕੇ ਜਾਣਾ ਚਾਹੁੰਦਾ ਸੀ ਤਾਂ ਉਹ ਉਨ੍ਹਾਂ ਨੂੰ ਸਹੀ ਜਗ੍ਹਾ ਤੇ ਪਹੁੰਚਾ ਸਕਦਾ ਸੀ, ਉਨ੍ਹਾਂ ਨੂੰ ਯਰੂਸ਼ਲਮ ਵਿਚ ਰਹਿੰਦੇ ਹੇਰੋਦੇਸ ਦੇ ਮਹਿਲ ਨੂੰ ਜਾਣ ਦੀ ਕੋਈ ਲੋੜ ਨਹੀਂ ਹੋਣੀ ਸੀ। ਬਾਅਦ ਵਿਚ, ਪਰਮੇਸ਼ੁਰ ਨੇ ਬੱਚੇ ਦੀ ਰੱਖਿਆ ਕਰਨ ਲਈ ਉਨ੍ਹਾਂ ਨੂੰ ਹੋਰ ਰਾਸਤੇ ਤੋਂ ਵਾਪਸ ਘੱਲ ਦਿੱਤਾ ਸੀ।

ਕ੍ਰਿਸਮਸ ਦੇ ਸਮੇਂ ਤੇ ਇਸ ਬਿਰਤਾਂਤ ਨੂੰ ਇਕ ਕਲਪਿਤ, ਪਿਆਰ-ਭਰੀ ਕਹਾਣੀ ਵਜੋਂ ਸੁਣਾਇਆ ਜਾਂਦਾ ਹੈ ਪਰ ਸਭ ਤੋਂ ਜ਼ਰੂਰੀ ਗੱਲ ਉੱਤੇ ਨਹੀਂ ਜ਼ੋਰ ਦਿੱਤਾ ਜਾਂਦਾ। ਇਸ ਬੱਚੇ ਨੇ ਇਕ ਮਹਾਨ ਰਾਜਾ ਬਣਨ ਲਈ ਜਨਮ ਲਿਆ ਸੀ ਜਿਵੇਂ ਕਿ ਮਰਿਯਮ ਅਤੇ ਚਰਵਾਹਿਆਂ ਨੂੰ ਦੱਸਿਆ ਗਿਆ ਸੀ। ਜੀ ਹਾਂ, ਯਿਸੂ ਹੁਣ ਇਕ ਬੱਚਾ ਨਹੀਂ ਹੈ। ਉਹ ਪਰਮੇਸ਼ੁਰ ਦੇ ਰਾਜ ਦਾ ਰਾਜਾ ਹੈ ਅਤੇ ਇਹ ਰਾਜ ਬਹੁਤ ਜਲਦ ਪਰਮੇਸ਼ੁਰ ਦੀ ਮਰਜ਼ੀ ਦਾ ਵਿਰੋਧ ਕਰਨ ਵਾਲੀਆਂ ਸਾਰੀਆਂ ਸਰਕਾਰਾਂ ਨੂੰ ਖ਼ਤਮ ਕਰ ਦੇਵੇਗਾ, ਅਤੇ ਇਨਸਾਨਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਦੇਵੇਗਾ। ਅਸੀਂ ਪ੍ਰਭੂ ਦੀ ਪ੍ਰਾਰਥਨਾ ਵਿਚ ਇਸੇ ਰਾਜ ਦੀ ਮੰਗ ਕਰਦੇ ਹਾਂ।—ਦਾਨੀਏਲ 2:44; ਮੱਤੀ 6:9, 10.

ਚਰਵਾਹਿਆਂ ਨੂੰ ਦੂਤਾਂ ਦੁਆਰਾ ਦਿੱਤੇ ਗਏ ਸੁਨੇਹੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੇ ਵੀ ਲੋਕ ਖ਼ੁਸ਼-ਖ਼ਬਰੀ ਸੁਣਨ ਲਈ ਤਿਆਰ ਹਨ ਉਨ੍ਹਾਂ ਸਾਰਿਆਂ ਨੂੰ ਮੁਕਤੀ ਮਿਲ ਸਕਦੀ ਹੈ। ਪਰਮੇਸ਼ੁਰ ਉਨ੍ਹਾਂ ਲੋਕਾਂ ਨਾਲ “ਪਰਸਿੰਨ” ਹੈ। ਯਿਸੂ ਮਸੀਹ ਦੇ ਰਾਜ ਦੇ ਅਧੀਨ ਪੂਰੀ ਦੁਨੀਆਂ ਵਿਚ ਸ਼ਾਂਤੀ ਹੋਣ ਦੀ ਉਮੀਦ ਹੈ ਅਤੇ ਜਿਹੜੇ ਲੋਕ ਪਰਮੇਸ਼ੁਰ ਦੀ ਮਰਜ਼ੀ ਕਰਨ ਲਈ ਰਾਜ਼ੀ ਹਨ ਉਨ੍ਹਾਂ ਨੂੰ ਬਰਕਤਾਂ ਮਿਲ ਸਕਦੀਆਂ ਹਨ। ਕੀ ਕ੍ਰਿਸਮਸ ਦਾ ਤਿਉਹਾਰ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਵਿਚ ਮਦਦ ਕਰਦਾ ਹੈ? ਕੀ ਕ੍ਰਿਸਮਸ ਦੇ ਸਮੇਂ ਲੋਕ ਇਸ ਤਰ੍ਹਾਂ ਕਰਨਾ ਚਾਹੁੰਦੇ ਹਨ? ਕਈ ਲੋਕ ਜੋ ਬਾਈਬਲ ਅਨੁਸਾਰ ਚੱਲਣਾ ਚਾਹੁੰਦੇ ਹਨ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਦੇ ਹਨ।—ਲੂਕਾ 2:10, 11, 14.

