Skip to content

Skip to table of contents

ਚੀਆਪਾਸ ਦੇ ਪਹਾੜੀ ਇਲਾਕੇ ਵਿਚ ਸ਼ਾਂਤੀ ਦੀ ਖ਼ੁਸ਼ ਖ਼ਬਰੀ ਪਹੁੰਚਦੀ ਹੈ

ਚੀਆਪਾਸ ਦੇ ਪਹਾੜੀ ਇਲਾਕੇ ਵਿਚ ਸ਼ਾਂਤੀ ਦੀ ਖ਼ੁਸ਼ ਖ਼ਬਰੀ ਪਹੁੰਚਦੀ ਹੈ

ਚੀਆਪਾਸ ਦੇ ਪਹਾੜੀ ਇਲਾਕੇ ਵਿਚ ਸ਼ਾਂਤੀ ਦੀ ਖ਼ੁਸ਼ ਖ਼ਬਰੀ ਪਹੁੰਚਦੀ ਹੈ

“ਚੀਆਪਾਸ ਰਾਜ ਵਿਚ ਹਥਿਆਰਬੰਦ ਆਦਮੀਆਂ ਦੀ ਇਕ ਟੋਲੀ ਨੇ . . . 45 ਪੇਂਡੂਆਂ ਦਾ ਖ਼ੂਨ ਕਰ ਦਿੱਤਾ ਹੈ, ਜਿਨ੍ਹਾਂ ਵਿਚ 13 ਨਿਆਣੇ ਵੀ ਸਨ। ਲੋਕਾਂ ਨੇ ਅਜਿਹਾ ਡਾਢਾ ਖ਼ੂਨ-ਖ਼ਰਾਬਾ ਪਹਿਲਾਂ ਕਦੇ ਨਹੀਂ ਦੇਖਿਆ।” ਇਸ ਤਰ੍ਹਾਂ “ਐੱਲ ਊਨੀਵਰਸਾਲ” ਅਖ਼ਬਾਰ ਨੇ ਦੱਸਿਆ ਕਿ ਆਕਟੈਆਲ, ਚੀਆਪਾਸ ਰਾਜ ਵਿਚ 22 ਦਸੰਬਰ 1997 ਨੂੰ ਕੀ ਹੋਇਆ ਸੀ।

ਚੀਆਪਾਸ ਰਾਜ ਮੈਕਸੀਕੋ ਦੀ ਦੱਖਣੀ ਸਰਹੱਦ ਤੇ ਗੁਆਤੇਮਾਲਾ ਨਾਲ ਜੁੜਦਾ ਹੈ। ਇੱਥੇ ਰਹਿਣ ਵਾਲੇ ਕੁਝ ਦੇਸੀ ਮਾਯਾ ਆਦਿਵਾਸੀਆਂ ਨੇ ਜਨਵਰੀ 1994 ਵਿਚ ਹਥਿਆਰ ਲੈ ਕੇ ਬਗਾਵਤ ਕੀਤੀ ਕਿਉਂਕਿ ਉਹ ਗ਼ਰੀਬੀ ਅਤੇ ਤੰਗੀ ਦੇ ਹੱਥੋਂ ਦੁਖੀ ਸਨ। ਇਹ ਸਮੂਹ ਆਪਣੇ ਆਪ ਨੂੰ ਏਹੇਰਸੀਤੋ ਜ਼ਾਪਾਟੀਸਟਾ ਲੀਬੇਰਾਸੀਓਂ ਨਾਸੀਓਨਾਲ (EZLN ਰਾਸ਼ਟਰੀ ਆਜ਼ਾਦੀ ਜ਼ਾਪਾਟੀਸਟਾ ਸੈਨਾ) ਸੱਦਦੇ ਸਨ। ਸ਼ਾਂਤੀ ਲਈ ਸਮਝੌਤੇਬਾਜ਼ੀ ਵਿਚ ਬੜੀ ਸੁਸਤੀ ਹੁੰਦੀ ਆਈ ਹੈ। ਵਿਦਰੋਹੀਆਂ ਅਤੇ ਸਰਕਾਰ ਦੇ ਸਿਪਾਹੀਆਂ ਦੇ ਛਾਪਿਆਂ ਕਰਕੇ ਕਾਫ਼ੀ ਖ਼ੂਨ-ਖ਼ਰਾਬਾ ਅਤੇ ਕਤਲ ਹੋਏ ਹਨ। ਹਲਚਲ ਦੇ ਕਾਰਨ ਉਸ ਇਲਾਕੇ ਵਿਚ ਰਹਿਣ ਵਾਲੇ ਕਈ ਪੇਂਡੂ ਉੱਥੋਂ ਭੱਜ ਗਏ।

ਇਨ੍ਹਾਂ ਡਾਵਾਂ-ਡੋਲ ਹਾਲਤਾਂ ਵਿਚ ਇਕ ਅਮਨ-ਪਸੰਦ ਸਮੂਹ ਨਿਰਪੱਖ ਰਿਹਾ ਹੈ ਅਤੇ ਰਾਜਨੀਤਿਕ ਲੜਾਈਆਂ ਵਿਚ ਉਸ ਨੇ ਹਿੱਸਾ ਨਹੀਂ ਲਿਆ ਹੈ। ਇਹ ਲੋਕ ਬੜੇ ਜੋਸ਼ ਨਾਲ ਲੋਕਾਂ ਦਾ ਧਿਆਨ ਪਰਮੇਸ਼ੁਰ ਦੇ ਰਾਜ ਵੱਲ ਖਿੱਚਦੇ ਹਨ ਕਿ ਸਿਰਫ਼ ਉਹੀ ਉਨ੍ਹਾਂ ਦੀਆਂ ਮੁਸੀਬਤਾਂ ਦਾ ਹੱਲ ਕਰੇਗਾ ਭਾਵੇਂ ਉਹ ਛੋਟੀਆਂ ਹੋਣ ਜਾਂ ਵੱਡੀਆਂ। (ਦਾਨੀਏਲ 2:44) ਇਹ ਲੋਕ ਕੌਣ ਹਨ? ਇਹ ਯਹੋਵਾਹ ਦੇ ਗਵਾਹ ਹਨ। ਉਹ ਯਿਸੂ ਦੇ ਹੁਕਮ ਅਨੁਸਾਰ ਰਾਜ ਦੀ ਖ਼ੁਸ਼ ਖ਼ਬਰੀ ਚੀਆਪਾਸ ਦੇ ਦੂਰ-ਦੁਰੇਡੇ ਪਹਾੜੀ ਇਲਾਕਿਆਂ ਵਿਚ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। (ਮੱਤੀ 24:14) ਅਜਿਹੀਆਂ ਹਾਲਾਤਾਂ ਵਿਚ ਪ੍ਰਚਾਰ ਕਿਸ ਤਰ੍ਹਾਂ ਹੋ ਰਿਹਾ ਹੈ ਅਤੇ ਉਸ ਦੇ ਨਤੀਜੇ ਕੀ ਹਨ?

“ਮੈਂ ਯਹੋਵਾਹ ਦਾ ਗਵਾਹ ਹਾਂ”

ਨੌਜਵਾਨ ਆਡੌਲਫ਼ੋ ਹੁਣੇ-ਹੁਣੇ ਰਾਜ ਦਾ ਪ੍ਰਚਾਰ ਕਰਨ ਲੱਗਾ ਸੀ। ਇਕ ਦਿਨ ਉਹ ਓਕੋਸਿੰਗੋ ਸ਼ਹਿਰ ਵਿਖੇ ਇਕ ਰੇਡੀਓ ਸਟੇਸ਼ਨ ਤੇ ਕੰਮ ਕਰ ਰਿਹਾ ਸੀ ਜਦੋਂ ਅਚਾਨਕ ਕਿਸੇ ਨੇ ਦਰਵਾਜ਼ੇ ਨੂੰ ਜ਼ੋਰ ਨਾਲ ਖੜਕਾਇਆ। ਆਦਮੀਆਂ ਦੀ ਇਕ ਟੋਲੀ ਆਪਣੇ ਮੂੰਹ ਢੱਕ ਕੇ ਅੰਦਰ ਘੁਸੀ ਅਤੇ ਆਡੌਲਫ਼ੋ ਦੇ ਸਿਰ ਨੂੰ ਆਪਣੀਆਂ ਬੰਦੂਕਾਂ ਦਾ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਰੇਡੀਓ ਸਟੇਸ਼ਨ ਉੱਪਰ ਕਬਜ਼ਾ ਕਰਨ ਤੋਂ ਬਾਅਦ ਸਰਕਾਰ ਉੱਤੇ ਹੱਲਾ ਕਰਨ ਦੀ ਆਕਾਸ਼ਬਾਣੀ ਕੀਤੀ।

ਉਨ੍ਹਾਂ ਹਥਿਆਰਬੰਦ ਆਦਮੀਆਂ ਨੇ ਆਡੌਲਫ਼ੋ ਉੱਤੇ ਜ਼ੋਰ ਪਾਇਆ ਕਿ ਉਹ ਉਨ੍ਹਾਂ ਦੀ ਟੋਲੀ ਵਿਚ ਰਲ-ਮਿਲ ਜਾਵੇ। ਭਾਵੇਂ ਆਡੌਲਫ਼ੋ ਨੇ ਅਜੇ ਬਪਤਿਸਮਾ ਨਹੀਂ ਲਿਆ ਸੀ ਉਸ ਨੇ ਕਿਹਾ: “ਮੈਂ ਯਹੋਵਾਹ ਦਾ ਗਵਾਹ ਹਾਂ।” ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਸ਼ਾਂਤੀ ਲਿਆਵੇਗਾ, ਅਤੇ ਉਸ ਨੇ ਵਰਦੀ ਪਾਉਣ ਤੋਂ ਅਤੇ ਬੰਦੂਕ ਚੁੱਕਣ ਤੋਂ ਇਨਕਾਰ ਕਰ ਦਿੱਤਾ। ਟੋਲੀ ਨੇ ਜਦ ਦੇਖਿਆ ਕਿ ਆਡੌਲਫ਼ੋ ਬਦਲਣ ਵਾਲਾ ਨਹੀਂ ਸੀ ਤਾਂ ਉਨ੍ਹਾਂ ਨੇ ਉਸ ਨੂੰ ਛੱਡ ਦਿੱਤਾ। ਉਸ ਘਟਨਾ ਨੂੰ ਯਾਦ ਕਰਦੇ ਹੋਏ ਆਡੌਲਫ਼ੋ ਕਹਿੰਦਾ ਹੈ: “ਇਸ ਨੇ ਮੇਰੀ ਨਿਹਚਾ ਮਜ਼ਬੂਤ ਕੀਤੀ।”