[ਫੁਟਨੋਟ]

^ ਪੈਰਾ 13 ਸਾਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਮੈਕਸੀਕੋ ਦੇ ਮਸੀਹ ਦੇ ਜਨਮ ਸੀਨ ਵਿਚ ਬੱਚੇ ਨੂੰ “ਬਾਲ ਈਸ਼ਵਰ” ਕਿਹਾ ਜਾਂਦਾ ਹੈ ਜਿਸ ਦਾ ਮਹਿਨਾ ਹੈ ਕਿ ਪਰਮੇਸ਼ੁਰ ਖ਼ੁਦ ਇਕ ਬੱਚਾ ਬਣ ਕੇ ਧਰਤੀ ਤੇ ਆਇਆ ਸੀ। ਲੇਕਿਨ, ਬਾਈਬਲ ਦਿਖਾਉਂਦੀ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਸੀ ਜਿਸ ਨੇ ਧਰਤੀ ਉੱਤੇ ਜਨਮ ਲਿਆ ਸੀ; ਨਾ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਸੀ ਅਤੇ ਨਾ ਹੀ ਉਹ ਉਸ ਦੇ ਬਰਾਬਰ ਸੀ। ਤੁਸੀਂ ਇਸ ਗੱਲ ਦੀ ਸੱਚਾਈ ਬਾਰੇ ਅਗਲੀਆਂ ਆਇਤਾਂ ਪੜ੍ਹ ਸਕਦੇ ਹੋ: ਲੂਕਾ 1:35; ਯੂਹੰਨਾ 3:16; 5:37; 14:1, 6, 9, 28; 17:1, 3; 20:17.

[ਸਫ਼ੇ 4 ਉੱਤੇ ਡੱਬੀ]

ਕੁਝ ਲੋਕ ਹੈਰਾਨ ਹੋਣਗੇ

ਕ੍ਰਿਸਮਸ ਦੀ ਸਮੱਸਿਆ (ਅੰਗ੍ਰੇਜ਼ੀ) ਨਾਂ ਦੀ ਆਪਣੀ ਪੁਸਤਕ ਵਿਚ ਟੌਮ ਫਲਿਨ ਨੇ ਕਈਆਂ ਸਾਲਾਂ ਦੀ ਰਿਸਰਚ ਤੋਂ ਬਾਅਦ ਇਹ ਸਿੱਟੇ ਕੱਢੇ:

“ਬਹੁਤ ਸਾਰੇ ਰੀਤ-ਰਿਵਾਜ ਜਿਨ੍ਹਾਂ ਨੂੰ ਅਸੀਂ ਕ੍ਰਿਸਮਸ ਦਾ ਹਿੱਸਾ ਸਮਝਦੇ ਹਾਂ ਅਸਲ ਵਿਚ ਮਸੀਹ ਤੋਂ ਪਹਿਲਾਂ ਝੂਠਿਆਂ ਧਰਮਾਂ ਦੀਆਂ ਰੀਤਾਂ ਤੋਂ ਆਏ ਹਨ। ਇਨ੍ਹਾਂ ਵਿੱਚੋਂ ਕਈ ਰੀਤਾਂ ਸਮਾਜਕ, ਲਿੰਗਕ, ਜਾਂ ਖਗੋਲ-ਵਿਗਿਆਨਕ ਗੱਲਾਂ ਤੇ ਆਧਾਰਿਤ ਹਨ। ਇਸ ਕਰਕੇ ਅੱਜ-ਕੱਲ੍ਹ ਦੇ ਲੋਕ ਸ਼ਾਇਦ ਇਨ੍ਹਾਂ ਰੀਤਾਂ ਨੂੰ ਰੱਦ ਕਰ ਦੇਣ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਕਿ ਇਹ ਕਿੱਥੋਂ ਆਈਆਂ ਸਨ।”—ਸਫ਼ਾ 19.

ਬਹੁਤ ਸਾਰੀ ਜਾਣਕਾਰੀ ਪੇਸ਼ ਕਰਨ ਤੋਂ ਬਾਅਦ, ਫਲਿਨ ਇੱਕੋ ਸਿੱਟੇ ਤੇ ਪਹੁੰਚਿਆ: “ਕ੍ਰਿਸਮਸ ਬਾਰੇ ਸਭ ਤੋਂ ਅਜੀਬ ਗੱਲ ਇਹ ਹੈ ਕਿ ਇਸ ਵਿਚ ਮਸੀਹ ਸੰਬੰਧੀ ਗੱਲਾਂ ਬਹੁਤ ਘੱਟ ਪਾਈਆਂ ਜਾਂਦੀਆਂ ਹਨ। ਜਦੋਂ ਅਸੀਂ ਮਸੀਹ ਤੋਂ ਪਹਿਲਾਂ ਦੀਆਂ ਰੀਤਾਂ ਨੂੰ ਇਕ ਪਾਸੇ ਰੱਖਦੇ ਹਾਂ, ਤਾਂ ਬਾਕੀ ਰਹਿੰਦੀਆਂ ਰੀਤਾਂ ਮਸੀਹੀ ਹੋਣ ਦੀ ਬਜਾਇ ਗ਼ੈਰ-ਮਸੀਹੀ ਹਨ।”—ਸਫ਼ਾ 155.

[ਸਫ਼ੇ 7 ਉੱਤੇ ਤਸਵੀਰ]

ਯਿਸੂ ਦੇ ਜਨਮ ਦੀ ਘੋਸ਼ਣਾ ਨੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਉਹ ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਵਜੋਂ ਭਵਿੱਖ ਵਿਚ ਕੀ ਕਰੇਗਾ