ਸਮੇਂ ਦੇ ਬੀਤਣ ਨਾਲ ਉੱਥੇ ਦੀ ਹਾਲਤ ਕੁਝ ਹੱਦ ਤਕ ਬਿਹਤਰ ਹੋ ਗਈ ਪਰ ਉਹ ਇਲਾਕਾ ਅਜੇ ਵੀ ਮਿਲਟਰੀ ਦੇ ਕਬਜ਼ੇ ਵਿਚ ਸੀ। ਇਸ ਦੇ ਬਾਵਜੂਦ ਆਡੌਲਫ਼ੋ ਆਪਣੀ ਕਲੀਸਿਯਾ ਦੇ ਬਜ਼ੁਰਗਾਂ ਦੀ ਸਲਾਹ ਦੇ ਮੁਤਾਬਕ ਮਸੀਹੀਆਂ ਦੇ ਇਕ ਦੂਰ-ਦੁਰੇਡੇ ਸਮੂਹ ਨਾਲ ਪ੍ਰਚਾਰ ਕਰਨ ਲਈ ਰਾਜ਼ੀ ਹੋ ਗਿਆ। ਰਾਹ ਵਿਚ ਜਦ ਸਿਪਾਹੀ ਉਸ ਨੂੰ ਰੋਕਦੇ ਸਨ ਤਾਂ ਆਡੌਲਫ਼ੋ ਕਹਿੰਦਾ ਸੀ ਕਿ ਉਹ ਯਹੋਵਾਹ ਦਾ ਗਵਾਹ ਹੈ ਤਾਂ ਉਨ੍ਹਾਂ ਨੇ ਉਸ ਦਾ ਆਦਰ ਕੀਤਾ ਅਤੇ ਉਸ ਨੂੰ ਅੱਗੇ ਜਾ ਲੈਣ ਦਿੱਤਾ। ਬਾਅਦ ਵਿਚ ਉਸ ਨੇ ਬਪਤਿਸਮਾ ਲੈ ਲਿਆ ਅਤੇ ਉਸ ਦੂਰ-ਦੁਰੇਡੇ ਸਮੂਹ ਦੀ ਇਕ ਕਲੀਸਿਯਾ ਬਣਨ ਵਿਚ ਮਦਦ ਕੀਤੀ। ਆਡੌਲਫ਼ੋ ਕਹਿੰਦਾ ਹੈ: “ਹੁਣ ਮੈਂ ਬਪਤਿਸਮਾ ਲੈ ਲਿਆ ਹੈ ਤਾਂ ਮੈਂ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਮੈਂ ਯਹੋਵਾਹ ਦਾ ਗਵਾਹ ਹਾਂ!”

“ਯਹੋਵਾਹ ਨੇ ਸਾਨੂੰ ਤਕੜੇ ਕੀਤਾ”

ਰੇਡੀਓ ਉੱਤੇ EZLN ਦੁਆਰਾ ਸਰਕਾਰ ਉੱਤੇ ਹੱਲਾ ਬੋਲਣ ਤੋਂ ਥੋੜ੍ਹੀ ਦੇਰ ਬਾਅਦ, ਸ਼ਹਿਰ ਦੇ ਲੋਕ ਉੱਥੋਂ ਭੱਜ ਗਏ। ਇਕ ਪਾਇਨੀਅਰ ਭਰਾ ਫ਼੍ਰਾਂਸੀਸਕੋ ਦੱਸਦਾ ਹੈ ਕਿ ਯਹੋਵਾਹ ਨੇ ਉਸ ਦੀ ਅਤੇ ਉਸ ਦੀ ਪਤਨੀ ਦੀ ਉਸ ਵੇਲੇ ਕਿਸ ਤਰ੍ਹਾਂ ਮਦਦ ਕੀਤੀ।

“ਅਸੀਂ ਤਿੰਨ ਘੰਟੇ ਤੁਰ ਕੇ ਇਕ ਜਗ੍ਹਾ ਤੇ ਪਨਾਹ ਲਈ। ਉੱਥੇ ਇਕ ਕਲੀਸਿਯਾ ਸੀ ਜਿਸ ਵਿਚ ਅਸੀਂ ਭੈਣਾਂ-ਭਰਾਵਾਂ ਨਾਲ ਇਕੱਠੇ ਹੋ ਸਕਦੇ ਸਨ। ਪਾਲੰਕੇ ਦੇ ਪਿੰਡ ਵਿਚ ਸਾਡਾ ਸਰਕਟ ਸੰਮੇਲਨ ਹੋਣ ਵਾਲਾ ਸੀ। ਮੈਂ ਅਤੇ ਮੇਰੀ ਪਤਨੀ ਪਾਇਨੀਅਰਾਂ ਦੀ ਖ਼ਾਸ ਸਭਾ ਵਿਚ ਜਾਣਾ ਚਾਹੁੰਦੇ ਸਨ, ਪਰ ਸਾਨੂੰ ਪਤਾ ਲੱਗਾ ਕਿ EZLN ਨੇ ਉੱਥੇ ਨੂੰ ਜਾਂਦਾ ਰਾਹ ਰੋਕਿਆ ਹੋਇਆ ਸੀ। ਅਸੀਂ ਜੰਗਲ ਦੀ ਰਾਹੀਂ ਜਾਣ ਦਾ ਫ਼ੈਸਲਾ ਕੀਤਾ ਅਤੇ ਸਾਨੂੰ ਉੱਥੇ ਪਹੁੰਚਣ ਲਈ ਨੌਂ ਘੰਟੇ ਲੱਗੇ। ਅਸੀਂ ਪਾਇਨੀਅਰਾਂ ਦੀ ਸਭਾ ਵਿਚ ਸਮੇਂ ਸਿਰ ਪਹੁੰਚ ਗਏ ਅਤੇ ਇਸ ਖ਼ਾਸ ਸਭਾ ਅਤੇ ਪੂਰੇ ਸੰਮੇਲਨ ਦਾ ਬਹੁਤ ਹੀ ਆਨੰਦ ਮਾਣਿਆ।

“ਵਾਪਸ ਆਣ ਕੇ ਅਸੀਂ ਦੇਖਿਆ ਕਿ ਸਾਡਾ ਘਰ ਅੱਗ ਲੱਗ ਕੇ ਸੁਆਹ ਹੋਇਆ ਪਿਆ ਸੀ ਅਤੇ ਸਾਡੇ ਪਸ਼ੂ ਚੋਰੀ ਕੀਤੇ ਗਏ ਸਨ। ਕੱਪੜਿਆਂ ਦੀ ਇਕ ਛੋਟੀ ਜਿਹੀ ਗੁਥਲੀ ਤੋਂ ਸਿਵਾਇ ਸਾਡੇ ਕੋਲ ਹੋਰ ਕੁਝ ਨਹੀਂ ਰਿਹਾ। ਅਸੀਂ ਆਪਣਾ ਘਾਟਾ ਮਹਿਸੂਸ ਕੀਤਾ ਪਰ ਓਕੋਸਿੰਗੋ ਦੇ ਭੈਣਾਂ-ਭਰਾਵਾਂ ਨੇ ਸਾਡੇ ਲਈ ਆਪਣੇ ਘਰ ਖੋਲ੍ਹੇ। ਉਨ੍ਹਾਂ ਨੇ ਸਾਨੂੰ ਨਵੇਂ ਤਰ੍ਹਾਂ ਦੇ ਕੰਮ ਕਰਨੇ ਸਿਖਾਏ ਕਿਉਂਕਿ ਅਸੀਂ ਤਾਂ ਸਿਰਫ਼ ਖੇਤੀਬਾੜੀ ਕਰਨੀ ਜਾਣਦੇ ਸਨ। ਇਕ ਭਰਾ ਨੇ ਮੈਨੂੰ ਫੋਟੋਆਂ ਖਿੱਚਣੀਆਂ ਸਿਖਾਈਆਂ ਤੇ ਦੂਜੇ ਨੇ ਮੈਨੂੰ ਮੋਚੀ ਦਾ ਕੰਮ ਸਿਖਾਇਆ। ਇਸ ਤਰ੍ਹਾਂ ਹੁਣ ਤਕ ਮੈਂ ਅਤੇ ਮੇਰੀ ਪਤਨੀ ਪਾਇਨੀਅਰੀ ਸੇਵਾ ਵਿਚ ਜਾਰੀ ਰਹਿ ਸਕੇ ਹਾਂ ਅਤੇ ਆਪਣਾ ਗੁਜ਼ਾਰਾ ਤੋਰ ਸਕੇ ਹਾਂ। ਜਦ ਅਸੀਂ ਉਨ੍ਹਾਂ ਦਿਨਾਂ ਬਾਰੇ ਹੁਣ ਸੋਚਦੇ ਹਾਂ ਤਾਂ ਸਾਨੂੰ ਯਕੀਨ ਹੁੰਦਾ ਹੈ ਕਿ ਭਾਵੇਂ ਸਾਡੇ ਲਈ ਦ੍ਰਿੜ੍ਹ ਰਹਿਣਾ ਮੁਸ਼ਕਲ ਸੀ ਯਹੋਵਾਹ ਨੇ ਸਾਨੂੰ ਤਕੜੇ ਕੀਤਾ ਸੀ।”

ਪ੍ਰਚਾਰ ਦਾ ਕੰਮ ਕਰਨ ਦੀਆਂ ਬਰਕਤਾਂ

ਚੀਆਪਾਸ ਰਾਜ ਵਿਚ ਰਹਿਣ ਵਾਲੇ ਗਵਾਹ ਖ਼ਤਰਿਆਂ ਅਤੇ ਤੰਗੀਆਂ ਦੇ ਬਾਵਜੂਦ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਲੱਗੇ ਰਹੇ। ਮਿਸਾਲ ਲਈ, 1995 ਦੇ ਮਈ ਅਤੇ ਅਪ੍ਰੈਲ ਦੇ ਮਹੀਨਿਆਂ ਵਿਚ ਉਨ੍ਹਾਂ ਨੇ ਸੰਸਾਰ ਭਰ ਵਿਚ ਗਵਾਹਾਂ ਨਾਲ ਕਿੰਗਡਮ ਨਿਊਜ਼ ਨੰ. 34 ਵੰਡਣ ਵਿਚ ਹਿੱਸਾ ਲਿਆ, ਜਿਸ ਦਾ ਢੁਕਵਾਂ ਵਿਸ਼ਾ ਸੀ ਜੀਵਨ ਕਿਉਂ ਸਮੱਸਿਆਵਾਂ ਨਾਲ ਇੰਨਾ ਭਰਿਆ ਹੋਇਆ ਹੈ?

ਇਸ ਵੰਡਾਈ ਦੌਰਾਨ ਪੁਏਬਲੋ ਨੁਏਵੋ ਨਾਮਕ ਵੱਡੇ ਸਾਰੇ ਫਾਰਮ ਵਿਚ ਸੀਰੋ ਨਾਂ ਦੇ ਪਾਇਨੀਅਰ ਭਰਾ ਨੂੰ ਇਕ ਆਦਮੀ ਮਿਲਿਆ ਜਿਸ ਨੇ ਸੱਚਾਈ ਵਿਚ ਦਿਲਚਸਪੀ ਲਈ। ਤਿੰਨਾਂ ਦਿਨਾਂ ਬਾਅਦ ਵਾਪਸ ਆ ਕੇ ਭਰਾ ਨੇ ਉਸ ਆਦਮੀ ਅਤੇ ਉਸ ਦੇ ਪਰਿਵਾਰ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਪਰ ਜਦੋਂ ਸੀਰੋ ਇਕ ਹੋਰ ਭਰਾ ਨਾਲ ਉੱਥੇ ਸਟੱਡੀ ਕਰਾਉਣ ਵਾਪਸ ਗਿਆ ਤਾਂ ਉਹ ਆਦਮੀ ਘਰ ਨਹੀਂ ਸੀ। ਇਸ ਦੀ ਬਜਾਇ ਉੱਥੇ ਗੁੰਡਿਆਂ ਦੀ ਇਕ ਟੋਲੀ ਆਪਣੇ ਮੂੰਹ ਢੱਕ ਕੇ ਉਸ ਆਦਮੀ ਨੂੰ ਮਾਰਨ ਲਈ ਉਡੀਕ ਵਿਚ ਬੈਠੀ ਸੀ। ਉਨ੍ਹਾਂ ਨੇ ਸੀਰੋ ਅਤੇ ਉਸ ਦੇ ਸਾਥੀ ਨੂੰ ਪੁੱਛਿਆ ਕਿ ਉਹ ਉੱਥੇ ਕੀ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਦੋਨਾਂ ਭਰਾਵਾਂ ਨੇ ਯਹੋਵਾਹ ਨੂੰ ਚੁੱਪ-ਚਾਪ ਪ੍ਰਾਰਥਨਾ ਕਰਨ ਤੋਂ ਬਾਅਦ ਦਲੇਰੀ ਨਾਲ ਕਿਹਾ ਕਿ ਉਹ ਇਸ ਪਰਿਵਾਰ ਨੂੰ ਬਾਈਬਲ ਪੜ੍ਹਾਉਣ ਲਈ ਆਏ ਸਨ। ਇਹ ਸੁਣਨ ਤੋਂ ਬਾਅਦ ਉਨ੍ਹਾਂ ਗੁੰਡਿਆਂ ਨੇ ਭਰਾਵਾਂ ਨੂੰ ਛੱਡ ਦਿੱਤਾ। ਕਿਸੇ ਕਾਰਨ ਕਰਕੇ ਉਸ ਦਿਨ ਉਹ ਆਦਮੀ ਘਰ ਵਾਪਸ ਨਹੀਂ ਆਇਆ।

ਇਸ ਘਟਨਾ ਤੋਂ ਤਕਰੀਬਨ ਤਿੰਨ ਸਾਲ ਬਾਅਦ, ਇਕ ਦਿਨ ਸੀਰੋ ਉਸ ਆਦਮੀ ਨੂੰ ਆਪਣੇ ਦਰਵਾਜ਼ੇ ਸਾਮ੍ਹਣੇ ਖੜ੍ਹਾ ਦੇਖ ਕੇ ਬੜਾ ਹੈਰਾਨ ਹੋਇਆ। ਸੀਰੋ ਕਿੰਨਾ ਖ਼ੁਸ਼ ਹੋਇਆ ਜਦੋਂ ਉਸ ਨੂੰ ਪਤਾ ਲੱਗਾ ਕਿ ਇਹ ਆਦਮੀ ਅਤੇ ਉਸ ਦੇ ਪੂਰੇ ਪਰਿਵਾਰ ਨੇ ਹੁਣ ਬਪਤਿਸਮਾ ਲੈ ਲਿਆ ਸੀ ਅਤੇ ਉਹ ਗੁਆਤੇਮਾਲਾ ਦੇਸ਼ ਦੀ ਇਕ ਕਲੀਸਿਯਾ ਵਿਚ ਸਨ! ਉਸ ਦੀ ਇਕ ਧੀ ਹੁਣ ਪਾਇਨੀਅਰੀ ਵੀ ਕਰ ਰਹੀ ਸੀ।

ਰੂਹਾਨੀ ਰੋਟੀ ਲਈ ਕਦਰ

ਚੀਆਪਾਸ ਦੀਆਂ ਮੁਸ਼ਕਲਾਂ ਦੇ ਬਾਵਜੂਦ, ਇਕ ਜ਼ਿਲ੍ਹਾ ਨਿਗਾਹਬਾਨ ਰਿਪੋਰਟ ਕਰਦਾ ਹੈ ਕਿ ਉਸ ਇਲਾਕੇ ਦੇ ਭੈਣ-ਭਰਾ ਸਭਾਵਾਂ ਵਿਚ ਜਾਣਾ ਬਹੁਤ ਜ਼ਰੂਰੀ ਸਮਝਦੇ ਹਨ। (ਇਬਰਾਨੀਆਂ 10:24, 25) ਉਹ ਇਕ ਸਮੇਂ ਬਾਰੇ ਦੱਸਦਾ ਹੈ ਜਦੋਂ ਇਕ ਵਿਸ਼ੇਸ਼ ਸੰਮੇਲਨ ਦਿਨ ਤੜਕੇ ਸ਼ੁਰੂ ਹੋਣਾ ਸੀ ਤਾਂਕਿ ਸਾਰੇ ਜਣੇ ਰਾਤ ਪੈਣ ਤੋਂ ਪਹਿਲਾਂ ਸੁਖ-ਸ਼ਾਂਤੀ ਨਾਲ ਆਪੋ-ਆਪਣੇ ਘਰ ਵਾਪਸ ਪਹੁੰਚ ਸਕਣ। ਭਾਵੇਂ ਕਿ ਕਈਆਂ ਨੂੰ ਜੰਗਲ ਰਾਹੀਂ ਤਿੰਨ ਘੰਟਿਆਂ ਤੋਂ ਜ਼ਿਆਦਾ ਤੁਰਨਾ ਪਿਆ ਸੀ, ਸੱਤ ਵਜੇ ਤਕ ਸਾਰੇ ਜਣੇ ਆਪੋ-ਆਪਣੀਆਂ ਸੀਟਾਂ ਤੇ ਬੈਠੇ ਹੋਏ ਸਨ। ਹਾਜ਼ਰੀਨ ਵਿਚ EZLN ਦੇ ਛੇ ਮੈਂਬਰ ਵੀ ਸਨ, ਜਿਨ੍ਹਾਂ ਨੇ ਸੁਣ ਕੇ ਅਤੇ ਤਾਲੀਆਂ ਮਾਰ ਕੇ ਪ੍ਰੋਗ੍ਰਾਮ ਦਾ ਆਨੰਦ ਮਾਣਿਆ। ਉਹ ਵੀ ਤਿੰਨ ਘੰਟੇ ਚੱਲ ਕੇ ਸੰਮੇਲਨ ਤੇ ਪਹੁੰਚੇ ਸਨ। EZLN ਦੇ ਵੀਹ ਮੈਂਬਰ ਮਸੀਹ ਦੀ ਮੌਤ ਦੇ ਸਮਾਰਕ ਦੇ ਦਿਨ ਕਿੰਗਡਮ ਹਾਲ ਵਿਚ ਵੀ ਆਏ।

ਇਕ ਵਾਰ ਗੁਰੀਲਾ ਸੈਨਾ ਦੇ ਕਮਾਂਡਰ ਨੇ ਇਕ ਨੌਜਵਾਨ ਮੈਂਬਰ ਨੂੰ ਜੰਗਲ ਦੇ ਖ਼ਾਸ ਇਲਾਕੇ ਵਿਚ ਗਸ਼ਤ ਮਾਰਨ ਲਈ ਭੇਜਿਆ। ਉਸ ਜਗ੍ਹਾ ਦੇ ਬਹੁਤ ਸਾਰੇ ਵਾਸੀ ਯਹੋਵਾਹ ਦੇ ਗਵਾਹ ਸਨ। ਇਸ ਨੌਜਵਾਨ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਸਾਰੇ ਲੋਕ ਉੱਥੋਂ ਭੱਜ ਗਏ ਸਨ। ਇਸ ਲਈ ਉਹ ਇਕ ਖਾਲੀ ਘਰ ਵਿਚ ਰਹਿਣ ਲੱਗ ਪਿਆ। ਖਾਲੀ ਹੱਥ ਬੈਠਣ ਦੀ ਬਜਾਇ ਉਸ ਨੇ ਕੁਝ ਕਿਤਾਬਾਂ ਚੁੱਕ ਕੇ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਜੋ ਉਸ ਨੂੰ ਘਰ ਵਿਚ ਲੱਭੀਆਂ ਸਨ। ਇਹ ਕਿਤਾਬਾਂ ਵਾਚ ਟਾਵਰ ਸੋਸਾਇਟੀ ਦੁਆਰਾ ਛਾਪੀਆਂ ਗਈਆਂ ਸਨ ਜੋ ਗਵਾਹ ਪਿੱਛੇ ਛੱਡ ਗਏ ਸਨ। ਏਕਾਂਤ ਵਿਚ ਇਸ ਨੌਜਵਾਨ ਨੇ ਇਨ੍ਹਾਂ ਨੂੰ ਪੜ੍ਹ ਕੇ ਇਨ੍ਹਾਂ ਉੱਤੇ ਮਨਨ ਕੀਤਾ। ਉਸ ਨੇ ਆਪਣਾ ਮਨ ਪੱਕਾ ਬਣਾਇਆ ਕਿ ਉਹ ਆਪਣੀ ਜ਼ਿੰਦਗੀ ਬਦਲੇਗਾ ਅਤੇ ਹਥਿਆਰ ਨਹੀਂ ਚੁੱਕੇਗਾ। ਜਿੰਨੀ ਜਲਦੀ ਉਸ ਤੋਂ ਹੋ ਸਕਿਆ ਉਸ ਨੇ ਗਵਾਹਾਂ ਨੂੰ ਭਾਲਿਆ ਅਤੇ ਬਾਈਬਲ ਦੀ ਸਟੱਡੀ ਸ਼ੁਰੂ ਕਰ ਲਈ। ਛੇਆਂ ਮਹੀਨਿਆਂ ਦੇ ਅੰਦਰ-ਅੰਦਰ ਉਹ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਦੱਸ ਰਿਹਾ ਸੀ। ਉਸ ਨੇ ਅਤੇ ਉਸ ਦੇ ਪਰਿਵਾਰ ਦੇ ਤਿੰਨਾਂ ਹੋਰ ਜੀਆਂ ਨੇ, ਜੋ ਪਹਿਲਾਂ ਗੁਰੀਲਾ ਸੈਨਾ ਦੇ ਹਿਮਾਇਤੀ ਸਨ, ਹੁਣ ਬਪਤਿਸਮਾ ਲੈ ਲਿਆ ਹੈ।

ਬੁਰੀ ਸਥਿਤੀ ਦਾ ਚੰਗਾ ਪਾਸਾ ਦੇਖਣਾ

ਭਾਵੇਂ ਇਸ ਸਮੇਂ ਦੌਰਾਨ ਲੋਕਾਂ ਨੇ ਬਹੁਤ ਤੰਗੀਆਂ ਸਹੀਆਂ ਹਨ, ਇਸ ਲੜਾਈ ਕਰਕੇ ਲੋਕਾਂ ਨੇ ਪ੍ਰਚਾਰ ਵੱਲ ਆਪਣੇ ਕੰਨ ਵੀ ਲਾਏ ਹਨ। ਇਕ ਬਜ਼ੁਰਗ, ਜੋ ਉਸੇ ਸ਼ਹਿਰ ਰਹਿੰਦਾ ਹੈ ਜਿੱਥੇ ਲੜਾਈ ਸ਼ੁਰੂ ਹੋਈ ਸੀ, ਕਹਿੰਦਾ ਹੈ: “ਲੜਾਈ ਸ਼ੁਰੂ ਹੋਣ ਤੋਂ ਪੰਜ ਕੁ ਦਿਨ ਬਾਅਦ ਅਸੀਂ ਸ਼ਹਿਰ ਦੇ ਅੰਦਰ ਅਤੇ ਬਾਹਰ ਪ੍ਰਚਾਰ ਕਰਨ ਦਾ ਬੰਦੋਬਸਤ ਕੀਤਾ। ਲੋਕ ਸਾਡੀ ਗੱਲ ਸੁਣਨ ਲਈ ਬੇਤਾਬ ਸਨ। ਅਸੀਂ ਬਾਈਬਲ ਬਾਰੇ ਬਹੁਤ ਸਾਰੀਆਂ ਪੁਸਤਕਾਂ ਅਤੇ ਰਸਾਲੇ ਵੰਡੇ ਅਤੇ ਕਈਆਂ ਲੋਕਾਂ ਨਾਲ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ। ਇਕ ਇਲਾਕੇ ਵਿਚ ਸੱਚਾਈ ਦਾ ਵਿਰੋਧ ਕਰਨ ਵਾਲੇ ਬਹੁਤ ਸਾਰੇ ਲੋਕ ਸਨ, ਪਰ ਹੁਣ ਲੜਾਈ ਹੋਣ ਕਰਕੇ ਉਹ ਸਾਡੀ ਗੱਲ ਸੁਣਦੇ ਹਨ, ਬਾਈਬਲ ਸਟੱਡੀ ਕਰਦੇ ਹਨ, ਅਤੇ ਸਭਾਵਾਂ ਅਤੇ ਸੰਮੇਲਨਾਂ ਵਿਚ ਆਉਂਦੇ ਹਨ।”

ਭੈਣ-ਭਰਾ ਬੜੇ ਖ਼ੁਸ਼ ਹਨ ਕਿ ਬੁਰੀਆਂ ਹਾਲਤਾਂ ਵਿਚ ਵੀ ਉਹ ਆਪਣੀਆਂ ਰੂਹਾਨੀ ਕਾਰਵਾਈਆਂ ਜਾਰੀ ਰੱਖ ਸਕੇ ਹਨ। ਸਰਕਾਰ ਅਤੇ EZLN ਦੇ ਬੰਦਿਆਂ ਨੂੰ ਪਤਾ ਹੈ ਕਿ ਉਹ ਸੰਮੇਲਨ ਲਗਾਉਂਦੇ ਹਨ। ਇਹ ਸੰਮੇਲਨ ਸਾਡੇ ਭੈਣਾਂ-ਭਰਾਵਾਂ ਨੂੰ ਰੂਹਾਨੀ ਤੌਰ ਤੇ ਤਕੜੇ ਰੱਖਦੇ ਹਨ। ਸਫ਼ਰੀ ਨਿਗਾਹਬਾਨ ਵੀ ਆ ਕੇ ਇਨ੍ਹਾਂ ਭਰਾਵਾਂ ਨੂੰ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣ ਲਈ ਉਤਸ਼ਾਹਿਤ ਕਰਦੇ ਹਨ। ਵਧੀਆ ਗੱਲ ਇਹ ਹੈ ਕਿ ਜਿਹੜੇ ਲੋਕ ਇਸ ਲੜਾਈ ਵਿਚ ਲੱਗੇ ਹੋਏ ਹਨ, ਉਹ ਵੀ ਯਹੋਵਾਹ ਦੇ ਗਵਾਹਾਂ ਨੂੰ ਕਹਿੰਦੇ ਹਨ ਕਿ ਪ੍ਰਚਾਰ ਕਰਨਾ ਜਾਰੀ ਰੱਖੋ।

ਸਮੇਂ ਦੇ ਬੀਤਣ ਨਾਲ ਚੀਆਪਾਸ ਦੇ ਵਾਸੀਆਂ ਲਈ ਕੁਝ ਮੁਸ਼ਕਲਾਂ ਅਤੇ ਤੰਗੀਆਂ ਘੱਟ ਗਈਆਂ ਹਨ ਪਰ ਇਹ ਅਜੇ ਖ਼ਤਮ ਨਹੀਂ ਹੋਈਆਂ ਹਨ। ਹੋਰ ਜੋ ਮਰਜ਼ੀ ਹੋਵੇ, ਇਕ ਗੱਲ ਪੱਕੀ ਹੈ ਕਿ ਯਹੋਵਾਹ ਦੇ ਗਵਾਹ ਲੋਕਾਂ ਨੂੰ ਬਾਈਬਲ ਤੋਂ ਸੁਲਾਹ ਅਤੇ ਮਿਲਾਪ ਦੀ ਖ਼ੁਸ਼ ਖ਼ਬਰੀ ਸੁਣਾਉਣ ਤੋਂ ਪਿੱਛੇ ਨਹੀਂ ਹਟਣ ਵਾਲੇ। (ਰਸੂਲਾਂ ਦੇ ਕਰਤੱਬ 10:34-36; ਅਫ਼ਸੀਆਂ 6:15) ਉਹ ਯਿਰਮਿਯਾਹ ਨਬੀ ਵਾਂਗ ਜਾਣਦੇ ਹਨ ਕਿ “ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਸਿਰਫ਼ ਯਿਸੂ ਮਸੀਹ, ਪਰਮੇਸ਼ੁਰ ਦੇ ਰਾਜ ਰਾਹੀਂ ਇਸ ਦੁਨੀਆਂ ਤੋਂ ਬੇਇਨਸਾਫ਼ੀ ਅਤੇ ਗ਼ਰੀਬੀ ਨੂੰ ਮਿਟਾ ਸਕਦਾ ਹੈ।—ਮੱਤੀ 6:10.

[ਸਫ਼ੇ 9 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਮੈਕਸੀਕੋ ਦੀ ਖਾੜੀ

ਚੀਆਪਾਸ

ਗੁਆਤੇਮਾਲਾ

ਸ਼ਾਂਤ ਮਹਾਂਸਾਗਰ

[ਕ੍ਰੈਡਿਟ ਲਾਈਨ]

Mountain High Maps® Copyright © 1997 Digital Wisdom, Inc.

[ਸਫ਼ੇ 9 ਉੱਤੇ ਤਸਵੀਰ]

ਚੀਆਪਾਸ ਦੇ ਪਹਾੜੀ ਇਲਾਕੇ ਵਿਚ ਪ੍ਰਚਾਰ ਕਰ ਰਹੇ ਗਵਾਹ